ਪਿੰਡ ਦਾ ਜੰਮਪਲ ਅਤੇ ਪਿੰਡ ਵਿਚ ਹੀ ਪੜ੍ਹਿਆ ਹੋਣ ਕਰਕੇ ਮੇਰੀਆਂ ਆਦਤਾਂ ਜੱਟਾਂ
ਵਰਗੀਆਂ ਜ਼ਿਆਦਾ ਹਨ ਅਤੇ ਬੇਵਜ੍ਹਾ ਪੰਗੇ ਲੈਣੇ ਅਤੇ ਛਕਾਣ ਤੇ ਫ਼ੂਕ ਛਕ ਜਾਣਾ ਵੀ
ਮੇਰੀਆਂ ਆਦਤਾਂ ਵਿਚ ਸ਼ੁਮਾਰ ਹੈ।ਹਾਂ,ਜ਼ਰੂਰ ਫ਼ੂਕ ਈ ਛਕੀ ਹੋਣੀ ਆ ਨਹੀਂ ਤਾਂ ਮੈਂ
ਲੇਖਕਾਂ ਨੂੰ ਪਾਰਟੀ ਦੇਣ ਲਈ ਕਿਵੇਂ ਮੰਨ ਗਿਆ ਸਾਂ।
ਮੈਨੂੰ ਸ਼੍ਰੋਮਣੀ ਸਾਹਿਤਕਾਰ ਦਾ ਅਵਾਰਡ ਮਿਲਿਆ ਸੀ। ਲਗਭਗ ਸਾਰਿਆਂ ਅਖਬਾਰਾਂ ਵਿਚ
ਖਬਰਾਂ ਛਪੀਆਂ ਸਨ। ਦੂਰਦਰਸ਼ਨ ਤੋਂ ਵੀ ਖਬਰਾਂ ਆਈਆਂ ਸਨ। ਉਸ ਵੇਲੇ ਦੇ ਮਾਨਯੋਗ ਮੁੱਖ
ਮੰਤਰੀ ਜੀ ਨੇ ਇਕ ਲੱਖ ਰੁਪਈਆ, ਗੋਲਡ ਮੈਡਲ, ਮੀਮੈਂਟੋ ਅਤੇ ਦੋਸ਼ਾਲਾ ਪ੍ਰਦਾਨ ਕੀਤਾ
ਸੀ। ਸ਼੍ਰੋਮਣੀ ਅਵਾਰਡ ਮਿਲਣ ਤੇ ਖੁਸ਼ੀ ਵੀ ਹੋਈ ਸੀ ਤੇ ਮਨ ਤੇ ਉਦਾਸੀ ਵੀ ਛਾਈ ਹੋਈ
ਸੀ। ਉਦਾਸੀ ਦਾ ਕਾਰਨ ਮੇਰੀ ਪਤਨੀ ਦੀ ਬੇਵਕਤੀ ਮੌਤ ਸੀ । ਅਵਾਰਡ ਲੈਣ ਵੇਲੇ ਜੇ ਉਹ
ਮੇਰੇ ਨਾਲ ਹੁੰਦੀ ਤਾਂ ਖੁਸ਼ੀ ਦਾ ਕਈ ਗੁਣਾ ਵਧ ਜਾਣਾ ਸੁਭਾਵਿਕ ਸੀ। ਖ਼ੈਰ!ਜ਼ਿੰਦਗੀ
ਤਾਂ ਉਸ ਪਰਵਰਦਿਗਾਰ ਦੀ ਮਰਜੀ ਅਨੁਸਾਰ ਚੱਲਦੀ ਹੈ।
ਸ਼੍ਰੋਮਣੀ ਅਵਾਰਡ ਦੀ ਘੋਸ਼ਨਾ ਹੋਣ ਮਗਰੋਂ ਮੈਨੂੰ ਜਾਪ ਰਿਹਾ ਸੀ ਕਿ ਲੈ ਬਈ ਅੱਜ ਤੇਰੇ
ਫ਼ੋਨ ਨੇ ਟਰਨ-ਟਰਨ ਕਰਨ ਤੋਂ ਨਹੀਂ ਹਟਨਾ ਕਿਉਂਕਿ ਲੇਖਕਾਂ ਮਿੱਤਰਾਂ ਵੱਲੋਂ
ਵਧਾਈ-ਸੰਦੇਸ਼ ਆਉਣੇ ਸ਼ੁਰੂ ਹੋ ਜਾਣਗੇ। ਪਰ ਇਕ ਦਿਨ, ਦੋ ਦਿਨ, ਤਿੰਨ ਦਿਨ ਲੰਘ ਗਏ।
