|
|
ਅੱਜ ਲੋੜ ਹੈ ਸੱਚੇ ਪੰਜਾਬੀ ਬਣ ਕੇ ਪੰਜਾਬੀ ਸੂਬੇ ਨੂੰ ਬਚਾਉਣ ਦੀ(27) ਹਰਬੀਰ ਸਿੰਘ ਭੰਵਰ, ਲੁਧਿਆਣਾ |
ਪੰਜ ਦਰਿਆਵਾਂ ਦੀ ਸਰਸਬਜ਼ ਜ਼ਮੀਨ ਹੈ ਪੰਜਾਬ। ਇਹ ਸਮੂਹ ਪੰਜਾਬੀਆ ਦੀ ਸਾਂਝੀ ਧਰਤੀ ਹੈ। ਹਿੰਦੁਸਤਾਨ ਵਿਚ ਪੰਜਾਬ ਹਮੇਸ਼ਾ ਹੀ ਇਕ ਬਹੁਤ ਮਹੱਤਵਪੂਰਨ ਸਥਾਨ ਰਖਦਾ ਰਿਹਾ ਹੈ।ਵਸਦੀਆਂ ਤੋਂ ਪੱਛਮ ਵਲੋਂ ਹਮਲਾਵਰ, ਧਾੜਵੀ ਤੇ ਲੁਟੇਰੇ ਪੰਜਾਬ ਨੂੰ ਲੁਟਦੇ, ਲਿਤਾੜਦੇ ਹੋਏ ਦਿੱਲੀ ਵਲ ਜਾਂਦੇ ਰਹੇ । ਪੰਜਾਬ ਵਾਰ ਵਾਰ ਉਜੜਦਾ ਰਿਹਾ, ਲੁਟਿਆ ਪੁਟਿਆ ਜਾਂਦਾ ਰਿਹਾ, ਢਹਿ ਢੇਰੀ ਹੁੰਦਾ ਰਿਹਾ ਪਰ ਬਹਾਦਰ ਪੰਜਾਬੀ ਇਸ ਸੂਬੇ ਨੂੰ ਆਪਣੀ ਕਰੜੀ ਮਿਹਨਤ ਤੇ ਲਗਨ ਨਾਲ ਫਿਰ ਦੇਸ਼ ਦਾ ਮੋਹਰੀ ਸੂਬਾ ਬਣਾਉਂਦੇ ਰਹੇ ਹਨ।
ਕਾਂਗਰਸ ਪਾਰਟੀ ਨੇ ਆਜ਼ਾਦੀ ਦੀ ਲੜਾਈ ਦੌਰਾਨ ਆਪਣੇ ਸਰਬ ਹਿੰਦ ਸ਼ੈਸ਼ਨਾਂ ਵਿਚ ਕਈ ਵਾਰੀ ਇਹ ਮਤਾ ਪਾਸ ਕੀਤਾ ਸੀ ਕਿ ਆਜ਼ਾਦ ਭਾਰਤ ਵਿਚ ਸੂਬਿਆਂ ਦਾ ਪੁਨਰਗਠਨ ਭਾਸ਼ਾ ਦੇ ਆਧਾਰ ‘ਤੇ ਕੀਤਾ ਜਾਏਗਾ ਅਤੇ ਉਨ੍ਹਾਂ ਨੂੰ ਵੱਧ ਅਧਿਕਾਰ ਦਿਤੇ ਜਾਣਗੇ। ਆਜ਼ਾਦੀ ਮਿਲ ਜਾਣ ਉਪਰੰਤ ਭਾਸ਼ਾ ਦੇ ਆਧਾਰ ‘ਤੇ ਗੁਜਰਾਤ, ਮਹਾਂਰਾਸ਼ਟਰ, ਕਰਨਾਟਕ, ਤਾਮਲ ਨਾਡੂ, ਆਂਧਰਾ ਪ੍ਰਦੇਸ, ਕੇਰਲਾ ਵਰਗੇ ਕਈ ਸੂਬੇ ਬਣਾ ਦਿਤੇ, ਪਰ ਪੰਜਾਬੀ ਸੂਬੇ ਦੀ ਮੰਗ ਠੁਕਰਾ ਦਿਤੀ ਗਈ। ਪੰਜਾਬੀਆਂ, ਵਿਸ਼ੇਸ਼ ਕਰ ਕੇ ਪੰਜਾਬ ਤੇ ਪੰਥ ਦੀ ਨੁਮਾਇੰਦਾ ਹੋਣ ਦਾ ਦਾਅਵਾ ਕਰਨ ਵਾਲੀ ਜੱਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੇ ਬੜਾ ਲੰਬਾ ਸੰਘਰਸ਼ ਕੀਤਾ ਤਾਂ 1966 ਵਿਚ ਇਹ ਮੰਗ ਪਰਵਾਨ ਹੋਈ। “ਬੱਕਰੀ ਦੁੱਧ ਦੇਂਦੀ ਹੈ ਪਰ ਮੇਂਗਣਾਂ ਪਾ ਕੇ” ਦੇ ਅਖਾਣ ਅਨੁਸਾਰ ਕੇਂਦਰ ਨੇ ਪੰਜਾਬ ਤੇ ਪੰਜਾਬੀ ਵਿਰੋਧੀ ਲਾਬੀ ਦੀ ਮਿਲੀਭੁਗਤ ਨਾਲ ਇਹ ਇਕ ਲੰਗੜਾ ਸੂਬਾ ਬਣਾ ਦਿਤਾ। ਇਸ ਦੀ ਰਾਜਧਾਨੀ ਚੰਡੀਗੜ੍ਹ ਅਤੇ ਅਨੇਕਾਂ ਪੰਜਾਬੀ ਬੋਲਦੇ ਇਲਾਕੇ ਇਸ ਤੋਂ ਬਾਹਰ ਰਖੇ ਗਏ, ਇਸ ਦੇ ਡੈਮਾਂ ਉਤੇ ਆਪਣਾ ਕਬਜ਼ਾ ਜਮਾ ਲਿਆ ਅਤੇ ਦਰਿਆਵਾਂ ਦੇ ਪਾਣੀ ਗਵਾਂਢੀ ਸੂਬਿਆਂ ਨੂੰ ਵੰਡ ਦਿਤੇ ਗਏ।
