ਪੰਜਾਬ ਰਤਨ' ਦੀ ਉਪਾਧੀ ਨਾਲ
ਸਨਮਾਨਿਤ, ਨੌਂ ਕੌਮੀ ਅਤੇ 15 ਵੱਖ ਵੱਖ ਸੂਬਿਆਂ ਤੋਂ ਐਵਾਰਡ ਲੈ ਚੁੱਕੇ ਡਾ: ਫ਼ਕੀਰ
ਚੰਦ ਸ਼ੁਕਲਾ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ। ਫਿਰ ਵੀ ਇਹ ਦੱਸਦਿਆਂ ਪਰਸੰਨਤਾ
ਹੋ ਰਹੀ ਹੈ ਕਿ ਡਾ: ਸ਼ੁਕਲਾ ਹੁਰੀਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ 'ਫੂਡ
ਟੈਕਨੌਲਜੀ' ਵਿਭਾਗ ਦੇ ਰੀਟਾਇਰਡ ਪਰੋਫੈਸਰ/ਲੇਖਕ ਹਨ। ਆਪ ਹੁਣ ਤੱਕ 30 ਪੁਸਤਕਾਂ
ਲਿੱਖ ਚੁੱਕੇ ਹਨ। ਉਹਨਾਂ ਦੀਆਂ ਪੁਸਤਕਾਂ: ਖ਼ੁਰਾਕ ਅਤੇ ਸੇਹਤ, ਸਸਤਾ ਭੋਜਨ ਵਧੀਆ
ਭੋਜਨ ਨੂੰ ਕੌਮੀ ਐਵਾਰਡ ਮਿਲ ਚੁੱਕੇ ਹਨ। 'ਬਚਿਆਂ ਲਈ ਲਿਖੀ ਪੁਸਤਕ 'ਸੱਚੀ ਖੁਸ਼ੀ'
ਨੂੰ ਵੀ ਸਨਮਾਨਿਤ ਕੀਤਾ ਗਿਆ। ਆਪ ਦੇ ਹਿੰਦੀ ਕਹਾਣੀ ਸੰਗ੍ਰੀਹ 'ਵਿਸ਼ਪਾਨ' ਨੂੰ
ਸਾਹਿਤਕ ਜਗਤ ਵਲੋਂ ਹੁੰਘਾਰਾ ਮਿਲਿਆ ਅਤੇ ਆਪ ਦੀਆਂ ਬਹੁਤ ਸਾਰੀਆਂ ਕਹਾਣੀਆਂ ਨੂੰ
ਕਨ੍ਹੜ, ਸਿੰਧੀ, ਗੁਜ਼ਰਾਤੀ, ਮਲਿਆਲਮ, ਮਰਾਠੀ, ਤਾਮਿਲ, ਤੈਲਗੂ ਆਦਿ ਬੋਲੀਆਂ ਵਿੱਚ
ਉਲਥਾਇਆ ਗਿਆ। ਸ਼ੁਕਲਾ ਜੀ ਨੂੰ ਸਿ਼ਰੋਮਣੀ ਪੰਜਾਬੀ ਲੇਖਕ ਵਜੋਂ ਵੀ ਸਨਮਾਨਿਤ ਕੀਤਾ
ਗਿਆ।
ਆਪ ਦੀ ਇੱਕ ਹੋਰ ਕਹਾਣੀ 'ਲਿਖਾਰੀ' ਦੇ ਪਾਠਕਾਂ ਗੋਚਰੇ ਕਰਦਿਆਂ ਪਰਸੰਨਤਾ ਦਾ
ਅਨੁਭੱਵ ਕਰ ਰਹੇ ਹਾਂ।--ਲਿਖਾਰੀ
****
ਕਹਾਣੀ
ਆਪਣਾ ਖੂਨ
ਡਾ.ਫ਼ਕੀਰ ਚੰਦ ਸ਼ੁਕਲਾ
ਜੇ ਪਿੰਡੋ
ਚਾਚੇ ਦੀ ਤਾਰ ਨਾ ਆਈ ਹੁੰਦੀ ਤਾਂ ਸ਼ਾਇਦ ਇਸ ਵੇਲੇ ਸੋਹਨ ਕਦੇ ਵੀ ਸਫ਼ਰ ਲਈ ਤਿਆਰ ਨਾ
ਹੁੰਦਾ। ਦਫ਼ਤਰੋਂ ਸਾਢੇ ਪੰਜ ਵਜੇ ਦੇ ਕਰੀਬ ਜਦੋਂ ਘਰ ਪਹੁੰਚਿਆ ਸੀ ਤਾਂ ਮਕਾਨ ਮਾਲਕ
ਨੇ ਤਾਰ ਉਸਨੂੰ ਫੜਾ ਦਿੱਤੀ ਸੀ। ਤਾਰ ਪੜ੍ਹਦਿਆਂ ਇਕ ਵਾਰੀ ਤਾਂ ਉਹ ਜਿਵੇਂ ਕੰਬ
ਉੱਠਿਆ ਸੀ।“ਫੌਰਨ ਚਲੇ ਆ।ਪਾਰਵਤੀ ਦੀ ਹਾਲਤ ਨਾਜ਼ੁਕ ਹੈ।” ਹੇਠਾਂ ਚਾਚੇ ਦਾ ਨਾਂ
ਗੋਪਾਲ ਦਾਸ ਲਿਖਿਆ ਹੋਇਆ ਸੀ। ਤਾਰ ਵੀ ਕੁਰਾਲੀ ਤੋਂ ਦਿੱਤੀ ਗਈ ਸੀ-ਪਿੰਡੋਂ ਛੇ-ਸੱਤ
ਮੀਲ ਦੇ ਫਾਸਲੇ ਤੇ ਕਸਬਾ ਹੈ। ਉੱਥੇ ਹੀ ਡਾਕ - ਤਾਰ ਘਰ ਹੈ। ਸੱਚ ਮੁੱਚ ਹੀ ਮਾਂ ਦੀ
ਹਾਲਤ ਐਨੀ ਖਰਾਬ ਹੋਵੇਗੀ ਤਾਹੀਂਓ ਤਾਂ ਐਨੀ ਦੂਰ ਜਾਕੇ ਚਾਚੇ ਨੇ ਤਾਰ ਦਿੱਤੀ ਹੈ,
ਉਸ ਮਨ ਹੀ ਮਨ ਸੋਚਿਆ।
ਉਸੇ ਵੇਲੇ ਤੁਰ
ਪੈਣ ਤੋਂ ਸਿਵਾ ਹੋਰ ਕੋਈ ਚਾਰਾ ਵੀ ਤਾਂ ਨਹੀਂ ਸੀ।ਪਤਾ ਨਹੀਂ ਆਖਰੀ ਵੇਲੇ ਮਾਂ ਨੂੰ
ਵੇਖ ਵੀ ਸਕੇਗਾ ਕਿ ਨਹੀਂ।ਉਸ ਦੀਆਂ ਅੱਖਾਂ ਭਰ ਆਈਆਂ ਸਨ।
ਉਹ ਆਪਣੇ ਕਮਰੇ
ਵਿਚ ਚਲਾ ਆਇਆ ਸੀ।ਇਕ ਕਾਗਜ਼ ਤੇ ਕੁਝ ਦਿਨਾਂ ਦੀ ਛੁੱਟੀ ਲਿਖ ਕੇ ਘਰੋਂ ਆਈ ਤਾਰ ਵੀ
ਨਾਲ ਨੱਥੀ ਕਰ ਦਿੱਤੀ ਸੀ।
ਛੇਤੀ ਛੇਤੀ ਦੋ ਚਾਰ ਕਪੜੇ ਬੈਗ ਵਿੱਚ ਪਾ ਕੇ ਉਹ ਲਗਭਗ ਤਿਆਰ ਹੋ ਗਿਆ ਸੀ।
ਮਾਲਕ ਮਕਾਨ
ਨੇਕ ਦਿਲ ਹੈ।ਸ਼ਾਇਦ ਇਸੇ ਲਈ ਉਸ ਕੋਲੋਂ ‘ਕੁਝ’ ਮੰਗਦਿਆਂ ਉਸ ਨੂੰ ਓਨੀ ਝਿਜਕ ਨਹੀਂ
ਹੋਈ ਸੀ।ਆਪਣੀ ਅਰਜ਼ੀ ਉਸ ਨੇ ਉਨ੍ਹਾਂ ਨੂੰ ਦੇ ਦਿੱਤੀ ਸੀ। ਸਵੇਰੇ ਦਫ਼ਤਰ ਜਾਣ ਤੋਂ
ਪਹਿਲਾਂ ਉਸ ਦਾ ਦੋਸਤ ਉਸ ਨੂੰ ਬੁਲਾਉਣ ਲਈ ਆਇਆ ਕਰਦਾ ਹੈ, ਉਸ ਨੂੰ ਦੇ ਦੇਣਗੇ।
ਹਾਲਾਂਕਿ
ਜਿੰਨੀ ਉਮੀਦ ਨਾਲ ਉਸ ਨੇ ਮਾਲਕ ਮਕਾਨ ਤੋਂ ਮੰਗੇ ਸਨ ਉਸ ਤੋਂ ਕਿਤੇ ਘੱਟ ਮਾਲਕ ਮਕਾਨ
ਨੇ ਉਸ ਨੂੰ ਦਿੱਤੇ ਸਨ ਪਰ ਫੇਰ ਵੀ ਉਹ ਰੁਪਏ ਉਸ ਦਾ ਕਾਫੀ ਕੰਮ ਸਾਰ ਸਕਦੇ ਸਨ।
ਬਸ ਅੱਡੇ ਤੱਕ
ਪਹੁੰਚਦਿਆਂ-ਪਹੁੰਚਦਿਆਂ ਸਾਢੇ ਛੇ ਤੋਂ ਉਪਰ ਹੋ ਚੁੱਕੇ ਸਨ।ਜ਼ਰਾ ਹੋਰ ਲੇਟ ਹੋ ਜਾਂਦਾ
ਤਾਂ ਸ਼ਾਇਦ ਆਖਰੀ ਬਸ ਵੀ ਨਿਕਲ ਜਾਂਦੀ।
ਬੇਸ਼ਕ ਗਰਮੀ ਦਾ ਮੌਸਮ ਸੀ, ਦਿਨ ਕਾਫੀ ਬੜੇ ਸਨ, ਪਰ ਫੇਰ ਵੀ ਜਦੋਂ ਉਹ ਕੁਰਾਲੀ ਦੇ
ਬਸ ਅੱਡੇ ਤੇ ਉਤਰਿਆ ਤਾਂ ਕਾਫੀ ਹਨੇਰਾ ਹੋ ਗਿਆ ਸੀ।ਅੱਡੇ ਦੇ ਨੇੜੇ ਤੇੜੇ ਦੀਆਂ ਦੋ
ਚਾਰ ਦੁਕਾਨਾਂ ਨੂੰ ਛੱਡ ਕੇ ਬਾਕੀ ਸਾਰੀਆਂ ਬੰਦ ਹੋ ਚੁੱਕੀਆਂ ਸਨ। ਜਿਹੜੀਆਂ
ਖੁੱਲ੍ਹੀਆਂ ਸਨ ਉਨ੍ਹਾਂ ‘ਚ ਵੀ ਟਾਵਾਂ-ਟਾਵਾਂ ਗਾਹਕ ਹੀ ਨਜ਼ਰ ਆ ਰਿਹਾ ਸੀ।
ਉਂਜ ਵੀ ਐਥੈ
ਕੋਈ ਜ਼ਿਆਦਾ ਰਸ਼ ਨਹੀਂ ਰਹਿੰਦਾ। ਕਿਹੜਾ ਅੰਬਾਲੇ ਵਰਗਾ ਵੱਡਾ ਅੱਡਾ ਹੈ। ਬਸ, ਥੋੜੀ
ਜਿਹੀ ਖੁੱਲ੍ਹੀ ਥ੍ਹਾਂ ਹੈ ਜਿੱਥੇ ਬਸ ਆ ਕੇ ਰੁਕਦੀ ਹੈ।
ਉਹ ਇਕ ਦੁਕਾਨ
ਵੱਲ ਤੁਰਨ ਲੱਗਾ।ਸ਼ਾਇਦ ਕੁਝ ਖਾਣ ਲਈ ਮਿਲ ਜਾਵੇ। ਬੜੀ ਜੋਰ ਦੀ ਭੁੱਖ ਲੱਗੀ ਹੋਈ ਸੀ।
ਦਫ਼ਤਰੋਂ ਆਉਣ ਮਗਰੋਂ ਉਹ ਅਕਸਰ ਚਾਹ ਨਾਲ ਦੋ ਚਾਰ ਬਿਸਕੁਟ ਜਾਂ ਡਬਲਰੋਟੀ ਦੇ ਇਕ ਦੋ
ਪੀਸ ਖਾ ਲਿਆ ਕਰਦਾ ਸੀ।ਪਰ ਅੱਜ ਤਾਂ ਉਹ ਵੀ...। ਤੇ ਜੇ ਇੱਥੇ ਵੀ ਕੁਝ ਨਾ ਮਿਲਿਆ
ਤਾਂ ਅੱਗੇ ਦਾ ਪੈਂਡਾ ਤਹਿ ਕਰਨਾ ਮੁਸ਼ਕਿਲ ਹੋ ਹਾਵੇਗਾ। ਪੰਜ ਛੇ ਮੀਲ ਪੈਦਲ ਤੁਰਨਾ
ਪੈਂਦਾ ਹੈ।
ਦੁਕਾਨਦਾਰ ਨੇ
ਉਸ ਲਈ ਚਾਹ ਦਾ ਪਾਣੀ ਭੱਠੀ ਤੇ ਰੱਖ ਦਿੱਤਾ। ਖਾਣ ਲਈ ਸਵੇਰ ਦੇ ਕੱਢੇ ਪਕੌੜੇ ਸਨ,
ਉਹਨਾਂ ਨੂੰ ਗਰਮ ਕਰ ਦੇਵੇਗਾ। ਕੁਝ ਹੋਰ ਤਾਂ ਏਸ ਵੇਲੇ ਮਿਲਣ ਤੋਂ ਰਿਹਾ। ਚਲੋ ਖਾਲੀ
ਪੇਟ ਦੀ ਬਜਾਏ ਕੁਝ ਤਾਂ ਆਸਰਾ ਹੋਵੇਗਾ।
ਬੇਮਨਾ ਉਹ
ਪਕੌੜੇ ਖਾਣ ਲੱਗਾ। ਪਰ ਮਨ ਉਸਦਾ ਹਾਲੇ ਵੀ ਪਿੰਡ ਵਿਚ ਹੀ ਭਟਕ ਰਿਹਾ ਸੀ। ਪਤਾ ਨਹੀਂ
ਮਾਂ ਹੁਣ ਜਿਉਂਦੀ ਵੀ ਹੋਵੇਗੀ! ਹੋ ਸਕਦੈ ਚਾਚੇ ਨੇ ਐਂਵੇ ਤਾਰ ਦਿੱਤੀ ਹੋਵੇ। ਉਸ ਮਨ
ਹੀ ਮਨ ਸੋਚਿਆ। ਉਹ ਕਿਹੜਾ ਕਿਸੇ ਨਾਲੋਂ ਘੱਟ ਏ-ਪੂਰਾ ਨੌਸਰਬਾਜ ਏੇ। ਅੱਵਲ ਦਰਜ਼ੇ ਦਾ
ਚਾਰ ਸੌ ਵੀਹ। ਉਸਨੂੰ ਆਪਣੇ ਆਪ ਤੇ ਰਤਾ ਗੁੱਸਾ ਵੀ ਆਇਆ। ਪਤਾ ਨਹੀਂ ਕਿਉਂ ਚਾਚੇ
ਬਾਰੇ ਇੰਜ ਊਟ-ਪਟਾਂਗ ਉਸ ਦੇ ਦਿਮਾਗ ਵਿਚ ਆਉਣ ਲੱਗਿਆ ਸੀ।
ਉਸ ਨੇ ਫਟਾਫਟ
ਚਾਹ ਦੇ ਘੁੱਟ ਪਕੌੜਿਆਂ ਨਾਲ ਭਰੇ ਅਤੇ ਫੇਰ ਪੈਦਲ ਤੁਰਨ ਲੱਗਾ।ਚਾਨਣੀ ਰਾਤ ਸੀ ਇਸ
ਲਈ ਰਾਹ ਸਾਫ ਵਿਖਾਈ ਦੇ ਰਿਹਾ ਸੀ।
ਪਿੱਛੋਂ ਸਾਈਕਲ
ਦੀ ਅਵਾਜ਼ ਆਉਂਦੀ ਤਾਂ ਉਹ ਥੋੜਾ ਹੌਲੀ ਹੋ ਜਾਂਦਾ। ਕੋਲੋਂ ਦੀ ਲੰਘ ਰਹੇ ਸਾਈਕਲ ਵਾਲੇ
ਨੂੰ ਗਹੁ ਨਾਲ ਵੇਖਦਾ। ਸ਼ਾਇਦ ਕੋਈ ਪਿੰਡ ਦਾ ਬੰਦਾ ਨਿਕਲ ਆਵੇ।
ਇਕ ਦੋ ਦੀਆਂ
ਉਸ ਨੇ ਮਿੰਨਤਾਂ ਵੀ ਕੀਤੀਆਂ-“ਭਰਾਵਾ ਕੋਠੀ ਤਕ ਲੈ ਚੱਲ। ਛੇਤੀ ਪਿੰਡ ਪਹੁੰਚਣਾ ਏ।
ਮਾਂ ਬਿਮਾਰ ਏ”।
“ਮੈਨੂੰ ਤਾਂ ਕੋਈ ਇਤਰਾਜ਼ ਨੀ, ਪਰ ਸਾਈਕਲ ‘ਚ ਫੂੁਕ ਘੱਟ ਏ” ਸਾਈਕਲ ਦੀ ਰਫ਼ਤਾਰ ਨਾਲ
ਆਪਣਾ ਜੁਆਬ ਸੁੱਟ ਕੇ ਸਾਈਕਲ ਵਾਲਾ ਅੱਗੇ ਲੰਘ ਜਾਂਦਾ।
ਹੁਣ ਕਿਸੇ ਹੋਰ
ਨੂੰ ਪੁੱਛਣ ਦਾ ਉਸ ਇਰਾਦਾ ਹੀ ਛੱਡ ਦਿੱਤਾ। ਆਪਣੇ ਵੱਲੋਂ ਜਿੰਨਾ ਤੇਜ ਤੁਰ ਸਕਦਾ
ਸੀ,ਤੁਰਨ ਲੱਗਾ।
ਕੁੱਝ ਵਰ੍ਹੇ ਪਹਿਲਾਂ ਮਾਂ ਚੰਗੀ ਭਲੀ ਸੀ। ਕਈ ਵਾਰੀ ਉਹ ਮਾਂ ਨੂੰ ਆਪਣੇ ਨਾਲ ਲੈ
ਆਇਆ ਸੀ। ਪਰ ਮਾਂ ਦਾ ਉੱਥੇ ਦਿਲ ਨਾ ਲੱਗਦਾ। ਕਿੱਥੇ ਪਿੰਡ ਦਾ ਖੁੱਲ੍ਹਾ ਵਾਤਾਵਰਣ
ਅਤੇ ਕਿੱਥੇ ਸ਼ਹਿਰ ਦੀਆਂ ਭੀੜੀਆਂ ਗਲੀਆਂ ਵਾਲੀ ਬਸਤੀ। ਅਤੇ ਇਸ ਤੋਂ ਇਲਾਵਾ ਮਾਂ ਨੂੰ
ਆਪਣੀ ਜ਼ਮੀਨ ਦਾ ਜ਼ਿਆਦਾ ਫਿਕਰ ਲੱਗਿਆ ਰਹਿੰਦਾ।
ਜਿੰਨਾ ਉਹ ਮਾਂ
ਨੂੰ ਆਪਣੇ ਕੋਲ ਰਹਿਣ ਲਈ ਜੋਰ ਦਿੰਦਾ ਰਹਿੰਦਾ ਉਸ ਤੋਂ ਜ਼ਿਆਦਾ ਉਹ ਉਸ ਨੂੰ ਪਿੰਡ
ਛੱਡ ਆਉਣ ਲਈ ਆਖਦੀ ਰਹਿੰਦੀ- “ਪੁੱਤ ਤੂੰ ਨੀ ਸਮਝ ਸਕਦਾ। ਜੇ ਮੈਂ ਐਥੇ ਰਹਿਣ ਲੱਗ
ਪਈ ਤਾਂ ਤੇਰਾ ਚਾਚਾ ਸਾਰੀ ਜ਼ਮੀਨ ਹੱੜਪ ਜਾਵੇਗਾ। ਪਿੰਡ ‘ਚ ਰਵ੍ਹਾਂਗੀ ਤਾਂ ਦਾਣਿਆਂ
ਦੀਆਂ ਦੋ ਚਾਰ ਬੋਰੀਆਂ ਵੀ ਆਉਂਦੀਆਂ ਰਹਿਣਗੀਆਂ ਅਤੇ ਜਮੀਨ ਜਾਇਦਾਦ ਵੀ ਅੱਖਾਂ
ਮੂਹਰੇ ਰਵ੍ਹੇਗੀ”।
“ਤੂੰ ਜ਼ਮੀਨ
ਜ਼ਾਇਦਾਦ ਦਾ ਫ਼ਿਕਰ ਛੱਡ ਮਾਂ। ਆਪਾਂ ਕਿਹੜੇ ਮਹਿਲ ਖੜੇ ਕਰਨੇ ਨੇ। ਦੋ ਵੇਲੇ ਦੀ ਰੋਟੀ
ਮਿਲਦੀ ਰਵ੍ਹੇ..”
“ਰਹਿਣ ਦੇ ਵੇ
ਤੂੰ। ਪੁਰਖਿਆਂ ਦੀ ਨਸ਼ਾਨੀ ਹੁੰਦੀ ਦੇ ਜਮੀਨ ਜੈਦਾਦ ਤਾਂ। ਏਹ ਤਾਂ ਮੇਰੇ ਕਰਕੇ ਮਾੜਾ
ਮੋਟਾ ਮਿਲਦਾ ਰਹਿੰਦੈ, ਮੈਂ ਨਾ ਰਹੀ ਤਾਂ ਏਸ ਨੇ ਤਾਂ ਤੈਨੂੰ ਫੁੱਟੀ ਕੌਡੀ ਨੀ
ਦੇਣੀ।”
ਉਹ ਮਾਂ ਨੂੰ
ਸਮਝਾ –ਸਮਝਾ ਕੇ ਅੱਕ ਜਾਂਦਾ ਤੇ ਮਾਂ ਉਸ ਨੂੰ। ਪਰ ਦੋਵੇਂ ਕਦੇ ਸਮਝੌਤੇ ਲਈ ਤਿਆਰ
ਨਾ ਹੁੰਦੇ।
ਕਦੇ ਕਦੇ ਤਾਂ ਉਸ ਨੂੰ ਮਾਂ ਤੇ ਖਿਝ ਵੀ ਆ ਜਾਂਦੀ ਸੀ।ਕਿਹੜੀ ਬਹੁਤੀ ਜ਼ਮੀਨ ਹੈ।ਆਪਣੇ
ਹਿੱਸੇ ਤਾਂ ਵੀਹ-ਪੰਝੀ ਵਿੱਘਿਆਂ ਤੋਂ ਜ਼ਿਆਦਾ ਆਉਣ ਤੋਂ ਰਹੀ। ਕਾਇਦੇ ਕਾਨੂੰਨ ਤਦੇ
ਕੰਮ ਆ ਸਕਦੇ ਹਨ ਜਦੋਂ ਕੋਈ ਸਬੂਤ ਕੋਲ ਹੋਵੇ।
ਜਦੋਂ ਉਸ ਦਾ ਪਿਉ ਮਰਿਆ ਸੀ, ਉਹ ਸਕੂਲ ਵਿਚ ਪੜਦਾ ਸੀ।
ਸੁਣਿਆ ਪਿਓ ਦੀ
ਬਿਮਾਰੀ ਤੇ ਕਾਫੀ ਖਰਚ ਆਇਆ ਸੀ। ਬਿਮਾਰੀ ਦਾ ਖਰਚਾ ਚਲਾਉਣ ਲਈ ਆਪਣੇ ਹਿੱਸੇ ਦੀ
ਅੱਧੀ ਜ਼ਮੀਨ ਉਸਨੂੰ ਕਿਸੇ ਕੋਲ ਗਿਰਵੀ ਰੱਖਣੀ ਪਈ ਸੀ।
ਪਰ ਉੱਥੇ ਵੀ
ਚਾਚੇ ਨੇ ਚਾਲ ਖੇਡੀ ਸੀ। ਗਿਰਵੀ ਦੇ ਕਾਗਜ਼ਾਂ ਵਿਚ ਸਮੇਂ ਦੀ ਮੋਹਲਤ ਲਿਖਵਾ ਦਿੱਤੀ
ਸੀ ਕਿ ਜੇ ਮਿੱਥੇ ਸਮੇਂ ਤੱਕ ਜ਼ਮੀਨ ਨਾ ਛੁਡਵਾਈ ਗਈ ਤਾਂ ਜ਼ਬਤ ਹੋ ਜਾਵੇਗੀ।
ਪਿਉ ਇਕ ਦਿਨ
ਦਮ ਤੋੜ ਗਿਆ । ਜ਼ਮੀਨ ਕੌਣ ਛੁਡਵਾਉਂਦਾ!
ਇਹ ਤਾਂ ਉਸ ਨੂੰ ਕਾਫੀ ਬਾਅਦ ਵਿਚ ਪਤਾ ਲੱਗਾ ਸੀ, ਸ਼ਾਇਦ ਮਾਂ ਕੋਲੋਂ ਜਾਂ ਪਿੰਡ ਦੇ
ਕਿਸੇ ਹੋਰ ਆਦਮੀ ਕੋਲੋਂ ਕਿ ਚਾਚੇ ਨੇ ਗਿਰਵੀ ਵਾਲੇ ਕਾਗਜ਼ ਆਪਣੇ ਨਾਂ ਤੇ ਬਣਵਾਏ ਸਨ।
ਆਪਣੇ ਕੋਲੋਂ ਰੁਪਏ ਦੇ ਕੇ ਕਿਸੇ ਹੋਰ ਆਦਮੀ ਦਾ ਝੂਠੀ ਮੂਠੀ ਨਾਂ ਲੈ ਦਿੱਤਾ ਸੀ ਕਿ
ਫਲਾਣੇ ਕੋਲ ਜ਼ਮੀਨ ਗਹਿਣੇ ਧਰ ਦਿੱਤੀ ਹੈ। ਬਿਮਾਰੀ ਦੀ ਹਾਲਤ ਵਿਚ ਉਸਦਾ ਪਿਉ ਕੀ
ਜਵਾਬ ਤਲਬੀ ਕਰਦਾ। ਫੇਰ ਲੈਣ ਦੇਣ ਕਰਨ ਵਾਲਾ ਕੋਈ ਓਪਰਾ ਬੰਦਾ ਥੋੜਾ ਸੀ, ਸਗਾ ਭਰਾ
ਸੀ।
ਉਸ ਦੇ ਪਿਉ
ਨੂੰ ਤਾਂ ਚਾਚੇ ਤੇ ਏਨਾ ਏਤਬਾਰ ਸੀ ਕਿ ਜ਼ਮੀਨ ਗਿਰਵੀ ਰੱਖਣ ਨਾਲ ਜਿਹੜੇ ਪੈਸੇ ਮਿਲੇ
ਸਨ ਉਹ ਵੀ ਉਸ ਨੂੰ ਹੀ ਫੜਾ ਦਿੱਤੇ ਸਨ-“ਇਨਹਾਂ ਨੂੰ ਆਪਣੇ ਕੋਲ ਈ ਰੱਖ ਲੈ ਗੋਪਾਲ।
ਦਵਾ ਦਾਰੂ ਦੇ ਕੰਮ ਆਉਣਗੇ”।
ਪਰ ਪੈਸੇ ਪਿਉ
ਦੀ ਦਵਾਈ ਦੇ ਨਹੀਂ ਚਾਚੇ ਦੀ ਦਾਰੂ ਦੇ ਕੰਮ ਆਏ ਸਨ।
ਉਂਜ ਚਾਚੇ ਨਾਲ ਕਿਹੜਾ ਲੜਾਈ ਝਗੜਾ ਕਰੇ। ਸਾਰਾ ਪਿੰਡ ਉਸ ਦੇ ਨਾਂ ਤੋਂ ਕੰਬਦਾ ਹੈ।
ਅੱਵਲ ਦਰਜ਼ੇ ਦਾ ਮੁਕਦਮੇਬਾਜ਼ ਹੈ। ਪਤਾ ਨਹੀਂ ਕਦੋਂ ਕਿਸੇ ਤੇ ਝੂਠਾ ਕੇਸ ਬਣਵਾ
ਦੇਵੇ।ਛੜਾ ਮਲੰਗ ਆਦਮੀ ਹੈ। ਬਾਲ-ਬੱਚੇ ਹੁੰਦੇ ਤਾਂ ਆਪਣੀ ਜਿੰਮੇਵਾਰੀ ਸਮਝ੍ਹਦਾ।
ਜ਼ਮੀਨ ਵਟਾਈ ਤੇ ਦਿੱਤੀ ਹੋਈ ਹੈ। ਜਿਹੜੀ ਆਮਦਨ ਹੁੰਦੀ ਹੈ ਉਹ ਮੁਕਦਮੇਬਾਜ਼ੀ ਅਤੇ
ਸ਼ਰਾਬ ਵਿਚ ਉਜਾੜ ਦੇਂਦਾ ਹੈ।
