![]() |
ਨਵੀਆਂ ਵਾਟਾਂ, ਤੇ ਨਵਾਂ ਪੁਆੜਾ ਪੈ ਗਿਆ
-ਕਿਰਪਾਲ ਸਿੰਘ ਪੰਨੂ- |
ਮੇਰੇ ਕੰਪਿਊਟਰ ਦੇ ਵਿਹੜੇ ਇੱਕ ਵੱਡਾ ਚਮਤਕਾਰ ਵਰਤ ਗਿਆ ਹੈ। ਇਸ ਪ੍ਰਤੀ ਆਪਣਾ ਹਾਂ ਜਾਂ ਨਾਂਹ ਪੱਖੀ ਪ੍ਰਤੀਕਰਮ ਦਰਸਾਉਣ ਤੋਂ ਪਹਿਲੋਂ ਇਸ ਸਬੰਧੀ ਜਾਣ ਲੈਣਾ ਜ਼ਰੂਰੀ ਹੈ। ਤੇ ਇਸ ਦੇ ਨਾਲ਼-ਨਾਲ਼ ਸਬੰਧਤ ਧਿਰ ਦੀ ਵਿਚਾਰ ਧਾਰ ਸਬੰਧੀ ਜਾਣ ਲੈਣਾ ਉਸ ਤੋਂ ਵੀ ਵੱਧ ਜ਼ਰੂਰੀ ਹੈ।ਭਾਣਾ ਵਰਤਿਆ ਇਹ ਕਿ ‘ਸੁਖਨ ਸੁਰਜੀਤ ਪਾਤਰ ਦੇ’ ਸਿਰਲੇਖ ਹੇਠ ‘ਸੀਰਤ ਡਾਟ ਸੀਏ’ ਵਿੱਚ ਛਪਣ ਵਾਲ਼ੇ ਸਥਾਈ ਕਾਲਮ ਲਈ ਇਸ ਵੇਰ ਪਹੁੰਚਿਆ ਆਰਟੀਕਲ ਜਦੋਂ ਪਰੋਫੈੱਸਰ ਵਰਿਆਮ ਸਿੰਘ ਹੋਰਾਂ ਕੋਲ਼ੋਂ ਨਾ ਖੁੱਲ੍ਹਿਆ ਤਾਂ ਉਨ੍ਹਾਂ ਨੇ ਇਹ ਮੈਨੂੰ ਭੇਜ ਦਿੱਤਾ। ਮੈਂ ਆਪਣੇ ਸਾਰੇ ਹਰਬੇ ਜਰਬੇ ਵਰਤਣ ਪਿੱਛੋਂ ਇਹ ਅਨੁਭਵ ਕੀਤਾ ਕਿ ਇਹ ਕਿਸੇ ਆਮ (ਆਸਕੀ) ‘ਜਨਮੇਜਾ’ ਫੌਂਟ ਵਿੱਚ ਨਹੀਂ ਹੈ। ਸਗੋਂ ਇਹ ਤਾਂ ਇੱਕ ਯੂਨੀਕੋਡ ਫੌਂਟ ਵਿੱਚ ਹੈ। ਮੈਨੂੰ ਪਹਿਲੀ ਹੈਰਾਨੀ ਤਾਂ ਇਹ ਹੋਈ ਕਿ ਸਤਿਕਾਰ ਯੋਗ ਜਨਮੇਜਾ ਜੀ ਅੱਜ ਤੀਕਰ ਤਾਂ ਯੂਨੀ ਫੌਂਟਾਂ ਤੋਂ ਦੂਰ-ਦੂਰ ਹੀ ਭੱਜਦੇ ਰਹੇ ਹਨ, ਇਹ ਆਰਟੀਕਲ ਉਨ੍ਹਾਂ ਦੇ ਨਾਂ ਦੀ ਯੂਨੀ ਫੌਂਟ ‘ਜਨਮੇਜਾ2920ਏ2’ ਵਿੱਚ ਕਿਵੇਂ ਆ ਗਿਆ। ਫਿਰ ਤਾਂ ਇਸ ਤੋਂ ਅਗਾਂਹ ਇੱਕ ਤੋਂ ਅੱਗੇ ਇੱਕ ਹੋਰ, ਮੇਰੀ ਅਗਿਆਨਤਾ ਦਾ ਅੰਧੇਰਾ ਹਟਦਾ ਗਿਆ।