ਸਿਰਫ ਦੋ ਚਾਰ ਰਿਸ਼ਤੇਦਾਰਾਂ ਤੋਂ ਇਲਾਵਾ ਹੋਰ ਕਿਸੇ ਦਾ ਫੋਨ ਨਹੀਂ ਆਇਆ ਸੀ। ਮੈਂ ਇਹ
ਵੀ ਸੋਚ ਰਿਹਾ ਸੀ ਕਿ ਹੋ ਸਕਦਾ ਏ ਲੇਖਕਾਂ ਨੇ ਵਧਾਈ ਚਿੱਠੀਆਂ ਪਾਈਆਂ ਹੋਣ। ਮੇਰਾ
ਅਜਿਹਾ ਭਰਮ ਇਸ ਕਰਕੇ ਵੀ ਸੀ ਕਿ ਇਕ ਵਾਰੀ ਮੇਰੀ ਜਾਨ-ਪਛਾਣ ਦੀ ਇਕ ਲੇਖਿਕਾ ਦੀ
ਕਿਸੇ ਅਖ਼ਬਾਰ ਵਿਚ ਗਜ਼ਲ ਛਪੀ ਸੀ ਤਾਂ ਉਸਨੂੰ 60-65 ਦੇ ਕਰੀਬ ਵਧਾਈ ਦੀਆਂ ਚਿੱਠੀਆਂ
ਅਤੇ ਇਸ ਤੋਂ ਵੱਧ ਟੈਲੀਫੂਨ ਆਏ ਸਨ। ਪਰ ਮੈਨੂੰ ਤਾਂ ਸ਼੍ਰੋਮਣੀ ਸਾਹਿਤਕਾਰ ਦਾ ਅਵਾਰਡ
ਮਿਲਿਆ ਸੀ-ਇਕ ਲੱਖ ਰੁਪਏ ਵਾਲਾ। ਫੇਰ ਮੈਨੂੰ ਕਿਸੇ ਦੀ ਚਿੱਠੀ ਜਾਂ ਟੈਲੀਫੂਨ ਕਿਉਂ
ਨਹੀਂ ਆਇਆ। ਮੈਂ ਜਿਵੇਂ ਸੋਚੀਂ ਪੈ ਗਿਆ ਸੀ। ਆਖਿਰਕਾਰ ਤਿੰਨ ਚਾਰ ਦਿਨਾਂ ਮਗਰੋਂ
ਮੈਂ ਜਿਨ੍ਹਾਂ ਲੇਖਕਾਂ ਨੂੰ ਬਹੁਤਾ ਖਾਸ ਸਮਝਦਾ ਸੀ ਖ਼ੁਦ ਹੀ ਫੋਨ ਕਰ ਦਿੱਤੇ ਤੇ ਰਤਾ
ਖਿਝ ਕੇ ਕਿਹਾ ਸੀ-“ਓ ਥੋਡੀ ਕੀ ਬੁੜ੍ਹੀ ਮਰ ਗੀ ਜੋ ਫਾਰਮੈਲਟੀ ਸੇਕ ਮੈਨੂੰ ਵਧਾਈ ਵੀ
ਨੀ ਦੇ ਸਕਦੇ”।
ਉਨ੍ਹਾਂ ‘ਚੋਂ ਦੋ ਜਣਿਆਂ ਨੇ ਤਾਂ ਢੀਠਾਂ ਵਾਂਗ ਜ਼ਵਾਬ ਦਿੱਤਾ ਸੀ-“ਓ ਤੈਨੂੰ ਤਾਂ ਹਰ
ਸਾਲ ਕੋਈ ਨਾ ਕੋਈ ਇਨਾਮ ਮਿਲਦਾ ਈ ਰਹਿੰਦੈ। ਅਸੀਂ ਸੋਚਿਆ ਨਾਲੇ ਵਧਾਈ ਦੇ ਜਾਵਾਂਗੇ
ਤੇ ਨਾਲੇ ਬੀਅਰ ਪੀ ਜਾਵਾਂਗੇ।”
“ਥੋਨੂੰ ਤਾਂ ਮੈਂ ਗਊ ਦਾ ਮੂਤ ਵੀ ਨਾ ਪਲਾਵਾਂ” ਮੈਂ ਹਾਲੇ ਵੀ ਖਿਝਿਆ ਪਿਆ ਸੀ ।
