-khfxIaF-

ਸਭਿਆਚਾਰ

ਅਨਮੋਲ ਕੌਰ (ਕੈਨੇਡਾ)

 
     
 

ਦੋ ਸ਼ਬਦ ਲੇਖਕਾ ਬਾਰੇ

ਅਨਮੋਲ ਕੌਰ (ਕੈਨੇਡਾ) ਪੰਜਾਬੀ ਦੀ ਐਮ.ਏ. ਹਨ। ਉਂਝ ਲਿਖਣਾ ਤਾਂ ਭਾਵੇਂ ਉਹਨਾਂ ਨੇ ਦਸਵੀਂ ਜਮਾਤ ਵਿੱਚ ਹੀ ਸ਼ੁਰੂ ਕਰ ਦਿੱਤਾ ਸੀ ਅਤੇ ਬਹੁਤ ਸਾਰੀਆਂ ਕਹਾਣੀਆਂ ਵੀ ਲਿਖੀਆਂ ਸਨ ਪਰ ਕੁਝ 'ਕਾਰਨਾਂ ਕਰਕੇ' ਲਿਖਣਾ ਜਾਰੀ ਨਾ ਰਹਿ ਸਕਿਆ। ਹੁਣ ਉਹਨਾਂ ਨੇ ਆਪਣੇ ਪਤੀ ਸ: ਇਕਬਾਲ ਸਿੰਘ ਦੇ ਸਹਿਯੋਗ ਨਾਲ, ਪੰਜਾਬੀ ਵਿੱਚ ਲਿਖਣਾ ਆਰੰਭ ਕੀਤਾ ਹੈ। ਉਹਨਾਂ ਦੀਆਂ ਕਹਾਣੀਆਂ ਸਥਾਨਕ ਪਰਚਿਆਂ ਅਤੇ ਇੰਟਰਨੈੱਟ ਮੈਗ਼ਜ਼ੀਨਾਂ ਵਿੱਚ ਛੱਪਦੀਆਂ ਰਹਿੰਦੀਆਂ ਹਨ। ਉਹਨਾਂ ਦੀ ਚਾਹ ਅਤੇ ਕੋਸਿ਼ਸ਼ ਹੈ ਕਿ ਉਹ ਚੰਗੀਆਂ ਕਹਾਣੀਆਂ ਲਿੱਖ ਸਕਣ।---'ਲਿਖਾਰੀ'

*****

ਸਭਿਆਚਾਰ
ਅਨਮੋਲ ਕੌਰ (ਕੈਨੇਡਾ)


ਸੁਖਵੀਰ ਅਤੇ ਉਸ ਦੇ ਪਤੀ ਕਮਲ ਦੀ ਸ਼ੁਰੂ ਤੋਂ ਹੀ ਇਹ ਕੋਸ਼ਿਸ਼ ਰਹੀ ਕਿ ਬਦੇਸ਼ ਵਿਚ ਰਹਿ ਕੇ ਵੀ ਆਪਣੇ ਬੱਚਿਆਂ ਨੂੰ ਪੰਜਾਬੀ ਸਭਿਆਚਾਰ ਅਤੇ ਬੋਲੀ ਨਾਲ ਜੋੜਿਆ ਜਾਵੇ। ਭਾਂਵੇ ਕਮਲ ਛੋਟੀ ਉਮਰ ਵਿਚ ਹੀ ਕੈਨੇਡਾ ਆ ਗਿਆ ਸੀ, ਪਰ ਵੇਖਣ ਵਾਲੇ ਨੂੰ ਇੰਝ ਲੱਗਦਾ ਸੀ, ਜਿਵੇਂ ਉਹ ਹੁਣੇ ਹੀ ਪੰਜਾਬ ਤੋਂ ਆਇਆ ਹੋਵੇ। ਉਹ ਆਪਣਾ ਜ਼ਿਆਦਾ ਸਮਾਂ ਬੱਚਿਆਂ ਨਾਲ ਹੀ ਬਿਤਾਂਦੇ। ਜਦੋਂ ਉਹਨਾਂ ਦੇ ਬੱਚੇ ਛੋਟੇ ਸਨ, ਉਸ ਸਮੇਂ ਸੁਖਵੀਰ ਨੌਕਰੀ ਨਹੀ ਸੀ ਕਰਦੀ। ਭਾਂਵੇ ਕਮਲ ਦੀ ਤਨਖਾਹ ਵਿਚ ਚੰਗਾ ਭਲਾ ਗੁਜ਼ਾਰਾ ਹੋ ਜਾਂਦਾ ਸੀ। ਫਿਰ ਵੀ ਕਈ ਰਿਸ਼ਤੇਦਾਰ ਛੇਤੀ ਹੀ ਇਹ ਸਵਾਲ ਕਰਨ ਲੱਗ ਪੈਂਦੇ, “ਤੁਹਾਡਾ ਗੁਜ਼ਾਰਾ ਕਿਸ ਤਰ੍ਹਾਂ ਹੁੰਦਾ ਹੈ, ਇਕ ਦੀ ਤਨਖਾਹ ਨਾਲ ਔਖਾ ਹੀ ਹੈ?”

ਉਹ ਆਪਣੇ ਘਰ ਸਬਰ ਸੰਤੋਖ ਨਾਲ ਰਹਿ ਰੇਹੇ ਸਨ। ਪਰ ਲੋਕ ਆਪਣੀਆਂ ਗੱਲਾਂ ਨਾਲ ਉਹਨਾਂ ਦਾ ਚੈਨ ਗੰਵਾ ਦਿੰਦੇ। ਇਕ ਦਿਨ ਸੁਖਵੀਰ ਆਪਣੇ ਬੱਚਿਆਂ ਨੂੰ ਕੀਰਤਨ ਸਿਖਾਉਣ ਵਾਸਤੇ ਗੁਰਦੁਆਰੇ ਸਾਹਿਬ ਲੈ ਕੇ ਗਈ। ਉਂਥੇ ਉਸ ਦੀ ਰਿਸ਼ਤੇ ਵਿਚੋਂ ਲੱਗਦੀ ਮਾਮੀ ਮਿਲ ਪਈ। ਜਦੋ ਮਾਮੀ ਨੂੰ ਪਤਾ ਲੱਗਾ ਕਿ ਸੁਖਵੀਰ ਦੇ ਬੱਚੇ ਕੀਰਤਨ ਸਿਂਖਣ ਲਈ ਆਏ ਹਨ ਤਾਂ ਉਹ ਝੱਟ ਬੋਲ ਉਂਠੀ,

“ਕੁੜੇ, ਤੂੰ ਨਿਆਣਿਆਂ ਨੂੰ ਢਾਡੀ ਬਣਾਉਣਾ ਹੈ।”

“ਮਾਮੀ ਜੀ, ਅਸੀਂ ਬੱਚਿਆਂ ਨੂੰ ਆਪਣੇ ਸਭਿਆਚਾਰ ਨਾਲ ਸਬੰਧਤ ਹਰ ਚੀਜ਼ ਸਿਖਾਲਣ ਦਾ ਯਤਨ ਕਰਦੇ ਹਾਂ।” ਸੁਖਵੀਰ ਨੇ ਕਾਰ ਵਿਚੋਂ ‘ ਹਰਮੋਨੀਅਮ’ ਕੱਢਦੀ ਨੇ ਆਖਿਆ। ਮਾਮੀ ਆਪਣੇ ਆਪ ਨੂੰ ਨਵੀਂ ਪੀੜ੍ਹੀ ਦੀ ਸਮਝਦੀ ਹੋਈ ਬੁੱਲ੍ਹ ਕੱਢਦੀ ਹੋਈ ਅਗਾਂਹ ਤੁਰ ਪਈ। ਗੁਰਦੁਆਰੇ ਦੇ ਦਰਵਾਜੇ ਵਿੱਚ ਹੀ ਸੁਖਵੀਰ ਨੂੰ ਉਸ ਦੀ ਭੂਆ ਦੀ ਧੀ ਜਿੰਦਰ ਮਿਲ ਗਈ। ਜਦੋਂ ਉਸ ਨੇ ਸੁਖਵੀਰ ਦੇ ਹੱਥਾਂ ਵਿਚ ‘ਹਰਮੋਨੀਅਮ’ ਦੇਖਿਆ, ਦੂਰੋਂ ਹੀ ਬੋਲ ਉੱਠੀ, “ਦੇਖ, ਭੈਣ ਅਸੀਂ ਉਦੋਂ ਦੀਆਂ ਕਿੰਨੀਆਂ ਮੌਜਾਂ ਕਰਦੇ ਹਾਂ ਜਦੋਂ ਦੇ ਨਿਆਣੇ ‘ਇੰਡੀਆਂ’ ਭੇਜ ਦਿੱਤੇ ਹਨ। ਸੁਖਵੀਰ ਉਸ ਦੀ ਗੱਲ ਸੁਣ ਕੇ ਕਾਫ਼ੀ ਹੈਰਾਨ ਹੋਈ ਕਿਉਂਕਿ ਉਸ ਦੇ ਅਨੁਸਾਰ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਆਪਣੇ ਤੋਂ ਅਲੱਗ ਕਰਕੇ ਕੋਈ ਕਿਵੇਂ ਮੌਜਾਂ ਕਰ ਸਕਦਾ ਹੈ। ਜਿੰਦਰ ਦੀ ਪਹਿਲੀ ਆਖੀ ਹੋਈ ਗੱਲ ਵੀ ਉਸ ਨੂੰ ਯਾਦ ਆ ਗਈ। ਜਦੋਂ ਉਸ ਨੇ ਕਿਹਾ ਸੀ , “ ਅਸੀ ਪੰਜਾਬ ਤੋਂ ਤੁਹਾਡੇ ਨਾਲੋਂ ਮਗਰੋਂ ਆ ਕੇ ਵੱਡਾ ਘਰ ਬਣਾ ਲਿਆ।” ਸੁਖਵੀਰ ਇਹਨਾਂ ਸਾਰੀਆਂ ਗੱਲਾਂ ਨੂੰ ਕੋਈ ਮੱਹਤਤਾ ਨਹੀ ਸੀ ਦਿੰਦੀ। ਕੈਨੇਡਾ ਵਿਚ ਬਹੁਤੇ ਲੋਕਾਂ ਨੇ ਜੋ ਦੌੜ ਲਾਈ ਹੋਈ ਹੈ, ਇਕ ਦੂਸਰੇ ਤੋਂ ਅੱਗੇ ਨਿਕਲਣ ਦੀ, ਕਮਲ ਅਤੇ ਸੁਖਵੀਰ ਇਸ ਵਿਚ ਸ਼ਾਮਲ ਨਹੀ ਸਨ ਹੁੰਦੇ। ਜਦੋਂ ਸੁਖਵੀਰ ਨੇ ਜਿੰਦਰ ਦੀ ਆਖੀ ਹੋਈ ਗੱਲ ਕਮਲ ਨੂੰ ਆ ਕੇ ਦੱਸੀ ਤਾਂ ਕਮਲ ਨੇ ਕਿਹਾ, “ਬੇਸ਼ਕ ਜਿੰਦਰ ਅਤੇ ਉਸ ਦੇ ਪਤੀ ਨੇ ਬੱਚੇ ਇੰਡੀਆਂ ਭੇਜ ਕੇ ਦੋ ਦੋ ‘ਸ਼ਿਫਟਸ’ ਕੰਮ ਕਰਕੇ ਵੱਡਾ ਘਰ ਬਣਾ ਲਿਆ ਹੈ। ਪਰ ਬੱਚਿਆਂ ਦੀਆਂ ਬਚਪਨ ਵਿਚ ਖੇਡੀਆਂ ਖੇਡਾਂ ਅਤੇ ਤੋਤਲੀਆਂ ਜ਼ਬਾਨਾਂ ਵੀ ਭਾਗਾਂ ਵਾਲਿਆਂ ਨੂੰ ਹੀ ਦੇਖਣ ਸੁਨਣ ਨੂੰ ਮਿਲਦੀਆਂ ਹਨ। ਬੱਚੇ ਨੂੰ ਵੀ ਦੋਹਰਾ ਜੁਦਾਈ ਦਾ ਸੰਤਾਪ ਹੰਢਾਉਣਾ ਪੈਂਦਾ ਹੈ।”

“ ਵੈਸੇ ਜੋ ਬੱਚੇ ਇੰਡੀਆਂ ਵਿਚ ਪਲ਼ ਜਾਂਦੇ ਹਨ, ਉਂਥੋਂ ਦਾ ‘ਕਲਚਰ’ ਜ਼ਰੂਰ ਸਿਖ ਲੈਂਦੇ ਹੋਣਗੇ।” ਸੁਖਵੀਰ ਨੇ ‘ਕਲਚਰ’ ਸ਼ਬਦ ਜਰਾ ਉੱਚੀ ਅਵਾਜ਼ ਵਿਚ ਕਿਹਾ।

“ਇਹ ਤਾਂ ਮੈ ਵੀ ਸੋਚਦਾ ਹਾਂ ਕਿ ਆਪਾਂ ਵੀ ਹਰ ਸਾਲ ਬੱਚਿਆਂ ਦੇ ਨਾਲ ਪੰਜਾਬ ਦਾ ਗੇੜਾ ਲਾ ਆਇਆ ਕਰੀਏ।”

ਅਕਤੂਬਰ ਦੇ ਮਹੀਨੇ ਸੁਖਵੀਰ ਅਤੇ ਕਮਲ ਨੇ ਭਾਰਤ ਜਾਣ ਦਾ ਪਰੋਗਰਾਮ ਬਣਾ ਲਿਆ। ਸੁਖਵੀਰ ਨੇ ਚਾਂਈ ਚਾਂਈ ਸਾਰੀ ਖ੍ਰੀਦਦਾਰੀ ਕੀਤੀ। ਕਮਲ ਨੇ ਤਾਂ ਰਿਸ਼ਤੇਦਾਰਾਂ ਦੀ ਲਿਸਟ ਤਿਆਰ ਕਰ ਲਈ ਤਾਂ ਜੋ ਸਭ ਲਈ ਕੁੱਝ ਨਾ ਕੁੱਝ ਖ੍ਰੀਦ ਲਿਆ ਜਾਵੇ। ਦੋਹਾਂ ਦੀਆਂ ਅੱਖਾਂ ਅੱਗੇ ਆਪਣੇ ਬੀਤੇ ਬਚਪਣ ਦੇ ਦਿਨ ਆਉਣ ਲੱਗੇ। ਉਹਨਾਂ ਦਾ ਲੜਕਾ ਅਤੇ ਲੜਕੀ ਵੀ ਖੁਸ਼ ਸਨ ਕਿ ਉਹ ਆਪਣੇ ਦਾਦਾ ਦਾਦੀ ਜੀ ਕੋਲ ਜਾ ਰਹੇ ਹਨ।

ਜਹਾਜ਼ ਵਿਚ ਵੀ ਉਹ ਬੱਚਿਆਂ ਨੂੰ ਆਪਣੇ ਪਿੰਡਾਂ ਦੀਆ ਗੱਲਾਂ ਸਣਾਉਂਦੇ ਗਏ। ਕਮਲ ਪਿਛਲੇ ਦਿਨਾਂ ਵਿਚ ਘਰ ਦੇ ਤੇ ਬਾਹਰਲੇ ਕੰਮ ਮੁਕਾਉਣ ਅਤੇ ਪੰਜਾਬ ਜਾਣ ਦੀ ਤਿਆਰੀ ਕਾਰਣ ਥੱਕ ਗਿਆ ਸੀ। ਪਰ ਆਪਣੇ ਦੇਸ਼ ਨੂੰ ਦੇਰ ਬਾਅਦ ਦੇਖਣ ਦੇ ਚਾਅ ਵਿਚ ਥੱਕਾਵਟ ਮਹਿਸੂਸ ਨਹੀਂ ਸੀ ਕਰ ਰਿਹਾ।

ਦਿੱਲੀ ਹਵਾਈ ਅੱਡੇ ਪਹੁੰਚਦੇ ਹੀ ਉਹਨਾਂ ਨੂੰ ਆਪਣੇਪਣ ਦਾ ਅਹਿਸਾਸ ਹੋਇਆ। ਥੋੜ੍ਹੀ ਦੇਰ ਬਾਅਦ ਹੀ ਇਹ ਅਹਿਸਾਸ ਉਦੋਂ ਬੇਗਾਨਗੀ ਵਿਚ ਬਦਲ ਗਿਆ, ਜਦੋਂ ਇਮੀਗਰੇਸ਼ਨ ਵਾਲੇ ਬਗ਼ੈਰ ਕਿਸੇ ਮਤਲਬ ਦੇ ਉਹਨਾਂ ਦੀ ਪੁੱਛ-ਗਿੱਛ ਕਰਨ ਲੱਗੇ।“ਕੀ ਲੈ ਕੇ ਆਏ ਹੋ, ਕਿਉਂ ਅਤੇ ਕਿੰਨਾਂ ਲਿਆਂਦਾ ਹੈ?”

ਇਹੋ ਜਿਹੇ ਸਵਾਲਾਂ ਨੇ ਉਹਨਾਂ ਨੂੰ ਪਰੇਸ਼ਾਨ ਕਰ ਦਿੱਤਾ। ਪਰ ਕੁਲੀ ਤੋਂ ਲੈ ਕੇ ਉਂਪਰ ਤੱਕ ਪੈਸੇ ਵੰਡਣ ਨਾਲ ਉਹਨਾਂ ਦਾ ਕੰਮ ਸੁਖਾਲਾ ਹੋ ਗਿਆ। ‘ਏਅਰਪੋਰਟ’ ਦੇ ਬਾਹਰ ਕਮਲ ਆਪਣੇ ਭਰਾ ਭਰਜਾਈ ਨੂੰ ਦੇਖ ਕੇ ਖੁਸ਼ੀ ਵਿਚ ਪਿਛਲੀਆਂ ਸਭ ਪਰੇਸ਼ਾਨੀਆਂ ਭੁੱਲ ਗਿਆ ਅਤੇ ਪਿੰਡ ਦੀਆਂ ਪੁਰਾਣੀਆਂ ਗੱਲਾਂ ਉਹਨਾਂ ਨਾਲ ਤਾਜ਼ਾ ਕਰਨ ਵਿਚ ਰੁੱਝ ਗਿਆ। ਦਿੱਲੀ ਤੋਂ ਪੰਜਾਬ ਨੂੰ ਜਾਂਦਿਆਂ ਸੁਖਵੀਰ ਵੈਨ ਦੀ ਖਿੜਕੀ ਵਿਚੋਂ ਬਾਹਰ ਹੀ ਦੇਖਦੀ ਰਹੀ। ਪੰਜਾਬ ਪਹੁੰਚਣ ਉੱਪਰ ਉਸ ਨੂੰ ਸ਼ਹਿਰ, ਪਿੰਡ, ਸੜਕਾਂ ਅਤੇ ਦਰੱਖ਼ਤ ਸਭ ਬਹੁਤ ਚੰਗੇ ਲੱਗ ਰਹੇ ਸਨ।

