ਮੱਖ ਪੰਨਾ

ਲੇਖ/ਆਲਾ-ਦੁਆਲਾ/ਜਾਣਕਾਰੀ

ਲਿਖਾਰੀ

ਪੰਜਾਬ ਵਿੱਚ ਉਭਰ ਰਿਹਾ ਹੈ ਜਿਮ ਸੱਭਿਆਚਾਰ(28)

ਹਰਬੀਰ ਸਿੰਘ ਭੰਵਰ, ਲੁਧਿਆਣਾ


ਪੰਜ ਦਰਿਆਵਾਂ ਦੀ ਸਰਜ਼ਮੀਨ ਪੰਜਾਬ ਦੇ ਵਾਸੀ ਬੜੇ ਹੀ ਦਰਿਆ-ਦਿਲ ਤੇ ਬਹਾਦਰ ਹਨ। ਸਦੀਆਂ ਤੋਂ ਪੱਛਮ ਵਲੋਂ ਹਮਲਾਵਰ, ਧਾੜਵੀ ਤੇ ਲੁਟੇਰੇ ਦਿੱਲੀ ਤੇ ਧਾਵਾ ਬੋਲਣ ਲਈ ਸਭ ਤੋਂ ਪਹਿਲਾ ਪੰਜਾਬ ਵਿੱਚ ਹੀ ਆ ਕੇ ਮਾਰਧਾੜ ਕਰਦੇ ਸਨ। ਪੰਜਾਬੀ ਘੱਟ-ਗਿਣਤੀ ਹੋਣ ਦੇ ਬਾਵਜੂਦ ਉਨ੍ਹਾਂ ਦਾ ਡਟ ਕੇ ਮੁਕਾਬਲਾ ਕਰਦੇ। ਸਿਕੰਦਰ ਨੇ ਭਾਵੇਂ ਫਤਹਿ ਹਾਸਲ ਕਰ ਲਈ ਪਰ ਪੋਰਸ ਦੇ ਜਵਾਨਾਂ ਨੇ ਆਪਣੀ ਬਹਾਦਰੀ ਦੇ ਅਜਿਹੇ ਜੌਹਰ ਦਿਖਾਏ ਕਿ ਦੁਨੀਆਂ ਨੂੰ ਫਤਹਿ ਕਰਨ ਦਾ ਸੁਪਨਾ ਲੈਣ ਵਾਲੇ ਨੂੰ ਪੰਜਾਬ ਤੋਂ ਹੀ ਵਾਪਸ ਮੁੜਨਾ ਪਿਆ। ਮੁਗ਼ਲਾਂ ਤੇ ਪਠਾਨਾਂ ਦਾ ਮੁਕਾਬਲਾ ਵੀ ਸਭ ਤੋਂ ਪਹਿਲਾਂ ਪੰਜਾਬੀ ਹੀ ਕਰਦੇ ਰਹੇ। ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਨੂੰ ਖੰਡੇ ਬਾਟੇ ਦੀ ਪਾਹੁਲ ਛਕਾ ਕੇ ਸਵਾ ਸਵਾ ਲੱਖ ਨਾਲ ਲੜਣ ਵਾਲਾ ਸੰਤ ਸਿਪਾਹੀ ਬਣਾ ਦਿੱਤਾ ਜਿਸ ਨੇ ਹਰੀ ਸਿੰਘ ਨਲੂਆ ਦੀ ਅਗਵਾਈ ਹੇਠ ਦੱਰਾ ਖੈਬਰ ਤੱਕ ਆਪਣੀ ਬਹਾਦਰੀ ਦਾ ਸਿੱਕਾ ਜਮਾ ਕੇ ਹਮਲਾਵਰਾਂ ਦਾ ਰੁਖ ਮੋੜ ਦਿੱਤਾ।

ਪੰਜਾਬ ਦਾ ਪੌਣ ਪਾਣੀ ਤੇ ਖਾਣ ਪੀਣ ਹੀ ਅਜਿਹਾ ਹੈ ਕਿ ਪੰਜਾਬੀ ਬੜੇ ਤਕੜੇ ਜੁੱਸੇ ਵਾਲੇ ਅਤੇ ਸਰੂ ਵਾਂਗ ਲੰਮੇ ਝੰਮੇ ਹੁੰਦੇ ਹਨ। ਇੱਥੇ ਦੁੱਧ ਘਿਓ ਦੀਆਂ ਹਮੇਸ਼ਾ ਹੀ ਲਹਿਰਾਂ ਬਹਿਰਾਂ ਰਹੀਆਂ ਸਨ। ਕਰੜੀ ਮਿਹਨਤ ਤੇ ਹੱਥੀਂ ਕੰਮ ਕਰਨ ਕਾਰਨ ਉਨ੍ਹਾਂ ਦਾ ਸਰੀਰ ਰਿਸ਼ਟ ਪੁਸ਼ਟ ਰਹਿੰਦਾ ਸੀ। ਪਿਛਲੇ ਜ਼ਮਾਨੇ ਦੌਰਾਨ ਪਿੰਡਾਂ ਵਿੱਚ ਕੁਸ਼ਤੀਆਂ ਤੇ ਕਬੱਡੀ ਦੇ ਮੁਕਾਬਲੇ ਆਮ ਹੁੰਦੇ ਰਹਿੰਦੇ ਸਨ। ਪੰਜਾਬ ਦੇ ਅਨੇਕਾਂ ਭਲਵਾਨਾਂ ਨੇ ਦੁਨੀਆਂ ਭਰ ਵਿੱਚ ਆਪਣੀ ਪਹਿਲਵਾਨੀ ਦੇ ਝੰਡੇ ਝੁਲਾਏ ਹਨ। ਪੰਜਾਬੀ ਹਾਕੀ, ਫੁੱਟਬਾਲ, ਵਾਲੀਬਾਲ ਆਦਿ ਵਰਗੀਆਂ ਖੇਡਾਂ ਵਿੱਚ ਵੀ ਮੋਹਰੀ ਰਹੇ ਹਨ। ਅਨੇਕਾਂ ਪਿੰਡਾਂ, ਵਿਸ਼ੇਸ਼ ਕਰ ਕੇ ਸਕੂਲਾਂ ਵਿੱਚ ਵੀ ਇਹ ਖੇਡਾਂ ਖਿਡਵਾਈਆਂ ਜਾਂਦੀਆਂ ਰਹੀਆਂ ਹਨ।