ਖ਼ੈਰ ! ਅਵਾਰਡ ਮਿਲਨ ਮਗਰੋਂ ਦੋ ਚਾਰ ਲੇਖਕ ਬੀਮਾ ਕੰਪਨੀ ਦੇ ਏਜੇਂਟਾਂ ਵਾਂਗ ਮਗਰ ਈ
ਪੈ ਗਏ ਸਨ-“ਯਾਰ ਪਾਰਟੀ ਜ਼ਰੂਰ ਕਰ। ਇੰਜ ਸਾਹਿਤਕ ਖੇਤਰ ਵਿਚ ਬਹੁਤ ਮਾੜਾ ਅਸਰ
ਪੈਂਦੈ। ਯਾਰਾਂ ਨਾਲ ਈ ਬਹਾਰਾਂ ਹੁੰਦੀਆਂ ਨੇ ਭਰਾਵਾ।ਨਾਲੇ ਤੈਨੂੰ ਕਾਹਦੀ ਘਾਟ ਏ!”
ਪਰ ਮੇਰੇ ਮਨ ਵਿਚ ਇਹ ਖਿਆਲ ਵੀ ਵਾਰ ਵਾਰ ਘੁੰਮੀ ਜਾ ਰਿਹਾ ਸੀ ਕਿ ਇਨ੍ਹਾਂ ਲੇਖਕਾਂ
ਨੂੰ ਉਦੋਂ ਮੇਰਾ ਚੇਤਾ ਕਿਉਂ ਨੀ ਆਇਆ ਜਦੋਂ ਮੇਰੀ ਪਤਨੀ ‘ਕੈਂਸਰ ਹਸਪਤਾਲ’ ਵਿਚ
ਦਾਖਲ ਸੀ ਅਤੇ ਦੋ ਸਾਲ ਅਸੀਂ ਉੱਥੇ ਖੱਜਲ ਖੁਆਰ ਹੁੰਦੇ ਰਹੇ ਸਾਂ। ਦੋ-ਤਿੰਨ ਲੇਖਕਾਂ
ਕੋਲ ਤਾਂ ਮੈਂ ਖੁਦ ਹੀ ਜਿਵੇਂ ਬੇਨਤੀ ਕਰਨ ਗਿਆ ਸੀ – “ਯਾਰ ਤੁਸੀਂ ਹੋਰ ਤਾਂ ਕੁਝ
ਮੱਦਦ ਨੀ ਕਰ ਸਕਦੇ ਪਰ ਕਦੇ ਕਦਾਈ ਹਸਪਤਾਲ ਈ ਮੇਰੇ ਕੋਲ ਗੇੜਾ ਮਾਰ ਜਾਇਆ ਕਰੋ। ਰਤਾ
ਮੇਰਾ ਮਨ ਈ ਬਦਲ ਜਾਇਆ ਕਰੇਗਾ” ਪਰ ਫੇਰ ਵੀ ਇਕ ਵਾਰੀ ਵੀ ਕੋਈ ਨਹੀਂ ਆਇਆ ਸੀ। ਪਤਨੀ
ਦੀ ਮੌਤ ਮਗਰੋਂ ਵੀ ਦੋ-ਤਿੰਨ ਲੇਖਕਾਂ ਤੋਂ ਸਿਵਾ ਕਿਸੇ ਦੇ ਦਰਸ਼ਨ ਤਾਂ ਕੀ ਹੋਣੇ ਸੀ,
ਕਿਸੇ ਵੱਲੋਂ ਅਫਸੋਸ ਦੀ ਚਿੱਠੀ ਵੀ ਨਹੀਂ ਆਈ ਸੀ। ਭੋਗ ਤੇ ਵੀ ਕੋਈ ਨਹੀਂ ਆਇਆ ਸੀ।
....ਤੇ ਹੁਣ ਮੈਂ ਖੁਦ ਹੈਰਾਨ ਸਾਂ ਕਿ ਪਤਾ ਨੀ ਕਿਵੇਂ ਅਜਿਹੇ ਲੇਖਕਾਂ ਨੂੰ ਮੈਂ
ਪਾਰਟੀ ਦੇਣ ਲਈ ਮੰਨ ਗਿਆ ਸੀ। ਸ਼ਾਇਦ ਜੱਟਾਂ ਵਰਗੀਆਂ ਆਪਣੀਆਂ ਆਦਤਾਂ ਸਦਕਾ ਫੂਕ ਛਕ
ਗਿਆ ਹੋਣਾ?
ਖ਼ੈਰ ਲੇਖਕਾਂ ਦੀ ਲਿਸਟ ਬਣਾਈ–ਘਟਾਈ ਗਈ। ਤੇ ਅਖੀਰ ਸ਼ਹਿਰ ਦੇ ਇਕ ਮੰਨੇ ਪਰਮੰਨੇ ਹੋਟਲ
ਵਿਚ ਪਾਰਟੀ ਸ਼ੁਰੂ ਹੋ ਗਈ। ਇਕ ਦੋ ਲੇਖਕ ਖੁਦ ਹੀ ਚੌਧਰੀ ਬਣਕੇ ਆਰਡਰ ਦਿੰਦੇ ਗਏ।
ਮੇਰੇ ਵਰਗੇ ਵੈਸ਼ਨੂੰ ਬੰਦੇ ਦੇ ਮੂਹਰੇ ਮਾਸ-ਮੱਛੀ ਦੇ ਤਰ੍ਹਾਂ-ਤਰ੍ਹਾਂ ਦੇ ਵਿਅੰਜਨਾਂ
ਦੀਆਂ ਪਲੇਟਾਂ ਆ ਰਹੀਆਂ ਸਨ। ਤੇ ਉਨ੍ਹਾਂ ਚੌਧਰੀਆਂ ਨੇ ਆਮ ਕਿਸਮ ਦੀ ਸ਼ਰਾਬ ਦੀ ਬਜਾਏ
ਸਕੌਚ ਮੰਗਵਾਉਣ ਵਿਚ ਵੀ ਸੰਕੋਚ ਨਹੀਂ ਕੀਤਾ ਸੀ।
ਸਕੌਚ ਦੇ ਕੁੱਝ ਪੈੱਗ ਅੰਦਰ ਜਾਂਦਿਆ ਸਾਰ ਹੀ ਲੇਖਕਾਂ ਦੇ ‘ਗਿਆਨ-ਚਕਸੂ’ ਖੁੱਲ੍ਹਣ
ਲੱਗੇ ਸਨ। ਕਿਹੜੀ ਲੇਖਿਕਾ ਕਿਸਦੇ ਨਾਲ ਫਸੀ ਹੋਈ ਆ, ਕੌਣ ਕਿਹੜੀ ਲੇਖਿਕਾ ਨੂੰ ਖੁਦ
ਗਜ਼ਲਾਂ ਲਿਖ ਕੇ ਦੇਂਦਾ ਏ, ਕਿਸ ਲੇਖਕ ਦੀ ਬਦੌਲਤ ਥੌੜੇ ਸਮੇਂ ‘ਚ ਈ ਇਕ ਲੇਖਿਕਾ
ਟੀ.ਵੀ. ਅਤੇ ਲਾਲ ਕਿਲੇ ਤੇ ਹੋਣ ਵਾਲੇ ਮੁਸ਼ਾਰਿਆਂ ਦੀ ਸ਼ਾਨ ਬਣ ਗਈ ਏ..ਵਗੈਰ੍ਹਾ
ਵਗੈਰ੍ਹਾ ਦਾ ਪਰਦਾਫਾਸ਼ ਹੋਣ ਲੱਗਾ ਸੀ।
ਮੈਂ ਘੜੀ ਮੁੜੀ ਏਹ ਸੋਚ ਰਿਹਾ ਸੀ ਬਈ ਇਨ੍ਹਾਂ ‘ਚੋਂ ਕਦੋਂ ਕੋਈ ਮੈਥੋਂ ‘ਮੇਰੇ
ਲੇਖਣ’ ਬਾਰੇ ਪੁੱਛਣਾ ਸ਼ੁਰੂ ਕਰੇਗਾ। ਮੇਰੇ ਅਵਾਰਡ ਜਾਂ ਮੇਰੇ ਵਿਗਿਆਨੀ ਹੋਣ ਦੇ
ਨਾਤੇ ਸਾਹਿਤਕ ਖੇਤਰ ਵਿਚ ਮੇਰੀ ਪ੍ਰਾਪਤੀਆਂ ਬਾਰੇ ਜ਼ਿਕਰ ਕਰਨਗੇ ਜਾਂ ਮੇਰੀ ਘਾਲਣਾ