ਪਿੰਡ ਪਹੁੰਚਣ ‘ਤੇ ਸਾਰਾ ਸ਼ਰੀਕਾ ਇਕੱਠਾ ਹੋ ਗਿਆ ਅਤੇ ਕਮਲ ਸਾਰਿਆਂ ਨੂੰ ਮਿਲ ਕੇ ਖੁਸ਼ ਹੋ ਰਿਹਾ ਸੀ ਅਤੇ ਹੈਰਾਨ ਵੀ ਸੀ ਕਿ ਉਸ ਦੇ ਚਾਚੇ ਤਾਇਆਂ ਦੇ ਲੜਕੇ ਕੋਈ ਵੀ ਸਿੱਖੀ ਸਰੂਪ ਵਿਚ ਨਹੀ ਸਨ। ਕਮਲ ਬਾਹਰਲੇ ਮੁਲਕ ਤੋਂ ਜਾ ਕੇ ਵੀ ਆਪਣੀ ਦਸਤਾਰ ਵਿਚ ਅੱਲਗ ਦਿੱਸਦਾ ਸੀ। ਰਾਤ ਨੂੰ ਰੋਟੀ ਤੋਂ ਬਾਅਦ ਸਾਰਾ ਪਰਿਵਾਰ ਕਮਲ ਦੇ ਆਲੇ-ਦੁਆਲੇ ਗੱਲਾਂ ਕਰਨ ਲਈ ਬੈਠ ਗਿਆ। ਕਮਲ ਦੇ ਭਾਪਾ ਜੀ ਜ਼ਿਆਦਾ ਹੀ ਖੁਸ਼ ਆ ਰਹੇ ਸਨ ਅਤੇ ਉਸ ਦੀ ਪਿੱਠ ਉਂਪਰ ਹੱਥ ਫੇਰਦੇ ਬੋਲੇ, “ਪੁੱਤਰ, ਤੈਨੂੰ ਅਤੇ ਤੇਰੇ ਬੱਚਿਆਂ ਨੂੰ ਦੇਖ ਕੇ ਰੂਹ ਖੁਸ਼ ਹੋ ਗਈ, ਜਿਸ ਤਰ੍ਹਾਂ ਤੂੰ ਇਥੋਂ ਗਿਆ ਸੀ, ਉਸ ਤਰ੍ਹਾਂ ਹੀ ਵਾਪਸ ਆਇਆ ਹੈ।”

“ਪਰ ਭਾਪਾ ਜੀ, ਆਪਣੇ ਇਥੇ ਦੇ ਪਰਿਵਾਰ ਨੂੰ ਦੇਖ ਕੇ ਤਾਂ ਮੈਂ ਹੈਰਾਨ ਰਹਿ ਗਿਆ। ਸਾਰੀ ਨਵੀ ਪੀੜ੍ਹੀ ਨੇ ਕੇਸ ਕਤਲ ਕਰਵਾ ਦਿੱਤੇ ਹਨ।” ਕਮਲ ਨੇ ਆਪਣੀ ਹੈਰਾਨੀ ਪ੍ਰਗਟ ਕੀਤੀ।

“ ਭਾਜੀ, ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਪ੍ਰਕਾਸ਼ ਉਂਪਰ ਨਗਰ ਕੀਰਤਨ ਲਈ ਪੰਜ ਪਿਆਰੇ ਨਹੀ ਸਨ ਮਿਲ ਰਹੇ। ਛੋਟੇ ਛੋਟੇ ਬੱਚਿਆਂ ਨੂੰ ਪੰਜ ਪਿਆਰੇ ਬਣਾਇਆ।” ਕਮਲ ਦੀ ਭਰਜਾਈ ਨੇ ਦੱਸਿਆ।
ਇਸ ਤਰ੍ਹਾਂ ਗੱਲਾਂ ਕਰਦਿਆਂ ਨੂੰ ਝੱਟ ਰਾਤ ਬੀਤ ਗਈ।

ਸਵੇਰੇ ਹੀ ਕਮਲ ਚਾਹ ਲੈ ਕੇ ਨਿੱਘੀ ਧੁੱਪ ਸੇਕਣ ਲਈ ਕੰਧ ਕੋਲ ਪਏ ਮੰਜੇ ਉੱਪਰ ਬੈਠ ਗਿਆ।

“ਕਾਕਾ, ਆਉਂਦੇ ਐਤਵਾਰ ਨੂੰ ਆਪਣੇ ਪਿੰਡ ਵਾਲੇ ਬੀਕਾਨੇਰੀ ਦੇ ਮੁੰਡੇ ਦਾ ਵਿਆਹ ਹੈ। ਆਪਾਂ ਸਾਰਿਆਂ ਨੂੰ ਵਿਆਹ ਉਂਪਰ ਜਾਣਾ ਪੈਣਾ ਹੈ, ਉਹ ਆਪਣੇ ਸਾਰੇ ਦਿਨਾਂ-ਸੁਧਾਂ ਉਂਪਰ ਪਹੁੰਚਦੇ ਹਨ।” ਬੀਜੀ ਨੇ ਖੋਏ ਵਿਚ ਰਲੀ ਅਲਸੀ ਦੀਆਂ ਪਿੰਨੀਆਂ ਕਮਲ ਦੇ ਅੱਗੇ ਰੱਖਦੇ ਹੋਏ ਕਿਹਾ।

ਵਿਆਹ ਵਾਲੇ ਦਿਨ ਸਾਰੇ ਹੀ ਵੇਲੇ ਸਿਰ ‘ਸਿਤਾਰ ਮੈਰਿਜ਼ ਪੈਲਸ’ ਵਿਚ ਪਹੁੰਚ ਗਏ। ਮਿਲਣੀ ਲਈ ਅਰਦਾਸ ਹੋਣੀ ਸ਼ੁਰੂ ਹੋਈ ਤਾਂ ਸੁਖਵੀਰ ਨੇ ਸ਼ਰਧਾ ਨਾਲ ਆਪਣਾ ਸਿਰ ਦੁੱਪਟੇ ਨਾਲ ਢੱਕ ਲਿਆ ਅਤੇ ਪੈਰਾਂ ਵਿਚੋਂ ਜੁੱਤੀ ਲਾਹ ਦਿੱਤੀ। ਇਹ ਗੱਲ ਮਹਿਮਾਨਾਂ ਵਿਚ ਆਈਆਂ ਕੁੱਝ ਜ਼ਨਾਨੀਆਂ ਨੂੰ ਚੰਗੀ ਨਾ ਲੱਗੀ, ਵਿਚੋਂ ਹੀ ਇਕ ਆਪਣਾ ਮੱਥਾ ਇਕੱਠਾ ਕਰਦੀ ਹੋਈ ਪੁੱਛਣ ਲੱਗੀ, “ ਭੈਣ ਜੀ, ਕੇਨੈਡਾ ਤੋਂ ਤੁਸੀ ਆਏ ਹੋ?”

“ਹਾਂ ਜੀ।” ਸੁਖਵੀਰ ਨੇ ਮੁਸਕਰਾ ਕੇ ਕਿਹਾ।

“ ਲੱਗਦਾ ਤਾਂ ਨਹੀ।” ਕੋਲ ਖਲੋਤੀਆਂ ਔਰਤਾਂ ਨੇ ਵਿਅੰਗ ਨਾਲ ਕਿਹਾ ਅਤੇ ਹੱਸ ਪਈਆਂ। ਅਰਦਾਸ ਦੌਰਾਨ ਵੀ ਹੌਲੀ ਹੌਲੀ ਗੱਲਾਂ ਕਰੀ ਗਈਆਂ।

ਮਿਲਣੀ ਤੋਂ ਬਾਅਦ ਘਰ ਵਾਲੇ ਆਪਣੇ ਮੁੰਡੇ ਨੂੰ ਲੈ ਕੇ ਗੁਰਦੁਆਰੇ ਸਾਹਿਬ ਵੱਲ ਨੂੰ ਲਾਂਵਾ ਲੈਣ ਲਈ ਚੱਲ ਪਏ। ਬਾਕੀ ਸਭ ਖਾਣ ਪੀਣ ਵਿਚ ਰੁੱਝ ਗਏ। ਸੁਖਵੀਰ ਅਤੇ ਕਮਲ ਵੀ ਆਪਣੇ ਬੱਚਿਆਂ ਨੂੰ ਵਿਆਹ ਦਿਖਾਉਣ ਦੀ ਚਾਹਤ ਨਾਲ ਗੁਰਦੁਆਰੇ ਜਾਣਾ ਚਾਹੁੰਦੇ ਸਨ। ਪਰ ਕੋਲ ਖਲੋਤੀ ਕਮਲ ਦੀ ਚਾਚੀ ਜੀ ਕਹਿਣ ਲੱਗੀ, “ ਬਹੂ, ਹੁਣ ਇੱਥੇ ਰਿਵਾਜ਼ ਬਣ ਗਿਆ ਹੈ ਕਿ ਸਿਰਫ਼ ਮੁੰਡੇ ਕੁੜੀ ਦੇ ਘਰਦੇ ਹੀ ਨਾਲ ਜਾਂਦੇ ਹਨ। ਚਲੋ, ਤੁਸੀਂ ਚਾਹ-ਪਾਣੀ ਛਕੋ ਅਤੇ ਮੋਜ਼ ਮੇਲਾ ਕਰੋ।”

ਚਾਹ-ਪਾਣੀ ਵੱਲ ਤਾਂ ਔਰਤਾਂ ਹੀ ਕਈ ਲਾਈਨਾ ਬਣਾ ਕੇ ਖਲੋ ਗਈਆਂ। ਦੋ ਚਾਰ ਬੰਦਿਆਂ ਨੂੰ ਛੱਡ ਕੇ ਬਾਕੀ ਸਭ ਸ਼ਰਾਬ ਵੱਲ ਨੂੰ ਹੋ ਤੁਰੇ। ਥੋੜ੍ਹੀ ਦੇਰ ਬਾਅਦ ਸਾਹਮਣੇ ਲੱਗੀ ਸਟੇਜ ਉਂਪਰ ਇਕ ਨੋਜਵਾਨ ਨੇ ਗਾਉਣਾ ਸ਼ੁਰੂ ਕੀਤਾ ਅਤੇ ਉਸ ਦੇ ਨਾਲ ਆਈ ਹੋਈ ਕੁੜੀ ਨੱਚਣ ਲੱਗੀ। ਨੋਜਵਾਨ ਬੇਸੁਰੇ ਅਤੇ ਬੇਤਾਲ ਗਾਣੇ ਗਾ ਰਿਹਾ ਸੀ ਅਤੇ ਲੋਕੀਂ ਉਸ ਦੀ ਚੀਖਵੀ ਅਵਾਜ਼ ਨੂੰ ਸੁਣਦੇ ਹੋਏ ਆਪਣੀਆਂ ਗੱਲਾਂ ਕਰਨ ਵਿਚ ਮਸਤ ਸਨ। ਕਮਲ ਨੇ ਸੁਣ ਰੱਖਿਆ ਸੀ ਕਿ ਜੇ ਪਾਕਸਤਾਨੀ ਸਟੇਜ ਉਂਪਰ ਕੋਈ ਬੇਸੁਰਾ ਗਾਉਣ ਲੱਗੇ ਤਾਂ ਲੋਕ ਉਸ ਨੂੰ ਧੱਕੇ ਨਾਲ ਉਤਾਰ ਦਿੰਦੇ ਹਨ ਅਤੇ ਨਾਲ ਹੀ ਹਦਾਇਤ ਕਰਦੇ ਹਨ ਕਿ ਪਹਿਲਾਂ ਕੋਈ ਚੰਗਾ ਉਸਤਾਦ ਧਾਰ ਫਿਰ ਸਟੇਜ਼ ਉਂਪਰ ਚੜੀ। ਪਰ ਇਸ ਗਾਇਕ ਦੀ ਲੋਕ ਪੈਸੇ ਨਾਲ ਵਾਹ ਵਾਹ ਕਰ ਰਹੇ ਸਨ। ਕਮਲ ਛੇਤੀ ਹੀ ਆਪਣੇ ਪਰਿਵਾਰ ਨਾਲ, ਵਿਆਹ ਵਾਲੇ ਮੁੰਡੇ ਦੇ ਵੱਡੇ ਭਰਾ ਨੂੰ ਇਹ ਕਹਿ ਕੇ ਉਥੋਂ ਚਲ ਪਿਆ ਕਿ ਹੁਣ ਅਸੀਂ ਕਿਸੇ ਰਿਸ਼ਤੇਦਾਰ ਨੂੰ ਜ਼ਰੂਰੀ ਮਿਲਣਾ ਹੈ। ‘ਮੈਰਿਜ਼ ਪੈਲਸ’ ਵਿਚੋਂ ਨਿਕਲਦੇ ਸਾਰ ਹੀ ਬੱਚੇ ਤਾਂ ਖੁਸ਼ ਹੋ ਗਏ ਅਤੇ ਬੋਲੇ, “ਡੈਡੀ ਜੀ, ਤੁਸੀ ਚੰਗਾਂ ਕੀਤਾ ਉੱਥੋਂ ਉਂਠ ਕੇ ਆ ਗਏ ਅਸੀਂ ਤਾਂ ‘ਬੋਰ’ ਹੋਣ ਲੱਗ ਪਏ ਸੀ।” ਪਰ ਕਮਲ ਦੇ ਬੀ ਜ਼ੀ ਕੁੱਝ ਨਰਾਜ਼ਗੀ ਵਿਚ ਬੋਲੇ, “ ਕਾਕਾ ਆਪਾਂ ਆ ਤਾਂ ਗਏ ਹਾਂ ਪਰ ਬੀਕਾਨੇਰੀਆ ਕਿਤੇ ਨਰਾਜ਼ ਨਾ ਹੋ ਜਾਵੇ।”

“ਕੋਈ ਨਹੀ ਸ਼ਾਮ ਨੂੰ ਪਾਰਟੀ ਉੱਪਰ ਜਾ ਕੇ, ਬੀਕਾਨੇਰੀਏ ਦੀ ਨਰਾਜ਼ਗੀ ਆਪਾਂ ਦੂਰ ਕਰ ਦੇਣੀ ਹੈ।” ਕਮਲ ਨੇ ਬੀ ਜ਼ੀ ਦਾ ਫ਼ਿਕਰ ਦੂਰ ਕੀਤਾ।

ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਅਤੇ ਕੁੱਝ ਖ੍ਰੀਦਦਾਰੀ ਕਰਨ ਤੋਂ ਬਾਅਦ, ਵਿਆਹ ਪਾਰਟੀ ਵਿਚ ਆ ਸ਼ਾਮਲ ਹੋਏ। ਉਂਥੋਂ ਦਾ ਨਜ਼ਾਰਾ ਦੇਖ ਕੇ ਹੈਰਾਨ ਹੁੰਦੇ ਹੋਏ, ਕੁਰਸੀਆਂ ਉਂਪਰ ਜਾ ਬਿਰਾਜੇ। ਸਾਹਮਣੇ ਸਟੇਜ਼ ਉਂਪਰ ਸਵੇਰ ਵਾਂਗ ਹੀ ਕੋਈ ਬੇਸੁਰਾ ਗਾਇਕ ਲੱਚਰ ਗੀਤ ਗਾਉਂਦਾ ਹੋਇਆ ਟਪੂਸੀਆਂ ਮਾਰ ਰਿਹਾ ਸੀ। ਉਸ ਦੇ ਨੇੜੇ ਹੀ ਚਾਰ ਕੁੜੀਆਂ ਅੱਧ-ਨੰਗੇ ਸਰੀਰ ਲਈ ਉਸ ਦੇ ਨਾਲ ਨੱਚ ਰਹੀਆਂ ਸਨ। ਕਈ ਸ਼ਰਾਬੀ ਉਹਨਾਂ ਨੂੰ ਪੈਸੇ ਦੇਣ ਆਏ ਉਹਨਾਂ ਦੀਆਂ ਬਾਹਾਂ ਵੀ ਫੜ ਲੈਂਦੇ ਸਨ, ਪਰ ਉਹ ਇਹਨਾਂ ਗੱਲਾਂ ਦਾ ਗੁੱਸਾ ਕਰਨ ਦੀ ਥਾਂ ਉਹਨਾਂ ਸ਼ਰਾਬੀਆਂ ਨਾਲ ਹੱਸ ਹੱਸ ਕੇ ਨੱਚ ਰਹੀਆਂ ਸਨ। ਕਮਲ ਨੇ ਇਹ ਸਭ ਵੇਖ ਕੇ ਦੁੱਖ ਜਿਹਾ ਮਹਿਸੂਸ ਕੀਤਾ ਕਿ ਕਿਵੇਂ ਪੰਜਾਬੀ ਆਪਣੀ ਹੱਕ ਦੀ ਕਮਾਈ ਨੂੰ ਸ਼ਰਾਬ ਅਤੇ ਇਹਨਾਂ ਨੱਚਦੀਆਂ ਕੁੜੀਆਂ ਉੱਪਰ ਮੀਂਹ ਵਾਂਗ ਵਰ੍ਹਾ ਰਹੇ ਹਨ। ਥੋੜੀ ਦੇਰ ਬਾਅਦ ਹੀ ਪਾਰਟੀ ਉੱਪਰ ਆਏ ਮਹਿਮਾਨਾਂ (ਸ਼ਰਾਬੀਆਂ) ਵਿਚ ਲੜਾਈ ਹੋਣ ਕਾਰਣ ਭੱਜ ਦੌੜ ਪੈ ਗਈ ਅਤੇ ਕਮਲ ਵੀ ਆਪਣਾ ਪਰਵਾਰ ਲੈ ਕੇ ਘਰ ਨੂੰ ਚਲ ਪਿਆ।

“ ਆਹ, ਵਿਆਹਾਂ ਵਿਚ ਅੱਧ- ਨੰਗੀਆਂ ਕੁੜੀਆਂ ਨਚਾਉਣ ਦਾ ਰਿਵਾਜ਼ ਕਦੋਂ ਪਿਆ?” ਕਮਲ ਨੇ ਬਦਲ ਰਹੇ ਸਭਿਆਚਾਰ ਵਾਰੇ ਆਪਣੇ ਭਰਾ ਤੋਂ ਪੁਛਿਆ।

“ ਭਾਜੀ, ਇਹਨਾਂ ਤੋਂ ਬਗ਼ੈਰ ਤਾਂ ਵਿਆਹ ਨੂੰ ਅਧੂਰਾ ਹੀ ਮੰਨਿਆ ਜਾਂਦਾ ਹੈ। ਜਿਵੇਂ ਕੁੜੀ ਵਾਲਿਆਂ ਨੂੰ ਫਿਕਰ ਹੁੰਦਾ ਹੈ ਕਿ ਦਾਜ ਵਿਚ ਕੁੜੀ ਨੂੰ ਕੀ ਦੇਣਾ ਹੈ, ਉਸ ਤਰ੍ਹਾਂ ਹੀ ਮੁੰਡੇ ਵਾਲਿਆਂ ਨੂੰ ਹੁੰਦਾ ਹੈ ਕਿ ਗਾਉਣ ਵਾਲਾ ਕਿਹੜਾ ਸੱਦਣਾ ਹੈ?”

“ਕਾਕਾ, ਇਹ ਗੱਲਾਂ ਛਡੋ ਤੁਸੀਂ, ਸਵੇਰ ਦਾ ਫ਼ਿਕਰ ਕਰੋ, ਤੜਕੇ ਤੁਰੋਗੇ ਤਾਂ ਹੀ ਵੇਲੇ ਸਿਰ ਚੰਡੀਗੜ੍ਹ ਪਹੁੰਚ ਸਕੋਗੇ।” ਬੀ ਜ਼ੀ ਨੇ ਆਪਣੀ ਚਿੰਤਾ ਦੱਸੀ।

“ ਡੈਡੀ ਜੀ, ਕੀ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ?” ਕਮਲ ਦੇ ਲੜਕੇ ਨੇ ਸਵਾਲ ਕੀਤਾ।

“ ਛੋਟੇ ਹੁੰਦੇ ਸੁਣਦੇ ਤਾਂ ਆਏ ਹਾਂ ਇਹੋ ਹੀ ਗੱਲ , ਪਰ ਅਜੇ ਤੱਕ ਪੰਜਾਬ ਨੂੰ ਮਿਲੀ ਤਾਂ ਨਹੀ ਹੈ।”

ਕਮਲ ਦੇ ਮਾਸੜ ਜੀ ਮਿਲਟਰੀ ਵਿਚ ‘ਕਰਨਲ’ ਸਨ ਅਤੇ ਉਹਨਾਂ ਦੀ ਰਿਹਾਇਸ਼ ਚੰਡੀਗੜ੍ਹ ਵਿਚ ਸੀ। ਕਮਲ ਦੇ ਪਰਵਾਰ ਨੂੰ ਦੇਖ ਕੇ ਮਾਸੀ ਜੀ ਨੂੰ ਚਾਅ ਚੜ੍ਹ ਗਿਆ। ਮਾਸੜ ਜੀ ਨੇ ਉਹਨਾਂ ਨੂੰ ਸਾਰਾ ਚੰਡੀਗੜ੍ਹ ਘੁਮਾਇਆ। ਜਿੱਥੇ ਕਮਲ ਚੰਡੀਗੜ੍ਹ ਦੀਆਂ ਸੁਦੰਰ ਥਾਂਵਾਂ ਦੇਖ ਕੇ ਖੁਸ਼ ਸੀ, ਉੱਥੇ ਇਕ ਗੱਲ ਤੋਂ ਹੈਰਾਨ ਵੀ ਸੀ ਕਿ ਮਾਸੀ ਜੀ ਦਾ ਸਾਰਾ ਪਰਵਾਰ ਹਿੰਦੀ ਜਾਂ ਇੰਗਲਸ਼ ਹੀ ਬੋਲਦਾ ਸੀ। ਕਮਲ ਦੇ ਬੱਚੇ ਭਾਵੇਂ ਕੈਨੇਡਾ ਦੇ ਜੰਮਪਲ ਸੀ, ਪਰ ਜਦੋਂ ਉਹ ਪੰਜਾਬੀ ਬੋਲਦੇ ਸਨ ਤਾਂ ਮਾਸੀ ਜੀ ਉਹਨਾਂ ਵੱਲ ਅਜ਼ੀਬ ਤੱਕਣੀ ਨਾਲ ਦੇਖਦੇ। ਕਮਲ ਦੇ ਵਾਪਸ ਆਉਣ ਤੋਂ ਇਕ ਦਿਨ ਪਹਿਲਾਂ, ਮਾਸੜ ਜੀ ਨੇ ਸਾਰੇ ਦੋਸਤਾਂ ਅਤੇ ਉਹਨਾਂ ਦੇ ਪਰਵਾਰਾਂ ਨੂੰ ਆਪਣੇ ਘਰ ਪਾਰਟੀ ‘ਤੇ ਸੱਦਿਆ।ਰਾਤ ਨੂੰ ਚੰਗੀ ਰੌਣਕ ਹੋ ਗਈ। ਸਾਰੇ ਜੋੜੇ ਇਕ ਕਮਰੇ ਵਿਚ ਬੈਠ ਕੇ ਗੱਪ-ਸ਼ੱਪ ਕਰਨ ਲੱਗ ਪਏ ਅਤੇ ਉਹਨਾਂ ਦੇ ਬੱਚੇ ਦੂਸਰੇ ਕਮਰੇ ਵਿਚ ਮਾਈਕਲ ਜੈਕਸਨ ਦੇ ਗਾਣਿਆ ਨਾਲ ਨੱਚਣ ਲੱਗੇ।

ਮਾਸੜ ਜੀ ਦੇ ਦੋਸਤ ਕਮਲ ਤੋਂ ਕੈਨੇਡਾ ਬਾਰੇ ਜਾਣਕਾਰੀ ਲੈ ਰਹੇ ਸਨ। ਕਮਲ ਵੀ ਉਹਨਾਂ ਦੇ ਸਾਰੇ ਸਵਾਲਾਂ ਦੇ ਜਵਾਬ ਸੁਹਣੇ ਤਰੀਕੇ ਨਾਲ ਦੇ ਰਿਹਾ ਸੀ। ਵਿਚੋਂ ਹੀ ਇਕ ਭੱਦਰ ਪੁਰਸ਼ ਕਹਿਣ ਲੱਗੇ, “ ਸਾਨੂੰ ਤੁਹਾਡੇ ਬਦੇਸ਼ੀਆਂ ਦੇ ਬੱਚਿਆਂ ਦਾ ਬਹੁਤ ਫ਼ਿਕਰ ਰਹਿੰਦਾ ਹੈ, ਕਿਉਂਕਿ ਉਹ ਇਕ ਵੱਖਰੇ ਮਹੌਲ ਵਿਚ ਪਲਦੇ ਹਨ ਇਸ ਲਈ ਉਹਨਾਂ ਉਂਪਰ ਬਦੇਸ਼ੀ ਸਭਿਅਤਾ ਦਾ ਕਾਫ਼ੀ ਅਸਰ ਹੋਵੇਗਾ, ਪੰਜਾਬੀ ਵਾਤਾਵਰਣ ਬਾਰੇ ਤਾਂ ਉਹ ਬਿਲਕੁਲ ਹੀ ਅਣਜਾਣ ਰਹਿਣਗੇ।”

“ ਤੁਸੀ ਸਾਡੇ ਬੱਚਿਆਂ ਦੀ ਗੱਲ ਛਡੋ ਕਿਉਂਕਿ ਹੁਣ ਸਾਡੇ ਬਹੁਤੇ ਬੱਚੇ ਘਰ ਵਿਚ ਜ਼ਿਆਦਾ ਪੰਜਾਬੀ ਬੋਲਦੇ ਹਨ, ਕਈ ਸਕੂਲਾਂ ਵਿਚ ਪੰਜਾਬੀ ਨੂੰ ਇਕ ਵਿਸ਼ਾ ਕਰਕੇ ਪੜ੍ਹਾਇਆ ਜਾਣ ਲੱਗਾ ਹੈ, ਜਿਥੋਂ ਉਹ ਪੜ੍ਹਣੀ ਲਿਖਣੀ ਸਿੱਖਦੇ ਹਨ ਅਤੇ ਸਾਡੀਆਂ ਪਾਰਟੀਆਂ ਵਿਚ ਗੋਰੇ ਵੀ ਪੰਜਾਬੀ ਗਾਣਿਆਂ ਨਾਲ ਨੱਚਦੇ ਹਨ।” ਕਮਲ ਨੇ ਇੰਗਲਸ਼ ਧੁੰਨ ਉਂਪਰ ਨੱਚ ਰਹੇ ਉਹਨਾਂ ਦੇ ਬੱਚਿਆਂ ਵੱਲ ਇਸ਼ਾਰਾ ਕਰਕੇ ਕਿਹਾ, “ ਫ਼ਿਕਰ ਤੁਸੀ ਇਹਨਾਂ ਦਾ ਕਰੋ, ਜੋ ਇੰਗਲਸ਼ ਅਤੇ ਹਿੰਦੀ ਹੀ ਬੋਲਦੇ ਹਨ ਅਤੇ ਪਹਿਰਾਵੇ ਵਿਚ ਤਾਂ ਸਾਡੇ ਗੋਰਿਆਂ ਨੂੰ ਵੀ ਪਿਛੇ ਛੱਡ ਗਏ ਹਨ। ਕਮਲ ਦੀ ਇਸ ਗੱਲ ਨਾਲ ਉਹਨਾਂ ਨੇ ਸ਼ਰਮਿੰਦਗੀ ਜਿਹੀ ਮਹਿਸੂਸ ਕੀਤੀ ਜਿਹੜੇ ਪੰਜਾਬੀ ਦੀ ਥਾਂ ਉੱਪਰ ਹਿੰਦੀ ਬੋਲ ਰਹੇ ਸਨ, ਕਿਉਂਕਿ ਅਗਾਂਹ ਉਹ ਕੁੱਝ ਵੀ ਨਹੀ ਸੀ ਬੋਲ ਸਕੇ।

ਚੰਡੀਗੜ੍ਹ ਜਾਣ ਤੋਂ ਬਾਅਦ ਕਮਲ ਆਪਣੇ ਅਜਿਹੇ ਕਈ ਰਿਸ਼ਤੇਦਾਂਰਾ ਨੂੰ ਵੀ ਮਿਲਿਆ ਜਿਨ੍ਹਾਂ ਵਿਚ ਬਨਾਵਟ ਜ਼ਿਆਦਾ ਸੀ ਅਤੇ ਅਸਲੀਅਤ ਘੱਟ। ਉਹ ਫੋਕੀ ਦਿਖਾਵਟ ਇਤਨੀ ਕਰਦੇ ਸਨ ਕਿ ਕਮਲ ਘੁਟਨ ਮਹਿਸੂਸ ਕਰਦਾ ਹੋਇਆ ਉਥੋਂ ਛੇਤੀ ਉੱਠ ਕੇ ਆ ਜਾਂਦਾ।

ਇਸ ਤਰ੍ਹਾਂ ਘੁੰਮਦੇ-ਘਮਾਉਂਦੇ ਕਮਲ ਦੇ ਦੋ ਮਹੀਨੇ ਛੁੱਟੀਆਂ ਦੇ ਛੇਤੀ ਹੀ ਬੀਤ ਗਏ। ਪਰ ਫਿਰ ਵੀ ਕਮਲ ਨੇ ਮਹਿਸੂਸ ਕੀਤਾ ਕਿ ਜਿਵੇਂ ਪੰਜਾਬ ਦੇ ਜ਼ਿਆਦਾ ਲੋਕੀ ਬਦਲ ਗਏ ਹੋਣ ਅਤੇ ਨਾ ਹੀ ਪਹਿਲਾਂ ਵਾਲੀਆਂ ਰੌਣਕਾਂ ਪਿੰਡਾਂ ਵਿਚ ਲੱਭੀਆਂ ਅਤੇ ਨਾ ਹੀ ਅਪਣੱਤ ਭਰਿਆ ਵਾਤਾਵਰਣ। ਜਿਸ ਦਿਨ ਕਮਲ ਅਤੇ ਉਸ ਦਾ ਪਰਵਾਰ ਵਾਪਸ ਆਉਣ ਦੀਆਂ ਤਿਆਰੀਆਂ ਕਰ ਰਹੇ ਸਨ ਤਾਂ ਉਸ ਦੇ ਭਾਪਾ ਜੀ ਕਹਿਣ ਲੱਗੇ, “ ਕਾਕਾ ਇਸ ਤਰ੍ਹਾਂ ਤੂੰ ਹਰ ਸਾਲ ਹੀ ਨਿਆਣਿਆ ਨੂੰ ਪੰਜਾਬ ਫਿਰਾ ਲਿਜਾਇਆ ਕਰ ਤਾਂ ਜੋ ਇਹ ਆਪਣੇ ਸਭਿਆਚਾਰ ਨਾਲ ਜੁੜੇ ਰਹਿਣਗੇ।”

“ਭਾਪਾ ਜੀ, ਤਹਾਨੂੰ ਮਿਲਣ ਤਾਂ ਆ ਸਕਦੇ ਹਾਂ, ਪਰ ਇਹ ਜਿਹੜੀ ਸਭਿਆਚਾਰ ਵਾਲੀ ਗੱਲ ਕੀਤੀ, ਉਹ ਜਚੀ ਨਹੀ। ਕੈਨੇਡਾ ਵਿਚ ਕੁੱਝ ਲੋਕ ਤਾਂ ਹਨ, ਜੋ ਆਪਣੇ ਸਭਿਆਚਾਰ ਨੂੰ ਬਚਾਉਣ ਅਤੇ ਨਾਲ ਜੁੜਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਇੱਥੇ ਤਾਂ ਆਵਾ ਹੀ ਊਤਿਆ ਲੱਗਦਾ ਹੈ।” ਕਮਲ ਇਹ ਕਹਿੰਦਾ ਹੋਇਆ ਅਟੈਚੀਕੇਸ ਕਾਰ ਵਿਚ ਰਖਾਉਣ ਲੱਗਾ।

(23 ਫਰਵਰੀ 2007) -ਚਾਤ੍ਰਿਕ ਯੂਨੀਕੋਡ

y
     
ਅਨਮੋਲ ਕੌਰ, ਕੈਨੇਡਾ ਦੀਆਂ ਹੋਰ ਕਹਾਣੀਆਂ ਪੜ੍ਹਨ ਲਈ ਕਲਿੱਕ ਕਰੋ>>>>>>

ਲਿਖਾਰੀ
Likhari


© likhari: Punjabi Likhari Forum-2001-2007