ਦਿੱਲੀ ਇੰਟਰਨੈਸ਼ਨਲ ਏਅਰ ਪੋਰਟ ਦੇ ਵੇਟਿੰਗ ਰੂੰਮ ‘ਚ ਬੈਂਚ ‘ਤੇ ਬੈਠੇ ਉਸ ਦੇ ਪੋਤਰੇ
ਮੂਵੀ ਸਟਾਰਾਂ ਦੀਆਂ ਗੱਲਾਂ ‘ਚ ਮਸਤ ਸਨ, ਕੁੱਝ ਵਿੱਥ ‘ਤੇ ਬੈਠਾ ਅਨੋਖ ਸਿੰਘ
ਉਨ੍ਹਾਂ ਵੱਲ ਟਿਕਟਿਕੀ ਬੰਨੀ ਦੇਖਦਾ ਅਤੀਤ ਦੇ ਪ੍ਰਛਾਵਿਆਂ ਸੰਗ ਤੁਰਨ ਲੱਗਾ, ਅੱਧੀ
ਸੱਦੀ ਪਹਿਲਾਂ ਉਹ ਛੋਟੇ ਭਰਾ ਸੰਤਖ ਸਿੰਘ ਨੂੰ ਦਿੱਲੀ ਦੇ ਪੁਰਾਣੇ ਏਅਰ ਪੋਰਟ ‘ਤੇ
ਜਹਾਜ ਚੜ੍ਹਾਉਣ ਆਇਆ ਸੀ। ਬਾਪੂ ਨੇ ਬੇਬੇ ਨੂੰ ਕਿਹਾ ਸੀ ਕਿ ਉਹ ਘਰ ਹੀ ਰਹੇ, ਜਹਾਜ਼
ਚੜ੍ਹਨ ਲੱਗੇ ਮੁੰਡੇ ਦਾ ਰੋ ਕੇ ਦਿਲ ਡੁਲਾਵੇ ਗੀ, ਮੈਂ ਚੰਦਰਾ! ਜਹਾਜ ਤਾਂ ਦੇਖੂੰ,
ਜਿਹੜਾ ਮੇਰੇ ਪੁੱਤਾਂ ਦੀ ਜੋੜੀ ਨਿਖੇੜ ਕੇ ਮੇਰੇ ਲਾਲ ਨੂੰ ਸੱਤ ਸਮੁੰਦਰ ਪਾਰ ਲੈ
ਜਾਵੇ ਗਾ, ਇਹ ਕਹਿੰਦੀ ਬੇਬੇ ਦੀ ਧਾਅ ਨਿਕਲ ਗਈ ਸੀ। ਉਦੋਂ ਅਸੀਂ ਦੋਵੇਂ ਭਰਾ ਵੀ
ਇੰਨ੍ਹਾਂ ਸੰਨੀ ਮੰਨੀ ਵਾਂਗ ਚੜ੍ਹਦੀ ਜਵਾਨੀ ‘ਚ ਸਾਂ, ਤੇ ਦੋਹਾਂ ਭਰਾਵਾਂ ਦੀ ਉਮਰ
‘ਚ ਵੀ ਮਸਾਂ ਇੰਨ੍ਹਾ ਵਾਂਗ ਹੀ ਸਾਲ ਕੁ ਦੀ ਵਿੱਥ ਸੀ। ਬੱਸ! ਦਰਮਿਆਨੇ ਜਿਹੇ ਕੱਦ
ਵਾਲਾ ਸੰਤੋਖ ਪਹਿਲਾਂ ਪਹਿਲੀ-ਦੂਜੀ ਜਮਾਤ ਇੱਕੋ ਸਾਲ ਕਰਕੇ ਉਸ ਨਾਲ ਆ ਰਲਿਆ ਤੇ ਫੇਰ
ਨੌਵੀਂ ਜਮਾਤ ‘ਚ ਸਾਇੰਸ ਗਰੁਪ ਰੱਖ ਕੇ ਨਿੱਖੜਿਆ, ਦਸਵੀਂ ‘ਚ ਫਸਟ ਡਵੀਜ਼ਨ ਲੈ ਕੇ
ਸ਼ਹਿਰੀ ਕਾਲਜ ‘ਚੋਂ ਬੀ. ਐਸ ਸੀ. ਵੀ ਫਸਟ ਡਵੀਜ਼ਨ ‘ਚ ਕਰਕੇ ਉਹ ਉਦੋਂ ਇੰਗਲੈਂਡ
ਪੜ੍ਹਨ ਚੱਲਿਆ ਸੀ।
ਅਨੋਖ ਸਿੰਘ ਨੂੰ ਵੀ ਨੌਵੀਂ ਜਮਾਤ
‘ਚ ਪੜ੍ਹਦੇ ਨੂੰ ਹਰ ਰੋਜ਼ ਵਾਰ ਆਉਣ ਲੱਗਾ, ਤੇ ਉਸ ਦੀ ਕਪਤਾਨੀ ‘ਚ ਕਬੱਡੀ ਟੀਮ ਵਲੋਂ
ਜਿੱਤੇ ਕੱਪ, ਸ਼ੀਲਡਾਂ ਉਨ੍ਹਾ ਦੇ ਸਕੂਲ ਹੈਡਮਾਸਟਰ ਦੇ ਦਫਤਰ ਦਿਨੋ ਦਿਨ ਸਿੰਗਾਰ ਬਣ
ਰਹੇ ਸਨ। ਜਿਸ ਅੱਗੋਂ ਲੰਘਦੇ ਦਾ ਸਿਰ ਉੱਚਾ ਤੇ ਹਿੱਕ ਤਣ ਜਾਂਦੀ ਸੀ। ਇਸ ਖੇਡ ਖਬਤ
ਨੇ ਉਸ ਦਾ ਪੜਾਈ ਵਾਲਾ ਪਾਸਾ ਸਾਫ਼ ਕਰ ਦਿੱਤਾ ਸੀ, ਤੇ ਉਹ ਇੱਕ ਅੱਧ ਗੇੜਾ ਲਾ ਕੇ ਉਹ
ਮੈਟ੍ਰਿਕ ਪਾਸ ਕਰ ਹੀ ਗਿਆ ਸੀ। ਭਾਵੇਂ ਰੇਆਇਲ ਡਵੀਜ਼ਨ ਹੀ ਆਈ, ਪਰ ਉਸ ਲਈ ਕਾਲਜ ਗੇਟ
ਖੁਲ ਗਏ ਸਨ। ਪੇਂਡੂ ਇਲਾਕਿਆਂ ਦੇ ਕਾਲਜ ਤਾਂ ਉਸ ਦੀ ਕਬੱਡੀ ਗੇਂਮ ਸਦਕਾ ਦਾਖਲੇ ਲਈ
ਬਹੁਤੇ ਹੀ ਉਤਾਵਲੇ ਸਨ। ਉਸ ਉੱਤੇ ਵੀ “ਨੋਹ ਨਾਲਜ ਵਿੱਦਆਊਟ ਕਾਲਜ” ਸਮੇਂ ਦੇ ਨਾਹਰੇ
ਦਾ ਭੂਤ ਸਵਾਰ ਸੀ, ਜਿਸ ਦੀ ਆੜ ‘ਚ ਬਹੁਤ ਸਾਰੇ ਸਰਦੇ-ਪੁਜਦੇ ਘਰਾਂ ਦੇ ਲਾਡਲੇ
ਕਈ-ਕਈ ਸਾਲ ਕਾਲਜਾਂ ‘ਚ ਮੌਜ ਮਸਤੀਆਂ ਕਰਦੇ ਅੱਧੀ ਖਾਂਦੇ ਤੇ ਅੱਧੀ ਟੰਗਦੇ ਸਨ। ਪਰ
ਉਹ ਤਾਂ ਉਦੋਂ ਤੱਕ ਵੱਡੀਆਂ ਪੇਂਡੂ ਟੀਮਾਂ ‘ਚ ਵੀ ਕਬੱਡੀ ਖੇਡਣ ਲੱਗ ਪਿਆ ਸੀ।
ਹੁਣ ਉਸ ਦੇ ਜ਼ਿਹਨ ‘ਚ ਇੱਕ ਮਿੱਠੀ
ਯਾਦ ਨੇ ਆਣ ਦਸਤੱਕ ਦਿੱਤੀ, ਉਨ੍ਹਾਂ ਦਾ ਫਸਵਾਂ ਮੈਚ ਇੱਕ ਸ਼ਹਿਰੀ ਕੋ-ਐਜੂਕੇਸ਼ਨ ਕਾਲਜ
‘ਚ ਚੱਲ ਰਿਹਾ ਸੀ. ਕੱਬਡੀ ਪਾਉਣ ਗਿਆ ਉਹ ਉੱਪਰਲੇ ਦਾਇਰੇ ‘ਤੇ ਚੜ੍ਹਿਆ ਵਿਰੋਧੀ ਟੀਮ
ਦੇ ਖਿਡਾਰੀਆਂ ਨੂੰ ਗਾਹ ਰਿਹਾ ਸੀ. ਦਾਇਰੇ ਤੋਂ ਬਾਹਰ ਖੜ੍ਹੀਆਂ ਮੈਚ ਦੇਖਦੀਆਂ
ਕੁੜੀਆਂ ‘ਚੋਂ ਕਿਸੇ ਦੇ ਬੋਲ ਉਸ ਦੇ ਕੰਨੀ ਪਏ, “ਮਰ ਗਈ ਨੀ! ਮੈਂ ਮਰਨੇ ਦੇ ਪੱਟਾਂ
ਦੀਆਂ ਘੁੱਗੀਆਂ, ਡੌਲਿਆਂ ਦੀਆਂ ਮੱਛੀਆਂ ‘ਤੇ” “ਇੰਨ੍ਹਾ ਘੁੱਗੀਆਂ ਮੱਛੀਆਂ ਨੂੰ ਕੋਈ
ਪੇਂਡੂ ਨੱਢੀ …,” ਧਿਆਨ ਉੱਕਿਆ, ਧੌਣ ‘ਚ ਧੌਲ ਪਈ, ਕੰਨਾਂ ‘ਚ ਘੁਲ਼ਦੇ ਸ਼ਹਿਦ ਦਾ
ਕਾਸ੍ਹਾ ਅੱਧਵਾਟੇ ਟੁੱਟ ਗਿਆ, ਗੁੱਟ ਸਕੰਜੇ ‘ਚ ਆਇਆ ਲੱਗਿਆ, ਤੇ ਤਖੱਤੂਪੁਰੀਏ ਪੀਤੇ
ਦੇ ਬੋਲ ਗੂੰਜੇ, “ਵੱਜ ਗਏ ਜੰਦਰੇ, ਗੁਆਚ ਗਈਆਂ ਕੁੰਜੀਆਂ, ਬਾਈ ਸਿੰਆਂ!” ਦੂਜੇ ਹੱਥ
ਨਾਲ ਉਸ ਨੇ ਵੀ ਦੀਪੇ ਦੇ ਪੰਜੇ ਨੂੰ ਗੁੱਟ ਤੋਂ ਪੁੱਟਕੇ ਉਸ ਨੂੰ ਅਪਣੇ ਉਦਾਲ਼ੇ ਐਸਾ
ਘੁਕਾ ਕੇ ਸੁੱਟਿਆ ਕਿ ਕੋਹਲੂ ‘ਚ ਆਈ ਬਾਂਹ ਹੀ ਬਾਹਰ ਨਾ ਆਈ ਸਗੋਂ ਕੋਹਲੂ ਹੀ ਪੁੱਟ
ਕੇ ਵਗਾਹ ਮਾਰਿਆ ਸੀ। ਪਰ ਵਿਤੋਂ ਬਾਹਰਾ ਜੋਰ ਲੱਗ ਜਾਣ ਸਦਕਾ ਉਸ ਦੀਆਂ ਅੱਖਾਂ ਅੱਗੇ
ਵੀ ਹਨੇਰਾ ਛਾਅ ਗਿਆ ਸੀ, ਭਾਵੇਂ ਵਿਸਲ ਉਸ ਨੂੰ ਸੁਣੀ, ਪਰ ਵਿਸ਼ੇਸ਼ ਅਦਾ ਨਾਲ ਧਰਤੀ
ਵੱਲ ਝੁਕਕੇ ਲੰਮੀਂ ਵਿਸਲ ਨਾਲ ਪੁਇੰਟ ਦੇਣ ਵਾਲੇ ਮਾਸਟਰ ਨਰੰਜਣ ਸਿੰਘ ਨੂੰ ਉਹ ਦੇਖ
ਨਾ ਸੀ ਸਕਿਆ, ਅਪਣੇ ਪਾਲ਼ੇ ਸਹੀ ਪਹੁੰਚਣ ਦਾ ਪਤਾ ਵੀ ਉਸ ਦੇ ਸਾਥੀ ਖਿਡਾਰੀ ਵੱਲੋਂ
ਜਫੀ ‘ਚ ਲੈਕੇ ਇਹ ਆਖਣ ਨਾਲ ਲੱਗਾ, “ਬੱਲੇ ਉਏ ਢੱਟਿਆ, ਨਹੀਂ ਰੀਸਾਂ ਤੇਰੀਆਂ” ਹੁਣ
ਅਸਮਾਨ ਛੋਹਦੀਆਂ ਦੀਆਂ ਚੀਕਾਂ ਕੂਕਾਂ ਸੰਗ ਦੇਰ ਤੱਕ ਤਾੜੀਆਂ ਮਾਰਨ ਵਾਲੀਆਂ ਕੁੜੀਆਂ
‘ਚ ਉਹ ਅਣਦੇਖੀ ਕੁੜੀ ਵੀ ਸੀ, ਜਿਸ ਦੇ ਬੋਲਾਂ ਦੇ ਜਾਦੂ ਨੇ ਉਸ ਦੇ ਚਾਵਾਂ ਨੂੰ ਖੰਭ
ਲਾ ਦਿੱਤੇ ਸਨ।
ਉਹ ਕੁੜੀ ਉਸ ਦੇ ਮਨ ‘ਚ ਤਰਥਲੀ
ਮਚਾਈ ਰੱਖਦੀ, ਮਨ ‘ਚ ਇੱਕ ਭੁਚਾਲ ਜਿਹਾ ਰਹਿਣ ਲੱਗਾ, ਗੂਹੜੀ ਨੀਂਦ ‘ਚ ਸੁੱਤਿਆਂ ਵੀ
ਉਹ ਬੋਲ ਕੰਨਾਂ ‘ਚ ਗੂੰਜਣ ਲਗਦੇ, ਉਹ ਮੁੜ੍ਹਕੋ ਮੁੜ੍ਹਕੀ ਹੋਇਆ ਗੂੜੀ ਨੀਂਦੋਂ ਜਾਗ
ਉੱਠਦਾ ਤਾਂ ਦਿਲ ਬੜੇ ਜੋਰ ਨਾਲ ਧੜ੍ਹਕ ਰਿਹਾ ਹੁੰਦਾ, ਟੁੱਟੇ ਸੁਪਨੇ ਦੀ ਤੰਦ ਫੜਨ
ਲਈ ਉਹ ਮੁੜ ਸੌਣ ਦਾ ਯਤਨ ਕਰਦਾ, ਨੀਂਦ ਖੰਭ ਲਾਕੇ ਉੱਡ ਪੁੱਡ ਜਾਂਦੀ, ਇੱਕ ਤਾਂਘ
ਜਿਹੀ ਇੱਕ ਅਚ੍ਹਵੀ ਜਿਹੀ, ਸਦਾ ਉਸ ਦਾ ਪਿੱਛਾ ਕਰਨ ਲੱਗੀ, ਅਪਣੇ ਮੰਗਣੇ ਵਿਆਹ ਦੀ
ਕਣਸੋਅ ਕੰਨੀਂ ਪੈਂਦਿਆਂ ਹੀ ਮਨ ‘ਚ ਲੱਡੂ ਭੁਰਨ ਲਗੇ ਸਨ, ਅਲੰਗੋਟੀਏ ਧੀਰੇ ਨਾਲ ਜਾ
ਕੇ ਗਹੀਰੇ ‘ਚੋਂ ਪਾਥੀਆਂ ਚੁਕਾਉਂਦੀ ਸਰੂ ਕੱਦ ਪੇਂਡੂ ਨੱਢੀ ਨੂੰ ਦੇਖ ਕੇ ਆਏ ਦੇ ਉਸ
ਦੇ ਪੈਰ ਧਰਤੀ ‘ਤੇ ਨਹੀ ਸਨ ਲਗਦੇ। ਮਾਂ ਦੇ ਵਿਆਹ ਬਾਰੇ ਪੁੱਛਣ ‘ਤੇ ਭਾਵੇਂ ਮਲ਼ਵੀਂ
ਜ਼ਬਾਨ ਨਾਲ ਕਹਿ ਦਿੱਤਾ ਸੀ, “ਥੋੜਾ ਚਿਰ ਹੋਰ ਕਬੱਡੀ ਖੇਡ ਲੈਣ ਦਿੰਦੇ, ਹੁਣੇਂ ਵਿਆਹ
ਨੂੰ ਕੀ ਐ!” “ਇਹ ਵਾਲ਼ ਧੁੱਪ ਨਾਲ ਬੱਗੇ ਨਹੀਂ ਹੋਏ’ ਪੁੱਤਰਾ! ਹੁਣ ਤੇਰੀ ਵਿਆਹ ਦੀ
ਉਮਰ ਐ, ਘਰ ਦੇ ਕੰਮਾਂ ਵੱਲ ਵੀ ਧਿਆਨ ਦਿਆ ਕਰ ਹੁਣ ਮੈਥੋਂ ਤਾਂ ਬਾਹਰਲਾ ਹੀ ਮਸਾਂ
ਨਿੱਬੜਦੈ!” ਜਿਵੇਂ ਬਾਪ ਨੇ ਉਸ ਦੇ ਮਨ ਦਾ ਚੋਰ ਫੜ ਲਿਆ ਹੋਵੇ।
ਉਸ ਦੇ ਵਿਆਹ ‘ਚ ਵੀ ਬੜੀ ਰੌਣਕ
ਸੀ, ਅੰਗ ਸਾਕ, ਸਕੇ ਸੋਧਰੇ ਅਤੇ ਹੋਰ ਦੂਰ ਨੇੜਿਓਂ ਆਉਣ ਵਾਲੇ ਜਾਣੂ ਪਛਾਣੂਆਂ ਦੇ
ਰੌਣਕ ਮੇਲੇ ਦੀ ਛਹਿੰਬਰ ‘ਚ ਮੰਜੇ ‘ਤੇ ਬੈਠਾ ਰੂੜੀ ਬਰਾਂਡ ਦੀ ਬੋਤਲ ਪਿਤੱਲ਼ ਦੇ
ਗਲਾਸ ‘ਚ ਉਲੱਧਦਾ ਜੈਲਾ ਟਿੱਬੇ ਵਾਲਿਆਂ ਦਾ ਬੋਲਿਆ, “ਬਈ! ਇਹ ਵਿਆਹ ਦਿਆਲ ਸਿੰਓਂ
ਦੇ ਬਾਪ ਸਰਦਾਰ ਨਿਧਾਨ ਸਿਓਂ ਸ਼ਾਹ ਦੇ ਲਾਡਲੇ ਪੋਤਰੇ ਦਾ ਐ, ਕਿਸੇ ਐਰੇ ਗੈਰੇ ਦਾ
ਨਹੀਂ!” ਇੱਕ ਅੱਧ ਪੈਗ ਲਾ ਕੇ ਖਰਾੜਾ (ਜ਼ਰਾ ਕੁ ਸਖ਼ਤ ਅਵਾਜ਼) ਜਿਹਾ ਹੋਇਆ, ਬਨਵਾਰੀ
ਆੜਤੀਆ ਗੱਲ ਬੋਚਕੇ ਤੰਦ ਨਾ ਤੰਦ ਜੋੜਦਾ ਬੋਲਿਆ, “ਦੋ ਕੁ ਸਾਲ ਹੀ ਹੋਏ ਹੋਣਗੇ
ਮਸਾਂ, ਸਰਦਾਰ ਨਿਧਾਨ ਸਿਓਂ ਸ਼ਾਹ ਹੋਰਾਂ ਨੂੰ ਸੰਸਾਰ ਤੋਂ ਕੂਚ ਕੀਤਿਆਂ, ਇਲਾਕੇ ‘ਚ
ਹੁੰਡੀ ਚਲਦੀ ਸੀ ਸਰਦਾਰ ਦੀ। ਪਰ ਦੂਜੇ ਦੀ ਇਜ਼ਤ ਨੂੰ ਅਪਣੀ ਇਜ਼ੱਤ ਸਮਝਦੇ ਸਨ,
ਜਾਹ-ਖਾਂ ਕਿਸੇ ਵਿਹਾਰ ਦੀ ਭਿਣਖ ਓਪਰੇ ਦੇ ਕੰਨੀ ਪਵੇ।” “ਰੱਬ ਨੇ ਇਸ ਟੱਬਰ ਤੋਂ
ਲਕੋ ਕੇ ਵੀ ਕੀ ਰੱਖਿਐ ਸੇਠਾ!” ਜ਼ੈਲੇ ਨੇ ਖਾਲੀ ਕਰਕੇ ਗਲਾਸ ਧਰਤੀ ‘ਤੇ ਰੱਖਦਿਆਂ
ਛਿੜੀ ਗੱਲ ਦਾ ਆਖਰ ‘ਤੇ ਤੋੜਾ ਝਾੜਿਆ।
ਓਧਰ ਵਿਆਹ ‘ਚ ਆਏ ਖਿਡਾਰੀਆਂ ਤੇ
ਲੰਗੋਟੇ ਚੁੱਕਣ ਵਾਲਿਆਂ ਦੀ ਸੂਈ ਅਨੋਖ ਸਿੰਘ ਦੀ ਵੱਖ-ਵੱਖ ਮੈਚਾਂ ‘ਚ ਦਿਖਾਈ ਖੇਡ
‘ਤੇ ਟਿਕੀ ਹੋਈ ਸੀ, ਪਰ ਸੰਤਖ ਸਿੰਘ ਨਾਲ ਪੜ੍ਹਦੇ ਸ਼ਹਿਰੀ ਕਾਲਜੀਏਟ ਦੋ-ਦੋ ਸ਼ਾਟ ਲਾ
ਕੇ ਲਵ ਅਫੇਅਰਜ਼ ਦੀ ਚੁੰਝ ਚਰਚਾ ਕਰਦੇ ਅੰਗ੍ਰੇਜ਼ੀ ਪੰਜਾਬੀ ਦੀ ਖਿਚੜੀ ਪੱਕਾ ਰਹੇ ਸਨ,
ਗੜਗੱਸਾ ਜਿਹਾ (ਭਰਨ ਦੇ ਨੇੜੇ) ਗਲਾਸ ਡੀਕ ਕੇ ਕਾਲੂ ਗੱਪੀ ਬੋਲਿਆ, “ਆਹ! ਸ਼ਹਿਰੀ
ਸੇਹੜੀਆਂ ਕਿਹੜਾ ਰਾਗ ਅਲਾਪਦੀਐਂ ਆਪਣੇ ਤਾਂ ਕੁਛ ਪੱਲੇ ਨਹੀ ਪੈਂਦਾ ਬਾਈ ਸਿੰਆਂ,
ਸੱਚੀ ਗੱਲ ਐ!” “ਇਹ ਅਪਣੇ ਸੰਤੋਖ ਸਿਓਂ ਪਾੜ੍ਹੇ ਦੇ ਬੇਲੀ ਐ, ਅੰਗ੍ਰੇਜ਼ੀ ‘ਚ ਅਪਣੀ
ਗੱਟਰ ਮੱਟਰ ਕਰਦੇ ਐ ਕਿ ਤੈਂਨੂੰ ਪਤਾ ਨਾ ਲਗੇ!” ਅਨੋਖ ਸਿੰਘ ਨੇ ਅਪਣੇ ਬਾਪ ਦਿਆਲ
ਸਿੰਘ ਕੋਲ਼ ਜਾਦਿਆਂ ਕਾਲ਼ੂ ਗੱਪੀ ਦੀ ਗੱਲ ਦਾ ਹੁੰਗਾਰਾ ਭਰਿਆ, “ਅੱਛਾ! ਇਹ ਹੁੰਦੀ ਐ,
ਗੜੇਜੀ!” ਲੋਰ ‘ਚ ਆਏ ਉਸ ਨੇ ਝੂਮੰਦਿਆ ਲੰਮੀ ਹੇਕ ‘ਚ ਆਖਿਆ ਤਾਂ ਸੱਭ ਹੱਸ ਪਏ ਸਨ।
“ਮੁੰਡਿਓ! ਇਹ ਦੇ ਉੱਤੋਂ ਦੀ ਹੋ ਗਈ ਐ, ਹੋਰ ਨਾ ਪਿਆਓ, ਸ਼ਰਾਬੀ ਹੋ ਗਿਆ ਲਗਦੈ! ਬਾਪ
ਦਿਆਲ ਸਿੰਘ ਨੇ ਤਾੜਨਾਂ ਕੀਤੀ।
ਪਰ ਬਨਵਾਰੀ ਆੜਤੀਏ ਨੇ ਅਪਣੀ ਗੱਲ
ਜਾਰੀ ਰੱਖੀ, “ਦੇਵੀ ਦੀ ਸਹੁੰ, ਸਰਦਾਰ ਦਿਆਲ ਸਿੰਆਂ ਮੇਰਾ ਤਾਂ ਉਦੋਂ ਸੇਰ ਖੂਨ ਵਧ
ਗਿਆ, ਜਦੋਂ ਸਾਡੇ ਗਵਾਂਢੀ ਕਾਲਜ ਕਮੇਟੀ ਮੈਂਬਰ ਲਾਲਾ ਤਿਲੋਕੀ ਮੱਲ ਨੇ ਮੈਂਨੂੰ
ਦਸਿਆ, “ਬਈ! ਬਨਬਾਰੀ! ‘ਤੇਰੇ ਸ਼ਾਹਾਂ ਦੇ ਮੁੰਡੇ ਸੰਤੋਖ ਸਿਓਂ ਨੇ ਬੀ. ਐਸ ਸੀ. ਹਾਈ
ਫਸਟ ਡਵੀਜ਼ਨ ‘ਚ ਪਾਸ ਕੀਤੀ ਐ, ਕਾਲਜ ‘ਚੋਂ ਵੀ ਫਸਟ ਆ ਕੇ ਵੀ ਉਸ ਨੇ ਸੱਭ ਸ਼ਹਿਰੀ
ਮੁੰਡਿਆਂ ਦੀ ਐਸੀ-ਤੈਸੀ ਕਰ ਦਿੱਤੀ ਐ। ਹੋਰ ਨੇੜੇ ਹੁੰਦਾ ਬੋਲਿਆ, ਲਾਲਾ ਤਿਲੋਕੀ
ਮੱਲ ਨੇ ਦੂਜੀ ਗੱਲ ਬੜੇ ਪਤੇ ਦੀ ਦੱਸੀ, ਦਿਆਲ ਸਿੰਆਂ! ਇਹ ਸੁਨੇਹਾਂ ਮੈਂ ਤੁਹਾਨੂੰ
ਭੇਜਣ ਹੀ ਵਾਲਾ ਸੀ, ਉਦੋਂ ਨੂੰ ਅਪਣਾ ਮੀਰ, ਬਾਬਾ ਕੌਡੇਸ਼ਾਹ ਅਨੋਖ ਦੇ ਵਿਆਹ ਦੀ ਗੰਢ
ਲੈ ਕੇ ਅੱਪੜ ਗਿਆ। ਸੁਰਗ ‘ਚ ਵਾਸਾ ਹੋਵੇ ਤੁਹਾਡੇ ਬਾਪ ਸ਼ਾਹ ਹੋਰਾਂ ਦਾ ਬਥੇਰੀ
ਜ਼ਰ-ਜ਼ਮੀਨ ਬਣਾਕੇ ਗਏ ਹਨ, ਸੁੱਖ ਨਾਲ ਅਪਣਾ ਅਨੋਖ ਸਿੰਘ ਘਰ ਦੇ ਕੰਮ ਧੰਦੇ ਦੀ ਵੀ
ਸਾਂਭ ਸੰਭਾਲ ਕਰੇ ਗਾ। ਹੁਣ ਆਪਾਂ ਛੋਟੇ ਸੰਤੋਖ ਸਿਓਂ ਨੂੰ ਵਲੈਤ ਪੜ੍ਹਨ ਭੇਜਣੈਂ,
ਇਹੋ ਗੱਲ ਲਾਲਾ ਤਿਲੋਕੀ ਮੱਲ ਕਹਿੰਦੇ ਸਨ ਕਿ ਇਹ ਮੁੰਡਾ ਬਾਹਰ ਪੜ੍ਹਨ ਭੇਜਣ ਵਾਲਾ
ਹੈ। ਬਈ! ‘ਧਾਨ ਨਾਲ ਡੀਲੇ ਨੂੰ ਵੀ ਪਾਣੀ ਲੱਗ ਜਾਵੇ ਗਾ. ਜਦੋਂ ਅਪਣਾ ਸੰਤੋਖ ਸਿਉਂ
ਵਲੈਤੋਂ ਪੜ੍ਹਕੇ ਆ ਅਫਸਰ ਲੱਗੇ ਗਾ, ਸਾਡੇ ਵੀ ਅੜੇ-ਥੁੜੇ ਕੰਮ ਹੋ ਜਾਇਆ ਕਰਨ ਗੇ।
ਹੁਣ ਬਨਵਾਰੀ, ਇੱਕ ਅੱਧ ਲਾਏ ਪੈਗ ਦੀ ਲੋਰ ‘ਚ ਕੋਲ਼ ਆ ਖੜੇ ਅਨੋਖ ਸਿੰਘ ਦਾ ਹੱਥ
ਫੜ੍ਹਕੇ ਕਹਿ ਰਿਹਾ ਸੀ, “ਹੁਣ ਅਪਣਾ ਸਤੋਖ ਸਿਓਂ ਜਹਾਜ਼ ‘ਤੇ ਉੱਡੇ ਗਾ!” “ਮੁੰਡਿਓ
ਸ਼ੇਠ ਬਨਵਾਰੀ ਲਾਲ ਦਾ ਮੂੰਹ ਮਿੱਠਾ ਕਰਵਾਓ ਬਈ!” ਦਿਆਲ ਸਿਓ ਨੇ ਉੱਚੀ ਦੇਣੇ ਆਖਿਆਂ
ਤਾਂ ਬਨਵਾਰੀ ਨਸ਼ੇ ‘ਚ ਝੂਮਦਾ ਬੋਲਿਆਂ, ਆਹ! ਪੰਜ ਰਤਨੀ ਵੀ ਤਾਂ ਮਿੱਠੇ ਗੁੜ ਦੀ ਬਣ
ਐ, ਦਿਆਲ ਸਿਆਂ!” ਤੂੰ ਮੁੰਡੇ ਨੂੰ ਜਹਾਜ਼ ਉਡਣ ਦੇ!”
ਅਨੋਖ ਸਿੰਘ ਦਾ ਵੱਡਾ ਪੋਤਰਾ ਕੋਲ
ਆ ਕੇ ਬੋਲਿਆ, “ਦਾਦਾ ਜੀ! ਜਹਾਜ਼ ਦੇ ਜਾਣ ਦਾ ਟਾਈਮ ਹੋ ਗਿਐ!” ਇਹ ਸੁਣਕੇ ਅਨੋਖ ਦੀ
ਬਿਰਤੀ ਟੁੱਟੀ, ਉਹ ਇੱਕ ਦਮ ਤ੍ਰਬਕਿਆ, ਅਪਣੇ ਵਿਆਹ ਦੀਆਂ ਰੌਣਕ, ਤੇ ਜਵਾਨੀ ਤੋਂ
ਬੁਢਾਪੇ ਤੱਕ ਦਾ ਸਫਰ ਤਹਿ ਕਰਕੇ ਉਹ ਵੇਟਿੰਗ ਰੂੰਮ ਦੇ ਬੈਂਚ ‘ਤੇ ਆਣ ਬੈਠਾ ਸੀ। ਉਠ
ਕੇ ਕਾਹਲ਼ੀ ਨਾਲ ਵਾਸ਼ ਰੂੰਮ ਹੋ ਕੇ ਮੁੜਿਆ, ਤੇ ਸਮਾਨ ਵਾਲੀ ਰੇਹੜੀ ਲਈ ਜਾਂਦੇ ਅਪਣੇ
ਪੋਤਰਿਆਂ ਤੋਂ ਏਅਰ ਪੋਰਟ ਦੇ ਗੇਟ ਕੋਲ਼ ਜਾਕੇ ਰੇਹੜੀ ਫੜ੍ਹਦਾ ਘੜੀ ਵੱਲ ਦੇਖ ਕੇ
ਬੋਲਿਆ, “ਜ਼ਹਾਜ਼ ਦੇ ਚਲਣ ‘ਚ ਦੋ ਕੁ ਘੰਟੇ ਹਨ, ਐਨਾਂ ਕੁ ਪਹਿਲਾਂ ਜਾਣਾਂ ਵੀ ਠੀਕ ਹੀ
ਹੈ, “ਮੇਰੇ ਪੁੱਤ! ਹੁਣ ਮੁੜਦੇ ਹੋਏ ਗੱਡੀ ਧਿਆਨ ਨਾਲ ਚਲਾਇਆ ਜੇ! ਦੁਨੀਆ ਨੂੰ ਤਾਂ
ਪਤਾ ਨਹੀਂ ਕੀ ਭਾਜੜ ਪਈ ਐ, ਅੱਗ ਲੱਗੀ ਵਾਂਗੂ ਹਰ ਕੋਈ ਇੱਕ ਦੂਜੇ ਤੋਂ ਅੱਗੇ ਜਾਣ
ਲਈ ਕਾਹਲ਼ਾ ਹੈ, ਜਾਨ ਦੀ ਤਾਂ ਕੋਈ ਪ੍ਰਵਾਹ ਹੀ ਨਹੀਂ ਕਰਦਾ!” ਉਸ ਦੀ ਗੱਲ ਪੂਰੀ
ਹੁੰਦਿਆਂ ਹੀ ਛੋਟਾ ਪੋਤਰਾ ਬੋਲਿਆ, ਬਾਬਾ ਜੀ! ਤੁਸੀਂ ਛੋਟੇ ਦਾਦਾ ਜੀ ਨੂੰ ਕਹਿਣਾਂ,
ਸਾਨੂੰ ਵੀ ਕਨੇਡਾ ਸੱਦ ਲੈਣ!” ਮਨ ਦੀ ਗੱਲ ਕਹਿਕੇ ਉਹ ਜਿਵੇਂ ਹੌਲ਼ਾ ਫੁੱਲ ਹੋ ਗਿਆ
ਹੋਵੇ, ਤੇ ਅਨੋਖ ਸਿੰਘ ਵੱਲ ਤਕਦਾ, ਜਬਾਬ ਦੀ ਉਡੀਕ ਕਰ ਰਿਹਾ ਸੀ। ਇਹ ਸੁਣਕੇ ਅਨੋਖ
ਸਿੰਘ ਚੌਂਕ ਗਿਆ ਸੀ। ਉਸ ਨੂੰ ਹੁਣ ਸਮਝ ਪਈ ਸੀ ਕਿ ਉਨ੍ਹਾਂ ਅਪਣੇ ਬਾਪ ਨੂੰ ਏਅਰ
ਪੋਰਟ ‘ਤੇ ਚੜਾਉਣ ਆਉਣ ਕਿਉਂ ਨਹੀਂ ਦਿੱਤਾ, ਤੇ ਆਪ ਆਉਣ ਲਈ ਕਿਉਂ ਬਜ਼ਿਦ ਸਨ।
ਸਕਿਉਰਟੀ ਗੇਟ ਦੇ ਸਾਹਮਣੇ ਦੋਹਾਂ ਪੋਤਰਿਆਂ ਦੇ ਮੋਢਿਆਂ ‘ਤੇ ਹੱਥ ਰੱਖਕੇ ਅਨੋਖ
ਸਿੰਘ ਬੋਲਿਆ, ਦੇਖੋ ਪੁੱਤ! ਅਪਣੇ ਘਰ ਚਿੜੀਆਂ ਦੇ ਦੁੱਧ ਤੋਂ ਬਿਨਾਂ ਰੱਬ ਨੇ ਸੱਭ
ਕੁੱਝ ਦਿੱਤਾ ਐ, ਕਨੇਡਾ ਜਾ ਕੇ ਤੁਸੀਂ ਜਰੂਰ ਗੋਰਿਆਂ ਦੇ ਦਿਹਾੜੀਏ ਲੱਗਣੈ? ਪਰ
ੳੋੁਹ ਇੱਕਠੇ ਇੱਕ ਅਵਾਜ਼ ਹੋਕੇ ਬੋਲੇ, “ਬਾਬਾ ਜੀ! ਤੁਸੀਂ ਜਰੂਰ ਛੋਟੇ ਬਾਬਾ ਜੀ ਨੂੰ
ਕਹਿਣਾਂ!”
ਇਹ ਸੁਣਕੇ ਅਨੋਖ ਸਿੰਘ ਕੁੱਝ ਤਲਖੀ
ਜਿਹੀ ‘ਚ ਜ਼ਰਾ ਕੁ ਉਚੀ ਬੋਲਿਆ, “ਤੁਸੀਂ! ‘ਕਿਉਂ ਪਿਓ ਦਾਦੇ ਦੀ ਪੀਹੜੀਆਂ ਦੀ ਕੀਤੀ
ਕੱਤਰੀ ਨੂੰ ਖੂਹ ‘ਚ ਪਾਉਣਾ ਚਾਹੁੰਦੇ ਹੋ!” ਹੁਣ ਉਸ ਨੂੰ ਅਪਣਾ ਵੱਡਾ ਖੇਤੀ
ਖਿਲਾਰਾ, ਆੜ੍ਹਤ ਦਾ ਪਸਾਰਾ ਸੱਭ ਡੋਲਦਾ ਲਗਿਆ, ਇੰਨ੍ਹਾ ਮੁੰਡਿਆਂ ਨੂੰ ਵੀ ਹੁਣ
ਲੋਕਾਂ ਵਾਂਗ ਬਾਹਰ ਜਾਣ ਦਾ ਝੱਲ ਚੜਿਐ, ਹੁਣ ਤਾਂ ਹਰ ਕੋਈ ਪਿਓ ਦਾਦੇ ਦੀ ਢੇਰੀ ਨੂੰ
ਫੂਕ ਮਾਰਕੇ ਬਾਹਰ ਭੱਜਣ ਲਈ ਕਾਹਲ਼ਾ ਹੈ। ਉਸ ਨੂੰ ਅਪਣੇ ਮੁਨੀਮ ਦੀ ਆਖੀ ਯਾਦ ਆਈ,
ਸਰਦਾਰ ਜੀ! ‘ਜਿੱਡੀ ਵੱਡੀ ਜਮੀਨ ਦੀ ਢੇਰੀ, ਓਡੀ ਵੱਡੀ ਕਰਜੇ ਦੀ ਪੰਡ’ ਹੁਣ ਤਾਂ
ਕਰਜੇ ਤੋਂ ਕੋਈ ਡਰਦਾ ਨਹੀਂ!” ਅਨੋਖ ਸਿੰਘ ਦੇ ਪੁੱਤ ਦਿਆਲ ਸਿੰਘ ਨੇ ਵੀ ਸਰਦੇ
ਪੁਜਦੇ ਜਿਮੀਦਾਰਾਂ ਵਾਂਗ ਪੰਜਾਬ ਤ੍ਰਾਸਦੀ ਦੇ ਵਰ੍ਹਿਆਂ ਬਾਅਦ ਸਿੱਖ ਸਿਆਸਤ ‘ਚ
ਸਰਗਰਮ ਹੋ ਕੇ ਸ਼ਹਿਰ ‘ਚ ਆੜਤ ਕਰ ਲਈ ਸੀ ਜੋ ਹੁਣ ਉਸ ਦਾ ਪੱਕਾ ਸਿਆਸੀ ਅੱਡਾ ਸੀ, ਘਰ
ਦੇ ਕੰਮਾਂ-ਕਾਰਾਂ ਲਈ ਹੁਣ ਉਸ ਕੋਲ਼ ਵਿਹਲ ਕਿੱਥੇ! ਇਨਾਂ ਮੁੰਡਿਆਂ ਨੂੰ ਤਾਂ ਖੇਤ
ਰੋਟੀ ਦੇਣ ਜਾਣ ਲਗਿਆਂ ਨੂੰ ਵੀ ਸ਼ਰਮ ਆਉਂਦੀ ਐ, ਕਦੇ ਗੱਡੀ ਤੋਂ ਪੈਰ ਥੱਲੇ ਨਹੀਂ
ਲਾਹੁੰਦੇ। ਖੇਤੀ ਤਾਂ ਹੁਣ ਰਹਿ ਗਈ ਬਿਹਾਰੀ ਭਈਆਂ ਆਸਰੇ, ਖੇਤੀ ਹੈ ਹੀ ਮਿਹਨਤੀ
ਲੋਕਾਂ ਦਾ ਕੰਮ, ਜ਼ਮੀਨ ਵਰ ਵੀ ਮਿਹਨਤੀ ਲੋਕਾਂ ਨੂੰ ਹੀ ਦਿੰਦੀ ਹੈ। ਭਈਏ, ਮਿਹਨਤ
ਕਰਨ ਗੇ ਤਾਂ ਉਹ ਰੱਜਕੇ ਖਾਣਗੇ, ਤੇ ਰਾਜ ਵੀ ਕਰਨ ਗੇ। ਬਈਆਂ ਵਾਂਗ ਹੀ ਮਿਹਨਤ
ਮਜੂਰੀ ਕਰਕੇ ਸਾਡੇ ਲੋਕ ਬਾਹਰਲੇ ਦੇਸਾਂ ‘ਚ ਪਾਰਲੀਮੈਂਟਾਂ ਤੱਕ ਪਹੁੰਚੇ ਹਨ। ਪਹਿਲੇ
ਸਮਿਆਂ ‘ਚ ਪ੍ਰਦੇਸੀਂ ਨਿਕਲ਼ ਦੇ ਵੀ ਤਾਂ ਦੁੱਖ ਭੁੱਖ ਦੇ ਮਾਰੇ ਗਰੀਬ ਘਰਾਂ ਦੇ ਲੋਕ
ਹੀ ਸਨ ਜਾਂ ਫਿਰ ਸਰਦੇ ਪੁਜਦੇ ਘਰਾਂ ਦੇ ਮੁੰਡੇ ਪੜ੍ਹਨ ਜਾਂਦੇ ਸਨ। ਮਨ ਦੀ ਇਸ ਤੋੜ
ਭੰਨ ‘ਚ ਉਲ਼ਝਿਆ ਅਨੋਖ ਸਿੰਘ ਅਪਣੇ ਪੋਤਰਿਆਂ ਵੱਲ ਝਾਕਿਆ, ਤੇ ਉਨ੍ਹਾਂ ਨੂੰ ਚੁੱਪ
ਖੜੇ ਦੇਖਕੇ ਨਰਮ ਸੁਰ ‘ਚ ਬੋਲਿਆ, ‘ਮੇਰੇ ਪੁੱਤ ਤੁਸੀਂ ਵੀ ਅਪਣੇ ਛੋਟੇ ਬਾਬੇ ਵਾਂਗ
ਦਬਕੇ ਪੜੋਂ! ਮੈਂ ਉਸ ਨਾਲ ਗੱਲ ਕਰਾਂਗਾ। ਇਹ ਸ਼ਬਦ ਉਸ ਨੇ ਭਾਵੇਂ ਪੋਤਰਿਆਂ ਦਾ ਮਨ
ਰੱਖਣ ਲਈ ਹੀ ਆਖੇ, ਪਰ ਉਨ੍ਹਾਂ ਦੇ ਖੁਸ਼ ਚਿੱਹਰਿਆਂ ਦੀ ਦਿੱਖ ਨੇ ਉਸ ਦਾ ਤੁਰਨਾਂ
ਸੌਖਾ ਕਰ ਦਿੱਤਾ ਸੀ, ਉਨ੍ਹਾਂ ਨੂੰ ਗਲਵੱਕੜੀ ‘ਚ ਲੈਕੇ ਪਿਆਰ ਕਰਦਾ, ਸਮਾਨ ਵਾਲੀ
ਰੇਹੜੀ ਧਕਦਾ ਉਹ ਸਕਿਉਰਟੀ ਗੇਟ ‘ਤੇ ਪੇਪਰ ਦਿਖਾ ਕੇ ਲੰਘ ਪਿੱਛਾ ਭੌਂਕੇ ਝਾਕਿਆ,
ਦਰਵਾਜ਼ੇ ਸਾਹਮਣੇ ਖੜੇ ਪੋਤਰਿਆਂ ਦੇ ਵੇਵ ਕਰਦੇ ਹੱਥਾਂ ਦਾ ਜਬਾਬ ਉਸ ਨੇ ਵੀ ਹੱਥ ਹਲਾ
ਕੇ ਦਿੱਤਾ।
ਏਅਰ ਪੋਰਟ ਦੇ ਸੱਭ ਪੜਾਅ ਸੌਖੇ
ਪਾਰ ਕਰ ਕੇ ਜਹਾਜ਼ ਦੀ ਸੀਟ ‘ਤੇ ਬੈਠੇ ਉਸ ਨੂੰ ਇੰਮੀਗਰੇਸ਼ਨ ਅਫਸਰ ਦੇ ਬੋਲ ਯਾਦ ਆਏ,
“ਬਾਬਾ! ਤੈਨੂੰ ਪਤਾ ਐ ਕਿ ਤੂੰ ਬਾਰਡਰ ਪਾਰ ਕਰ ਰਿਹਾ ਐਂ?” ਅਸੀਂ ਤਾਂ ਰਹਿੰਦੇ ਹੀ
ਬਾਰਡਰ ‘ਤੇ ਹਾਂ, ਉਸ ਦੇ ਮੂੰਹੋਂ ਸਹਿ ਸੁਭਾਅ ਨਿਕਲਿਆ ਸੀ, ਇਹ ਸੁਣਕੇ ਅਫਸਰ ਰਤਾ
ਕੁ ਮੁਸਕ੍ਰਾਇਆ ਸੀ, ਸ਼ਾਇਦ ਉਸ ਦੇ ਕਹਿਣ ਦਾ ਭਾਵ ਕੁੱਝ ਹੋਰ ਸੀ। ਉਹ ਇਹ ਸੋਚ ਹੀ
ਰਿਹਾ ਸੀ ਕਿ ਉਸ ਦੇ ਕੰਨੀਂ ਅਵਾਜ਼ ਪਈ, ‘ਐਕਸਕਿਊਜ਼ ਮੀ ਪਲੀਜ਼! ਹੋਸਟਸ ਸੀਟ ਬੈਲਟ
ਲਾਉਣ ਲਈ ਕਹਿ ਰਹੀ ਸੀ। ਸਾਹਮਣੇ ਟੀ. ਵੀ. ਸਕਰੀਨ ‘ਤੇ ਵੀ ਸੀਟ ਬੈਲਟ ਤੋਂ ਲਾਉਣ ਦੇ
ਢੰਗ ਅਤੇ ਹਾਦਸੇ ਸਮੇਂ ਹਵਾਈ ਛੱਤਰੀ ਵਰਤਣ ਦੀਆਂ ਹਦਾਇਤਾਂ ਆ ਰਹੀਆਂ ਸਨ। ਜਹਾਜ਼
ਕੀੜੀ ਦੀ ਤੋਰ ਤੁਰਦਾ-ਤੁਰਦਾ ਭੱਜਣ ਲੱਗਾ, ਇੱਕ ਦਮ ਧਰਤੀ ਛੱਡਕੇ ਉੱਠਣ ਲੱਗਾ, ਜੋਰ
ਲਾਕੇ ਬਦਲਾਂ ਨੂੰ ਚੀਰਕੇ ਚੜ੍ਹਦਾ ਪੱਧਰਾ ਹੋ ਕੇ ਉੱਡਣ ਲੱਗਾ, ਸਕਰੀਨ ‘ਤੇ ਜਹਾਜ਼ ਦੀ
ਉਚਾਈ, ਰਫਤਾਰ ਆਦਿ ਦੀ ਜਾਣਕਾਰੀ ਆ ਰਹੀ ਸੀ।
ਟਰੇਅ ‘ਚ ਰੱਖੇ ਐਂਟੀਸੈਪਟਿੱਕ ਗਰਮ
ਟਾਵਲ ਪੇਪਰ ਵੰਡਦੀਆਂ ਭੰਮੀਰੀ ਬਣੀਆਂ ਹੋਸਟਸ, ਡਰਿੰਕਸ, ਸੌਫ਼ਟ ਡਰਿੰਕਸ ਨਾਲ
ਛੋਟੇ-ਛੋਟੇ ਸੁੱਕੇ ਮੇਵਿਆਂ ਦੇ ਪੈਕਟ ਦੇਣ ਸਮੇਂ ਜਹਾਜ਼ ਦੀ ਥਰਥਰਾਟ ਨਾਲ ਰੇਹੜੀਆਂ
‘ਚ ਪਈਆਂ ਬੋਤਲਾਂ ਦੀ ਟੁਣਕਾਰ, ਅਪਣੀ ਵਾਰੀ ਉਡੀਕਦੇ ਪਿਆਕੜਾਂ ਦੀ ਜਗਿਆਸਾ ਨੂੰ ਖੰਭ
ਲਾ ਰਹੀ ਸੀ। ਇਹ ਦੇਖਕੇ ਅਨੋਖ ਸਿੰਘ ਨੂੰ ਅਪਣੇ ਦਾਦੇ ਨਿਧਾਨ ਸਿੰਘ ਸ਼ਾਹ ਦੀ ਗੱਲ
ਯਾਦ ਆਈ, ਜਦੋਂ ਉਸ ਦੀ ਕੋਈ ਮੋਟੀ ਸਾਂਮੀ ਤਰੀ ਹੁੰਦੀ ਤਾਂ ਉਹ “ਨਾਭੇ ਦੀਏ ਬੰਦ
ਬੋਤਲੇ, ਤੈਨੂੰ ਪੀਣ ਗੇ ਕਰਮਾਂ ਵਾਲੇ” ਗੁਣ-ਗਣਾਉਂਦਾ ਘਰ ਵੜਦਾ, ਕਾਹਲ਼ੇ ਪੈਰੀਂ
ਤੁਰਦਾ, ਘੰਗੂਰਾ ਮਾਰਕੇ ਕਹਿੰਦਾ, “ਉਏ ਅਨੋਖਿਆ! ਅੱਠੀ ਦਿਨੀਂ ਤਾਂ ਜੱਟ ਬਲਦ ਨੂੰ
ਵੀ ਲੂਣ ਦੇ ਦਿੰਦੈ ਐ, ਭਜਕੇ ਜਾਹ ਰਿਆਸਤ ਦੀ ਅੰਗੂਰੀ ਫੜਕ੍ਹੇ ਲਿਆ, ਤੈਂਨੂੰ ਪਤੈ!