ਬਾਰੇ ਪੁੱਛਣਗੇ। ਪਰ ਨਹੀਂ ਉੱਥੇ ਤਾਂ ਉਹ ਇਕ ਦੂਜੇ ਦੇ ਕੱਚੇ ਚਿੱਠੇ ਸੁਣਾ ਰਹੇ ਸਨ
ਜਾਂ ਫੇਰ ਖੁਦ ਆਪਣੀਆਂ ਤਰੀਫ਼ਾਂ ਦੀ ਡੁਗਡੁਗੀ ਵਜਾਈ ਜਾ ਰਹੇ ਸਨ।
ਪਾਰਟੀ ਵਿਚ ਦੋ ਤਿੰਨ ਅਜਿਹੇ ਲੇਖਕ ਵੀ ਆ ਗਏ ਸਨ ਜਿਨ੍ਹਾਂ ਨਾਲ ਕਦੇ ਕਦਾਈਂ
ਦੁਆ-ਸਲਾਮ ਤੋਂ ਵੱਧ ਕਦੇ ਕੋਈ ਗੱਲ ਨਹੀਂ ਹੋਈ ਸੀ ਤੇ ਜਿਨ੍ਹਾਂ ਨਾਲ ਦੁਆ ਸਲਾਮ
ਕਰਨਾ ਵੀ ਸ਼ਾਇਦ ਮੈਂ ਆਪਣੀ ਤੌਹੀਨ ਸਮਝਦਾ ਹਾਂ।
ਜ਼ਿਆਦਾ ਅਫਸੋਸ ਏਸ ਗੱਲ ਦਾ ਸੀ ਕਿ ਉਨ੍ਹਾਂ ਨੂੰ ਉਹੀ ਲੇਖਕ ਨਾਲ ਲੈ ਕੇ ਆਏ ਸਨ
ਜਿਹੜੇ ਉਨ੍ਹਾਂ ਦੀ ਰੱਜ ਕੇ ਮੁਖ਼ਾਲਫਤ ਕਰਦੇ ਸਨ ਅਤੇ ਜਿਨ੍ਹਾਂ ਮੈਨੂੰ ਖੁੱਲੇ ਲਫਜ਼ਾਂ
ਵਿਚ ਚਿਤਾਵਨੀ ਵੀ ਦਿੱਤੀ ਸੀ –“ਜੇ ਉਹਨਾ ਨੂੰ ਬੁਲਾਉਣਾ ਏ, ਤਾਂ ਅਸੀਂ ਤੇਰੀ ਪਾਰਟੀ
ਵਿਚ ਨਹੀਂ ਜੇ ਆਉਣਾ।”
“ਉਹਨਾ ਨਾਲ ਤਾਂ ਮੇਰੀ ਰਸਮੀ ਬੋਲਚਾਲ ਦੀ ਵੀ ਸਾਂਝ ਨੀ” ਮੈਂ ਸਪਸ਼ਟ ਕੀਤਾ ਸੀ। ਪਰ
ਹੁਣ ਉਹ ਖੁਦ ਹੀ ਉਹਨਾਂ ਲੇਖਕਾਂ ਨੂੰ ਨਾਲ ਲੈ ਕੇ ਆਏ ਸਨ। ਪਾਰਟੀ ਵਿਚ ਸਭ ਤੋਂ
ਜ਼ਿਆਦਾ ਅਸਭਿਅਕ ਗੱਲਾਂ ਵੀ ਇਹ ਬਗੈਰ ਬੁਲਾਏ ਆਏ ਲੇਖਕ ਹੀ ਕਰ ਰਹੇ ਸਨ।
ਮੇਜਾਂ ਉੱਤੇ ਖਾਧੇ, ਬਗੈ਼ਰ ਖਾਧੇ ਮੀਟ, ਚਿਕਨ ਅਤੇ ਮੱਛੀ ਦੇ ਵੱਖ-ਵੱਖ ਤਰ੍ਹਾਂ ਦੇ
ਪਕਵਾਨਾਂ ਦੀਆਂ ਪਲੇਟਾਂ ਪਈਆਂ ਸਨ ਤੇ ਇੰਜ ਜਾਪ ਰਿਹਾ ਸੀ ਜਿਵੇਂ ਸਾਰੇ ਰੱਜ-ਪੁੱਜ
ਗਏ ਹੋਣ। ਕਈ ਤਾਂ ਪੂਰੇ ਟੱਲੀ ਹੋ ਗਏ ਜਾਪਦੇ ਸਨ। ਫੇਰ ਵੀ ਸਿਸ਼ਟਾਚਾਰ ਦੇ ਨਾਤੇ ਮੈਂ
ਪੁੱਛ ਲਿਆ ਸੀ-“ਬਈ ਹੋਰ ਤਾਂ ਨੀ ਕੁੱਝ ਮੰਗਵਾਉਣਾ?”
ਦਰਅਸਲ ਪਾਰਟੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੈਂ ਸਾਰਿਆਂ ਨੂੰ ਬੇਨਤੀ ਕਰ ਦਿੱਤੀ ਸੀ
ਕਿ ਮੈਂ ਸਾਢੇ ਨੌਂ ਵਜੇ ਇਕ ਪਰਵਾਰਿਕ ਫੰਕਸ਼ਨ ਤੇ ਜਾਣਾ ਹੈ ਤੇ ਮੈਂ ਚਾਹੁੰਦਾ ਸੀ ਕਿ
ਅਸੀਂ ਸਾਰੇ ਸਮੇਂ ਸਿਰ ਵਿਹਲੇ ਹੋ ਜਾਈਏ।
“ਨਹੀਂ ਯਾਰ ਹੋਰ ਲੋੜ ਨੀ.. ਆਪਾਂ ਤਾਂ ਪਹਿਲਾਂ ਈ ਵਾਧੂ ਖਾ ਪੀ ਗਏ ਆਂ” ਲਗਭਗ
ਸਾਰਿਆਂ ਲੇਖਕਾਂ ਦੇ ਹੀ ਕੁੱਝ ਇਸ ਤਰ੍ਹਾਂ ਦੇ ਵਿਚਾਰ ਸਨ। ਪਰ ਇਕ ਮਸ਼ਹੂਰ ਲੇਖਕ
ਤੁਰਤ ਬੋਲ ਪਿਆ-“ਨਹੀਂ, ਹਾਲੇ ਮੈਂ ਤਾਂ ਹੋਰ ਪੀਣੀ ਏ” ਤੇ ਉਸ ਖੁਦ ਹੀ ਵੇਟਰ ਨੂੰ
ਆਰਡਰ ਦੇ ਦਿੱਤਾ ਸੀ-“ਜਾਹ ਇਕ ਬੋਤਲ ਸਿਗਨੇਚਰ ਦੀ ਲੈ ਆ।”
ਬੋਤਲ ਆਈ ਤਾਂ ਉਸ ਮਸਾਂ ਅੱਧਾ ਕੁ ਪੈੱਗ ਪੀਤਾ ਤੇ ਬੋਤਲ ਮੇਜ ਤੇ ਆਪਣੇ ਕੋਲ ਸਰਕਾ
ਲਈ। ਉਸਨੂੰ ਇੰਜ ਕਰਦਿਆਂ ਵੇਖ ਮੈਂ ਵੀ ਵੇਟਰ ਨੂੰ ਬੁਲਾਏ ਬਿਨਾ ਨਾ ਰਹਿ
ਸਕਿਆ-“ਵੇਟਰ, ਆਹ ਬੋਤਲ ਬਾਹਰ ਮੇਰੀ ਕਾਰ ‘ਚ ਰੱਖ ਦੇ”।
“ਤੂੰ ਕੀ ਕਰਨੀ ਆ, ਤੂ ਤਾਂ ਪੀਂਦਾ ਨੀ” ਬੋਤਲ ਮੰਗਵਾਉਣ ਵਾਲਾ ਲੇਖਕ ਤਿਲਮਿਲਾ