ਪਿਉ ਦੀ ਮੌਤ ਮਗਰੋਂ ਪਿਉ ਦੇ ਹਿੱਸੇ ਦੀ ਜਮੀਨ ਉਸ ਦੀ ਮਾਂ ਦੇ ਨਾਂ ਇੰਤਕਾਲ ਕਰ
ਦਿੱਤੀ ਗਈ ਸੀ। ਮਾਂ ਨੇ ਉਸ ਵੇਲੇ ਵੀ ਬਥੇਰਾ ਜੋਰ ਲਾਇਆ ਸੀ ਕਿ ਜਮੀਨ ਦੀ ਵੰਡ ਹੋ
ਜਾਵੇ। ਪਰ ਚਾਚੇ ਨੇ ਝਿੜਕ ਦਿੱਤਾ ਸੀ- “ਜ਼ਰੂਰ ਕਚਹਰੀਆਂ ‘ਚ ਖੱਜਲ ਖਾਰ ਹੋਣੈ! ਅੱਜ
ਤੱਕ ਜਮੀਨ ਸਾਂਝੀ ਰਹੀ ਏ ਤੇ ਹੁਣ ਵੰਡ ਦੀ ਕੀ ਲੋੜ ਪੈ ਗਈ” ਕੁਝ ਪਲ ਮਗਰੋਂ ਉਸ ਰਤਾ
ਸਮਝਾਉਣ ਦੇ ਲਹਜ਼ੇ ‘ਚ ਕਿਹਾ ਸੀ- “ਮੇਰੇ ਕਿਹੜਾ ਨਿਆਣੇ ਨੇ।ਜੋ ਕੁੱਝ ਵੀ ਏ ਥੋਡੇ
ਕੰਮ ਈ ਔਣੈ।”
ਚਾਚੇ ਦੀਆ
ਚਾਲਾਂ ਤੋਂ ਜਾਣੂ ਹੁੰਦਿਆਂ ਹੋਇਆਂ ਵੀ ਮਾਂ ਹਮੇਸ਼ਾ ਚੁੱਪ ਰਹਿੰਦੀ ਸੀ। ਮਨ ‘ਚ
ਭਾਵੇਂ ਲੱਖ ਕੁੜ੍ਹਦੀ ਰਹਿੰਦੀ ਪਰ ਚਾਚੇ ਦੇ ਮੂਹਰੇ ਕਦੇ ਮੱਥੇ ਤੇ ਤਿਉੜੀਆਂ ਨਾ
ਪਾਉਂਦੀ। ਬੇਬਸ, ਲਚਾਰ।ਹੋਰ ਕਰ ਵੀ ਕੀ ਸਕਦੀ ਸੀ ਉਹ।
ਸਾਰੀ ਜਮੀਨ
ਵਟਾਈ ਤੇ ਦਿੱਤੀ ਹੋਈ ਸੀ। ਚਾਚਾ ਹੀ ਦੇਖਭਾਲ ਕਰਦਾ। ਜਿੰਨਾ ਹਿੱਸਾ ਦੇ ਦੇਂਦਾ, ਲੈ
ਲੈਂਦੀ। ਇਕ ਦੋ ਵਾਰੀ ਖ਼ੁਦ ਵੀ ਮੁਜ਼ਾਰਿਆਂ ਕੋਲ ਗਈ ਸੀ। ਪਰ ਉਹ ਕਿਹੜੇ ਕਿਸੇ ਨਾਲੋਂ
ਘੱਟ ਸਨ। ਮਗਜ਼-ਖਪਾਈ ਕਰ ਕੇ ਮੁੜ ਆਈ ਸੀ। ਕਿਸੇ ਵੀ ਲੜ ਨਹੀਂ ਸੀ ਫੜਾਇਆ।
ਦਸਵੀਂ ਵਿਚ ਉਸ
ਦੀ ਫਸਟ ਡਵੀਜਨ ਆਈ ਸੀ।ਨੌਕਰੀ ਵਾਸਤੇ ਖੂਬ ਨੱਠ-ਭੱਜ ਕੀਤੀ ਸੀ। ਪੈਰਾਂ ਦੀਆਂ ਤਲੀਆਂ
ਘਿਸ ਗਈਆਂ ਸਨ। ਪਿੰਡ ਵਿਚ ਰਹਿਣ ਲਈ ਉਸ ਦਾ ਮਨ ਨਹੀਂ ਮੰਨਦਾ ਸੀ। ਚਾਚੇ ਨੂੰ
ਵੇਖਦਿਆਂ ਸਾਰ ਹੀ ਪਤਾ ਨਹੀਂ ਕਿਉਂ ਉਸਦੇ ਮਨ ਅੰਦਰ ਬਦਲੇ ਦੀ ਅੱਗ ਭੜਕਣ ਲੱਗ ਜਾਂਦੀ
ਸੀ।
ਤੇ ਜੇ ਭਗਵਾਨ
ਦਾਸ ਪਟਵਾਰੀ ਨੇ ਮੱਦਦ ਨਾ ਕੀਤੀ ਹੁੰਦੀ ਤਾਂ ਸ਼ਾਇਦ ਅਨਰਥ ਹੋ ਜਾਂਦਾ। ਸਾਰੇ ਪਿੰਡ
ਵਿਚ ਭਗਵਾਨ ਦਾਸ ਪਟਵਾਰੀ ਹੀ ਇਕ ਅਜਿਹਾ ਵਿਅਕਤੀ ਹੈ ਜਿਸ ਨੂੰ ਹਮੇਸ਼ਾ ਇਨ੍ਹਾਂ ਨਾਲ
ਹਮਦਰਦੀ ਰਹੀ ਹੈ। ਫਸਲ ਦੇ ਲੈਣ ਦੇਣ ਦੇ ਸਬੰਧ ਵਿਚ ਇਕ ਵਾਰੀ ਉਸ ਦੀ (ਸੋਹਨ ਦੀ)
ਚਾਚੇ ਨਾਲ ਤਕਰਾਰ ਹੋ ਗਈ ਸੀ। ਜੇ ਐੇਨ ਮੌਕੇ ਤੇ ਭਗਵਾਨ ਦਾਸ ਨਾ ਆਉਂਦਾ ਤਾਂ ਚਾਚੇ
ਨੇ ਗੰਡਾਸੇ ਨਾਲ ਉਸ ਦਾ ਸਿਰ ਪਾੜ ਦੇਣਾ ਸੀ।
ਭਗਵਾਣ ਦਾਸ ਨੇ ਹੀ ਸਮਝਾ-ਬੁਝਾ ਕੇ ਚਾਚੇ ਨੂੰ ਸ਼ਾਂਤ ਕੀਤਾ ਸੀ ਅਤੇ ਉਸ ਨੇ ਹੀ ਸ਼ਹਿਰ
ਵਿਚ ਕਿਸੇ ਨੂੰ ਕਹਿ ਕੁਹਾ ਕੇ ਸੋਹਨ ਨੂੰ ਨੌਕਰੀ ਤੇ ਲੁਆਇਆ ਸੀ।
ਸ਼ਾਇਦ ਪਿੰਡੋ
ਦੂਰ ਰਹਿਣ ਕਰਕੇ ਉਸ ਦੇ ਅਤੇ ਚਾਚੇ ਦੇ ਦਰਮਿਆਨ ਆਈ ਕੁੜੱਤਣ ਘਟ ਗਈ ਸੀ। ਇਕ ਦੋ
ਵਾਰੀ (ਮਾਂ ਦੇ ਬਹੁਤ ਜੋਰ ਪਾਉਣ ਤੇ) ਉਹ ਚਾਚੇ ਵਾਸਤੇ ਸਾਫੇ ਅਤੇ ਕਮੀਜ-ਪਜਾਮੇ ਦਾ
ਕਪੜਾ ਵੀ ਲੈ ਆਇਆ ਸੀ।
ਮਾਂ ਉਸ ਕੋਲ
ਘੱਟ ਹੀ ਰਹਿੰਦੀ ਸੀ। ਪਰ ਫੇਰ ਵੀ ਉਹ ਜੋਰ ਪਾਕੇ ਉਸ ਨੂੰ ਆਪਣੇ ਨਾਲ ਲੈ ਆਇਆ ਕਰਦਾ
ਸੀ, ਭਾਵੇ ਥੋੜੇ ਦਿਨਾਂ ਲਈ ਹੀ। ਕੀ ਪਤਾ ਹਾਲੇ ਮਾਂ ਕਿੰਨਾ ਚਿਰ ਰਾਜੀ ਖ਼ੁਸ਼ੀ
ਰਹਿੰਦੀ ਜੇ ਉਸ ਨੂੰ ਸਦਮਾ ਨਾ ਲੱਗਦਾ। ਹਾਂ, ਡਾਕਟਰਾਂ ਦੀ ਇਕੋ ਰਾਇ ਸੀ-ਕੋਈ ਗਹਿਰਾ
ਸਦਮਾ ਲੱਗਾ ਏ।ਆਪਣੇ ਆਪ ਤੇ ਕੰਟਰੋਲ ਰੱਖਣਾ ਹੀ ਇਸ ਦਾ ਇੱਕੋ ਇੱਕ ਇਲਾਜ ਹੈ।
ਉਨੀਂ ਦਿਨੀਂ
ਮਾਂ ਉਸ ਕੋਲ ਆਈ ਹੋਈ ਸੀ ਜਦੋਂ ਚਾਚੇ ਦੀ ਚਿੱਠੀ ਆਈ ਸੀ। ਲਿਖਿਆ ਸੀ-“ਮੈਂ ਸਾਰੀ
ਜਮੀਨ ਇੱਕ ਸੇਠ ਨੂੰ ਵੇਚ ਦਿੱਤੀ ਹੈ। ਤੁਹਾਡਾ ਹਿੱਸਾ ਵੀ ਵੇਚ ਦਿੱਤਾ ਏ ਕਿਉਂਕਿ ਉਸ
ਨਾਲ ਸਾਰੀ ਜਮੀਨ ਦਾ ਹੀ ਸੌਦਾ ਹੋਇਆ ਸੀ। ਟੋਟੇ ਟੋਟੇ ਜਮੀਨ ਉਹ ਖਰੀਦਣੀ ਨਹੀਂ ਸੀ
ਮੰਨਦਾ ਅਤੇ ਸਾਨੂੰ ਉਸ ਤੋਂ ਚੰਗਾ ਹੋਰ ਕੋਈ ਗਾਹਕ ਵੀ ਨਹੀਂ ਸੀ ਮਿਲ ਸਕਦਾ”।
ਚਿੱਠੀ ਸੁਣਦਿਆਂ ਸਾਰ ਹੀ ਮਾਂ ਤਾਂ ਜਿਵੇਂ ਗੁੰਮ ਸੁੰਮ ਹੋ ਗਈ ਸੀ। ਕਾਫੀ ਚਿਰ ਕੁਝ
ਵੀ ਨਹੀਂ ਸੀ ਬੋਲੀ, ਸੋਹਨ ਦੇ ਬਹੁਤ ਬੁਲਾਉਣ ਤੇ ਵੀ।
ਆਖਿਰ ਮਾਂ ਦੀ
ਚੁੱਪ ਰੋਣ ‘ਚ ਵਟ ਗਈ ਸੀ-“ਮੈਨੂੰ ਪਹਿਲਾਂ ਈ ਪਤਾ ਸੀ ਏਸ ਸਪੋਲੀਏ ਨੇ ਮੈਨੂੰ ਡਸ
ਲੈਣਾ ਏ। ਤਾਹੀਓਂ ਤਾਂ ਤੈਨੂੰ ਕਿਹਾ ਕਰਦੀ ਸੀ ਮੈਨੂੰ ਪਿੰਡ ਵਿਚ ਈ ਰਹਿਣ ਦੇ। ਹੁਣ
ਵੇਖ ਲੀਂ ਇਕ ਧੇਲਾ ਵੀ ਪੱਲੇ ਨਹੀਂ ਪਾਊਗਾ”।
“ਛੱਡ ਪਰੇ ਮਾਂ
ਜਿਹੋ ਜਿਹੀ ਕਰੇਗਾ ਭਰ ਲਵੇਗਾ। ਤੂੰ ਕਾਹਨੂੰ ਚਿੰਤਾ ਕਰਦੀ ਏਂ” ਮਾਂ ਨੂੰ ਹੌੋਸਲਾ
ਦੇਣ ਲਈ ਉਹ ਕਹਿ ਤਾਂ ਗਿਆ ਸੀ ਪਰ ਅਵਾਜ਼ ਵਿਚ ਤਲਖ਼ੀ ਵੀ ਘੱਟ ਨਹੀਂ ਸੀ। ਜੇ ਵੇਚਣੀ
ਹੀ ਸੀ ਤਾਂ ਆਪਣੇ ਹਿੱਸੇ ਦੀ ਵੇਚ ਦਿੰਦਾ। ਸਾਡਾ ਹਿੱਸਾ ਵੇਚਣ ਦਾ ਉਸ ਨੂੰ ਕੀ ਹੱਕ!
ਅਤੇ ਅਗਲੇ ਹੀ ਦਿਨ ਉਹ ਮਾਂ ਦੇ ਨਾਲ ਪਿੰਡ ਆ ਗਿਆ ਸੀ। ਚਾਚੇ ਵਰਗਾ ਨੌਸਰੀਆ ਵੀ
ਧੋਖਾ ਖਾ ਜਾਵੇਗਾ,ਜਾਣ ਕੇ ਉਸ ਨੂੰ ਵਾਹਵਾ ਹੈਰਾਨੀ ਹੋਈ ਸੀ।
ਸੇਠ ਨੇ ਚਾਚੇ
ਨੂੰ ਰੰਮ ਪਲਾਈ ਸੀ। ਸ਼ਾਇਦ ਰੰਮ ਦਾ ਨਸ਼ਾ ਸੀ ਜਾਂ ਨਗਦ ਪੰਜਾਹ ਹਜ਼ਾਰ ਦੇ ਨੋਟਾਂ ਦੀ
ਗਰਮੀ, ਚਾਚੇ ਨੇ ਅਜਿਹੇ ਕਾਗਜ਼ਾਤ ਤੇ ਦਸਖਤ ਕਰ ਦਿੱਤੇ ਸਨ ਕਿ ਹੋਸ਼ ਆਉਣ ਤੇ ਇਕ ਵਾਰੀ
ਤਾਂ ਉਸ ਦੇ ਪੈਰਾਂ ਹੇਠੋਂ ਜਮੀਨ ਨਿਕਲ ਗਈ ਸੀ।
ਉਸ ਨੂੰ ਪੰਜਾਹ
ਹਜ਼ਾਰ ਰੁਪੲੈ ਦਿੱਤੇ ਗਏ ਸਨ ਜਦੋਂ ਕਿ ਕਾਗਜਾਤ ਤੇ ਪੰਜ ਲੱਖ ਦੀ ਰਸੀਦ ਤੇ ਦਸਖ਼ਤ
ਕੀਤੇ ਸਨ। ਬਾਕੀ ਦਾ ਰੁਪਈਆ ਜਮੀਨ ਦੀ ਰਜਿਸਟਰੀ ਮਗਰੋਂ ਮਿਲਣਾ ਸੀ। ਉਨ੍ਹਾਂ ਦੀ
ਜਮੀਨ ਦੇ ਹੱਕ ਵੀ ਚਾਚੇ ਨੇ ਜਾਲੀ ਦਸਖ਼ਤ ਕਰਕੇ ਦੇ ਦਿੱਤੇ ਸਨ।
ਮਾਂ ਜਿਵੇਂ
ਜ਼ਹਿਰ ਦਾ ਘੁੱਟ ਭਰਕੇ ਰਹਿ ਗਈ ਸੀ। ਪੁਲਿਸ, ਚ ਰਪੋਰਟ ਕਰਦੀ ਤਾਂ ਚਾਚੇ ਨੂੰ ਹੇਰਾ