ਪੁਲਸ ਵਾਲੇ ਬੰਦ ਬੋਤਲ ਹਦੋਂ ਬਾਹਰ ਨਹੀਂ ਲੰਘਣ ਦਿੰਦੇ, ਡੱਟ ਖੋਲ੍ਹਕੇ ਚੂਲ਼ੀ ਕੁ ਈ
ਪੀਵੀਂ, ਮੇਰਾ ਸ਼ੇਰ! ਕੌਡੀ ਖੇਡਣ ਵਾਲਿਆਂ ਵਾਸਤੇ ਇਹ ਚੰਦਰੀ ਚੰਗੀ ਨਹੀ, ਦਮ ਚੜਨ
ਲੱਗ ਜਾਂਦੈ,” ਤਿੰਨ ਕੁ ਪੈਗ ਲੈ ਕੇ ਲੋਰ ‘ਚ ਆਇਆ ਦਾਦਾ, ਮਰ ਚੁੱਕੀ ਦਾਦੀ ਨੂੰ ਯਾਦ
ਕਰਕੇ ਰੋਣ ਲਗਦਾ।
ਡਰਿੰਕਸ ਪਲੀਜ਼! ਨੇੜਿਓਂ ਆਈ ਅਵਾਜ਼
ਨੇ ਯਾਦਾਂ ਦੇ ਸਰਪੱਟ ਦੌੜਦੇ ਘੋੜੇ ਨੂੰ ਰੋਕ ਲਿਆ ਸੀ। ਨਟਸ ਦਾ ਪੈਕਟ ਅਤੇ ਵਿਸਕੀ
ਦਾ ਪੈਗ ਲੈ ਕੇ ਸਿੱਪ ਕਰਦਾ, ਗਿਰੀਆਂ ਇੱਕ-ਇੱਕ ਕਰਕੇ ਚਬਦਾ ਅਨੋਖ ਸਿੰਘ, ਇੱਕ ਹੋਰ
ਪੈਗ ਲੈਕੇ ਰੋਟੀ ਨੂੰ ਉਡੀਕਣ ਲੱਗਾ ਤੇ ਖਾਣੇ ਵਾਲੇ ਟਰੇਅ ਟਰੌਲੀ ‘ਚੋਂ ਕੱਢ-ਕੱਢ
ਫੜਾਉਂਦੀ ਆਉਂਦੀ ਲੰਮੀ-ਲੰਝੀ ਕੁੜੀ ਵੱਲ ਦੇਖਦਿਆਂ ਉਸ ਨੂੰ ਜਵਾਨ ਬਸੰਤ ਕੌਰ ਦਾ
ਝੋਲ਼ਾ ਪਿਆ, ਉਹ ਨਵੀਂ-ਨਵੀਂ ਆਈ ਪਹਿਲਾਂ-ਪਹਿਲਾਂ ਖੇਤ ਰੋਟੀ ਲੈਕੇ ਆਉਂਦੀ, ਉਹ
ਦੂਰੋਂ ਦੇਖਕੇ ਪਿਆਰ ਦੇ ਜੋਸ਼ ਜਿਹੇ ‘ਚ ਅਪਣੇ ਨਵੇਂ ਲਿਆਂਦੇ ਫਰਗੂਸਣ ਟਰੈਕਟਰ ਦੀ
ਕਿੱਲੀ ਦੱਬ ਕੇ ਹਲ਼ਾਂ ਦਾ ਜਾਲ ਧਰਤੀ ‘ਚ ਡੂੰਘਾ ਧਸਾ ਦਿੰਦਾ, ਸਲੰਸਰ ‘ਚੋਂ ਧੂੰਏਂ
ਦਾ ਵਰੋਲਾ ਬਣ ਕੇ ਉਠਦਾ, ਰੋਟੀਆਂ ਸਮੇਤ ਸਿਰ ‘ਤੇ ਟਿਕਿਆ ਲੱਸੀ ਵਾਲਾ ਕੁੱਜਾ ਲਾਹ
ਕੇ ਬਸੰਤ ਕੌਰ ਵੱਟ ‘ਤੇ ਰੱਖ ਸਰੂ ਵਾਂਗ ਸਿੱਧੀ ਖੜ੍ਹੀ ਹੋ ਕੇ ਉਸ ਵੱਲ ਤਕਦੀ, ਉਸ
ਦੀਆਂ ਅੱਖਾ ਜਾਦੂ ਕਿ ਝੱਟ ਹੱਥ ਟਰੈਕਟਰ ਬੰਦ ਕਰਨ ਵਾਲੀ ਕਿੱਲੀ ‘ਤੇ ਜਾ ਚਲਾ
ਜਾਂਦਾ, ਛਾਲ਼ ਮਾਰਕੇ ਟਰੈਕਟਰ ਉੱਤਰਦਾ ਕਹਿੰਦਾ, “ਆ ਗਈ ਮੇਰੀ ਪੇਂਡੂ ਨੱਢੀ” ਸੁਣਕੇ
ਬਸੰਤ ਖਿੜ ਜਾਂਦੀ, ਬੋਲਦੀ ਕੁੱਝ ਨਾਂ, ਬੱਸ! ਖੀਵੀ ਹੋਈ, ਉਸ ਦੇ ਮੂੰਹ ‘ਚ ਬੁਰਕੀਆਂ
ਵੀ ਪਾਉਂਣ ਲਗਦੀ, ਖੇਤਾਂ ‘ਚ ਬਹਾਰ ਆ ਜਾਂਦੀ, ਪੰਛੀ ਚਹਿਕ ਉਠਦੇ, ਸਮਾਂ ਰੁਕ
ਜਾਂਦਾ, ਉਨ੍ਹਾਂ ਨੂੰ ਦੀਨ-ਦੁਨੀਆ ਦੀ ਸੁਰਤ ਨਾ ਰਹਿੰਦੀ, ਪਿਆਰ ‘ਚ ਭਿੱਜਾ ਉਹ ਵੀ
ਬਸੰਤ ਕੌਰ ਦੇ ਮੂੰਹ ‘ਚ ਬੁਰਕੀ ਤੋੜ ਪਾਉਣ ਲਗਦਾ ਤਾਂ ਉਹ ਬੁਰਕੀ ਫੜ੍ਹਕੇ ਉਸੇ ਦੇ
ਮੂੰਹ ‘ਚ ਹੀ ਪਾ ਦਿੰਦੀ, ਇਸਤਰਾਂ ਕਲੋਲਾਂ ਕਰਦਿਆਂ ਨੂੰ ਇੱਕ ਦਿਨ ਚੱਰੀ ਉਹਲਿਓਂ
ਲੰਘਦੀ ਨੰਬਰਦਾਰਨੀ ਨੇ ਦੇਖਕੇ ਉੱਚੀ ਆਖਿਆ ਸੀ, “ਸੁੱਖ ਨਾਲ ਜਵਾਨੀਆਂ ਮਾਣੋ ਬਸੰਤ
ਕੁਰੇ, ਅਸੀਂ ਇਸ ਦੁਨੀਆਂ ‘ਚ ਕੀ ਦੇਖਿਆ ਐ” ਇਹ ਸੁਣਕੇ ਦੋਵੇਂ ਇੱਕ ਦਮ ਝੇਪ ਗਏ ਸਨ।
ਹੁਣ ਬਸੰਤ ਕੌਰ ਦੀ ਯਾਦ ਪਿੱਛੇ
ਖੜੀ, ਇਕਲੌਤੀ ਵਿਆਹੀ ਵਰੀ ਧੀ ਸਤਵੰਤ ਦੀ ਯਾਦ ਵੀ ਆ ਖਲੋਤੀ ਜੋ ਪਹਿਲਾ ਬੱਚਾ ਹੋਣ
ਸਮੇਂ ਲੱਖ ਯਤਨ ਕਰਨ ‘ਤੇ ਵੀ ਨਾ ਬਚ ਸਕੀ, ਘਰ ‘ਚ ਝੁੱਲੇ ਇਸ ਕਹਿਰ ਨੇ ਉਸ ਦੀ ਬਸੰਤ
ਨੂੰ ਪਤਝੜ ‘ਚ ਬਦਲ ਦਿੱਤਾ ਸੀ, ਉਹ ਅੰਦਰੋ-ਅੰਦਰ ਖੁਰਦੀ ਗਈ, ਧੀ ਲਈ ਤੜਫਦਾ ਮਾਂ ਦਾ
ਦਿਲ ਡੁੱਬਦਾ-ਡੁਬਦਾ ਆਖ਼ਰ ਡੁਬ ਹੀ ਗਿਆ, ਉਸ ਦੇ ਚਲੇ ਜਾਣ ਬਾਅਦ ਉਸ ਦੀ ਉਮਰ ਦੀ
ਬਸੰਤ ਵੀ ਪਤਝੜ ਚ ਬਦਲ ਗਈ ਸੀ, ਹੁਣ ਉਸ ਦੀਆਂ ਅੱਖਾਂ ਡੁਬ-ਡੁਬਾਅ ਗਈਆਂ ਸਨ,
“ਹਿੰਦੂ ਮੀਅਲ ਪਲੀਜ਼” ਪਿਆਰੀ ਅਵਾਜ਼ ਨੇ ਉਸ ਨੂੰ ਅਪਣੀ ਸੀਟ ਉੱਤੇ ਲਿਆ ਬਠਾਇਆ, ਉਹ
ਘਰੜਾਈ ਅਵਾਜ਼ ‘ਚ ਮਸਾਂ ਔਨਲੀ ਚਿਕਨ ਹੀ ਕਹਿ ਸਕਿਆ ਸੀ, ਅਗਲੀ ਸੀਟ ਦੇ ਪਿੱਛੇ ਲੱਗਾ
ਮੇਜ਼ ਸਿੱਧਾ ਕਰਦਾ ਉਹ ਭਰੀਆਂ ਅੱਖਾਂ ਨਾਲ ਉਸ ਕੁੜੀ ਵੱਲ ਝਾਕ ਨਾ ਸਕਿਆ, ਮੇਜ ‘ਤੇ
ਰੱਖੀ ਟਰੇਅ ਦੀਆਂ ਪਲੇਟਾਂ, ਕੌਲੀਆਂ ‘ਚ ਠੂੰਗਾ ਠਾਂਗੀ ਕਰਦਿਆਂ ਉਸ ਨੇ ਮਸਾਂ ਕਾਲਜਾ
ਹੀ ਧਾਫੜਿਆ, ਰੋਟੀ ਤੋਂ ਬਾਅਦ ਚਾਹ ਪੀਣ ਦਾ ਆਦੀ ਨਹੀਂ ਸੀ, ਟਰੇਅ ਵਾਪਸ ਫੜਾ ਕੇ
ਯਾਦਾਂ ਦਾ ਪਿੱਛਾ ਕਰਦੇ ਨੂੰ ਹੀ ਨੀਂਦ ਆ ਗਈ, ਤੇ ਵਾਸ਼ ਰੂੰਮ ਜਾਣ ਦੀ ਲੋੜ ਨੇ ਹੀ
ਜਗਾਇਆ ਸੀ।
ਘੁਸਮੁਸੇ ਜਿਹੇ ਹਨੇਰੇ ‘ਚ ਵਾਸ਼
ਰੂਮ ਵੱਲੋਂ ਮੁੜਦੇ ਹੋਏ ਭਾਰੇ ਕਦਮੀਂ ਤੁਰਦੇ ਦੀ ਨਜ਼ਰ ਜਹਾਜ਼ ਦੀਆਂ ਸੀਟਾਂ ‘ਤੇ
ਲੋਈਆਂ ਤਾਣੀ ਘੋੜੇ ਵੇਚਕੇ ਘੂਕ ਸੁੱਤੇ ਦੋ ਨੌਜਵਾਨਾਂ ‘ਤੇ ਪਈ, ਮਨ ਖਿੜਕੀ ‘ਚ ਉਸ
ਦੇ ਪੋਤਰੇ ਸੁਰਿੰਦਰ ਮੁਨਿੰਦਰ ਆ ਖੜ੍ਹੇ, ਨੀਂਦ ਖੰਭ ਲਾਕੇ ਉੱਡ ਪੁੱਡ ਗਈ, ‘ਕਦੇ
ਡੱਕਾ ਤੋੜਕੇ ਦੂਹਰਾ ਨਹੀਂ ਕਰਦੇ, ਕਨੇਡਾ ‘ਚ ਭੱਠ ਝੋਕਣ ਲਈ ਕਿੰਨੇ ਕਾਹਲ਼ੇ ਹਨ,
ਇਨ੍ਹਾਂ ਛੋਕਰਿਆਂ ਨੇ ਅਜੇ ਦੇਖਿਆ ਹੀ ਕੀ ਐ, ਅੱਧੀ ਖਾਂਦੇ ਤੇ ਅੱਧੀ ਟੰਗਦੇ ਐ, ਇਹ
ਗੱਲ ਮਨ ‘ਚ ਆਉਂਦਿਆਂ ਹੀ ਉਸ ਦੇ ਜਿੰਹਨ ‘ਚ ਇੰਗਲੈਂਡ ਜਾਕੇ ਸੰਤੋਖ ਦੀ ਲਿਖੀ ਪਹਿਲੀ
ਚਿੱਠੀ ਉੱਭਰਨ ਲੱਗੀ, ਜਦੋਂ ਉਸ ਦੀ ਘੋਨ-ਮੋਨ ਹੋ ਕੇ ਕਰਵਾਈ ਪਹਿਲੀ ਫੋਟੋ ਦੇਖਕੇ
ਪ੍ਰਵਾਰ ਹੈਰਾਨ ਰਹਿ ਗਿਆ ਸੀ ਕਿ ਉਸ ਨੇ ਤਾਂ ਪਹਿਲਾਂ ਕਦੇ ਵਾਲ ਨਹੀਂ ਸਨ ਕਟਵਾਏ,
ਪ੍ਰਵਾਰ ‘ਚ ਵਾਲ ਰੱਖਣ ਵੱਲ ਕਦੇ ਕਿਸੇ ਨੇ ਬਹੁਤਾ ਧਿਆਨ ਵੀ ਨਹੀਂ ਸੀ ਦਿੱਤਾ, ਤੇ
ਅਨੋਖ ਕਬੱਡੀ ਖੇਡਣ ਸਮੇਂ ਕਲੀਨ ਸ਼ੇਵ ਹੀ ਸੀ।
ਸੰਤੋਖ ਸਿੰਘ ਨੇ ਲਿਖਿਆ ਸੀ ਕਿ
ਪੜ੍ਹਾਈ ਵੱਲੋਂ ਛੁੱਟੀ ਵਾਲੇ ਦਿਨ ਫਾਂਊਂਡਰੀ ਦੇ ਕਾਮਿਆਂ ਦੇ ਘੰਟਿਆਂ ਦੀ ਗਿਣਤੀ
ਕਰਕੇ ਤਨਖਾਹ ਬਨਾਉਣ ਦਾ ਕੰਮ ਕਰਕੇ ਕੁੱਝ ਪੈਸੇ ਕਮਾ ਲੈਂਦਾ ਹੈ, ਉੱਥੇ ਕੰਮ ਕਰਦੇ
ਪ੍ਰਵਾਸੀ ਭਾਰਤੀਆਂ ਤੇ ਖਾਸ ਕੇ ਪੰਜਾਬੀਆਂ ਦੀ ਮਿਹਨਤ ਮੁਸ਼ਕਤ ਭਰੀ ਜਿੰਦਗੀ ਬਾਰੇ
ਲਿਖਿਆ ਸੀ ਕਿ ਕਿਵੇਂ ਪੰਜਾਬੀਆਂ ਦੀ ਬਿਦੇਸਾਂ ‘ਚ ਸਖ਼ਤ ਕੰਮ ਕਰਨ ਦੀ ਧਾਂਗ ਹੈ। ਉਹ
ਲੋਹਾ ਢਾਲਣ ਵਾਲੀਆਂ ਭੱਠੀਆ ‘ਚ ਲੋਹੇ ਨੂੰ ਲੋਹਾ ਹੋ ਕੇ ਟੱਕਰਦੇ, ਭੱਠੀਆਂ ਦੇ ਸੇਕ
ਨਾਲ ਲੋਹੇ ਵਾਂਗ ਢਲ਼ਕੇ ਜਿੰਦਗੀ ਦੇ ਭੱਠ ਝੋਕਦੇ, ਅਪਣੇ ਪਿੰਡੀਂ ਵੱਟ ਨਾਲ ਲਗਦੀਆਂ
ਜ਼ਮੀਨਾਂ ਖਰੀਦ ਕੇ ਆਊਂਦੀਆਂ ਸੱਤ ਪੁਸ਼ਤਾਂ ਨੂੰ ਦੁੱਖ-ਭੁੱਖ ‘ਚੋਂ ਕੱਢਣ ਤੇ ਯਤਨਾਂ
‘ਚ ਰੁੱਝੇ, ਆਖ਼ਰੀ ਉਮਰੇ ਅਰਾਮ ਨਾਲ ਜ਼ਿੰਦਗੀ ਗੁਜ਼ਾਰਨ ਦੇ ਸੁਪਨੇ ਸਿਰਜਦੇ, ਫੈਕਟਰੀਆਂ
‘ਚ ਕੰਮ ਕਰਕੇ ਆਪਸੀ ਮੁਕਾਬਲੇ ‘ਚ ਪੱਬਾਂ ਭਾਰ ਹੋਕੇ ਕੰਮ ਕਰਦੇ, ਥਕੇਵਾਂ ਲਾਹੁਣ ਲਈ
ਪੱਬਾਂ ‘ਚ ਜਾਂਦੇ, ਡਾਲਰਾਂ ਦੇ ਭਾਰੇ ਚੈਕਾਂ ਦੀਆਂ ਗੱਲਾਂ ਕਰਕੇ ਖ਼ੁਸ਼ ਹੁੰਦੇ,
ਪਹਿਲੇ ਪੈਗ ਢੰਗ ਨਾਲ ਟਕਰਾਉਂਦੇ, ਨਹੁੰ ਡਬੋਕੇ ਧਰਤੀ ਨੂੰ ਭੋਗ ਲਵਉਂਦੇ,
ਹੌਲੀ-ਹੌਲੀ ਖਰਾੜੇ (ਸੱਖ਼ਤ ਬੋਲ) ਜਿਹੇ ਹੋਕੇ ਉਦਰੇਵਿਆਂ ਨੂੰ ਭਲਾਊਂਦੇ, ਇਸ਼ਕ ਦੇ
ਕਿੱਸੇ ਛੋਂਹਦੇ ਮਿਰਜੇ ਬਣ ਕੇ ਅਪਣੀਆਂ ਸਹਿਬਾਂ ਨੂੰ ਕੋਸ ਦੇ, ਪੈਗ ‘ਤੇ ਪੈਗ
ਚੜ੍ਹਾਂਉਂਦੇ ਕਲਬੂਤੋਂ ਬਾਹਰ ਹੋ ਪੰਜਾਬੀ ਬੜ੍ਹਕਾਂ ਵੀ ਮਾਰਦੇ ਹਨ।
ਸੰਤੋਖ, ਇੰਗਲੈਡ ਦੇ ਲੋਕਾਂ ਨਾਲ
ਸੂਰਜ ਦੇਵਤਾ ਦੇ ਰੁੱਸਣ ਬਾਰੇ ਵੀ ਲਿਖਦਾ ‘ਤੇ ਧੁੱਪ ਨਿਕਲਣ ਦੀ ਖੁਸ਼ੀ ਅਪਣੇ
ਜੇਠ-ਹਾੜ ਦੀ ਔੜ ‘ਚ ਮੀਂਹ ਪੈਣ ਨਾਲੋਂ ਵੀ ਕਿਤੇ ਵੱਧ ਮਨਾਉਂਦੇ ਹਨ, ਮਿਲਕੇ ਧੁੱਪ
ਨਿਕਲਣ ‘ਤੇ ਸਨੀ-ਡੇ ਦੀਆਂ ਵਧਾਈਆਂ ਦਿੰਦੇ ਹਨ, ਗੋਰੇ ਕਾਮੇ ਤਾਂ ਬੱਸ ਗਿਣਵਾਂ
ਮਿਣਵਾਂ ਹੀ ਕੰਮ ਕਰਦੇ ਹਨ, ਸਾਡੇ ਲੋਕਾਂ ਦੇ ਵੱਧ ਕਮਾਉਣ ‘ਤੇ ਔਖੇ ਵੀ ਹੁੰਦੇ ਹਨ।
ਇਹ ਯਾਦ ਆਉਂਦਿਆਂ ਹੀ ਅਨੋਖ ਮਨ ‘ਚ ਹੱਸਿਆ, ਹੁਣ ਸਾਡੇ ਲੋਕ ਵੀ ਤਾਂ ਬਈਆਂ ‘ਤੇ ਔਖੇ
ਹੁੰਦੇ ਹਨ। ਇਹ ਚਿੱਠੀਆਂ ਪੜ੍ਹਕੇ ਅਨੋਖ ਸਿੰਘ ਨੂੰ ਅਪਣੇ ਭਰਾ ‘ਤੇ ਮਾਣ ਵੀ ਹੁੰਦਾ
ਸੀ, ਉਹ ਆਪ ਵੀ ਖੇਤੀਬਾੜੀ ਬੜੇ ਧਿਆਨ ਨਾਲ ਕਰਨ ਲੱਗ ਪਿਆ ਸੀ।
ਇੰਜਨੀਅਰ ਬਣ ਕੇ ਸੰਤੋਖ ਪਿੰਡ ਮੁੜਿਆ ਤਾਂ ਉਦੋਂ ਬਸੰਤ ਕੌਰ ਕੋਲ ਦੋਵੇਂ ਨਿਆਣੇ ਸਨ.
