ਮੱਖ ਪੰਨਾ

ਲੇਖ/ਆਲਾ-ਦੁਆਲਾ/ਜਾਣਕਾਰੀ/ਯਾਤਰਾ/ਚੇਤਿਆਂ ਭਰੀ ਚੰਗੇਰ/ਸਿਹਤ/ਵਿਗਿਆਨ

ਲਿਖਾਰੀ

 

ਨਸ਼ਿਆਂ ਦਾ ਕੋਹੜ ਪੰਜਾਬ ਦੀ ਜਵਾਨੀ ਨੂੰ ਖਾ ਰਿਹਾ ਹੈ...

Photo Dr. Sardara Singh Johal
ਡਾ. ਸਰਦਾਰਾ ਸਿੰਘ ਜੌਹਲ

 



ਸਿੱਖ ਸਮਾਜ ਮੂਲ ਰੂਪ ਵਿਚ ਇਕ ਸਵੱਛ ਸਮਾਜ ਹੈ। ਜਿਸ ਧਰਮ ’ਤੇ ਇਸ ਸਮਾਜ ਦਾ ਆਧਾਰ ਹੈ, ਉਹ ਧਰਮ ਸੰਤ-ਸਿਪਾਹੀ ਦਾ ਧਰਮ ਹੈ। ਸਿੱਖ ਪਹਿਲੋਂ ਸੰਤ ਹੈ ਅਤੇ ਪਿੱਛੋਂ ਸਿਪਾਹੀ। ਜੇ ਸਿੱਖ ਸੰਤ ਨਹੀਂ ਹੋ ਸਕਦਾ ਤਾਂ ਉਸਦਾ ਸੰਤ-ਸਿਪਾਹੀ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜੇ ਉਹ ਸੰਤ ਨਹੀਂ ਤਾਂ ਭੇਖੀ ਹੈ, ਪਾਖੰਡੀ ਹੈ। ਇਹੋ ਜਿਹੇ ਆਦਮੀ ਦੀ ਸਿੱਖ ਧਰਮ ਵਿਚ ਕੋਈ ਥਾਉਂ ਨਹੀਂ। ਗੁਰ ਪ੍ਰਸਾਦੀਂ ਸਤਿਗੁਰ ਸੱਚੇ ਪਾਤਸ਼ਾਹ ਦਮਸ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਸਿੱਖ ਨੂੰ ਸਿੰਘ ਸਾਜ ਕੇ ਨਿਰਾ ਖਰਾ ਸੋਨਾ ਹੀ ਬਣਾ ਦਿੱਤਾ। ਸਿਖ ਮਰਜੀਵੜਾ ਹੋ ਗਿਆ। ਆਮ ਕਿਹਾ ਜਾਂਦਾ ਹੈ, ‘‘ਸਿਖੀ ਨਿਭਾਉਣੀ ਔਖੀ, ਜਿਉਂਦੇ ਮਰ ਜਾਵਣਾ।’’ ਮਤਲਬ ਹੈ ਕਿ ਆਪਾ ਮਾਰਕੇ, ਗੁਰੂ ਦਾ ਹੋ ਕੇ ਜਿਊਣਾ ਹੀ ਸਿੱਖੀ ਦਾ ਆਦਰਸ਼ ਅਤੇ ਸਿੱਖ ਦਾ ਕਿਰਦਾਰ ਹੈ। ਇਸ ਆਦਰਸ਼ ਇਨਸਾਨੀ ਮਾਰਗ ’ਤੇ ਅਡੋਲ ਚੱਲਣ ਲਈ ਕੁਝ ਇਕ ਮੂਲ ਰੂਪ ਵਿਚ ਅਸੂਲਾਂ ਦਾ ਨਿਰਧਾਰਤ ਹੋਣਾ ਲਾਜ਼ਮੀ ਹੈ। ਵੈਸੇ ਤਾਂ ਹਰ ਧਰਮ-ਮਾਰਗ ਦੇ ਕੁਝ ਅਸੂਲ ਹੁੰਦੇ ਹੀ ਹਨ ਅਤੇ ਇਹ ਕੁਝ ਬੰਦਸ਼ਾਂ ਹੀ ਹੁੰਦੀਆਂ ਹਨ ਜੋ ਉਸ ਧਰਮ ਦੇ ਅਨੁਯਾਈਆਂ ਨੂੰ ਆਪਣੇ ਮਾਰਗ ਤੋਂ ਭਟਕਣ ਨਹੀਂ ਦਿੰਦੀਆਂ। ਮਿਸਾਲ ਵਜੋਂ ਇਸਲਾਮ ਵਿਚ ਸੂਰ ਦਾ ਗੋਸ਼ਤ ਅਤੇ ਸ਼ਰਾਬ ਪੀਣਾ ਸਖ਼ਤ ਮਨ੍ਹਾ ਹੈ; ਸਗੋਂ ਹਰਾਮ ਹੈ। ਸੂਰ ਦਾ ਮਾਸ ਇਸ ਕਰਕੇ ਮਨ੍ਹਾ ਜਾਂ ਹਰਾਮ ਹੈ ਕਿਉਂਕਿ ਇਹ ਇਕ ਬਹੁਤ ਹੀ ਗੰਦਾ ਜਾਨਵਰ ਹੈ। ਸ਼ਰਾਬ ਇਕ ਐਸਾ ਨਸ਼ਾ ਹੈ ਜਿਸਨੂੰ ਪੀ ਕੇ ਤਾਂ ਇਨਸਾਨ ਆਪਾ ਹੀ ਗੁਆ ਬੈਠਦਾ ਹੈ। ਇਸੇ ਕਰਕੇ ਕਿਸੇ ਧਰਮ ਵਿਚ ਵੀ ਸ਼ਰਾਬਨੋਸ਼ੀ ਜਾਂ ਹੋਰ ਨਸ਼ਿਆਂ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ। ਦਰਅਸਲ ਤਾਂ ਕੋਈ ਨਸ਼ਾ ਕਿਸੇ ਵੀ ਧਰਮ ਮਾਰਗ ਨਾਲ ਮੇਲ ਨਹੀਂ ਖਾਂਦਾ। ਪਰ ਕੁਝ ਤੋੜ-ਮਰੋੜ ਤੋਂ ਕੰਮ ਲੈ ਕੇ ਕੁਝ ਨਸ਼ਿਆਂ ਦਾ ਸੇਵਨ ਅਣਦੇਖਿਆ ਕੀਤਾ ਗਿਆ ਹੈ। ਕੁਝ ਮੰਦਰਾਂ ਵਿਚ ਸ਼ਰਾਬ ਦੀ ਚਰਨਾਮ੍ਰਿਤ ਵੀ ਦਿੱਤੀ ਜਾਂਦੀ ਹੈ, ਜੋ ਸ਼ਰਾਬ ਸ਼ਰਧਾਲੂ ਚੜ੍ਹਾਵੇ ਦੇ ਤੌਰ ’ਤੇ ਇਨ੍ਹਾਂ ਮੰਦਰਾਂ ਵਿਚ ਭੇਂਟ ਕਰਦੇ ਹਨ। ਕਈ ਸ਼ਰਾਬ ਦੇ ਆਦੀ ਸਮੱਰਥਕ ਇਸ ਨੂੰ ਦੇਵਤਿਆਂ ਦਾ ਸੋਮ-ਰਸ ਵੀ ਗਰਦਾਂਨਦੇ ਹਨ। ਬੜੀ ਅਜੀਬ ਸਥਿਤੀ ਹੈ ਕਿ ਕਿਸੇ ਕਦੀ ਕੋਈ ਦੇਵਤਾ ਤਾਂ ਵੇਖਿਆ ਨਹੀਂ ਅਤੇ ਇਹ ਨਾਮ ਮਿਥਿਹਾਸ ਦੇ ਪੰਨਿਆਂ ’ਤੇ ਹੀ ਮਿਲਦਾ ਹੈ। ਜੇ ਕਿਸੇ ਕਦੀ ਕੋਈ ਦੇਵਤਾ ਹੀ ਅੱਖੀਂ ਨਹੀਂ ਵੇਖਿਆ ਤਾਂ ਉਹ ਸੋਮਰਸ ਪੀਂਦੇ ਕਿਸ ਨੇ ਵੇਖੇ ਹੋਣਗੇ ? ਕੁਝ ਨਸ਼ਿਆਂ ਨੂੰ ਤਾਂ ਸਿਖ ਧਰਮ ਵਿੱਚ ਵੀ ਅਨੁਪਚਾਰਕ ਤੌਰ ’ਤੇ ਮੰਨ ਹੀ ਲਿਆ ਗਿਆ ਹੈ, ਜਿਵੇਂ ਕਿ ਨਿਹੰਗ ਸਿੰਘਾਂ ਦਾ ‘ਸੁੱਖੇ’ ਦਾ ਨਸ਼ਾ ਕਰਨਾ। ਇਸ ਦਾ ਇਕ ਬਹਾਨਾ ਇਹ ਬਣਾਇਆ ਗਿਆ ਹੈ ਕਿ ਸੁਖਾ ਜਾਂ ਭੰਗ ਪੀ ਕੇ ਨਾਮ-ਜਾਪ ਵਿਚ ਲਿਵ ਲੱਗ ਜਾਂਦੀ ਹੈ। ਪਰ ਕੀ ਇਹ ਨਸ਼ਾ ਕਰਨ ਦਾ ਇਕ ਕੋਝਾ ਬਹਾਨਾ ਹੀ ਨਹੀਂ ? ਸੁਤਿਆਂ ਜਾਂ ਬੇਹੋਸ਼ੀ ਵਿਚ ਨਾਮ ਜਪਣਾ ਕੀ ਸਹੀ ਅਰਥਾਂ ਵਿਚ ਨਾਮ ਦਾ ਜਾਪ ਹੈ ? ਇਹ ਮੂਲ ਧਰਮ ਦੀਆਂ ਕੁਝ ਇਕ ਤੋੜਾਂ-ਮਰੋੜਾਂ ਹਨ, ਜੋ ਕਿ ਇਨਸਾਨੀ ਫ਼ਿਤਰਤ ਦੀ ਕੋਝੀ ਪਰਤ ਦਾ ਨਮੂਨਾ ਪੇਸ਼ ਕਰਦੀਆਂ ਹਨ।