ਸਮਾਂ ਬਦਲਿਆ। ਮਸ਼ੀਨੀਕਰਨ ਨੇ ਬੰਦਿਆਂ ਦੀ ਥਾਂ ਲੈ ਲਈ, ਥੋੜ੍ਹੇ ਸਮੇਂ ਵਿੱਚ ਬਹੁਤਾ ਕੰਮ ਹੋਣ ਲੱਗਾ। ਪਿੰਡਾਂ ਵਿੱਚ ਖੇਤੀਬਾੜੀ ਦੇ ਮਸ਼ੀਨੀਕਰਨ ਨੇ ਕਿਸਾਨ ਨੂੰ ਬਹੁਤ ਹੱਦ ਤੱਕ ਵਿਹਲਾ ਕਰ ਦਿੱਤਾ। ਜਿਸਮਾਨੀ ਕੰਮ ਘੱਟ ਗਿਆ, ਪਰ ਖੁਰਾਕ ਉਹੋ ਰਹੀ, ਜਿਸ ਨਾਲ ਮੋਟਾਪਾ, ਸ਼ੁਗਰ, ਬਲੱਡ ਪ੍ਰੈਸ਼ਰ ਵਰਗੀਆਂ ਕਈ ਚੰਦਰੀਆਂ ਬਿਮਾਰੀਆਂ ਆ ਪ੍ਰਗਟ ਹੋਈਆਂ। ਸ਼ਹਿਰਾਂ ਵਿੱਚ ਤਾਂ ਪਹਿਲਾਂ ਹੀ ਸਰੀਰਕ ਕੰਮ ਘਟ ਹੁੰਦਾ ਸੀ। ਸ਼ਹਿਰਾਂ ਦਾ ਪਾਣੀ ਤੇ ਹਵਾ ਪ੍ਰਦੂਸ਼ਤ ਹੋਣ ਕਾਰਨ ਵੀ ਅਨੇਕ ਤਰ੍ਹਾਂ ਦੀਆਂ ਬਿਮਾਰੀਆਂ ਤੇ ਸਰੀਰਕ ਤਕਲੀਫਾਂ ਆ ਚੰਬੜਦੀਆਂ ਹਨ। ਸੂਚਨਾ ਤੇ ਤਕਨਾਲੋਜੀ ਦੇ ਆਏ ਇਨਕਲਾਬ ਨੇ ਸਾਡੀ ਜ਼ਿੰਦਗੀ ਜਿਉਣ ਦਾ ਰੰਗ ਢੰਗ ਹੀ ਬਦਲ ਦਿੱਤਾ ਹੈ। ਅਸੀਂ ਬੜੇ ਹੀ ਆਰਾਮ ਪਸੰਦ ਹੋ ਗਏ ਹਾਂ। ਪਹਿਲੇ ਸਮਿਆਂ ਵਿੱਚ ਆਦਮੀ ਆਮ ਹੀ 10-12 ਕਿਲੋਮੀਟਰ ਦੂਰ ਵੀ ਪੈਦਲ ਹੀ ਚਲਿਆ ਜਾਂਦਾ ਸੀ, ਪਰ ਅੱਜ ਲਾਗਲੇ ਬਾਜ਼ਾਰ ਵਿੱਚ ਵੀ ਜਾਣਾ ਹੋਵੇ ਤਾਂ ਕਾਰ ਜਾਂ ਸਕੂਟਰ ਉੱਤੇ ਹੀ ਜਾਣ ਦੀ ਆਦਤ ਪੈ ਗਈ ਹੈ। ਬੰਦ ਕਮਰਿਆਂ ਵਿੱਚ ਕੁਰਸੀ ’ਤੇ ਬੈਠ ਕੇ ਕੰਮ ਕਰਨ ਕਾਰਨ ਸਰੀਰ ਨੂੰ ਕੋਈ ਨਾ ਕੋਈ ਤਕਲੀਫ ਆ ਚੰਬੜਦੀ ਹੈ।

ਪਿਛਲੇ ਕਈ ਸਾਲਾਂ ਤੋਂ ਪੰਜਾਬ ਵਿੱਚ ਸ਼ਰਾਬ ਦਾ ਛੇਵਾਂ ਦਰਿਆ ਵਹਿ ਰਿਹਾ ਹੈ। ਸ਼ਾਮ ਨੂੰ ਸ਼ਹਿਰੀ ਤੇ ਪੇਂਡੂ ਦੋਨੋਂ ਖੇਤਰਾਂ ਵਿੱਚ ਸ਼ਰਾਬ ਦੇ ਦੌਰ ਸ਼ੁਰੂ ਹੋ ਜਾਂਦੇ ਹਨ। ਪਿੰਡਾਂ ਵਿੱਚ ਤਾ ਜਵਾਨੀ ਦੂਸਰੇ ਅਨੇਕ ਨਸ਼ਿਆਂ ਵਿੱਚ ਵੀ ਡੁੱਬ ਰਹੀ ਹੈ। ਸ਼ਾਇਦ ਇਸਦਾ ਮੁਖ ਕਾਰਨ ਪਿੰਡਾਂ ਵਿੱਚ ਖੇਡਾਂ ਅਤੇ ਮਨੋਰੰਜਨ ਦੇ ਸਾਧਨ ਘੱਟ ਹੋਣਾ ਹੈ। ਕਬੱਡੀ, ਕੁਸ਼ਤੀਆਂ ਵਰਗੀਆਂ ਪ੍ਰੰਪਰਾਗਤ ਪੇਂਡੂ ਖੇਡਾਂ ਲੁਪਤ ਹੋ ਰਹੀਆਂ ਹਨ। ਹਾਕੀ, ਫੁੱਟਬਾਲ,ਵਾਲੀਬਾਲ ਵਰਗੀਆਂ ਖੇਡਾਂ ਦੀ ਵੀ ਘਾਟ ਹੈ। ਅਜਿਹੀ ਸਥਿਤੀ ਕਾਰਨ ਮਾਪੇ, ਬਜ਼ੁਰਗ ਅਤੇ ਜ਼ਿੰਮੇਵਾਰ ਪੰਜਾਬੀ ਬਹੁਤ ਚਿੰਤਤ ਹਨ ਅਤੇ ਆਪਣੀ ਨੌਜਵਾਨ ਪੀੜ੍ਹੀ ਨੂੰ ਆਪਣੇ ਮਹਾਨ ਵਿਰਸੇ ਨਾਲ ਜੋੜਣ ਦਾ ਯਤਨ ਕਰ ਰਹੇ ਹਨ।

ਇੱਕ ਪਾਸੇ ਜਵਾਨੀ ਨਸ਼ਿਆਂ ਵਿੱਚ ਰੁੜ੍ਹਦੀ ਜਾਂਦੀ ਹੈ, ਪਰ ਹੁਣ ਅਨੇਕਾਂ ਪੰਜਾਬੀ ਨੌਜਵਾਨ ਆਪਣੇ ਜੁੱਸੇ ਤੇ ਸਿਹਤ ਪ੍ਰਤੀ ਜਾਗਰੂਪ ਹੋ ਰਹੇ ਹਨ। ਪਿਛਲੇ ਕੁੱਝ ਸਮੇਂ ਤੋਂ ਆਸ ਦੀ ਇੱਕ ਕਿਰਨ ਦਿਖਾਈ ਦੇਣ ਲੱਗੀ ਹੈ। ਸ਼ਹਿਰਾਂ ਦੇ ਪ੍ਰਾਈਵੇਟ ਖੇਤਰ ਵਿੱਚ ਕਮਰਸ਼ੀਅਲ ਤੌਰ ’ਤੇ ਚੱਲ ਰਹੇ ਜਿਮਖਾਨੇ ਤੇ ਹੈਲਥ ਕਲੱਬਾਂ ਵਾਂਗ ਕਸਬਿਆਂ ਤੇ ਪਿੰਡਾਂ ਵਿੱਚ ਸਪੋਰਟਸ ਤੇ ਹੈਲਥ ਕਲੱਬ ਖੁੱਲ੍ਹਣੇ ਸ਼ੁਰੂ ਹੋ ਗਏ ਹਨ ਜਿੱਥੇ ਨੌਜਵਾਨ ਕਸਰਤ ਕਰ ਕੇ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਫਿੱਟ ਤੇ ਚੁਸਤ ਦਰੁਸਤ ਕਰਨ ਲੱਗੇ ਹਨ। ਇਹ ਇੱਕ ਬਹੁਤ ਚੰਗਾ ਸ਼ਗਨ ਹੈ, ਜਿਸ ਪਿਛੇ ਵਧੇਰੇ ਕਰ ਕੇ ਵਿਦੇਸ਼ਾਂ ਵਿੱਚ ਰਹਿੰਦੇ ਸੁਹਿਰਦ ਪ੍ਰਵਾਸੀ ਪੰਜਾਬੀਆ ਦਾ ਹੱਥ ਹੈ ਜੋ ਇਨ੍ਹਾਂ ਕਲੱਬਾਂ ਲਈ ਆਰਥਿਕ ਸਹਾਇਤਾ ਦੇ ਰਹੇ ਹਨ। ਪੰਜਾਬ ਸਰਕਾਰ ਵਲੋਂ ਵੀ ਅਜਿਹੀਆਂ ਕਲੱਬਾਂ ਦੀ ਮਾਲੀ ਮਦਦ ਕਰ ਕੇ ਹੌਸਲਾ ਅਫਜ਼ਾਈ ਕਰਨੀ ਚਾਹੀਦੀ ਹੈ, ਤਾਂ ਜੋ ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਮੁੱਖ ਮੋੜ ਕੇ ਖੇਡਾਂ ਵਲ ਧਿਆਨ ਦੇਵੇ।

ਪੰਜਾਬ ਦੇ ਸਭ ਤੋਂ ਵੱਡੇ ਸ਼ਹਿਰ ਲੁਧਿਆਣਾ ਵਿੱਚ ਅਨੁਕਾਂ ਹੀ ਪ੍ਰਾਈਵੇਟ ਹੈਲਥ ਕਲੱਬਾਂ ਜਾਂ ਜਿਮਖਾਨੇ ਹਨ, ਜੋ ਵਧੇਰੇ ਕਰ ਕੇ ਕਿਸੇ ਐਥਲੀਟ ਜਾਂ ਬਾਡੀ ਬਿਲਡਿੰਗ ਵਿੱਚ ਨਾਮਨਾ ਖੱਟਣ ਵਾਲਿਆਂ ਵਲੋਂ ਚਲਾਏ ਜਾ ਰਹੇ ਹਨ ਜੋ ਬੜੇ ਹੀ ਆਧੁਨਿਕ ਅਤੇ ਸਾਇੰਟੇਫਿਕ ਢੰਗ ਨਾਲ ਅਗਵਾਈ ਦੇ ਰਹੇ ਹਨ। ਇਹ ਨੌਜਵਾਨਾਂ ਨੂੰ ਬਾਡੀ ਬਿਲਡਿੰਗ ਜਾਂ ਹੋਰ ਖੇਡਾਂ ਦੇ ਮੁਕਾਬਲਿਆਂ ਵਿੱਚ ਸ਼ਾਮਲ ਹੋਣ ਲਈ ਜਿੱਥੇ ਕੋਚਿੰਗ ਦੇ ਰਹੇ ਹਨ ਅਤੇ ਡਾਕਟਰਾਂ ਦੀ ਸਲਾਹ ਨਾਲ “ਡਾਈਟ” (ਖੁਰਾਕ) ਬਾਰੇ ਸਲਾਹ ਮਸ਼ਵਰਾ ਦੇ ਰਹੇ ਹਨ, ਆਧੁਨਿਕ ਮਸ਼ੀਨਾਂ ਨਾਲ ਕਸਰਤ ਵੀ ਕਰਵਾ ਰਹੇ ਹਨ। ਇਹ ਪੰਜਾਬ ਦੀ ਜਵਾਨੀ ਨੂੰ ਸਹੀ ਰਸਤੇ ਪਾਉਣ ਲਈ ਬਹੁਤ ਵੱਡੀ ਸੇਵਾ ਕਰ ਰਹੇ ਹਨ। ਕੁੱਝ ਵਰ੍ਹੇ ਪਹਿਲਾਂ ਆਪਣੀ ਕੈਨੇਡਾ ਫੇਰੀ ਦੇ ਚਾਰ ਮਹੀਨਿਆਂ ਦੌਰਾਨ ਇਹ ਪੱਤਰਕਾਰ ਆਪਣੇ ਭਤੀਜਿਆਂ ਤੇ ਭਾਣਜਿਆਂ ਨਾਲ ਵੈਨਕੂਵਰ ਦੇ ਕਈ ਜਿਮਖਾਨਿਆਂ ਵਿੱਚ ਜਾਂਦਾ ਰਿਹਾ ਹੈ। ਲੁਧਿਆਣਾ ਦੇ ਕਈ ਜਿਮ ਤੇ ਹੈਲਥ ਕਲੱਬਾਂ ਕੈਨੇਡਾ ਵਾਂਗ ਅੰਤਰ-ਰਾਸ਼ਟਰੀ ਪੱਧਰ ਦੇ ਜਾਪਦੇ ਹਨ। ਇਨ੍ਹਾਂ ਵਿੱਚ ਸਰੀਰ ਨੂੰ ਫਿੱਟ, ਸਡੌਲ, ਤੰਦਰੁਸਤ ਤੇ ਚੁਸਤ ਰੱਖਣ ਲਈ ਕਸਰਤ ਕਰਨ ਦੇ ਬਹੁਤ ਵਧੀਆ ਪ੍ਰਬੰਧ ਹਨ। ਕਈ ਕੇਂਦਰਾਂ ਵਿੱਚ ਯੋਗਤਾ ਪ੍ਰਾਪਤ ਕੋਚ ਸਾਇੰਟੇਫਿਕ ਢੰਗ ਨਾਲ ਵਰਜ਼ਿਸ਼ ਕਰਵਾਉਣ ਅਤੇ ਖੁਰਾਕ ਬਾਰੇ ਸੁਝਾਅ ਦੇਣ ਡਾਕਟਰ ਆਉਂਦੇ ਹਨ। ਕਈ ਥਾਵਾਂ ਉੱਤੇ ਯੋਗਾ ਵੀ ਕਰਵਾਇਆ ਜਾਂਦਾ ਹੈ। ਇਸ ਪੱਤਰਕਾਰ ਨੇ ਲੁਧਿਆਣਾ ਦੇ ਵੱਖ ਵੱਖ ਇਲਾਕਿਆਂ ਵਿੱਚ ਖੁੱਲ੍ਹੇ ਇਨ੍ਹਾਂ ਹੈਲਥ ਕਲੱਬਾਂ ਤੇ ਜਿਮਖਾਨਿਆਂ ਦਾ ਦੌਰਾ ਕਰਨ ਸਮੇਂ ਦੇਖਿਆ ਕਿ ਉੱਥੇ ਸੰਗੀਤ ਦੀਆਂ ਧੁੰਨਾਂ ਉੱਤੇ ਵਰਜ਼ਿਸ਼ ਕਰਨ ਵਾਲਿਆਂ ਵਿੱਚ ਨੌਜਵਾਨਾਂ ਦੀ ਗਿਣਤੀ ਚੋਖੀ ਹੁੰਦੀ ਹੈ।

ਪੰਜਾਬ ਖੇਤੀ ਬਾੜੀ ਯੂਨੀਵਰਸਿਟੀ ਦੇ ਨੇੜੇ ਚੱਲ ਰਹੇ ਓਲੰਪੀਆ ਹੈਲਥ ਕਲੱਬ ਦੇ ਕਰਤਾ ਧਰਤਾ ਰਾਜੇਸ਼ ਜੌਲੀ ਨੇ ਦੱਸਿਆ ਕਿ ਇੱਥੇ ਟਰੇਨਿੰਗ ਬਹੁਤ ਹੀ ਸਾਇੰਟੇਫਿਕ ਤੇ ਤਕਨੀਕੀ ਢੰਗ ਨਾਲ ਦਿੱਤੀ ਜਾਂਦੀ ਹੈ। ਅੱਜ ਜਦੋਂ ਯੁਵਾ ਪੀੜ੍ਹੀ ਨਸ਼ਿਆਂ ਵਿੱਚ ਗਲਤਾਨ ਹੋ ਰਹੀ ਹੈ, ਸਰੀਰ ਦੀ ਫਿਟਨੈੱਸ ਲਈ ਸਹੀ ਢੰਗ ਨਾਲ ਵਰਜ਼ਿਸ਼ ਬਹੁਤ ਹੀ ਮਹੱਤਵਪੂਰਨ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਪਾਸ 14 ਕੁ ਸਾਲ ਤੋਂ 70-75 ਸਾਲ ਤੱਕ ਦੀ ਹਰ ਉਮਰ ਦੇ ਲੋਕ ਆਉਂਦੇ ਹਨ। ਉਹ ਇੱਥੇ ਦਾਖਲਾ ਲੈਣ ਵਾਲਿਆ ਦੀ ਉਮਰ, ਉਸਦੀ ਐਨਾਟਮੀ, ਸਰੀਰਕ ਬਣਤਰ, “ਸਟ੍ਰੈੱਸਲੈਵਲ” ਆਦਿ ਨੂੰ ਦੇਖ ਕੇ ਹੀ ਲੋੜੀਂਦੀ ਵਰਜ਼ਿਸ ਕਰਨ ਦੀ ਸਲਾਹ ਦਿੰਦੇ ਹਨ। ਇੱਥੇ ਸਰੀਰ ਦੇ ਹਰ ਹਿੱਸੇ ਦੇ “ਮੱਸਲ”(ਤੰਤੂ) ਅਤੇ “ਜੁਆਇੰਟ”(ਜੋੜਾਂ) ਦੇ ਚੁਸਤ ਦਰੁਸਤ ਕਰਨ ਲਈ ਵਰਜ਼ਿਸ ਦਾ ਸਾਇੰਟੇਫਿਕ ਢੰਗ ਨਾਲ ਪ੍ਰਬੰਧ ਹੈ। ਉਨ੍ਹਾਂ ਦਾ ਇਹ ਕੇਂਦਰ ਇੰਟਰਨੈਸ਼ਨਲ ਸਪੋਰਟਸ ਸਾਇੰਸ ਅਸੋਸੀਏਸ਼ਨ, ਕੈਲੇਫੋਰਨੀਆ (ਅਮਰੀਕਾ) ਨਾਲ ਜੁੜਿਆ ਹੋਇਆ ਹੈ।

ਉਨ੍ਹਾਂ ਕਿਹਾ ਕਿ ਹੁਣ ਜਦੋਂ ਕਿ ਲੋਕਾਂ ਦਾ ਲਾਈਫ-ਸਟਾਈਲ ਬਦਲ ਗਿਆ ਹੈ, ਸੁਖਦਾਈ ਤੇ ਆਰਾਮਦੇਹ ਹੋ ਗਿਆ ਹੈ, ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਵਿਆਯਾਮ ਕਰਨਾ ਬਹੁਤ ਹੀ ਜ਼ਰੂਰੀ ਹੈ। ਪੰਜਾਬ ਵਿੱਚ ਜਿਸ ਤਰ੍ਹਾਂ ਨੌਜਵਾਨ ਨਸ਼ਿਆਂ ਵਿੱਚ ਡੁੱਬ ਰਹੇ ਹਨ, ਉਨ੍ਹਾਂ ਨੂੰ ਆਪਣੇ ਸਰੀਰ ਤੇ ਸਿਹਤ ਪ੍ਰਤੀ ਜਾਗਰੂਕ ਕਰਵਾਉਣ ਦੀ ਬਹੁਤ ਲੋੜ ਹੈ।

ਫਿਰੋਜ਼ਪੁਰ ਰੋਡ ਸਥਿਤ ਲਿਬਰਾ ਹੈਲਥ ਕਲੱਬ, ਦੇ ਸੰਚਾਲਕ ਡਾ. ਦੀਪਕ ਪ੍ਰਾਸ਼ਰ, ਬਾਡੀ ਬਿਲਡਿੰਗ ਦੇ ਮੁਕਾਬਲਿਆਂ ਵਿੱਚ 1986 ਵਿੱਚ “ਮਿਸਟਰ ਪੰਜਾਬ”ਅਤੇ 1988 ਵਿੱਚ “ਮਿਸਟਰ ਇੰਡੀਆ”ਦਾ ਖਿਤਾਬ ਜਿੱਤ ਚੁੱਕੇ ਹਨ। ਉਨ੍ਹਾਂ ਦੇ ਜਲੰਧਰ-ਸਥਿਤ ਉਨ੍ਹਾਂ ਦੇ ਭਰਾ ਡਾ. ਰਵੀ ਵੀ 1986 ਵਿੱਚ “ਮਿਸਟਰ ਇੰਡੀਆ”ਰਹਿ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਤਾਏ ਚਾਚੇ ਦੇ ਪੁੱਤਰ ਡਾ. ਰਣਧੀਰ, ਜੋ “ਮਿਸਟਰ ਇੰਡੀਆ”ਅਤੇ “ਮਿਸਟਰ ਏਸ਼ੀਆ”ਹੋਣ ਦਾ ਮਾਣ ਹਾਸਲ ਕਰ ਚੁੱਕੇ ਹਨ, ਨੇ ਉਨ੍ਹਾਂ ਨੂੰ ਇਸ ਖੇਤਰ ਵਿੱਚ ਆਉਣ ਲਈ ਪੇਰਿਆ ਤੇ ਕਿਹਾ “ਕਾਕਾ, ਇਸ ਲਾਈਨ ਵਿੱਚ ਆਉਣਾ ਤੁਹਾਡੇ ਲਈ ਚੰਗਾ ਰਹੇਗਾ, ਸਰੀਰ ਤੱਕੜਾ ਰਹੇਗਾ ਤੇ ਸਿਹਤ ਬਣੀ ਰਹੇਗੀ, ਮਾੜੀਆਂ ਆਦਤਾਂ ਤੋਂ ਬਚੇ ਰਹੋਗੇ।”ਉਨ੍ਹਾਂ ਨੂੰ ਖੁਦ ਬਚਪਨ ਤੋਂ ਖੇਡਾਂ ਵਿੱਚ ਬੜੀ ਦਿਲਚਸਪੀ ਸੀ। ਇਸ ਕਲੱਬ ਨੂੰ ਚਲਾਏ ਜਾਣ ਬਾਰੇ ਉਨ੍ਹਾਂ ਦੱਸਿਆ ਕਿ ਅਸੀਂ ਇੱਥੇ ਦਾਖਲਾ ਲੈਣ ਵਾਲੇ ਦੇ ਸਰੀਰ ਦੀ ਬਣਤਰ, ਉਮਰ ਆਦਿ ਦੇਖ ਕੇ ਦੱਸਦੇ ਹਾਂ ਕਿ ਕਿਸ ਤਰ੍ਹਾਂ ਦੀ ਕਸਰਤ ਕਰਨੀ ਹੈ ਤੇ ਕਿਹੜੀ ਖੁਰਾਕ ਲੈਣੀ ਹੈ। ਉਹ ਖੁਦ ਐਮ.ਬੀ.ਬੀ.ਐਸ. ਪਾਸ ਯੋਗਤਾ ਪ੍ਰਾਪਤ ਡਾਕਟਰ ਹਨ, ਹੋਰ ਯੋਗਤਾ ਪ੍ਰਾਪਤ ਕੋਚਾਂ ਨੂੰ ਵੀ ਆਪਣੀ ਕਲੱਬ ਵਿੱਚ ਬੁਲਾਉਂਦੇ ਰਹਿੰਦੇ ਹਨ।