ਘਰ ਦੇ ਵਿਹੜੇ ‘ਚ ਸੰਤੋਖ ਦੇ ਆਉਣ ‘ਤੇ ਉਸ ਦੇ ਵਿਆਹ ‘ਚ ਮੁੜ ਰੌਣਕਾਂ ਲੱਗੀਆਂ,
ਸੰਤੋਖ ਸ਼ਹਿਰ ਵਰਗੇ ਪਿੰਡ ਦੀ ਪੜ੍ਹੀ ਲਿੱਖੀ ਹਰਬੀਰ ਕੌਰ ਨੂੰ ਵਿਆਹ ਕੇ ਲਿਆਇਆ ਤਾਂ
ਅਨੋਖ ਸਿੰਘ ਨੇ ਹਸਦਿਆਂ ਸੰਤੋਖ ਦੇ ਕੰਨ ਕਿਹਾ ਸੀ, “ਬੱਤ ਮਾਰ ਗਿਐਂ ਬਈ ਸੋਖਿਆ!
ਮੋਰਨੀ ਵਰਗੀ ਵਿਆਹ ਲਿਆਇਐਂ” “ਬਾਈ! ਭਰਜਾਈ ਨੂੰ ਪੁੱਛ ਲੈ, ਤੈਂਨੂੰ ਚੰਗੀ ਲਗਦੀ ਐ
ਤਾਂ …।” ਪ੍ਰਵਾਰ ਦੇ ਸਾਹਮਣੇ ਹੀ ਸੰਤੋਖ ਨੇ ਸਹਿਜ ਭਾਅ ਕਹਿ ਦਿੱਤਾ ਤਾਂ ਸਾਹਮਣੇ
ਖੜੀ, ਚੁੰਨੀ ਦੰਦਾ ਹੇਠ ਨਪਦੀ ਬਸੰਤ ਕੌਰ ਬੋਲੀ, “ਦੇਖ ਲੈ ਦਿਓਰਾ ਮੈਂਨੂੰ ਕਿਹੜਾ
ਵਲੈਤ ਦੰਦੀ ਵਢਦੀ ਐ” ਉਹ ਰੁੜਦੀ ਨੂੰ ਟੋਲਾ ਮਾਰ ਗਈ ਸੀ। ਇਹ ਅਵਾਜ਼ ਮਾਂ ਦੇ ਕੰਨੀ
ਵੀ ਪੈ ਗਈ ਸੀ, ਨਵੀਂ ਆਈ ਹਰਬੀਰ ਕੌਰ ਝੇਪੀ ਬੈਠੀ ਸੀ, ਮਾਂ ਨੇ ਉਸ ਨੂੰ ਬੁੱਕਲ ‘ਚ
ਲੈ ਕੇ ਸੱਭ ਦੀ ਖੂਬ ਖੁੰਭ ਟੱਪੀ ਤੇ ਬਸੰਤ ਕੌਰ ਨੂੰ ਝਿੜਕ ਕੇ ਬੋਲੀ, ‘ਤੂੰ ਵੀ
ਇੰਨਾਂ ਨਾਲ ਹੀ ਰਲ ਗਈ ਐਂ।’ ਅਨੋਖ ਸਿਓਂ ਨੂੰ ਅਪਣੇ ਸੰਗਾਊ ਜਿਹੇ ਛੋਟੇ ਭਰਾ ਸੰਤੋਖ
ਤੋਂ ਇਹ ਝਾਕ ਨਹੀਂ ਸੀ ਕਿ ਉਹ ਨਿਸ਼ੰਗ ਹੋਕੇ ਬੋਲ ਪਏ ਗਾ, ਅਨੋਖ ਜੇਠ (ਵੱਡਾ) ਹੋਣ
ਕਰਕੇ ਠਿੱਠ ਜਿਹਾ ਹੋਇਆ ਸੋਚ ਰਿਹਾ ਸੀ ਕਿ ਇਹ ਨਿਸ਼ੰਗਪਣਾ ਵੀ ਬਾਹਰਲੀ ਹੈ, ਐਥੇ ਤਾਂ
ਸੋਖਾ ਕੂੰਦਾ ਨਹੀਂ ਸੀ।
ਸੰਤਖ ਨੇ ਵਿਆਹ ਤੋਂ ਵਾਪਸ ਜਾ ਕੇ
ਲਿਖਿਆ ਸੀ ਕਿ ਕਨੇਡਾ ਦੀ ਇੱਕ ਫਰਮ ਨੇ ਉਸ ਨੂੰ ਹਾਇਰ ਕਰ ਲਿਆ ਹੈ, ਕਾਗਜ਼ ਪੱਤਰ ਬਣਾ
ਲਏ ਹਨ। ਉਸ ਨੇ ਹਰਬੀਰ ਨੂੰ ਕਨੇਡਾ ਜਾ ਕੇ ਛੇਤੀ ਸੱਦ ਲਿਆ ਸੀ। ਉਹ ਛੇਤੀ ਸਹਾਇਕ
ਮਨੇਜਰ ਤੋਂ ਮਨੇਜਰ, ਜਨਰਲ ਮਨੇਜਰ ਤੱਕ ਪੌੜੀਆਂ ਚੜ੍ਹਦਾ ਗਿਆ। ਅਨੋਖ ਸਿੰਘ ਨੂੰ ਉਹ
ਸਮਾਂ ਕਲ੍ਹ ਵਾਂਗ ਲੱਗ ਰਿਹਾ ਸੀ, ਜਦੋਂ ਅਪਣੀ ਛੋਟੀ ਜਿਹੀ ਧੀ ਨਵਪ੍ਰੀਤ ਨੂੰ ਲੈਕੇ
ਉਹ ਭਾਰਤ ਆਏ ਸਨ, ਪਿੱਛੋਂ ਮਾਂ ਵਿਚਾਰੀ ਸੰਤੋਖ ਦੇ ਪੁੱਤ ਜੰਮਣ ਦੀਆਂ ਮਨੌਤਾਂ
ਮੰਨਦੀ ਤੁਰ ਗਈ, ਸੰਤੋਖ ਨੇ ਅਨੋਖ ਨੂੰ ਵੀ ਇਹ ਗੱਲ ਬਾਪ ਦੇ ਚਲਾਣੇ ਸਮੇਂ ਹੀ ਦੱਸੀ
ਸੀ ਕਿ ਹਰਬੀਰ ਨੂੰ ਹੋਰ ਬੱਚਾ ਨਹੀਂ ਹੋ ਸਕਦਾ! ਸੰਤੋਖ ਨੇ ਪਹਿਲਾਂ ਕਦੇ ਕਿਸੇ ਕੋਲ
ਭਾਫ਼ ਨਹੀਂ ਕੱਢੀ ਸੀ।
ਬਾਪ ਦੀ ਮੌਤ ਤੱਕ ਉਹ ਕਈ ਸਾਲ
ਮਾਰਚ ਮਹੀਨੇ ‘ਚ ਦੋ ਕੁ ਹਫਤਿਆਂ ਲਈ ਨਵਪ੍ਰੀਤ ਨੂੰ ਲੈਕੇ ਆਉਂਦੇ, ਨਵਪ੍ਰੀਤ ਪੰਜਾਬੀ
ਵੀ ਸੋਹਣੀ ਬੋਲਣ ਲੱਗ ਪਈ ਸੀ, ਨਵ ਨੂੰ ਸਤਵੰਤ ਦੇ ਵਿਆਹ ਦਾ ਕਿੰਨਾ ਚਾਅ ਸੀ, ਧੀ
ਸਤਵੰਤ ਦੀ ਯਾਦ ਆਉਂਦਿਆਂ ਹੀ ਅਨੋਖ ਸਿਓਂ ਨੇ ਵੱਡਾ ਹੌਕਾ ਲਿਆ, ਦਸਵੀਂ ‘ਚੋਂ ਸਤਵੰਤ
ਦੇ ਨੰਬਰ ਠੀਕ ਹੀ ਆਏ ਸਨ, ਪਰ ਸੰਤੋਖ ਉਸ ਨੂੰ ਪੜਾਉਣ ਲਈ ਕਹਿ ਰਿਹਾ ਸੀ। ਚੰਗੇ
ਖਾਂਦੇ ਪੀਂਦੇ ਘਰ ਦਾ ਸੋਹਣਾਂ ਮੁੰਡਾ ਮਿਲ਼ ਜਾਣ ਸਦਕਾ ਸਾਰਾ ਪ੍ਰਵਾਰ ਵਿਆਹ ਕਰ ਦੇਣ
ਦੇ ਹੱਕ ‘ਚ ਸੀ, ਸਤਵੰਤ ਦਾ ਵਿਆਹ ਬੜੀ ਧੂੰਮ ਧਾਂਮ ਨਾਲ ਕੀਤਾ ਸੀ। ਵਿਆਹ ‘ਚ
ਨਵਪ੍ਰੀਤ ਵੀ ਬੜਾ ਨੱਚੀ ਸੀ, ਪਰ ਪਿੱਛੋਂ ਜਿਵੇਂ-ਜਿਵੇਂ ਉਹ ਵੱਡੀਆਂ ਕਲਾਸਾਂ
ਚੜ੍ਹਦੀ ਗਈ, ਉਨ੍ਹਾਂ ਦਾ ਦੇਸ ਆਉਣਾਂ ਘੱਟਦਾ ਗਿਆ ਸੀ।
ਨਵਪ੍ਰੀਤ ਪੜ੍ਹਕੇ ਕਨੇਡਾ ‘ਚ
ਪ੍ਰੋਫੈਸਰ ਲੱਗ ਗਈ, ਉਸ ਦੇ ਵਿਆਹ ਲਈ ਮੁੰਡਾ ਦੇਖਣ ਵਾਸਤੇ ਅਨੋਖ ਸਿੰਘ ਅਕਸਰ ਫੋਨ
‘ਤੇ ਕਹਿੰਦਾ ਤਾਂ ਸੰਤੋਖ ਸਿੰਘ ਅੱਗੋਂ ਜਬਾਬ ਦਿੰਦਾ। ਬਾਈ! “ਕਨੇਡਾ ਦੇ ਬੱਚੇ ਵਿਆਹ
ਵੀ ਕਨੇਡਾ ‘ਚ ਹੀ ਕਰਵਾਉਣਾਂ ਪਸੰਦ ਕਰਦੇ ਹਨ” ਅਨੋਖ ਸਿੰਘ ਵੱਡਾ ਹੋਣ ਵਜੋਂ ਤਾੜਨਾਂ
ਕਰਦਾ, ਸੋਖਿਆ! ਕੁੜੀ ਦੀ ਉਮਰ ਬਹੁਤ ਹੋ ਗਈ ਐ, ਕਨੇਡਾ ‘ਚ ਬਥੇਰੇ ਪੰਜਾਬੀ ਵਸਦੇ
ਹਨ, ਕੋਈ ਚੰਗਾ ਖਾਨਦਾਨੀ ਮੁੰਡਾ ਲੱਭਕੇ ਵਿਆਹ ਧਰ ਦਿਓ, ਮੈਂ ਵੀ ਧੀ ਨਵ ਦੇ ਵਿਆਹ
ਬਹਾਨੇ, ਥੋਡਾ ਕਨੇਡਾ ਦੇਖ ਜਾਊਂ, ਅਨੋਖ ਸਿੰਘ ਨਵਪ੍ਰੀਤ ਨੂੰ ਬਹੁਤ ਪਿਆਰ ਕਰਨ ਲੱਗਾ
ਸੀ। ਅਪਣੀ ਧੀ ਸੱਤਵੰਤ ਦੀ ਪਹਿਲੇ ਬੱਚੇ ਸਮੇਂ ਡਾਕਟਰ ਦੀ ਅਨਗਹਿਲੀ ਨਾਲ ਹੋਈ ਮੌਤ,
ਤੇ ਮਗਰੇ ਉਸ ਦੀ ਮਾਂ ਦੇ ਚਲੇ ਜਾਣ ਨੇ ਅੰਦਰੋ ਅਸਲੋਂ ਪੋਲਾ ਕਰ ਦਿੱਤਾ ਸੀ, ਧੀ
ਸਤਵੰਤ ਨੂੰ ਨਵ ‘ਚੋਂ ਹੀ ਦੇਖਣ ਲੱਗਾ ਸੀ।
ਅਨੋਖ ਸਿੰਘ ਨੇ ਆੜਤ ਦੀ ਦੁਕਾਨ ‘ਚ
ਵੜਦਿਆਂ ਅਪਣੇ ਪੋਤਰਿਆਂ ਸੰਨੀ, ਮੰਨੀ ਨੂੰ ਮੁਨੀਮ ਤੋਂ ਪੈਸੇ ਫੜਕੇ ਇਹ ਕਹਿੰਦੇ
ਸੁਣਿਆਂ ਕਿ ਉਹ ਚੰਡੀਗੜ੍ਹ ਚਲੇ ਹਨ, ਪਹਿਲਾਂ ਘਰ ਦੀ ਕਣਕ ਦੀਆਂ ਬੋਰੀਆਂ ਭਰਾ ਕੇ
ਭਈਏ ਰਾਮੂ ਨੂੰ ਟਰੈਕਟਰ ਦੇ ਕੇ ਛੇਤੀ ਘਰ ਭੇਜ ਦੇਵੀਂ, ਇੱਕ ਭਈਆ ਖੇਤ ਕਣਕ ਦੇ ਢੇਰ
ਕੋਲ ਬੈਠਾ ਐ ਤੇ ਦੂਜਾ, ਦੂਜਾ ਖੇਤ ਕੰਬਾਈਨ ਨਾਲ ਗਿਐ, ਪਸ਼ਆਂ ਦੇ ਪੱਠੇ ਦੱਥੇ ਵੀ ਇਸ
ਬਹੀਏ ਨੇ ਹੀ ਜਾ ਕੇ ਲਿਆੳੇਣੇ ਹਨ। ਹੁਣ ਕਣਕ ਦੀ ਬੋਲੀ ਵਾਲਿਆਂ ਦੇ ਆਉਣ ‘ਤੇ ਮੁਨੀਮ
ਨਾਲ ਸੱਭ ਜਿਮੀਦਾਰਾਂ ਦੇ ਚਲੇ ਜਾਣ ਨਾਲ ਦੁਕਾਨ ‘ਚ ਅਨੋਖ ਸਿੰਘ ਇੱਕਲਾ ਬੈਠਾ ਅਪਣੇ
ਪੋਤਰਿਆਂ ਬਾਰੇ ਸੋਚੀ ਜਾ ਰਿਹਾ ਸੀ ਕਿ ਇੰਨ੍ਹਾ ਦਾ ਕੀ ਬਣੂੰ।
ਫੋਨ ਦੀ ਘੰਟੀ ਖੜਕੀ, ਕੁੱਝ ਚਿਰ
ਚੁੱਪ ਰਹਿਣ ਬਾਅਦ ਸੰਤੋਖ ਬੋਲਿਆ, ਬਾਈ! ਨਵ ਨੇ ਵਿਆਹ ਕਰਵਾ ਲਿਆ ਹੈ। ਇਹ ਕਹਿੰਦਿਆਂ
ਉਸ ਦੀ ਧਾਅ ਨਿਕਲ਼ ਗਈ ਸੀ, ਉਹ ਹੋਰ ਨਾ ਬੋਲ ਸਕਿਆ। ਉਸ ਦੀਆਂ ਸਿਸਕੀਆਂ ਸੁਣਦਾ ਅਨੋਖ
ਸਿੰਘ ਬੋਲਿਆ, “ਉਏ ਤੂੰ ਖੁਸ਼ੀ ਦੇ ਮੌਕੇ ਰੋਨਾਂ ਐਂ, ਆਖ਼ਰ ਧੀਆਂ ਨੇ ਅਪਣੇ ਘਰ ਜਾਣਾਂ
ਹੀ ਹੁੰਦੈ।” ਉਸ ਦੇ ਜ਼ਿਹਨ ‘ਚ ਅਪਣੀ ਧੀ ਸਤਵੰਤ ਦਾ ਡੋਲੀ ਤੋਰਨ ਵੇਲਾ ਯਾਦ ਆਉਂਦਿਆਂ
ਹੀ ਉਸ ਦੀਆਂ ਅੱਖਾਂ ਵੀ ਨਮ ਹੋ ਗਈਆਂ, ਉਹ ਭਰੇ ਗਲ਼ੇ ਨਾਲ ਬੋਲਿਆ, “ਚੱਲੋ! ਕੋਈ ਗੱਲ
ਨਹੀਂ ਜੇਕਰ ਮੈਂਨੂੰ ਨਹੀਂ ਸੱਦ ਸਕੇ, ਚੰਗਾ ਹੋਇਆ ਧੀ ਅਪਣੇ ਘਰ ਚਲੀ ਗਈ। ਪਰ ਸੰਤੋਖ
ਸਿੰਘ ਦੇ ਰੋਣ ਦੀ ਅਵਾਜ਼ ਉਸ ਦੇ ਕੰਨੀ ਲਗਾਤਾਰ ਪੈ ਰਹੀ ਸੀ, ਉਏ ਸੋਖਿਆ। ਕੋਈ ਗੱਲ
ਵੀ ਦੱਸ ਕਿ ਡੁਸਕੀ ਹੀ ਜਾਏਂ ਗਾ। ਸੰਤੋਖ ਨੇ ਘਰੜਾਈ ਅਵਾਜ਼ ‘ਚ ਜੋਰ ਲਾ ਕੇ ਆਖਿਆ,
ਬਾਈ! ਨਵ ਨੇ ਗੋਰੇ ਨਾਲ ਆਪੇ ਵਿਆਹ…। ਉਹ ਅਗਲੀ ਗੱਲ ਪੂਰੀ ਨਾ ਕਰ ਸਕਿਆ ਅਤੇ ਅੱਧ
ਸੁਣੀ ਗੱਲ ਨੂੰ ਸਮਝਦਿਆਂ, ਘਬਰਾਏ ਹੋਏ ਅਨੋਖ ਸਿਉਂ ਦੇ ਮੂੰਹੋਂ ਨਿਕਲਿਆ, “ਹਾਏ ਉਏ
ਸੋਖਿਆ! ਬਾਝ ਭਾਰਾਵੋਂ ਮਾਰਿਆ ਗਿਐਂ, ਐਥੇ ਹੁੰਦਾ ਤਾਂ ਜੱਟ ਅਸਮਾਨ ਨੂੰ ਅੱਗ ਕਿਹੜਾ
ਨਾਂ ਲਾ ਦਿੰਦੇ” ਉਹ ਤੜਫ ਼ਕੇ ਰਹਿ ਗਿਆ ਸੀ, ਉਸ ਨੂੰ ਜਾਪਿਆ, ਜਿਵੇਂ ਅੱਜ ਉਸ ਦੀ
ਦੂਜੀ ਧੀ ਵੀ ਮਰ ਗਈ ਹੋਵੇ, ਸੋਗੀ ਮਹੌਲ ‘ਚ ਪਤਾ ਵੀ ਨਾ ਲੱਗਾ ਕਿ ਸੰਤੋਖ ਸਿੰਘ
ਕਦੋਂ ਫੋਨ ਰੱਖ ਗਿਆ।
ਅਨੋਖ ਸਿਓਂ, ਦੇ ਜ਼ਿਹਨ ‘ਚ ਇੱਕ
ਦਿਨ ਆੜਤ ‘ਤੇ ਝੋਨਾ ਵੇਚਣ ਆਇਆ ਹਰਨਾਮਾ ਖੁੱਸੜ ਬੋਲਣ ਲੱਗਾ ਸੀ, “ਭਾਈ ਕੁੜੀਆਂ ਨੂੰ
ਪੜ੍ਹਾ ਕੇ ਮੁੰਡਾ ਵੀ ਤਾਂ ਪੜ੍ਹਿਆ ਲਿਖਿਆ ਲੱਭਣਾ ਪੈਂਦਾ, ਪੜ੍ਹਿਆਂ ਮੁੰਡਿਆਂ ਦੇ
ਨੱਕ ਅਸਮਾਨ ਨੂੰ ਲੱਗੇ ਐ, ਉਨ੍ਹਾਂ ਦੀਆਂ ਮੰਗਾਂ ਵੀ ਵੱਡੀਆਂ, ਪਹਿਲਾਂ ਕੁੜੀਆਂ ਦੀ
ਪੜਾਈ ‘ਤੇ ਖਰਚ ਕਰੋ, ਫੇਰ ਦਾਜ ਦੇ ਬਹਾਨੇ, ਬਿਗਾਨੇ ਪੁੱਤਾਂ ਦਾ ਘਰ ਭਰੋ, ਅਪਣੇ ਘਰ
ਦੇ ਚਾਰ ਸਿਆੜ ਵੇਚ ਕੇ ਕੁੜੀਆਂ ‘ਤੇ ਲਾ ਕੇ ਮੁੰਡਿਆਂ ਨੂੰ ਠੂਠਾ ਫੜ੍ਹਾ ਦੇਈਏ?
‘ਸਰਦਾਰ ਹਰਨਾਮ ਸਿਆਂ ਅਪਣੇ ਨੱਥਾ ਸਿਉਂ ਕੀ ਕੁੜੀ ਨੇ ਪੜ੍ਹ ਕੇ ਕਿਵੇਂ ਸਾਰਾ
ਪ੍ਰਵਾਰ ਬਾਹਰ ਸੱਦਕੇ ਘਰ ਦਾ ਮੂੰਹ ਧੋਅ ਦਿੱਤੈ।’ ਮਨੀਮ ਨੇ ਐਨਕਾਂ ਉੱਤੋਂ ਦੀ
ਝਾਕਦਿਆਂ ਚਲਦੀ ਗੱਲ ਨੂੰ ਟੋਣਾਂ ਲਾਇਆ’, ‘ਸੇਠ ਜੀ! ਅਪਣੇ ਸਾਹਮਣੇ ਭਜਨ ਸਿਓਂ ਦੀ
ਕੁੜੀ ਪੜ੍ਹਨ ‘ਚ ਕਹਿੰਦੇ ਹੁਸ਼ਿਆਰ ਸੀ, ਸੋਹਣੀ ਵੀ ਸੀ, ਬਾਹਰ ਭੇਜਣ ਦੀ ਝਾਕ ‘ਚ ਔਖੇ
ਹੋ ਕੇ ਕੁੜੀ ਦੇ ਪੜ੍ਹਾਉਣ ‘ਚ ਹੀ ਘਰ ਦਾ ਮੂੰਹ ਦੂਜੇ ਪਾਸੇ ਲਾ ਲਿਆ, ਤੇ ਕੁੜੀ
ਪੜ੍ਹਨ ਗਈ ਘਰ ਨਾ ਮੁੜੀ, ਬੇ-ਇਜ਼ਤੀ ਤੋਂ ਸਿਵਾਅ ਕੀ ਪੱਲੇ ਪਿਆ?’ ਹਰਨਾਮੇ ਨੇ ਮੋੜ
ਕੀਤਾ। ਠੀਕ ਹੈ, ਜਵਾਨੀ ਅਪਣੇ ਹਾਣ-ਲਾਭ ਨਹੀਂ ਦੇਖਦੀ, ਪਰ ਬੇਇਜ਼ਤੀ ਵੀ ਤਾਂ ਮਹਿਸੂਸ
ਕਰਨ ‘ਤੇ ਹੁੰਦੀ ਐ, ਕੁੜੀ, ਮੁੰਡੇ ਨਾਲ ਨਿਕਲ਼ ਗਈ ਕਿ ਮੁੰਡਾ ਕੁੜੀ ਨੂੰ ਲੈ ਕੇ ਭੱਜ
ਗਿਆ, ਕੀ ਫਰਕ ਹੈ? ਪਰ ਸਾਡਾ ਮਰਦ ਪ੍ਰਧਾਨ ਸਮਾਜ, ਕੁੜੀਆਂ ਵਾਰੀ ਭੜਕ ਉਠਦਾ ਹੈ ਤੇ
ਮੁੰਤਿਆਂ ਵਾਰੀ ਚੁੱਪ ਰਹਿੰਦੈ? ਪੜ੍ਹਾਈ ਕੋਈ ਰੀਸ ਨਹੀਂ, ਇਹ ਤਾਂ ਐਸਾ ਸਿੱਕਾ ਜੋ
ਹਰ ਥਾਂ ਚਲਦਾ ਹੈ, ਤਾਇਆ ਹਰਨਾਮ ਸਿਆਂ ਆਹ! ਅਪਣੇ ਸੰਤੋਖ ਸਿਓਂ ਬਾਰੇ ਹੀ ਸੋਚ
ਜਹਾਜ਼ਾਂ ‘ਚ ਕਿਵੇਂ ਘਰ ਦੇ ਗੱਡੇ ਵਾਂਗੂ ਚੜ੍ਹਿਆ ਫਿਰਦੈ।
ਸੰਤੋਖ ਸਿੰਘ ਦੀ ਫਰਮ ਦਾ ਕਾਰੋਬਾਰ
ਦੁਨੀਆਂ ਭਰ ਦੇ ਬਹੁਤ ਸਾਰੇ ਦੇਸ਼ਾਂ ‘ਚ ਫੈਲਿਆ ਹੋਇਆ ਸੀ, ਉਸ ਦਾ ਬਹੁਤਾ ਸਮਾਂ
ਜਹਾਜ਼ਾਂ ‘ਚ ਭੌਂਦਿਆਂ ਹੀ ਲ਼ੰਘਦਾ ਸੀ, ਬੜੀ ਦੇਰ ਬਾਅਦ ਵੀਕ ਇੰਡ ‘ਤੇ ਘਰ ‘ਚ ਪ੍ਰਵਾਰ
ਇੱਕਠਾ ਹੋਇਆ ਤਾਂ ਨਵਪ੍ਰੀਤ ਦੇ ਵਿਆਹ ਦੀ ਗੱਲ ਬਾਤ ਚੱਲ ਰਹੀ ਸੀ, ਸੰਤੋਖ ਸਿੰਘ ਨੇ
ਕਿਹਾ, ਨਵ ਪੁੱਤ! ਹੁਣ ਤੂੰ ਬੱਚੀ ਨਹੀਂ, ਪ੍ਰੋਫੇਸਰ ਬਣ ਗਈ ਐਂ, ਤੂੰ ਆਪ ਅਪਣੇ ਲਈ
ਕੋਈ ਚੰਗਾ ਪੰਜਾਬੀ ਮੁੰਡਾ ਲੱਭ ਕੇ ਸਾਨੂੰ ਦੱਸ ਦੇਵੀਂ! ਨਵ ਜਿਵੇਂ ਪਹਿਲਾਂ ਹੀ ਗੱਲ
ਕਰਨ ਨੂੰ ਤਿਆਰ ਬੈਠੀ ਹੋਵੇ, ਉਸ ਨੇ ਸੰਤੋਖ ਸਿਓਂ ਨੂੰ ਸਾਫ-ਸਾਫ ਕਹਿ ਦਿੱਤਾ, ਡੈਡੀ
ਜੀ! ਜਦੋਂ ਮੈਂ ਕੋਈ ਪੰਜਾਬੀ ਮੁੰਡਾ ਲੱਭ ਸਕਦੀ ਸਾਂ, ਉਦੋਂ ਤੁਸੀਂ ਕਹਿੰਦੇ ਸੀ,
ਕਿਸੇ ਮੁੰਡੇ ਨਾਲ ਦੋਸਤੀ ਤਾਂ ਕੀ, ਗੱਲ ਬਾਤ ਵੀ ਨਹੀਂ ਕਰਨੀ, ਇਹ ਬੋਆਏ ਫਰਿੰਡ,
ਗਰਲ ਫਰਿੰਡ ਅਪਣੇ ਸਭਿਆਚਾਰ ਦਾ ਹਿੱਸਾ ਹੀ ਨਹੀਂ, ਜੇ ਕੋਈ ਕੁੜੀ ਇਹ ਗਲਤੀ ਕਰੇ ਵੀ
ਤਾਂ ਗਾਟਾ ਲਾਹ ਦਿਤਾ ਜਾਂਦੈ, ਤੇ ਮੇਰੀ ਧੀ ਹੁਣ ਤੂੰ ਦੱਬਕੇ ਪੜ੍ਹ! ਸਾਡੇ ਸਭਿਆਚਾਰ
‘ਚ ਵਿਆਹ ਲਈ ਮੁੰਡਾ ਲੱਭਣਾਂ ਮਾਪਿਆਂ ਦਾ ਫਰਜ਼ ਹੈ, ਕੁੜੀਆਂ ਦਾ ਕੰਮ ਨਹੀਂ! ਮੈਂ
ਬੜੀ ਹੈਰਾਨ ਹਾਂ ਕਿ ਹੁਣ ਤੁਸੀਂ ਕਹਿੰਦੇ ਹੋ, ਮੈਂ ਪੰਜਾਬੀ ਮੁੰਡਾ ਆਪ ਲੱਭਕੇ
ਤੁਹਾਨੂੰ ਦੱਸਾਂ! ਜਿਵੇਂ ਨਵ ਦਾ ਸਾਲਾਂ ਦਾ ਡੱਕਿਆ ਗੁੱਸਾ, ਪਹਿਲਾਂ ਹੀ ਬਾਹਰ ਆਉਣ
ਲਈ ਕਾਹਲਾ ਹੋਵੇ। ਹੁਣ ਜਦੋਂ ਮੇਰੇ ਹਾਣ ਦੇ ਸੱਭ ਪੰਜਾਬੀ ਮੁੰਡੇ ਕੁੜੀਆਂ
ਅਪਣੇ-ਅਪਣੇ ਹਾਣੀ ਫਰਿੰਡਜ਼ ਨਾਲ ਵਿਆਹ ਕਰਵਾ ਚੁੱਕੇ ਹਨ। ਇੰਡੀਅਨ ਬੌਰਨ ਮੁੰਡਾ,
ਮੈਂਨੂੰ ਨਹੀਂ ਸਮਝ ਸਕੇ ਗਾ ਅਤੇ ਮੈਂ ਉਸ ਨਹੀਂ ਸਮਝ ਸਕਾਂ ਗੀ। ਪਰ ਹੁਣ ਮੈਂ ਹੋਰ
ਵੇਟ ਨਹੀਂ ਕਰਾਂ ਗੀ! ਉਹ ਭਰੇ ਗਲ਼ੇ ਨਾਲ ਸੌਰੀ ਡੈਡ! ਕਹਿਕੇ ਵਾਸ਼ਰੂੰਮ ਵੱਲ ਚਲੀ ਗਈ
ਸੀ। ਨਵ ਨੇ ਬੇਪ੍ਰਵਾਹ ਹੋ ਕੇ ਗੋਰੇ ਮੁੰਡੇ ਡੇਵਿਡ ਨਾਲ ਵਿਆਹ ਕਰਵਾ ਲਿਆ ਸੀ।
ਹਰਬੀਰ ਦੀ ਜਾਨ ਹੁਣ ਹੋਰ ਵੀ ਸੂਲੀ
‘ਤੇ ਟੰਗੀ ਗਈ ਸੀ, ਉਹ ਚੱਕੀ ਦੇ ਦੋਹਾਂ ਪੁੜਾਂ ‘ਚ ਪਿਸਦੀ ਅਸਲੋਂ ਹੀ ਰਹਿ ਗਈ ਸੀ।
ਸੰਤੋਖ ਨੂੰ ਗੋਰਾ ਮੁੰਡਾ ਕਦਾ ਚਿੱਤ ਮਨਜ਼ੂਰ ਨਹੀਂ ਸੀ, ਡੇਵਿਡ ਨਾਂ, ਜਿਹਨ ‘ਚ
ਆਉਂਦਿਆਂ ਹੀ ਉਸ ਦਾ ਮੂੰਹ ਕੁੜੱਤਣ ਨਾਲ ਭਰ ਜਾਂਦਾ, ਉਹ ਅੰਦਰੋ-ਅੰਦਰ ਖੁਰਨ ਲਗਾ
ਸੀ। ਕਈ ਵਾਰ ਉਹ ਅਪਣੇ ਆਪ ਸਾਹਵੇਂ ਖੜ੍ਹਾ ਹੋਕੇ ਅਪਣੇ ਆਪ ਨੂੰ ਵੀ ਪੁਛਦਾ ਕਿ ਨਵ
ਦਾ ਹਾਣ-ਪ੍ਰਵਾਣ ਕਨੇਡੀਅਨ ਬੌਰਨ ਪੜ੍ਹਿਆ ਲਿਖਿਆ ਪੰਜਾਬੀ ਮੁੰਡਾ, ਪ੍ਰੋਫੈਸਰ ਲੱਗੀ
ਨਵ ਲਈ ਮੈਂ ਵੀ ਤਾਂ ਲੱਭ ਨਹੀਂ ਸਕਿਆ, ਉਹ ਸੋਚਦਾ ਵੀ ਕਿ ਕੁੜੀ ਦਾ ਕੀ ਕਸੂਰ ਐ!
ਦਲੀਲ ਨਾਲ ਧੀ ਨੂੰ ਬਰੀ ਕਰਕੇ ਸੋਖਾ ਸਾਹ ਲੈਣ ਦਾ ਯਤਨ ਕਰਦਾ, ਧੀ ਦੇ ਪਿਆਰ ‘ਚ
ਹੰਝੂ ਵਹਾਉਂਦਾ, ਆਪਣੇ-ਆਪ ਨੂੰ ਵੀ ਕਟਾਹਿਰੇ ‘ਚ ਖੜਾ ਕਰਦਾ। ਪਰ ਅਪਣੇ ਪੰਜਾਬੀ
ਸਮਾਜ ਦੇ ਵਰਾਟ ਰੂਪ ਸਾਹਵੇਂ ਨਾ ਟਿਕ ਸਕਦਾ, ਅਪਣੀ ਫਰਮ ਦੇ ਉਨ੍ਹਾ ਕਾਮਿਆਂ ਸਾਹਮਣੇ
ਆਉਣ ਤੋਂ ਕੰਨੀ ਕਤਰਾਉਣ ਲੱਗਾ, ਜਿੰਨ੍ਹਾ ਨੂੰ ਉਸ ਨੇ ਆਪ ਫਰਮ ‘ਚ ਹਾਇਰ ਕੀਤਾ ਸੀ,
ਜੋ ਉਸ ਦਾ ਦਿਲੋਂ ਆਦਰ ਕਰਦੇ ਸਨ। ਅਸਲੋਂ ਹੀ ਚੁੱਪ ਰਹਿਣ ਲੱਗ ਪਿਆ ਸੀ, ਜਿਵੇਂ ਉਸ
ਨੇ ਅਪਣੀ ਜਿੰਦਗੀ ਤੋਂ ਹਾਰ ਮੰਨ ਲਈ ਹੋਵੇ। ਆਖ਼ਰ! ਅਰਲੀ ਰੀਟਾਇਰਮੈਂਟ ਲੈ ਕੇ ਵਿਹਲਾ
ਹੋ ਕੇ ਘਰ ਬੈਠ ਗਿਆ, ਦਿਮਾਗੀ ਪ੍ਰੇਸ਼ਾਨੀ ਨਾਲ ਉਸ ਨੂੰ ਕਿਸੇ ਅਣਜਾਣੀ ਬੀਮਾਰੀ ਨੇ ਆ
ਘੇਰਿਆ, ਉਹ ਇੰਨ੍ਹਾ ਕਮਜ਼ੋਰ ਹੋ ਗਿਆ ਕਿ ਹੌਲੀ-ਹੌਲੀ ਤੁਰਨੋਂ ਫਿਰਨੋਂ ਵੀ ਰਹਿ ਗਿਆ
ਸੀ, ਲੱਖ ਯਤਨ ਕਰਨ ‘ਤੇ ਵੀ ਉਸ ਦੀ ਸਿਹਤ ਦਿਨੋ ੋਦਨ ਨਿਘਰਦੀ ਹੀ ਗਈ ਤੇ ਉਹ ਮੰਜਾ
ਮੱਲ ਬੈਠਾ ਸੀ। ਸੰਤੋਖ ਨੇ ਇਹ ਦੁੱਖ ਮਨ ਲਾ ਲਿਆ ਸੀ।
ਹਰਬੀਰ ਕੌਰ ਅੱਪੇਸ਼ਨ ਕਰਵਉਣਾ ਬਾਅਦ
ਬਹੁਤ ਕਮਜ਼ੋਰ ਹੋ ਗਈ ਸੀ। ਸਿਹਤ ਨਾਲੋਂ ਕਿਤੇ ਵੱਧ ਉਸ ਨੂੰ ਮੁੜ ਕਦੇ ਬੱਚਾ ਪੈਦਾ ਨਾ
ਕਰ ਸਕਣ ਦੀ ਸੋਚ ਸਦਾ ਪਿੰਜਦੀ ਰਹੀ ਸੀ, ਭਾਵੇਂ ਸੰਤੋਖ ਨੇ ਇਹ ਕਦੇ ਮਹਿਸੂਸ ਨਹੀਂ
ਸੀ ਹੋਣ ਦਿੱਤਾ। ਉਹ ਹਰਬੀਰ ਨੂੰ ਬਹੁਤ ਪਿਆਰ ਕਰਦਾ ਸੀ, ਤੇ ਹਰਬੀਰ ਵੀ ਸੰਤੋਖ ‘ਤੇ
ਜਾਨ ਛਿੜਕਦੀ ਸੀ। ਪਰ ਹੁਣ ਪਿਓ ਧੀ ਦੇ ਤਣਾਅ ਨਾਲ ਉਸ ਦਾ ਦੁੱਖ ਜਿਵੇਂ ਜ਼ਰਬਾਂ ਖਾ
ਗਿਆ ਹੋਵੇ। ਉਸ ਨੂੰ ਅਪਣੀ ਧੀ ਦੇ ਖ਼ੁਸ਼ ਚਿਹਰੇ ਵੱਲ ਦੇਖਕੇ ਜਿੱਥੇ ਤੱਸਲੀ ਹੁੰਦੀ,
ਉੱਥੇ ਸੰਤੋਖ ਵੱਲ ਦੇਖਕੇ ਉਸ ਦੇ ਮਨ ਦਾ ਸੰਤੋਖ ਜਬਾਬ ਦੇ ਜਾਂਦਾ, ਉਸ ਨੂੰ ਅਪਣਾ
ਸੰਸਾਰ ਉਜੜਦਾ ਨਜ਼ਰੀਂ ਪੈਂਦਾ। ਲੱਖ ਯਤਨ ਕਰਨ ‘ਤੇ ਵੀ ਸੰਤੋਖ ਮੂੰਹੋਂ ਕੁੱਝ ਨਾ
ਕਹਿੰਦਾ ਤੇ ਬਿਤਰ-ਬਿਤਰ ਤੱਕਦਾ ਹੀ ਬਰਫ ਦੀ ਡਲੀ ਵਾਂਗ ਖੁਰੀ ਜਾ ਰਿਹਾ ਸੀ। ਹੁਣ
ਤਾਂ ਉਸ ਨੂੰ ਉਠਣ ਲਈ ਵੀ ਮਦਦ ਦੀ ਲੋੜ ਪੈਂਣ ਲੱਗੀ ਸੀ। ਕੇਹਰ ਗਿਵਰ ਭਾਵੇਂ
ਐਕਸਰਸਾਈਜ਼ ਕਰਵਾ ਜਾਂਦੀਆਂ ਤੇ ਕੱਪੜਿਆਂ ਦੀ ਸਫਾਈ ਵੀ ਕਰ ਜਾਂਦੀਆਂ ਸਨ, ਪਰ ਹਰਬੀਰ
ਸਿਹਤ ਨਾ ਠੀਕ ਹੋਣ ‘ਤੇ ਵੀ ਵਾਕਰ ਨੂੰ ਹੱਥ ਪਾ ਕੇ ਘਰ ਦੀ ਹਾਰਡ ਫਲੋਰ ‘ਤੇ ਗੇੜੇ
ਕੱਢਵਾਊਦੀ ਤਾਂ ਜੋ ਸੰਤੋਖ ਦੇ ਮਨ ਨੂੰ ਕੁੱਝ ਸਕੂਨ ਮਿਲੇ ਕਿ ਉਹ ਇੱਕਲਾ ਨਹੀਂ, ਮੈਂ
ਉਸ ਦੇ ਨਾਲ ਹਾਂ। ਪਰ ਫੇਰ ਵੀ ਸੰਤੋਖ ਉਸ ਨਾਲ ਕੋਈ ਗੱਲ ਬਾਤ ਨਾ ਕਰਦਾ। ਪਰ ਅਪਣੇ
ਭਰਾ ਅਨੋਖ ਸਿਓਂ ਨੂੰ ਫੋਨ ਜਰੂਰ ਕਰਦਾ, ਉਸ ਨਾਲ ਪੁਰਾਣੀਆਂ ਯਾਦਾਂ, ਕਨੇਡੀਅਨ
ਕਨੂੰਨ, ਬੱਚਿਆਂ ਦੇ ਹੱਕ, ਮਾਪਿਆਂ ਦਾ ਅਣਜਾਣਪੁਣਾਂ ਤੇ ਅਪਣੇ ਸਭਿਾਅਚਾਰ ਨਾਲ
ਇੱਕ-ਮਿੱਕ ਹੋ ਨਾ ਸਕਣ ਦੀਆਂ ਦੁਸ਼ਵਾਰੀਆਂ ਬਾਰੇ ਦਸਦਾ, ਬਾਅਦ ‘ਚ ਸੰਨੀ ਮੰਨੀ
ਪੋਤਰਿਆਂ ਦੀ ਪੜ੍ਹਾਈ ਦਾ ਖਿਆਲ ਰੱਖਣ ਲਈ ਅਨੋਖ ਨੂੰ ਤਾਕੀਦ ਵੀ ਕਰਦਾ। ਪਰ ਉਸ ਕੋਲ਼
ਅਪਣੀ ਧੀ ਦਾ ਜ਼ਿਕਰ ਤੱਕ ਨਾ ਕਰਦਾ। ਹਰਬੀਰ ਸੋਚਦੀ, ਆਖ਼ਰ ਕੁੜੀ ਨੇ ਵਿਆਹ ਕਰਵਾਉਣਾ
ਹੀ ਸੀ। ਪਰ ਸੰਤੋਖ ਨੂੰ ਧੀ ਦਾ ਅਪਣੇ ਸਭਿਆਚਾਰ ਵੱਲ ਪਿੱਠ ਕਰ ਕੇ ਚਲੇ ਜਾਣਾ ਸਮਾਜਕ
ਤੌਰਤੇ ਪਿੰਜਦਾ ਅਤੇ ਇਹ ਪਛਤਾਵਾ ਵੀ ਵੱਢ-ਵੱਢ ਖਾਂਦਾ ਕਿ ਉਹ ਅਪਣੇ ਕੰਮਾਂ ਕਾਜਾਂ
‘ਚੋਂ ਵਿਹਲ ਕੱਢ ਕੇ ਧੀ ਦੇ ਮਨ ‘ਚ ਨਾ ਝਾਕ ਸਕਿਆ। ਸਤੋਖ ਸਿੰਘ ਨੇ ਇੱਕ ਦਿਨ ਹਰਬੀਰ
ਦਾ ਹੱਥ ਘੁੱਟਦਿਆਂ ਆਖਿਆ ਸੀ, “ਹਰਬੀਰ! ਮੈਂ ਅਪਣੀ ਧੀ ਵੱਲੋਂ ਬੇਮੁੱਖ ਅਤੇ ਅਪਣੇ
ਭਾਈਚਾਰੇ ਵੱਲੋਂ ਵੀ ਭਗੌੜਾ ਹਾਂ।” ਧੀ ਦੇ ਪਿਆਰ ਤੇ ਪੰਜਾਬੀ ਭਾਈਚਾਰੇ ਦੋਹਾਂ
ਪੁੜਾਂ ‘ਚ ਪਿਸਦਾ ਮੁੱਕਦਾ ਜਾ ਰਿਹਾ ਸੀ।
ਹੁਣ ਜਦੋਂ ਦਿਨ ਦੀ ਰੋਟੀ ਤੋਂ
ਪਹਿਲਾਂ ਉਸ ਦੇ ਕੰਨੀ ਡਰਿੰਕਸ ਪਲੀਜ਼! ਪਈ ਤਾਂ ਉਸ ਨੂੰ ਵਿਸਕੀ ਕਹਿੰਦੇ ਸਾਰ ਯਾਦ
ਆਇਆ ਕਿ ਜਦੋਂ ਕਦੇ ਉਸ ਨੇ ਪੀਣੀ ਹੁੰਦੀ ਤਾਂ ਉਹ ਬਸੰਤ ਕੌਰ ਕਹਿੰਦਾ, “ਪੈਗ ਤਾਂ
ਆਪਾਂ ਬਸੰਤ ਦੋ ਹੀ ਪੀਣੇ ਐਂ, ਪਰ ਜੇ ਤੂੰ ਪਾ ਕੇ ਦੇਵੇਂ ਤਾਂ ਨਸ਼ਾ ਚੌਂਹ ਪੈਗਾਂ
ਵਰਗਾ ਹੋ ਜਾਂਦੈ ਤੇ ਸਰੂਰ ਵੀ ਵੱਖਰਾ ਹੀ ਹੁੰਦੈ” ਉਹ ਅੱਖਾਂ ‘ਚ ਘੂਰਦੀ ਵੀ
ਚੰਗੀ-ਚੰਗੀ ਲਗਦੀ, ਪਰ ਚੁੱਪ ਬੈਠੇ ਨੂੰ ਵੀ ਨਾ ਜਰਦੀ, ਤੇ ਦੋ ਕੁ ਤਿੱਪ ਪਾ ਕੇ
ਫੜਉਂਦੀ ਪਿਆਰ ਨਾਲ ਤੱਕਦੀ, ਜਾਨ ਕੱਢ ਲੈਂਦੀ ਸੀ। ਹੁਣ ਅਪਣੇ ਆਪ ਪੁਛਦਾ ਅਨੋਖ ਸਿੰਘ
ਬੁੜਬੜਾਇਆ “ਕਿੱਥੇ ਤੁਰਿਆ ਫਿਰਦੈਂ! ਬਾਬਾ ਅਨੋਖਿਆਂ?
ਉਸ ਨੇ ਨੀਵੀਂ ਨਜ਼ਰ ਹੋਸਟਸ ਤੋਂ
ਰੋਟੀ ਵਾਲੀ ਟਰੇਅ ਫੜ੍ਹਕੇ ਮੇਜ ‘ਤੇ ਰੱਖ ਲਈ ਸੀ, ਜਿਵੇਂ ਉਸ ਦੀ ਨੂੰਹ ਰੋਟੀ ਫੜਾ
ਕੇ ਗਈ ਹੋਵੇ। ਰੋਟੀ ਤੋਂ ਛੇਤੀ ਵਿਹਲਾ ਹੁੰਦਿਆਂ ਹੀ ਉਸ ਦਾ ਧਿਆਨ ਮੁੜ ਸੰਤੋਖ ਵੱਲ
ਗਿਆ, ਤੇ ਦਿਮਾਗ ‘ਚ ਹਰਬੀਰ ਕੌਰ ਦੇ ਫੋਨ ਦੀ ਲੰਮੀ ਵਾਰਤਾ ਤੁਰਨ ਲੱਗੀ, “ਨਵ,
ਕੱਲ੍ਹ ਡਾਕਟਰ ਦੇ ਜਾਣ ਲੱਗੀ ਬੱਚੇ ਨੂੰ ਸਾਡੇ ਕੋਲ਼ ਛੱਡ ਗਈ, ‘ਪਹਿਲਾਂ ਵੀ ਭਾਵੇਂ
ਹਰ ਰੋਜ਼ ਡੇਵਿਡ ਦੇ ਕੰਮ ‘ਤੇ ਜਾਣ ਬਾਅਦ ਨਵ ਟਿੰਕੂ ਨੂੰ ਲੈ ਕੇ ਇਧਰ ਲੈ ਆਉਂਦੀ ਸੀ,
ਸਾਡਾ ਵੀ ਦਿੱਲ ਲੱਗਿਆ ਰਹਿੰਦਾ, ਤੇ ਸੰਤੋਖ ਵੀ ਬਹੁਤ ਠੀਕ ਮਹਿਸੂਸ ਕਰਨ ਲੱਗੇ ਸਨ।
ਸੱਚ ਜਾਣੋਂ! ਜਦੋਂ ਦਾ ਨਵ ਦਾ ਮੁੰਡਾ ਜੰਮਿਐਂ, ਸੰਤੋਖ ਦੀ ਹਾਲਤ ‘ਚ ਬਹੁਤ ਸੁਧਾਰ
ਆਉਣ ਲੱਗਾ ਸੀ, ਮੈਂ ਵੀ ਬਹੁਤ ਠੀਕ ਮਹਿਸੂਸ ਕਰਨ ਲੱਗ ਪਈ ਸਾਂ। ਸਾਡੀ ਹੋਰ ਬੱਚਾ ਨਾ
ਹੋਣ ਦੀ ਭੁੱਖ, ਸ਼ਾਇਦ ਮੁੰਡਾ! ਇਹ ਕਹਿਕੇ ਉਹ ਕੁੱਝ ਚਿਰ ਚੁੱਪ ਵੀ ਕਰ ਗਈ ਸੀ,
ਜਿਵੇਂ ਉਸ ਦਾ ਗਲ਼ਾ ਭਰ ਆਇਆ ਹੋਵੇ। ਕੁੱਝ ਰੁਕ ਕੇ ਬੋਲੀ, ਨਵ ਦੇ ਪ੍ਰਾਹੁਣੇ ਡੇਵਿਡ
ਨਾਲ ਵੀ ਹੁਣ ਸੰਤੋਖ ਗੱਲਾਂ ਬਾਤ ਕਰਦੇ ਸਨ।
ਭਾਵੇਂ ਕੋਈ ਬਹੁਤੇ ਫਿਕਰ ਵਾਲੀ
ਤਾਂ ਕੋਈ ਗੱਲ ਨਹੀ। ਪਰ ਕੱਲ੍ਹ ਸੰਤੋਖ ਨੂੰ ਉਦੋਂ ਅਚਾਨਕ ਹਸਪਤਾਲ ਦਾਖ਼ਲ਼ ਕਰਾਉਣਾਂ
ਪਿਆ। ਜਦੋਂ ਮੈਂ ਟਿੰਕੂ ਦਾ ਡੈਪਰ ਬਦਲਣ ਲਈ ਵਾਸ਼ਰੂੰਮ ਗਈ, ਸੰਤੋਖ ਲੰਮੀ ਬਾਹ ਨਾਲ
ਟੇਬਲ ਤੋਂ ਅੱਖ਼ਬਾਰ ਚੁੱਕਣ ਲਗੇ, ਕੁਰਸੀ ਦੇ ਟੇਡੀ ਹੋ ਜਾਣ ਨਾਲ ਡਿੱਗ ਪਏ, ਇਹ ਖੜਕਾ
ਸੁਣਕੇ ਮੈਂ ਭੱਜੀ ਆਈ, ਕਾਹਲੀ ਨਾਲ ਮੁੰਡੇ ਨੂੰ ਕਰਿੱਬ ‘ਚ ਪਾ ਕੇ ਉਠਾਉਣ ਲੱਗੀ, ਪਰ
ਮੈਥੌਂ ਕਿੱਥੇ ਚੁੱਕੇ ਜਾਂਦੇ, ਮੈਂ ਆਪ ਸਾਹ ਘੜੀਸਦੀ ਹਾਂ, ਘਬਰਾਅ ਵੀ ਗਈ ਸਾਂ,
ਐਮਰਜੈਂਸੀ ਕਾਲ ਕਰਨੀ ਪਈ, ਪਰ ਸੰਤੋਖ ਹੁਣ ਠੀਕ ਹਨ। ਡਾਕਟਰਾਂ ਨੇ ਘਰ ਰੱਖਣ ਦੀ
ਆਗਿਆ ਨਹੀਂ ਦਿੱਤੀ। ਹਸਪਤਾਲ ‘ਚ ਪਏ ਤੁਹਾਨੂੰ ਬਹੁਤ ਯਾਦ ਕਰਦੇ ਹਨ। ਤੁਹਾਡੀ
ਸਪੌਸਰਸ਼ਿਪ ਦੇ ਲੋੜੀਂਦੇ ਕਾਗਜ਼ ਬਨਾਉਣ ਲਈ ਨਵ ਤੇ ਡੇਵਿਡ ਗਏ ਹੋਏ ਹਨ, ਪੇਪਰ
ਮਿਲਦਿਆਂ ਹੀ ਤੁਸੀਂ ਵੀਜ਼ਾ ਲੈਕੇ ਛੇਤੀ ਪਹੁੰਚ ਜਾਓ, ਇਹ ਆਪ ਵੀ ਫੋਨ ਕਰਨ ਗੇ।
ਦੂਜੇ ਦਿਨ ਸੰਤੋਖ ਦਾ ਫੋਨ ਆਇਆ,
“ਭਰਾਵਾ! ਰੱਬ ਨੇ ਹੱਥ ਦੇਕੇ ਰੱਖ ਲਿਐ, ਸੱਭ ਕੁੱਝ ਇੱਥੇ ਹੀ ਰਹਿ ਜਾਣਾਂ ਐਂ, ਕਦੋਂ
ਦੇ ਵਿਛੜੇ ਹਾਂ, ਆ ਮਿਲ ਲਈਏ, ਜ਼ਿੰਦਗੀ ਦਾ ਕੀ ਭਰੋਸਾ। ਹੁਣ ਤੂੰ ਸਾਡੇ ਕੋਲ ਆ ਕੇ
ਇੱਥੇ ਹੀ ਰਹੁ, ਪਿੰਡ ਜਾਕੇ ਵੀ ਤੂੰ ਕੀ ਕਰਨੈ?’ ਉਸ ਨੂੰ ਲੱਗਾ ਜਿਵੇਂ ਸੰਤੋਖ ਕਹਿ
ਰਿਹਾ ਹੋਵੇ, ਹੁਣ ਬਸੰਤ ਕੌਰ ਤੋਂ ਬਿਨਾਂ ਤੂੰ ਪਿੰਡ ਕੀਹਦੇ ਕੋਲ ਰਹਿਣੈ! ਅਨੋਖ
ਸਿੰਘ ਸੋਚੀ ਜਾ ਰਿਹਾ ਸੀ ਕਿ ਕਿਵੇਂ ਪਿਛਲੀ ਉਮਰੇ ਇਨਸਾਨ ਪ੍ਰਵਾਰ ‘ਚ ਰਹਿੰਦਾ ਵੀ
ਇੱਕਲਾ ਮਹਿਸੂਸ ਕਰਨ ਲਗ ਜਾਂਦੈ। ਸੱਚ ਹੀ ਤਾਂ ਕਹਿ ਰਿਹੈ ਸੰਤੋਖ! ਮੈਂ ਆਇਆ ਸੰਤੋਖ!
ਉਹ ਸੁਪਨੇ ‘ਚ ਬੁੜਬੜਾਇਆ ਸੀ।
ਟੀ ਪਲੀਜ਼! ਉਸ ਨੂੰ ਲੱਗਿਆ, ਜਿਵੇਂ
ਉਸ ਦੀ ਧੀ ਸੱਤੀ ਕਹਿ ਰਹੀ ਹੋਵੇ, ‘ਬਾਪੂ, ਅਜੇ ਜਾਗਿਆ ਨਹੀਂ, ਮੈਂ ਕਦੋਂ ਦੀ ਚਾਹ
ਲਈ ਖੜੀ ਹਾਂ।’ ਉਂਘਲਾਈਆਂ ਅੱਖਾਂ ਸਾਹਵੇਂ, ਰੇਹੜੀ ਲਈ ਖੜੀ ਬਰੇਕ ਫਾਸਟ ਵਾਲੀ ਟਰੇਅ
ਅੱਗੇ ਵਧਾਉਂਦੀ ਗੋਰੀ ਕੁੜੀ ਦੇ ਸ਼ਬਦ ‘ਸਰ! ‘ਕੌਫੀ ਆਰ ਟੀ’ ਨੇ ਉਸ ਨੂੰ ਗੂਹੜੀ
ਨੀਂਦੋਂ ਬਾਹਰ ਲੈ ਆਂਦਾ ਸੀ, ਉਸ ਦੇ ਮੂੰਹੋ ਮਸਾਂ ਟੀ ਹੀ ਨਿਕਲਿਆ, ਹੁਣ ਉਸ ਨੇ
ਸੰਭਲਦਿਆਂ ਨਾਸ਼ਤੇ ਵਾਲੀ ਟਰੇਅ ਫੜਕੇ ਮੇਜ਼ ਸੀਟ ਪਿੱਛੋਂ ਲਾਹਕੇ ਰੱਖੀ ਅਤੇ ਉਸ ਦੇ
ਹੱਥ ‘ਚ ਫੜੀ ਦੂਜੀ ਟਰੇਅ ‘ਚ ਰੱਖ ਕੇ ਚਾਹ ਦਾ ਕੱਪ ਭਰਾਉਦਿਆਂ, ਪਾਣੀ ਦਾ ਗਲਾਸ ਵੀ
ਮੰਗਿਆ।
ਚਾਹ ਪੀਣ ਬਾਅਦ ਮਿਲਿਆ ਫਾਰਮ ਉਸ
ਨੇ ਬਰਾਬਰ ਵਾਲੀ ਸੀਟ ‘ਤੇ ਬੈਠੇ ਇੱਕ ਸੇਠ ਦੀ ਮਦਦ ਨਾਲ ਭਰਨ ਬਾਅਦ ਤੇ ਸਕਰੀਨ ‘ਤੇ
ਬੈਲਟਾਂ ਲਾਉਣ ਦੀਆਂ ਹਦਾਇਤ ਦੇਖਦਿਆਂ ਅਨਾਊਂਮੈਂਟ ਵੀ ਸੁਣੀ ‘ਅਸੀਂ ਹੁਣ ਟਰੰਟੋ
ਏਅਰਪੋਰਟ ‘ਤੇ ਲੈਂਡ ਕਰ ਰਹੇ ਹਾਂ।” ਹੁਣ ਲਹਿੰਦੀ ਪੀਂਘ ਵਾਂਗ ਦਿਲ ਨੂੰ ਹੌਲ ਤੇ
ਕੰਨ੍ਹਾਂ ਦੇ ਪਰਦਿਆਂ ‘ਤੇ ਦਬਾਅ ਪੈਣ ਲੱਗਾ, ਸਾਹ ਰੋਕਣ ਵਰਗੀ ਪੱਸਰੀ ਚੁੱਪ ਬਾਅਦ
ਮੁਸਾਫਰਾਂ ਦੀਆਂ ਤਾੜੀਆਂ ਨੇ ਜਹਾਜ਼ ਦੇ ਸਹੀ ਸਲਾਮਤ ਲੈਡ ਕਰ ਜਾਣ ਦਾ ਸਕੇਤ ਦਿੱਤਾ।
ਸਰਪੱਟ ਭਜਦਾ ਜਹਾਜ਼ ਹੌਲੀ-ਹੌਲੀ ਮੱਠਾ ਹੋਇਆ ਤੇ ਗੇਟ ਨਾਲ ਜਾ ਲੱਗਾ, ਲੰਮੀ ਬੈਠਕ ਦੇ
ਭੰਨੇ ਮੁਸਾਫਰ ਇੱਕ ਦਮ ਉਠ ਕੇ ਜਹਾਜ਼ ਦੀ ਛੱਤ ਨਾਲ ਲੱਗੇ ਰੱਖਣਿਆਂ ‘ਚੋਂ ਕਾਹਲੀ ਨਾਲ
ਸਮਾਨ ਨੂੰ ਕੱਢਣ ਲੱਗੇ ਜਿਵੇਂ ਸੱਭ ਨੇ ਇੱਕਠੇ ਹੀ ਜਹਾਜ਼ ‘ਚੋ ਨਿਕਲ਼ ਕੇ ਭੱਜਕੇ
ਜਾਣਾਂ ਹੋਵੇ। ਇੰਮੀਗ੍ਰੇਸ਼ਨ ਅਫਸਰ ਤੋਂ ਪਾਸਪੋਰਟ ‘ਤੇ ਮੋਹਰ ਲਗਵਾ ਕੇ ਅਪਣਾਂ ਇੱਕੋ
ਬੈਗ ਚੁੱਕ ਕੇ ਰੇੜਦਾ ਅਨੋਖ ਸਿੰਘ ਮੁਸਾਫਰਾਂ ਦੇ ਪਿੱਛੇ-ਪਿੱਛੇ ਬਾਹਰ ਆਇਆ, ਅੱਗੇ
ਮੁਸਾਫਰਾਂ ਨੂੰ ਲੈਣ ਆਉਣ ਵਾਲਿਆਂ ਦਾ ਮੇਲਾ ਲੱਗਾ ਹੋਇਆ ਸੀ। ਅਪਣੇ ਗਲ਼ ‘ਚ ਅਨੋਖ
ਸਿੰਘ ਲਿਖਕੇ ਪਾਈ ਖੜੀ ਹਰਬੀਰ ਕੌਰ ਨੂੰ ਉਸ ਨੇ ਸਿਆਣ ਤਾਂ ਲਿਆ ਸੀ, ਬਾਹਰ ਆਉਣ ਦਾ
ਇਸ਼ਾਰਾ ਕਰ ਕੇ ਥੋੜੀ ਦੇਰ ਬਾਅਦ ਗਰਾਜ ‘ਚੋਂ ਉਹ ਗੱਡੀ ਕੱਢ ਲਿਆਈ।
ਸਤਿ ਸ੍ਰੀ ਅਕਾਲ ਬੁਲਾਣ ਬਾਅਦ ਬੈਗ
ਗੱਡੀ ਦੀ ਡਿੱਗੀ ‘ਚ ਰੱਖਵਾ ਕੇ ਅਨੋਖ ਸਿੰਘ ਨੂੰ ਪਿਛਲੀ ਸੀਟ ‘ਤੇ ਬਿਠਾ ਕੇ ਉਸ ਨੇ
ਵੀਹ ਕੁ ਮਿੰਟਾਂ ‘ਚ ਅਪਣੇ ਘਰ ਸਾਹਮਣੇ ਡਰਾਈਵੇ ‘ਚ ਕਾਰ ਰੋਕਦਿਆਂ ਡਿੱਗੀ ਖੌਲ੍ਹੀ
ਦਿੱਤੀ। ਅਨੋਖ ਸਿੰਘ ਅਪਣਾ ਬੈਗ ਲੈ ਕੇ ਹਰਬੀਰ ਦੇ ਪਿੱਛੇ-ਪਿਛੇ ਰੋੜਦਾ ਘਰ ਅੰਦਰ
ਵੜਿਆ। ਪ੍ਰਵਾਰ ਦੀ ਸੁੱਖ ਸਾਂਦ ਪੁਛਦੀ ਹਰਬੀਰ ਨੇ ਅਟੈਚਡ ਵਾਸ਼ਰੂਮ ਵਾਲੇ ਕਮਰੇ ‘ਚ
ਬੈਗ ਰੱਖਵਾਇਆ, ਟੁਐਲਿਟ ਤੇ ਸ਼ੈਂਕ ਗਰਮ ਠੰਡੇ ਪਾਣੀ ਵਾਲੀਆਂ ਟੂਟੀਆਂ, ਬਾਰੇ ਦੱਸਣ
ਬਾਅਦ ਵਾਸ ਼ਰੂੰਮ ਜਾਣ ਲਈ ਕਹਿੰਦੀ ਬਾਹਰ ਚਲੀ ਗਈ। ਵਾਸ਼ਰੂੰਮ ‘ਚੋਂ ਮੁੜਦੇ ਅਨੋਖ
ਸਿੰਘ ਨੂੰ ਪੀਣ ਲਈ ਠੰਡਾ ਦਿੰਦੀ ਹੋਈ ਬੋਲੀ, ਤੁਸੀਂ ਹੁਣ ਨਹਾ ਲਓ, ਸਫ਼ਰ ਦਾ ਥਕੇਵਾਂ
ਲਹਿ ਜਾਵੇ ਗਾ, ਤੋਲੀਆ, ਸਾਬਣ, ਸ਼ੈਂਪੂ ਤੇਲ ਪਹਿਲਾਂ ਹੌ ਰੱਖੇ ਸਨ। ਮੈਂ ਚਾਹ ਤਿਆਰ
ਕਰ ਦੀ ਹਾਂ। ਅਨੋਖ ਸਿੰਘ ਨਹਾ ਕੇ ਵਾਸ਼ਰੂੰਮ ‘ਚੋਂ ਪੱਗ ਬੰਨ ਕੇ ਬਾਹਰ ਆਇਆ।
ਡਾਈਨਿੰਗ ਟੇਬਲ ‘ਤੇ ਚਾਹ ਦਾ ਭਰੇ ਵੱਡੇ ਕਨੇਡੀਅਨ ਕੱਪ ਨਾਲ ਖਾਣ ਪੀਣ ਵਾਲਾ ਬਹੁਤ
ਸਾਰਾ ਸਮਾਨ ਉਸ ਦੀ ਉਡੀਕ ਕਰ ਰਿਹਾ ਸੀ। ਤੁਸੀ ਚਾਹ ਪੀਓ ਮੈਂ ਹੁਣੇ ਆਈ ਕਹਿੰਦੀ
ਹਰਬੀਰ ਕੌਰ ਕਮਰੇ ਤੋਂ ਬਾਹਰ ਚਲੀ ਗਈ। ਉਸ ਨੇ ਇਹ ਸੱਭ ਕੁੱਝ ਐਂਨੀ ਕਾਹਲੀ ਨਾਲ
ਕੀਤਾ ਕਿ ਅਨੋਖ ਸਿੰਘ ਨੂੰ ਗੱਲ ਬਾਤ ਕਰਨ ਦਾ ਮੌਕਾ ਹੀ ਨਾ ਦਿੱਤਾ। ਉਸ ਨੂੰ ਪਤਾ ਸੀ
ਕਿ ਉਹ ਭਰਾ ਦੀ ਮੌਤ ਸੁਣਕੇ ਕੁੱਝ ਵੀ ਖਾ ਪੀਏ ਗਾ ਨਹੀਂ।
ਅਨੋਖ ਸਿੰਘ ਚਾਹ ਪੀ ਕੇ ਵਿਹਲਾ
ਹੋਇਆ ਹੀ ਸੀ ਕਿ ਬਾਹਰ ਬੈਲ ਹੋਈ, ਬਾਹਰਲਾ ਬਾਰ ਖੁੱਲ੍ਹਿਆ, ਇੱਕ ਜੋੜਾ ਅਪਣਾ ਬੱਚਾ
ਚੁੱਕੀ ਘਰ ‘ਚ ਦਾਖਲ ਹੋਇਆ, ਤੇ ਬੱਚਾ ਅਪਣੇ ਸਾਥੀ ਗੋਰੇ ਨੂੰ ਫੜਾਕੇ ਚੀਕ ਮਾਰਕੇ
ਭੱਜੀ ਆਉਂਦੀ ਕੁੜੀ ਕਹਿ ਰਹੀ “ਤਾਇਆ ਜੀ! ਡੈਡੀ ਜੀ, ਆਪਾਂ ਸੱਭ ਨੂੰ ਛੱਡ ਕੇ ਚਲੇ
ਗਏ। ਤਾਇਆ ਜੀ! ਮੈਂ ਥੋਡੀ ‘ਨਵ’, ਤਾਇਆ ਜੀ! ਮੈਂ ਥੋਡੀ ‘ਨਵ”, ਤਾਇਆ ਜੀ! …। ਇਹ
ਕਹਿੰਦੀ ਨਵ ਲਗਾਤਾਰ ਵਿਰਲਾਪ ਕਰੀ ਜਾ ਰਹੀ ਸੀ। ਅਪਣੀ ਮਾਂ ਨੂੰ ਇਸਤਰਾਂ ਰੋਂਦਿਆਂ
ਦੇਖਕੇ ਬੱਚਾ ਵੀ ਰੋਣ ਲੱਗ ਪਿਆ ਸੀ, ਗੋਰਾ ਬੱਚੇ ਨੂੰ ਲੈ ਕੇ ਬੈਕ ਯਾਰਡ ‘ਚ ਚਲਾ
ਗਿਆ ਸੀ। ਦੋਵੇਂ ਮਾਵਾਂ ਧੀਆਂ ਅਨੋਖ ਸਿੰਘ ਕੋਲ਼ ਖੜੀਆਂ ਲਗਾਤਾਰ ਰੋਈ ਜਾ ਰਹੀਆਂ ਸਨ।
ਉਹ ਵੀ ਇੱਕ ਦਮ ਸੁਣ ਕੇ ਸੁੰਨ ਹੋ ਗਿਆ ਸੀ, ਹੌਲੀ-ਹੌਲੀ ਉਸ ਨੂੰ ਸੁਰਤ ਜਿਹੀ ਆਈ,
ਨਵਪ੍ਰੀਤ, ਉਸ ਦੇ ਬੱਚੇ ਤੇ ਗੋਰੇ ਜਵਾਈ ਬਾਰੇ ਸਮਝ ਆਈ, ਧੀ ਲਈ ਜਾਗੇ ਮੋਹ ਤੇ ਉਸ
ਦੇ ਵਿਰਲਾਪ ਨੇ ਅਨੋਖ ਸਿੰਘ ਦੇ ਮਨ ‘ਚੋਂ ਸੱਭ ਕੁੜੱਤਣ ਧੋਅ ਸੁੱਟੀ ਸੀ।
ਅਨੋਖ ਸਿੰਘ ਦੇ ਨਾਲ ਲੱਗੀ ਨਵ ਵੀ
ਸਿਸਕੀਆਂ ਭਰਦੀ ਹੌਲੀ-ਹੌਲੀ ਰੋਣੋ ਹਟੀ ਅਤੇ ਕੋਲ ਖੜੀ ਹਰਬੀਰ ਨੇ ਵੀ ਅੱਖਾਂ
ਪੂੰਝੀਆਂ, ਹੁਣ ਬੱਚੇ ਨੂੰ ਲੈ ਕੇ ਗੋਰਾ ਵੀ ਅੰਦਰ ਆਇਆ। ਅਪਣਾ ਆਪ ਸੰਭਾਲ਼ ਕੇ ਨਵ ਉਸ
ਵੱਲ ਇਸ਼ਾਰਾ ਕਰਦੀ ਬੋਲੀ, ਤਾਇਆ ਜੀ! ਇਹ ਟਿੰਕੂ ਦੇ ਡੈਡ, ਡੇਵਿਡ! ਭਾਰਤੀ ਅੰਦਾਜ ‘ਚ
ਡੇਵਿਡ ਨੇ ਸਿਰ ਝੁਕਾ ਕੇ ਆਖਿਆ, “ਟਾਇਆ ਜੀ, ਮੈ ਟੇਰਾ ਪੁੱਟ ਹਾਂਨ।” ਅਨੋਖ ਸਿੰਘ
ਨੇ ਮੋਢੇ ‘ਤੇ ਹੱਥ ਤਾਂ ਰੱਖਿਆ, ਪਰ ਮੂੰਹੋਂ ਕੁੱਝ ਨਾ ਬੋਲਿਆ, ਜਿਵੇਂ ਉਸ ਨੇ
ਬਿਗਾਨੇ ਪੁੱਤ ਨੂੰ ਅਜੇ ਵੀ ਮੁਆਫ਼ ਨਾ ਕੀਤਾ ਹੋਵੇ। ਦੇਰ ਰਾਤ ਤੱਕ ਸੰਤੋਖ ਦੀਆਂ
ਗੱਲਾਂ ਕਰਦਾ ਪ੍ਰਵਾਰ, ਉਸ ਦੀਆਂ ਪੁਰਾਣੀਆਂ ਯਾਦਾਂ ਦੇ ਸਿਰਹਾਣੇ ਸੋਗ ‘ਚ ਡੁੱਬਾ
ਰਿਹਾ ਸੀ, ਬੱਚਾ ਸੌਂ ਚੁੱਕਾ ਸੀ, ਲੰਮੇ ਸਫ਼ਰ ਦਾ ਝੰਬਿਆ, ਅਨੋਖ ਸਿੰਘ ਵੀ ਅੱਖਾ
ਮੀਚਣ ਲੱਗਾ ਅਤੇ ਕੁੱਝ ਹੋਰ ਖਾਣ ਪੀਣ ਲਈ ਨਾ ਮੰਨਿਆਂ। ਸਵੇਰੇ ਹਰਬੀਰ ਕੌਰ ਜਦੋਂ
ਚਾਹ ਲਈ ਸੱਦਣ ਆਈ ਉਦੋਂ ਨੂੰ ਨਹਾ ਕੇ ਅਨੋਖ ਸਿੰਘ ਪਾਠ ਕਰ ਚੁੱਕਾ ਸੀ। ਹਰਬੀਰ ਨੇ
ਅਨੋਖ ਸਿੰਘ ਨਾਲ ਚਾਹ ਪੀਂਦਿਆਂ ਦੱਸਿਆ ਕਿ ਰਾਤ ਤੁਹਾਡੇ ਪਹੁੰਚਣ ਦੀ ਇਤਲਾਹ ਪਿੰਡ
ਬੱਚਿਆਂ ਨੂੰ ਫੋਨ ‘ਤੇ ਦਿੱਤੀ ਸੀ।
ਦੂਜੇ ਦਿਨ ਸੰਤੋਖ ਸਿੰਘ ਦੀ ਦੇਹ
ਦਾ ਇਸ਼ਨਾਨ ਕਰਾਉਣ ਸਮੇਂ ਅਨੋਖ ਸਿੰਘ, ਬਾਡੀ ਨੂੰ ਲੰਮੇ ਸਮੇਂ ਲਈ ਰੱਖਣ ਲਈ ਲਗੇ
ਕੈਮੀਕਲ ਵਾਲੇ ਸਟਿੱਚਾਂ ਵੱਲ ਦੇਖ-ਦੇਖ ਅਨੋਖ ਸਿੰਘ ਹੰਝੂ ਵਹਾਉਂਦਾ ਰਿਹਾ ਸੀ, ਅਪਣੇ
ਭਰਾ ਨੂੰ ਆਖ਼ਰੀ ਸਮੇਂ ਤੋਰਨ ਦੀ ਤਿਆਰੀ ਵੀ ਬੜੀ ਰੀਝ ਨਾਲ ਕਰਵਾਉਂਦਿਆਂ ਉਸ ਨੇ ਬੜਾ
ਸਬਰ ਤੋਂ ਕੰਮ ਲਿਆ ਸੀ, ਪਰ ਫਿਊਨਲ ਹਾਲ ‘ਚ ਦਰਸ਼ਨ ਕਰਨ ਸਮੇਂ ਉਸ ਦੇ ਸਬਰ ਦਾ ਕੜ
ਪਾਟ ਗਿਆ ਸੀ, ਬਕਸੇ ‘ਚ ਪਏ ਭਰਾ ਨੂੰ ਦੇਖਕੇ ਉਸ ਦੀ ਧਾਅ ਨਿਕਲ਼ ਗਈ, ਤੇ ਉਸ ਨੇ
ਆਖਿਆ ਸੀ, “ਓਏ ਸੋਖਿਆ, ਮੈਨੂੰ ਊਡੀਕ ਤਾਂ ਲੈਦਾ! ਇਹ ਸੁਣਕੇ ਹਾਲ ‘ਚ ਬੈਠੇ ਪੰਜਾਬੀ
ਭਾਈਚਾਰੇ ਦੀਆਂ ਡੁਬਡਬਾਉਦੀਆਂ ਅੱਖਾਂ ਵੱਲ ਦੇਖਕੇ ਕਾਲੇ ਕੋਟਾਂ ‘ਚ ਬੈਂਚਾਂ ਉੱਤੇ
ਬੈਠੇ ਸੰਤੋਖ ਦੇ ਸਾਥੀ ਗੋਰੇ ਗੋਰੀਆਂ ਦੇ ਚਿਹਰਿਆਂ ‘ਤੇ ਹੈਰਾਨੀ ਭਰੇ ਉੱਭਰੇ
ਚਿੰਨਾਂ ਤੋਂ ਜ਼ਾਹਰ ਹੋ ਰਿਹਾ ਸੀ ਕਿ ੳਨ੍ਹਾਂ ਨੂੰ ਇੰਨ੍ਹਾ ਸੀਨੀਅਰ ਭਰਾਵਾਂ ਦੇ ਮੋਹ
ਨੇ ਕੀਲ ਲਿਆ ਸੀ। ਅੰਕਲ! ਕੰਟਰੋਲ ਯੂਆਰ ਸੈਲਫ ਕਹਿੰਦੇ, ‘ਨਵ ਤੇ ਡੇਵਿਡ, ਅਨੋਖ
ਸਿੰਘ ਨੂੰ ਦਿਲਾਸਾ ਦੇ ਰਹੇ ਸਨ। ਫਿਊਨਲ ਹੋਮ ਤੋਂ ਸਮੈਟਰੀ ਤੱਕ ਭਰਾ ਦੀ ਅਰਥੀ ਨਾਲ
ਚਲਦੇ ਗੱਡੀਆਂ ਦੇ ਕਾਫ਼ਲੇ ਨੂੰ ਦੇਖਕੇ ਅਨੋਖ ਸਿੰਘ ਨੂੰ ਅਪਣੇ ਦਾਦੇ ਦਾ ਅੱਧੀ ਸਦੀ
ਪਹਿਲਾਂ ਕੱਢਿਆ ਬਬਾਨ ਯਾਦ ਆ ਗਿਆ ਸੀ। ਸਮੈਟਰੀ ‘ਚ ਵੀ ਪਾਠ ਅਰਦਾਸ ਕਰਨ ਬਾਅਦ
ਮ੍ਰਿਤਿੱਕ ਦੇਹ ਲਿਫਟ ਰਾਹੀਂ ਭੱਠੀ ਸਾਹਮਣੇ ਅੱਪੜੀ, ਅੱਗਨ ਭੇਂਟ ਕਰਨ ਲਈ ਭੱਠੀ ‘ਚ
ਧੱਕਣ ਬਾਅਦ ਸਮੈਟਰੀ ਸਰਵਿਸ ਦਾ ਇੰਪਲਾਈ ਉਨ੍ਹਾ ਵੱਲ ਝਾਕਿਆ। ਹਰਬੀਰ ਨੇ ਨਵ ਨੂੰ
ਕਿਹਾ, ‘ਅਪਣੇ ਦੀ ਭਰਾ ਦੀ ਦੇਹ ਨੂੰ ਅੱਗ ਦਿਖਾਉਣ ਲਈ ਬਟਨ ਤੇਰੇ ਤਾਇਆ ਜੀ ਦਬਾਉਣ
ਗੇ!’ ਅਨੋਖ ਸਿੰਘ ਨਵਪ੍ਰੀਤ ਵੱਲ ਝਾਦਿਆਂ ਬੋਲਿਆ, ਬਾਪ ਦੀ ਦੇਹ ਨੂੰ ਅੱਗ ਦਿਖਾ ਕੇ
ਆਖ਼ਰੀ ਵਾਰ ਅਲ ਵਿਦਾਅ ਕਹਿ ‘ਸ਼ੇਰ ਪੁੱਤ!’ ਹਰਬੀਰ ਕੋਰ ਦੇ ਬੋਲਾਂ ‘ਚ ਭਾਰਤੀ
ਸੰਸਕ੍ਰਿਤੀ ਦੀ ਗਹਿਰ ਗੰਭਰਿਤਾ ਅਤੇ ਅਨੋਖ ਸਿੰਘ ਦੇ ਬੋਲਾਂ ‘ਚ ਨਵ ਜਾਗ੍ਰਤੀ ਦੀ
ਕਣਸੋਅ ਪ੍ਰਤੱਖ ਹੈਰਾਨੀ ਜਨਕ ਅਵੱਲੇ ਜਜ਼ਬੇ ਸਨ।
ਨਵਪ੍ਰੀਤ ਦਾ ਬੱਚਾ ਛੋਟਾ ਹੋਣ
ਕਰਕੇ ਅਜੇ ਛੇ ਕੁ ਮਹੀਨੇ ਘਰ ਹੀ ਸੀ, ਡੇਵਿਡ ਵੀ ਵੀਕ ਇੰਡ ‘ਤੇ ਵਿਹਲਾ ਸੀ।
ਗੁਰਬਾਣੀ ਦੇ ਦੁਨਿਆਵੀ ਜਿੰਦਗੀ ‘ਚ ਪਥ ਪ੍ਰਦਰਸ਼ਨੀ ਗਿਆਨ ਨਾਲ ਭਾਣਾਂ ਮੰਨਣ ਦੀ ਬਲ
ਪ੍ਰਾਪਤੀ ਲਈ ਸਯੋਗ ਪਾਠੀਆਂ ਦੀ ਚੋਣ ਕਰ ਕੇ ਘਰ ਸਹਿਜ ਪਾਠ ਰੱਖਵਾਇਆ। ਵੀਕ ਇੰਡ ‘ਤੇ
ਅਫਸੋਸ ਕਰਨ ਵਾਲੇ ਵੀ ਦੁੱਖ ਵੰਡਾਉਂਦੇ ਰਹੇ। ਆਖ਼ਰੀ ਰਸਮ ਗੁਰਦੁਆਰੇ ਦੇ ਵੱਡੇ ਹਾਲ
‘ਚ ਹੀ ਸੰਪਨ ਹੋਣ ਬਾਅਦ ਵੀ ਦਿਨ ਵੇਲੇ ਨਵਪ੍ਰੀਤ ਬੱਚਾ ਲੈਕੇ ਆ ਜਾਂਦੀ, ਪ੍ਰਵਾਰ
ਬੱਚੇ ਨੂੰ ਖਿਡਾਉਂਦਾ ਕਿ ਬੱਚਾ ਪ੍ਰਵਾਰ ਦਾ ਦਿਲ ਪ੍ਰਚਾਉਂਦਾ, ਪਰ ਇਸਤਰਾਂ ਤਿੰਨ
ਮਹੀਨੇ ਕੁ ਲੰਘਦਿਆਂ ਪਤਾ ਹੀ ਨਾ ਲੱਗਾ। ਪ੍ਰਵਾਰ ਇੱਕ ਅੱਧ ਵੀਕਇੰਡ ਛਡ ਕੇ ਬਾਹਰ
ਫਿਰਨ ਤੁਰਨ ਜਾਂਦਾ, ਅਨੋਖ ਸਿੰਘ ਲਈ ਇਹ ਥਾਵਾਂ ਅਚੰਭੇ ਭਰੀਆਂ ਸਨ, ਪ੍ਰਵਾਰ ਦੀਆਂ
ਸੰਤੋਖ ਸਿੰਘ ਨਾਲ ਦੇਖੀਆਂ ਇੰਨ੍ਹਾਂ ਥਾਵਾਂ ‘ਤੇ ਖਿਲਰੀਆਂ ਜੀਵਨ ਦੀਆਂ ਅਨੇਕ
ਪੁਰਾਣੀਆਂ ਯਾਦਾਂ ਸਿਰ ਚੁੱਕ ਖੜਦੀਆਂ, ਜੋ ਨਵ-ਹਰਬੀਰ ਦੀਆਂ ਗੱਲਾਂ ਦਾ ਵਿਸ਼ਾ
ਬਣਦੀਆਂ ਤਾਂ ਅਨੋਖ ਸਿੰਘ ਨੂੰ ਲਗਦਾ ਜਿਵੇਂ ਸੰਤੋਖ ਉਨ੍ਹਾਂ ਨਾਲ ਤੁਰਿਆ ਫਿਰਦਾ
ਹੋਵੇ। ਡੇਵਿਡ! ਤਸਵੀਰਾਂ ਖਿਚਦਾ, ਡਿਜ਼ਟਲ ਕੈਮਰੇ ਨਾਲ ਖਿੱਚੀਆਂ ਤਸਵੀਰਾਂ, ਛੋਟੀ
ਮੂਵੀ ਵੀ ਬਦਲ ਜਾਂਦੀਆਂ ਸਨ, ਜਦ ਡੇਵਿਡ ਘਰ ਆ ਕੇ ਉਨ੍ਹਾਂ ਨੂੰ ਕੰਪਿਉਟਰ ‘ਚ ਪਾ ਕੇ
ਦਿਖਾਉਂਦਾ, ਅਨੋਖ ਸਿੰਘ ਹੈਰਾਨ ਹੁੰਦਾ। ਨਵ ਤੇ ਡੇਵਿਡ ਨੇ ਤਾਇਆ ਜੀ ਨੂੰ ਖ਼ੂਬ
ਘੁਮਾਇਆ ਫਿਰਾਇਆ ਕਿ ਉਹ ਉਦਾਸ ਨਾ ਹੋਵੇ। ਅਨੋਖ ਸਿੰਘ ਪਿੰਡ ਫੋਨ ਕਰਦਾ ਰਹਿੰਦਾ ਤੇ
ਪਿੰਡੋਂ ਤਾਂ ਕਦੇ ਕਦਾਈਂ ਹੀ ਫੋਨ ਆਉਂਦਾ।
ਪੰਜ ਕੁ ਮਹੀਨੇ ਲੰਘ ਚੁੱਕੇ ਸਨ,
ਜਦੋਂ ਅਨੋਖ ਸਿੰਘ ਨੇ ਇੱਕ ਦਿਨ ਘਰ ਚਲਦੀਆਂ ਗੱਲਾਂ ‘ਚ ਪਿੰਡ ਵਾਪਸ ਜਾਣ ਲਈ ਸੀਟ
ਕਨਫਰਮ ਕਰਵਉਣ ਲਈ ਕਿਹਾ ਤਾਂ ਨਵ ਬੋਲੀ, ‘ਦੇਖੋ ਤਾਇਆ ਜੀ! ਤੁਸੀਂ ਆਪ ਹੀ ਦਸਦੇ ਸੀ
ਕਿ ਡੈਡੀ ਜੀ ਨੇ ਤੁਹਾਨੂੰ ਪਹਿਲਾਂ ਵੀ ਫੋਨ ‘ਤੇ ਗਲਾਂ ਕਰਦਿਆਂ ਕਹਿ ਦਿੱਤਾ ਸੀ, ਕਿ
‘ਹੁਣ ਤੁਸੀਂ ਸਾਡੇ ਕੋਲ ਆਕੇ ਰਹੋ।’ ਅਸੀਂ ਤੁਹਾਨੂੰ ਮੁੜਨ ਨਹੀਂ ਦੇਣਾਂ! ਪੁੱਤ
ਸੰਤੋਖ ਹੁੰਦਾ ਤਾਂ ਹੋਰ ਗੱਲ ਸੀ, ਪਰ ਹੁਣ ਮੈਂ ਨਹੀਂ ਰਹਿ ਸਕਦਾ, ਤੁਸੀਂ ਆਪ ਤਾਂ
ਅਮਰੀਕਾ ਚਲੇ ਜਾਣਾ ਐਂ, ਮੈਂ ਇੱਥੇ ਕੀਹਦੇ ਕੋਲ਼ ਰਹਾਂ ਗਾ? ਤਾਇਆ ਜੀ! ਤੁਸੀਂ ਅਤੇ
ਮੰਮੀ ਜੀ ਇੱਕਠੇ ਇੱਥੇ ਰਹੋ। ਵਿਚਾਰੇ ਤਾਈ ਜੀ ਤਾਂ ਬੜੀ ਦੇਰ ਪਹਿਲਾਂ ਚਲੇ ਗਏ,
ਉੱਥੇ ਵੀ ਹੁਣ ਤੁਸੀਂ ਕਿਸ ਕੋਲ਼ ਜਾਣਾਂ ਹੈ। ਨਵ ਬੇਟੇ ਭੱਲਾ, ਤੂੰ ਹੀ ਦੱਸ! ਇਸਤਰਾਂ
ਇੱਥੇ ਰਹਿੰਦਾ ਮੈਂ ਚੰਗਾ ਲਗਾਂ ਗਾ? ਤਾਇਆ ਜੀ! ਇੱਥੇ ਰਹਿੰਦੇ ਤੁਸੀ ਕਿਵੇਂ ਚੰਗੇ
ਨਹੀ ਲਗਦੇ? ਨਵ ਪੁੱਤ ਤੂੰ ਮੂਲੋਂ ਹੀ ਹੱਦ ਕਰੀ ਜਾਂਨੀ ਐਂ, ਤੂੰ ਹੀ ਦੱਸ! ਹੁਣ ਮੈਂ
ਬੱਗੇ ਵਾਲੀਂ ਅਪਣੇ ਗੁਜ਼ਰੇ ਭਰਾ ਨਾਲ ਧੋਖਾ ਅਤੇ ਤੇਰੀ ਤਾਈ ਨਾਲ ਵਿਸਾਹਘਾਤ ਕਰਾਂ?
