ਜੇ ਮੌਸਮ ਹੋਣ ਸਵੱਲੇ (319)

-ਜਨਮੇਜਾ ਜੌਹਲ-

ਅਜ ਦੀ ਖੇਤੀ ਮੌਸਮ ਉਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ। ਫਸਲ ਦਾ ਸੁਭਾਅ ਮੌਸਮ ਦੇ ਬਦਲਣ ਅਨੁਸਾਰ ਬਦਲ ਜਾਂਦਾ ਹੈ। ਗਰਮੀ ਸਰਦੀ ਵਿਚ ਆਇਆ ਫਰਕ ਉਪਜ ਨੂੰ ਪ੍ਰਭਾਵਤ ਕਰਦਾ ਹੈ। ਜੇਕਰ ਇਸੇ ਫਰਵਰੀ ਮਹੀਨੇ ਦੀ ਉਦਾਹਰਣ ਲੈ ਲਈਏ ਤਾਂ ਪੰਜਾਬ ਦਾ ਤਾਪਮਾਨ 2 ਡਿਗਰੀ ਹੇਠੋਂ ਵਧਿਆ ਹੈ ਅਤੇ 2 ਹੀ ਡਿਗਰੀ ਉਪਰੋਂ ਘਟਿਆ ਹੈ। ਯਾਨੀ ਕਿ ਤਾਪਮਾਨ ਦੀ ਉੱਤੇ ਥੱਲੇ ਹੋਣ ਦੀ ਸਮਰਥਾ ਘਟੀ ਹੈ। ਇਸ ਨਾਲ ਫਸਲ ਦੇ ਵਧਣ ਫੁੱਲਣ ਉਤੇ ਫਰਕ ਪੈਂਦਾ ਹੈ। ਇਸੇ ਤਰ੍ਹਾਂ ਸਮੁੰਦਰ ਵਿੱਚ ਆਉਂਦੇ ਤੂਫਾਨ ਤੇ ਭੁਚਾਲ ਦੇ ਝਟਕੇ ਮੌਸਮ ਵਿਚ ਮੀਂਹ ਤੇ ਨਮੀਂ ਨੂੰ ਪ੍ਰਭਾਵਤ ਕਰਦੇ ਹਨ। ਸਾਡੇ ਕੋਲ ਇਸ ਵਕਤ 203 ਸਮੁੰਦਰੀ ਜਹਾਜ਼ ਹਨ ਜੋ ਮੁਫਤ ਸੇਵਾ ਦੇ ਤੌਰ ਤੇ ਤੂਫਾਨ ਦੀ ਸੂਚਨਾ ਦੇਂਦੇ ਹਨ। ਇਸੇ ਤਰ੍ਹਾਂ ਸਾਡੇ ਭੁਚਾਲ ਕੇਂਦਰਾਂ ਨੇ ਇਸ ਮਹੀਨੇ 9 ਝਟਕੇ ਰਿਕਾਰਡ ਕੀਤੇ ਹਨ। ਇਹ ਭੁਚਾਲ ਧਰਤੀ ਹੇਠਲੀ ਗਰਮੀ ਨੂੰ ਬਾਹਰ ਕੱਢਣ ਵਿੱਚ ਪ੍ਰਭਾਵ ਪਾਉਂਦੇ ਹਨ। ਧਰਤੀ ਉਤਲੀ ਹਵਾ ਤੇ ਸੂਰਜ ਤੋਂ ਆਉਂਦੀ ਰੇਡੀਏਸ਼ਨ ਵੀ ਧਰਤੀ ਦੇ ਸੁਭਾਅ ਨੂੰ ਬਦਲਦੀ ਹੈ। ਸਾਡੇ ਕੋਲ 45 ਰੇਡੀਏਸ਼ਨ ਸਟੇਸ਼ਨ ਹਨ, 39 ਰੇਡੀਓ ਤੇ 62 ਗੈਸੀ ਗੁਬਾਰਾ ਸਟੇਸ਼ਨ ਹਨ ਜੋ ਉੱਤਲੀ ਹਵਾ ਦਾ ਹਿਸਾਬ ਕਿਤਾਬ ਰੱਖਦੇ ਹਨ। ਮੌਸਮ ਵਿਭਾਗ ਦੇ ਸਾਡੇ ਕੋਲ 8 ਵੱਡੇ ਸਟੇਸ਼ਨ ਹਨ ਜਿਵੇਂ ਸ਼੍ਰੀਨਗਰ, ਦਿੱਲੀ, ਥਰੀਮੀਅਨਪੁਰਮ, ਪੂਨਾ, ਨਾਗਪੁਰ, ਜੋਧਪੁਰ, ਕਲਕਤਾ, ਭੁਵਨੇਸ਼ਵਰ ਪਰ ਇਕ ਵੀ ਪੰਜਾਬ ਵਿੱਚ ਨਹੀਂ ਹੈ। ਇੰਟਰਨੈੱਟ ਉਤੇ ਜੋ ਵੀ ਜਾਣਕਾਰੀ ਹੈ ਉਹ ਸਿਰਫ ਚੰਡੀਗੜ੍ਹ ਬਾਰੇ ਹੀ ਹੁੰਦੀ ਹੈ। ਪੰਜਾਬ, ਹਰਿਆਣਾ, ਰਾਜਸਥਾਨ ਆਦਿ ਬਾਰੇ ਕੁਝ ਨਹੀਂ ਹੁੰਦਾ। ਉਪਰੋਕਤ ਸਾਰੀਆਂ ਸਹੂਲਤਾਂ ਦੇ ਹੁੰਦੇ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਇਕ 24 ਘੰਟੇ ਦੀ ਮੌਸਮੀ ਟੀ.ਵੀ. ਚੈਨਲ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਕਿ ਕਿਸਾਨਾਂ ਨੂੰ ਆਉਣ ਵਾਲੇ ਮੌਸਮ ਬਾਰੇ ਅਗਾਊਂ ਜਾਣਕਾਰੀ ਮਿਲ ਸਕੇ। ਇਹ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਸਾਡੀਆਂ ਰਵਾਇਤੀ ਫਸਲਾਂ ਕਣਕ ਤੇ ਝੋਨੇ ਦੀ ਕਾਸ਼ਤ ਸ਼ਾਇਦ ਬਦਲਣੀ ਪੈ ਜਾਵੇ ਜਿਵੇਂ ਪੰਜਾਬ 'ਚੋਂ ਮੂੰਗਫਲੀ ਪੈਦਾ ਹੋਣੀ ਲਗਭਗ ਖਤਮ ਹੀ ਹੋ ਗਈ ਹੈ। ਇਸਦੇ ਨਾਲ ਹੀ 24 ਘੰਟੇ ਮੌਸਮੀ ਰੇਡੀਓ ਸਟੇਸ਼ਨ ਵੀ ਉਨ੍ਹਾਂ ਹੀ ਜ਼ਰੂਰੀ ਹੈ।
(ਯੂਨੀਕੋਡ)

******

ਜਨਮੇਜਾ ਸਿੰਘ ਜੌਹਲ
contact@janmejajohl.com
janmeja06@yahoo.com
janmeja@gmail.com
www.janmejajohl.com

2920, ਗੁਰਦੇਵ ਨਗਰ, ਲੁਧਿਆਣਾ
98159-45018

(© 5 ਮਾਰਚ 2007)

e-mail:
ਲਿਖਾਰੀ
Likhari


© likhari: Punjabi Likhari Forum-2001-2007