ਡਾ. ਪ੍ਰਾਸ਼ਰ ਬਾਡੀ ਬਿਲਡੰਗ ਲਈ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ਦੇ ਜੱਜ ਵੀ ਹਨ, ਉਹ ਬਾਡੀ ਬਿਲਡਿੰਗ ਅਸੋਸੀਏਸ਼ਨ ਪੰਜਾਬ ਦੇ ਉਪ-ਪ੍ਰਧਾਨ ਹਨ ਜਦੋਂ ਕਿ ਸ੍ਰੀ ਸੰਜੀਵ ਗੁਪਤਾ ਆਈ.ਪੀ.ਐਸ. ਪ੍ਰਧਾਨ ਹਨ। ਸ਼ਹਿਰ ਵਿੱਚ ਬਾਬਾ ਥਾਨ ਸਿੰਘ ਚੌਕ ਵਿਖੇ ਸ਼ਿੰਗਾਰ ਸਿਨੇਮਾ ਲਾਗੇ ਉਨ੍ਹਾਂ ਦਾ ਅਜਿਹਾ ਹੀ ਇੱਕ ਹੋਰ ਕੇਂਦਰ ਵੀ ਚੱਲ ਰਿਹਾ ਹੈ। ਇੱਥੇ ਵਰਜ਼ਿਸ ਕਰ ਰਹੇ 19-ਸਾਲਾ ਕੀਰਤੀ ਕੁਮਾਰ ਉਰਫ ਕਿੱਟੂ ਨੇ ਦੱਸਿਆ ਕਿ ਉਸ ਨੇ ਪਿਛਲੇ ਇੱਕ ਸਾਲ ਵਿੱਚ ਇੱਥੇ ਡਾ. ਪ੍ਰਾਸ਼ਰ ਦੀ ਅਗਵਈ ਹੇਠ ਵਰਜ਼ਿਸ਼ ਕਰ ਕੇ ਆਪਣਾ ਵਜ਼ਨ 85 ਕਿੱਲੋ ਤੋਂ ਘਟਾ ਕੇ 70 ਕਿੱਲੋ ਕੀਤਾ ਸੀ। ਹੁਣ ਉਹ ਬਾਡੀ ਬਿਲਡਿੰਗ ਲਈ “ਮਿਸਟਰ ਲੁਧਿਆਣਾ”ਦੇ ਮੁਕਾਬਲੇ ਲਈ ਤਿਆਰੀ ਕਰ ਰਿਹਾ ਹੈ। ਇਸ ਲਈ ਵਜ਼ਨ ਵਧਾ ਕੇ 75 ਕਿਲੋ ਕੀਤਾ ਹੈ। ਇਸੇ ਹੀ ਉਮਰ ਦੇ ਇੱਕ ਹੋਰ ਨੌਜਵਾਨ ਹਨੀ ਕੌਸ਼ਲ ਨੇ ਦੱਸਿਆ ਕਿ ਉਸ ਨੇ 6 ਮਹੀਨੇ ਵਿੱਚ ਆਪਣਾ ਵਜ਼ਨ 80 ਕਿੱਲੋ ਤੋਂ ਘਟਾ ਕੇ 70 ਕਿੱਲੋ ਕਰ ਲਿਆ ਹੈ, ਹਾਲੇ ਹੋਰ ਵੀ ਵਜ਼ਨ ਘਟਾਏਗਾ।

ਸ਼ਹਿਰ ਦੇ ਤਿੰਨ ਇਲਾਕਿਆਂ- ਸਿਵਲ ਲਾਈਨਜ਼, ਮਾਡਲ ਟਾਊਨ ਐਕਸਟੈਨਸ਼ਨ ਅਤੇ ਭਾਈ ਰਣਧੀਰ ਸਿੰਘ ਨਗਰ ਵਿਖੇ ਚਲਾਏ ਜਾ ਰਹੇ ਐਮ.ਜੀ.ਐਚ.ਚੀ. ਹੈਲਥ ਕੇਅਰ ਸੈਂਟਰਾਂ ’ਚੋਂ ਰਣਧੀਰ ਸਿੰਘ ਨਗਰ ਦੇ ਈ-ਬਲਾਕ ਦੇ ਗੁਰਦੁਆਰੇ ਦੇ ਨੇੜਲੀ ਬ੍ਰਾਂਚ ਦੇ ਸੈਂਟਰ ਡਾਇਰੈਕਟਰ ਸੰਜੀਵ ਖੁਰਾਨਾ ਦਾ ਦਾਅਵਾ ਹੈ ਕਿ ਬਲੱਡ ਪ੍ਰੈਸ਼ਰ, ਸ਼ੁਗਰ, ਮੋਟਾਪਾ, ਗੋਡਿਆਂ ਤੇ ਜੋੜਾਂ ਦੇ ਦਰਦ ਆਦਿ, ਸਭ ਬਿਮਾਰੀਆਂ “ਐਕਸਰਸਾਈਜ਼”(ਵਰਜ਼ਿਸ) ਅਤੇ “ਡਾਈਟ”(ਖੁਰਾਕ) ਨਾਲ ਠੀਕ ਹੋ ਜਾਂਦੀਆਂ ਹਨ ਅਤੇ ਫਿਰ ਸਰੀਰ ਵੀ ਤੰਦਰੁਸਤ ਰਹਿੰਦਾ ਹੈ।

ਉਨ੍ਹਾਂ ਦੱਸਿਆ ਕਿ ਉਹ ਰਾਜਸਥਾਨ ਵਿੱਚ ਗੰਗਾਨਗਰ ਦਾ ਰਹਿਣ ਵਾਲਾ ਹੈ। ਉੱਥੇ ਉਨ੍ਹਾਂ ਦੇ ਘਰ ਦੇ ਸਾਹਮਣੇ ਹੀ ਇੱਕ ਅਜੇਹਾ ਹੈਲਥ ਕਲੱਬ ਚਲਾਇਆ ਜਾ ਰਿਹਾ ਸੀ, ਜਿਸ ਨੂੰ ਦੇਖ ਕੇ ਉਨ੍ਹਾਂ ਨੂੰ ਪ੍ਰੇਰਨਾ ਮਿਲੀ ਅਤੇ ਲੁਧਿਆਣੇ ਆ ਕੇ ਇਹ ਕੇਂਦਰ ਸਥਾਪਤ ਕੀਤਾ। ਇਸੇ ਸੈਂਟਰ ’ਤੇ 34-ਸਾਲਾ ਅਨੂ ਕੁਕਰੇਜਾ ਨੇ ਦੱਸਿਆ ਕਿ ਉਨ੍ਹਾਂ ਦਾ ਵਜ਼ਨ 82 ਕਿੱਲੋ ਹੋ ਗਿਆ ਸੀ, ਕਮਰ ਦਰਦ ਅਤੇ ਸਰਵਾਈਕਲ ਦੀ ਵੀ ਪ੍ਰਾਬਲਮ ਸੀ। ਉਹ ਇੱਥੇ ਪਿਛਲੇ 8-9 ਮਹੀਨੇ ਤੋਂ ਵਰਜ਼ਿਸ਼ ਕਰਨ ਆ ਰਹੇ ਹਨ। ਹੁਣ ਉਨ੍ਹਾਂ ਦਾ ਵਜ਼ਨ 52 ਕਿੱਲੋ ਰਹਿ ਗਿਆ ਹੈ, ਅਤੇ ਸਰਵਾਈਕਲ ਤੇ ਕਮਰ ਦਰਦ ਵੀ ਠੀਕ ਹੋ ਗਈ ਹੈ। ਸੋਨੀਆ ਨਾਂ ਦੀ ਇੱਕ ਹੋਰ 34-ਸਾਲਾ ਮੁਟਿਆਰ ਨੇ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਵਿੱਚ ਇੱਥੇ ਕੀਤੀ ਜਾ ਰਹੀ ਕਸਰਤ ਨਾਲ ਉਨ੍ਹਾਂ ਦਾ ਵਜ਼ਨ 82 ਕਿੱਲੋ ਤੋਂ ਘਟ ਕੇ 74 ਕਿੱਲੋ ਰਹਿ ਗਿਆ ਹੈ, ਉਹ ਹਾਲੇ ਹੋਰ ਵਜ਼ਨ ਘਟਾਉਣਾ ਚਾਹੁੰਦੇ ਹਨ।

