ਮੱਖ ਪੰਨਾ

ਲੇਖ/ਆਲਾ-ਦੁਆਲਾ/ਜਾਣਕਾਰੀ/ਯਾਤਰਾ/ਚੇਤਿਆਂ ਭਰੀ ਚੰਗੇਰ

ਲਿਖਾਰੀ

ਅੱਥਰੀ ਜਵਾਨੀ ਦਾ ''ਫਿਟਫਿਟੀਆ" ਸੱਭਿਆਚਾਰ(26)

ਹਰਬੀਰ ਸਿੰਘ ਭੰਵਰ, ਲੁਧਿਆਣਾ


ਨੌਜਵਾਨ ਦੇਸ਼ ਤੇ ਕੌਮ ਦਾ ਸਰਮਾਇਆ ਹੁੰਦੇ ਹਨ, ਭਵਿੱਖ ਹੁੰਦੇ ਹਨ। ਉਨ੍ਹਾਂ ਨੇ ਹੀ ਆਉਣ ਵਾਲੇ ਕੱਲ੍ਹ ਨੂੰ ਦੇਸ਼, ਕੌਮ ਤੇ ਸਮਾਜ ਦੀ ਵਾਗਡੋਰ ਸੰਭਾਲਣੀ ਹੈ, ਸੇਵਾ ਕਰਨੀ ਹੈ। ਦੇਸ਼ ਤੇ ਕੌਮ ਨੂੰ ਬੁਲੰਦੀਆਂ ਤੱਕ ਪਹੁੰਚਾਉਣਾ ਹੈ। ਆਪਣੇ ਬਜ਼ੁਰਗਾਂ ਦੇ ਅਧੁਰੇ ਕਾਰਜ ਨੇਪਰੇ ਚਾੜ੍ਹਣੇ ਹਨ। ਆਪਣੇ ਤੇ ਆਪਣੇ ਪਰਿਵਾਰ ਦੇ ਸੁਪਨੇ ਸਾਕਾਰ ਕਰਨੇ ਹਨ। ਦੇਸ਼, ਕੌਮ ਤੇ ਆਪਣੇ ਪਰਿਵਾਰ ਦੇ ਨਾਂ ਨੂੰ ਚਾਰ ਚੰਨ ਲਗਾਉਣੇ ਹਨ।

ਕਿਹਾ ਜਾਂਦਾ ਹੈ ਕਿ ਜਵਾਨੀ ਦੀਵਾਨੀ ਹੁੰਦੀ ਹੈ, ਮਸਤਾਨੀ ਹੁੰਦੀ ਹੈ, ਅੰਨ੍ਹੀ ਹੁੰਦੀ ਹੈ। ਜਵਾਨੀ ਵਿਚ ਧੜਕਦਾ ਦਿਲ ਕਿਸੇ ਹੋਰ ਦੀ ਧੜਕਣ ਬਣਨਾ ਚਾਹੁੰਦਾ ਹੈ। ਕਿਸੇ ਦੀਆਂ ਅੱਖਾਂ ਨੂੰ ਸੋਹਣਾ ਅਤੇ ਪਿਆਰਾ ਲੱਗਣਾ ਲੋਚਦਾ ਹੈ। ਕਿਸੇ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਵੇਖਣ ਨੂੰ ਤਾਂਘਦਾ ਹੈ। ਜਵਾਨੀ ਕਿਸੇ “ਸ਼ੀਰੀਂ” ਲਈ ਪਹਾੜ ਚੀਰ ਸਕਦੀ ਹੈ। ਕਿਸੇ “ਹੀਰ” ਲਈ ਮੱਝੀਆਂ ਚਾਰ ਸਕਦੀ ਹੈ। ਕਿਸੇ “ਸੋਹਣੀ” ਲਈ ਸੌਦਾਗਰ ਤੋਂ “ਮਹੀਵਾਲ” ਬਣ ਸਕਦੀ ਹੈ। ਆਪਣੇ ਮਹਿਬੂਬ ਲਈ ਤਾਰੇ ਤੋੜ ਕੇ ਲਿਆ ਸਕਦੀ ਹੈ, ਦਰਿਆਵਾਂ ਦਾ ਰੁਖ ਮੋੜ ਸਕਦੀ ਹੈ, ਹਨੇਰੀਆਂ ਨੂੰ ਥੰਮ ਸਕਦੀ ਹੈ, ਤੂਫਾਨਾਂ ਦਾ ਮੁਕਾਬਲਾ ਕਰ ਸਕਦੀ ਹੈ। ਜਵਾਨੀ ਸੁਪਨੇ ਲੈਣ ਦੀ ਉਮਰ ਹੁੰਦੀ ਹੈ, ਨਤੀਜਿਆਂ ਤੋਂ ਬੇਪਰਵਾਹ ਕੁਝ ਕਰ ਗੁਜ਼ਰਨ ਦੀ ਉਮਰ ਹੁੰਦੀ ਹੈ। ਅਸੰਭਵ ਨੂੰ ਸੰਭਵ ਬਣਾ ਸਕਣ ਦੀ ਸ਼ਕਤੀ ਹੁੰਦੀ ਹੈ। ਜਵਾਨੀ ਵਿਚ ਸ਼ੇਰ ਵਰਗਾ ਹੌਸਲਾ ਹੁੰਦਾ ਹੈ, ਹਾਥੀ ਵਰਗੀ ਸ਼ਕਤੀ ਹੁੰਦੀ ਹੈ। ਜਵਾਨੀ ਵਿਚ ਅਥਾਹ ਜੋਸ਼ ਹੁੰਦਾ ਹੈ, ਪਰ ਜੋਸ਼ ਲਈ ਹੋਸ਼ ਦੀ ਵੀ ਬਹੁਤ ਲੋੜ ਹੁੰਦੀ ਹੈ।

ਪੰਜਾਬ ਦਾ ਨੌਜਵਾਨ ਬਾਕੀ ਸੂਬਿਆਂ ਦੇ ਨੌਜਵਾਨਾਂ ਨਾਲੋਂ ਕੁਝ ਵੱਖਰਾ ਹੈ। ਸਦੀਆਂ ਤੋਂ ਪੰਜਾਬੀ ਪੱਛਮ ਵਲੋਂ ਹਿੰਦੁਸਤਾਨ ਉੱਤੇ ਹੁੰਦੇ ਹਮਲਿਆ ਦਾ ਸਭ ਤੋਂ ਪਹਿਲੋਂ ਸਾਹਮਣਾ ਕਰਦੇ ਰਹੇ ਹਨ। ਇਸ ਲਈ ਦੂਜੇ ਸੂਬਿਆਂ ਦੇ ਨੌਜਵਾਨਾਂ ਨਾਲੋਂ ਵਧੇਰੇ ਹੌਸਲੇ ਤੇ ਸ਼ਕਤੀ ਵਾਲੇ, ਤੇ ਖੜਕੇ ਦੜਕੇ ਵਾਲੇ ਹਨ। ਉਹ ਆਪਣੇ ਆਪ ਨੂੰ ਹੋਰ ਨੌਜਵਾਨਾਂ ਨਾਲੋਂ ਚੰਗਾ ਸਮਝਦੇ ਹਨ। ਪੰਜਾਬ ਦਾ ਪੌਣ ਪਾਣੀ, ਖਾਣ ਪੀਣ ਦੀ ਖੁੱਲ੍ਹ, ਮਾਪਿਆਂ ਵਲੋਂ ਮਿਲਦਾ ਬੇਮੁਹਾਰਾ ਲਾਡ ਪਿਆਰ ਜਿੱਥੇ ਉਨ੍ਹਾਂ ਨੂੰ ਖੁੱਲ੍ਹਾ-ਡੁੱਲ੍ਹਾ ਅਤੇ ਦਰਿਆ-ਦਿਲ ਬਣਾਉਂਦਾ ਹੈ, ਉਥੇ ਵਿਗਾੜਦਾ ਵੀ ਹੈ। ਪਰ ਮੁੱਖ ਤੌਰ ’ਤੇ ਪੰਜਾਬੀ ਨੌਜਵਾਨ ਬੜਾ ਅਣਖੀਲਾ ਹੈ, ਜੋ ਆਪਣੇ ਸਵੈਮਾਣ ਲਈ ਟੁੱਟ ਸਕਦਾ ਹੈ, ਝੁਕ ਨਹੀਂ ਸਕਦਾ। ਪਿਆਰ ਨਾਲ ਹੀ ਉਸ ਨੂੰ ਜਿੱਤਿਆ ਜਾ ਸਕਦਾ ਹੈ। ਪੰਜਾਬ ਦਾ ਅਲਬੇਲਾ ਕਵੀ ਪ੍ਰੋ. ਪੂਰਨ ਸਿੰਘ ਪੰਜਾਬੀ ਗਭਰੂਆਂ ਦੇ ਸੁਭਾਅ ਨੂੰ ਬਹੁਤ ਹੀ ਸੁਹਣੇ ਢੰਗ ਨਾਲ ਚਿੱਤਰਦਾ ਹੈ :

ਬੇਪਰਵਾਹ ਪੰਜਾਬ ਦੇ ਜੁਆਨ
ਮੌਤ ਨੂੰ ਮਖੌਲਾਂ ਕਰਨ,
ਮਰਨ ਥੀਂ ਨਾ ਡਰਦੇ
ਪਿਆਰ ਨਾਲ ਜਾਨ ਵਾਰਨਾ
ਇਨ੍ਹਾਂ ਦਾ ਇਮਾਨ ਹੈ।
- - - - - - - - -
ਪਿਆਰ ਨਾਲ ਇਹ ਕਰਨ ਗ਼ੁਲਾਮੀ
ਜਾਨ ਕੋਹ ਆਪਣੀ ਵਾਰ ਦਿੰਦੇ
ਪਰ ਟੈਂ ਨਾ ਮੰਨਣ ਕਿਸੇ ਦੀ
ਖਲੋ ਜਾਣ ਡਾਂਗਾਂ ਮੋਢੇ ਤੇ ਉਲਾਰਦੇ।

ਪੰਜਾਬ ਦੇ ਮਨਚਲੇ ਗਭਰੂ ਹਮੇਸ਼ਾ ਹੀ ਬਣ ਠਣ ਕੇ ਰਹਿੰਦੇ ਹਨ। ਕਦੀ ਜ਼ਮਾਨਾ ਸੀ ਕਿ ਉਹ ਘੋੜੇ ਦੀ ਸਵਾਰੀ ਬਹੁਤ ਪਸੰਦ ਕਰਦੇ ਸਨ, ਜਿਸ ਨੂੰ ਸ਼ਾਹਾਨਾ ਸਵਾਰੀ ਸਮਝਿਆ ਜਾਂਦਾ ਰਿਹਾ ਹੈ। ਉਹ ਆਪਣੇ ਘੋੜੇ ਜਾਂ ਘੋੜੀ ਨੂੰ ਦੁਲਹਨ ਵਾਂਗ ਸ਼ਿੰਗਾਰ ਕੇ ਰੱਖਦੇ। ਫਿਰ ਸਾਈਕਲ ਦਾ ਜ਼ਮਾਨਾ ਆਇਆ ਤਾਂ ਸ਼ੋਕੀਨ ਗੱਭਰੂ ਸਾਈਕਲ ਨੂੰ ਵੀ ਪਹੀਆਂ ਦੀਆਂ ਤਾਰਾਂ ਵਿਚ ਕਾਗਜ਼ੀ ਫੁੱਲ ਆਦਿ ਲਗਾ ਕੇ ਸ਼ਿੰਗਾਰਦੇ, ਵਧੀਆ ਜੇਹੀ ਘੰਟੀ ਲਗਵਾਉਂਦੇ। ਸਾਡੇ ਪਿਤਾ ਬੜੇ ਹੀ ਫਖ਼ਰ ਤੇ ਟੌਹਰ ਨਾਲ ਸਾਨੂੰ ਦੱਸਿਆ ਕਰਦੇ ਸਨ, “ ਪਿੰਡ ਵਿਚ ਸੱਭ ਤੋਂ ਪਹਿਲਾਂ ਸਾਈਕਲ ਮੈਂ ਖਰੀਦਿਆ ਸੀ।” ਇਕ ਸਮੇਂ ਸਕੂਟਰ ਵੀ ਸਮਾਜਿਕ ਰੁਤਬੇ ਦਾ ਚਿੰਨ੍ਹ ਸਮਝਿਆ ਜਾਂਦਾ ਸੀ, ਪਰ ਹੁਣ ਵਧੇਰੇ ਰੁਝਾਣ ਮੋਟਰ-ਸਾਈਕਲ ਦਾ ਹੋ ਗਿਆ ਹੈ। ਨੌਜਵਾਨ ਸਕੂਟਰ ਦੀ ਥਾਂ ਮੋਟਰ-ਸਾਈਕਲ, ਜਿਸ ਨੂੰ ਪਿੰਡਾਂ ਵਿਚ ਆਮ ਲੋਕ “ਫਿਟਫਿਟੀਆ” ਕਹਿੰਦੇ ਹਨ, ਵਧੇਰੇ ਪਸੰਦ ਕਰਦੇ ਹਨ। ਕਈ ਕੰਪਣੀਆਂ ਵਲੋਂ ਬਣਾਏ ਜਾ ਰਹੇ ਮੋਟਰ-ਸਾਈਕਲ ਵਧੀਆ ਤੋਂ ਵਧੀਆ ਹਨ, ਜਿਨ੍ਹਾਂ ਦੀ ਕੀਮਤ 50 ਹਜ਼ਾਰ ਰੁਪਏ ਲੈ ਕੇ ਤੋਂ 80-85 ਹਜ਼ਾਰ ਰੁਪਏ ਤੱਕ ਹੈ। ਆਪਣੀ ਟੌਹਰ ਲਈ ਅਤੇ ਕੁੜੀਆਂ ਦਾ ਧਿਆਨ ਆਪਣੇ ਵਲ ਖਿੱਚਣ ਲਈ ਗੱਭਰੂ ਮੋਟਰ-ਸਾਈਕਲ ਬਹੁਤ ਹੀ ਤੇਜ਼ ਚਲਾਉਂਦੇ ਹਨ। ਵੱਖ ਵੱਖ ਤਰ੍ਹਾਂ ਦੀਆਂ ਆਵਾਜ਼ਾਂ ਵਾਲੇ ਹੌਰਨ ਲਗਵਾ ਕੇ ਮਸਤੀ ਨਾਲ ਵਜਾਉਂਦੇ ਹਨ। ਕਾਨੂੰਨ ਤੋਂ ਬੇਪਰਵਾਹ ਉਹ ਇਸ ਤੇਜ਼ ਰਫਤਾਰ ਦੀ ਹੋੜ ਵਿਚ ਐਕਸੀਡੈਂਟ ਵੀ ਬਹੁਤ ਕਰਦੇ ਹਨ, ਪਰ ਫਿਰ ਵੀ ਹਵਾ ਵਾਂਗ ਤੇਜ਼ ਚਲਾਉਣ ਤੋਂ ਬਾਜ਼ ਨਹੀਂ ਆਉਂਦੇ। ਐਤਵਾਰ 26 ਅਗਸਤ ਨੂੰ ਇਕ ਟੀ.ਵੀ. ਨਿਊਜ਼ ਚੈਨਲ ਨੇ ਆਪਣੇ ਇਕ “ਵਿਸ਼ੇਸ਼” ਬੁਲਿਟਨ ਵਿਚ ਲੁਧਿਆਣਾ ਦੇ ਇਕ ਨੌਜਵਾਨ ਨੂੰ ਮੋਟਰ-ਸਾਈਕਲ ਚਲਾਉਂਦਿਆਂ ਅਨੇਕ “ਐਕਰੋਬੈਟਿਕ” ਕਾਰਨਾਮੇ ਕਰਦੇ ਦਿਖਾਇਆ। ਜਹਾਜ਼ ਵਾਂਗ ਤੇਜ਼ ਚਲਾਉਣ ਦੇ ਨਾਲ ਨਾਲ ਉਹ ਕਦੀ ਦੋਨੋਂ ਹੱਥ ਛੱਡ ਕੇ, ਕਦੀ ਕਾਠੀ ਉੱਤੇ ਖੜੋ ਕੇ, ਕਦੀ ਉੱਪਰ ਲੇਟ ਕੇ ਆਪਣੇ ਕਰਤਵ ਦਿਖਾ ਰਿਹਾ ਸੀ ਤੇ ਟੀ.ਵੀ. ਦਾ ਪ੍ਰੋਗਰਾਮ ਸੰਚਾਲਣ ਵਾਲੀ ਪੱਤਰਕਾਰ ਉਸ ਦੀਆਂ “ਜਾਂਬਾਜ਼” ਤੇ “ਬੁਲ੍ਹੇਟ ਕਾ ਬਾਦਸ਼ਾਹ” ਵਰਗੇ ਉਪਨਾਮਾਂ ਨਾਲ ਸਿਫਤਾਂ ਕਰ ਰਹੀ ਸੀ। ਇਹੋ ਨਹੀਂ, ਫਿਰ “ਛੋਟੇ ਮੀਆਂ”, ਉਸ ਦਾ ਡੇਢ ਕੁ ਸਾਲ ਦਾ ਬੱਚਾ ਪੈਟਰੋਲ ਵਾਲੀ ਟੈਂਕੀ ਉੱਤੇ ਬਿਠਾ ਕੇ ਇਹੋ ਮੋਟਰ-ਸਾਈਕਲ ਹਵਾ ਵਾਂਗ ਤੇਜ਼ ਦੌੜਾਉਂਦਿਆਂ ਦਿਖਾਇਆ ਗਿਆ, ਭਾਵੇਂ ਉਹ ਆਪ ਪਿੱਛੇ ਕਾਠੀ ਉੱਤੇ ਬੈਠਾ ਹੋਇਆ ਸੀ। ਇਹ ਕੁੱਝ ਲੁਧਿਆਣਾ ਦੀ ਮੁੱਖ ਸੜਕਾਂ, ਜਿਨ੍ਹਾਂ ਉੱਤੇ ਬੱਸਾਂ ਚੱਲਦੀਆਂ ਦਿਖਾਈ ਦਿੰਦੀਆਂ ਸਨ, ਉੱਤੇ ਵਾਪਰਦਾ ਦਿਖਾਇਆ ਗਿਆ, ਪਰ ਹੈਰਾਨੀ ਵਾਲੀ ਗੱਲ ਹੈ ਕਿ ਟ੍ਰੈਫਿਕ ਪੁਲਿਸ ਨੇ ਵੀ ਇਸ ਬੱਚੇ ਨੂੰ ਰੋਕਿਆ ਨਹੀਂ।

ਇਹ ਪੱਤਰਕਾਰ ਪਿਛਲੇ ਵਰ੍ਹੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਡੀਆ ਸਲਾਹਕਾਰ ਵਜੋਂ ਸੇਵਾ ਕਰ ਰਿਹਾ ਸੀ। ਉਨ੍ਹਾਂ ਦਿਨਾਂ ਵਿਚ ਪੁਲਿਸ ਨੇ ਗੁਰਦੁਆਰਾ ਕਮੇਟੀ ਦੇ ਅਧਿਕਾਰੀਆਂ ਦੇ ਨੋਟਿਸ ਵਿਚ ਲਿਆਂਦਾ ਕਿ ਲਗਭਗ ਦੋ ਦਰਜਨ ਨੌਜਵਾਨ ਗੁਰਦੁਆਰਾ ਸੀਸ ਗੰਜ ਵਿਖੇ ਸਫ਼ਾਈ ਦੀ ਸੇਵਾ ਕਰ ਕੇ ਜਦੋਂ ਦੇਰ ਰਾਤ ਨਵੀਂ ਦਿੱਲੀ ਵਿਖੇ ਆਪਣੇ ਘਰਾਂ ਨੂੰ ਵਾਪਸ ਮੁੜਦੇ ਹਨ ਤਾਂ ਮੋਟਰ-ਸਾਈਕਲ ਬਹੁਤ ਤੇਜ਼ ਚਲਾਉਂਦੇ ਹਨ। ਰਸਤੇ ਵਿਚ ਖਰੂਦ ਕਰਦੇ ਹਨ। ਕੋਈ ਰੋਕੇ ਤਾਂ ਉਸ ਨਾਲ ਲੜਾਈ ਝਗੜਾ ਵੀ ਕਰਦੇ ਹਨ। ਮੈਂ ਤਾਂ ਅਕਤੂਬਰ ਮਹੀਨੇ ਨੌਕਰੀ ਛੱਡ ਕੇ ਨਵੀਂ ਦਿੱਲੀ ਤੋਂ ਲੁਧਿਆਣੇ ਵਾਪਸ ਆ ਗਿਆ, ਗੁਰਦੁਆਰਾ ਕਮੇਟੀ ਨੇ ਇਨ੍ਹਾਂ ਨੌਜਵਾਨਾਂ ਨੂੰ ਜਾਂ ਉਨ੍ਹਾਂ ਦੇ ਮਾਪਿਆਂ ਨੂੰ ਕੁਝ ਸਮਝਾਇਆ ਬੁਝਾਇਆ ਜਾਂ ਨਹੀਂ, ਹੁਣ ਪੰਜ ਅਗਸਤ ਸ਼ਾਮ ਨੂੰ ਇਕ ਟੀ.ਵੀ. ਨਿਊਜ਼ ਚੈਨਲ ਵਲੋਂ ਆਪਣੇ ਸਮਾਚਾਰ ਬੁਲਿਟਨ ਦੀ ਮੁੱਖ ਖ਼ਬਰ ਵਿਚ ਦੱਸਿਆ ਗਿਆ ਕਿ ਦਿੱਲੀ ਦੀ ਇਕ ਅਦਾਲਤ ਨੇ ਨਵੀਂ ਦਿੱਲੀ ਦੇ 25 ਨੌਜਵਾਨ ਮੁੰਡਿਆਂ ਨੂੰ ਲੜਾਈ ਝਗੜਾ ਕਰਨ ਅਤੇ ਖਰੂਦ ਕਰਨ ਦੇ ਦੋਸ਼ ਵਿਚ ਗੁਰਦੁਆਰਾ ਬੰਗਲਾ ਸਾਹਿਬ ਨਵੀਂ ਦਿੱਲੀ ਵਿਖੇ ਜਾ ਕੇ ਸਫ਼ਾਈ ਕਰਨ ਅਤੇ ਸੰਗਤਾਂ ਦੀ ਸੇਵਾ ਕਰਨ ਦੀ ਸਜ਼ਾ ਸੁਣਾਈ ਹੈ।

ਇਸ ਸਮਾਚਾਰ ਵਿਚ ਦੱਸਿਆ ਗਿਆ ਕਿ ਲਗਭਗ 25 ਨੌਜਵਾਨ ਮੁੰਡੇ ਹਰ ਰੋਜ਼ ਰਾਤ ਨੂੰ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਵਿਖੇ ਦਰਸ਼ਨ ਕਰ ਕੇ ਦੇਰ ਰਾਤ ਆਪਣੇ ਘਰਾਂ ਨੂੰ ਮੁੜਦੇ ਹੋਏ ਆਪਣੇ ਮੋਟਰ ਸਾਈਕਲ ਬਹੁਤ ਹੀ ਤੇਜ਼ ਚਲਾਉਂਦੇ ਹੋਏ ਅਤੇ ਰਸਤੇ ਵਿਚ ਸ਼ੋਰ ਸ਼ਰਾਬਾ ਅਤੇ ਖਰੂਦ ਕਰਦੇ ਹੋਏ ਮੁੜਦੇ ਸਨ। ਰਸਤੇ ਵਿਚ ਕਿਸੇ ਨਾਲ ਲੜਾਈ ਝਗੜਾ ਤੇ ਕੁਟ ਮਾਰ ਵੀ ਕਰਦੇ। ਪੁਲਿਸ ਨੇ ਰੋਕਿਆ ਤਾਂ ਉਨ੍ਹਾਂ ਨਾਲ ਵੀ ਝਗੜਾ ਕੀਤਾ ਜਿਸ ਉੱਤੇ ਪੁਲਿਸ ਨੇ ਇਨ੍ਹਾਂ ਸਭਨਾਂ ਨੂੰ ਗਿਫਤਾਰ ਕਰ ਕੇ ਇਕ ਅਦਾਲਤ ਵਿਚ ਜੱਜ ਸਾਹਿਬ ਅੱਗੇ ਪੇਸ਼ ਕਰ ਦਿੱਤਾ। ਜੱਜ ਸਾਹਿਬ ਨੇ ਇਨ੍ਹਾਂ ਨੂੰ ਇਸ ਸ਼ਰਤ ’ਤੇ ਜ਼ਮਾਨਤ ਦਿੱਤੀ ਕਿ ਉਹ ਗੁਰਦੁਆਰਾ ਬੰਗਲਾ ਸਾਹਿਬ ਜਾ ਕੇ ਸਾਫ ਸਫਾਈ ਦੀ ਸੇਵਾ ਕਰਨ ਅਤੇ ਗ੍ਰੰਥੀ ਸਿੰਘ ਤੋਂ ਗੁਰਮਤਿ ਸਿਧਾਤਾਂ ਬਾਰੇ ਜਾਣਕਾਰੀ ਲੈਣ। ਇਹ ਨੌਜਵਾਨ ਬੰਗਲਾ ਸਾਹਿਬ ਵਿਖੇ ਪਰਿਕਰਮਾ ਦੀ ਸਫਾਈ ਕਰਦੇ ਹੋਏ ਦਿਖਾਏ ਗਏ। ਦੋ ਮੁੰਡੇ ਗੁਰਦੁਆਰੇ ਆ ਕੇ ਬਿਨਾਂ ਸੇਵਾ ਕੀਤਿਆਂ ਹੀ ਵਾਪਸ ਦੌੜ ਗਏ। ਟੀ.ਵੀ. ਚੈਨਲ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਗੁ. ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਨੇ ਇਸ ਸਜ਼ਾ ਦਾ ਸਵਾਗਤ ਕਰਦਿਆਂ ਆਖਿਆ ਸੀ ਕਿ ਇਸ ਨਾਲ ਨੌਜਵਾਨਾਂ ਦੇ ਸੁਧਾਰ ਲਈ ਉਨ੍ਹਾਂ ਨੂੰ ਜਿੱਥੇ ਗੁਰਮਤਿ ਫਿਲਾਸਫੀ ਬਾਰੇ ਜਾਣਕਾਰੀ ਮਿਲੇਗੀ, ਉੱਥੇ ਉਨ੍ਹਾਂ ਵਿਚ ਇਸ ਸੇਵਾ ਨਾਲ ਨਿਮਰਤਾ ਤੇ ਹਲੀਮੀ ਆਏਗੀ। ਆਮ ਲੋਕਾਂ ਨਾਲ ਚੰਗਾ ਵਿਵਹਾਰ ਕਰਨ ਬਾਰੇ ਵੀ ਸਿੱਖਿਆ ਮਿਲੇਗੀ।

ਇਸ ਪੱਤਰਕਾਰ ਵਲੋਂ ਮੋਟਰ-ਸਾਈਕਲ ਰੱਖਣ ਵਾਲੇ ਅਨੇਕਾਂ ਨੌਜਵਾਨਾਂ ਨਾਲ ਗੱਲਬਾਤ ਵਿਚ ਬਹੁਤਿਆਂ ਨੇ ਮੰਨਿਆ ਕਿ ਮੋਟਰ ਸਾਈਕਲ ਨਾਲ ਉਨ੍ਹਾਂ ਦੀ ਸਕੂਟਰ ਵਾਲਿਆਂ ਨਾਲੋਂ ਵਧੇਰੇ “ਟੌਹਰ” ਹੈ। ਉਨ੍ਹਾਂ ਦੇ ਆਖਣ ਅਨੁਸਾਰ ਮੋਟਰ-ਸਾਈਕਲ ਇਕ “ਸਟੇਟਸ ਸਿੰਬਲ” ਬਣ ਗਿਆ ਹੈ। ਭਾਵੇਂ ਕਈ ਗਭਰੇਟੇ ਇਹ ਮੰਨਦੇ ਹਨ ਕਿ ਕੁੜੀਆਂ ਨੂੰ ਪ੍ਰਭਾਵਿਤ ਕਰਨ ਲਈ ਉਹ ਮੋਟਰ-ਸਾਈਕਲ ਤੇਜ਼ ਚਲਾਉਂਦੇ ਹਨ, ਪਰ ਵਧੇਰੇ ਨੌਜਵਾਨਾਂ ਦਾ ਕਹਿਣਾ ਹੈ ਕਿ ਸਕੂਟਰ ਨਾਲੋਂ ਮੋਟਰ-ਸਾਈਕਲ ਰੱਖਣਾ ਸਸਤਾ ਪੈਂਦਾ ਹੈ। ਇਸ ਦੀ ਸਪੀਡ ਬਹੁਤ ਹੈ, ਇਸ ਲਈ ਸਮਾਂ ਵੀ ਬਚਦਾ ਹੈ। ਉਹ ਕਹਿੰਦੇ ਹਨ ਕਿ ਮੋਟਰ ਸਾਈਕਲ ਰੱਖਣਾ ਇਕ “ਟਰੈਂਡ”, ਇਕ ਰੁਝਾਣ, ਇਕ ਫੈਸ਼ਨ ਬਣ ਗਿਆ ਹੈ। ਇਹ ਸਮਾਜਿਕ ਰੁਤਬੇ ਦਾ ਇਕ ਚਿੰਨ੍ਹ ਬਣ ਗਿਆ ਹੈ।

