ਜ਼ਰਬ ਦਾ ਨਸ਼ਾ

ਕਰਨੈਲ ਸਿੰਘ ਗਿਆਨੀ- ਫ਼ਿਲਾਡੈਲਫ਼ੀਆ 

 

            ਅਮਰੀਕਾ ਵਿਚ ਜਦੋਂ ਬੰਦੇ ਦੇ ਪੈਰ ਲੱਗ ਜਾਂਦੇ ਨੇ, ਤਾਂ ਜਣਾ ਜਨਾਨੀ, ਪੂਛਾਂ ਤੋੜ ਕੇ ਨੌਕਰੀਆਂ ਕਰਦੇ ਤੇ ਸੌ ਸੌ ਸਰਫ਼ੇ ਕਰਕੇ ਆਪਣਾ ਮਕਾਨ ਲੈਣ ਦੀ ਸਬੀਲ ਬਣਾਉਂਦੇ ਨੇ

            ਤੇ ਜਦੋਂ ਤੋਂ ਰੇਸ਼ਮ ਸਿੰਘ ਢਿੱਲੋਂ ਰੀਅਲ ਐਸਟੇਟ ਏਜੰਟ ਦੇ ਢਹੇ ਚੜ੍ਹ ਜਾਂਦੇ ਨੇ ਤਾਂ ਨੜਿੰਹਨਵੇਂ ਦਾ ਗੇੜ ਸ਼ੁਰੂ ਹੋ ਜਾਂਦਾ ਹੈ

            “ਕਰਮ ਸਿੰਘ ਜੀ, ਤੁਸੀਂ ਪੰਜ ਪਰਸੈਂਟ ਅਤੇ ਸੈਟਲਮੈਂਟ ਦੇ ਖਰਚੇ ਦਾ ਜੁਗਾੜ ਕਰ ਲੋ, ਮਕਾਨ ਥੋਨੂੰ ਮੈਂ ਲੈ ਕੇ ਦੇਊਂਗਾ

            ਦੋ ਚਾਰ ਮਕਾਨ ਵਖਾਉਣ ਮਗਰੋਂ ਜਦੋਂ ਢਾਈ-ਢਾਈ ਲੱਖ ਡਾਲਰ ਦੇ ਮਕਾਨ ਵੇਖ ਕੇ ਸੰਤ ਕੁਰ ਚਾਂਭਲ ਚਾਂਭਲ਼ ਕੇ ਹਰ ਇਕ ਮਕਾਨ ਹੀ ਲੈਣ ਨੂੰ ਤਿਆਰ ਹੋ ਜਾਂਦੀ ਹੈ, ਤਾਂ ਢਿੱਲੋਂ ਸਾਹਿਬ, ਆਪਣਾ ਛੇ-ਪਰਸੈਂਟ ਕਮਿਸ਼ਨ ਖਰਾ ਕਰਨ ਵਿਚ ਜ਼ਰਾ ਢਿੱਲ ਨਹੀਂ ਲਾਉਂਦੇ

            ਸੈਟਲਮੈਂਟ ਚੋਂ ਬਾਹਰ ਨਿੱਕਲਦਿਆਂ ਹੀ ਹੱਥ ਮਿਲਾ ਕੇ ਢਿੱਲੋਂ, ਕਰਮ ਸਿੰਘ ਨੂੰ ਆਖਦਾ ਹੈ,

            “ਵੇਖਿਆ ਅਮਰੀਕਾ ਆਉਣ ਦਾ ਸੁਆਦ? ਵੀਹ ਹਜ਼ਾਰ ਡਾਲਰ ਖਰਚ ਕੇ, ਦੋ ਸਾਲਾਂ ਚ ਹੀ ਕਰੋੜ ਰੁਪਏ ਦੀ ਪਰਾਪਰਟੀ ਦਾ ਮਾਲਕ ਬਣਾ ਤਾ ਮੇਰੇ ਯਾਰ ਨੂੰ., ਮੰਨਦਾ ਐਂ ਯਾਰਾਂ ਦੀ ਯਾਰੀ....?

            ਜਣਾ ਜਨਾਨੀ ਘਰ ਵੜਦਿਆਂ ਹੀ ਟੈਲੀਫ਼ੋਨ ਦੇ ਦੁਆਲੇ ਹੋ ਜਾਂਦੇ ਹੈ, ਤੇ ਸਵੇਰ ਹੋਣ ਤੋਂ ਪਹਿਲਾਂ ਤੀਹ ਚਾਲੀ ਲੋਕਾਂ ਨੂੰ ਨਵੇਂ ਕਰੋੜ ਪਤੀ ਹੋਣ ਦੀ ਸ਼ੇਖੀ ਮਾਰਨ ਚ ਭੋਰਾ ਕਸਰ ਨੀਂ ਛੱਡਦੇ