ਭਾਈ ਰਣਧੀਰ ਸਿੰਘ ਨਗਰ ਦੇ ਸੀ –ਬਲਾਕ ਵਿੱਚ ਸਥਿਤ ਫਿਟਨੈੱਸ ਫੀਵਰ ਜਿਮ ਦੇ ਪਾਰਟਨਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਜਿਮ ਨੂੰ ਉਸਦੇ ਭਰਾ ਵਰਗੇ ਦੋਸਤ ਹਰਿੰਦਰ ਸਿੰਘ ਵਲੋਂ ਸ਼ੁਰੂ ਕੀਤਾ ਗਿਆ ਸੀ। ਉਹ ਪਹਿਲਾਂ ਇੱਥੇ ਸਿੱਖਿਆ ਲੈਂਦਾ ਰਿਹਾ ਹੈ, ਫਿਰ ਪਾਰਟਨਰ ਬਣ ਗਿਆ। ਹੁਣ ਉਹ “ਮਿਸਟਰ ਲੁਧਿਆਣਾ”ਦੇ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਤਿਆਰੀ ਵੀ ਕਰ ਰਿਹਾ ਹੈ। ਇੱਥੇ ਹੋਰ ਕੋਚਾਂ ਨੂੰ ਵੀ ਬੁਲਾਇਆ ਜਾਂਦਾ ਹੈ, ਜਦੋਂ ਕਿ ਉਸਦੇ ਦੋਸਤ ਦੀ ਪਤਨੀ, ਜੋ ਇੱਕ ਡਾਕਟਰ ਹੈ, ਡਾਈਟ ਬਾਰੇ ਸਲਾਹ ਮਸ਼ਵਰਾ ਦਿੰਦੀ ਹੈ।

ਜਗਰਾਓਂ ਤੋਂ ਫਰੈਂਡਜ਼ ਹੈਲਥ ਕਲੱਬ ਦੇ ਸੰਚਾਲਕ ਸੁਰਿੰਦਰ ਵਿੱਜ ਦਾ ਦਾਅਵਾ ਹੈ ਕਿ ਉਸ ਸ਼ਹਿਰ ਦੇ ਬੱਚਿਆਂ ਵਿੱਚ ਆਪਣੀ ‘ਬਾਡੀ’ ਨੂੰ “ਫਿੱਟ” ਤੇ ਚੁਸਤ ਦਰੁਸਤ ਰੱਖਣ ਵਿੱਚ ਬਹੁਤ ਦਿਲਚਸਪੀ ਹੈ। ਉਨ੍ਹਾਂ ਪਾਸ ਵਧੇਰੇ ਕਰ ਕੇ ਸਕੂਲਾਂ ਦੇ ਬੱਚੇ ਆਉਂਦੇ ਹਨ ਜੋ ਕਿਸੇ ਸੂਬਾਈ ਜਾਂ ਕੌਮੀ ਖੇਡ ਵਿੱਚ ਸ਼ਾਮਿਲ ਹੋਣ ਦੀ ਤਿਆਰੀ ਕਰ ਰਹੇ ਹੁੰਦੇ ਹਨ। ਉਹ ਕਹਿੰਦੇ ਹਨ ਕਿ ਜਗਰਾਓਂ ਵਿੱਚ ਕੋਈ ਸਟੇਡੀਅਮ ਨਹੀਂ ਹੈ, ਜਿਸ ਕਾਰਨ ਕਈ ਨੌਜਵਾਨਾਂ ਦਾ ਖੇਡਾਂ ਪ੍ਰਤੀ ਸ਼ੌਕ ਵੀ ਮਰ ਰਿਹਾ ਹੈ। ਉਨ੍ਹਾਂ ਨੂੰ ਖੁਦ ਵੀ ਖੇਡਾਂ ਦਾ ਬੜਾ ਸ਼ੌਕ ਹੈ। ਇਸੇ ਕਾਰਨ ਉਨ੍ਹਾਂ ਪਿਛਲੇ ਦੋ ਕੁ ਸਾਲ ਤੋਂ ਜਿਮ ਖੋਲ੍ਹਿਆ ਹੈ, ਜਿਸ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਆਪਣੇ ਸਰੀਰ ਨੂੰ ਫਿੱਟ ਰੱਖਣ ਲਈ ਬੱਚੇ ਇੱਥੇ ਆ ਕੇ ਸਾਇੰਟੇਫਿਕ ਢੰਗ ਨਾਲ ਵਰਜ਼ਿਸ ਕਰਦੇ ਹਨ।

ਇਸੇ ਸ਼ਹਿਰ ਦੇ ਸੰਜੇ ਕੁਮਾਰ, ਜੋ ਖੁਦ ਇੱਕ ਚੰਗੇ ਸਪੋਰਟਸਮੈਨ ਹਨ, ਨੇ ਪਿਛਲੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਜਿਮ ਖੋਲ੍ਹਿਆ ਹੋਇਆ ਹੈ, ਜਿੱਥੇ ਇਸ ਸਮੇਂ ਇੱਕ ਸੌ ਦੇ ਕਰੀਬ ਬੱਚੇ ਆ ਰਹੇ ਹਨ। ਪੰਜਾਬ ਸਰਕਾਰ ਵਲੋਂ ਖਿਡਾਰੀਆਂ ਵਲ ਕੋਈ ਧਿਆਨ ਨਾ ਦਿੱਤੇ ਜਾਣ ਤੋਂ ਉਹ ਬਹੁਤ ਨਿਰਾਸ਼ ਹਨ। ਉਹ ਖੁਦ ਏਸ਼ੀਆ ਪੱਧਰ ਦਾ ਇੱਕ ਗੋਲਡ ਮੈਡਲ ਜਿੱਤ ਚੁੱਕੇ ਹਨ। ਪਰ ਸਰਕਾਰ ਨੇ ਉਨ੍ਹਾਂ ਦੀ ਬਾਤ ਨਹੀਂ ਪੁੱਛੀ। ਉਹ ਕਹਿਣ ਲੱਗੇ “ਬੱਚੇ ਚੰਗੇ ਖਿਡਾਰੀ ਜਾਂ ਐਥਲੀਟ ਬਣ ਕੇ ਕੀ ਕਰਨਗੇ ਜੇ ਸਰਕਾਰ ਨੇ ਉਨ੍ਹਾਂ ਦੀ ਸਾਰ ਹੀ ਨਹੀਂ ਲੈਣੀ।”ਉਹ ਕਹਿਣ ਲੱਗੇ ਮੈਂ ਇਹ ਜਿਮ ਬੰਦ ਕਰ ਦੇਣਾ ਹੈ।

