ਹਰਮੀਤ ਤੇ ਉਸ ਦੇ ਸਾਥੀਆਂ ਨੂੰ ਪਰਮਜੀਤ ਸਬਜ਼-ਬਾਗ਼ ਦਿਖਾਉਂਦਾ ਦੱਸ ਰਿਹਾ ਸੀ,
“ਕੈਨੇਡਾ ਦੁਨੀਆ ਦਾ ਨੰਬਰ ਇੱਕ ਦੇਸ਼ ਰਹਿਣ ਲਈ ਹੈ ਤੇ ਅਮ੍ਰੀਕਾ ਅਮੀਰ ਮੁਲਕਾਂ
ਵਿੱਚ ਪਹਿਲੇ ਥਾਂ ਹੈ। ਇਨ੍ਹਾਂ ਮੁਲਕਾਂ ਵਿੱਚ ਡਾਲਰ ਤਾਂ ਸਮਝੋ ਰੁਖਾਂ ਨੂੰ ਲੱਗੇ
ਹੋਏ ਹੁੰਦੇ ਹਨ, ਪਰ ਮਿਹਨਤ ਤੇ ਹਿੰਮਤ ਨਾਲ ਹੀ ਝਾੜ ਹੁੰਦੇ ਹਨ, ਝਾੜ੍ਹ ਜਿੰਨੇ
ਮਰਜ਼ੀ ਲਵੋ। ਟੈਰਿਰਸਟਾਂ ਵੱਲੋਂ ਕੀੇਤੀ 9/11 ਨੂੰ ਅਮ੍ਰੀਕਾ ਦੇ ਟਾਵਰਾਂ ਤੇ ਹਮਲੇ
ਦੀ ਘਟਨਾ ਪਿੱਛੋਂ ਅਮ੍ਰੀਕਾ ਜਾਣਾ ਤਾਂ ਔਖਾ ਪਰ ਕੈਨੇਡਾ ਜਾਣਾ ਅਜੇ ਵੀ ਸੌਖਾ।
ਕੈਨੇਡਾ ਵਾਲਿਆਂ ਦੀਆਂ ਏਥੇ ਕੋਠੀਆਂ ਤੇ ਮਹਿੰਗੀਆਂ ਕਾਰਾਂ ਉਨ੍ਹਾਂ ਦੀ ਵੱਧੀਆ ਹਾਲਤ
ਦੀ ਮੂੰਹ-ਬੋਲਦੀਆਂ ਗਵਾਹ ