-ਕਹਾਣੀ-

 

ਅਭਿਨੰਦਨ

ਡਾ: ਫ਼ਕੀਰ ਚੰਦ ਸ਼ੁਕਲਾ

 

ਪੰਜਾਬ ਰਤਨ' ਦੀ ਉਪਾਧੀ ਨਾਲ ਸਨਮਾਨਿਤ, ਨੌਂ ਕੌਮੀ ਅਤੇ 15 ਵੱਖ ਵੱਖ ਸੂਬਿਆਂ ਤੋਂ ਐਵਾਰਡ ਲੈ ਚੁੱਕੇ ਡਾ: ਫ਼ਕੀਰ ਚੰਦ ਸ਼ੁਕਲਾ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ। ਫਿਰ ਵੀ ਇਹ ਦੱਸਦਿਆਂ ਪਰਸੰਨਤਾ ਹੋ ਰਹੀ ਹੈ ਕਿ ਡਾ: ਸ਼ੁਕਲਾ ਹੁਰੀਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ 'ਫੂਡ ਟੈਕਨੌਲਜੀ' ਵਿਭਾਗ ਦੇ ਰੀਟਾਇਰਡ ਪਰੋਫੈਸਰ/ਲੇਖਕ ਹਨ। ਆਪ ਹੁਣ ਤੱਕ 30 ਪੁਸਤਕਾਂ ਲਿੱਖ ਚੁੱਕੇ ਹਨ। ਉਹਨਾਂ ਦੀਆਂ ਪੁਸਤਕਾਂ: ਖ਼ੁਰਾਕ ਅਤੇ ਸੇਹਤ, ਸਸਤਾ ਭੋਜਨ ਵਧੀਆ ਭੋਜਨ ਨੂੰ ਕੌਮੀ ਐਵਾਰਡ ਮਿਲ ਚੁੱਕੇ ਹਨ। 'ਬਚਿਆਂ ਲਈ ਲਿਖੀ ਪੁਸਤਕ 'ਸੱਚੀ ਖੁਸ਼ੀ' ਨੂੰ ਵੀ ਸਨਮਾਨਿਤ ਕੀਤਾ ਗਿਆ। ਆਪ ਦੇ ਹਿੰਦੀ ਕਹਾਣੀ ਸੰਗ੍ਰੀਹ 'ਵਿਸ਼ਪਾਨ' ਨੂੰ ਸਾਹਿਤਕ ਜਗਤ ਵਲੋਂ ਹੁੰਘਾਰਾ ਮਿਲਿਆ ਅਤੇ ਆਪ ਦੀਆਂ ਬਹੁਤ ਸਾਰੀਆਂ ਕਹਾਣੀਆਂ ਨੂੰ ਕਨ੍ਹੜ, ਸਿੰਧੀ, ਗੁਜ਼ਰਾਤੀ, ਮਲਿਆਲਮ, ਮਰਾਠੀ, ਤਾਮਿਲ, ਤੈਲਗੂ ਆਦਿ ਬੋਲੀਆਂ ਵਿੱਚ ਉਲਥਾਇਆ ਗਿਆ। ਸ਼ੁਕਲਾ ਜੀ ਨੂੰ ਸਿ਼ਰੋਮਣੀ ਪੰਜਾਬੀ ਲੇਖਕ ਵਜੋਂ ਵੀ ਸਨਮਾਨਿਤ ਕੀਤਾ ਗਿਆ।
ਆਪ ਦੀ ਇੱਕ ਹੋਰ ਕਹਾਣੀ 'ਲਿਖਾਰੀ' ਦੇ ਪਾਠਕਾਂ ਗੋਚਰੇ ਕਰਦਿਆਂ ਪਰਸੰਨਤਾ ਦਾ ਅਨੁਭੱਵ ਕਰ ਰਹੇ ਹਾਂ।--ਲਿਖਾਰੀ
 