ਸੈਂਟਰਲ ਟਾਊਨ ਲੁਧਿਆਣਾ ਦਾ ਨਿਵਾਸੀ ਪਰਮਜੀਤ ਸਿੰਘ, ਜੋ ਐੱਮ. ਏ., ਬੀ.ਐੱਡ. ਕਰ ਕੇ ਇਕ ਪਰਾਈਵੇਟ ਬੈਂਕ ਵਿਚ ਕੰਮ ਕਰਦਾ ਹੈ, ਦਾ ਕਹਿਣਾ ਹੈ ਕਿ ਮੋਟਰ-ਸਾਈਕਲ ਸਕੂਟਰ ਨਾਲੋਂ “ਐਵਰੇਜ” ਵੱਧ ਦਿੰਦਾ ਹੈ। “ਕੰਫਰਟੇਬਲ”(ਆਰਾਮਦੇਹ) ਹੈ। ਤੇਜ਼ ਚਲਾਉਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਉਹ ਕਹਿੰਦਾ ਹੈ ਕਿ ਸਮਾਂ ਬਚਦਾ ਹੈ। ਨੌਜਵਾਨਾਂ ਵਿਚ ਮੋਟਰ-ਸਾਈਕਲ ਰੱਖਣ ਦੀ ਹੋੜ ਬਾਰੇ ਉਸ ਆਖਿਆ, “ਇਹ ਫਿਲਮਾਂ ਦਾ ਅਸਰ ਹੈ, ਉਹ ਹੀਰੋ ਨੂੰ ਮੋਟਰ-ਸਾਈਕਲ ਹਨੇਰੀ ਵਾਂਗ ਤੇਜ਼ ਚਲਾਉਂਦੇ ਨੂੰ ਦੇਖਦੇ ਹਨ ਅਤੇ ਖੁਦ ਮੋਟਰ-ਸਾਈਕਲ ਤੇ ਸਵਾਰ ਹੋ ਕੇ ਆਪਣੇ ਆਪ ਨੂੰ ਹੀਰੋ ਹੀ ਅਨੁਭਵ ਕਰਦੇ ਹਨ। ਇਹ ਸ਼ੋਅਬਾਜ਼ੀ ਵੀ ਹੈ। ਵੈਸੇ ਕੁੜੀਆਂ ਵੀ ਪ੍ਰਭਾਵਿਤ ਹੁੰਦੀਆਂ ਹਨ।”

ਉਸ ਦੇ ਹੀ ਇਕ ਗਵਾਂਢੀ ਅਮਨਦੀਪ ਸਿੰਘ ਪਨੇਸਰ, ਜੋ ਕੰਪਿਊਟਰ ਦਾ ਕੋਰਸ ਕਰ ਰਿਹਾ ਹੈ, ਦਾ ਕਹਿਣਾ ਹੈ ਕਿ ਘਰ ਦੇ ਖਰਚੇ ਘਟਾਉਣ ਲਈ ਮੋਟਰ-ਸਾਈਕਲ ਲਿਆ ਹੈ। ਇਹ ਸ਼ਹਿਰ ਵਿਚ ਵੀ ਇਕ ਲਿੱਟਰ ਪੈਟਰੋਲ ਨਾਲ 80-85 ਕਿਲੋਮੀਟਰ ਚੱਲ ਜਾਂਦਾ ਹੈ, ਸਕੂਟਰ ਮਹਿੰਗਾ ਪੈਂਦਾ ਹੈ। ਆਰਾਮਦੇਹ ਹੈ। ਦੋਨੋਂ ਪਾਸੇ ਲੱਤਾਂ ਟਿਕ ਜਾਂਦੀਆਂ ਹਨ। ਉਹ ਕਹਿੰਦਾ ਹੈ ਕਿ ਨੌਜਵਾਨਾਂ ਵਿਚ ਮੋਟਰ-ਸਾਈਕਲ ਰੱਖਣਾ “ਟਰੈਂਡ” ਹੀ ਹੋ ਗਿਆ ਹੈ। ਉਹ “ਅਡਵਾਂਸ ਫੀਲ” ਕਰਦੇ ਹਨ, ਇਹ ਸਮਾਜਿਕ ਰੁਤਬੇ ਦਾ ਇਕ ਚਿੰਨ੍ਹ ਵੀ ਬਣ ਗਿਆ ਹੈ।

ਜਦੋਂ ਉਸ ਨੂੰ ਪੁਛਿਆ ਗਿਆ ਕਿ ਕੀ ਤੁਸੀਂ ਮੁੰਡੇ-ਖੁੰਡੇ ਕੁੜੀਆਂ ਨੂੰ ਆਪਣੇ ਵਲ ਆਕਰਸ਼ਿਤ ਕਰਨ ਲਈ ਮੋਟਰ-ਸਾਈਕਲ ਇੰਨਾ ਤੇਜ਼ ਚਲਾਉਂਦੇ ਹੋ,ਤਾਂ ਉਸ ਨੇ ਕਿਹਾ, “ਕੁੜੀਆਂ ਵੀ ਤਾਂ ਸਕੂਟਰ ਬਹੁਤ ਤੇਜ਼ ਚਲਾਉਂਦੀਆਂ ਹਨ। ਸ਼ਹਿਰ ਵਿਚ ਵੀ ਉਨ੍ਹਾਂ ਦੇ ਸਕੂਟਰ ਚਲਾਉਣ ਦੀ ਸਪੀਡ 40-45 ਕਿਲੋਮੀਟਰ ਦੀ ਹੁੰਦੀ ਹੈ।” ਉਹ ਇਹ ਕੌੜੀ ਹਕੀਕਤ ਮੰਨਦਾ ਹੈ ਕਿ ਮੁੰਡੇ ਇਕ ਦੂਜੇ ਤੋਂ ਤੇਜ਼ ਚਲਾਉਣ ਅਤੇ ਅੱਗੇ ਨਿਕਲਣ ਦੀ ਹੋੜ ਕਾਰਨ ਮੋਟਰ-ਸਾਈਕਲ ਬਹੁਤ ਤੇਜ਼ ਚਲਾਉਂਦੇ ਹਨ। ਹੌਰਨ ਵਧੀਆ ਵਧੀਆ, ਵੱਖ ਵੱਖ ਆਵਾਜ਼ਾਂ ਕੱਢਣ ਵਾਲੇ ਲਗਵਾਉਂਦੇ ਹਨ।

ਨਵਾਂ ਸ਼ਹਿਰ ਦਾ ਅਮਨਦੀਪ ਸਲਾਰੀਆ, ਜਿਸ ਦਾ ਪਿਛਲੇ ਵਰ੍ਹੇ ਹੀ ਵਿਆਹ ਹੋਇਆ ਹੈ, ਕਹਿੰਦਾ ਹੈ, “ਮੋਟਰ-ਸਾਈਕਲ ਦੀ ‘ਟੌਹਰ’ ਹੀ ਬਹੁਤ ਹੈ। ਤੇਜ਼ ਚਲਾਉਣ ਦਾ ਬਹੁਤ ਮਜ਼ਾ ਆਉਂਦਾ ਹੈ। ਇਹ ਆਰਮਦੇਹ ਵੀ ਹੈ।” ਉਹ ਇਹ ਕਹਿ ਕੇ “ਮੈਂ ਤਾਂ ਇਸ ਕੈਟੇਗਰੀ ’ਚੋਂ ਨਿਕਲ ਗਿਆ ਹਾਂ” ਇਹ ਗੱਲ ਮੰਨਦਾ ਹੈ ਕਿ ਮੁੰਡੇ ਕੁੜੀਆਂ ਦਾ ਧਿਆਨ ਆਪਣੇ ਵਲ ਖਿੱਚਣ ਲਈ ਮੋਟਰ-ਸਾਈਕਲ ਰੱਖਦੇ ਹਨ ਅਤੇ ਬਹੁਤ ਤੇਜ਼ ਚਲਾਉਂਦੇ ਹਨ।

ਐਨ.ਆਰ.ਆਈ ਕਾਲਜ, ਅੰਮ੍ਰਿਤਸਰ ਦਾ ਵਿਦਿਆਰਥੀ ਰਮਨਦੀਪ ਸਿੰਘ ਭਿੰਡਰ ਮੋਟਰ-ਸਾੲਕੀਲ ਰੱਖਣ ਨੂੰ ‘ਸਟੇਟਸ ਸਿੰਬਲ’ ਦੀ ਥਾਂ ਮੋਟਰ ਸਾਈਕਲ ਚਲਾਉਣਾ ‘ਕੰਫਰਟੇਬਲ’ ਗਰਦਾਨਦਾ ਹੈ। ਉਹ ਕਹਿੰਦਾ ਹੈ, “ਮੁੰਡਿਆਂ ਵਲੋਂ ਮੋਟਰ-ਸਾਈਕਲ ਤੇਜ਼ ਇਸ ਲਈ ਚਲਾਇਆ ਜਾਂਦਾ ਹੈ ਕਿ ਉਹ ਘਰੋਂ ਹੀ ਲੇਟ ਤੁਰਦੇ ਹਨ, ਕਾਲਜ ਪਹੁੰਚਣ ਦੀ ਕਾਹਲੀ ਹੁੰਦੀ ਹੈ। ਮੇਰਾ ਕਾਲਜ ਘਰੋਂ ਬਹੁਤ ਦੂਰ ਹੈ, ਮੈਂ ਤਾਂ ਇਸ ਲਈ ਮੋਟਰ ਸਾਈਕਲ ਲਿਆ ਹੈ। ਉਹ ਇਹ ਗੱਲ ਮੰਨਦਾ ਹੈ ਕਿ ਮੋਟਰ ਸਾਈਕਲ ਰੱਖਣਾ ਫੈਸ਼ਨ ਹੀ ਹੋ ਗਿਆ ਹੈ ਅਤੇ ਕਈ ਮੁੰਡੇ ਕੁੜੀਆਂ ਨੂੰ ਪ੍ਰਭਾਵਿਤ ਕਰਨ ਲਈ ਵੀ ਤੇਜ਼ ਚਲਾਉਂਦੇ ਹਨ, ਬਰੇਕਾਂ ਮਾਰਦੇ ਹਨ। ਪਿੱਛੇ ਨੂੰ ਮੁੜਦੇ ਹਨ, ਹੌਰਨ ਦੀਆਂ ਆਵਾਜ਼ਾਂ ਵੱਖ ਵੱਖ ਕੱਢਦੇ ਹਨ। ਤੇਜ਼ ਚਲਾਉਂਦੇ ਹੋਏ ‘ਐਕਸੀਡੈਂਟ’ ਵੀ ਬਹੁਤ ਕਰਦੇ ਹਨ। ਮੈਂ ਦੋ ਮੁੰਡਿਆਂ ਦੇ ਮੋਟਰ-ਸਾਈਕਲਾਂ ਦਾ ਇਕ ਐਕਸੀਡੈਂਟ ਦੇਖਿਆ ਹੈ, ਜਿਸ ਵਿਚ ਦੋਨਾਂ ਦੇ ਗੰਭੀਰ ਸੱਟਾਂ ਲੱਗੀਆਂ ਹਨ।”