ਪਰ ਸ਼ਰਾਬ ਵਰਗੇ ਨਸ਼ੇ ਨੂੰ ਤਾਂ ਕੁਝ ਡਾਕਟਰ ਵੀ ਕਿਸੇ ਹੱਦ ਤਕ ਕਬੂਲ ਕਰਦੇ ਹਨ ! ਡਾਕਟਰੀ ਤੌਰ ’ਤੇ ਕਿਹਾ ਜਾਂਦਾ ਹੈ ਕਿ ਇਕ ਜਾਂ ਦੋ ਛੋਟੇ ਸ਼ਰਾਬ ਦੇ ਪੈਗ ਦਿਲ ਦੇ ਰੋਗ ਨੂੰ ਰੋਕਣ ਵਿਚ ਸਹਾਈ ਹੁੰਦੇ ਹਨ ! ਪਰ ਨਾਲ ਹੀ ਇਹ ਵੀ ਕਿਹਾ ਜਾਂਦਾ ਹੈ ਕਿ ਜੋ ਆਦਮੀ ਸ਼ਰਾਬ ਨਹੀਂ ਪੀਂਦਾ, ਉਸ ਲਈ ਸ਼ਰਾਬ ਪੀਣੀ ਕੋਈ ਲਾਭ ਨਹੀਂ ਦਿੰਦੀ; ਸਗੋਂ ਨੁਕਸਾਨ ਕਰਦੀ ਹੈ। ਇਹ ਵੀ ਦਲੀਲ ਦਿੱਤੀ ਜਾਂਦੀ ਹੈ ਕਿ ਸ਼ਰਾਬ ਆਖ਼ਰ ਕਾਰਬੋਹਾਈਡਰੇਟ ਹੀ ਹਨ, ਬਿਲਕੁਲ ਉਸੇ ਤਰ੍ਹਾਂ ਜਿਵੇਂ ਕਿ ਰੋਟੀ। ਬੀਅਰ ਨੂੰ ਤਾਂ ਤਰਲ ਰੋਟੀ ਹੀ ਕਿਹਾ ਜਾਂਦਾ ਹੈ। ਪਰ ਸਵਾਲ ਇਹ ਨਹੀਂ ਕਿ ਸ਼ਰਾਬ ਦੀ ਕੀਮੀਆਈ ਬਣਤਰ ਕੀ ਹੈ। ਸਵਾਲ ਤਾਂ ਇਹ ਹੈ ਕਿ ਇਸ ਨੂੰ ਪੀ ਕੇ ਜਾਂ ਹੋਰ ਨਸ਼ੇ ਕਰਕੇ ਆਦਮੀ ਦੀ ਸੋਚਣੀ ਤੇ ਕਰਨੀ ਅਤੇ ਸਿਹਤ ’ਤੇ ਕੀ ਅਸਰ ਪੈਂਦਾ ਹੈ। ਇਕ ਮਿੱਤਰ ਨੂੰ ਕਿਸੇ ਨੇ ਇਕ ਪਾਰਟੀ ਵਿਚ ਪੁੱØਛਿਆ ਕਿ ਤੂੰ ਸ਼ਰਾਬ ਕਿਉਂ ਨਹੀਂ ਪੀਂਦਾ ? ਉਸ ਨੇ ਬੜਾ ਪਿਆਰਾ ਜੁਆਬ ਦਿੱਤਾ। ਉਸ ਕਿਹਾ ਕਿ ਮੈਂ ਦੋ ਦਹਾਕੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਵਿਦਿਆ ਪ੍ਰਾਪਤ ਇਸ ਕਰਕੇ ਕੀਤੀ ਹੈ ਕਿ ਅਕਲ ਦੇ ਦਰਵਾਜ਼ੇ ਖੋਲ੍ਹ ਸਕਾਂ ਅਤੇ ਜ਼ਿੰਦਗੀ ਦੀਆਂ ਚੰਗੀਆਂ ਕਦਰਾਂ-ਕੀਮਤਾਂ ਅਤੇ ਇਸ ਦੇ ਡੂੰਘੇ ਰਹੱਸ ਨੂੰ ਸਮਝ ਸਕਾਂ। ਮੈਨੂੰ ਇਹ ਸਮਝ ਨਹੀਂ ਲਗਦੀ ਕਿ ਇਨੀ ਮਿਹਨਤ ਕਰਕੇ, ਦੋ ਦਹਾਕੇ ਦੀ ਅਣਥੱਕ ਪੜ੍ਹਾਈ ਕਰਕੇ ਮੈਂ ਇਕ ਪਾਸੇ ਤਾਂ ਅਕਲ ਦਾ ਦਰਵਾਜ਼ਾਂ ਖੋਲ੍ਹਣ ਦੀ ਕੋਸ਼ਿਸ਼ ਕਰਦਾ ਆ ਰਿਹਾ ਹਾਂ ਤੇ ਦੂਜੇ ਪਾਸੇ ਕਿਉ਼ ਪੈਸੇ ਖ਼ਰਚ ਕੇ ਸ਼ਰਾਬ ਪੀ ਕੇ ਜਾਂ ਹੋਰ ਕੋਈ ਨਸ਼ਾ ਕਰਕੇ ਉਸੇ ਅਕਲ ਨੂੰ ਮੁੜ ਜੰਦਰਾ ਮਾਰ ਲਵਾਂ ?

ਨਸ਼ਾ ਕੋਈ ਵੀ ਹੋਵੇ, ਉਹ ਇਨਸਾਨ ਦੇ ਸੰਤੁਲਨ ਨੂੰ ਵਿਗਾੜਦਾ ਹੈ। ਹਰ ਆਦਮੀ ਦੀ ਜਿਸਮਾਨੀ ਸਮਰਥਾ ਵੱਖ ਵੱਖ ਹੋਣ ਕਰਕੇ, ਨਸ਼ੇ ਦੇ ਅਸਰ ਨੂੰ ਸਹਾਰਨ ਦੀ ਸ਼ਕਤੀ ਵੀ ਵੱਖ-ਵੱਖ ਹੁੰਦੀ ਹੈ। ਪਰ ਵੱਧ ਜਿਸਮਾਨੀ ਸਮਰਥਾ ਵਾਲਾ ਵਿਅਕਤੀ ਵੱਧ ਨਸ਼ਾ ਕਰ ਜਾਂਦਾ ਹੈ ਅਤੇ ਇਕ ਹੱਦ ’ਤੇ ਜਾ ਕੇ ਉਸਦੀ ਸਮਰਥਾ ਵੀ ਜਵਾਬ ਦੇ ਜਾਂਦੀ ਹੈ ਅਤੇ ਨਸ਼ਾ ਹਾਵੀ ਹੋ ਜਾਂਦਾ ਹੈ। ਬਦਕਿਸਮਤੀ ਇਹ ਹੈ ਕਿ ਇਕ ਵਾਰ ਨਸ਼ਾ ਮੂੰਹ ਲਗ ਜਾਏ ਤਾਂ ਆਦਮੀ ਵਾਸਤੇ ਹੱਦ ਤੋਂ ਟੱਪ ਜਾਣਾ ਆਮ ਗੱਲ ਹੈ। ਅੱਜ ਤਕ ਨਸ਼ੇ ਨੂੰ ਕਿਸੇ ਨਹੀਂ ਜਿੱØਤਿਆ। ਆਖ਼ਰਕਾਰ ਨਸ਼ਾ ਆਦਮੀ ਨੂੰ ਲੈ ਹੀ ਲੈਂਦਾ ਹੈ। ਕਹਿੰਦੇ ਹਨ ਕਿਸੇ ਲੜਾਈ ਜਾਂ ਝਗੜੇ ਤੋਂ ਬਚਣ ਦਾ ਇਕੋ ਇਕ ਤਰੀਕਾ ਇਹੋ ਹੀ ਹੈ ਕਿ ਝਗੜੇ ਦੀ ਸ਼ੁਰੂਆਤ ਹੀ ਨਾ ਕੀਤੀ ਜਾਏ। ਇਹੋ ਗੱਲ ਨਸ਼ਿਆਂ ਤੇ ਢੁੱਕਦੀ ਹੈ। ਨਸ਼ਿਆਂ ਤੋਂ ਬਚਣ ਦਾ ਇਕੋ ਇਕ ਤਰੀਕਾ ਹੈ ਕਿ ਨਸ਼ੇ ਨੂੰ ਮੂੰਹ ਲਾਇਆ ਹੀ ਨਾ ਜਾਏ। ਕਈਆਂ ਬੰਦਿਆਂ ਨੂੰ ਇਹ ਇਕ ਬੀਮਾਰੀ ਹੁੰਦੀ ਹੈ ਕਿ ਜੇ ਉਹ ਇਕ ਵਾਰ ਸ਼ਰਾਬ ਮੂੰਹ ਨੂੰ ਲਾ ਲੈਣ ਤਾਂ ਫੇਰ ਰੁਕ ਹੀ ਨਹੀਂ ਸਕਦੇ; ਜਦੋਂ ਤਕ ਕਿ ਬੇਸੁੱਧ ਹੋ ਕੇ ਡਿਗ ਹੀ ਨਾ ਪੈਣ। ਕਈ ਤਾਂ ਹਫਤਿਆਂ-ਬੱਧੀ ਸ਼ਰਾਬ ਪੀਈ ਜਾਂਦੇ ਹਨ। ਇਸ ਬੀਮਾਰੀ ਦਾ ਨਾਉਂ ਹੀ ਅਲਕੋਹਲਇਜ਼ਮ ਹੈ। ਇਸ ਬੀਮਾਰੀ ਵਾਲੇ ਆਦਮੀ ਜਿੰਨਾ ਚਿਰ ਸ਼ਰਾਬ ਨੂੰ ਮੂੰਹ ਨਾ ਲਾਉਣ ਤਾਂ ਚੰਗੇ-ਭਲੇ ਅਤੇ ਸਾਊ ਵਿਅਕਤੀ ਹੁੰਦੇ ਹਨ। ਜਦ ਇਕ ਵਾਰ ਸ਼ਰਾਬ ਦਾ ਘੁੱਟ ਭਰ ਲੈਣ ਤਾਂ ਉØੱਕਾ ਹੀ ਬਦਲ ਜਾਂਦੇ ਹਨ ਤੇ ਸਾਰੀ ਹੋਸ਼-ਹਵਾਸ ਗੁਆ ਬੈਠਦੇ ਹਨ। ਇਨ੍ਹਾਂ ਨੂੰ ਸ਼ਰਾਬ ਤੋਂ ਬਿਨਾਂ ਫੇਰ ਹੋਰ ਕੁਝ ਨਹੀਂ ਸੁੱਝਦਾ। ਇਨ੍ਹਾਂ ਨੂੰ ਕੋਈ ਚੜ੍ਹੀ-ਲੱਥੀ ਦੀ, ਬੰਦੇ-ਕੁਬੰਦੇ ਦੀ ਕੋਈ ਸਮਝ ਨਹੀਂ ਰਹਿੰਦੀ। ਇਸ ਬੀਮਾਰੀ ਦਾ ਇਲਾਜ ਵੀ ਕੋਈ ਨਹੀਂ। ਇਕੋ-ਇਕ ਤਰੀਕਾ ਹੈ ਕਿ ਨਸ਼ੇ ਨੂੰ ਮੂੰਹ ਹੀ ਨਾ ਲਗਾਇਆ ਜਾਏ। ਪਰ ਇਨ੍ਹਾਂ ਵਿਅਕਤੀਆਂ ਨੂੰ ਸ਼ਰਾਬ ਦੀ ਖਿੱਚ ਏਨੀ ਜ਼ੋਰਦਾਰ ਹੋ ਜਾਂਦੀ ਹੈ ਕਿ ਆਪਣੇ ਆਪ ’ਤੇ ਕਾਬੂ ਪਾਉਣਾ ਨਾਮੁਮਕਿਨ ਹੋ ਜਾਂਦਾ ਹੈ।