ਜਗਰਾਓ ਵਿੱਚ ਦੋ ਤਿੰਨ ਹੋਰ ਹੈਲਥ ਕਲੱਬ ਵੀ ਹਨ। ਇਸ ਸ਼ਹਿਰ ਵਾਂਗ ਸਬ-ਬਵੀਜ਼ਨਲ ਸ਼ਹਿਰ ਰਾਏਕੋਟ ਅਤੇ ਸਮਰਾਲਾ ਵਿੱਚ ਵੀ ਦੋ ਦੋ ਕਲੱਬ ਹਨ, ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਜਗਰਾਓਂ-ਰਾਏਕੋਟ ਸੜਕ ਉੱਤੇ ਸਥਿਤ ਪਿੰਡ ਰੂਮੀ ਵਿਖੇ ਸ਼ਹਿਰਾਂ ਵਰਗਾ ਹੀ ਇੱਕ ਹੈਲਥ ਕਲੱਬ ਚੱਲ ਰਹੀ ਹੈ ਜੋ ਅਮਰੀਕਾ ਰਹਿੰਦੇ ਸੋਹਨ ਸਿੰਘ ਤੇ ਮੋਹਨ ਸਿੰਘ ਨਾਂ ਦੇ ਦੋ ਭਰਾਵਾਂ ਨੇ ਆਪਣੇ ਮਰਹੂਮ ਪਿਤਾ ਸ. ਸੰਤੋਖ ਸਿੰਘ ਸੁਤੰਤਰਤਾ ਸੈਨਾਨੀ ਦੀ ਯਾਦ ਵਿੱਚ ਸਥਾਪਤ ਕੀਤੀ ਹੈ। ਇਹ ਕਲੱਬ ਫਰੈਂਡਗ਼ ਸਪੋਰਟਸ ਕਲੱਬ ਦੇ ਤਾਲਮੇਲ ਨਾਲ ਬੜੀ ਹੀ ਸਫਲਤਾ ਪੂਰਬਕ ਚਲਾਈ ਜਾ ਰਹੀ ਹੈ। ਸਪੋਰਟਸ ਕਲੱਬ ਦੇ ਸੰਚਾਲਕ ਰਛਪਾਲ ਸਿੰਘ ਪਾਲੀ, ਜੋ ਹਾਕੀ ਦਾ ਖਿਡਾਰੀ ਹੈ ਅਤੇ ਆਪਣੇ ਪਿੰਡ ਦੀ ਹਾਕੀ ਟੀਮ ਦਾ ਕਪਤਾਨ ਵੀ ਹੈ, ਨੇ ਦਾਅਵਾ ਕੀਤਾ, “ਸਾਡੀ ਕਲੱਬ ਸ਼ਹਿਰ ਦੀਆਂ ਕਲੱਬਾਂ ਦੇ ਮੁਕਾਬਲੇ ਦੀ ਹੈ। ਮੁੰਡਿਆਂ ਨੂੰ ਹਾਕੀ, ਕਬੱਡੀ ਦੀਆਂ ਖੇਡਾਂ, ਵ੍ਹੇਟ-ਲਿਫਟਿੰਗ ਤੇ ਬਾਡੀ ਬਿਲਡਿੰਗ ਅਤੇ ਆਪਣੇ ਸਰੀਰ ਨੂੰ ਫਿੱਟ ਰਖਣ ਲਈ ਕੋਚਿੰਗ ਵਾਸਤੇ ਇੱਕ ਕੋਚ ਰੱਖਿਆ ਹੋਇਆ ਹੈ ਅਤੇ ਸਾਇੰਟੇਫਿਕ ਢੰਗ ਨਾਲ ਵਰਜ਼ਿਸ਼ ਕਰਵਾਈ ਜਾਂਦੀ ਹੈ। ਡਾਈਟ ਬਾਰੇ ਸਲਾਹ ਦੇਣ ਲਈ ਪਿੰਡ ਤੋਂ ਹੀ ਡਾ. ਸੁਖਦੇਵ ਸਿੰਘ ਸੇਵਾ ਕਰ ਰਹੇ ਹਨ। ਆਸੇ ਪਾਸੇ ਦੇ 10-12 ਕੁ ਪਿੰਡਾਂ ਤੋਂ ਮੁੰਡੇ ਕੋਚਿੰਗ ਤੇ ਕਸਰਤ ਕਰਨ ਲਈ ਆਉਂਦੇ ਹਨ।”ਸ੍ਰੀ ਪਾਲੀ ਨੇ ਇਹ ਦਾਅਵਾ ਵੀ ਕੀਤਾ ਕਿ ਪਿੰਡ ਦੇ ਜਵਾਨ ਮੁੰਡੇ ਨਸ਼ਿਆਂ ਤੋਂ ਦੂਰ ਰਹਿੰਦੇ ਹਨ। ਉਨ੍ਹਾਂ ਮਾਣ ਨਾਲ ਕਿਹਾ ਕਿ ਕਿਸੇ ਪਿੰਡ ਦੀ ਹਾਕੀ ਦੀ ਟੀਮ ਨਾਭਾ ਵਿਖੇ ਆਲ ਇੰਡੀਆ ਲਿਬਰਲ ਹਾਕੀ ਟੂਰਨਾਮੈਂਟ ਵਿੱਚ ਸ਼ਾਮਿਲ ਹੋਈ ਅਤੇ ਰਨਰ-ਅੱਪ ਰਹੀ।

ਉਨ੍ਹਾਂ ਇਹ ਵੀ ਦੱਸਿਆ ਕਿ ਹੈਲਥ ਕਲੱਬ ਪਹਿਲਾਂ ਲਾਗਲੇ ਪਿੰਡ ਕਮਾਲਪੁਰਾ ਵਿਖੇ ਸਥਾਪਤ ਹੋਈ ਸੀ, ਪਰ ਉਹ ਬਹੁਤੀ ਕਾਮਯਾਬ ਨਾ ਹੋਈ। ਉਸਦੇ ਸੰਚਾਲਕ ਨੇ ਵਰਜ਼ਿਸ਼ ਕਰਨ ਲਈ ਆਧੁਨਿਕ ਮਸ਼ੀਨਾਂ ਸਾਢੇ ਤਿੰਨ ਲੱਖ ਰੁਪਏ ਦੀਆਂ ਮੰਗਵਾਈਆਂ ਸਨ, ਥੋੜ੍ਹਾ ਘਾਟਾ ਪਾ ਕੇ ਸਾਡੇ ਪਿੰਡ ਨੂੰ ਵੇਚ ਦਿੱਤੀਆਂ।

ਇੱਕ ਸਵਾਲ ਦੇ ਜਵਾਬ ਵਿੱਚ ਸ੍ਰੀ ਪਾਲੀ ਨੇ ਦੱਸਿਆ ਕਿ ਅਕਾਲੀ-ਭਾਜਪਾ ਦੀ ਪਿਛਲੀ ਸਰਕਾਰ ਨੇ ਤਤਕਾਲੀ ਵਿਧਾਇੱਕ ਭਾਗ ਸਿੰਘ ਮਲ੍ਹਾ ਦੀ ਸਿਫਾਰਿਸ਼ ਉੱਤੇ ਦੋ ਵਾਰੀ 50-50 ਹਜ਼ਾਰ ਰੁਪੈ ਦੀ ਮਾਲੀ ਸਹਾਇਤਾ ਦਿੱਤੀ ਸੀ। ਤਤਕਾਲੀ ਅਕਾਲੀ ਵਿਧਾਇਕ ਸੁਰਜੀਤ ਸਿੰਘ ਰਖੜਾ ਇੱਕ ਵਾਰੀ ਇੱਕ ਲੱਖ ਅਤੇ ਦੂਸਰੀ ਵਾਰੀ 75 ਹਜ਼ਾਰ ਰੁਪਏ ਦੇ ਗਏ ਸਨ।

ਜ਼ਿਲ੍ਹਾ ਲੁਧਿਆਣਾ ਦੇ ਪਿੰਡ ਪੱਖੋਵਾਲ ਵਿਖੇ ਜਸਪ੍ਰੀਤ ਸਿੰਘ ਤੂਰ ੳਰਫ ਜੱਸੀ ਵਲੋਂ ਚਲਿਆ ਜਾ ਰਿਹਾ “ਤੂਰ ਜਿਮ”ਆਸੇ ਪਾਸੇ ਦੇ ਪਿੰਡਾਂ ਵਿੱਚ ਵੀ ਮਕਬੂਲੀਅਤ ਹਾਸਲ ਕਰ ਰਿਹਾ ਹੈ। ਸ੍ਰੀ ਤੂਰ ਨੇ ਦੱਸਿਆ ਕਿ ਇਸ ਜਿਮ ਤੋਂ ਬਿਨਾਂ ਉਹ ਮੁੱਲਾਂਪੁਰ ਦਾਖਾ ਵਿਖੇ ਚਲਾਏ ਜਾ ਰਹੇ ਜਿਮ ਦੇ ਭਾਈਵਾਲ ਵੀ ਹਨ। ਇੱਥੇ ਇਸ ਪਿੰਡ ਤੋਂ ਬਿਨਾਂ ਲਾਗਲੇ ਪਿੰਡਾਂ ਜਿਵੇਂ ਕਿ ਬੁਰਜ ਹਕੀਮਾਂ, ਬੁਰਜ ਲੱਟਾਂ, ਹਲਵਾਰਾ, ਨੂਰਪੁਰ, ਤਾਜਪੁਰ, ਡਾਂਗੋ, ਨੰਗਲ ਆਦਿ ਤੋਂ ਵੀ ਮੁੰਡੇ ਕੋਚਿੰਗ ਅਤੇ ਵਰਜ਼ਿਸ਼ ਲਈ ਆ ਰਹੇ ਹਨ। ਉਨਾਂ ਦਾਅਵਾ ਕੀਤਾ ਕਿ ਉਹ ਸਾਇੰਟੇਫਿਕ ਢੰਗ ਨਾਲ ਕੋਚਿੰਗ ਕਰਵਾ ਰਹੇ ਹਨ ਅਤੇ ਉਨ੍ਹਾਂ ਪਾਸ ਮੁੰਡੇ ਪਾਵਰ ਲਿਫਟਿੰਗ, ਬਾਡੀ ਬਿਲਡਿੰਗ, ਮਾਡਲਿੰਗ ਤੇ ਕਬੱਡੀ ਦੀ ਕੋਚਿੰਗ ਲਈ ਆ ਰਹੇ ਹਨ। ਲੁਧਿਆਣਾ ਤੋਂ ਰੋਹਿਸ ਖੇੜਾ ਕੋਚਿੰਗ ਦੇ ਨਾਲ ਨਾਲ ਡਾਕਟਰੀ ਸਲਾਹ ਮਸ਼ਵਰਾ ਦੇਣ ਵੀ ਆਉਂਦੇ ਰਹਿੰਦੇ ਹਨ।

ਪਿੰਡ ਵਿੱਚ ਜਿਮ ਦੀ ਕਾਮਯਾਬੀ ਬਾਰੇ ਪੁੱਛਣ ’ਤੇ ਉਨ੍ਹਾਂ ਦੱਸਿਆ, “ਤੋਰੀ ਫੁਲਕਾ ਚੱਲ ਰਿਹਾ ਹੈ, ਚੰਗਾ ਗੁਜ਼ਾਰਾ ਹੋ ਜਾਂਦਾ ਹੈ।”ਉਨ੍ਹਾਂ ਦੱਸਿਆ ਕਿ ਉਹ ਖੁਦ ਪਾਵਰ ਲਿਫਟਿੰਗ ਦਾ ਸ਼ੌਕ ਰੱਖਦੇ ਸਨ ਅਤੇ ਨੈਸ਼ਨਲ ਪੱਧਰ ਤੇ ਇੱਕ ਮੁਕਾਬਲੇ ਵਿੱਚ ਸ਼ਾਮਿਲ ਹੋਣ ਲਈ ਗਏ ਸਨ ਕਿ ਉਨ੍ਹਾਂ ਦੇ ਸੱਟ ਲੱਗ ਗਈ, ਜਿਸ ਲਈ ਅਪਰੇਸ਼ਨ ਕਰਨਾ ਪਿਆ। ਉਹ ਪਿੰਡ ਆ ਗਏ ਅਤੇ ਜਿਮਖਾਨੇ ਦਾ ਡੀਜ਼ਾਈਨ ਕਰਵਾ ਕੇ ਆਪਣੀ ਇਮਾਰਤ ਤਿਆਰ ਕਰਵਾ ਕੇ ਉਸ ਵਿੱਚ ਇਹ ਜਿਮ ਸਥਾਪਤ ਕੀਤੀ ਹੈ। ਪਿੰਡਾਂ ਵਿੱਚ ਹੈਲ਼ਥ ਕਲੱਬਾਂ ਦੇ ਖੁੱਲ਼੍ਹਣ ਬਾਰੇ ਉਨ੍ਹਾਂ ਦੱਸਿਆ ਕਿ ਪਿੰਡ ਭੂੰਦੜੀ ਅਤੇ ਕਲਸੀਆਂ ਵਿਖੇ ਵੀ ਇਸ ਤਰ੍ਹਾਂ ਦੀ ਇੱਕ ਇੱਕ ਜਿਮ ਸਫਲਤਾ ਪੂਰਬਕ ਚੱਲ ਰਹੀ ਹੈ।

ਇਸ ਪਿੰਡ ਦੇ ਇੱਕ ਅਧਿਆਪਕ ਹਰੀਸ਼ ਮੋਦਗਿਲ ਨੇ ਦੱਸਿਆ ਕਿ ਕਈ ਭਲਵਾਨਾਂ ਵਲੋਂ ਪਿੰਡਾਂ ਵਿੱਚ ਅਖਾੜੇ ਸਥਾਪਤ ਕੀਤੇ ਗਏ ਹਨ ਜਿੱਥੇ ਨੌਜਵਾਨ ਕਸਰਤ ਕਰਨ ਜਾਂਦੇ ਹਨ। ਲਾਗਲੇ ਪਿੰਡ ਲੀਲਾਂ ਵਿਖੇ (...) ਵਾਲੇ ਸੰਤਾਂ ਦੇ ਸਹਿਯੋਗ ਨਾਲ ਕਰਮ ਸਿੰਘ ਪਹਿਲਵਾਨ ਅਤੇ ਪਿੰਡ ਕੈਲੇ ਵਿਖੇ ਟਹਿਲ ਸਿੰਘ ਪਹਿਲਵਾਨ ਵਲੋਂ ਅਖਾੜੇ ਚਲਾਏ ਜਾ ਰਹੇ ਹਨ। ਇਸੇ ਤਰ੍ਹਾਂ ਦੇ ਅਖਾੜੇ ਆਲਮਗੀਰ ਤੇ ਘੁੰਗਰਾਣਾ ਵਿਖੇ ਵੀ ਚੱਲ ਰਹੇ ਹਨ। ਇਨ੍ਹਾਂ ਸਭਨਾਂ ਨੂੰ ਭਲਵਾਨਾਂ ਦੇ ਅਖਾੜੇ ਕਿਹਾ ਜਾਂਦਾ ਹੈ।

*****
# ਸੀ-194, ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ
e-mail: hsbhanwer@rediffmail.com
Cell: 98762-95829

(14 ਨਵੰਬਰ 2007) ਯੂਨੀਕੋਡ

ਹਰਬੀਰ ਸਿੰਘ ਭੰਵਰ ਦੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ:>>>>>>

e-mail:
ਲਿਖਾਰੀ


© likhari: Punjabi Likhari Forum-2001-2007