ਉੱਠਿਆ ਸੀ।
“ਮੈਂ ਨੀ ਪੀਂਦਾ ਤਾਂ ਕੀ ਹੋਇਆ, ਮੇਰੇ ਘਰ ਕੋਈ ਪੀਣ ਵਾਲਾ ਵੀ ਤਾਂ ਆ ਸਕਦਾ” ਮੈਨੂੰ
ਵੀ ਢੀਠਾਂ ਵਾਂਗ ਕਹਿਣਾ ਪਿਆ ਸੀ।
...ਮਹਿੰਗਾ ਏ.ਸੀ. ਹੋਟਲ ਤੇ ਹਰ ਇਕ ਚੀਜ ਦੇ ਚੌਗਣੇ ਰੇਟ। ਖ਼ੈਰ!ਦਸ ਹਜ਼ਾਰ ਦੇ ਕਰੀਬ
ਬਿਲ ਦੇ ਕੇ ਜਦੋਂ ਬਾਹਰ ਆਏ ਤਾਂ ਮੈਂ ‘ਸ਼ੁਕਰੀਆ’ ਜਾਂ ‘ਰੱਬ ਤੈਨੂੰ ਹੋਰ ਮਾਨ-ਸਨਮਾਨ
ਦੁਆਵੇ’ ਵਰਗੇ ਰਸਮੀ ਸ਼ਬਦਾਂ ਦੀ ਉਮੀਦ ਕਰ ਰਿਹਾ ਸਾਂ ਪਰ ਲੇਖਕ ਵੀਰ ਤਾਂ ਘੋੜਿਆਂ ਦੀ
ਬਜਾਏ ਜਿਵੇਂ ਜਹਾਜ ਤੇ ਸਵਾਰ ਹੋ ਕੇ ਔਹ ਜਾਹ, ਔਹ ਜਾਹ..ਅੱਖਾਂ ਤੋਂ ਓਝਲ ਹੋ ਰਹੇ
ਸਨ।
‘ਏਹ ਕੀ ਹੋ ਰਿਹੈ? ਪਾਰਟੀ ਤੋਂ ਬਾਅਦ ਇੰਜ ਵੀ ਚਲੇ ਜਾਈਦੈ?’ ਮੈਂ ਹਾਲੇ ਕੁਝ ਸੋਚ
ਵੀ ਨਹੀਂ ਸਕਿਆ ਸੀ ਕਿ ਇਕਦਮ ਜਿਵੇਂ ਬੰਬ ਫਟਿਆ ਹੋਵੇ-“ਓ ਰੋਟੀ ਤਾਂ ਖੁਆ ਸਾਨੂੰ।”
ਤਿੰਨ ਲੇਖਕ ਮੈਨੂੰ ਘੇਰੀ ਖਲੋਤੇ ਸਨ। ਉਹਨਾਂ ‘ਚੋਂ ਬਿਨਾ ਬੁਲਾਏ ਆਇਆ ਲੇਖਕ ਕੁਝ
ਜ਼ਿਆਦਾ ਈ ਫੁਦਕ ਰਿਹਾ ਸੀ-“ਹੁਣ ਰਾਤ ਨੂੰ ਅਸੀਂ ਭੁੱਖੇ ਤਾਂ ਨੀ ਸੌਣਾ।”
“ਆਰਡਰ ਤਾਂ ਤੁਸੀਂਓ ਦੇ ਰਹੇ ਸੀ, ਜੋ ਚਾਹੰਦੇ ਮੰਗਾ ਸਕਦੇ ਸੀ” ਮੇਰੀ ਅਵਾਜ਼ ਵੀ ਰਤਾ
ਤਲਖ਼ ਹੋ ਗਈ ਸੀ-“ਮੈਂ ਤਾਂ ਸਾਢੇ ਨੌਂ ਵਜੇ ਫੰਕਸ਼ਨ ਤੇ ਜ਼ਰੂਰ ਪਹੁੰਚਣੈ।”