ਜੇ ਧਰਮ ਦੀ ਬੰਦਸ਼ ਤੋਂ ਦੂਰ ਹੋ ਕੇ ਵੀ ਸੋਚੀਏ ਤਾਂ ਨਸ਼ਾ ਕੋਈ ਵੀ ਹੋਵੇ, ਕਿਸੇ ਤਰ੍ਹਾਂ ਦਾ ਵੀ ਹੋਵੇ, ਵਿਅਕਤੀਗਤ ਤੌਰ ’ਤੇ ਸਿਹਤ ਲਈ ਹਾਨੀਕਾਰਕ ਤਾਂ ਹੁੰਦਾ ਹੀ ਹੈ। ਆਰਥਕ ਅਤੇ ਸਮਾਜਕ ਤੌਰ ’ਤੇ ਵੀ ਨਸ਼ੇ ਕਿਸੇ ਵੀ ਸਮਾਜ ਨੂੰ ਖੋਖਲਿਆਂ ਕਰ ਦਿੰਦੇ ਹਨ। ਨਸ਼ਿਆਂ ਦੀ ਆਦਤ ਆਮ ਤੌਰ ’ਤੇ ਛੋਟੀ ਉਮਰ ਵਿਚ ਹੀ ਪੈ ਜਾਂਦੀ ਹੈ। ਬਹੁਤ ਵਾਰ ਮਾਪਿਆਂ ਦੀ ਬੱਚਿਆਂ ਵਲੋਂ ਅਣਗਹਿਲੀ ਜਾਂ ਲਾਪ੍ਰਵਾਹੀ, ਬੱਚਿਆਂ ਨੂੰ ਨਸ਼ਿਆਂ ਦੀ ਝੋਲੀ ਪਾ ਦਿੰਦੀ ਹੈ। ਫੇਰ ਇਹ ਬਹੁਤ ਮਹੱਤਵ ਰੱਖਦਾ ਹੈ ਕਿ ਬੱਚੇ ਜਾਂ ਜੁਆਨ ਹੁੰਦਿਆਂ ਕੋਈ ਵਿਅਕਤੀ ਕਿਸ ਸੋਹਬਤ ਅਤੇ ਸਾਥ ਨਾਲ ਰਹਿੰਦਾ ਹੈ। ਸ਼ਰਾਬ ਪੀਣ ਵਾਲੇ ਜਾਂ ਨਸ਼ੇ ਕਰਨ ਵਾਲੇ ਮਾਪੇ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਰੋਕ ਨਹੀਂ ਸਕਦੇ ਕਿਉਂਕਿ ਉਨ੍ਹਾਂ ਦੇ ਰੋਕਣ ਪਿੱਛੇ ਕੋਈ ਨੈਤਕ ਜਾਂ ਇਖਲਾਕੀ ਪ੍ਰਚੰਡਤਾ ਜਾਂ ਪ੍ਰਭਾਵ ਨਹੀਂ ਹੁੰਦਾ। ਇਹੋ ਜਿਹੇ ਮਾਪੇ ਨਸੀਹਤਾਂ ਮੂੰਹ ਨਾਲ ਹੀ ਦਿੰਦੇ ਹਨ; ਦਿਲੋਂ ਨਹੀਂ ਕਿਉਂਕਿ ਉਹ ਵਿਚੋਂ ਖ਼ੁਦ ਕਮਜ਼ੋਰ ਹੁੰਦੇ ਹਨ। ਇਹੋ ਜਿਹੇ ਮਾਪੇ ਨਾ ਤਾਂ ਬੱਚੇ ਨੂੰ ਸੁਹਿਰਦ ਪਿਆਰ ਹੀ ਦੇ ਸਕਦੇ ਹਨ ਅਤੇ ਨਾ ਹੀ ਸਵੈਮਾਣ ਅਤੇ ਨਾ ਹੀ ਆਤਮ-ਵਿਸ਼ਵਾਸ। ਨਤੀਜੇ ਵਜੋ਼ ਨਾ ਹੀ ਇਹੋ ਜਿਹੇ ਮਾਪਿਆਂ ਦਾ ਬੱਚੇ ਤੇ ਕੋਈ ਨਰੋਆ ਪਰਭਾਵ ਹੁੰਦਾ ਹੈ ਅਤੇ ਨਾ ਹੀ ਮਾਪਿਆਂ ਨਾਲ ਇਨ੍ਹਾਂ ਦੇ ਬੱਚੇ ਖੁੱਲ੍ਹ ਕੇ ਦਿਲ ਦੀ ਕੋਈ ਗੱਲ ਕਰ ਸਕਦੇ ਹਨ। ਬੱਚੇ ਅੰਦਰੋਂ ਖ਼ਾਲੀ ਖ਼ਾਲੀ ਮਹਿਸੂਸ ਕਰਦੇ ਹਨ ਅਤੇ ਉਹੋ ਜਿਹੀ ਸੋਹਬਤ ਜਾਂ ਸਾਥ ਲੱਭਦੇ ਹਨ ਜਿੱਥੇ ਉਹ ਮਾਨਸਿਕ ਤੌਰ ’ਤੇ ਆਪਣੇ ਆਪ ਨੂੰ ਸੌਖਿਆਂ ਅਤੇ ਕਬੂਲਿਆ ਹੋਇਆ ਮਹਿਸੂਸ ਕਰ ਸਕਣ। ਇਸ ਤਰ੍ਹਾਂ ਜਦੋਂ ਇਹ ਜੁਆਨੀ ਵੱਲ ਪੈਰ ਪੁੱਟ ਰਹੇ ਹੁੰਦੇ ਹਨ ਤਾਂ ਆਂਢ-ਗੁਆਂਢ, ਖੇਡਾਂ ਦੇ ਮੈਦਾਨ ਜਾਂ ਸਕੂਲਾਂ ਕਾਲਜਾਂ ਵਿੱਚ ਉਨ੍ਹਾਂ ਵਿਗੜੀਆਂ ਹੋਈਆਂ ਜੁੰਡਲੀਆਂ ਵਿਚ ਜਾ ਫਸਦੇ ਹਨ ਜੋ ਅੱਜਕਲ੍ਹ ਆਮ ਹਨ। ਇੱਥੇ ਨਸ਼ਿਆਂ ਦੀ ਸ਼ੁਰੂਆਤ ਹੋ ਜਾਂਦੀ ਹੈ। ਮਾਪਿਆਂ ਨੂੰ ਤਦੋਂ ਹੀ ਪਤਾ ਚਲਦਾ ਹੈ ਜਦ ਬੱਚਾ ਜਾਂ ਨੌਜਵਾਨ ਪੱਕਾ ਨਸ਼ਈ ਬਣ ਜਾਂਦਾ ਹੈ। ਇਸ ਪੜਾਅ ’ਤੇ ਕੋਈ ਨਸੀਹਤ, ਤਾੜਨਾ, ਡਰ ਜਾਂ ਪਿਆਰ ਦਾ ਵਾਸਤਾ, ਖ਼ਾਨਦਾਨੀ ਇੱਜ਼ਤ ਦੇ ਹਾੜੇ, ਆਦਿ ਕੁਝ ਵੀ ਕੰਮ ਨਹੀਂ ਕਰਦੇ।

ਇਕ ਦਿਨ ਮੈਂ ਤਿੰਨ-ਚਾਰ ਨੌਜੁਆਨ ਮੁੰਡੇ ਵੇਖੇ ਜੋ ਇਕ ਸਿਨੇਮੇ ਦੇ ਪਿਛਵਾੜੇ ਕਬਾੜ ਫਰੋਲ ਰਹੇ ਸਨ। ਮੈਂ ਨਾਲ ਹੀ ਇਕ ਚਾਹ-ਪਾਣੀ ਦੀ ਦੁਕਾਨ ਦੇ ਮਾਲਕ ਨੂੰ ਪੁੱਛਿਆ ਕਿ ਇਹ ਮੁੰਡੇ ਕੀ ਲੱਭ ਰਹੇ ਨੇ ? ਉਸਨੇ ਦੱਸਿਆ ਕਿ ਕੁਝ ਨਾ ਪੁੱਛੋ। ਇਹ ਖਾਂਦੇ-ਪੀਂਦੇ ਘਰਾਂ ਦੇ ਪਾੜ੍ਹੇ ਮੁੰਡੇ ਹਨ। ਜੋ ਘਰੋਂ ਜੇਬ-ਖ਼ਰਚ ਮਿਲਦਾ ਹੈ, ਉਸ ਦੀ ਤਾਂ ਸ਼ਰਾਬਾਂ ਪੀ ਜਾਂਦੇ ਹਨ ਅਤੇ ਪੈਸੇ ਦੀ ਟੋਟ ਆਉਣ ਤੇ ਡਬਲ ਰੋਟੀ ਦੇ ਟੋਸਟਾਂ ’ਤੇ ਲਗਾਕੇ ਆਇਓਡੈਕਸ ਖਾਂਦੇ ਹਨ। ਖੰਘ ਦੀਆਂ ਦੁਆਈਆਂ ਪੀਂਦੇ ਹਨ। ਅਫ਼ੀਮ, ਭੰਗ ਅਤੇ ਨਸ਼ਿਆਂ ਦੀਆਂ ਗੋਲੀਆਂ ਟੀਕੇ ਆਦਿ ਤਾਂ ਇਨ੍ਹਾਂ ਦੀ ਆਦਤ ਬਣ ਗਈ ਹੈ। ਹੁਣ ਜਦ ਚਾਰੇ ਸਿਰੇ ਇਨ੍ਹਾਂ ਕੋਲ ਕੁਝ ਵੀ ਨਹੀਂ ਤਾਂ ਇਹ ਇਸ ਕਬਾੜ ਵਿੱਚ ਕਿਰਲੀਆਂ ਲੱਭਦੇ ਹਨ। ਕਿਰਲੀਆਂ ਦੀਆਂ ਪੂੰਛਾਂ ਨੂੰ ਅੱਗ ਲਗਾਕੇ ਧੂੰਏਂ ਦਾ ਨਸ਼ਾ ਸਿਰਗਟ ਵਾਂਗੂੰ ਕਰਦੇ ਹਨ। ਇਹ ਹੈ ਪੰਜਾਬ ਦੀ ਜੁਆਨੀ ਦਾ ਜੋ ਮੰਦਾ ਹਾਲ ਹੋ ਰਿਹਾ ਹੈ।

ਇਕ ਹੋਰ ਮਸਾਲ ਦਿੰਦਾ ਹਾਂ : ਸਾਡੇ ਰਿਸ਼ਤੇਦਾਰਾਂ ’ਚੋਂ ਹੀ ਇਕ ਲੂਹਟਾ ਜੇਹਾ 14-15 ਸਾਲ ਦਾ ਮੁੰਡਾ ਨੇੜੇ ਵੱਸਦੇ ਸਾਂਹਸੀਆਂ ਦੇ ਘਰਾਂ ਤੋਂ ਪੋਸਤ ਦੇ ਨਸ਼ੇ ’ਤੇ ਲੱਗ ਗਿਆ। ਪਤਾ ਉਦੋਂ ਲੱਗਾ ਜਦ ਉਹ ਪੱਕਾ ਅਮਲੀ ਬਣ ਗਿਆ। ਯਕੀਨ ਕਰਨਾ ਮੁਸ਼ਕਿਲ ਲੱਗਦਾ ਹੈ ਕਿ ਇਹ ਮੁੰਡਾ ਦਿਹਾੜੀ ਦਾ ਅੱਧਾ ਅੱਧਾ ਕਿਲੋ ਪੋਸਤ ਦੀ ਭੁੱਕੀ ਮਲ ਕੇ ਪੀ ਜਾਂਦਾ ਸੀ। ਘਰ ਦਿਆਂ ਦੀ ਜਦ ਕੋਈ ਵਾਹ ਨਾ ਚੱਲੀ ਕਿਉਂਕਿ ਸਾਂਹਸੀਆਂ ਦੀਆਂ ਜ਼ਨਾਨੀਆਂ ਉਸਨੂੰ ਚੋਰੀ ਪੋਸਤ ਪਲਾ ਜਾਂਦੀਆਂ ਸਨ, ਤਾਂ ਉਨ੍ਹਾਂ ਉਸ ਮੁੰਡੇ ਨੂੰ ਮੇਰੇ ਪਾਸ ਭੇਜ ਦਿੱਤਾ। ਮੈਂ ਉਸ ਵਕਤ ਸਬਾਥੂ (ਸ਼ਿਮਲਾ ਹਿਲਜ਼) ਨੌਕਰੀ ਕਰਦਾ ਸਾਂ। ਇਹ ਮੁੰਡਾ ਇਕ ਮਹੀਨਾ ਮੇਰੇ ਕੋਲ ਰਿਹਾ। ਕਾਫ਼ੀ ਸਿਹਤਮੰਦ ਹੋ ਗਿਆ ਤੇ ਮੂੰਹ ਦਾ ਰੰਗ ਲਾਲ-ਗੁਲਾਬੀ ਹੋ ਗਿਆ। ਮੈਂ ਸੋਚਿਆ ਇਹ ਨਸ਼ਾ ਛੱਡ ਗਿਆ ਕਰਕੇ ਇਸ ਤਰ੍ਹਾਂ ਸਿਹਤਮੰਦ ਹੋ ਗਿਆ ਹੈ। ਇਕ ਦਿਨ ਅਚਾਨਕ ਜਦ ਅਸੀਂ ਘਰ ਵਿਚ ਸਫ਼ਾਈ ਕਰ ਰਹੇ ਸਾਂ ਤਾਂ ਸੋਫੇ ਵਿਚ ਥੱਲੇ ਟੁੰਗੀ ਹੋਈ ਇਕ ਪੋਟਲੀ ਲੱਭੀ ਜੋ ਕਿ ਸੁੱਕੇ ਭੰਗ ਦੇ ਪੱØਤਿਆਂ ਦੀ ਸੀ। ਮੈਂ ਤਾਂ ਹੱਕਾ-ਬੱਕਾ ਰਹਿ ਗਿਆ। ਹਾਰ ਕੇ ਆਖ਼ਰ ਮੈਂ ਉਸਨੂੰ ਵਾਪਸ ਉਸਦੇ ਘਰ ਭੇਜ ਦਿੱਤਾ। ਉਹ ਮੁੰਡਾ ਅੱਧ ਜੁਆਨੀ ਵੀ ਨਹੀਂ ਭੋਗ ਸਕਿਆ ਤੇ ਚਲ ਵਸਿਆ।

ਇਹ ਅਮਲੀ-ਪੋਸਤੀ ਨਸ਼ਾ ਕਰਨ ਵਾਲੇ ਵਿਅਕਤੀ ਬੜੇ ਰਾਹਕਾਰ ਹੁੰਦੇ ਹਨ। ਇਕ ਨਹੀਂ ਤਾਂ ਦੂਜਾ, ਕੋਈ ਨਾ ਕੋਈ ਨਸ਼ਾ ਕਰਨ ਦਾ ਰਾਹ ਲੱਭ ਹੀ ਲੈਂਦੇ ਹਨ। ਮੈਨੂੰ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਨੇ ਇਕ ਕੇਸ ਦੱਸਿਆ ਕਿ ਇਕ ਕੁੜੀ ਜਿਸਨੂੰ ਨਸ਼ੇ ਦਾ ਹੋਰ ਕੋਈ ਸਾਧਨ ਜਦ ਨਾ ਰਿਹਾ ਤਾਂ ਉਸਨੇ ਆਪਣੀਆਂ ਪੈਰਾਂ ਦੇ ਪਸੀਨੇ ਨਾਲ ਗੰਦੀਆਂ ਹੋਈਆਂ ਜੁਰਾਬਾਂ ਨੂੰ ਭਿਉਂਕੇ ਤੇ ਨਚੋੜ ਕੇਪੀ ਲਈਆਂ ! ਇਸ ਤੋਂ ਅੱਗੇ ਇਕ ਨਸ਼ਾ ਕਰਨ ਵਾਲਾ ਕੀ ਗਿਰ ਸਕਦਾ ਹੈ ? ਪਰ ਇਸ ਤੋਂ ਵੀ ਅੱਗੇ ਜਾਣ ਵਾਲੇ ਹਨ। ਸਿਰ ਦੇ ਤਾਲੂ ’ਤੇ ਮੋਬਾਈਲ ਆਇਲ ਲਾ ਕੇ ਟਿੱਕਵੀਂ ਧੁੱਪ ਵਿਚ ਬੈਠ ਕੇ ਸਮਝੋ ਸਨ-ਸਟ੍ਰੋਕ ਵਰਗਾ ਨਸ਼ਾ ਕਰਨ ਵਾਲੇ ਵੀ ਕਈ ਨੌਜਵਾਨ ਹਨ !
ਨਸ਼ਿਆਂ ਦੇ ਸੇਵਨ ਵਿਚ ਕੁੜੀਆਂ ਵੀ ਅੱਜਕਲ੍ਹ ਮੁੰਡਿਆਂ ਦਾ ਮੁਕਾਬਲਾ ਕਰਦੀਆਂ ਹਨ ਅਤੇ ਕਿਸੇ ਪੱਖੋਂ ਘੱਟ ਨਹੀਂ। ਇਕ ਯੂਨੀਵਰਸਿਟੀ ਦੇ ਲੜਕੀਆਂ ਦੇ ਹੋਸਟਲ ਤੋਂ ਬਾਹਰ ਬਾਰੀਆਂ ਥਾਣੀਂ ਖ਼ਾਲੀ ਸ਼ਰਾਬ ਦੇ ਅਧੀਏ ਅਤੇ ਖੰਘ ਦੀ ਦੁਆਈ ਦੀਆਂ ਖ਼ਾਲੀ ਸ਼ੀਸ਼ੀਆਂ ਦਾ ਲੱਭਣਾ ਕੋਈ ਅਚੰਭੇ ਦੀ ਗੱਲ ਨਹੀਂ। ਜੇ ਇਕ ਲੜਕੀ ਆਪਣੇ ਪੈਰਾਂ ਦੇ ਪਸੀਨੇ ਦਾ ਨਸ਼ਾ ਕਰ ਸਕਦੀ ਹੈ ਤਾਂ ਉਹ ਹੋਰ ਕੀ ਨਹੀਂ ਕਰ ਸਕਦੀ !