ਨਹੀਂ ਤਾਇਆ ਜੀ! ਇਹ ਵਿਸਾਹਘਾਤ ਨਹੀ, ਸਗੋਂ ਭਰਾ ਦੀ ਜਿਮੇਂਵਾਰੀ ਦਾ ਬੋਝ ਚੁੱਕਣਾਂ
ਹੈ, ਜਿਵੇਂ ਅਪਣੇ ਜੱਟ ਪ੍ਰਵਾਰਾਂ ‘ਚ ਪਹਿਲਾਂ ਹੁੰਦਾ ਆਇਐ, ਨਵ ਨੇ ਅਪਣੀ ਇਤਿਹਾਸਕ
ਸੂਝ ਦਾ ਵੀ ਪ੍ਰਗਟਾਵਾ ਕੀਤਾ। ਪੁੱਤ ਉਹ ਸੱਭ ਕੁੱਝ ਛੋਟੇ-ਛੋਟੇ ਬੱਚਿਆਂ ਲਈ ਕਰਨਾਂ
ਪੈਂਦਾ ਸੀ, ਤੇ ਹੁਣ ਤਾਂ ਮੇਰੀਆਂ ਸਿਵਿਆਂ ‘ਚ ਲੱਤਾਂ ਹਨ। ਸੁੱਖ ਨਾਲ ਤੂੰ ਪੜ੍ਹਕੇ
ਪ੍ਰੋਫੈਸਰ ਲੱਗੀ ਐਂ। ਤਾਇਆ ਜੀ! ਸਾਡੇ ਲੋਕਾਂ ਦੀ ਇਹੋ ਤਾਂ ਟਰੈਜਡੀ ਹੈ, ਇਹ ਅਪਣੇ
ਆਪ ਲਈ ਨਹੀਂ ਜਿਉਂਦੇ, ਬੱਸ ਸਿਰਫ ਬੱਚਿਆਂ ਲਈ ਹੀ ਜਿਉਂਦੇ ਹਨ, ਕਹਿੰਦੀ ਨਵ ਕੁੱਝ
ਭਾਵਿਕ ਜਿਹੀ ਹੋ ਗਈ। ਡੇਵਿਡ ਦੇ ਆਉਣ ਨਾਲ ਨਵ ਅਪਣੇ ਘਰ ਚਲੀ ਗਈ।
ਅਨੋਖ ਸਿੰਘ ਨੇ ਸਵੇਰੇ ਉਠਦਿਆਂ
ਅਪਣੇ ਪੁੱਤ ਦਿਆਲ ਸਿੰਘ ਨੂੰ ਫੋਨ ਕਰਕੇ ਸੁੱਖਸਾਂਦ ਬਾਅਦ ਦੱਸਿਆ ਕਿ ਨਵਪ੍ਰੀਤ ਨੂੰ
ਸੀਟ ਕਨਫਰਮ ਕਰਨ ਲਈ ਕਹਿ ਦਿੱਤਾ ਹੈ, ਬੱਸ! ਮਹੀਨਾ ਕੁ ਹੋਰ ਐ, ਉਹ ਬਹੁਤ ਛੇਤੀ ਆ
ਰਿਹਾ ਹੈ। ‘ਨਵਪ੍ਰੀਤ ਬਹੁਤ ਖਹਿੜੇ ਪਈ ਹੋਈ ਹੈ ਕਿ ਮੈਂ ਹੁਣ ਇੱਥੇ ਹੀ ਰਹਾਂ, ਭਲਾ!
ਮੈਂ ਕਿਵੇਂ ਰਹਿ ਸਕਦਾ ਹਾਂ! ਅਨੋਖ ਸਿੰਘ ਨੇ ਅਪਣੀ ਗੱਲ ਮੁਕਾਈ ਹੀ ਸੀ ਕਿ ਦਿਆਲ
ਸਿੰਘ ਬੋਲਿਆ, ‘ਕੋਈ ਗੱਲ੍ਹ ਨੀ ਬਾਪੂ ਜੀ! ਜਿਵੇਂ ਤੁਹਾਡੀ ਮਰਜੀ ਐ ਕਰ ਲਵੋ, ਪਰ
ਆਵਦੇ ਸੰਨੀ ਮੰਨੀ ਦਾ ਜਰੂਰ ਕੁੱਝ ਕਰਕੇ ਹੀ ਮੁੜਿਆ ਜੇ, ਇੱਥੇ ਕੰਮ ਤਾਂ ਚਲੀ ਹੀ
ਜਾਂਦੈ। ਇਹ ਸੁਣਕੇ ਅਨੋਖ ਸਿੰਘ ਨੂੰ ਲੱਗਿਆ ਕਿ ਘਰ ‘ਚ ਉਸ ਤੋਂ ਬਿਨਾਂ ਸਰੀ ਜਾਂਦਾ
ਐ, ਉਸ ਦੀ ਕੋਈ ਲੋੜ ਨਹੀਂ। ਉਹ ਗਰਮ ਹੁੰਦਾ ਬੋਲਿਆ, ਦਿਆਲਿਆ, ਜੇ ਥੋਡਾ ਖੁਲ੍ਹੀ
ਡੁੱਲ੍ਹੀ ਜਮੀਨ ਜਾਇਦਾਦ ਅਤੇ ਆੜਤ ਦੀ ਆਂਮਦਨ ਨਾਲ ਪੂਰਾ ਨਹੀਂ ਪੈਂਦਾ ਤਾਂ ਗੋਰਿਆਂ
ਦੀਆਂ ਦਿਹਾੜੀਆਂ ਕਰਕੇ ਵੀ ਧਜਾਂ ਨਹੀਂ ਜੁੜਨੀਆਂ! ਤੂੰ ਮੈਂਨੂੰ ਦੱਸ ਭਲਾ! ਤੇਰੇ
ਪੁੱਤਾਂ ਨੇ ਕਦੇ ਡੱਕਾ ਤੋੜ ਕੇ ਦੁਹਰਾ ਕੀਤੈ? ਇੱਥੇ ਬਿਗਾਨੇ ਪੁੱਤ ਚੰਮ ਲਾਹਕੇ
ਛਡਦੇ ਐ, ਪੜਨ੍ਹਾਂ ਤੇਰੇ ਪੁੱਤਾਂ ਦੇ ਵੱਸ ਦਾ ਰੋਗ ਨਹੀ, ਉਹ ਸੰਤੋਖ ਹੀ ਸੀ, ਜਿਹੜਾ
ਦਿਹਾੜੀਆਂ ਵੀ ਕਰਦਾ ਸੀ, ਤੇ ਪੜ੍ਹਾਈ ਵੀ। ਭਲਿਆ ਮਾਨਸਾ! ਹੁਣ ਮੈਂ ਇੱਥੇ ਤੇਰੀ
ਇੱਕਲੀ ਚਾਚੀ ਕੋਲ ਰਹਿੰਦਾ ਚੰਗਾ ਨਹੀਂ ਲਗਦੈਂ, ‘ਨਵ’ ਹੋਰੀ ਅੱਡ ਰਹਿੰਦੇ ਹਨ, ਹੁਣ
ਉਨ੍ਹਾਂ ਆਪ ਤਾਂ ਅਮਰੀਕਾ ਚਲੇ ਜਾਣੈਂ। ਤੇਰਾ ਚਾਚਾ ਜਿਉਂਦਾ ਹੁੰਦਾ ਗੱਲ ਹੋਰ ਹੋਣੀ
ਸੀ। ਬਾਪੂ ਜੀ! ਇੱਥੇ ਸੱਭ ਚਲਦਾ ਹੈ, ਥੋਡੇ ਰਹਿਣ ਨਾਲ ਸ਼ਾਇਦ ਅਪਣੇ ਜੁਆਕ ਵੀ ਕਨੇਡਾ
ਪਹੁੰਚ ਹੀ ਜਾਣ! ਅਨੋਖ ਸਿੰਘ ਨੇ ਅਪਣੇ ਪੁੱਤ ਨੂੰ ਗਾਹਲ਼ ਕੱਢਦਿਆਂ ਫੋਨ ਰੱਖਿਆ ਹੀ
ਸੀ ਕਿ ਦਰਵਾਜਾ ਖੜਕਿਆ, ਹਰਬੀਰ ਕੌਰ ਚਾਹ ਪੀਣ ਲਈ ਕਹਿ ਰਹੀ ਸੀ।
ਡਾਈਨਿੰਗ ਟੇਬਲ ‘ਤੇ ਬੈਠਦਿਆਂ
ਅਨੋਖ ਸਿੰਘ ਨੇ ਚਾਹ ਦਾ ਕੱਪ ਬੇਧਿਆਨੇ ਜਿਹੇ ਚੁੱਕਿਆ, ਤੇ ਮੁੰਹ ਨੂੰ ਲਾਏ ਬਿਨਾਂ
ਹੀ ਰੱਖ ਦਿੱਤਾ, ਵਜੂਦੋਂ ਬਾਹਰੀ ਹਾਜ਼ਰੀ ਦੇ ਸੰਕੇਤ, ਸੋਚ ‘ਚ ਡੁੱਬੀਆਂ ਅੱਖਾਂ ‘ਚੋਂ
ਲਭਦੀ ਹਰਬੀਰ ਬੋਲੀ, “ਤੁਸੀਂ ਪਹਿਲਾਂ ਕੁੱਝ ਖਾ ਲਓ ਜੀ! ਚਾਹ ਵੀ ਠਰ ਜਾਵੇ ਗੀ” ਇਹ
ਸੁਣ ਕੇ ਮੁੜਿਆ ਅਨੋਖ ਸਿੰਘ ਆਂਡੇ ਦੇ ਪੂੜੇ, ਆਂਮਲੇਟ ਨੂੰ ਚਮਚੇ ਨਾਲ ਹੀ ਕੱਟਕੇ
ਖਾਂਦਾ ਕੁੱਝ ਨਾ ਬੋਲਿਆ ਤੇ ਅਪਣੀ ਪਲੇਟ ‘ਚੋਂ ਥੋੜਾ-ਥੋੜਾ ਕੁ ਮੂੰਹ ‘ਚ ਪਾਉਂਦੀ,
ਚਾਹ ਦੀਆਂ ਚੁਸਕੀਆਂ ਲੈਂਦੀ ਹਰਬੀਰ ਦੇ ਜ਼ਿਹਨ ‘ਚ ਰਾਤੀਂ ਨਵਪ੍ਰੀਤ ਦੀਆਂ ਅਪਣੇ ਤਾਏ
ਨਾਲ ਕੀਤੀਆਂ ਗੱਲਾਂ ਦੀ ਲੜੀ ਪਈ ਸੀ, ਪਹਿਲਾਂ ਉਸ ਨੂੰ ਲੱਗਿਆ ਜਿਵੇਂ ਉਸ ਕੋਲ
ਰਹਿਕੇ ਧੀ ਪੁੱਤਾਂ ਵਾਲੀ ਜਿਮੇਂਵਾਰੀ ਤੋਂ ਨਵ ਚਿੜੀ ਪਿੱਛਾ ਛਡਾ ਰਹੀ ਹੋਵੇ। ਇੱਥੋਂ
ਦੇ ਜੰਮੇਂ ਪਲ਼ੇ ਧੀਆਂ ਪੁੱਤ ਅਪਣੀ ਜਿੰਦਗੀ ‘ਚ ਕਿਸੇ ਦਾ ਵੀ ਦੱਖ਼ਲ ਬਰਦਾਸ਼ਤ ਨਹੀਂ
ਕਰਦੇ।
ਇਸ ਦੇ ਮਗਰ ਹੀ ਦੂਜੀ ਯਾਦ ਨੇ ਆਣ
ਦਸਤੱਕ ਦਿੱਤੀ ਕਿ ਇੱਥੋਂ ਦੇ ਜੰਮਪ਼ਲ ਬੱਚੇ ਅਪਣੇ ਮਾਪਿਆਂ ਦੀ ਜਿੰਦਗੀ ‘ਚ ਵੀ ਦੱਖ਼ਲ
ਨਹੀਂ ਦਿੰਦੇ। ਹੁਣ ਉਸ ਦੇ ਦਿਮਾਗ ‘ਚ ਅਪਣੀ ਸਹੇਲੀ ਪੰਮੀ ਦੀ ਕਹਾਣੀ ਚੱਲ ਪਈ। ਉਸ
ਦਾ ਪੱਤੀ ਕਿਵੇਂ ਅਪਣੀ ਮਸ਼ੂਕਾ ਦੇ ਇਸ਼ਕ ‘ਚ ਅੰਨ੍ਹਾਂ ਹੋਇਆ, ਅਪਣੇ ਧੀ ਪੁੱਤ ਨੂੰ ਵੀ
ਭੁੱਲ ਗਿਆ ਸੀ। ਪੰਮੀ ਦੇ ਮਾਂ-ਬਾਪ, ਭੈਣ-ਭਰਾ ਕਹਿ ਰਹੇ ਸਨ, ਤੂੰ ਬੰਦਾ ਬਣ ਕੇ
ਬੱਚੇ ਪਾਲ਼, ਅਸੀਂ ਤੈਂਨੂੰ ਭਰਾ ਸਮਝ ਕੇ ਬਾਪ ਦੀ ਜ਼ਮੀਨ ‘ਚੋਂ ਬਰਾਬਰ ਦਾ ਹਿੱਸਾ
ਦੇਵਾਂ ਗੇ। ਪਰ ਅਪਣੇ ਤਨ ਮਨ ਦੀ ਅੱਗ ‘ਚ ਉਹ ਕਿਵੇਂ ਮਚਦੀ ਰਹੀ, ਇਹ ਤਾਂ ਰੱਬ ਹੀ
ਜਾਣਦੈ। ਕਿਵੇਂ ਜਿੰਦਗੀ ਨਾਲ ਘੁਲ਼ਦੀ ਨੇ ਅਪਣੀ ਜਿਮੇਵਾਰੀ ਨਿਭਾਈ। ਪਰ ਜੱਟ
ਪ੍ਰਵਾਰਾਂ ‘ਚ ਜ਼ਮੀਨ ਤਾਂ ਭਰਾਵਾਂ ‘ਚ ਹੀ ਮਸਾਂ ਸਮਾਉਂਦੀ ਐ, ਧੀ ਨੂੰ ਕਿਸ ਨੇ ਵੰਡ
ਕੇ ਦੇਣੀ ਸੀ। ਪਰ ਹੁਣ ਉਸ ਦੇ ਧੀ ਪੁੱਤ, ਟੀਨ ਏਜ ‘ਚ ਆਉਂਦਿਆਂ ਹੀ ਮਾਂ ਦੇ ਤਨ ਮਨ
ਦਾ ਦੁੱਖ ਮਹਿਸੂਸ ਕਰ ਕੇ ਕਹਿੰਦੇ, ਮੌਮ! ਹਾਓ ਯੂ ਸਪੈਂਡ ਯੂਆਰ ਸਿੰਗਲ ਲਾਈਫ?
(ਮੰਮੀ! ਤੂੰ ਕਿਵੇਂ ਇੱਕਲੀ ਜਿੰਦਗੀ ਭੋਗਦੀ ਐਂ?) ਅਪਣੇ ਬੱਚਿਆਂ ਮੂੰਹੋਂ ਇਹ ਸੁਣ
ਕੇ ਮ੍ਹੂੰਹ ਲਾਲ ਹੋ ਜਾਂਦਾ। ਹੌਲੀ-ਹੌਲੀ ਅਪਣੇ ਬੱਚਿਆਂ ਦੀ ਦੋਸਤ ਬਣ ਕੇ ਉਸ ਦੇ ਮਨ
ਨੂੰ ਸਕੂਨ ਹੁੰਦਾ ਕਿ ਬੱਚੇ ਉਸ ਦਾ ਦਰਦ ਸਮਝਦੇ ਹਨ। ਆਖ਼ਰ ਬੱਚਿਆਂ ਦੀ ਜਿੱਤ ਹੋਈ,
ਜਦੋਂ ਉਸ ਨਾਲ ਕੰਮ ਕਰਦੀ ਇੱਕ ਸਹੇਲੀ ਦੇ ਦਿੳਰ ਨਾਲ ਮੌਮ ਦਾ ਵਿਆਹ ਕਰਕੇ ਉਹ ਅਪਣੇ
ਨਵੇਂ ਬਾਪ ਨੂੰ ਘਰ ਲੈ ਆਏ ਸਨ। ਇਸਤਰਾਂ ਹੀ ਸ਼ਕੁੰਤਲਾ ਦੇ ਬੱਚਿਆ ਨੇ ਵੀ…। ਉਸ ਦੇ
ਜ਼ਿਹਨ ‘ਚ ਘਰਾਂ ਵਾਲੀ ਅੰਮਾਂ ਸੋਭੀ ਆ ਖੜੀ, ਜੋ ਹੱਸ ਕੇ ਕਹਿ ਦਿੰਦੀ ਸੀ, ਥੋਡੇ
ਬਾਬੇ ਪੰਜਾਂ ਭਰਾਵਾਂ ਦੇ ਮੈਂ ਇਕਲੀ ਨੇ ਸਿਰ ਜੋੜ ਕੇ ਰੱਖੇ, ਭਲਾ! ਸੌਹਰੇ ਦੇ
ਪੁੱਤਾਂ ‘ਚ ਕੀ ਫਰਕ ਹੁੰਦੈ।
ਅਨੋਖ ਸਿੰਘ ਚਾਹ ਪੀਕੇ ਵਿਹਲਾ
ਹੋਇਆ ਹੀ ਸੀ ਕਿ ਹਰਬੀਰ ਬੋਲੀ, ਰਾਤ ਨਵ ਠੀਕ ਹੀ ਤਾਂ ਕਹਿੰਦੀ ਸੀ, ਕਿ ਸਾਡੇ ਲੋਕ
ਸਦਾ ਬੱਚਿਆਂ ਲਈ ਹੀ ਜਿਉਂਦੇ ਹਨ, ਅਪਣੇ ਲਈ ਨਹੀਂ? ਮੈਂ ਵੀ ਪਹਿਲਾਂ ਇਸਤਰਾਂ ਹੀ
ਸੋਚਦੀ ਸੀ, ਮਰਿਆਂ ਨਾਲ ਮਰਿਆ ਵੀ ਨਹੀਂ ਜਾਦਾ, ਤੇ ਮੋਹ ਤੋਂ ਬੇਲਾਗ ਵੀ ਨਹੀਂ ਹੋਇਆ
ਜਾਂਦਾ। ਸੰਤੋਖ ਨਾਲ ਸਾਝੀਆਂ ਇਸ ਘਰ, ਸ਼ਹਿਰ ਨਾਲ ਜੁੜੀਆਂ ਅਨੇਕ ਯਾਦਾਂ ਨੂੰ
ਵਿਲਕਦੀਆਂ ਛੱਡਕੇ ਮੈਂ ਨਵ ਨਾਲ ਅਮਰੀਕਾ ਜਾ ਕੇ ਨਹੀਂ ਰਹਿ ਸਕਦੀ। ਇਨ੍ਹਾਂ ਦੇਸ਼ਾਂ
‘ਚ ਤਾਂ ਬਹੁਤ ਸਾਰੇ ਲੋਕ ਵਿਆਹ ਤੋਂ ਬਿਨਾਂ ਵੀ ਇੱਕਠੇ ਰਹੀ ਜਾਂਦੇ ਹਨ। ਵੱਢੇਰੀ
ਉਮਰ ‘ਚ ਲੋਕ ਵੀ ਮਰਨ ਤੱਕ ਵਿਆਹ ਕਰਵਾਈ ਜਾਂਦੇ ਹਨ। ਤੁਸੀਂ ਉੱਥੇ ਜਾ ਕੇ ਰੁਲੀ ਜਾਓ
ਗੇ ਤੇ ਇੱਥੇ ਮੈਂ ਇੱਕਲੀ ਨਰਕ ਭੋਗੀ ਜਾਵਾਂ ਗੀ। ਮੈਂ ਤਾਂ ਕਹਿੰਨੀ ਆਂ ਕਿ ‘ਪਿਛਲੀ
ਉਮਰ ‘ਚ ਚਾਰ ਦਿਨ ਰਲ ਮਿਲ ਕੇ ਸੌਖੇ ਕੱਟ ਲੈਂਦੇ, ‘ਅੱਗੇ ਤੇਰੀ ਮਰਜੀ!’ ਕਹਿ ਕੇ
ਜਿਵੇਂ ਮਨ ਦਾ ਭਾਰ ਹੋਲ਼ਾ ਕਰ ਕੇ ਉਹ ਸੌਖੀ ਹੋ ਗਈ ਹੋਵੇ। ਅਨੋਖ ਸਿੰਘ ਹਰਬੀਰ ਵੱਲ
ਬਿਟਰ-ਬਿਟਰ ਦੇਖੀ ਜਾ ਰਿਹਾ ਸੀ।
*****
(30 ਅਪਰੈਲ
2007)