ਫੇਰੀ ਦੇ ਜੁਰਮ ‘ਚ ਜੇਲ ਹੋ ਜਾਣੀ ਕੋਈ ਵੱਡੀ ਗੱਲ ਨਹੀਂ ਸੀ। ਪਰ ਉਸ ਦੀ ਸੁਣਦਾ ਹੀ
ਕੌਣ ਸੀ।
ਉਹ ਮਾਂ ਨੂੰ
ਨਾਲ ਲੈ ਕੇ ਸੇਠ ਨੂੰ ਮਿਲਿਆ ਸੀ। ਪਰ ਸੇਠ ਨੇ ਬੜਾ ਰੁੱਖਾ ਜਵਾਬ ਦਿੱਤਾ ਸੀ-“ਮੈਂ
ਤਾਂ ਤੁਹਾਤੋਂ ਜਮੀਨ ਖਰੀਦੀ ਈ ਨੀ। ਉਹ ਚੋਏ ਦੇ ਲਾਗੇ ਆਲੇ ਤੁਹਾਡੇ ਖੇਤ ਉਵੇਂ ਈ ਪਏ
ਨੇ”।
“ਪਰ ਬੰਜਰ ਤੇ
ਰੇਤਲੀ ਜਮੀਨ ਸਾਡੀ ਕਿਵੇਂ ਹੋ ਗਈ। ਜਮੀਨ ਤਾਂ ਸਾਂਝੀ ਏ। ਚਾਚੇ ਨੇ ਤੁਹਾਨੂੰ ਜਮੀਨ
ਵੇਚੀ ਏ ਤਾਂ ਏਸ ਦਾ ਏਹ ਮਤਲਬ ਤਾਂ ਨੀ ਹੋਇਆ ਕਿ ਉਪਜਾਉ ਖੇਤ ਤੁਹਾਡੇ ਹੋ ਗਏ ਤੇ
ਰੇਤਲੀ ਜਮੀਨ ਸਾਡੇ ਹਿੱਸੇ ਆ ਗੀ”।
ਮਜ਼ਬੂਰ ਹੋ ਕੇ
ਮਾਂ ਪੁੱਤ ਦੋਹਾਂ ਨੂੰ ਕਚੇਹਰੀ ਦਾ ਮੂੰਹ ਵੇਖਣਾ ਪਿਆ ਸੀ। ਮਾਂ ਨੇ ਜਮੀਨ ਦੀ ਵੰਡ
ਲਈ ਅਰਜ਼ੀ ਦੇ ਦਿੱਤੀ ਸੀ।
...ਫੇਰ ਦੋ ਸਾਲ ਕਚਿਹਰੀ ਵਿਚ ਕੇਸ ਚਲਦਾ ਰਿਹਾ ਪਰ ਕੋਈ ਫੈੇਸਲਾ ਹੋਣ ਵਿਚ ਹੀ ਨਹੀਂ
ਆ ਰਿਹਾ ਸੀ। ਜਿੰਨੀ ਵਾਰੀ ਤਰੀਕ ਪੈਂਦੀ, ਮਾਂ ਪੁੱਤ ਕਚਿਹਰੀ, ਚ ਹਾਜ਼ਰੀ ਲਾਉਣ ਲਈ
ਚਲੇ ਜਾਂਦੇ। ਹਾਂ,ਸਿਰਫ ਹਾਜ਼ਰੀ ਹੀ। ਕਿਉਂ ਕਿ ਹਰ ਵਾਰ ਕੋਈ ਨਾ ਕੋਈ ਅੜਚਨ ਪੈ
ਜਾਂਦੀ। ਕਦੇ ਚਾਚਾ ਤਰੀਖ ਤੇ ਨਾ ਪਹੁੰਚਦਾ, ਤੇ ਸੇਠ ਤਾਂ ਆਉਂਦਾ ਹੀ ਕਦੇ ਕਦਾਈ ਸੀ।
ਮੁਕੱਦਮੇ ਦੀਆਂ
ਏਹ ਤਰੀਕਾਂ ਮਾਂ ਨੂੰ ਜਿਵੇਂ ਲੈ ਡੁੱਬੀਆਂ।ਉਹ ਜ਼ਿਆਦਾਤਰ ਚੁੱਪ ਹੀ ਰਹਿਣ ਲੱਗੀ ਸੀ।
ਕਦੇ ਕਦਾਈ ਗੱਲ ਬਾਤ ‘ਚ ਹਿੱਸਾ ਲੈਂਦੀ ਵੀ ਤਾਂ ਬਸ ਹਰ ਵਾਰ ਇਹੋ ਆਖਦੀ-“ਮੇਰੀ ਜਮੀਨ
ਦਾ ਫੇਸਲਾ ਹੋ ਜਾਵੇ”।
ਉਸ ਨੇ ਬਹੁਤ
ਇਲਾਜ ਕਰਵਾਇਆ। ਵੱਡੇ ਤੋਂ ਵੱਡੇ ਡਾਕਟਰ ਨੂੰ ਵਿਖਾਇਆ। ਪਰ ਸਭ ਫ਼ਜੂਲ। ਅੰਦਰ ਹੀ
ਅੰਦਰ ਪਤਾ ਨਹੀਂ ਕਿਹੜੀ ਚੀਜ਼ ਘੁਣ ਵਾਂਗ ਮਾਂ ਨੂੰ ਖਾਈ ਜਾ ਰਹੀ ਸੀ।
ਪਿੰਡ ਜਾਣ ਤੋਂ
ਪਹਿਲਾਂ ਮਾਂ ਦੀ ਤਬੀਅਤ ਵਿਚ ਕਾਫ਼ੀ ਸੁਧਾਰ ਆ ਗਿਆ ਸੀ। ਮਾਂ ਨੇ ਪਿੰਡ ਜਾਣ ਲਈ ਬਹੁਤ
ਜ਼ਿੱਦ ਕੀਤੀ ਸੀ ਅਤੇ ਉਸ ਨੂੰ ਮਾਂ ਦੀ ਜ਼ਿੱਦ ਦੇ ਮੂਹਰੇ ਝੁਕਣਾ ਪਿਆ ਸੀ।
ਰਾਤ ਅੱਧੀ
ਗੁਜ਼ਰਨ ਵਾਲੀ ਸੀ ਜਦੋਂ ਉਹ ਪਿੰਡ ਪਹੁੰਚਿਆ। ਚਾਰੇ ਪਾਸੇ ਸੁਨਸਾਨ ਵਾਤਾਵਰਣ ਵਿਚ
ਬੀਂਡਿਆ ਦੀ ਅਵਾਜ਼ ਗੂੰਜ ਰਹੀ ਸੀ। ਕਦੇ-ਕਦੇ ਕੁੱਤਿਆਂ ਦੇ ਭੌਕਣ ਦੀ ਅਵਾਜ਼ ਰਾਤ ਦੀ
ਚੁੱਪ ਤੋੜ ਰਹੀ ਸੀ।
ਉਸ ਨੇ ਘਰ ਦਾ
ਬੂਹਾ ਦੋ –ਤਿੰਨ ਵਾਰੀ ਖੜਕਾਇਆ। ਕੁਝ ਦੇਰ ਮਗਰੋਂ ਚਾਚੇ ਨੇ ਬੂਹਾ ਖੋਲ੍ਹਿਆ।
“ਬੜੀ ਦੇਰ ਕਰ
‘ਤੀ” ਆਖਦਿਆਂ ਚਾਚਾ ਅੰਦਰ ਵੱਲ ਮੁੜਿਆ । ਚਾਚੇ ਦਾ ਚਿਹਰਾ ਤਾਂ ਉਹ ਨਹੀਂ ਵੇਖ ਸਕਿਆ
ਪਰ ਅਵਾਜ਼ ਬੇਜਾਨ ਲੱਗੀ।
ਅਚਾਨਕ ਹੀ ਉਸ ਨੂੰ ਜਾਪਿਆ ਜਿਵੇਂ ਮਾਂ ਹੁਣ ਨਹੀਂ ਰਹੀ, ਨਹੀਂ ਤਾਂ ਚਾਚਾ ਕਦੇ ਵੀ