ਪੰਜਾਬ ਵਿਚ ਜਿੱਥੇ ਕਿ ਆਰਥਕ ਅਤੇ ਸਮਾਜਕ ਸਥਿਤੀ ਐਸੀ ਪੈਦਾ ਹੋ ਗਈ ਹੈ ਕਿ ਇਸ ਪ੍ਰਾਂਤ ਦੀ ਜੁਆਨੀ ਨਸ਼ਿਆਂ ਵਿਚ ਡੁੱਬਦੀ ਜਾ ਰਹੀ ਹੈ, ਉਥੇ ਨਾ ਹੀ ਮਾਪੇ ਅਤੇ ਨਾ ਹੀ ਅਧਿਆਪਕ ਇਸ ਪਾਸੇ ਆਪਣਾ ਸਹੀ ਕਿਰਦਾਰ ਨਿਭਾ ਰਹੇ ਹਨ। ਮਾਪਿਆਂ ਦੀ ਅਣਗਹਿਲੀ ਅਤੇ ਸਕੂਲਾਂ ਕਾਲਜਾਂ ਦੇ ਅਧਿਆਪਕਾਂ ਦੀ ਬੇਰੁਖੀ ਅਤੇ ਲਾਪਰਵਾਹੀ ਨੇ ਇਕ ਐਸਾ ਮਾਹੌਲ ਪੈਦਾ ਕਰ ਦਿੱਤਾ ਹੈ ਕਿ ਨਸ਼ਿਆਂ ਵਾਸਤੇ ਵਾਤਾਵਰਣ ਪੂਰੀ ਤਰ੍ਹਾਂ ਅਨੁਕੂਲ ਹੈ। ਇਸ ਉਤੇ ਸੋਨੇ ’ਤੇ ਸੁਹਾਗਾ ਸੰਚਾਰ ਸਾਧਨ, ਖ਼ਾਸ ਕਰਕੇ ਟੈਲੀਵੀਯਨ, ਮਾਰੀ ਜਾਂਦੇ ਹਨ। ਟੈਲੀਵੀਯਨ ਦੀਆਂ ਵੱਖ-ਵੱਖ ਚੈਨਲਾਂ ’ਤੇ, ਖ਼ਾਸ ਕਰਕੇ ‘ਜ਼ੀ’ ਜਾਂ ‘ਸਟਾਰ’ ਟੀ.ਵੀ. ਦੀਆਂ ਚੈਨਲਾਂ ’ਤੇ ਜੋ ਕਿ ਆਮ ਨੌਜਵਾਨ ਵੇਖਦੇ ਹਨ, ਹੋਰ ਨੰਗੀ ਬੇਸ਼ਰਮੀ ਤੋਂ ਇਲਾਵਾ, ਸ਼ਰਾਬ ਦੇ ਜੋ ਐਡ ਵਿਖਾਏ ਜਾਂਦੇ ਹਨ, ਸ਼ਾਇਦ ਕਿਸੇ ਵਿਕਸਿਤ ਦੇਸ਼ ਵਿਚ ਕਦੀ ਨਹੀਂ ਵਿਖਾਏ ਜਾਂਦੇ। ਅੱਧ ਨੰਗੀ ਔਰਤ ਦੇ ਗਲ ’ਚੋਂ ਮਾਲਾ ਦੇ ਮਣਕੇ ਡਿੱਗ ਕੇ ਪੂੰਛਾਂ ਚੁਕੀ ਕਾਲੇ ਬਿਛੂ ਬਣ ਜਾਂਦੇ ਹਨ ਅਤੇ ਇਥੇ ਆ ਕੇ ਬਲੌਰੀ ਗਲਾਸ ਵਿਚ ਵਿਸਕੀ ਪਾਈ ਜਾਂਦੀ ਹੈ। ਇਹ ਮਧ-ਮਸਤ, ਅਧ-ਨੰਗੀ ਔਰਤ, ਕਾਲੇ ਬਿਛੂ ਅਤੇ ਵਿਸਕੀ ਦਾ ਮੇਲ ਨੌਜਵਾਨ ਮੁੰਡੇ-ਕੁੜੀਆਂ ਨੂੰ ਕੁਰਾਹੇ ਪਾਉਣ ਦਾ ਇਕ ਕਾਰਗਰ ਯਤਨ ਨਹੀਂ ਤਾਂ ਹੋਰ ਕੀ ਹੈ ? ਇਸੇ ਤਰ੍ਹਾਂ ਜੇ ਇਕ ਨੌਜਵਾਨ ‘ਹੈਵਰਡ-2000’ ਵਿਸਕੀ ਦੇ ਆਸਰੇ ਸਿੱਧਾ ਨਿਸ਼ਾਨ ਜ਼ੀਰੋ ਕਰਕੇ ਮਾਰਦਾ ਹੈ ਤਾਂ ਦੂਸਰਾ ‘ਹੈਵਰਡ-5000’ ਵਿਸਕੀ ਦੇ ਆਸਰੇ ਪੁਠੇ ਪਾਸੇ ਮੂੰਹ ਕਰਕੇ ਨਿਸ਼ਾਨਾ ਮਾਰਦਾ ਹੈ। ਟੀਚਰਜ਼ ਵਿਸਕੀ, ਮੈਡਾਨਲਡ ਅਤੇ ਹੋਰ ਵਿਸਕੀਆਂ ਦੀਆਂ ਐਡਜ਼ ਏਨੀ ਬੇਸ਼ਰਮੀ ਅਤੇ ਨੰਗੇਜ ਨਾਲ ਆ ਰਹੀਆਂ ਹਨ ਕਿ ਸ਼ਾਇਦ ਫ਼ਿਲਮਾਂ ਦੀ ਬੇਸ਼ਰਮੀ ਅਤੇ ਨੰਗੇਜ ਵੀ ਇਸ ਤੋਂ ਸ਼ਰਮਾਂਦੇ ਹੋਣ ਪਰ ਬਦਕਿਸਮਤੀ ਇਹ ਹੈ ਕਿ ਸਰਕਾਰ ਦੇ ਕੰਨ ’ਤੇ ਇਸ ਪੱਖੋਂ ਜੂੰ ਵੀ ਨਹੀਂ ਸਰਕਦੀ। ਸਮਝ ਨਹੀਂ ਪੈਂਦੀ ਕਿ ਆਖ਼ਰ ਸਰਕਾਰੀ ਕੰਟਰੋਲ ਕਿਸ ਵਾਸਤੇ ਹੁੰਦੇ ਹਨ !