ਸਰਕਾਰੀ ਕਾਲਜ ਲੁਧਿਆਣਾ ਦਾ ਵਿਦਿਆਰਥੀ ਅਸੋਕ ਸ਼ਰਮਾ ਮੋਟਰ-ਸਾਈਕਲ ਰੱਖਣ ਨੂੰ ਇਕ “ਟਰੈਂਡ” ਹੀ ਗਰਦਾਨਦਾ ਹੈ, ਇਹ “ਕੰਫ੍ਰਟੇਬਲ” ਵੀ ਹੈ ਤੇ ਸਪੀਡ ਵੀ ਬਹੁਤ ਹੈ। ਉਸ ਦੇ ਕਹਿਣ ਅਨੁਸਾਰ ‘ਜਿਨ੍ਹਾਂ ਪਾਸ ਚਾਰ ਪੈਸੇ ਆ ਗਏ, ਹੁਣ ਤਾਂ ਭਈਏ ਵੀ ਮੋਟਰ-ਸਾਈਕਲ ਹੀ ਖਰੀਦਦੇ ਹਨ।” ਉਹ ਇਹ ਗੱਲ ਪਰਵਾਨ ਕਰਨ ਲਈ ਤਿਆਰ ਨਹੀਂ ਕਿ ਮੁੰਡੇ ਕੇਵਲ ਕੁੜੀਆਂ ਨੂੰ ਪ੍ਰਭਾਵਿਤ ਕਰਨ ਲਈ ਮੋਟਰ-ਸਾਈਕਲ ਰੱਖਦੇ ਹਨ। ਮੁਸਕਰਾ ਕੇ ਉਹ ਆਖਣ ਲੱਗਾ, “ਕੁੜੀਆਂ ਨੂੰ ਫਸਾਉਣ ਲਈ ਹੋਰ ਵੀ ਬਹੁਤ ਤਰੀਕੇ ਹਨ।”

ਪੰਜਾਬ ਵਿਚ ਸੱਭਿਆਚਾਰਕ ਲਹਿਰ ਸ਼ੁਰੂ ਕਰਨ ਦੇ ਮੋਢੀ ਜਗਦੇਵ ਸਿੰਘ ਜੱਸੋਵਾਲ ਅੱਜ ਦੇ ਨੌਜਵਾਨਾਂ ਤੋਂ ਨਿਰਾਸ਼ ਹਨ। ਉਹ ਕਹਿੰਦੇ ਹਨ ਕਿ ਅਜਕਲ ਦੇ ਨੌਜਵਾਨ ਮਾਪਿਆਂ ਲਈ ਮੁਸੀਬਤਾਂ ਖੜ੍ਹੀਆਂ ਕਰਦੇ ਹਨ। ਜੰਮਦੇ ਹੀ ਚਾਹੁੰਦੇ ਹਨ ਕਿ ਉਨ੍ਹਾਂ ਪਾਸ ਵਧੀਆ ਮੋਟਰ-ਸਾਈਕਲ ਹੋਵੇ। ਹੱਥ ਵਿਚ ਮੋਬਾਈਲ ਹੋਵੇ। ਉਹ ਕਹਿੰਦੇ ਹਨ ਕਿ ਬੱਚੇ ਉੱਤੇ ਮਾਂ-ਬਾਪ, ਪਰਿਵਾਰ ਅਤੇ ਆਲੇ ਦੁਆਲੇ ਦਾ ਪ੍ਰਭਾਵ ਪੈਂਦਾ ਹੈ। ਅੱਗੇ ਬਜ਼ੁਰਗਾਂ ਦਾ ਡਰ ਹੁੰਦਾ ਸੀ। ਮਾਪੇ ਤੇ ਅਧਿਆਪਕ ਬੱਚਿਆਂ ਨੂੰ ਘੂਰਦੇ ਸਨ। ਸਾਂਝੇ ਪਰਿਵਾਰ ਹੁੰਦੇ ਸਨ, ਬਜ਼ੁਰਗਾਂ ਦਾ ਬੜਾ ਪ੍ਰਭਾਵ ਹੁੰਦਾ ਸੀ। ਉਹ ਬੱਚਿਆਂ ਨੂੰ ਬਹੁਤ ਚੰਗੇ ਸੰਸਕਾਰ ਦਿੰਦੇ ਸਨ। ਸਾਂਝੇ ਪਰਿਵਾਰ ਟੁੱਟ ਗਏ। ਅੱਜ ਦਾ ਬੰਦਾ ਝਮੇਲਿਆ ਵਿਚ ਫਸ ਕੇ ਪ੍ਰੇਸ਼ਾਨ ਹੋ ਰਿਹਾ ਹੈ। ਘਰ ਵਿਚ ਉਹ ਪੂਰੀ ਤਰ੍ਹਾਂ ਆਪਣੀ ਪਤਨੀ ਉੱਤੇ ਨਿਰਭਰ ਹੈ। ਪਤਨੀ ਇਕ ਮਾਂ ਹੋਣ ਕਰ ਕੇ ਬੱਚਿਆਂ ਦਾ ਪੱਖ ਪੂਰਦੀ ਹੈ, ਉਨ੍ਹਾਂ ਦੀ ਹਰ ਜ਼ਿੱਦ ਪੂਰੀ ਕਰਦੀ ਹੈ।

ਸ੍ਰੀ ਜੱਸੋਵਾਲ ਕਹਿੰਦੇ ਹਨ, “ਅੱਗੇ ਲੋਕਾਂ ਵਿਚ ਬੜੀ ਹਲੀਮੀ ਹੁੰਦੀ ਸੀ। ਨਿਮ੍ਰਤਾ ਹੁੰਦੀ ਸੀ। ਇਹ ਵੀਹਵੀਂ ਸਦੀ ਕਾਹਦੀ ਬਦਲੀ, ਪੁੱਠੀ ਹੀ ਪੈ ਗਈ ਹੈ। ਹੁਣ ਲੋਕ ਆਪਣੀ ਕੁੜੀ ਦਾ ਰਿਸ਼ਤਾ ਵੀ ਉੱਥੇ ਕਰਨ ਦਾ ਯਤਨ ਹੁੰਦਾ ਹੈ, ਜਿੱਥੇ ਇਕੱਲਾ ਪੁੱਤ ਹੋਵੇ। ਜੇ ਮਾਂ ਬਾਪ ਨਾ ਹੋਣ ਤਾਂ ਹੋਰ ਵੀ ਚੰਗਾ।” ਉਹ ਆਖਦੇ ਹਨ, “ਅੱਗੇ ਹਾਲ਼ੀ ਦਾ ਪੁੱਤਰ ਹਾਲ੍ਹੀ, ਪਾਲ਼ੀ ਦਾ ਪੁੱਤਰ ਪਾਲ਼ੀ, ਤੇ ਹੋਰ ਧੰਦਿਆਂ ਵਾਲਿਆਂ ਦੇ ਬੱਚੇ ਉਹੋ ਪਿਤਾ ਪੁਰਖੀ ਕੰਮ ਕਰਦੇ ਸਨ। ਅੱਗੇ ਬੱਚੇ ਗਡੀਰਿਆਂ ਨਾਲ ਖੇਡਦੇ ਸਨ। ਹੁਣ ਮੋਟਰ ਸਾੲਕੀਲ ਤੇ ਮੋਬਾਈਲ ਇਨ੍ਹਾਂ ਦੇ ਖਿਡੌਣੇ ਹਨ। ਰੀਸ ਖੜ੍ਹੀਸ ਬਣੀ ਹੋਈ ਹੈ। ਬਾਹਰਲੇ ਵਿਖਾਵੇ ਬਹੁਤੇ ਹੋ ਗਏ ਹਨ। ਅੱਗੇ ਬੱਚੇ ਨੂੰ ਤੜਾਗੀ ਬੰਨ੍ਹਦੇ ਸਨ, ਹੁਣ ਸਭ ਕੁਝ ਬਦਲ ਗਿਆ ਹੈ। ਅੱਗੇ ਮਾਂ ਬਾਪ, ਦਾਦਾ ਦਾਦੀ, ਨਾਨਾ ਨਾਨੀ, ਅਧਿਆਪਕ ਤੇ ਸਮਾਜ ਬੱਚਿਆਂ ਨੂੰ ਸਹੀ ਦਿਸ਼ਾ ਨਿਰਦੇਸ਼ ਦੇ ਕੇ ਅਗਵਾਈ ਕਰਦੇ ਹਨ। ਹੁਣ ਨਾ ਮਾਂ-ਬਾਪ, ਨਾ ਅਧਿਆਪਕ, ਨਾ ਹੀ ਉਨ੍ਹਾਂ ਦੇ ਸਲੇਬਸ ਵਿਚ ਚੰਗੇ ਸੰਸਕਾਰ ਦੇਣ ਵਾਲੀਆਂ ਗੱਲਾਂ ਹਨ। ਦੂਸਰੇ ਬੱਚਿਆਂ ਨੂੰ ਦੇਖ ਦੇਖ ਉਸੇ ਰੰਗਤ ਵਿਚ ਰੰਗੇ ਜਾ ਰਹੇ ਹਨ, ਅੱਗੇ ਮਾਂ-ਬਾਪ ਘੂਰਦੇ ਸਨ, ਅਧਿਆਪਕ ਘੁਰਦੇ ਸਨ। ਸਾਂਝੇ ਪਰਿਵਾਰ ਸਨ, ਬਜ਼ੁਰਗਾਂ ਦਾ ਡਰ ਹੁੰਦਾ ਸੀ। ਹੁਣ ਬੰਦਾ ਘਰ ਵਿਚ ਬੇਗਾਨਾ ਜਿਹਾ ਹੋ ਗਿਆ ਹੈ।”