****

ਅਭਿਨੰਦਨ
ਡਾ.ਫ਼ਕੀਰ ਚੰਦ ਸ਼ੁਕਲਾ

ਹਰ ਵੇਲੇ ਉਦਾਸ ਰਹਿਣ ਵਾਲੇ ਉਸ ਦੇ ਚਿਹਰੇ ਤੇ ਅੱਜ ਥੋੜੀ ਥੋੜੀ ਖ਼ੁਸ਼ੀ ਚਮਕ ਰਹੀ ਸੀ।
ਉਸ ਦੀਆਂ ਸਾਹਿਤਕ ਪ੍ਰਾਪਤੀਆਂ ਦੇ ਫਲ ਸਰੂਪ ਯੂਨੀਵਰਸਟੀ ਦੇ ਵਾਈਸ ਚਾਂਸਲਰ ਨੇ ਅੱਜ ਉਸ ਨੂੰ ਅਭਿਨੰਦਨ ਪੱਤਰ ਭੇਟ ਕਰਨਾ ਸੀ।
ਇਕ ਕਲਰਕ ਦੀ ਐਨੀ ਇੱਜ਼ਤ!
ਯੂਨੀਵਰਸਟੀ ਦਾ ਔਡੀਟੋਰੀਅਮ ਖਚਾਖਚ ਭਰਿਆ ਹੋਈਆ ਸੀ।
ਵਾਈਸ ਚਾਂਸਲਰ ਨੇ ਜਦੋਂ ਫੁੱਲਾਂ ਦਾ ਹਾਰ ਉਸ ਨੂੰ ਪਹਿਨਾਇਆ ਤਾਂ ਸਾਰਾ ਹਾਲ ਤਾੜੀਆਂ ਦੀ ਅਵਾਜ਼ ਨਾਲ ਗੂੰਜ ਉੱਠਿਆ ਸੀ।
ਗੁਨਗੁਨਾਉਂਦੇ ਹੋਇਆਂ ਜਦੋਂ ਉਹ ਘਰ ਦੇ ਅੰਦਰ ਆਇਆ ਤਾਂ ਜਿਵੇਂ ਇਕਦਮ ਧਮਾਕਾ ਹੋਇਆ-“ਏਹ ਕੇੜ੍ਹਾ ਵੇਲੈ ਘਰ ਔਣ ਦਾ! ਦੋ ਘੰਟਿਆਂ ਤੋਂ ਉਡੀਕ ਰਹੀ ਆਂ।”
ਪਤਨੀ ਦੇ ਇੰਜ ਕਹਿਣ ਤੇ ਉਹ ਰਤਾ ਕੁ ਮੁਸਕਰਾ ਪਿਆ।
ਅਚਾਨਕ ਪਤਨੀ ਦੀ ਨਜ਼ਰ ਉਸ ਦੇ ਹੱਥ ‘ਚ ਫੜੇ ਹੋਏ ਅਭਿਨੰਦਨ ਪੱਤਰ ਤੇ ਪੈ ਗਈ-“ਹੂੰ..ਤਾਂ ਜਨਾਬ ਦਾ ਅੱਜ ਫੇਰ ਕਿਤੇ ਸਨਮਾਨ ਹੋਇਐ?” ਤੇ ਇਕਦਮ ਅਭਿਨੰਦਨ ਪੱਤਰ ਉਸ ਤੋਂ ਖੋਂਹਦੇ ਹੋਏ ਬੋਲੀ-“ਮੈਂ ਏਸ ਕਾਗਜ ਦੇ ਟੁਕੜੇ ਦਾ ਕੀ ਕਰਾਂ! ਸਵੇਰ ਦੇ ਨਿਆਣੇ ਭੁੱਖ ਨਾਲ ਕੁਰਲਾਉਂਦੇ ਪਏ ਨੇ”।
ਉਹ ਡੌਰ ਭੋਰ ਜਿਹਾ ਹੋਇਆ ਉਸ ਵੱਲ ਤੱਕਣ ਲੱਗਾ।
“ਨਾ ਜੇ ਅਫਸਰਾਂ ਨੂੰ ਤੁਸੀਂ ਐਡੇ ਈ ਵਿਦਵਾਨ ਨਜ਼ਰ ਔਂਦੇ ਓਂ ਤਾਂ ਕਿਉਂ ਨੀ ਥੋਨੂੰ ਤਰੱਕੀ ਦੇ ਦੇਂਦੇ? ਏਸ ਕਾਗਜ ਦੇ ਟੁਕੜੇ ਨਾਲੋਂ ਤਾਂ ਚੰਗਾ ਹੁੰਦਾ ਤੁਹਾਨੂੰ ਪੰਜਾਹ ਸੌ ਰੁਪੈ ਨਕਦ ਈ ਦੇ ਦੇਂਦੇ। ਰਾਤ ਦਾ ਰਾਸ਼ਨ ਤਾਂ ਆ ਜਾਂਦਾ।” ਤੇ ਪਤਨੀ ਨੇ ਉਸ ਦੇ ਹੱਥੋਂ ਅਭਿਨੰਦਨ ਪੱਤਰ ਖੋਹ ਕੇ ਪਰ੍ਹਾਂ ਸੁੱਟ ਦਿੱਤਾ।
ਉਸ ਨੂੰ ਲੱਗਾ ਜਿਵੇਂ ਕੁੱਝ ਚਿਰ ਪਹਿਲਾਂ ਔਡੀਟੋਰੀਅਮ ‘ਚ ਬੱਜਣ ਵਾਲੀਆਂ ਤਾੜੀਆਂ ਉਸ ਦੇ ਸਿਰ ‘ਚ ਹਥੋੜੇ ਬਣ ਕੇ ਬੱਜਨ ਲਗੀਆਂ ਹੋਣ।
****

ਡਾ.ਫ਼ਕੀਰ ਚੰਦ ਸ਼ੁਕਲਾ
230-ਸੀ,ਭਾਈ ਰਣਧੀਰ ਸਿੰਘ ਨਗਰ,
ਲੁਧਿਆਣਾ-141012
 

(15 ਮਾਰਚ 2007) ਚਾਤਿ੍ਕ ਯੂਨੀਕੋਡ 'ਚ

ਡਾ: ਫ਼ਕੀਰ ਚੰਦ ਸੁਕਲਾ ਦੀਆਂ 'ਲਿਖਾਰੀ' ਵਿਚ ਛਪੀਆਂ ਹੋਰ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ:

ਅਹਿਸਾਸ ਬੁੱਚੜਖਾਨਾ   ਅਨੁਭਵ
ਜਨਮ ਦਿਨ ਦੀ ਪਾਰਟੀ

 

e-mail:
ਲਿਖਾਰੀ
Likhari


© likhari: Punjabi Likhari Forum-2001-2007