ਇਸ “ਸੂਬੀ” ਨੂੰ ਵੀ ਪੰਜਾਬੀਆਂ ਨੇ ਹਰ ਪਖੋਂ ਵਿਕਾਸ ਕਰ ਕੇ ਦੇਸ਼ ਦਾ ਨੰਬਰ ਇਕ ਸੂਬਾ ਬਣਾਉਣ ਦਾ ਯਤਨ ਕੀਤਾ। ਇਸ ਲੰਗੜੇ ਸੂਬੇ ਨੂੰ ਮੁਕੰਮਲ ਕਰਵਾਉਣ ਲਈ ਯਤਨ ਕੀਤਾ। ਇਸ ਨਵੇਂ ਸੂਬੇ ਦੇ ਨਿਰਮਾਤਾ ਸੰਤ ਫਤਹਿ ਸਿੰਘ ਨੇ ਦੋ ਵਾਰੀ ਮਰਨ-ਵਰਤ ਰਖਿਆ, ਪਰ ਕੇਂਦਰੀ ਨੇਤਾਵਾਂ ਦੇ ਭਰੋਸੇ ‘ਤੇ ਤੋੜ ਦਿਤਾ ਜਾਂਦਾ ਰਿਹਾ। ਸੁਤੰਤ੍ਰਤਾ ਸੈਨਾਨੀ ਦਰਸ਼ਨ ਸਿੰਘ ਫੇਰੂਮਾਨ ਨੇ 1969 ਵਿਚ ਮਰਨ-ਵਰਤ ਰਖ ਕੇ 74ਵੇਂ ਦਿਨ ਆਪਣੀ ਸ਼ਹਾਦਤ ਦੇ ਦਿਤੀ। ਇਸ ਨੂੰ ਮੁਕੰਮਲ ਕਰਵਾਉਣ ਲਈ ਹੀ ਅਕਾਲੀ ਦਲ ਨੇ 4 ਅਗੱਸਤ 1982 ਤੋਂ “ਧਰਮ ਯੁੱਧ” ਮੋਰਚਾ ਸ਼ੁਰੂ ਕੀਤਾ, ਜਿਸ ਨੂੰ ਸੰਮੂਹ ਪੰਜਾਬੀਆਂ ਦਾ ਭਰਵਾਂ ਹੁੰਗਾਰਾ ਮਿਲਿਆ, ਸਾਰੀਆਂ ਜੇਲ੍ਹਾਂ ਭਰ ਗਈਆਂ, ਸਰਕਾਰ ਨੂੰ ਸਕੂਲਾਂ ਤੇ ਹੋਰ ਸਰਕਾਰੀ ਇਮਾਰਤਾਂ ਵਿਚ ਆਰਜ਼ੀ ਜੇਲ੍ਹਾਂ ਬਣਾਉਣੀਆਂ ਪਈਆਂ। ਤਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ਉਤੇ ਫੋਜੀ ਹਮਲਾ ਕਰ ਕੇ ਇਸ ਮੋਰਚੇ ਨੂੰ ਬੁਰੀ ਤਰ੍ਹਾਂ ਕੁੱਚਲ ਦਿਤਾ ਤੇ ਸਾਰੇ ਪ੍ਰਮੁਖ ਅਕਾਲੀ ਲੀਡਰਾਂ ਨੂੰ ਗ੍ਰਿਫਤਾਰ ਕਰ ਕੇ ਦੂਰ ਦੁਰਾਡੀਆਂ ਜੇਲਾਂ ਵਿਚ ਨਜ਼ਰਬੰਦ ਕਰ ਦਿਤਾ। ਅਤਿਵਾਦ ਜਾਂ ਖਾੜਕੂ ਲਹਿਰ ਦੌਰਾਨ “ਮੁੰਡਿਆਂ” ਦੇ ਇਕ ਵਰਗ ਵਲੋਂ ਆਪਣੀਆਂ ਗਰਮ ਮੰਗਾ ਦੇ ਨਾਲ ਇਸ ਲੰਗੜੇ ਸੂਬੇ ਨੂੰ ਮੁਕੰਮਲ ਕਰਵਾਉਣ ਦਾ ਯਤਨ ਵੀ ਸੀ, ਪਰ ਉਸ ਸੰਘੱਰਸ਼ ਵਿਚ ਕਈ ਗਲਤ ਅੰਸਰ ਵੀ ਘੁਸਪੈਠ ਕਰ ਗਏ, ਅਤੇ ਇਹ ਲਹਿਰ ਫੇਲ੍ਹ ਹੋ ਗਈ। ਹੁਣ ਕਿਸੇ ਵੀ ਅਕਾਲ਼ੀ ਧੜੇ ਜਾਂ ਪਾਰਟੀ ਨੂੰ ਪੰਜਾਬ ਮੁਕੰਮਲ ਕਰਵਾਉਣ ਲਈ ਸੰਘੱਰਸ਼ ਕਰਨ ਦੀ ਹਿੰਮਤ ਨਹੀਂ ਹੈ, ਨਾ ਹੀ ਦਿਲਸਚਪੀ ਹੈ। ਇਹ ਮੰਗਾਂ ਹਮੇਸ਼ਾ ਲਈ ਠੰਡੇ ਬਸਤੇ ਵਿਚ ਜਾ ਪਈਆਂ ਜਾਪਦੀਆ ਹਨ।