ਪੰਜਾਬ ਵਿਚ ਇਸ ਨਵੇਂ “ਫਿਟਫਿਟੀਆ ਕਲਚਰ” ਉੱਤੇ ਦੁਖੀ ਹੋ ਕੇ ਉਹ ਕਹਿੰਦੇ ਹਨ ਕਿ ਡਾਰਾਂ ਦੀਆਂ ਡਾਰਾਂ ਮੋਟਰ-ਸਾਈਕਲ ਤੇਜ਼ ਚਲਾ ਚਲਾ ਕੇ ਤੁਰੀਆਂ ਫਿਰਦੀਆਂ ਹਨ। ਹੁਣ ਪਿੰਡਾਂ ਵਿਚ ਖੇਤਾਂ ਵਿਚ ਕੰਮ ਕਰਨ ਵਾਲਿਆਂ ਲਈ ਰੋਟੀਆਂ ਵੀ ਮੋਟਰ ਸਾਈਕਲ ਉੱਤੇ ਢੋਂਦੇ ਹਨ। ਆਪਣੇ ਸੀਰੀ ਜਾਂ ਪ੍ਰਵਾਸੀ ਮਜ਼ਦੂਰਾਂ ਤੋਂ ਪਸ਼ੂਆਂ ਲਈ ਚਾਰਾ ਕਟਵਾ ਕੇ ਮੋਟਰ-ਸਾਈਕਲ ਉੱਤੇ ਲੈ ਕੇ ਜਾਂਦੇ ਹਨ। ਹੁਣ ਮੋਟਰ-ਸਾਈਕਲ ਤੇ ‘ਕਰਾਈਮ’ ਵੀ ਹੋਣ ਲੱਗੇ ਹਨ। ਅੱਗੇ ਨਸ਼ੇ ਘੋੜੇ ਜਾਂ ਘੋੜੀਆਂ ਉੱਤੇ ‘ਪੈਡਲਰ’ ਲੇ ਕੇ ਜਾਂਦੇ ਸਨ, ਹੁਣ ਮੋਟਰ-ਸਾਈਕਲ ਵਾਲੇ ‘ਪੈਡਲਰ’ ਬਣ ਗਏ ਹਨ। ਮੋਟਰ-ਸਾਈਕਲਾਂ ਉੱਤੇ ਨਸ਼ਿਆਂ ਦਾ ਵਪਾਰ ਹੋਣ ਲੱਗਾ ਹੈ। ਸਾਰੇ ਦੇਸ਼ ਵਿਚੋਂ ਪੰਜਾਬ ਨਸ਼ਿਆਂ ਦਾ ਮੋਹਰੀ ਬਣ ਗਿਆ ਹੈ।

ਜੱਸੋਵਾਲ ਇਸ ਨਵੇਂ ਸਭਿਆਚਾਰ ਲਈ ਮੋਟਰ-ਸਾਈਕਲ ਬਣਾਉਣ ਵਾਲੀਆਂ ਕੰਪਣੀਆਂ ਨੂੰ ਵੀ ਜ਼ਿੰਮੇਵਾਰ ਮੰਨਦੇ ਹਨ, ਜੋ ਆਸਾਨ ਕਿਸ਼ਤਾ ਉੱਤੇ ਅਤੇ ਬੈਂਕਾਂ ਜਾਂ ਫਾਈਨੈਂ ਕੰਪਣੀਆਂ ਤੋਂ “ਲੋਨ” ਦਿਲਵਾ ਕੇ ਆਪਣੇ ਮੋਟਰ-ਸਾਈਕਲਾਂ ਦੀ “ਸੇਲ” ਵਧਾਉਣ ਦੀ ਹੋੜ ਵਿਚ ਲੱਗੀਆਂ ਹੋਈਆਂ ਹਨ।

ਉਹ ਸੁਝਾਅ ਦਿੰਦੇ ਹਨ ਕਿ ਦਸਵੀਂ ਜਮਾਤ ਪਾਸ ਕਰਨ ਤੱਕ ਮੁੰਡਿਆਂ ਦੇ ਹੱਥ ਵਿਚ ਮੋਬਾਈਲ ਨਹੀਂ ਦੇਣਾ ਚਾਹੀਦਾ ਅਤੇ 18 ਸਾਲ ਦੀ ਉਮਰ ਤੋਂ ਪਹਿਲਾਂ ਡਰਾਈਵਿੰਗ ਲਾਇਸੈਂਸ ਨਹੀਂ ਦੇਣਾ ਚਾਹੀਦਾ। ਇਸ ਨਵੇਂ ਸੱਭਿਆਚਾਰ ਲਈ ਉਹ ਪੱਛਮੀ ਸੱਭਿਆਚਾਰ ਤੇ ਬਾਹਰਲੀ ਸੁਸਾਇਟੀ ਦਾ ਅਸਰ ਗਰਦਾਨਦੇ ਹਨ। ਸਾਰੀ ਸੁਸਾਇਟੀ ਮਾੜੀ ਨਹੀਂ, ਉਨ੍ਹਾਂ ਦੀਆਂ ਚੰਗਾ ਗੱਲਾਂ ਦੀ ਅਸੀਂ ਰੀਸ ਨਹੀਂ ਕਰਦੇ।”

ਪਿੰਡ ਪੱਖੋਵਾਲ ਨਿਵਾਸੀ ਅਧਿਆਪਕ ਹਰੀਸ਼ ਮੋਦਗਿਲ, ਜਿਨ੍ਹਾਂ ਖੁਦ ਵੀ ਮੋਟਰ-ਸਾਈਕਲ ਰੱਖਿਆ ਹੋਇਆ ਹੈ, ਦਾ ਵਿਚਾਰ ਹੈ ਕਿ ਅੱਜ ਦਾ ਨੌਜਵਾਨ, ਵਿਸ਼ੇਸ ਕਰਕੇ ਪੇਂਡੂ ਨੌਜਵਾਨ, “ਦਿਸ਼ਾਹੀਨ” ਹੈ। ਇਨ੍ਹਾਂ ਵਿਚ ਵੀ ਕਿਸਾਨ ਪਰਿਵਾਰ ਦੇ ਨੌਜਵਾਨ। ਮਸ਼ੀਨੀਕਰਨ ਕਾਰਨ ਕਿਸਾਨੀ ਦਾ ਹੁਣ ਬਹੁਤਾ ਕੰਮ ਰਿਹਾ ਨਹੀਂ। ਜੋ ਹੈ ਵੀ, ਉਹ ਪ੍ਰਵਾਸੀ ਮਜ਼ਦੂਰਾਂ ਤੋਂ ਕਰਵਾਇਆ ਜਾਂਦਾ ਹੈ। ਪਿੰਡਾਂ ਵਿਚ ਵਿਦਿਅਕ ਸਿਸਟਮ ਬੇਅਰਥ ਜਿਹਾ ਹੋ ਕੇ ਰਹਿ ਗਿਆ ਹੈ। ਪੜ੍ਹਾਈ ਕਰ ਕੇ ਅੱਗੇ ਕੋਈ ਨੌਕਰੀ ਜਾਂ ਕੰਮ ਕਾਜ ਦਾ ਹੀਲਾ ਵਸੀਲਾ ਨਹੀਂ ਬਣਦਾ। ਮਾਪਿਆਂ ਨੂੰ ਵੀ ਸਮਝ ਨਹੀਂ ਆ ਰਹੀ ਕਿ ਉਹ ਆਪਣੇ ਬੱਚਿਆਂ ਦੀ ਅਗਵਾਈ ਕਿਵੇਂ ਕਰਨ। ਕਿਸਾਨੀ ਹੁਣ ਲਾਹੇਵੰਦ ਧੰਦਾ ਨਹੀਂ ਰਿਹਾ। ਬਹੁਤੇ ਮਾਪੇ ਵੀ ਗਰੀਬ ਹਨ। ਬਹੁਤ ਥੋੜ੍ਹੇ ਮਾਪੇ ਹਨ ਜੋ ਆਪਣੇ ਬੱਚਿਆਂ ਵਲ ਪੂਰੀ ਤਵੱਜੋ ਦਿੰਦੇ ਹਨ ਅਤੇ ਉਨ੍ਹਾਂ ਦਾ ਕੈਰੀਅਰ ਬਣਾਉਣ ਵਿਚ ਸਹਾਈ ਹੁੰਦੇ ਹਨ।