ਇੰਜ ਇੱਕ ਦੋ ਬੋਲ ਬੋਲ ਕੇ ਚੁੱਪ ਨਾ ਕਰਦਾ। ਉਹ ਚਾਚੇ ਦੇ ਮਗਰ-ਮਗਰ ਅੰਦਰ ਲੰਘ ਆਇਆ।
ਪਰ ਦਲਾਨ ਤੱਕ ਪਹੁੰਚਦਿਆਂ –ਪਹੁੰਚਦਿਆਂ ਉਸ ਦਾ ਰੋਣ ਨਿਕਲ ਗਿਆ ਸੀ। ਸੱਚ ਮੁੱਚ ਹੀ
ਮਾਂ ਉਸ ਨੂੰ ਇਕੱਲਾ ਛੱਡ ਗਈ ਸੀ।
“ਅਸੀਂ ਤਾਂ ਤੇਰੀ ਬਥੇਰੀ ਉਡੀਕ ਕੀਤੀ। ਪਰ ਕਿਆ ਕਰਦੇ ਸੂਰਜ ਡੁੱਬ ਰਿਹਾ ਸੀ” ਚਾਚਾ
ਉਸ ਨੂੰ ਹੌਸਲਾ ਦੇਣ ਲੱਗਾ ਸੀ-“ਤੂੰ ਤਾਂ ਇਲਾਜ ਕਰੌਣ ‘ਚ ਕੋਈ ਕਸਰ ਨੀ ਛੱਡੀ, ਪਰ
ਉਸ ਦਾਤਾ ਨੂੰ ਕੁਝ ਹੋਰ ਈ ਮਨਜੂਰ ਸੀ। ਕੱਲ ਰਾਤ ਚੰਗੀ ਭਲੀ ਸੀ। ਸਵੇਰੇ ਉਠਦਿਆਂ
ਸਾਰ ਈ ਕੈਣ੍ਹ ਲੱਗੀ ਮੇਰੇ ਕਾਲਜੇ ‘ਚ ਦਰਦ ਹੋ ਰਿਹੈ। ਮੈਂ ਉਸੇ ਵੇਲੇ ਰਾਮ ਸਰੂਪ
ਹਕੀਮ ਨੂੰ ਬੁਲਾ ਲਿਆਇਆ। ਉਸ ਨੇ ਦਵਾਈ ਦਿੱਤੀ, ਪਰ ਫਰਕ ਨੀ ਪਿਆ। ਮੈਂ ਕਿਸੇ ਨੂੰ
ਕੁਰਾਲੀਓਂ ਡਾਕਟਰ ਬੁਲਾ ਲੈਣ ਲਈ ਭੇਜਿਆ। ਉੱਥੋਂ ਈ ਤੈਨੂੰ ਤਾਰ ਦਿੱਤੀ ਪਰ ਵਿਚਾਰੀ
ਦੀ ਲਿਖੀ ਈ ਐਨੀ ਸੀ। ਡਾਕਟਰ ਦੇ ਪੌਂਚਣ ਤੋਂ ਪੈਲ੍ਹਾਂ ਈ...”।
****
ਸਾਰੀ ਰਾਤ ਉਹ ਮਾਂ ਨੂੰ ਚੇਤੇ ਕਰ ਕੇ ਰੋਂਦਾ ਰਿਹਾ। ਕਿੰਨਾ ਬਦਨਸੀਬ ਹੈ ਉਹ ਕਿ
ਅਖੀਰਲੀ ਵਾਰੀ ਮਾਂ ਦੇ ਦਰਸ਼ਨ ਵੀ ਨਾ ਕਰ ਸਕਿਆ।
ਸਵੇਰੇ ਠਿਆ ਤਾਂ ਉਸ ਨੂੰ ਆਪਣਾ ਸ਼ਰੀਰ ਟੁੱਟਦਾ ਜਿਹਾ ਮਹਿਸੂਸ ਹੋ ਰਿਹਾ ਸੀ।
ਉਸ ਨੂੰ
ਜਾਗਦਿਆਂ ਵੇਖ ਕੇ ਚਾਚਾ ਉਸ ਦੀ ਮੰਜੀ ਦੀ ਬਾਹੀ ਤੇ ਆ ਬੈਠਾ-“ਦਿਲ ਛੋਟਾ ਨੀ ਕਰੀ
ਦਾ। ਉਸ ਦੀ ਲਿਖੀ ਨੂੰ ਕੌਣ ਟਾਲ ਸਕਦੈ। ਚੱਲ ਉੱਠ ਬਾਹਰ ਹੋ ਆਈਏ।“
ਚਾਚੇ ਨਾਲ ਉਹ
ਜੰਗਲ ਪਾਣੀ ਲਈ ਖੇਤਾਂ ਵੱਲ ਤੁਰ ਪਿਆ। ਤੁਰਦੇ-ਤੁਰਦੇ ਉਹ ਉਸ ਥ੍ਹਾਂ ਤੇ ਜਾ ਪੁੱਜੇ
ਜਿੱਥੇ ਕੱਲ ਉਸ ਦੀ ਮਾਂ ਦਾ ਸਿਵਾ ਬਾਲਿਆ ਗਿਆ ਸੀ। ਕਾਫ਼ੀ ਦੇਰ ਤੱਕ ਉਹ ਉੱਥੇ ਖਲੋਤਾ
ਅਥੱਰੂ ਕੇਰਦਾ ਰਿਹਾ। ਘੜੀ ਮੁੜੀ ਉਸ ਨੂੰ ਆਪਣੇ ਆਪ ਤੇ ਗੁੱਸਾ ਆ ਰਿਹਾ ਸੀ ਕਿ ਕਿਉਂ
ਉਸ ਨੇ ਮਾਂ ਨੂੰ ਪਿੰਡ ਜਾਣ ਦਿੱਤਾ । ਜ਼ਰੂਰ ਕੁਝ ਅਜਿਹਾ ਹੋਇਆ ਹੋਣੈ ਜਿਸ ਨੂੰ ਮਾਂ
ਬਰਦਾਸ਼ਤ ਨਾ ਕਰ ਸਕੀ ਹੋਵੇਗੀ।
ਅਚਾਨਕ ਹੀ ਉਸ
ਦੇ ਮਨ ਵਿਚ ਚਾਚੇ ਤੋਂ ਬਦਲਾ ਲੈਣ ਦੀ ਅੱਗ ਭੜਕ ਉੱਠੀ। ਉਸ ਦੇ ਮਨ ਵਿਚ ਆਇਆ ਹੁਣੇ
ਕੋਲ ਖੜੇ ਚਾਚੇ ਦੀ ਸੰਘੀ ਨੱਪ ਸੁੱਟੇ। ਮਾਂ ਦਾ ਅਸਲੀ ਕਾਤਲ ਤਾਂ ਏਹੋ ਏ। ਨਾ ਏਹ
ਜਾਲ੍ਹੀ ਦਸਖਤ ਕਰਕੇ ਜਮੀਨ ਵੇਚਦਾ ਨਾ ਮਾਂ ਦੀ ਏਹ ਹਾਲਤ ਹੁੰਦੀ। ਪਰ ਅਗਲੇ ਪਲ ਉਸ
ਨੂੰ ਜਾਪਿਆ ਜਿਵੇਂ ਮਾਂ ਉਸ ਨੂੰ ਆਖ ਰਹੀ ਹੋਵੇ-“ਵੇਖੀਂ ਪੁੱਤ ਜੱਗ ਹਸਾਈ ਨਾ ਕਰੀਂ।
ਫੇਰ ਵੀ ਆਪਣਾ ਖੂਨ ਏ”।
****
ਡਾ.ਫ਼ਕੀਰ ਚੰਦ ਸ਼ੁਕਲਾ
230-ਸੀ,ਭਾਈ
ਰਣਧੀਰ ਸਿੰਘ ਨਗਰ,
ਲੁਧਿਆਣਾ-141012
(18 ਜੁਲਾਈ 2007) ਚਾਤਿ੍ਕ
ਯੂਨੀਕੋਡ 'ਚ