ਪਾਠਕਾਂ ਦੀ ਜਾਣਕਾਰੀ ਲਈ ਇੱਥੇ ਅਸਲ ਆਰਟੀਕਲ ਦੀ ਪੀ. ਡੀ. ਐੱਫ ਫਾਈਲ ਨਾਲ਼ ਲਾਈ ਜਾ ਰਹੀ ਹੈ।
ਫਿਰ ਵੀ, ਇਹ ਜਾਣਕੇ ਕਿ ਇਹ ਆਰਟੀਕਲ ਯੂਨੀ ਫੌਂਟ ਵਿੱਚ ਹੈ, ਮੈਨੂੰ ਸੁੱਖ ਦਾ ਸਾਹ ਆਇਆ। ਕਿਉਂਕਿ ਮੇਰੇ ਕੋਲ਼ ਗੁਰਮੁਖੀ ਯੂਨੀ ਫੌਂਟ ਨੂੰ ਡੀ ਆਰ ਚਾਤਰਿਕ ਫੌਂਟ ਵਿੱਚ ਬਦਲੀ ਕਰਨ ਦਾ ਆਪਣਾ ਪਰੋਗਰਾਮ ਪਹਿਲੋਂ ਹੀ ਤਿਆਰ ਹੈ। ਪਰ ਜਦੋਂ ਮੈਂ ਇਸ ਉੱਤੇ ਉਹ ਪਰੋਗਰਾਮ ਚਲਾਇਆ ਤਾਂ ਇਸ ਆਰਟੀਕਲ ਨੇ ਮੈਨੂੰ ਆਪਣਾ ਕੋਈ ਵੀ ਪੱਲਾ ਨਾ ਫੜਾਇਆ। ਕਾਰਨ ਕੀ ਹੋਇਆ? ਮੈਂ ਹੈਰਾਨ ਪਸ਼ੇਮਾਨ!
ਜਦੋਂ ਮੈਂ ਇਸ ਫੌਂਟ ਦੇ ਕੋਡਾਂ ਦੀ ਪੜਤਾਲ ਕੀਤੀ ਤਾਂ ਮੈਂ ਆਪਣਾ ਮੱਥਾ ਫੜ ਕੇ ਬਹਿ ਗਿਆ ਤੇ ਸੋਚਦਾ ਹੀ ਰਹਿ ਗਿਆ। ਇਸ ਫੌਂਟ ਨੇ ਯੂਨੀ ਫੌਂਟਾਂ ਦੇ ਮਾਹਰਾਂ ਦੇ ਸਾਰੇ ਦਾਈਏ ਖੋਖਲੇ ਕਰ ਦਿੱਤੇ। ਜਿਨ੍ਹਾਂ ਵਿੱਚੋਂ ਕੁੱਝ ਕੁ ਇਸ ਪਰਕਾਰ ਸਨ:
1. ਪੰਜਾਬੀ ਆਸਕੀ ਫੌਂਟਾਂ ਦੇ ਕੋਡਾਂ ਦੇ ਵਖਰੇਵੇਂ ਦਾ ਯੂਨੀ ਫੌਂਟਾਂ ਦੇ ਲਾਗੂ ਹੋ ਜਾਣ ਨਾਲ਼ ਸਦਾ-ਸਦਾ ਲਈ ਭੋਗ ਪੈ ਜਾਇਗਾ।
2. ਪਾਠਕ ਜਾਂ ਵਸੂਲ ਕਰਤਾ ਕੋਲ਼ ਜੇ ਕੋਈ ਵਿਸ਼ੇਸ਼ ਯੂਨੀ ਫੌਂਟ ਨਹੀਂ ਵੀ ਹੋਵੇਗੀ ਤਾਂ ਵੀ ਉਹ ਬਿਨਾਂ ਕੋਈ ਤਰੱਦਦ ਕੀਤਿਆਂ ਆਪਣੇ ਆਪ ਯੂਨੀ ਡੀਫਾਲਟ ਫੌਂਟ ‘ਰਾਵੀ’ ਵਿੱਚ ਪੜ੍ਹ ਲਵੇਗਾ। ਹਾਂ ਉਸ ਕੋਲ਼ ਇਸ ਕਾਰਜ ਲਈ ਢੁਕਵਾਂ ਕੰਪਿਊਟਰ ਹੋਣਾ ਚਾਹੀਦਾ ਹੈ। ਜਿਸ ਵਿੱਚ ‘ਵਿੰਡੋ ਐਕਸਪੀ’ ਅਤੇ ‘ਵਰਡ ਐਕਸਪੀ’ ਹੋਵੇ।