ਕਿਸੇ ਵੀ ਸਮਾਜਕ ਬੁਰਿਆਈ ਦੀ ਜੜ੍ਹ ਆਰਥਕ ਮੰਦਹਾਲੀ ਅਤੇ ਬੇਰੁਜ਼ਗਾਰੀ ਵਿੱਚ ਲਗਦੀ ਹੈ। ਧਰਮ-ਪ੍ਰਚਾਰ ਅਤੇ ਧਰਮਾਂ ਦੀਆਂ ਬੰਦਸ਼ਾਂ ਉਨੀ ਦੇਰ ਕਾਮਯਾਬ ਨਹੀਂ ਹੋ ਸਕਦੇ ਜਦੋਂ ਤਕ ਨੌਜੁਆਨਾਂ ਨੂੰ ਉਸਾਰੂ ਕੰਮ ਅਤੇ ਰੋਜ਼ੀ-ਰੋਟੀ ਦੇ ਸਾਧਨ ਆਸਾਨੀ ਨਾਲ ਹਾਸਲ ਨਹੀਂ ਹੁੰਦੇ। ਠੀਕ ਹੀ ਕਹਿੰਦੇ ਹਨ ਕਿ ਵਿਹਲਾ ਦਿਮਾਗ਼, ਸ਼ੈਤਾਨ ਦਾ ਘਰ ਹੁੰਦਾ ਹੈ। ਜਦ ਆਦਮੀ ਆਰਥਕ ਪੱਖੋਂ ਟੁੱਟ ਜਾਂਦਾ ਹੈ ਤਾਂ ਉਹ ਨਸ਼ਿਆਂ ਦਾ ਸਹਾਰਾ ਲੈਂਦਾ ਹੈ, ਪਰ ਇਹ ਸਹਾਰਾ ਇਨਸਾਨ ਨੂੰ ਜਿਸਮਾਨੀ, ਦਿਮਾਗੀ, ਮਾਨਸਕ ਅਤੇ ਇਖ਼ਲਾਕੀ ਪੱਖੋਂ ਡਬੋ ਕੇ ਸਾਹ ਲੈਂਦਾ ਹੈ। ਨਸ਼ਿਆਂ ਤੋਂ ਜਵਾਨੀ ਨੂੰ ਬਚਾਉਣ ਵਾਸਤੇ ਜਿੱਥੇ ਮਾਪੇ ਅਤੇ ਅਧਿਆਪਕ ਅਨੁਕੂਲ ਵਾਤਵਾਰਣ ਪੈਦਾ ਕਰ ਸਕਦੇ ਹਨ, ਉਥੇ ਸਰਕਾਰ ਦਾ ਕਿਰਦਾਰ ਵੀ ਬਹੁਤ ਮਹੱਤਵ ਰੱਖਦਾ ਹੈ। ਪਰ ਮੁਸ਼ਕਲ ਇਹ ਹੈ ਕਿ ਸਾਡੀ ਪ੍ਰਾਂਤਕ ਸਰਕਾਰ ਤਾਂ ਸ਼ਰਾਬ ਦੇ ਕਰ ਦੀ ਆਮਦਨ ਵਧਾਉਣ ਲਈ ਸ਼ਰਾਬ ਨੂੰ ਵੜ੍ਹਾਵਾ ਦੇ ਰਹੀ ਹੈ। ਥਾਂ-ਥਾਂ ’ਤੇ ਠੇਕੇ, ਰੰਗ-ਬਰੰਗੀਆਂ ਠੇਕਿਆਂ ਦੀਆਂ ਸਜਾਵਟਾਂ, ਨਾਲ ਹੀ ਬੈਠ ਕੇ ਪੀਣ ਦੀਆਂ ਸਹੂਲਤਾਂ ਅਤੇ ਹਰ ਸਾਲ ਠੇਕਿਆਂ ਦੀ ਨੀਲਾਮੀ ਵਿਚ ਕਰੋੜਾਂ ਰੁਪਇਆਂ ਦਾ ਵਾਧਾ, ਇੱਥੋਂ ਤਕ ਕਿ ਢੀਠਤਾ ਦੀਆਂ ਹੱਦਾਂ ਟੱਪ ਕੇ ਸ਼ਰਾਬ ਤੇ ਵਿਦਿਆ ਕਰ ਲਗਾ ਦੇਣਾ, ਇਸ ਤੋਂ ਵੱਧ ਸਰਕਾਰ ਦੀ ਸ਼ਰਾਬਨੋਸ਼ੀ ਦੀ ਸਰਪ੍ਰਸਤੀ ਦਾ ਹੋਰ ਕੀ ਸਬੂਤ ਹੋ ਸਕਦਾ ਹੈ। ਜਿੱਥੇ ਸਰਕਾਰ ਦਾ ਸਾਰਾ ਜ਼ੋਰ ਸ਼ਰਾਬਨੋਸ਼ੀ ਨੂੰ ਉਤਸ਼ਾਹਤ ਕਰਨ ’ਤੇ ਲੱਗਾ ਹੋਇਆ ਹੋਵੇ, ਉਥੇ ਧਾਰਮਕ ਆਗੂ, ਗ਼ੈਰ-ਸਰਕਾਰੀ ਸਮਾਜ ਸੇਵੀ ਸੰਸਥਾਵਾਂ, ਅਧਿਆਪਕਾਂ ਅਤੇ ਵਿਚਾਰੇ ਮਾਪਿਆਂ ਦੀ ਕੀ ਵੱਟੀਂਦੀ ਹੈ ? ਸਰਕਾਰ ਦੇ ਪਾਸ ਬੜੀ ਸਮਰਥਾ ਹੁੰਦੀ ਹੈ। ਸਰਕਾਰ ਦੀਆਂ ਬਾਹਵਾਂ ਬੜੀਆਂ ਲੰਬੀਆਂ ਹੁੰਦੀਆਂ ਹਨ। ਜੇ ਚਾਹੇ ਤਾਂ ਸਮਾਜ ਸੁਧਾਰ ਕਰਨਾ ਕੋਈ ਔਖਾ ਕੰਮ ਨਹੀਂ। ਪਰ ਜਿੱਥੇ ਇਹ ਸੁਧਾਰ ਕਰਨ ਦੀ ਨੀਅਤ ਹੀ ਨਾ ਹੋਵੇ ਜਾਂ ਕੋਝੇ ਨਿੱਜੀ ਸਿਆਸੀ ਹਿੱਤ ਭਾਰੂ ਹੋ ਜਾਣ, ਉਥੇ ਉਹੀ ਹੁੰਦਾ ਹੈ, ਜੋ ਅੱਜ ਪੰਜਾਬ ਵਿਚ ਹੋ ਰਿਹਾ ਹੈ। ਸਰਕਾਰੀ ਆਮਦਨ ਦਾ ਸ਼ਰਾਬ-ਕਰ ਰਾਹੀਂ ਵਧਾਉਣਾ ਤਾਂ ਇਕ ਛੋਟਾ ਜਿਹਾ ਮੰਤਵ ਹੈ ਭਾਵੇਂ ਕਿ ਇਸ ਮੰਤਵ ਨੇ ਗੁਆਂਢੀ ਰਾਜ ਦੇ ਸ਼ਰਾਬਬੰਦੀ ਦੇ ਪ੍ਰੋਗਰਾਮ ਦੇ ਫੂਸੜ ਉਡਾ ਦਿੱਤੇ ਸਨ, ਪਰ ਅਸਲੀ ਨਿੱਜੀ ਸੁਆਰਥ ਤਾਂ ਸ਼ਰਾਬ ਤੋਂ ਚੋਣਾਂ ਵੇਲੇ ਪੂਰਾ ਹੁੰਦਾ ਹੈ। ਹਰਿਆਣਾ ਸਰਕਾਰ ਦੇ ਸ਼ਰਾਬਬੰਦੀ ਦੇ ਪ੍ਰੋਗਰਾਮ ਨੂੰ ਪੰਜਾਬ ਅਤੇ ਯੂ.ਪੀ. ਰਾਜਾਂ ਨੇ ਕਿਵੇਂ ਮਾਤ ਦਿੱਤੀ, ਇਹ ਕਿਸੇ ਤੋਂ ਗੁੱਝੀ ਨਹੀਂ। ਹਰਿਆਣੇ ਦੀਆਂ ਸਰਹੱਦਾਂ ਦੁਆਲੇ ਸਾਰੇ ਗੁਆਂਢੀ ਰਾਜਾਂ ਨੇ ਕਿਵੇਂ ਠੇਕੇ ਖੋਹਲੇ, ਕਿਵੇਂ ਸਜਾਵਟਾਂ ਕੀਤੀਆਂ ਤੇ ਕਿਵੇਂ ਸ਼ਰਾਬੀਆਂ ਨੂੰ ਸਹੂਲਤਾਂ ਦਿੱਤੀਆਂ ਅਤੇ ਕਿਵੇਂ ਰਾਜ ਵਿਚ ਸ਼ਰਾਬ ਦੀ ਤਸਕਰੀ ਦਾ ਬੋਲਬਾਲਾ ਹੋਇਆ, ਇਹ ਤਾਂ ਇਕ ਰਿਕਾਰਡ ਹੈ ਅਤੇ ਇਹ ਇਕ ਵੱਡਾ ਕਾਰਨ ਵੀ ਬਣਿਆ ਬੰਸੀ ਲਾਲ ਦੀ ਸਰਕਾਰ ਦੇ ਡਿਗ ਜਾਣ ਦਾ। ਜੇ ਗੁਆਂਢੀ ਰਾਜ ਖ਼ਾਸ ਕਰਕੇ ਪੰਜਾਬ, ਉਤਰ ਪ੍ਰਦੇਸ਼ ਅਤੇ ਰਾਜਸਥਾਨ ਸਹਿਯੋਗ ਦਿੰਦੇ ਤਾਂ ਸ਼ਾਇਦ ਹਰਿਆਣਾ ਸਰਕਾਰ ਸ਼ਰਾਬ-ਨੋਸ਼ੀ ਨੂੰ ਠੱਲ੍ਹ ਪਾਉਣ ਵਿਚ ਕਾਮਯਾਬ ਹੋ ਜਾਂਦੀ। ਪਰ ਪੰਜਾਬ ਸਰਕਾਰ ਤਾਂ ਚਟਖਾਰੀਆਂ ਮਾਰਦੀ ਰਹੀ ਕਿ ਹਰਿਆਣੇ ਦੀ ਸ਼ਰਾਬਬੰਦੀ ਤੋਂ ਪੂਰਾ ਫ਼ਾਇਦਾ ਲੈਂਦਿਆਂ ਉਨ੍ਹਾਂ ਸ਼ਰਾਬ ਦੇ ਕਰ ਤੋਂ 200 ਕਰੋੜ ਦੀ ਵੱਧ ਆਮਦਨ ਕੀਤੀ ਹੈ। ਮਜ਼ੇ ਦੀ ਗੱਲ ਇਹ ਹੈ ਕਿ ਪੰਜਾਬ ਦੀ ਸਰਕਾਰ ਪੰਥਕ ਸਰਕਾਰ ਸੀ ਅਤੇ ਹੁਣ ਵੀ ਹੈ, ਜਿਸ ਧਰਮ ਵਿਚ ਨਸ਼ਾ ਕਰਨਾ ਅਸੂਲੀ ਤੌਰ ’ਤੇ ਮਨ੍ਹਾ ਹੈ !

