ਸਵੇਰੇ ਅਖਬਾਰ ਆਉਂਦਿਆਂ ਸਾਰ ਹੀ ਮੁੰਨਸ਼ੀ ਰਾਮ ਜੀ ਘਾਇਲ ਉਸ ਨੂੰ ਜੋਂਕ ਵਾਂਗ ਚਿੰਬੜ
ਜਾਂਦੇ ਹਨ ਅਤੇ ਉਦੋਂ ਤੱਕ ਉਸ ਤੋਂ ਨਜ਼ਰ ਨਹੀ ਹਟਾਉਂਦੇ ਜਦੋਂ ਤਕ ਕਿ ਇਕ ਇਕ ਸਫ਼ੇ ਦੀ
ਇਕ ਇਕ ਲਾਈਨ ਨਾ ਪੜ ਲੈਣ।
ਪਰ ਅੱਜ ਤਾਂ ਅਖਬਾਰ ਮਿਲਦਿਆਂ ਸਾਰ ਹੀ ਘਾਇਲ ਜੀ ਦੀ ਨਜ਼ਰ ਜਿਵੇਂ ਜਿਵੇਂ ਇਕ ਖਬਰ
ਤੋਂ ਲੰਘਣ ਲੱਗੀ ਉਸੇ ਹਿਸਾਬ ਨਾਲ ਉਨ੍ਹਾਂ ਦੇ ਚਿਹਰੇ ਦੀ ਰੰਗਤ ਵੀ ਫਿੱਕੀ ਪੈਣ
ਲੱਗੀ ਸੀ।
“ਇਹ ਤਾਂ ਸਰਾਸਰ ਬੇਇਨਸਾਫੀ ਏ।
ਸ਼ਰੇਆਮ ਹੇਰਾ ਫੇਰੀ ਏ”
ਅਚਾਨਕ ਹੀ ਘਾਇਲ ਜੀ ਦੇ ਮੂਹੋਂ ਨਿਕਲ ਗਿਆ।
ਭਲਾ ਅਜਿਹਾ
ਕਿਹੜਾ ਲੇਖਕ ਹੋਵੇਗਾ ਜਿਸ ਨੂੰ ਘਾਇਲ ਜੀ ਨਹੀਂ ਜਾਣਦੇ ਜਾਂ ਜਿਹੜਾ ਘਾਇਲ ਜੀ ਤੋਂ
ਵਾਕਿਫ ਨਾ ਹੋਵੇ! ਤੇ ਇਸ ਗਿਰਧਾਰੀ ਦੇ ਬੱਚੇ ਨੂੰ ਤਾਂ ਉਹ ਬਚਪਨ ਤੋਂ ਜਾਣਦੇ ਹਨ।
ਗਿਰਧਾਰੀ ਨੇ ਛੁਟ
ਪੁਟ ਕਵਿਤਾਵਾਂ ਅਤੇ ਗੀਤ ਤਾਂ ਲਿਖੇ ਹਨ ਪਰ ਬਤੌਰ ਕਹਾਣੀਕਾਰ ਅਤੇ ਨਾਵਲਕਾਰ ਤਾਂ
ਉਸਦਾ ਕਦੇ ਜ਼ਿਕਰ ਨਹੀਂ ਸੁਣਿਆ।
ਮੁੰਨਸ਼ੀ ਰਾਮ
ਘਾਇਲ ਨੇ ਦਿਮਾਗ ਤੇ ਕਈ ਕਵਿੰਟਲ ਭਾਰ ਪਾਕੇ ਸੋਚਿਆ, ਪਰ ਫੇਰ ਵੀ ਉਸ ਦੇ ਜ਼ਹਿਨ ਵਿਚ ਇਹ ਤਸਵੀਰ ਨਹੀਂ ਉਭਰੀ ਕਿ
ਗਿਰਧਾਰੀ ਨੇ ਕਦੇ ਕੋਈ ਕਹਾਣੀ ਵੀ ਲਿਖੀ ਹੋਵੇ, ਨਾਵਲ
ਦੀ ਤਾਂ ਗੱਲ ਹੀ ਕੀ ਕਰਨੀ।
ਘਾਇਲ ਜੀ ਦੀ
ਨਜ਼ਰ ਮੁੜ ਅਖਬਾਰ ਦੇ ਉਸੇ ਸਫੇ ਤੇ ਜਾ ਟਿਕੀ ਜਿੱਥੇ ਗਿਰਧਾਰੀ ਦੀ ਸਨਮਾਨ ਪ੍ਰਾਪਤ
ਕਰਦੇ ਦੀ ਤਸਵੀਰ ਛਪੀ ਸੀ ਅਤੇ ਨਾਲ ਵੇਰਵਾ ਵੀ ਸੀ ਕਿ ਗਿਰਧਾਰੀ ਲਾਲ ਨੂੰ ਕਥਾ
ਭਾਰਤੀ ਵੱਲੋਂ ਬਤੌਰ ਨਾਵਲਕਾਰ ਸਨਮਾਨਿਤ ਕੀਤਾ ਜਾ ਰਿਹਾ ਹੈ ਅਤੇ ਸਨਮਾਨ ਦੇ ਤੌਰ ਤੇ
ਇਕ ਮਿਮੈਂਟੋ, ਦੋਸ਼ਾਲਾ ਅਤੇ 5100 ਰੁਪਏ ਨਗਦ ਦਿੱਤੇ ਗਏ ਸਨ।
ਫੋਟੋ ਵਿਚ ਜ਼ਿਲੇ
ਦੇ ਡਿਪਟੀ ਕਮਿਸ਼ਨਰ ਉਸ ਨੂੰ ਦੋਸ਼ਾਲਾ ਔੜਦੇ ਵਿਖਾਈ ਦੇ ਰਹੇ ਸਨ।
ਘਾਇਲ ਜੀ ਦੇ ਤਨ
ਬਦਨ ਨੂੰ ਤਾਂ ਜਿਵੇਂ ਅੱਗ ਲੱਗ ਗਈ।
ਇਹ ਤਾਂ ਸਰਾਸਰ
ਸਰਸਵਤੀ ਮਾਂ ਦਾ ਅਪਮਾਨ ਹੈ।
ਜਿਸ ਨੇ ਨਾਵਲ ਲਿਖਿਆ ਵੀ ਨਹੀਂ,
ਉਸ ਨੂੰ ਸਨਮਾਨਿਤ ਕਰ ਦਿੱਤਾ ਪਰ ਘਾਇਲ ਜੀ ਵਰਗੇ ਲੇਖਕ ਦੀ ਕੋਈ ਕਦਰ ਨਹੀਂ! ਦੇਸ਼ ਦੇ
ਸਿਰ ਕੱਢ ਅਖਬਾਰਾਂ ਅਤੇ ਰਸਾਲਿਆਂ ਵਿਚ ਘਾਇਲ ਜੀ ਦੀਆਂ ਕਹਾਣੀਆਂ ਅਕਸਰ ਛਪਦੀਆਂ
ਰਹਿੰਦੀਆਂ ਹਨ।
ਕੁੱਝ ਕਹਾਣੀਆਂ ਤਾਂ ਦੂਜੀਆਂ ਭਾਸ਼ਾਵਾਂ ਵਿਚ ਵੀ ਅਨੁਵਾਦ ਹੋਈਆਂ ਹਨ।ਸਾਹਿਤ
ਜਗਤ ਨੂੰ ਉਹ ਦੋ ਨਾਵਲ ਅਤੇ ਦੋ ਕਹਾਣੀ ਸੰਗ੍ਰਹਿ ਦੇ ਚੁੱਕੇ ਹਨ।
ਫੇਰ ਉਨ੍ਹਾਂ ਦਾ
ਸਨਮਾਨ ਕਿਉਂ ਨਹੀਂ ਕੀਤਾ ਗਿਆ?
ਬਾਰ-ਬਾਰ ਇਹ ਖਿਆਲ ਉਨ੍ਹਾਂ ਦੇ ਜ਼ਹਿਨ ਵਿਚ ਹਥੌੜੇ ਵਾਂਗ ਵੱਜ ਰਿਹਾ ਸੀ।
ਸਮੁੱਦਰ
‘ਚ ਰਹਿ ਕੇ ਮੱਗਰਮੱਛ ਨਾਲ ਵੈਰ! ਉਹ ਅੱਜ ਹੀ ਲੇਖ ਲਿਖ- ਲਿਖ ਕੇ
ਅਖਬਾਰਾਂ ਅਤੇ ਰਸਾਲਿਆਂ ਵਿਚ ਭੇਜਣਗੇ ਅਤੇ ਏਸ ਸੰਸਥਾ ਦੀ ਪੋਲ ਖੋਲ ਦੇਵੇਗਾ।
ਪਰ ਅੱਜ ਪਤਾ
ਨਹੀਂ ਕਿਉਂ ਉਨ੍ਹਾਂ ਤੋਂ ਕਲਮ ਨਹੀਂ ਚੁੱਕੀ ਜਾ ਰਹੀ ਸੀ।
ਅੱਜ ਤਾਂ ਭਗਵਾਨ
ਕ੍ਰਿਸ਼ਨ ਵਾਂਗ ਅਨਿਆਏ ਦਾ ਵਿਨਾਸ਼ ਕਰਨ ਲਈ ਉਨ੍ਹਾਂ ਦਾ ਮਨ ਸ਼ਸਤਰ ਚੁੱਕਣ ਨੂੰ
ਕਰ ਰਿਹਾ ਸੀ ।
ਪਰ ਘਰ ਵਿਚ ਸ਼ਸ਼ਤਰ
ਦੇ ਨਾਂ ਤੇ ਸਿਰਫ ਇੱਕ ਚਾਕੂ ਸੀ ਜਿਸ ਨਾਲ ਆਲੂ ਵੀ ਬੜੀ ਮੁਸ਼ਕਿਲ ਨਾਲ ਛਿੱਲੇ ਜਾਂਦੇ
ਸਨ।
ਜਦੇਂ ਮਨ ਦਾ
ਆਕ੍ਰੋਸ਼ ਉਨ੍ਹਾਂ ਲਈ ਬਰਦਾਸਤ ਤੋਂ ਬਾਹਰ ਹੋ ਗਿਆ ਸੀ,
ਤਾਂ ਉਨ੍ਹਾਂ ਦੇ ਕਦਮ ਅਪਣੇ ਆਪ ਸੰਸਥਾ ਦੇ ਪ੍ਰਧਾਨ ਦੇ ਘਰ ਵੱਲ ਵਧਣ ਲੱਗੇ ਸਨ,
ਜਿਵੇਂ ਭਗਵਾਨ ਪਰਸੁਰਾਮ ਖੁਦ ਵਜਰਪਾਤ ਕਰਨ ਜਾ ਰਹੇ ਹੋਣ।
“ਓ ਬੱਲੇ-ਬੱਲੇ ..ਧੰਨ ਭਾਗ ਸਾਡੇ ..”
ਸੰਸਥਾ ਦੇ ਪ੍ਰਧਾਨ ਨੇ ਮੁਸਕਰਾਉਂਦੇ ਹੋਏ ਉਹਨਾ ਦਾ ਸੁਆਗਤ ਕਰਦਿਆਂ ਕਿਹਾ “ਅੱਜ
ਤਾਂ ਜਿਵੇਂ ਕੀੜੀ ਦੇ ਘਰ ਭਗਵਾਨ ਆ ਗਏ ਨੇ” ਅਤੇ ਨਿਹਾਲ
ਚੰਦ ਜੀ ਉਨ੍ਹਾਂ ਦੇ ਸਵਾਗਤ ਲਈ ਖਲੋ ਗਏ।
“ਅੱਜ ਦਾ ਅਖਬਾਰ ਵੇਖਿਐ ਤੁਸੀਂ?”
“ਓਹ ਹੋ, ਪਹਿਲਾਂ ਅੰਦਰ ਤਾਂ
ਪਧਾਰੋ..ਕੁਝ ਠੰਡਾ-ਗਰਮ?”
ਨਿਹਾਲ ਚੰਦ ਜੀ ਨੇ ਫੇਰ ਬਿਨਤੀ ਕੀਤੀ।
“ਮੈਂ ਜੋ ਪੁੱਛਦੈਂ ਪਹਿਲਾਂ ਉਹ ਦੱਸੋ।
ਕੀ ਮੈਂ ਲੇਖਕ ਨੀ?
ਓਹ ਗਿਰਧਾਰੀ ਦਾ ਬੱਚਾ ਕੀ ਮੈਥੋਂ ਬੇਹਤਰ ਲਿਖਦੈ?”
“ਓਹ ਹੋ ਘਾਇਲ ਸਾਹਿਬ, ਤੁਸੀਂ ਕੀ
ਗੱਲਾਂ ਕਰਦੇ ਓ।
ਤੁਹਾਡੇ ਨਾਲ
ਕਿਸੇ ਦੀ ਤੁਲਨਾ ਕਰਨਾ ਤਾਂ ਜਿਵੇਂ ਸੂਰਜ ਨੂੰ ਦੀਵਾ ਵਿਖਾਉਣ ਦੇ ਬਰਾਬਰ ਹੋਵੇਗਾ”।
“ਤੇ ਫੇਰ ਉਸ ਨੂੰ ਕਿਵੇਂ ਸਨਮਾਨਿਤ ਕਰ ਦਿੱਤਾ?”
ਘਾਇਲ ਜੀ ਹਾਲੇ ਵੀ ਘੋੜੇ ਤੇ ਸਵਾਰ ਸਨ।
“ਤੁਸੀਂ ਪਹਿਲਾਂ ਆਪਣੇ ਚਰਨ ਅੰਦਰ ਤਾਂ ਪਾਓ..ਤੁਸੀਂ ਤਾਂ ਜਿਵੇਂ
ਬਾਹਰ ਖਲੋਤੇ ਹੀ ਜੰਗ ਦਾ ਮੈਦਾਨ ਬਣਾਉਣਾ ਚਾਹੁੰਦੇ ਹੋ”
ਅਤੇ ਘਾਇਲ ਜੀ ਦਾ ਹੱਥ ਫੜ ਕੇ ਅੰਦਰ ਵੱਲ ਖਿੱਚਦਿਆਂ ਨਿਹਾਲ ਚੰਦ ਨੇ ਆਖਿਆ,-“ਥੋਡੇ
ਚਰਨ ਸਾਡੇ ਘਰ ‘ਚ ਪੈ ਜਾਣਗੇ ਤਾਂ ਏਹ ਗੰਗਾਜਲ ਵਾਂਗ
ਪਵਿੱਤਰ ਹੋ ਜਾਵੇਗਾ” ਅਤੇ ਨਾ ਚਾਹੁੰਦਿਆਂ ਹੋਇਆਂ ਵੀ
ਘਾਇਲ ਜੀ ਉਨ੍ਹਾਂ ਨਾਲ ਅੰਦਰ ਆ ਗਏ।
“ਮੈਂ ਕਿਹਾ ਜੀ ..”, ਨਿਹਾਲ ਚੰਦ
ਨੇ ਅਪਣੀ ਬੀਵੀ ਨੂੰ ਅਵਾਜ਼ ਮਾਰੀ,-“ਦੇਸ਼ ਦੇ ਮਹਾਨ ਲੇਖਕ
ਸ਼੍ਰੀ ਘਾਇਲ ਜੀ ਆਏ ਨੇ।
ਵਧੀਆ ਜਹੀ ਚਾਹ
ਦੇ ਨਾਲ ਕੁੱਝ ਖਾਣ ਪੀਣ ਨੂੰ ਭੇਜ ਦਿਓ ..”
“ਏਸ ਦੀ ਕੀ ਲੋੜ ਏ..।
ਮੈਂ ਤਾਂ ਘਰੋਂ ਖਾ ਪੀ ਕੇ ਆਇਐਂ…”
ਇੰਜ ਕਹਿਣਾ ਚਾਹ ਕੇ ਵੀ ਘਾਇਲ ਜੀ ਕੁਝ ਨਹੀਂ ਬੋਲ ਪਾਏ।
ਦਰਅਸਲ ਸਵੇਰੇ ਅਖਬਾਰ ਤੇ ਨਜ਼ਰ ਪੈਂਦਿਆਂ ਸਾਰ ਹੀ ਉਨ੍ਹਾਂ ਦਾ ਮਨ ਚਾਹ ਦੇ ਪਾਣੀ
ਵਾਂਗ ਉਬਲਣ ਲੱਗਾ ਸੀ।
ਹੁਣ ਦਿਮਾਗ ਥੋੜਾ
ਠੰਡਾ ਹੋਇਆ ਤਾਂ ਢਿੱਡ ਨੇ ਵੀ ਆਪਣੀ ਲੋੜ ਉਨ੍ਹਾਂ ਤੱਕ ਪਹੁੰਚਾ ਦਿੱਤੀ ਸੀ।
ਚਾਹ ਆਉਣ ਤੋਂ
ਪਹਿਲਾਂ ਘਾਇਲ ਜੀ ਨੂੰ ਠੰਡਾ ਜਲ ਪਿਲਾਇਆ ਗਿਆ।
ਉਨ੍ਹਾਂ ਦਾ
ਗੁੱਸਾ ਰਤਾ ਠੰਡਾ ਹੋਇਆ ਤਾਂ ਗੱਲਾਂ ਦਾ ਸਿਲਸਿਲਾ ਤੁਰ ਪਿਆ ਅਤੇ ਤਦ ਨਿਹਾਲ ਚੰਦ ਜੀ
ਘਾਇਲ ਜੀ ਨੂੰ ਸੰਸਥਾ ਦੀ ਮਜ਼ਬੂਰੀ ਬਾਰੇ ਦੱਸਣ ਲੱਗੇ,-“ਸਾਡੀ
ਸੰਸਥਾਂ ਚਾਹੁੰਦਿਆਂ ਹੋਇਆਂ ਵੀ ਥੋਡਾ ਸਨਮਾਨ ਨਹੀਂ ਕਰ ਸਕੀ ਇਸ ਦਾ ਮੈਨੂੰ ਡਾਢਾ
ਦੁਖ ਹੈ।
ਪਰ ਅਸੀਂ ਵੀ ਕੀ
ਕਰ ਸਕਦੇ ਆਂ?
ਸਾਨੂੰ ਕਿਹੜਾ ਸਰਕਾਰੀ ਗਰਾਂਟ ਮਿਲਦੀ ਏ।
ਹਾਡੇ ਵਰਗੇ
ਸਿਰਮੌਰ ਲੇਖਕ ਦੇ ਸਨਮਾਨ ਲਈ ਤਾਂ ਕਾਫੀ ਵੱਡਾ ਫੰਕਸਨ ਕਰਨਾ ਪਵੇਗਾ! ਪਰ ਅੱਜਕਲ
ਸਾਡੀ ਸੰਸਥਾ ਤੋਂ ਤਾਂ ਲੱਛਮੀ ਮਾਈ ਰੁੱਸੀ ਹੋਈ ਏ..ਸਾਡੇ ਉੱਤੇ ਤਾਂ ਕੜਕੀ ਦੇ ਬੱਦਲ
ਛਾਏ ਹੋਏ ਨੇ…”
ਘਾਇਲ ਜੀ ਨੂੰ
ਮਹਿਸੂਸ ਹੋਣ ਲੱਗਾ ਸੀ ਕਿ ਸੰਸਥਾ ਵਾਲੇ ਉਸ ਦਾ ਸਨਮਾਨ ਤਾਂ ਜ਼ਰੂਰ ਕਰਨਾ ਚਾਹੁੰਦੇ
ਹਨ ਪਰ ਉਸ ਨੂੰ ਵੀ ਆਰਥਿਕ ਯੋਗਦਾਨ ਪਾਉਣਾ ਪਵੇਗਾ।
ਪਰ ਜਦੋਂ ਨਿਹਾਲ
ਚੰਦ ਨੇ ਉਨ੍ਹਾਂ ਨੂੰ ਦਸ ਹਜ਼ਾਰ ਦਾ ਯੋਗਦਾਨ ਦੇਣ ਲਈ ਆਖਿਆ ਤਾਂ ਘਾਇਲ ਜੀ ਦੇ ਪੈਰਾਂ
ਹੇਠੋਂ ਤਾਂ ਜਿਵੇਂ ਜ਼ਮੀਨ ਖਿਸਕਣ ਲੱਗੀ ਸੀ।
ਐਨੇ ਪੈਸਿਆਂ ਦਾ ਬੰਦੋਬਸਤ ਕਿਵੇਂ ਕਰੇਗਾ! ਬੈਂਕ ਬੈਲਂਸ ਤਾਂ ਪਹਿਲਾਂ ਹੀ ਨਿੱਲ ਹੈ।।
“ਓਹ ਹੋ, ਘਾਇਲ ਸਾਹਿਬ,
ਤੁਸੀਂ ਫਿਕਰ ਕਿਉਂ ਕਰਦੇ ਓਂ
।
ਏਸ ਚੋਂ 5100 ਰੁਪਏ ਤਾਂ ਆਪ ਜੀ ਨੂੰ ਬਤੌਰ ਸਨਮਾਨ ਰਾਸ਼ੀ ਦੇ ਵਾਪਸ ਮਿਲ ਜਾਣੇ ਨੇ।
ਬਾਕੀ ਦਾ ਖਰਚ ਥੋਡੀ ਇਕ ਕਿਤਾਬ ਦੀ ਰੌਯਲਟੀ ਨੇ ਹੀ ਪੂਰਾ ਕਰ ਦੇਣਾ ਹੈ।
ਸਨਮਾਨਿਤ ਹੁੰਦਿਆਂ ਸਾਰ ਹੀ ਪ੍ਰਕਾਸ਼ਕਾਂ ਨੇ ਥੋਡੀ ਨਵੀਂ ਕਿਤਾਬ ਛਾਪਣ ਲਈ ਥੋਡੇ ਮਗਰ
ਮਗਰ ਗੇੜੇ ਲਾਣ ਲੱਗ ਜਾਣੈ..ਤੇ ਐਨੇ ਪੈਸੇ ਤਾਂ ਕਿਸੇ ਵੀ ਪ੍ਰਕਾਸ਼ਕ ਨੇ ਹਸ ਕੇ ਦੇਣ
ਲਈ ਤਿਆਰ ਹੋ ਜਾਣੈ”।
“ਪਰ ਏਹ ਤਾਂ ਵਾਹਵਾ ਖਰਚਾ ਲੱਗਦੈ..”।
“ਤੁਸੀਂ ਠੰਡੇ ਦਿਮਾਗ ਨਾਲ ਸੋਚ ਵਿਚਾਰ ਕਰ ਲਵੋ।
ਸਾਡੀ ਸੰਸਥਾ
ਅੰਤਰਰਾਸ਼ਟਰੀ ਸਟੈਂਡਰਡ ਦੀ ਹੈ ਅਤੇ ਰਹਿਸਟਰਡ ਵੀ ਹੈ।
ਸਾਨੂੰ ਆਪਣੀ ਸੰਸਥਾ ਦੀ ਪਰੈਸਟੀਜ ਦਾ ਵੀ ਧਿਆਨ ਰੱਖਣੈ ਪੈਂਦੇ।
ਸੱਚੀਂ ਪੁੱਛੋ,
ਤਾਂ ਅਸੀਂ ਕੀ ਲੈਣੇ ਏਹੋ ਜਿਹੇ ਪੰਗਿਆਂ ਤੋਂ।
ਆਪ ਜੀ ਵਰਗੇ
ਮਹਾਨ ਸਾਹਿਤਕਾਰਾਂ ਦੀ ਸੇਵਾ ਕਰਨਾ ਹੀ ਸਾਡੀ ਸੰਸਥਾ ਦਾ ਮੁੱਖ ਉਦੇਸ਼ ਏ।
ਨਾਲੇ ਫੰਕਸਨ ਤੇ ਜੇ ਪ੍ਰੈਸ ਵਾਲਿਆਂ ਦੀ ਸੇਵਾ ਨਹੀਂ ਕਰਾਂਗੇ ਤਾਂ ਦੁਨੀਆ ਨੂੰ
ਕਿਵੇਂ ਪਤਾ ਲੱਗੂ ਬਈ ਥੋਡਾ ਸਨਮਾਨ ਹੋਇਐ! ਫੇਰ ਜਿਨ੍ਹਾਂ ਵਿਦਵਾਨਾਂ ਨੇ ਥੋਡੇ ਬਾਰੇ
ਪਰਚੇ ਪੜ੍ਹਨੇ ਨੇ,
ਉਨ੍ਹਾਂ ਨੂੰ ਵੀ ‘ਮੂਡ’ ‘ਚ
ਲਿਆਉਣ ਲਈ ਕੁਝ ਤਾਂ ਖੁਆਣਾ-ਪਿਆਣਾ ਪਵੇਗਾ ਈ!”।
ਖੈਰ! ਘਾਇਲ ਜੀ
ਤੁਰਤ ਕੋਈ ਨਿਰਣੈ ਨਹੀਂ ਲੈ ਪਾ ਰਹੇ ਸਨ।
ਇਸ ਲਈ ਸੋਚ
ਵਿਚਾਰ ਕਰਨ ਮਗਰੋਂ ਦੱਸਣ ਲਈ ਆਖ ਕੇ ਉੱਥੋਂ ਘਰ ਵਾਪਸ ਆ ਗਏ ਸਨ।
ਕਈ ਦਿਨ ਘਾਇਲ
ਜੀ ਇਸੇ ਗਧੀ ਗੇੜ
‘ਚ ਫਸੇ ਰਹੇ।
ਇਕ ਦੋ ਵਾਰੀ ਉਨ੍ਹਾਂ ਇਨਡਾਇਰੈਕਟਲੀ ਬੀਵੀ ਨਾਲ ਗੱਲ ਛੇੜੀ,
ਪਰ ਉਹ ਤਾਂ ਭੁੱਖੀ ਸ਼ੇਰਨੀ ਵਾਂਗ ਉਸ ਤੇ ਟੁੱਟ ਪਈ ਸੀ-“ਘਰ
‘ਚ ਦੋ ਵੇਲਿਆਂ ਦੀ ਰੋਟੀ ਦੀ ਫਿਕਰ ਵੱਢ-ਵੱਢ ਖਾਈ
ਜਾਂਦੀ ਏ ਤੇ ਜਨਾਬ ਫੋਕੀ ਟੌਹਰ ਲਈ ਘਰ ਬਰਬਾਦ ਕਰਨ ਦੀਆਂ ਗੱਲਾਂ ਸੋਚ ਰਹੇ ਨੇ।”
ਉਸ ਮਗਰੋਂ ਘਾਇਲ ਜੀ ਨੇ ਬੀਵੀ ਨਾਲ ਏਸ ਵਿਸ਼ੇ ‘ਤੇ ਕਦੇ
ਗੱਲ ਕਰਨਾ ਵਾਜਿਬ ਨਹੀਂ ਸਮਝਿਆ ਸੀ
।
ਫੇਰ ਵੀ ਔਰਤ
ਜਾਤਿ ਏ।
ਏਸ
‘ਚ ਐਨੀ ਅਕਲ
ਕਿੱਥੇ ਕਿ ਲੇਖਕਾਂ ਦੀਆਂ ਗੱਲਾਂ ਸਮਝ ਸਕੇ।
ਕਈ ਵਾਰੀ ਘਾਇਲ
ਜੀ ਦੇ ਮਨ
‘ਚ ਏਹ ਖਿਆਲ ਵੀ
ਆਉਂਦਾ ਕਿ ਬੀਵੀ ਦਾ ਕੋਈ ਗਹਿਣਾ ਵੇਚ ਦੇਵੇ।
ਉਸ ਨੂੰ ਕਿਹੜਾ
ਪਤਾ ਲੱਗਣਾ ਹੈ।
ਪਰ ਜੇ ਕਿਤੇ ਪਤਾ
ਲੱਗ ਗਿਆ ਫੇਰ ਤਾਂ ਘਰ ‘ਚ
ਮਹਾਭਾਰਤ ਛਿੜ ਜਾਵੇਗਾ।
ਪਰ ਅਗਲੇ ਹੀ ਪਲ ਜਿਵੇਂ ਉਸ ਦੇ ਮਨ
‘ਚੋਂ ਅਵਾਜ਼
ਆਉਂਦੀ-“ਮੁੰਨਸ਼ੀ ਰਾਮ ਘਾਇਲ,
ਤੂੰ ਅੱਵਲ ਦਰਜ਼ੇ ਦਾ ਬੇਵਕੂਫ ਏ।
ਇਕ ਦਮ ਗਧਾ ਏਂ।
ਕੀ ਤੈਨੂੰ ਐਨੀ
ਵੀ ਅਕਲ ਨਹੀਂ ਕਿ ਔਰਤਾਂ ਨੂੰ ਗਹਿਣੇ ਕਿੰਨੇ ਪਿਆਰੇ ਹੁੰਦੇ ਨੇ।
ਓ ਮੂਰਖ ਆਦਮੀ,
ਗਹਿਣਿਆਂ ਦੀ ਤੁਲਨਾ ‘ਚ ਤਾਂ ਔਰਤਾਂ ਪਤੀਆਂ ਨੂੰ ਤੁੱਛ
ਸਮਝਦੀਆਂ ਹਨ।..ਤੇ
ਨਾਲੇ ਗਹਿਣੇ ਚੋਰੀ ਕਰਨ ਮਗਰੋਂ ਕਿਸੇ ਯਾਰ ਦੋਸਤ ਨੇ ਭਾਂਡਾ ਭੰਨ ਦਿੱਤੈ ਤਾਂ ਫੇਰ
ਕੀ ਕਰੇਂਗਾ ਬੇਅਕਲ ਆਦਮੀ? ਕੀ ਘਰ ਨੂੰ ਕੁਰੁਕਸ਼ੇਤਰ ਦਾ ਮੈਦਾਨ ਬਨਾਉਣਾ ਚਾਹੁੰਦੈ
?”
ਇਸ ਹੀ ਉਧੇੜਬੁਨ
‘ਚ ਘਾਇਲ ਜੀ ਦਾ ਵਕਤ ਗੁਜ਼ਰ ਰਿਹਾ ਸੀ।
ਉਨ੍ਹਾਂ ਦੋ ਤਿੰਨ ਦੋਸਤਾਂ ਤੋਂ ਉਧਾਰ ਵੀ ਮੰਗਿਆ ਪਰ ਕੋਈ ਵੀ ਸੌ ਦੋ ਸੌ ਤੋਂ
ਜ਼ਿਆਦਾ ਦੇਣ ਲਈ ਨਹੀਂ ਮੰਨਿਆ।
ਪਰ ਸੌ ਦੋ ਸੌ
ਨਾਲ ਕੀ ਹੋਣਾ ਸੀ! ਐਥੇ ਤਾਂ ਹਜ਼ਾਰਾਂ ਦੀ ਸਮਸਿਆ ਸੀ।
...ਆਖਿਰਕਾਰ ਇਕ
ਦੋਸਤ ਦੀ ਸਲਾਹ ਨੇ ਤਾਂ ਉਨ੍ਹਾਂ ਲਈ ਜਿਵੇਂ ਕੁਬੇਰ ਦੇ ਖਜਾਨੇ ਦਾ ਦਰਵਾਜ਼ਾ ਖੋਲ
ਦਿੱਤਾ ਸੀ।
ਅਤੇ ਸਭ ਤੋਂ ਵਧੀਆ ਗੱਲ ਏਹ ਸੀ ਕਿ ਬੀਵੀ ਨੂੰ ਪਤਾ ਵੀ ਨਹੀਂ ਲੱਗਣਾ ਸੀ।
ਅਤੇ ਘਾਇਲ ਜੀ
ਨੇ ਪਰੋਵੀਡੇਂਟ ਫੰਡ
‘ਚੋਂ ਪੈਸੇ
ਕਢਵਾਉਣ ਲਈ ਅਰਜ਼ੀ ਦੇ ਦਿੱਤੀ।
ਵੀਹ ਸਾਲਾਂ ਦੀ
ਨੌਕਰੀ ‘ਚ
ਐਨੇ ਪੈਸੇ ਤਾਂ ਜ਼ਰੂਰ ਜਮਾਂ ਹੋ ਹੀ ਗਏ ਹੋਣਗੇ।
ਅਤੇ ਕੁਝ ਦਿਨਾਂ
ਮਗਰੋਂ ਦਫਤਰ ਵੱਲੋਂ ਉਨ੍ਹਾਂ ਨੂੰ ਪੰਦਰਾਂ ਹਜ਼ਾਰ ਦੇ ਕਰੀਬ ਮਿਲ ਗਏ ਸਨ।
ਅੰਨ੍ਹਾਂ ਕੀ
ਚਾਹਵੇ,
ਦੋ ਅੱਖਾਂ!
ਆਖਿਰਕਾਰ ਘਾਇਲ
ਜੀ ਦੀ ਸਾਲਾਂ ਵੱਧੀ ਪਿਆਸ ਬੁਝਣ ਦਾ ਵੇਲਾ ਆ ਗਿਆ ਸੀ।
ਸ਼ਹਿਰ
‘ਚ ਥ੍ਹਾਂ ਥ੍ਹਾਂ
ਤੇ ਪੋਸਟਰ ਲੱਗੇ ਹੋਏ ਸਨ-“ਸਾਹਿੱਤ ‘ਚ
ਵੱਡਮੁੱਲਾ ਯੋਗਦਾਨ ਪਾਉਣ ਲਈ ਸਿਰਮੌਰ ਲੇਖਕ ਘਾਇਲ ਜੀ ਦਾ ਨਾਗਰਿਕ ਅਭਿਨੰਦਨ”।
ਸ਼ਹਿਰ ਦਾ ਸਭ
ਤੋਂ ਵਧੀਆ ਹਾਲ ਖਚਾਖਚ ਭਰਿਆ ਹੋਇਆ ਸੀ
।
ਦੂਰਦਰਸ਼ਨ ਦੇ
ਡਾਇਰੈਕਟਰ ਨੂੰ ਬਤੌਰ ਮੁੱਖ ਮਹਿਮਾਨ ਬੁਲਾਇਆ ਗਿਆ ਸੀ
।
ਇਸ ਲਈ ਦੂਰਦਰਸ਼ਨ
ਦੀ ਕੈਮਰਾ ਟੀਮ ਵੀ ਉਸ ਰਮਨੀਕ ਦ੍ਰਿਸ਼ ਨੂੰ ਸੈਲੂਲਾਈਡ ਤੇ ਉਤਾਰ ਰਹੀ ਸੀ।
ਵਿਦਵਾਨਾਂ ਨੇ ਉਸ
ਦੀਆਂ ਉਪਲਬਧੀਆਂ ਬਾਰੇ ਲੰਮੇ ਚੌੜੇ ਪਰਚੇ ਪੜ੍ਹੇ।
ਆਲੋਚਕਾਂ ਨੇ ਤਾਂ
ਉਹਨਾਂ ਦੀ ਤਰੀਫ ‘ਚ
ਜਮੀਨ ਅਸਮਾਨ ਇੱਕ ਕਰ ਦਿੱਤੇ ਸਨ।
ਜਦੋਂ ਘਾਇਲ ਜੀ ਨੂੰ 5100 ਸੌ ਰੁਪਇਆਂ ਦੀ ਥੈਲੀ ਭੇਟ ਕੀਤੀ ਗਈ ਉਦੋਂ ਤਾਂ ਹਾਲ
ਵਿੱਚ ਐਨੀ ਜੋਰ ਦੀਆਂ ਤਾੜੀਆਂ ਵੱਜੀਆਂ ਕਿ ਇੰਜ ਮਹਿਸੂਸ ਹੋਣ ਲੱਗਾ ਸੀ ਜਿਵੇਂ
ਸਰਹੱਦ ਤੇ ਟੈਕਾਂ ਅਤੇ ਬੰਬਾਂ ਨਾਲ ਲੜਾਈ ਸ਼ੁਰੂ ਹੋ ਗਈ ਹੋਵੇ।
..ਅਤੇ ਦੂਜੇ
ਦਿਨ ਅਖਬਾਰਾਂ ਵਿਚ ਉਨ੍ਹਾਂ ਦੀ ਥੈਲੀ ਪ੍ਰਾਪਤ ਕਰਦਿਆਂ ਦੀ ਫੋਟੋ ਛਪੀ ਸੀ।
ਫੋਟੋ ਦੇ ਨਾਲ
ਉਨ੍ਹਾਂ ਦੀਆਂ ਸਾਹਿਤੱਕ ਉਪਲਬਧੀਆਂ ਬਾਰੇ ਵੀ ਲਿਖਿਆ ਹੋਇਆ ਸੀ।
ਘਾਇਲ ਜੀ ਬਾਰੇ
ਅਜਿਹੀਆਂ ਕਈ ਗੱਲਾਂ ਲਿਖੀਆਂ ਹੋਈਆਂ ਸਨ ਜਿਨ੍ਹਾਂ ਬਾਰੇ ਉਨ੍ਹਾਂ ਨੂੰ ਖੁਦ ਵੀ ਪਤਾ
ਨਹੀਂ ਸੀ।
ਆਪਣੀਆਂ
ਪ੍ਰਾਪਤੀਆਂ ਬਾਰੇ ਪੜ ਕੇ ਉਨ੍ਹਾਂ ਨੂੰ ਆਪਣੇ ਆਪ ਤੇ ਜਿਵੇਂ ਰਸ਼ਕ ਹੋਣ ਲੱਗਾ ਸੀ।
ਉਨ੍ਹਾਂ ਦੀ
ਬੀਵੀ ਰਾਮਦੁਲਾਰੀ ਅਸਲੀਅਤ ਤੋਂ ਵਾਕਿਫ ਨਹੀਂ ਸੀ
।
ਇਸ ਲਈ ਉਹ ਤਾਂ
ਖੁਸ਼ੀ ਨਾਲ ਆਫਰੀ ਜਾ ਰਹੀ ਸੀ।
ਰਾਮ ਦੁਲਾਰੀ ਨੂੰ
ਖੁੱਦ ਤੇ ਗੁੱਸਾ ਵੀ ਆ ਰਿਹਾ ਸੀ ਕਿ ਓਹ ਤਾਂ ਐਂਵੇ ਖਾਹਮ ਖਾਹ ਘਾਇਲ ਜੀ ਨਾਲ ਲੜਦੀ
ਰਹਿੰਦੀ ਹੈ।
ਉਸ ਦਾ ਪਤੀ ਐਡਾ
ਵਿਦਵਾਨ ਹੈ,
ਇਸ ਬਾਰੇ ਤਾਂ ਉਸ ਨੂੰ ਪਤਾ ਹੀ ਨਹੀਂ ਸੀ।
ਕਲ ਫੰਕਸ਼ਨ
‘ਚ ਘਾਇਲ
ਜੀ ਨੂੰ ਸਾਹਿਤਕ ਖੇਤਰ ‘ਚ ਸਿਖਰ ਤੇ ਪਹੁੰਚਾਉਣ ਲਈ
ਵਿਦਵਾਨਾਂ ਨੇ ਉਸ ਦੇ ਯੋਗਦਾਨ ਦੀ ਵੀ ਰੱਜ ਕੇ ਪ੍ਰਸ਼ੰਸਾ ਕੀਤੀ ਸੀ।
ਉਹ ਪਤੀ ਨੂੰ
ਸਨਮਾਨ ਦੇ ਤੌਰ ਤੇ ਮਿਲੇ 5100 ਰੁਪਇਆਂ ਨੂੰ ਆਪਣੀ ਮਰਜੀ ਨਾਲ ਖਰਚ ਕਰਨ ਦੇ ਮਨਸੂਬੇ
ਬਨਾਉਣ ਲੱਗੀ ਸੀ।
ਇਕ ਦੋ ਨਵੀਆਂ ਸਾੜੀਆਂ ਤਾਂ ਜ਼ਰੂਰ ਖਰੀਦੇਗੀ।
ਪੁਰਾਣੀਆਂ
ਸਾੜੀਆਂ ਨੂੰ ਤਾਂ ਟਾਕੀਆਂ ਲਾ ਲਾ ਕੇ ਅੱਕ ਚੁੱਕੀ ਹੈ।
ੳਸੇ ਵੇਲੇ ਕਿਸੇ
ਨੇ ਬੂਹਾ ਖੜਕਾਇਆ।
ਘਾਇਲ ਜੀ ਇਕਦਮ
ਖੁਸ਼ੀ ਨਾਲ ਜਿਵੇਂ ਉੱਛਲ ਪਏ-“ਭਾਗਵਾਨ,
ਵੇਖੀ ਤਾਂ ਕੌਣ ਆਇਆ।
ਜੇ ਟੈਲੀਗ੍ਰਾਮ
ਵਾਲਾ ਹੋਇਆ ਤਾਂ ਉਸ ਨੂੰ ਪੰਜ ਸੱਤ ਰੁਪਏ ਬਖਸ਼ੀਸ ਦੇ ਜ਼ਰੂਰ ਦੇ ਦਈਂ”।
“ਜੀ ਅੱਛਾ” ਆਖਦਿਆਂ ਰਾਮਦੁਲਾਰੀ
ਦਰਵਾਜੇ ਵੱਲ ਤੁਰ ਪਈ।
ਦਰਵਾਜ਼ਾ ਖੋਲਿਆ
ਤਾਂ ਇਕ ਦਮ ਜਿਵੇਂ ਹਨੇਰੀ ਆ ਗਈ ਸੀ-“ਬੱਲੇ
ਬੱਲੇ ਬਹੂ ਰਾਣੀਏ, ਭਾਈ ਬਹੁਤ ਬਹੁਤ ਵਧਾਈ ਹੋਵੇ”
ਘਾਇਲ ਸਾਹਿਬ ਦੇ ਚਾਚਾ ਜੀ ਸਨ,-“ਓ ਬਈ ਕਿੱਥੇ ਐ ਸਾਡਾ
ਲੱਲੂ..ਮ.ਮ..ਮੇਰਾ ਮਤਲਬ ਮੁੰਨਸ਼ੀ ਬੇਟਾ..”।
“ਤੁਸੀਂ ਅੰਦਰ ਤਾਂ ਲੰਘ ਆਓ..ਓਹ ਘਰ ਈ ਨੇ..”।
ਅੰਦਰ ਆਉਂਦਿਆ
ਸਾਰ ਹੀ ਉਨ੍ਹਾਂ ਘਾਇਲ ਜੀ ਨੂੰ ਘੁੱਟ ਕੇ ਜੱਫੀ ਪਾ ਲਈ-“ਜਿਉਂਦਾ
ਰਹਿ ਪੁੱਤਰ ..ਤੂ ਤਾਂ ਸਾਡੇ ਖਾਨਦਾਨ ਦਾ ਨਾਂਅ ਰੋਸ਼ਨ ਕਰ ਦਿੱਤਾ।”
ਰਾਮਦੁਲਾਰੀ
ਉਨ੍ਹਾਂ ਲਈ ਚਾਹ ਬਣਾ ਲਿਆਈ।
“ਬਈ ਅੱਜ ਦੇ ਅਖਬਾਰ ‘ਚ ਤੇਰੀ ਫੋਟੋ
ਵੇਖੀ ਤਾਂ ਆਪਣੀ ਖੁਸ਼ੀ ਤੇ ਕਾਬੂ ਨਹੀਂ ਰਿਹਾ।
ਤੇਰੀ ਚਾਚੀ ਨੇ ਵੀ ਨਾਲ ਈ ਔਣਾ ਸੀ ਪਰ ਗਠੀਏ ਦੇ ਦਰਦ ਕਰਕੇ ਨਹੀਂ ਆ ਸਕੀ।
ਰਤਾ ਦਿਨ ਚੜ੍ਹੇ ਬੱਚਿਆਂ ਨਾਲ ਆਵੇਗੀ”।
ਤੇ ਫੇਰ ਏਧਰ
ਓਧਰ ਦੀਆਂ ਗੱਲਾਂ ਕਰਨ ਲੱਗੇ ਸਨ।
ਪਰ ਅਚਾਨਕ ਚਾਚਾ
ਜੀ ਦੇ ਮੂੰਹ ਤੋਂ ਪਤਾ ਨਹੀਂ ਕੀ ਨਿਕਲ ਗਿਆ ਕਿ ਘਾਇਲ ਜੀ ਅਤੇ ਰਾਮ ਦੁਲਾਰੀ ਦੀ
ਜੁਬਾਨ ਤਾਂ ਜਿਵੇਂ ਫੇਵੀਕੋਲ ਨਾਲ ਜੁੜ ਗਈ ਸੀ।
ਘਾਇਲ ਸਾਹਿਬ
ਦੀਆਂ ਅੱਖਾਂ ਮੂਹਰੇ ਤਾਂ ਜਿਵੇਂ ਹਨੇਰਾ ਛਾ ਗਿਆ ਸੀ।
ਕੱਲ੍ਹ ਹਾਲ
‘ਚ ਵੱਜਣ
ਵਾਲੀਆਂ ਤਾੜੀਆਂ ਦਾ ਸ਼ੋਰ ਜਿਵੇਂ ਹੁਣ ਉਸ ਦੇ ਸਿਰ ‘ਚ
ਹਥੋੜੇ ਵਾਂਗ ਵੱਜਣ ਲੱਗਾ ਸੀ।
ਪਰ ਚਾਚਾ ਜੀ
ਹਾਲੇ ਵੀ ਬੋਲੀ ਜਾ ਰਹੇ ਸਨ:-“ਮੈਂ
ਤਾਂ ਸ਼ਾਇਦ ਤੈਨੂੰ ਆਖਦਾ ਵੀ ਨਾ, ਪਰ ਤੇਰੀ ਚਾਚੀ ਕਹਿਣ
ਲੱਗੀ ਕਿ ਏਸ ‘ਚ ਕੋਈ ਹਰਜ ਨੀ।
ਓਹ ਕੋਈ ਗੈਰ
ਥੋੜਾ ਏ..ਆਪਣਾ ਬੱਚਾ ਏ..।
ਰੱਬ ਝੂਠ ਨਾ
ਬੁਲਾਵੇ ਪੁੱਤਰ,
ਹੁਣ ਤਾਂ ਇੰਜ ਜਾਪਣ ਲੱਗਾ ਸੀ ਕਿ ਮਕਾਨ ਮਾਲਿਕ ਨੇ ਕਿਸੇ ਵੀ ਵੇਲੇ ਸਾਡਾ ਸਮਾਨ
ਬਾਹਰ ਸੁਟਵਾ ਦੇਣਾ
।
ਉਸਦਾ ਛੇ
ਮਹੀਨਿਆਂ ਦਾ ਕਰਾਇਆ ਬਕਾਇਆ ਰਹਿੰਦੈ।
ਸਹੂੰ ਗੁਰੂ ਦੀ,
ਤੇਰੇ ਪੈਸੇ ਦੋ ਤਿੰਨ ਮਹੀਨਿਆਂ ਮਗਰੋਂ ਜ਼ਰੂਰ ਮੋੜ ਦੇਵਾਂਗਾ..।”
“ਪਰ ਚਾਚਾ ਜੀ..।”
“ਪਰ ਪਰ ਕੁਝ ਨੀ ਬੇਟੇ..।
ਬਸ ਦੋ ਹਜਾਰ ਦੀ ਤਾਂ ਸਾਰੀ ਗੱਲ ਏ..ਨਾਲੇ ਤੈਨੂੰ ਤਾਂ ਮੁਫਤ ਦੇ ਈ ਅਕਵੰਜਾ ਸੌ
ਮਿਲੇ ਨੇ..”।
ਘਾਇਲ ਜੀ ਦੀ
ਤਾਂ ਜਿਵੇਂ ਬੋਲਦੀ ਬੰਦ ਹੋ ਗਈ ਸੀ।
ਉਨ੍ਹਾਂ ਨੂੰ
ਘੁਮੇਰ ਆਉਣ ਲੱਗੀ ਸੀ।
ਉਨ੍ਹਾਂ ਦੋਹਾਂ ਹੱਥਾ ਨਾਲ ਆਪਣਾ ਸਿਰ ਫੜ ਲਿੱਤਾ ਅਤੇ ਆਪਣਾ ਬਦਨ
ਮੁਰਦੇ ਵਾਂਗ ਕੁਰਸੀ ਦੇ ਹਵਾਲੇ ਕਰ ਦਿੱਤਾ।
*****
*230-ਸੀ,ਭਾਈ ਰਣਧੀਰ ਸਿੰਘ ਨਗਰ,
ਲੁਧਿਆਣਾ-141 012
ਮੋਬਾਇਲ 98153-59222
(11 ਨਵੰਬਰ 2007)