ਦੱਸੋ ਹੁਣ ਕੀ ਕਰੀਏ?(331)

-ਜਨਮੇਜਾ ਜੌਹਲ-

ਦੱਸੋ ਹੁਣ ਕੀ ਕਰੀਏ?

ਪਿਛਲੇ ਦਹਾਕੇ ਤੋਂ ਹਰ ਵਾਤਾਵਰਣ ਪ੍ਰੇਮੀ ਸ਼ੋਰ ਪਾ ਕੇ ਕਹਿ ਰਿਹਾ ਹੈ ਕਿ ਝੋਨੇ ਦੀ ਪਰਾਲੀ ਤੇ ਕਣਕ ਦੀ ਨਾੜ ਨੂੰ ਅੱਗ ਨਾ ਲਾਓ, ਬਹੁਤ ਸਾਰੇ ਲੋਕਾਂ ਉੱਤੇ ਇਸਦਾ ਅਸਰ ਵੀ ਹੋਇਆ ਹੈ। ਪਰ ਕੁਝ ਲੋਕ ਹਾਲੇ ਵੀ ਇਹੋ ਜਿਹੇ ਹਨ ਜੋ ਇਹ ਕੰਮ ਕਰਨੋਂ ਹਟਦੇ ਨਹੀਂ। ਪਿਛਲੇ ਸਾਲ ਇਹਨਾਂ ਲੋਕਾਂ ਲਈ ਜਦੋਂ ਮੈਂ ਕੁਝ ਸਖਤ ਸ਼ਬਦ ਲਿਖੇ ਸਨ ਤਾਂ ਕਈਆਂ ਨੇ ਗੁੱਸਾ ਕੀਤਾ ਸੀ। ਹੁਣ ਮੈਂ ਉਹਨਾਂ ਨੂੰ ਪੁੱਛਦਾਂ ਕਿ ਕਿਹੋ ਜਿਹਾ ਵਰਤਾਰਾ ਕੀਤਾ ਜਾਵੇ ਇਹਨਾਂ ਲੋਕਾਂ ਨਾਲ ਜੋ ਵਾਤਾਵਰਣ ਨੂੰ ਦੂਸ਼ਿਤ ਕਰਨੋਂ ਨਹੀਂ ਹੱਟਦੇ। ਇਹ ਨਾੜ ਦਾ ਉੱਠਦਾ ਧੂੰਆਂ ਸਾਡੀਆਂ ਅੱਖਾਂ ਦਾ ਦੁਸ਼ਮਣ ਹੈ। ਹਰ ਸਾਲ ਇਸ ਕਰਕੇ ਹਜ਼ਾਰਾਂ ਲੋਕ ਅੰਨ੍ਹੇਪਣ ਵੱਲ ਨੂੰ ਵਧ ਰਹੇ ਹਨ। ਹਜ਼ਾਰਾਂ ਹੋਰ ਹਨ ਜਿਹਨਾਂ ਨੂੰ ਸਾਹ ਦੀਆਂ ਬਿਮਾਰੀਆਂ ਜਿਵੇਂ ‘ਦਮਾ' ਆਦਿ ਹੋ ਰਿਹਾ ਹੈ। ਸਰੀਰ ਦੀ ਚਮੜੀ ਦੀਆਂ ਬਿਮਾਰੀਆਂ ਇੱਕ ਹੋਰ ਪ੍ਰਾਪਤੀ ਹੈ ਇਸ ਕਾਲੇ ਧੂੰਏ ਦੀ। ਸਮਝ ਨਹੀਂ ਲੱਗਦੀ ਕਿੱਥੇ ਹਨ ਸਾਡੇ ਕਾਨੂੰਨ ਦੇ ਰਾਖੇ ਜੋ ਇਹਨਾਂ ਨੂੰ ਵਰਜਦੇ ਨਹੀਂ। ਕਿੱਥੇ ਹਨ ਵੱਡੀਆਂ ਵੱਡੀਆਂ ‘ਹਰਿਆਵਲ' ਦੀਆਂ ਗੱਲਾਂ ਕਰਨ ਵਾਲੇ ਜੋ ਇਹਨਾਂ ਨੂੰ ਰੋਕਦੇ ਨਹੀਂ। ਧਰਤੀ ਹੇਠਲੇ ਮਿੱਤਰ ਤੱਤਾਂ ਨੂੰ ਸਾੜ ਕਿ ਖੇਤ ਖਾਲੀ ਕਰਨ ਵਾਲੇ ਲੋਕਾਂ ਨੂੰ ਕੌਣ ਨੱਥ ਪਾਊਗਾ। ਸਾਨੂੰ ਦੱਸੋ ਅਸੀਂ ਹੁਣ ਕੀ ਕਰੀਏ? ਕਿਸ ਕੋਲ ਪੰਜਾਬ ਦੀ ਸਿਹਤ ਦੀ ਫਰਿਆਦ ਲੈਕੇ ਜਾਈਏ। ਕਿਸਨੂੰ ਕਿਸ ਕੋਲੋਂ ਇਨਸਾਫ ਜਾਂ ਸਜ਼ਾ ਦੁਆਈਏ। ਚੁੱਪ ਨਾ ਰਹੋ ਕੁਝ ਕਰੋ। ਜੇ ਬਚਦਾ ਹੈ ਪੰਜਾਬ ਤਾਂ ਬਚਾ ਲਵੋ।
 

******

ਜਨਮੇਜਾ ਸਿੰਘ ਜੌਹਲ
contact@janmejajohl.com
janmeja06@yahoo.com
janmeja@gmail.com
www.janmejajohl.com

2920, ਗੁਰਦੇਵ ਨਗਰ, ਲੁਧਿਆਣਾ
98159-45018

(© 14 ਜੂਨ 2007)

e-mail:
ਲਿਖਾਰੀ
Likhari


© likhari: Punjabi Likhari Forum-2001-2007