3. ਹੁਣ ਇਨ੍ਹਾਂ ਯੂਨੀ ਫੌਂਟਾਂ ਨਾਲ਼ ਅਸੀਂ ਈਮੇਲ ਵਿੱਚ ਸੁਨੇਹੇ ਭੇਜ ਸਕਿਆ ਕਰਾਂਗੇ।
4. ਸੰਸਾਰ ਦੀਆਂ ਹੋਰ ਭਾਸ਼ਾਈ ਫੌਂਟਾਂ ਪੰਜਾਬੀ ਦੇ ਏਰੀਏ ਵਿੱਚ ਆ ਕੇ ਕੋਈ ਦਖਲ ਨਹੀਂ ਕਰਨ ਗੀਆਂ।
5. ਗੁਰਮੁਖੀ ਦੇ ਇੱਕ ਅੱਖਰ ਲਈ ਇੱਕ ਹੀ ਕੋਡ ਹੋਵੇਗਾ। ਹਾਂ ਉਸਦਾ ਚੱਕਰ-ਚਿਹਨ, ਦਿੱਖ-ਨਿੱਖ ਜਾਂ ਰੂਪ ਵੱਖੋ ਵੱਖਰਾ ਹੋ ਸਕਦਾ ਹੈ। ਇਤ ਆਦ ਪਰ ਸਾਡੇ ਇਸ ਆਰਟੀਕਲ ਵਿੱਚ ਵਰਤੀ ਗਈ ਫੌਂਟ ਨੇ ਨਵੇਂ ਹੀ ਸਵਾਲ ਖੜ੍ਹੇ ਕਰ ਦਿੱਤੇ ਹਨ। ਵੈਸੇ ਇਸ ਮੁੱਦੇ ਸਬੰਧੀ ਪਹਿਲੋਂ ਵੀ ਸੋਚ ਵਿਚਾਰ ਹੁੰਦੀ ਰਹੀ ਹੈ ਕਿ ਯੂਨੀ ਫੌਂਟਾਂ ਵਿੱਚ ਸੰਸਾਰ ਮਿਆਰੀ ਕਰਨ ਦੇ ਉਲਟ ਕੋਡਾਂ ਨਾਲ਼ ਖਿਲਵਾੜ ਕਰਨਾ ਸੰਭਵ ਤਾਂ ਹੈ ਪਰ ਕੋਈ ਵੀ ਸਿਆਣਾ ਵਿਅਕਤੀ ਇਹ ਕਾਰਜ ਕਰਨ ਦੀ ਗਲਤੀ ਨਹੀਂ ਕਰੇਗਾ।
ਸੋਚ ਤਾਂ ਇਹ ਵੀ ਆਉਂਦੀ ਹੈ ਕਿ ਹੁਣ ਜੇ ਕਿਸੇ ਨੇ ਅਜੇਹਾ ਕਰਨ ਦੀ ਹਿੰਮਤ ਕੀਤੀ ਹੀ ਹੈ ਤਾਂ ਉਸ ਨੇ ਇਸ ਵਿੱਚ ਕੋਈ ਨਾ ਕੋਈ ਵਿਸ਼ੇਸ਼ ਅਤੇ ਵਾਧੂ ਲਾਭ ਤਾਂ ਜ਼ਰੂਰ ਹੀ ਪਰਾਪਤ ਕੀਤੇ ਹੋਣਗੇ। ਹੋ ਸਕਦਾ ਹੈ ਕਿ ਉਹ ਆਮ ਆਦਮੀ ਦੀ ਤੁੱਛ ਬੁੱਧੀ ਵਿੱਚ ਨਾ ਆਏ ਹੋਣ। ਇਸ ਫੌਂਟ ਦੇ ਸੂਝਵਾਨ ਨਿਰਮਾਤਾ ਅੱਗੇ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਯੂਨੀ ਫੌਂਟ ਰਾਹੀਂ ਪਰਾਪਤ ਕੀਤੇ ਗਏ ਵਾਧੂ ਲਾਭਾਂ ਤੋਂ ਅਤੇ ਇਸਦੀ ਮਹਾਨਤਾ ਤੋਂ ਉਸ ਵੱਲੋਂ ਪਾਠਕਾਂ ਨੂੰ ਜ਼ਰੂਰ ਜਾਣੂੰ ਕਰਵਾਇਆ ਜਾਵੇ। ਇਸ ਮਹਾਨ ਕਾਰਜ ਲਈ ‘ਲਿਖਾਰੀ’ ਦੇ ਪੰਨਿਆਂ ਤੋਂ ਵੱਧ ਹੋਰ ਕਿਹੜੀ ਢੁਕਵੀਂ ਥਾਂ ਹੋ ਸਕਦੀ ਹੈ? ਵੈਸੇ ਵੀ ਜਿਸ ਮੰਚ ਉੱਤੇ ਸੁਵਾਲ ਉੱਠਿਆ ਹੋਵੇ ਉਸਦਾ ਉੱਤਰ ਵੀ ਉਸੇ ਮੰਚ ਉੱਤੋਂ ਦੇਣਾ ਬਣਦਾ ਹੈ।