            ਅਗਲੀ ਸ਼ਾਮ ਕਰਮ ਸਿੰਘ ਦੇ ਯਾਰਾਂ ਦੀ ਢਾਣੀ, ‘ਬਲਿਊ ਲੇਬਲ ਜਾਨੀ-ਵਾਕਰ ਦੇ ਡੱਟ ਖੋਲ੍ਹਣ ਬੈਠੀ ਹੁੰਦੀ ਹੈ ਤੇ ਸੰਤ ਕੁਰ ਦੀਆਂ ਗੁਰਦਵਾਰੇ ਦੀਆਂ ਸਾਰੀਆਂ ਵਾਕਫ਼ ਬੁੜ੍ਹੀਆਂ, ਤੰਦੂਰ-ਰੈਸਟੋਰੈਂਟ ਤੋਂ ਆਈਆਂ ਮੁਰਗੇ ਦੀ ਲੱਤਾਂ ਨੂੰ ਚਿੰਬੜੀਆਂ ਹੁੰਦੀਆ ਨੇਓਧਰੋਂ ਸੰਤ ਕੁਰ ਵੀ ਆਪਣੀ ਚੀਚੀ ਚ ਪਾਈ ਨਕਲੀ ਹੀਰੇ ਦੀ ਅੰਗੂਠੀ ਘੜੀ ਘੜੀ ਮੂਹਰੇ ਕਰ ਕਰ ਦਸਦੀ ਹੈ

            ਇਕ ਚਲਾਕ ਜਿਹੀ ਸਹੇਲੀ, ਬਸੰਤ ਕੁਰ ਜਦੋਂ ਉਹਦਾ ਦਿਲ ਰੱਖਣ ਲਈ ਕਹਿੰਦੀ ਹੈ

            “ਵੇਖ ਲੋ ਭੈਣ ਜੀ, ਤੁਸੀਂ ਤਾਂ ਕਮਾਲਾਂ ਹੀ ਕਰ ਤੀਆਂਦੋਂਹ ਸਾਲਾਂ ਚ ਹੀ ਢਾਈ ਲੱਖ ਦੀ ਜੈਦਾਤ ਲੈ ਲੀ

            ਉਸ ਨੂੰ ਗ਼ਲਤ ਸਾਬਤ ਕਰਨ ਲਈ ਤੁਰੰਤ ਹੀ ਸੰਤ ਕੌਰ ਨਖਰੇ ਨਾਲ ਜਵਾਬ ਦਿੰਦੀ

            “ਨੀਂ ਫੋਟ! ਢਾਈ ਲੱਖ ਕਾਹਨੂੰ, ਇਕ ਕਰੋੜ ਤੋਂ ਉੱਤੇ ਹੈਸਾਢੇ ਛਿਆਲੀ ਰੁਪਏ ਨਾਲ ਜ਼ਰਬ ਦੇਣੀ ਭੁੱਲ ਗੀ?”

            “ਲੈ ਹੈਸ ਗੱਲ ਦਾ ਤਾਂ ਮੈਨੂੰ ਪਤਾ ਹੀ ਅੱਜ ਲੱਗਾ ਐਮੈਂ ਤਾਂ ਸਮਝਦੀ ਸੀ, ਤੁਸੀਂ ਤਾਂ ਅਜੇ ਵੀ ਲੱਖਾਂਚ ਹੀ ਘੇਡ੍ਹਦੇ ਉਂ ਉਸ ਨੇ ਨਾਲ ਦੀ ਜ਼ਨਾਨੀ ਨੂੰ ਹੁੱਝ ਮਾਰ ਕੇ, ਸਾਹਮਣੇ ਬੈਠੀ ਨਛੱਤਰ ਦੀ ਮਾ ਨੂੰ ਅੱਖ ਵੀ ਮਾਰਤੀ

            ਤੇ ਰਾਤ ਨੂੰ ਸੌਣ ਲੱਗਿਆਂ ਕਰਮ ਸਿਉਂ ਨੇ ਚੇਤਾ ਕਰਾਉਂਦੇ ਨੇ ਆਖਿਆ

            “ਸੰਤ ਕੁਰੇ, ਅਲਾਰਮ ਲਾਉਣਾ ਨਾ ਭੁੱਲੀਂਵੇਖੀ ਬਸ ਹੁਣ ਆਪਾਂ ਨੂੰ ਦੱਬ ਕੇ ਓਵਰ ਟਾਈਮ ਲਾਉਣਾ ਪਊ, ਕਿਤੇ ਮਾਰਟਗੇਜ ਦੀਆਂ ਕਿਸ਼ਤਾਂ ਨਾ ਟੁੱਟ ਜਾਣ

            ਤੇ ਆਪਣੇ ਮਗਰ ਲੱਗੇ ਤਾਜੇ-ਤਾਜੇ ਕਰੋੜ ਪਤੀ ਦੇ ਦੁਮ-ਛੱਲੇ ਦੀ ਖਾਤਰ, ਦੋਵੇਂ ਜਣਾ ਜਨਾਨੀ, ਅਮਰੀਕਾ ਦੇ ਗਧੀ-ਗੇੜ ਵਿਚ ਫਸਣ ਵਾਲਿਆਂ ਦੀ ਲਾਈਨ ਵਿਚ ਲੱਗ ਜਾਂਦੇ ਨੇ

****
(੨੩ ਦਸੰਬਰ ੨੦੦੬) ਯੂਨੀਕੋਡ

 

ilKfrI
Likhari


© likhari: Punjabi Likhari Forum-2001-2007