ਪਰ ਕੌਣ ਪੁੱਛਦਾ ਹੈ ਇਥੇ ਧਰਮ ਦੇ ਅਸੂਲਾਂ ਨੂੰ ਤੇ ਮਨਾਹੀਆਂ ਨੂੰ ! ਇਥੇ ਤਾਂ ਆਪਣਾ ਮਤਲਬ ਪੂਰਾ ਹੋਣਾ ਚਾਹੀਦਾ ਹੈ- ਭੱਠ ਪੈਣ ਅਸੂਲ ਤੇ ਧਰਮ-ਬੰਧਨ ! ਇਹ ਇਕ ਸੋਚਣ ਵਾਲੀ ਗੱਲ ਹੈ ਕਿ ਕੀ ਅਸੀਂ ਪੰਜਾਬ ਦੇ ਕਿਸੇ ਵੀ ਪਾਰਟੀ ਦੇ ਕਿਸੇ ਵੀ ਲੀਡਰ ’ਤੇ ਉਂਗਲੀ ਰੱਖ ਸਕਦੇ ਹਾਂ ਜਿਸ ਨੇ ਆਪਣੀ ਚੋਣ ਮੁਹਿੰਮ ਵਿਚ ਸ਼ਰਾਬ, ਅਫ਼ੀਮ ਅਤੇ ਪੋਸਤ ਦਾ ਸਹਾਰਾ ਨਾ ਲਿਆ ਹੋਵੇ ਅਤੇ ਨਸ਼ਿਆਂ ਦੇ ਖੁੱਲ੍ਹੇ ਲੰਗਰ ਨਾ ਲਾਏ ਹੋਣ ? ਜੇ ਚੋਣਾਂ ਵਿਚ ਪੈਸਿਆਂ ਦੇ ਨਾਲ-ਨਾਲ ਖੁੱਲ੍ਹੀ ਸ਼ਰਾਬ, ਅਫ਼ੀਮ, ਪੋਸਤ ਆਦਿ ਨਸ਼ੇ ਵੰਡੇ ਜਾਂਦੇ ਹਨ ਤਾਂ ਇਹ ਕਮਾਈ ਤਾਂ ਹਰਾਮ ਦੀ ਚੋਂ ਹੀ ਆਉਂਦੇ ਹਨ। ਕੋਈ ਵੀ ਕਾਮਯਾਬ ਜਾਂ ਹਾਰਿਆ ਹੋਇਆ ਸਿਆਸੀ ਲੀਡਰ, ਚਾਹੇ ਕਿਸੇ ਪੱਧਰ ਦੀਆਂ ਚੋਣਾਂ ਵੀ ਕਿਉਂ ਨਾ ਹੋਣ, ਹਿੱਕ ’ਤੇ ਹੱਥ ਰੱਖ ਕੇ ਕੀ ਇਹ ਕਹਿ ਸਕਦਾ ਹੈ ਕਿ ਉਸਨੇ ਆਪਣੀ ਮੁਹਿੰਮ ਦੌਰਾਨ ਸ਼ਰਾਬ ਨਹੀਂ ਪਿਲਾਈ ਅਤੇ ਨਸ਼ੇ ਨਹੀਂ ਕਰਾਏ ਜਾਂ ਫਿਰ ਕੋਈ ਇਹੋ ਹੀ ਕਹਿ ਸਕਦਾ ਹੋਵੇ ਕਿ ਇਹ ਸਭ ਨਸ਼ੇ ਉਸਨੇ ਆਪਣੀ ਹੱਕ-ਹਲਾਲ ਦੀ ਕਮਾਈ ਤੋਂ ਕਰਾਏ ਹਨ ਜਾਂ ਵੰਡੇ ਹਨ ? ਇਹ ਜੋ ਨਸ਼ਿਆਂ ਦੇ ਚੋਣਾਂ ਵੇਲੇ ਸਿਆਸੀ ਲੋਕ ਲੰਗਰ ਲਗਾਉਂਦੇ ਹਨ, ਇਹ ਕਿਸੇ ਧਾਰਮਕ ਕਿਸਮ ਦੀ ਚੋਣ ਵੇਲੇ ਵੀ ਇਸ ਕਰਤੂਤ ਤੋਂ ਨਹੀਂ ਟਲਦੇ। ਮੈਂ ਇਕ ਵਾਰ ਇਕ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜ ਰਹੇ ਲੀਡਰ ਨੂੰ ਕਿਹਾ ਕਿ ਘੱਟੋ-ਘੱਟ ਇਨ੍ਹਾਂ ਚੋਣਾਂ ਨੂੰ ਤਾਂ ਬਖ਼ਸ਼ ਦਿਓ, ਆਖ਼ਰ ਤੁਸੀਂ ਸਿੱਖ ਹੋ, ਪੰਥ ਦੇ ਲੀਡਰ ਹੋ ਤੇ ਚੋਣਾਂ ਗੁਰਦੁਆਰਿਆਂ ਦੀ ਪ੍ਰਬੰਧਕ ਕਮੇਟੀ ਲਈ ਲੜ ਰਹੇ ਹੋ। ਅੱਗੋਂ ਜਵਾਬ ਮਿਲਿਆ ਕਿ ਚੋਣਾਂ ਕੋਈ ਵੀ ਹੋਣ, ਵੋਟਰ ਤਾਂ ਉਹੀ ਨੇ, ਉਹ ਸ਼ਰਾਬ ਮੰਗਦੇ ਨੇ, ਨਸ਼ੇ ਲੋਚਦੇ ਨੇ। ਕਿਵੇਂ ਨਸ਼ੇ ਵੰਡਣ ਤੋਂ ਹਟ ਸਕਦੇ ਹਾਂ? ਮੈਂ ਕਿਹਾ-ਤੁਸੀਂ ਚੋਣਾਂ ਲੜ ਰਹੇ ਸਾਰੇ ਹੀ ਸਿੱਖ ਹੋ, ਅੰਮ੍ਰਿਤਧਾਰੀ ਹੋ, ਜੇ ਤੁਹਾਡੇ ’ਚੋਂ ਕੋਈ ਵੀ ਨਸ਼ੇ ਨਾ ਵੰਡੇ ਤਾਂ ਨਤੀਜਾ ਤਾਂ ਉਹੀ ਹੋਵੇਗਾ ਜੋ ਤੁਹਾਡੇ ਸਾਰਿਆਂ ਦੇ ਹੀ ਨਸ਼ੇ ਵੰਡਣ ਨਾਲ ਹੁੰਦਾ ਹੈ। ਹੁਣ ਲੋਕ ਤੁਹਾਥੋਂ ਸਾਰਿਆਂ ਤੋਂ ਨਸ਼ਾ ਪੀ ਲੈਂਦੇ ਹਨ ਤੇ ਵੋਟ ਫੇਰ ਆਪਣੀ ਮਰਜ਼ੀ ਨਾਲ ਪਾਉਂਦੇ ਹਨ। ਜੇ ਇਸ ਤਰ੍ਹਾਂ ਵੋਟਰ ਨੇ ਨਸ਼ੇ ਕਰਕੇ ਵੀ ਵੋਟ ਉਸੇ ਤਰ੍ਹਾਂ ਪਾਉਣੀ ਹੈ ਤਾਂ ਕਿਉਂ ਪੈਸਾ ਪੁੱਟਦੇ ਹੋ ਤੇ ਬਦਨਾਮ ਹੁੰਦੇ ਹੋ ਅਤੇ ਧਾਰਮਕ ਪੱਖੋਂ ਵੀ ਕਾਲਖ਼ ਖੱਟਦੇ ਹੋ। ਕਹਿਣ ਲੱਗਾ ਕਿ ਇਸ ਮਾਮਲੇ ਵਿੱਚ ਉਮੀਦਵਾਰਾਂ ਵਿਚ ਸਮਝੌਤਾ ਨਹੀਂ ਹੋ ਸਕਦਾ। ਸਵਾਲ ਇਹ ਨਹੀਂ ਰਿਹਾ ਹੁਣ ਕਿ ਸ਼ਰਾਬਾਂ ਕੌਣ ਪਿਲਾਉਂਦਾ ਹੈ ਤੇ ਕੌਣ ਨਹੀਂ। ਸਵਾਲ ਇਹ ਹੈ ਕਿ ਕੌਣ ਵਧ ਅਤੇ ਵਧੀਆ ਸ਼ਰਾਬ ਪਿਲਾਉਂਦਾ ਹੈ। ਜਿੱਥੋਂ ਤਕ ਪੈਸੇ ਦਾ ਸਵਾਲ ਹੈ, ਜੈਸੀ ਕਮਾਈ, ਉਹੋ ਜਿਹੇ ਰਾਹ ਲੱਗ ਜਾਂਦੀ ਹੈ। ਜਿੱਤ ਗਏ ਤਾਂ ਕਈ ਗੁਣਾਂ ਹੋ ਕੇ ਵਾਪਸ ਆ ਜਾਏਗੀ। ਰਹੀ ਗੱਲ ਕਾਲਖ਼ ਖੱਟਣ ਦੀ। ਇਸ ਪਾਸਿਓਂ ਸਾਡਾ ਸਿਸਟਮ ਪੂਰੀ ਤਰ੍ਹਾਂ ਢੀਠ ਹੋ ਚੁੱਕਾ ਹੈ। ਜਦ ਸਾਰੇ ਹੀ ਇਸੇ ਰਾਹ ਚਲਦੇ ਹਨ ਤਾਂ ਕਾਲਖ ਖੱਟਣ ਵਾਲੀ ਕੋਈ ਗੱਲ ਹੀ ਨਹੀਂ ਰਹਿ ਜਾਂਦੀ।

ਜਦ ਸਾਡੇ ਸਿਆਸੀ ਲੀਡਰ ਸਾਰੇ ਹੀ ਸ਼ਰਾਬ ਅਤੇ ਨਸ਼ਿਆਂ ਦੇ ਸਹਾਰੇ ਚੋਣਾਂ ਲੜਦੇ ਹਨ ਅਤੇ ਪੰਚਾਇਤੀ ਚੋਣਾਂ ਅਤੇ ਗੁਰਦੁਆਰਾ ਚੋਣਾਂ ਵੀ ਸਿਆਸੀ ਪਾਰਟੀਆਂ ਦੇ ਆਧਾਰ ’ਤੇ ਹੀ ਲੜਦੇ ਹਨ ਤਾਂ ਪੰਜਾਬ ਦੀ ਜੁਆਨੀ ਖ਼ਾਸ ਕਰਕੇ ਗਰੀਬ ਬਸਤੀਆਂ ਅਤੇ ਪਿੰਡਾਂ ਦੇ ਲੋਕਾਂ ਦੀ ਜ਼ਿੰਦਗੀ ਨਸ਼ਿਆਂ ਦੇ ਅਮਲ ਤੋਂ ਕਿਵੇਂ ਬਚ ਸਕਦੀ ਹੈ ? ਇਨ੍ਹਾਂ ਸ਼ਰਾਬ ਭਿੱਜੀਆਂ ਚੋਣਾਂ ਨੇ ਤਾਂ ਖ਼ਾਨਦਾਨਾਂ ਦੇ ਖ਼ਾਨਦਾਨ ਨਸ਼ੱਈ ਬਣਾ ਦਿੱਤੇ ਹਨ। ਇਨ੍ਹਾਂ ਹਾਲਾਤ ਵਿਚ ਧਾਰਮਕ ਅਤੇ ਸੁਚੱਜੀ ਸਿਖਿਆ ਜਾਂ ਅਗਵਾਈ ਤਾਂ ਵਿਆਹ ਵਿਚ ਬੀ ਦਾ ਰੌਲਾ ਬਣ ਕੇ ਰਹਿ ਜਾਂਦੀ ਹੈ।

ਕੀ ਕੀਤਾ ਜਾਏ ? :