ਪਾਠਕਾਂ ਦੀ ਜਾਣਕਾਰੀ ਲਈ ਮਿਆਰੀ ਗੁਰਮੁਖੀ ਯੂਨੀ ਫੌਂਟ ਅਤੇ ‘ਜਨਮੇਜਾ2920ਏ2’ ਦਾ ਚਾਰਟ ਦਿੱਤਾ ਜਾ ਰਿਹਾ ਹੈ। ਜਿਸ ਵਿੱਚੋਂ ਮਿਆਰੀ ਅਤੇ ਵਿਚਾਰ ਅਧੀਨ ਫੌਂਟ ਦੀ ਲਗਾਤਾਰਤਾ ਦੇ ਅੰਤਰ ਦਾ ਪਤਾ ਸਹਿਜੇ ਹੀ ਲਾਇਆ ਜਾ ਸਕਦਾ ਹੈ।
ਅੰਤਕਾ: ਸੁਰਜੀਤ ਪਾਤਰ ਦੇ ਰਾਹੀਂ ਇਸ ਨਵੀਂ ਸਮੱਸਿਆ ਸਬੰਧੀ ਜਨਮੇਜਾ ਸਿੰਘ ਜੌਹਲ ਜੀ ਕੋਲ਼ੋਂ ਜਾਣਕਾਰੀ ਪਰਾਪਤ ਕਰਨ ਦੀ ਕੋਸਿ਼ਸ਼ ਕੀਤੀ ਗਈ। ਹਫਤੇ ਤੋਂ ਵੱਧ ਸਮਾਂ ਹੋ ਗਿਆ ਹੈ ਅਜੇ ਤੀਕਰ ਉਨ੍ਹਾਂ ਵੱਲੋਂ ਕੋਈ ਉੱਤਰ ਨਹੀਂ ਮਿਲਿ਼ਆ।
1. ‘ਸੁਖਨ ਸੁਰਜੀਤ ਪਾਤਰ ਦੇ’ ਲੇਖ 'ਜਨਮੇਜਾ2902ਏ2' ਫੌਂਟ ਵਿਚ ਵੇਖਣ ਲਈ ਕਲਿੱਕ ਕਰੋ>>> (ਇਹ ਲੇਖ ਪੜ੍ਹਿਆ ਨਹੀਂ ਜਾ ਸਕੇਗਾ ਕੇਵਲ ਉਦਾਹਰਣ ਵਜੋਂ ਪਾਠਕਾਂ/ਲੇਖਕਾਂ ਦੀ ਜਾਣਕਾਰੀ ਲਈ ਦਿੱਤਾ ਜਾ ਰਿਹਾ ਹੈ।)2. ਮਿਆਰੀ ਗੁਰਮੁਖੀ ਯੂਨੀ ਫੌਂਟ ਅਤੇ ‘ਜਨਮੇਜਾ2920ਏ2’ ਦਾ ਚਾਰਟ ਵੇਖਣ ਲਈ ਕਲਿੱਕ ਕਰੋ>>>
ਨੋਟ: ਇਹ ਦੋਵੇਂ ਫਾਈਲਾਂ ਪੀਡੀ ਐਫ 'ਚ ਹਨ।
ਜੇ ਕਰ ਤੁਸੀਂ ਆਪਣੇ ਵਿਚਾਰ ਦੇਣਾ ਚਾਹੋ ਤਾਂ 'ਲਿਖਾਰੀ' ਵਲੋਂ ਜੀ ਆਇਆਂ ਨੂੰ!
(3 ਨਵੰਬਰ 2007)
e-mail:
ਲਿਖਾਰੀ
© likhari: Punjabi Likhari Forum-2001-2007