ਖਾੜਕੂ ਲਹਿਰ ਦੌਰਾਨ ਪੰਜਾਬ ਦਾ ਬਹੁਤ ਨੁਕਸਾਨ ਹੋਇਆ, ਖਾਸ ਕਰ ਪੇਂਡੂ ਖੇਤਰਾਂ ਵਿਚ ਵਿਦਿਆ ਤੇ ਸਿਹਤ ਸੇਵਾਵਾਂ ਦਾ। ਬੜਾ ਲੰਬਾ ਸਮਾਂ ਰਾਸ਼ਟ੍ਰਪਤੀ ਰਾਜ ਲਾਗੂ ਰਹਿਣ ਕਾਰਨ ਬਾਬੂਸ਼ਾਹੀ ਤੇ ਅਫਸਰਸ਼ਾਹੀ ਨੇ ਚੰਮ ਦੀਆਂ ਚਲਾਈਆਂ ਅਤੇ ਰਾਜ ਪ੍ਰਸਾਸ਼ਨ ਵਿਚ ਭ੍ਰਿਸਟਾਚਾਰ ਕੈਂਸਰ ਵਾਂਗ ਫੈਲਦਾ ਗਿਆ, ਜਿਸ ਉਤੇ ਕਾਬੂ ਪਾਉਣਾ ਕਿਸੇ ਵੀ ਸਰਕਾਰ ਲਈ ਇਕ ਬਹੁਤ ਔਖਾ ਕੰਮ ਹੈ। ਰਾਜ ਚਲਾਉਂਦੀਆਂ ਮੁਖ ਪਾਰਟੀਆ, ਕਾਂਗਰਸ ਅਤੇ ਅਕਾਲੀ ਭਾਜਪਾ ਗਠਜੋੜ ਨੇ ਵੋਟਰਾਂ ਨੂੰ ਭਰਮਾਉਣ ਲਈ ਇਤਨੀਆਂ ਰਿਆਇਤਾਂ ਦਿਤੀਆਂ ਹਨ ਕਿ ਸੂਬੇ ਦੀ ਆਰਥਿਕ ਸਥਿਤੀ ਵੀ ਡਾਵਾਂਡੋਲ ਹੈ, ਜਿਸ ਦਾ ਪ੍ਰਭਾਵ ਵਿਕਾਸ ਦੇ ਕਾਰਜਾਂ ਉਤੇ ਪੈਂਦਾ ਹੈ। ਸੂਬੇ ਦੇ ਮੌਜੂਦਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਜਿਨ੍ਹਾਂ ਦਾ ਅਕਸ ਬੜਾ ਹੀ ਸਾਫ ਸੁਥਰਾ ਤੇ ਇਮਾਨਦਾਰ ਹੈ, ਵਲੋਂ ਇਸ ਮਾਲੀ ਹਾਲਤ ਬਾਰੇ ਕਈ ਵਾਰੀ ਮੀਡੀਆ ਰਾਹੀਂ ਵਿਚਾਰ ਪ੍ਰਗਟ ਕੀਤੇ ਗਏ ਹਨ। ਕਦੀ ਦੇਸ਼ ਦਾ ਹਰ ਪਖੋਂ ਮੋਹਰੀ ਸੂਬਾ ਹੁਣ ਕਈ ਸੂਬਿਆਂ ਨਾਲੋਂ ਪੱਛੜ ਗਿਆ ਹੈ। ਇਕ ਪਾਸੇ ਸਿਖਿਆ ਦਾ ਬੁਰਾ ਹਾਲ ਹੈ, ਦੂਜੇ ਪਾਸੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲ ਰਹੀ, ਜਿਸ ਕਾਰਨ ਉਨ੍ਹਾਂ ਵਿਚ ਵਿਦੇਸ਼ ਨੂੰ ਜਾਣ ਦੀ ਹੋੜ ਲਗੀ ਹੋਈ ਹੈ। ਪੰਜਾਬ ਵੀ ਅਮਰੀਕਾ, ਕੈਨੇਡਾ ਤੇ ਹੋਰ ਕਈ ਪੱਛਮੀ ਦੇਸ਼ਾ ਵਰਗਾ ਖੁਸ਼ਹਾਲ ਸੂਬਾ ਬਣ ਸਕਦਾ ਹੈ ਜੇ ਕਰ ਪੰਜਾਬੀ ਸੱਚੇ ਪੰਜਾਬੀ ਬਣ ਕੇ ਇਥੇ ਉਸੇ ਤਰ੍ਹਾਂ ਪੂਰੀ ਲਗਨ ਤੇ ਇਮਾਨਦਾਰੀ ਨਾਲ ਕੰਮ ਕਰਨ, ਸਾਰੇ ਕਾਨੂੰਨਾਂ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ, ਆਪਣੇ ਟੈਕਸ ਇਮਾਨਦਾਰੀ ਨਾਲ ਦੇਣ, ਸਫਾਈ ਤੇ ਵਾਤਾਵਰਨ ਦਾ ਖਿਆਲ ਰਖਣ। ਭਾਰਤ ਵਿਚ ਬੰਗਾਲ, ਉੜੀਸਾ, ਆਂਧਰਾ ਪ੍ਰਦੇਸ਼, ਮਹਾਂਰਾਸ਼ਟਰ, ਗੁਜਰਾਤ, ਤਾਮਲ ਨਾਡ, ਕੇਰਲਾ ਵਰਗੇ ਭਾਸਾਈ ਸੂਬਿਆਂ ਨੂੰ ਆਪਣੀ ਆਪਣੀ ਮਾਂ-ਬੋਲੀ ਅਤੇ ਸਭਿਆਚਾਰ ਉਤੇ ਬੜਾ ਹੀ ਮਾਣ ਤੇ ਨਾਜ਼ ਹੈ। ਕਾਸ਼! ਸ਼ੰਮੂਹ ਪੰਜਾਬੀਆਂ ਵਿਚ ਵੀ ਅਜਹੀ ਭਾਵਨਾ ਆ ਜਾਏ।
ਇਹ ਸੂਬਾ ਪੰਜਾਬੀ ਭਾਸ਼ਾ ਦੇ ਆਧਾਰ ‘ਤੇ ਹੋਂਦ ਵਿਚ ਆਇਆ ਹੈ, ਇਸ ਲਈ ਸਭ ਤੋਂ ਮੁਖ ਲੋੜ ਤਾਂ ਪੰਜਾਬੀ ਨੂੰ ਰਾਜ ਪ੍ਰਸ਼ਾਸਨ ਤੇ ਅਦਾਲਤਾਂ ਸਮੇਤ ਸਾਰੇ ਸਰਕਾਰੀ ਤੇ ਅਰਧ-ਸਰਕਾਰੀ ਅਦਾਰਿਆਂ ਵਿਚ ਯੋਗ ਸਥਾਨ ਦਿਵਾਉਣਾ ਹੈ। ਵਿਦਿਅਕ ਸੰਸਥਾਵਾਂ ਵਿਚ ਪੰਜਾਬੀ ਦੀ ਪੜ੍ਹਾਈ ਦੂਸਰੇ ਭਾਸ਼ਾਈ ਸੂਬਿਆਂ ਵਾਂਗ ਲਾਜ਼ਮੀ ਕੀਤੀ ਜਾਏ। ਜੇ ਸਾਡੇ ਬੱਚੇ ਪੰਜਾਬੀ ਨਹੀਂ ਪੜ੍ਹਣ ਗੇ ਤਾਂ ਆਪਣੇ ਅਮੀਰ ਸਾਹਿਤ, ਸਭਿਆਚਾਰ ਤੇ ਵਿਰਸੇ ਤੋਂ ਜਾਣੂੰ ਕਿਵੇਂ ਹੋਣ ਗੇ? ਗੁਰਬਾਣੀ ਤੇ ਗੁਰਮਤਿ ਬਾਰੇ ਜਾਣਕਾਰੀ ਤੋਂ ਵਾਂਝੇ ਰਹਿ ਜਾਣ ਗੇ। ਕਰਨਾਟਕ ਹਾਈ ਕੋਰਟ ਨੇ ਉਸ ਸੂਬੇ ਦੇ ਸਾਰੇ ਸਕੂਲਾਂ ਵਿਚ ਪੜ੍ਹਾਈ ਅੰਗਰੇਜ਼ੀ ਦੀ ਥਾਂ ਕੰਨ੍ਹੜ ਭਾਸ਼ਾ ਵਿਚ ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਇਕ ਅਖ਼ਬਾਰੀ ਰੀਪੋਰਟ ਅਨੁਸਾਰ ਇਸ ਵਰ੍ਹੇ 26 ਜੂਨ ਨੂੰ ਹਾਈ ਕੋਰਟ ਨੇ ਸਿਖਿਆ ਦਾ ਮਾਧਿਅਮ ਅੰਗਰੇਜ਼ੀ ਦੀ ਥਾਂ ਕੰਨ੍ਹੜ ਵਿਚ ਕਰਨ ਦੇ ਮੁੱਦੇ ਬਾਰੇ ਸੂਬਾਈ ਸਰਕਾਰ ਦੇ ਹੱਕ ਵਿਚ ਫੈਸਲਾ ਦਿਤਾ ਹੈ। ਇਸ ਹੁਕਮ ਅਨੁਸਾਰ ਕਰਨਾਟਕ ਦੇ ਪ੍ਰਾਈਵੇਟ ਸਕੂਲਾਂ ਨੂੰ ਵੀ ਕੰਨ੍ਹੜ ਪੜ੍ਹਾਉਣੀ ਪਿਆ ਕਰੇ ਗੀ। ਅਦਾਲਤ ਨੇ ਪ੍ਰਾਈਵੇਟ ਸਕੂਲਾਂ ਵਲੋਂ ਦਿੱਤੀਆਂ ਗਈਆਂ ਦਲੀਲਾਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਇਹ ਸਕੂਲ 7 ਦਿਨਾਂ ਦੇ ਅੰਦਰ ਅੰਦਰ ਇਹ ਹਲਫੀਆ ਬਿਆਨ ਦੇਣ ਕਿ ਉਹ ਪੜ੍ਹਾਈ ਅੰਗਰੇਜ਼ੀ ਦੀ ਥਾਂ ਕੰਨ੍ਹੜ ਵਿਚ ਕਰਾਇਆ ਕਰਨ ਗੇ। ਪੰਜਾਬ ਸਰਕਾਰ ਨੂੰ ਵੀ ਇਸ ਤਰ੍ਹਾ ਦੇ ਕਦਮ ਉਠਾਉਣੇ ਚਾਹੀਦੇ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਸਮੇਂ ਸੱਤਾਧਾਰੀ ਅਕਾਲੀ-ਭਾਜਪਾ ਗਠਜੋੜ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਪੰਜਾਬੀ ਨੂੰ ਇਸ ਦਾ ਯੋਗ ਸਥਾਨ ਦੇਣ ਅਤੇ ਸ਼੍ਰੋਮਣੀ ਪੁਰਸਕਾਰਾਂ ਦੀ ਰਕਮ ਵਿਚ ਵਾਧਾ ਕਰਨ ਦਾ ਵਾਅਦਾ ਕੀਤਾ ਸੀ, ਆਸ ਹੈ ਇਸ ਵਾਅਦੇ ਨੂੰ ਨਿਭਾਇਆ ਜਾਏ ਗਾ।
ਇਹ ਇਕ ਖੇਤੀ ਪ੍ਰਧਾਨ ਸੂਬਾ ਹੈ। ਸਾਡੇ ਕਿਸਾਨ ਦੇਸ਼ ਦੇ ਅੰਨ ਭੰਡਾਰ ਵਿਚ ਅਹਿੰਮ ਯੋਗਦਾਨ ਪਾ ਰਹੇ ਹਨ। ਖੇਤੀ ਹੁਣ ਲਾਹੇਬੰਦ ਧੰਦਾ ਨਹੀਂ ਰਹੀ ਜਿਸ ਕਾਰਨ ਛੋਟੇ ਕਿਸਾਨ ਅਨੇਕਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ ਅਤੇ ਕਈ ਘਬਰਾ ਕੇ ਖੁਦਕਸ਼ੀ ਵੀ ਕਰ ਲੈਂਦੇ ਹਨ। ਅਜ ਤੋਂ 30-35 ਸਾਲ ਪਹਿਲਾਂ ਕਦੀ ਕੋਈ ਸੁਪਨੇ ਵਿਚ ਵੀ ਇਹ ਨਹੀਂ ਸੋਚ ਸਕਦਾ ਸੀ ਕਿ ਕਦੀ ਪੰਜਾਬ ਦਾ ਕੋਈ ਕਿਸਾਨ ਇਸ ਤਰ੍ਹਾਂ ਖੁਦਕਸ਼ੀ ਕਰੇ ਗਾ। ਇਹ ਇਕ ਬਹੁਤ ਗੰਭੀਰ ਮਸਲਾ ਹੈ, ਕਿਸਾਨਾਂ ਵਿਸ਼ੇਸ਼ ਧਿਆਨ ਦੇ ਹੱਕਦਾਰ ਹਨ। ਮੌਜੂਦਾ ਅਕਾਲੀ-ਭਾਜਪਾ ਸਰਕਾਰ ਨੇ ਸਿੰਚਾਈ ਲਈ ਪਾਣੀ ਤੇ ਬਿੱਜਲੀ ਮੁਫਤ ਦਿਤੇ ਹਨ, ਪਰ ਹਾਲੇ ਵੀ ਬਹੁਤ ਕੁਝ ਕਰਨ ਵਾਲਾ ਬਾਕੀ ਹੈ।
ਪੰਜਾਬ ਵਿਚ ਜਿਸ ਵੱਡੀ ਗਿਣਤੀ ਤੇ ਤੇਜ਼ੀ ਨਾਲ ਹਿੰਦੀ ਭਾਸ਼ਾਈ ਸੂਬਿਆਂ ਤੋਂ ਪ੍ਰਵਾਸੀ ਮਜ਼ਦੂਰ ਆ ਰਹੇ ਹਨ, ਉਸ ਨਾਲ ਇਸ ਸੂਬੇ ਦਾ ਭਾਸ਼ਾਈ ਰੂਪ ਵਿਗੜ ਰਿਹਾ ਹੈ। ਇਸ ਦੇ ਨਾਲ ਹੀ ਇਨ੍ਹਾ ਸੁਬਿਆਂ ਤੋਂ ਛਪਣ ਵਾਲੇ ਵੱਡੇ ਹਿੰਦੀ ਅਖ਼ਬਾਰ ਵੀ ਪੰਜਾਬ ਵਿਚ ਪ੍ਰਕਾਸ਼ਿਤ ਹੋਣ ਲਗੇ ਹਨ ਅਤੇ ਉਨ੍ਹਾਂ ਦਾ, ਸੁਪਰਮੇਸੀ ਲਈ ਆਪਸ ਵਿਚ ਕਰੜਾ ਮੁਕਾਬਲਾ ਹੈ, ਜਿਸ ਕਾਰਨ ਇਨ੍ਹਾਂ ਵਲੋਂ ਸਾਲ ਭਰ ਅਖ਼ਬਾਰ ਦੀ ਸਪਲਾਈ ਲਈ ਕੇਵਲ 170 ਜਾਂ 144 ਰੁਪੈ ਰਖੇ ਗਏ ਹਨ। ਇਤਨੇ ਸਸਤੇ ਅਖ਼ਬਾਰ ਪੰਜਾਬੀ ਅਖ਼ਬਾਰਾਂ ਦੇ ਪਾਠਕਾਂ ਨੂੰ ਵੀ ਖਿੱਚ੍ਹ ਪਾ ਰਹੇ ਹਨ, ਜਿਸ ਕਾਰਨ ਇਨ੍ਹਾਂ ਹਿੰਦੀ ਅਖ਼ਬਾਰਾਂ ਤੋਂ ਪੰਜਾਬੀ ਅਖ਼ਬਾਰਾਂ, ਵਿਸ਼ੇਸ਼ ਕਰ ਕੇ ਪਹਿਲਾਂ ਹੀ ਲੜਖੜਾ ਰਹੀਆਂ ਛੋਟੀਆਂ ਅਖ਼ਬਾਰਾਂ ਨੂੰ ਗੰਭੀਰ ਖਤਰਾ ਹੈ। ਅੰਗਰੇਜ਼ੀ ਤੇ ਹਿੰਦੀ ਅਖ਼ਬਾਰਾਂ ਪੜ੍ਹਣ ਵਾਲੇ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਨਾਲ ਹੀ ਪੰਜਾਬੀ ਦੀ ਕੋਈ ਇਕ ਅਖ਼ਬਾਰ ਵੀ ਜ਼ਰੂਰ ਪੜ੍ਹਣ।
ਪੰਜਾਬ ਦੀ ਮੌਜੂਦਾ ਅਕਾਲੀ-ਭਾਜਪਾ ਸਰਕਾਰ ਵਲੋਂ ਸੂਬੇ ਨੂੰ ਮੁੜ ਪੱਟੜੀ ‘ਤੇ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ, ਵੱਡਾ ਅੜਿਕਾ ਰਾਜ ਪ੍ਰਸ਼ਾਸਨ ਵਿਚ ਫੈਲਿਆ ਭ੍ਰਿਸ਼ਟਾਚਾਰ ਅਤੇ ਫੰਡਾਂ ਦੀ ਘਾਟ ਹੈ। ਜੇ ਕਰ ਮੰਤਰੀ ਮੰਡਲ ਦੇ ਸਾਰੇ ਮੰਤਰੀ ਇਮਾਨਦਾਰ ਹੋਣ ਤਾਂ ਭ੍ਰਿਸ਼ਟਾਚਾਰ ਬਹੁਤ ਹੱਦ ਤਕ ਖਤਮ ਹੋ ਸਕਦਾ ਹੈ, ਅਫਸਰਸ਼ਾਹੀ ਤੇ ਬਾਬੂਸ਼ਾਹੀ ਨੂੰ ਕੰਨ ਹੋ ਜਾਂਦੇ ਹਨ। ਪੰਜਾਬ ਵਿਚ ਵਿਸ਼ਵ ਪੱਧਰ ਦੇ ਅਨੇਕਾਂ ਅਰਥ-ਸ਼ਾਸਤਰੀ ਹਨ, ਉਨ੍ਹਾਂ ਦੀਆਂ ਸੇਵਾਵਾਂ ਲੈ ਕੇ ਆਰਥਿਕ ਸਥਿਤੀ ਨੂੰ ਸੁਧਾਰਿਆ ਜਾ ਸਕਦਾ ਹੈ। ਬੇਲੋੜੇ ਖਰਚੇ ਘਟਾ ਕੇ, ਟੈਕਸਾਂ ਦੀ ਚੋਰੀ ਰੋਕ ਕੇ ਅਤੇ ਉਗਰਾਹੀ ਕਰਨ ਦੇ ਨਾਲ ਸਬਸਿੱਡੀਆਂ ਹੌਲੀ ਹੌਲੀ ਪੜਾਅ-ਵਾਰ ਢੰਗ ਨਾਲ ਘਟਾਈਆਂ ਜਾਣ। ਕੇਂਦਰੀ ਸਕੀਮਾਂ ਤੋਂ ਵੱਧ ਵੱਧ ਫਾਇਦਾ ਉਠਾਇਆ ਜਾ ਸਕਦਾ ਹੈ।
ਪੰਜਾਬ ਵਿਚ ਸ਼ਰਾਬ ਦਾ ਛੇਵਾਂ ਦਰਿਆ ਵਹਿ ਰਿਹਾ ਹੈ। ਸ਼ਾਮ ਨੂੰ ਸ਼ਹਿਰੀ ਤੇ ਪੇਂਡੂ ਦੋਨੋਂ ਖੇਤਰਾਂ ਵਿਚ ਸ਼ਰਾਬ ਦੇ ਦੌਰ ਸ਼ੁਰੂ ਹੋ ਜਾਂਦੇ ਹਨ। ਪਿੰਡਾਂ ਵਿਚ ਤਾਂ ਜਵਾਨੀ ਦਸੂਰੇ ਅਨੇਕ ਨਸ਼ਿਆਂ ਵਿਚ ਵੀ ਡੁੱਬ ਰਹੀ ਹੈ। ਸ਼ਾਇਦ ਇਸ ਦਾ ਮੁੱਖ ਕਾਰਨ ਪਿੰਡਾਂ ਵਿਚ ਖੇਡਾਂ ਅਤੇ ਮਨੋਰੰਜਨ ਦੇ ਸਾਧਨ ਘਟ ਹੋਣਾ ਹੈ। ਕਬੱਡੀ, ਕੁਸ਼ਤੀਆ ਵਰਗੀਆਂ ਪਰੰਪ੍ਰਾਗਤ ਪੇਂਡੂ ਖੇਡਾਂ ਲੁਪਤ ਹੋ ਰਹੀਆਂ ਹਨ। ਹਾਕੀ, ਫੁੱਟਬਾਲ, ਵਾਲੀਬਾਲ ਵਰਗੀਆਂ ਖੇਡਾਂ ਦੀ ਵੀ ਘਾਟ ਹੈ। ਪਿਛਲੇ ਕੁਝ ਸਮੇਂ ਤੋਂ ਆਸ ਦੀ ਇਕ ਕਿਰਨ ਦਿਖਾਈ ਦੇਣ ਲਗੀ ਹੈ, ਸ਼ਹਿਰਾਂ ਦੇ ਪ੍ਰਾਈਵੇਟ ਖੇਤਰ ਵਿਚ ਜਿਮ ਤੇ ਹੈਲਥ ਕਲੱਬਾਂ ਵਾਂਗ ਕਸਬਿਆਂ ਤੇ ਪਿੰਡਾਂ ਵਿਚ ਸਪੋਰਟਸ ਤੇ ਹੈਲਥ ਕਲੱਬ ਖੁਲ੍ਹਣੇ ਸ਼ੁਰੂ ਹੋ ਗਏ ਹਨ ਜਿਥੇ ਨੌਜਵਾਨ ਵੀ ਕਸਰਤ ਕਰ ਕੇ ਆਪਣੇ ਸਰੀਰ ਨੂੰ ਚੁਸਤ ਦਰੁਸਤ ਕਰਨ ਲਗੇ ਹਨ। ਇਹ ਇਕ ਬਹੁਤ ਚੰਗਾ ਸ਼ਗਨ ਹੈ, ਜਿਸ ਪਿਛੇ ਵਧੇਰੇ ਕਰ ਕੇ ਵਿਦੇਸ਼ਾਂ ਵਿਚ ਰਹਿੰਦੇ ਪ੍ਰਵਾਸੀ ਪੰਜਾਬੀ ਹਨ ਜੋ ਇਨ੍ਹਾਂ ਕਲੱਬਾਂ ਲਈ ਆਰਥਿਕ ਸਹਾਇਤਾ ਦੇ ਰਹੇ ਹਨ। ਪੰਜਾਬ ਸਰਕਾਰ ਵਲੋਂ ਵੀ ਅਜੇਹੀਆਂ ਕਲੱਬਾਂ ਦੀ ਮਾਲੀ ਮਦਦ ਕਰ ਕੇ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਹੈ, ਤਾਂ ਜੋ ਨੌਜਵਾਨ ਪੀੜ੍ਹੀ ਨਸ਼ਿਆਂ ਨੂੰ ਛੱਡ ਕੇ ਖੇਡਾਂ ਵਲ ਧਿਆਨ ਦੇਵੇ।
ਪੰਜਾਬ ਵਿਚ ਜ਼ਮੀਨੀ ਪਾਣੀ ਦਾ ਪੱਧਰ ਬਹੁਤ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ। ਇਸ ਤੋਂ ਬਿਨਾਂ ਪਾਣੀ ਤੇ ਹਵਾ ਦੋਨੋਂ ਬਹੁਤ ਪ੍ਰਦੂਸ਼ਤ ਹੋ ਰਹੇ ਹਨ, ਵਿਸ਼ੇਸ਼ ਕਰ ਕੇ ਸ਼ਹਿਰੀ ਤੇ ਲਾਗਲੇ ਖੇਤਰਾਂ ਵਿਚ। ਇਸ ਦਾ ਮੁਖ ਕਾਰਨ ਸਨਅਤੀ ਅਦਾਰਿਆਂ ਵਲੋਂ ਪ੍ਰਦੂਸ਼ਨ ਰੋਕਣ ਲਈ ਲੌੜੀਂਦੇ ਕਦਮ ਨਾ ਚੁਕਣਾ ਤੇ ਦਰੱਖ਼ਤਾਂ ਦੀ ਘਾਟ ਹੈ। ਕਿਹਾ ਜਾਂਦਾ ਹੈ ਕਿ ਹਰ ਵਿਅਕਤੀ ਆਪਣੇ ਜੀਵਨ ਵਿਚ 11-12 ਦਰਖਤਾਂ ਦੀ ਵਰਤੋਂ ਕਰਦਾ ਹੈ- ਘਰ ਦੇ ਬੂਹੇ ਬਾਰੀਆਂ, ਫਰਨੀਚਰ, ਬਾਲਣ ਆਦਿ ਤੇ ਆਪਣੀ ਚਿਤਾ ਲਈ, ਇਸ ਲਈ ਹਰ ਪੰਜਾਬੀ ਨੂੰ ਆਪਣੇ ਹਿੱਸੇ ਦੇ ਦਰੱਖ਼ਤ ਲਗਾਉਣੇ ਚਾਹੀਦੇ ਹਨ। ਨਗਰ ਪਾਲਕਾਵਾਂ ਵਲੋਂ ਸ਼ਹਿਰੀ ਖੇਤਰਾਂ ਵਿਚ ਕਿਸੇ ਵਿਸ਼ੇਸ਼ ਥਾਂ ਤੇ ਦਰੱਖ਼ਤ ਲਗਾ ਕੇ ਹਰੀਆਂ ਪੱਟੀਆਂ ਬਣਾਈਆਂ ਜਾਣ। ਹਵਾ ਦਾ ਪ੍ਰਦੂਸਨ ਰੋਕਣ ਲਈ ਵਾਹਨਾਂ ਦੀ ਚੈਕਿੰਗ ਕੀਤੀ ਜਾਏ।