ਜੇ ਪੰਜਾਬ ਦੀ ਜੁਆਨੀ ਨੂੰ ਨਸ਼ਿਆਂ ਤੋਂ ਬਚਾਉਣਾ ਹੈ ਤਾਂ ਇਹ ਕੁਝ ਇਕ ਸੁਹਿਰਦਤਾ ਨਾਲ ਚੁੱਕੇ ਜਾਣ ਵਾਲੇ ਕਦਮ ਹਨ ਜੋ ਜ਼ਰੂਰੀ ਹਨ : -
1. ਸਿੱਖ ਧਰਮ ਵਿਚ ਸਾਡੇ ਧਾਰਮਕ ਆਗੂ ਸ਼ਰਾਬ ਅਤੇ ਹੋਰ ਨਸ਼ਿਆਂ ਨੂੰ ਇਸ ਪਕਿਆਈ ਅਤੇ ਦ੍ਰਿੜ੍ਹਤਾ ਨਾਲ ਮਨਾਹੀ ਕਰਨ ਕਿ ਸਾਮਜਕ ਪੱਧਰ ’ਤੇ ਸਿੱਖ ਦੇ ਹੱਥ ਵਿਚ ਸ਼ਰਾਬ ਦੀ ਪਿਆਲੀ ਜਾਂ ਨਸ਼ੇ ਉਨੇ ਹੀ ਕੋਝੇ ਅਤੇ ਘਿਰਣਾਤਮਕ ਲੱਗਣ ਜਿੰਨੀ ਕਿ ਸਿਗਰਟ ਜਾਂ ਤੰਬਾਕੂ ਜਾਂ ਫੇਰ ਮੰਗਤੇ ਹੋਣਾ। ਇਹ ਕਦਮ ਸਮੂਹ ਧਾਰਮਕ ਲੀਡਰ ਰਲ ਕੇ ਕਰ ਸਕਦੇ ਹਨ ਅਤੇ ਮੁਮਕਿਨ ਹੈ। ਆਖ਼ਰ ਕੂਕੇ (ਨਾਮਧਾਰੀ) ਸਿੰਘ ਵੀ ਤਾਂ ਇਸ ਪਾਸਿਓਂ ਵਰਜਤ ਹਨ, ਜੋ ਚਾਹ ਤਕ ਨੂੰ ਵੀ ਨਸ਼ਾ ਸਮਝਦੇ ਹਨ ਅਤੇ ਨਹੀਂ ਪੀਂਦੇ। ਜੇ ਬਾਕੀ ਸਿੱਖ ਇਸ ਰਾਹ ’ਤੇ ਨਹੀਂ ਚੱਲਦੇ ਤਾਂ ਇਹ ਸਾਡੇ ਧਾਰਮਕ ਆਗੂਆਂ ਦੀ ਕਮਜ਼ੋਰੀ ਹੈ।
2. ਸਭ ਤੋਂ ਪਹਿਲੋਂ ਕਿਸੇ ਵੀ ਸਿੱਖ ਆਗੂ ਵਾਸਤੇ ਜੋ ਗੁਰਦੁਆਰਾ ਚੋਣਾਂ ਲੜਨ ਦਾ ਚਾਹਵਾਨ ਹੋਵੇ, ਉਸ ਨੂੰ ਮਹਾਰਾਜ ਦੀ ਹਜ਼ੂਰੀ ਵਿਚ ਸੌਂਹ ਚੁੱਕਣੀ ਜ਼ਰੂਰੀ ਹੋਵੇ ਕਿ ਉਹ ਸ਼ਰਾਬ ਨਹੀਂ ਪੀਂਦਾ ਅਤੇ ਕੋਈ ਨਸ਼ਾ ਨਹੀਂ ਕਰਦਾ ਤੇ ਚੋਣ ਵਿਚ ਕਿਸੇ ਵੀ ਨਸ਼ੇ ਦਾ ਸਹਾਰਾ ਨਹੀਂ ਲਵੇਗਾ ਅਤੇ ਕੋਈ ਵੱਢੀ-ਖੋਰੀ ਵਜੋਂ ਪੈਸਾ ਜਾਂ ਨਸ਼ਾ ਨਹੀਂ ਵੰਡੇਗਾ।
3. ਇਹ ਸੌਂਹ ਕਿਸੇ ਵੀ ਸਿੱਖ ਉਮੀਦਵਾਰ ਲਈ ਕਿਸੇ ਵੀ ਚੋਣ ਵਿਚ ਲਾਜ਼ਮੀ ਕਰ ਦੇਣੀ ਚਾਹੀਦੀ ਹੈ।
4. ਸ਼ਰਾਬ ਦੇ ਠੇਕੇ ਬੰਦ ਤਾਂ ਨਹੀਂ ਕੀਤੇ ਜਾ ਸਕਦੇ, ਪਰ ਸਰਕਾਰ ਦਾ ਸ਼ਰਾਬ-ਕਰ ਦੀ ਆਮਦਨ ’ਤੇ ਨਿਰਭਰ ਹੋਣਾ ਘਟਾਇਆ ਜਾ ਸਕਦਾ ਹੈ। ਇਸ ਵਾਸਤੇ ਹੋਰ ਸਾਧਨ ਜੋੜਨੇ ਜ਼ਰੂਰੀ ਹਨ ਅਤੇ ਇਹ ਮੁਮਕਿਨ ਹੈ।
5. ਕਿਸੇ ਵੀ ਆਮ ਆਵਾਜਾਈ ਦੀ ਸੜਕ ਦੇ ਕਿਨਾਰੇ ਜਾਂ ਨੇੜੇ ਅਤੇ ਬਸਤੀਆਂ ਵਿਚ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਮੰਦਰਾਂ, ਗੁਰਦੁਆਰਿਆਂ ਜਾਂ ਹੋਰ ਧਾਰਮਕ ਅਤੇ ਸਮਾਜੀ ਅਦਾਰਿਆਂ ਦੇ ਨੇੜੇ ਕੋਈ ਸ਼ਰਾਬ ਦਾ ਠੇਕਾ ਨਹੀਂ ਹੋਣਾ ਚਾਹੀਦਾ।
6. ਸ਼ਰਾਬ ਦੇ ਠੇਕੇ ਸਿਰਫ਼ ਵਾਪਾਰਕ ਥਾਵਾਂ ’ਤੇ ਥੋੜ੍ਹੇ ਜਿਹੇ ਹੋਣੇ ਚਾਹੀਦੇ ਹਨ, ਜੋ ਦਿਨੇ ਸਿਰਫ਼ 4-6 ਘੰਟੇ ਖੁੱਲ੍ਹਣ ਅਤੇ ਹਫ਼ਤੇ ਵਿਚ ਘਟੋ-ਘੱਟ ਦੋ ਦਿਨ ਸਾਰੇ ਠੇਕੇ ਬੰਦ ਹੋਣੇ ਚਾਹੀਦੇ ਹਨ।
7. ਇਕ ਆਦਮੀ ਨੂੰ ਸਿਰਫ਼ ਇਕ ਵਕਤ ਇਕੋ ਬੋਤਲ ਖ਼ਰੀਦਣ ਦੀ ਇਜਾਜ਼ਤ ਹੋਵੇ। ਇਸ ਤਰ੍ਹਾਂ ਕੋਈ ਵੀ ਸਿੱਖ ਲਾਈਨ ਵਿਚ ਲੱਗਾ ਬੁਰਾ ਲੱਗਣ ਲੱਗ ਜਾਵੇਗਾ। ਇਹ ਸਿਸਟਮ ਦਿੱਲੀ ਵਿਚ ਪ੍ਰਚੱਲਤ ਹੈ। ਪੰਜਾਬ ਵਿਚ ਵੀ ਇਹ ਆਸਾਨੀ ਨਾਲ ਚੱਲ ਸਕਦਾ ਹੈ।
8. ਸ਼ਰਾਬ ਦੀ ਅਲਕੋਹਲ ਦੀ ਤਾਕਤ ਘਟਾ ਦੇਣੀ ਚਾਹੀਦੀ ਹੈ। ਅੰਗਰੇਜ਼ੀ ਜਾਂ ਅੰਤਰ ਰਾਸ਼ਟਰੀ ਪ੍ਰਸਿੱਧੀ ਦੀਆਂ ਸ਼ਰਾਬਾਂ ਦੀ ਕੀਮਤ ਕਾਫ਼ੀ ਵਧਾ ਦੇਣੀ ਚਾਹੀਦੀ ਹੈ, ਤਾਂ ਜੋ ਬੋਤਲ ਖ਼ਰੀਦਣ ਲੱਗਿਆਂ ਜੇਬ੍ਹ ਨੂੰ ਸੇਕ ਲੱਗੇ।
9. ਕੋਈ ਵੀ ਨਸ਼ੀਲੀ ਗੋਲੀ ਜਾਂ ਖਾਂਸੀ ਆਦਿ ਦੀ ਦਵਾਈ ਜਿਸ ਵਿਚ ਨਸ਼ਾ ਹੋਵੇ, ਆਮ ਖੁੱਲ੍ਹੀ ਨਹੀਂ ਮਿਲਣੀ ਚਾਹੀਦੀ। ਕੈਮਿਸਟਾਂ ਕੋਲ ਨੁਸਖ਼ਾ ਲਿਖਣ ਵਾਲਾ ਹੋਣਾ ਵੀ ਜ਼ਰੂਰੀ ਹੋਵੇ ਤਾਂ ਜੋ ਇਨ੍ਹਾਂ ਦੁਆਈਆਂ ਦੀ ਜਾਇਜ਼ ਲੋੜ ਵੇਲੇ, ਦਵਾਈ ਲੈਣੀ ਔਖੀ ਨਾ ਹੋਵੇ।
10. ਪਿੰਡਾਂ ਥਾਵਾਂ ਵਿਚ ਵੀ ਸਿਰਫ਼ ਲਾਇਸੰਸਸ਼ੁਦਾ ਕੈਮਿਸਟ ਦੁਆਈਆਂ ਵੇਚ ਸਕਦੇ ਹੋਣ ਅਤੇ ਉਨ੍ਹਾਂ ’ਤੇ ਵੀ ਇਹੋ ਕਾਨੂੰਨ ਲਾਗੂ ਹੋਵੇ। ਸਿਰਫ਼ ਜਾਂਚ ਕੇ ਦੁਆਈ ਦੇਣ ਦੇ ਕਾਬਲ ਵਿਅਕਤੀ ਨੂੰ ਹੀ ਕੈਮਿਸਟ ਦੀ ਦੁਕਾਨ ਚਲਾਉਣ ਦੀ ਇਜ਼ਾਜਤ ਹੋਵੇ।
11. ਸਰਹੱਦੋਂ ਪਾਰੋਂ ਆਉਂਦੇ ਨਸ਼ੇ ਅਤੇ ਤੱਸਕਰੀ ਦਾ ਡੱਟ ਕੇ ਮੁਕਾਬਲਾ ਕਰਨ ਅਤੇ ਕਾਬੂ ਪਾਉਣ ਦੀ ਲੋੜ ਹੈ। ਨਹੀਂ ਤਾਂ ਸਾਰੇ ਹੀ ਦੂਸਰੇ ਚੁੱਕੇ ਕਦਮ ਨਾ ਕਾਮਯਾਬ ਹੋ ਜਾਣਗੇ।
12. ਗ਼ੈਰਸਰਕਾਰੀ ਸਮਾਜ-ਸੇਵੀ ਸੰਸਥਾਵਾਂ ਦਾ ਇਸ ਪਾਸੇ ਸਹਿਯੋਗ ਲਿਆ ਜਾ ਸਕਦਾ ਹੈ।

ਆਖ਼ਰ ਮਸਲਾ ਤਾਂ ਇਰਾਦਾ ਬਣਾਉਣ ਦਾ ਹੈ ਅਤੇ ਹੌਸਲੇ ਨਾਲ ਸੁਹਿਰਦ ਫ਼ੈਸਲੇ ਕਰਨ ਦਾ ਹੈ। ਕੁਝ ਵੀ ਨਾਮੁਮਕਿਨ ਨਹੀਂ। ਪਰ ਸਵਾਲ ਇਹ ਹੈ ਕਿ ਕੀ ਸਾਡੀ ਸਿਆਸੀ ਅਤੇ ਧਾਰਮਕ ਲੀਡਰਸ਼ਿੱਪ ਵਿਚ ਲੋੜੀਂਦੀ ਸੁਹਿਰਦਤਾ, ਸਾਫ਼ ਨੀਅਤ, ਫ਼ੈਸਲੇ ਕਰਨ ਦੀ ਹਿੰਮਤ ਅਤੇ ਹਾਲਾਤ ਨਾਲ ਨਿਰਸੁਆਰਥ ਹੋ ਕੇ ਜੂਝਣ ਦੀ ਦ੍ਰਿੜ੍ਹਤਾ ਹੈ ?
(ਚਾਤ੍ਰਿਕ ਯੂਨੀ 'ਚ ਕੀਤਾ ੫ ਸਤੰਬਰ ੨੦੦੭ ਨੂੰ)

e-mail: Likhari


© likhari: Punjabi Likhari Forum-2001-2007