ਉਹ ਦੱਸਦੇ, “ਅਸੀਂ ਪਿੰਡਾਂ ਵਿਚ ਲਾਇਬ੍ਰੇਰੀਆਂ ਸਥਾਪਤ ਕਰਨ ਦੀ ਮੁਹਿੰਮ ਵਿੱਢੀ ਹੋਈ ਹੈ। ਅਨੇਕਾਂ ਨੌਜਵਾਨ ਸਾਡੇ ਨਾਲ ਜੁੜੇ ਹਨ ਅਤੇ ਆਪਣਾ ਭਵਿੱਖ ਬਣਾਉਣ ਲਈ ਯਤਨਸ਼ੀਲ ਹਨ। ਉਹ ਨਸ਼ਿਆਂ ਤੋਂ ਤਾਂ ਬਚ ਗਏ ਹਨ, ਪਰ ਟੀ.ਵੀ. ਚੈਨਲਾਂ ਦੇ ਪ੍ਰੋਗਰਾਮ ਦੇਖ ਦੇਖ ਕੇ ਪ੍ਰਭਾਵਿਤ ਹੋ ਹੀ ਜਾਂਦੇ ਹਨ। ਪੰਜਾਬੀ ਗੀਤ ਵੀ ਉਨ੍ਹਾਂ ਨੂੰ ਗਲਤ ਸੰਦੇਸ਼ ਦਿੰਦੇ ਹਨ ਅਤੇ ਉਨ੍ਹਾਂ ਨੂੰ ਵਿਗਾੜਣ ਵਿਚ ਵਿਸ਼ੇਸ਼ ਹਿੱਸਾ ਪਾਉਂਦੇ ਹਨ। ਹਰ ਨੌਜਵਾਨ ਮੋਟਰ-ਸਾਈਕਲ ਤੇ ਮੋਬਾਈਲ ਰੱਖਣਾ ਪਸੰਦ ਕਰਦਾ ਹੈ। ਉਹ ਕੁੜੀਆਂ ਨੂੰ ਪ੍ਰਭਾਵਿਤ ਕਰਨ ਦਾ ਯਤਨ ਕਰਦੇ ਹਨ। ਸ੍ਰੀ ਮੋਦਗਿਲ ਅਨੁਸਾਰ “ਕੁੜੀਆਂ ਬਹੁਤ ਸਮਝਦਾਰ ਹਨ, ਪੜ੍ਹਾਈ ਵਿਚ ਮੁੰਡਿਆ ਨਾਲੋਂ ਅੱਗੇ ਹਨ, ਆਪਣਾ ਕੈਰੀਅਰ ਬਣਾਉਣ ਲਈ ਪੂਰੀ ਤਰ੍ਹਾਂ ਸੁਚੇਤ ਹਨ ਅਤੇ ਉਸ ਵਾਸਤੇ ਗੰਭੀਰਤਾ ਨਾਲ ਯਤਨਸ਼ੀਲ ਹਨ।”

ਇਸੇ ਪਿੰਡ ਦੇ ਮੋਟਰ-ਸਾਈਕਲ ਰੱਖਣ ਵਾਲੇ ਜ਼ਮੀਰ ਹੁਸੈਨ, ਜੋ ਨੋਜਵਾਨ ਸਭਾ ਨਾਲ ਜੁੜੇ ਹੋਏ ਹਨ, ਦਾ ਵਿਚਾਰ ਹੈ ਕਿ ਇਹ ਸਭ ਬਿਜਲਈ ਮੀਡੀਆ ਦਾ ਪ੍ਰਭਾਵ ਹੈ। ਮੀਡੀਆ ਵਿਚ “ਕਨਜ਼ਿਊਮਰ ਕਲਚਰ” ਨੂੰ ਬਹੁਤ ਬੜਾਵਾ ਦਿੱਤਾ ਜਾ ਰਿਹਾ ਹੈ। ਮਲਟੀ-ਨੈਸ਼ਨਲ ਤੇ ਵੱਡੀਆਂ ਕੰਪਣੀਆ ਆਪਣਾ ‘ਪ੍ਰੋਡੱਜਟ’ ਵੇਚਣ ਲਈ ਜ਼ੋਰਦਾਰ ਇਸ਼ਤਿਹਾਰਬਾਜ਼ੀ ਕਰ ਰਹੀਆਂ ਹਨ। ਟੀ.ਵੀ. ਚੈਨਲਾਂ ਉੱਤੇ ਪੇਸ਼ ਕੀਤੇ ਜਾ ਰਹੇ ਸੀਰੀਅਲ ਅਤੇ ਹੋਰ ਪ੍ਰੋਗਰਾਮ ਧਨਾਢ ਜਮਾਤ, ਬਹੁਤ ਹੀ ਉੱਚ ਕਲਾਸ ਬਾਰੇ ਦਿਖਾਏ ਜਾ ਰਹੇ ਹਨ। ਆਮ ਲੋਕਾਂ ਬਾਰੇ, ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਤਾਂ ਕੁਝ ਪੇਸ਼ ਕੀਤਾ ਹੀ ਨਹੀਂ ਜਾ ਰਿਹਾ। ਨੌਜਵਾਨ ਜੋ ਕੁਝ ਦੇਖਦੇ ਹਨ, ਉਸ ਦਾ ਪ੍ਰਭਾਵ ਪੈਣਾ ਕੁਦਰਤੀ ਹੈ। ਉਹ ਮਾਪਿਆਂ ’ਤੇ ਪ੍ਰੈੱਸ਼ਰ ਪਾ ਕੇ ਮੋਟਰ-ਸਾਈਕਲ, ਮੋਬਾਈਲ ਤੇ ਹੋਰ ਚੀਜ਼ਾਂ ਖਰੀਦਦੇ ਹਨ।”

ਜ਼ਮੀਰ ਦਾ ਕਹਿਣਾ ਹੈ, “ਪਿੰਡਾਂ ਵਿਚ ਮਨੋਰੰਜਨ ਦਾ ਵੀ ਕੋਈ ਸਾਧਨ ਨਹੀਂ। ਅੱਗੇ ਪਿੰਡਾਂ ਵਿਚ ਹਾਕੀ, ਫੁੱਟਬਾਲ, ਵੌਲੀਵਾਲ ਆਦਿ ਖੇਡਣ ਲਈ ਗਰਾਊਂਡਾਂ ਹੁੰਦੀਆ ਸਨ, ਹੁਣ ਉਹ ਵੀ ਨਹੀਂ ਰਹੀਆਂ। ਨਵੀਂ ਪੀੜ੍ਹੀ ਵਿਚ ਸਾਹਿਤ ਪੜ੍ਹਨ ਦੀ ਰੁਚੀ ਵੀ ਘਟ ਰਹੀ ਹੈ। ਅਸੀਂ ਨੌਜਵਾਨ ਸਭਾ ਵਲੋਂ ਪਿੰਡਾਂ ਵਿਚ ਲਾਇਬ੍ਰੇਰੀਆਂ ਸਥਾਪਤ ਕਨ ਦਾ ਯਤਨ ਕਰ ਰਹੇ ਹਾਂ, ਜਿਸ ਲਈ ਸਾਨੂੰ ਚੰਗਾ ਹੁੰਗਾਰਾ ਵੀ ਮਿਲ ਰਿਹਾ ਹੈ।” ਮੋਟਰ-ਸਾਈਕਲਾਂ ਉੱਤੇ ਮੁੰਡਿਆਂ ਵਲੋਂ ਖਰੂਦ ਕਰਨ ਬਾਰੇ ਉਨ੍ਹਾਂ ਦੱਸਿਆ, “ਅਕਸਰ ਵੱਡਿਆਂ ਘਰਾਂ ਦੇ ਕਾਕੇ 4-5 ਦੇ ਗਰੁੱਪ ਬਣਾ ਕੇ ਮੋਟਰ-ਸਾਈਕਲ ਦੀ ਤੇਜ਼ ਰਫਤਾਰ ਦੇ ਮੁਕਾਬਲੇ ਕਰਦੇ ਹਨ। ਇਨ੍ਹਾਂ ਵਿਚੋਂ ਕਈਆਂ ਨੇ “ਗੈਂਗ” ਵੀ ਬਣਾਏ ਹੋਏ ਹਨ ਅਤੇ ਦੂਸਰੇ “ਗੈਂਗ” ਨਾਲ ਲੜਾਈ ਝਗੜਾ ਕਰਦੇ ਹਨ। ਇਹ ਸਮੈਕ ਸਮੇਤ ਕਈ ਨਸ਼ੇ ਵੀ ਕਰਦੇ ਹਨ ਅਤੇ ਨਸ਼ੇ ਵੇਚਦੇ ਵੀ ਹਨ। ਇਨ੍ਹਾਂ ਦੇ ਮਾਪਿਆਂ ਦੇ ਕਾਂਗਰਸੀਆਂ ਤੇ ਅਕਾਲੀਆਂ ਦੋਨਾਂ ਨਾਲ ਚੰਗੇ ਸਬੰਧ ਬਣਾਏ ਹੋਏ ਹਨ, ਇਸ ਲਈ ਕੋਈ ਪੁੱਛਦਾ ਨਹੀਂ। ਉਨ੍ਹਾਂ ਕਿਹਾ ਕਿ ਮੁੰਡੇ ਕੁੜੀਆਂ ਨੂੰ ਪ੍ਰਭਾਵਿਤ ਕਰਨ ਦਾ ਵੀ ਯਤਨ ਕਰਦੇ ਹਨ। ਪੰਜਾਬੀ ਗੀਤ ਹੀ ਅਜਿਹੇ ਆ ਰਹੇ ਹਨ। ਬਹੁਤ ‘ਗੰਦ ਮੰਦ’ ਪਰੋਸਿਆ ਜਾ ਰਿਹਾ ਹੈ, ਜਿਸ ਦਾ ਨੌਜਵਾਨਾਂ ਉੱਤੇ ਅਸਰ ਹੁੰਦਾ ਹੀ ਹੈ।”