ਸੂਬੇ ਦੀ ਇਕ ਪ੍ਰਮੂਖ ਸਮੱਸਿਆ ਪੜ੍ਹੇ ਲਿਖੇ ਨੌਜਵਾਨਾਂ ਦੀ ਬੇਰੋਜ਼ਗਾਰੀ ਦੀ ਵੀ ਹੈ। ਇਤਨੀ ਵੱਡੀ ਗਿਣਤੀ ਨੂੰ ਕਿਸੇ ਵੀ ਸਰਕਾਰ ਵਲੋਂ ਨੌਕਰੀਆਂ ਵੀ ਦੇਣੀਆਂ ਅਸੰਭਵ ਹਨ। ਫੌਜ ਵਿਚ ਭਰਤੀ ਲਈ ਪੰਜਾਬ ਦਾ ਕੋਟਾ ਬਹੁਤ ਘਟਾ ਦਿਤਾ ਗਿਆ ਹੈ। ਸ਼ਹਿਰੀ ਨੌਜਵਾਨ ਤਾਂ ਮਲਟੀਨੈਸ਼ਨਲ ਕੰਪਣੀਆ, ਤੇ ਪ੍ਰਾਈਵੇਟ ਅਦਾਰਿਆਂ ਵਿਚ ਕੰਮ ਕਰਨ ਜਾਂ ਆਪਣਾ ਹੀ ਬਿਜ਼ਨੈਸ ਸ਼ੁਰੂ ਕਰਨ ਨੂੰ ਤਰਜੀਹ ਦੇਣ ਲਗੇ ਹਨ, ਪੇਂਡੂ ਪੜ੍ਹੇ ਲਿਖੇ ਵੀ ਇਧਰ ਕਿਸਮਤ ਅਜ਼ਮਾਉਣ। ਪੰਜਾਬ ਵਿਚ ਸਨਅਤ ਕਾਫੀ ਲਗ ਗਈ ਹੈ ਤੇ ਹੋਰ ਨਵੀਂ ਸਨਅਤ ਵੀ ਆ ਰਹੀ ਹੈ। ਸਰਕਾਰ ਨੂੰ ਹਿਮਾਚਲ ਵਾਂਗ ਆਪਣੀ ਸਨਅਤੀ ਨੀਤੀ ਤਿਆਰ ਕਰਨੀ ਚਾਹੀਦੀ ਹੈ। ਹਿਮਾਚਲ ਵਿਚ ਹਰ ਸਨਅਤੀ ਅਦਾਰੇ ਨੂੰ ਨੌਕਰੀਆਂ ਦੇਣ ਸਮੇਂ ਘਟੋ ਘਟ 70 ਫੀਸਦੀ ਨੌਕਰੀਆਂ, ਹਿਮਾਚਲੀਆਂ ਨੂੰ ਦੇਣੀਆਂ ਲਾਜ਼ਮੀ ਹਨ।
ਮੁੱਖ ਤੌਰ ਤੇ ਇਸ ਲੰਗੜੇ ਪੰਜਾਬ ਨੂੰ ਸੱਚੇ ਪੰਜਾਬੀ ਬਣ ਕੇ ਹੀ ਬਚਾਇਆ ਜਾ ਸਕਦਾ ਹੈ। ਇਹ ਇਕ ਖੁਸ਼ੀ ਦੀ ਗਲ ਹੈ ਕਿ ਲਹਿੰਦੇ ਪੰਜਾਬ ਵਿਚ ਪੰਜਾਬ, ਪੰਜਾਬੀ ਤੇ ਪੰਜਾਬੀਅਤ ਲਈ ਪਿਆਰ ਜਾਗ ਪਿਆ ਹੈ ਅਤੇ ਮਜ਼ਬੂਤੀ ਫੜ ਰਿਹਾ ਹੈ। ਅਸੀਂ ਉਨ੍ਹਾਂ ਤੋਂ ਪ੍ਰੇਰਨਾ ਲੈ ਸਕਦੇ ਹਾਂ।
*****
# ਸੀ-194, ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ
e-mail: hsbhanwer@rediffmail.com
Cell: 98762-95829
( 31 ਅਕਤੂਬਰ 2007) ਯੂਨੀਕੋਡ
ਹਰਬੀਰ ਸਿੰਘ ਭੰਵਰ ਦੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ:>>>>>>
e-mail:
ਲਿਖਾਰੀ
© likhari: Punjabi Likhari Forum-2001-2007