“..ਤੇ ਫੇਰ ਸਾਨੂੰ ਰੋਟੀ ਜੋਗੇ ਪੈਸੇ ਦੇ ਜਾ” ਉਹਨਾਂ ਢੀਠਾਂ ਵਾਂਗ ਆਖਿਆ। “ਕਿੰਨੇ
ਦਵਾਂ?” ਮੈਂ ਪੁੱਛਿਆ ਤਾਂ ਬਗੈਰ ਸੱਦਿਆ ਲੇਖਕ ਬੋਲਿਆ-“ਅਸੀਂ ਤਿੰਨ ਆਂ, ਤਿੰਨ ਸੌ
ਦੇ ਦੇ।”
ਮੈਂ ਬਟੂਆ ਖੋਲ੍ਹ ਕੇ ਸੌ-ਸੌ ਦੇ ਤਿੰਨ ਨੋਟ ਕੱਢ ਕੇ ਉਨ੍ਹਾਂ ਵੱਲ ਵਧਾਏ ਤਾਂ
ਉਨ੍ਹਾਂ ‘ਚੋਂ ਇਕ ਨੇ ਇੰਜ ਝੱਪਟਾ ਮਾਰਿਆ ਜਿਵੇਂ ਕੋਈ ਭੁੱਖਾ ਸ਼ਰਨਾਰਥੀ ਰੋਟੀ ਤੇ
ਟੁੱਟ ਪੈਂਦਾ ਹੈ।
...ਤੇ ਲਓ ਜੀ ਪਾਰਟੀ ਦਾ ਭੋਗ ਪੈ ਗਿਆ। ਮੇਰਾ ਮਨ ਬਾਰ ਬਾਰ ਮੁਹਮੰਦ ਤੁਗਲਕ ਦੀ
ਫੋਟੋ ਵੇਖਣ ਨੂੰ ਕਰ ਰਿਹਾ ਸੀ ਤਾਂ ਕਿ ਵੇਖ ਸਕਾਂ ਕਿ ਮੇਰੀ ਸ਼ਕਲ ਉਸ ਨਾਲ ਕਿੰਨੀ ਕੁ
ਮਿਲਦੀ ਹੈ।
ਬਾਰ ਬਾਰ ਮੇਰੇ ਮਨ ਵਿਚ ਆ ਰਿਹਾ ਸੀ ਕਿ ਏਸ ਨਾਲੋਂ ਤਾਂ ਚੰਗਾ ਹੁੰਦਾ ਇਹ ਪੈਸੇ
ਕਿਸੇ ਲੋੜਵੰਦ ਵਿਦਿਆਰਥੀਆਂ ਤੇ ਖਰਚ ਦੇਂਦਾ। ਸ਼ਾਇਦ ਲੇਖਕਾਂ ਨੂੰ ਇਹ ਨਹੀਂ ਪਤਾ ਸੀ
ਕਿ ਅਵਾਰਡ ਦਾ ਇਕ ਲੱਖ ਰੁਪਈਆ ਤਾਂ ਮੈਂ ਅਵਾਰਡ ਮਿਲਣ ਤੋਂ ਦੋ ਦਿਨ ਪਹਿਲਾਂ ਹੀ
ਆਪਣੀ ਪਤਨੀ ਦੀ ਯਾਦ ਵਿਚ ਚੈਰੀਟੇਬਲ ਸੰਸਥਾਵਾਂ ਨੂੰ ਦਾਨ ਦੇ ਆਇਆ ਸੀ।
ਪਰ ਕਿਸੇ ਦਾ ਕੀ ਕਸੂਰ। ਜੱਟਾਂ ਆਲੀਆਂ ਮੇਰੀਆਂ ਆਦਤਾਂ ਤੋਂ ਮੈਨੂੰ ਬਚਾਵੇ ਕੌਣ!
*****
*230-ਸੀ,ਭਾਈ ਰਣਧੀਰ ਸਿੰਘ ਨਗਰ,
ਲੁਧਿਆਣਾ-141 012
ਮੋਬਾਇਲ 98153-59222
(24 ਮਈ 2007)