ਕਈ ਸਮਾਜਿਕ ਜੱਥੇਬੰਦੀਆਂ ਨਾਲ ਜੁੜੀ ਪ੍ਰਸਿੱਧ ਸੋਸ਼ਲ ਵਰਕਰ ਮੈਡਮ ਸੰਗੀਤਾ ਅਨੁਸਾਰ ਬੱਚਿਆਂ ਵਿਚ “ਬਾਈਕ” ਰੱਖਣਾ ਇਕ “ਸਟੇਟਸ ਸਿੰਬਲ” ਬਣ ਗਿਆ ਹੈ। ਬੱਚੇ ਇਸ ਉਮਰ ਵਿਚ ਰਫਤਾਰ ਨਾਲ ਖੇਡਣਾ ਪਸੰਦ ਕਰਦੇ ਹਨ। ਉਹ ਬਾਕੀ ਸਾਥੀਆਂ ਨਲੋਂ ਵੱਖਰਾ ਦਿਖਾਈ ਦੇਣ ਲਈ ਮੋਟਰ-ਸਾਈਕਲਾਂ ਉੱਤੇ “ਐਕੋਬੈਟਿਕ” ਨਾਲ ਸ਼ੋਅਬਾਜ਼ੀ ਵੀ ਕਰਦੇ ਹਨ। ਇਸੇ ਲਈ ਆਪਣੇ ਬਾਈਕ ’ਤੇ ਵੱਖ ਵੱਖ ਤਰ੍ਹਾਂ ਦੀਆਂ ਆਵਾਜ਼ਾਂ ਵਾਲੇ ਹੌਰਨ ਲਗਵਾਉਂਦੇ ਹਨ। ਲੜਕੇ ਬਾਈਕ ’ਤੇ ਹੀ ਆਪਣੇ ਸਕੂਲ ਵੀ ਜਾਣ ਲੱਗੇ ਹਨ। ਜੋ ਚੰਗਾ ਰੁਝਾਣ ਨਹੀਂ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਕੀ ਮੁੰਡੇ ਕੁੜੀਆਂ ਨੂੰ ਪ੍ਰਭਾਵਿਤ ਕਰਨ ਲਈ ਮੋਟਰ-ਸਾਈਕਲ ਰੱਖਣ ਨੂੰ ਤਰਜੀਹ ਦਿੰਦੇ ਹਨ ਤਾਂ ਉਨ੍ਹਾਂ ਕਿਹਾ ਕਿ ਇਹ ਵੀ ਇਕ ਕਾਰਨ ਹੋ ਸਕਦਾ ਹੈ। ਕਈ ਕੁੜੀਆਂ ਪ੍ਰਭਾਵਿਤ ਹੋ ਵੀ ਜਾਂਦੀਆਂ ਹਨ, ਕਈ ਨਹੀਂ ਵੀ ਹੁੰਦੀਆਂ।

ਉਨ੍ਹਾਂ ਸੁਝਾਅ ਦਿੱਤਾ ਕਿ ਬੱਚਿਆਂ ਨੂੰ ਸਮਝਾਉਣ ਬੁਝਾਉਣ ਲਈ ਮਾਪਿਆਂ, ਅਧਿਆਪਕਾਂ ਤੇ ਟ੍ਰੈਫਿਕ ਪੁਲਿਸ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਮਾਪੇ ਤਾਂ ਬੱਚਿਆਂ ਦੀ ਜ਼ਿੱਦ ਪੂਰੀ ਕਰਨ ਲਈ ਬਾਈਕ ਲੈ ਦਿੰਦੇ ਹਨ, ਪਰ ਸਕੂਲ ਪ੍ਰਬੰਧਕਾਂ ਨੂੰ ਬਾਈਕ ਸਕੂਲ ਲਿਆਉਣ ਤੋਂ ਰੋਕਣਾ ਚਾਹੀਦਾ ਹੈ। ਟ੍ਰੈਫਿਕ ਪੁਲਿਸ ਨੂੰ ਵੀ ਟ੍ਰੈਫਿਕ ਉਲੰਘਣ ਕਰਨ ਉੱਤੇ ਕੋਈ ਕਾਰਵਾਈ ਕਰਨੀ ਚਾਹੀਦੀ ਹੈ।

ਪੰਜਾਬੀ ਸਾਹਿਤ ਅਕਾਦਮੀ ਦੇ ਸੀਨੀਅਰ ਉੱਪ-ਪ੍ਰਧਾਨ ਤੇ ਨਾਮਵਰ ਕਵੀ ਪ੍ਰੋ. ਗੁਰਭਜਨ ਗਿੱਲ, ਜਿਨ੍ਹਾਂ ਦਾ ਪੰਜਾਬ ਖੇਤੀ ਬਾੜੀ ਯੂਨੀਵਰਸਿਟੀ ਦੇ ਸੰਚਾਰ ਵਿਭਾਗ ਦਾ ਇਕ ਉੱਚ ਅਧਿਕਾਰੀ ਹੋਣ ਕਾਰਨ ਨੌਜਵਾਨਾਂ ਨਾਲ ਕਾਫੀ ਵਾਹ ਪੈਂਦਾ ਹੈ, ਦਾ ਆਖਣਾ ਹੈ, “ਜਵਾਨੀ ਦੀਵਾਨੀ ਤਾਂ ਹੁੰਦੀ ਹੈ, ਇਹ ਉਨ੍ਹਾਂ ਦੇ ਮਨ ਦੀ ਚੰਚਲਤਾ ਹੈ। ਇਕ ਇਕ ਬੱਚਾ ਹੋਣ ਕਾਰਨ ਮਾਪੇ ਲਾਡ ਪਿਆਰ ਵੀ ਬਹੁਤ ਕਰਦੇ ਹਨ। ਉਨ੍ਹਾਂ ਦੀ ਹਰ ਜ਼ਿੱਦ ਪੂਰੀ ਕਰਦੇ ਹਨ। ਬੱਚਿਆਂ ਦੇ ਮੂੰਹੋਂ ਨਿਕਲੀ ਹਰ ਮੰਗ ਇਕ ਦਮ ਹਾਜ਼ਰ ਕਰ ਦਿੰਦੇ ਹਨ। ਇਸ ਤਰ੍ਹਾਂ ਬੱਚੇ ਵਿਗੜਦੇ ਵੀ ਹਨ ਅਤੇ ਗੈਰ-ਜ਼ਿੰਮੇਵਾਰ ਵੀ ਬਣ ਜਾਦੇ ਹਨ।”

ਕਥਿਤ ਸਪੋਰਟਸ ਫੈਸਟੀਵਲ, ਜਿੱਥੇ “ਐਕਰੋਬੈਟਿਕ” ਕਾਰਨਾਮੇ ਦਿਖਾਏ ਜਾਂਦੇ ਹਨ, ਉੱਤੇ ਉਹ ਪਾਬੰਦੀ ਲਗਾਉਣ ਦੀ ਗੱਲ ਕਰਦੇ ਹਨ। ਮੀਡੀਆ ਵੀ ਇਨ੍ਹਾਂ ਐਕਰੋਬੇਟਿਕਾਂ, ਤੇਜ਼ ਰਫਤਾਰ ਅਤੇ ਹੱਥ ਛੱਡ ਕੇ ਮੋਟਰ ਸਾਈਕਲ ਚਲਾਉਣ, ਕਲਾਬਾਜ਼ੀਆਂ ਦਿਖਾਉਣ, ਕੱਚ ਖਾਣ ਆਦਿ ਨੂੰ ਹਾਈਲਾਈਟ ਕਰ ਰਿਹਾ ਹੈ। ਇਹ ਗਲੋਰੀਫੀਕੇਸ਼ਨ ਬੰਦ ਹੋਣੀ ਚਾਹੀਦੀ ਹੈ। ਇਹ ਕਾਹਦੀ ‘ਸ਼ਾਬਾਸ਼’ ਹੈ। ਇਹ ਤਾਂ ਨੌਜਵਾਨਾਂ ਨੂੰ ਕੁਰਾਹੇ ਪਾੳਣ ਵਾਲੀ ਗੱਲ ਹੈ।”

ਪ੍ਰੋ. ਗਿੱਲ ਆਖਦੇ ਹਨ, “ ਜਵਾਨੀ ਬੜੀ ਇਨਰਜੈਟਿਕ ਹੁੰਦੀ ਹੈ, ਉਸ ਨੂੰ ਚੈਨੇਲਾਈਜ਼ ਕਰਨ ਦੀ ਲੌੜ ਹੈ। ਇਸ ਲਈ ਲੀਡਰਾਂ , ਰਾਜਸੀ ਤੇ ਧਾਰਮਿਕ ਦੋਨੋਂ, ਮਾਪਾਂ ਅਤੇ ਸਿਖਿਆ ਸ਼ਾਸਤਰੀਆਂ ਨੂੰ ਯਤਨ ਕਰਨਾ ਚਾਹੀਦਾ ਹੈ। ਨੌਜਵਾਨਾਂ ਦੀ ਅਥਾਹ ਸ਼ਕਤੀ ਨੂੰ ਉਸਾਰੂ ਕਾਰਜਾਂ ਵਲ ਲਗਾਉਣਾ ਚਾਹੀਦਾ ਹੈ।” ਉਨ੍ਹਾਂ ਦੇ ਆਖਣ ਅਨੁਸਾਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵਧੇਰੇ ਧਿਆਨ ਆਪਣੀ ਸ਼ਕਤੀ ਦਿਖਾਉਣ ਵਲ ਲਗਾਉਦੀਆਂ ਹਨ, ਜਦੋਂ ਕਿ ਉਨ੍ਹਾਂ ਨੂੰ ਵਧੇਰੇ ਧਿਆਨ ਟ੍ਰੈਫਿਕ ਨਿਯਮਾਂ ਸਮੇਤ ਕਾਨੂੰਨ ਲਾਗੂ ਕਰਨ ਵੱਲ ਲਗਾਉਣਾ ਚਾਹੀਦਾ ਹੈ।


# ਸੀ-194,ਭਾਈ ਰਣਧੀਰ ਸਿੰਘ ਨਗਰ,ਲੁਧਿਆਣਾ-141012

 

*****
# 241 ਸੈਂਟਰਲ ਟਾਊਨ ਦਾਦ,ਪਖੋਵਾਲ ਰੋਡ, ਲੁਧਿਆਣਾ-142022
e-mail: hsbhanwer@rediffmail.com
Cell: 98762-95829

 

( 25 ਸਤੰਬਰ 2007) ਯੂਨੀਕੋਡ

ਹਰਬੀਰ ਸਿੰਘ ਭੰਵਰ ਦੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ:>>>>>>

 

e-mail:
ਲਿਖਾਰੀ


© likhari: Punjabi Likhari Forum-2001-2007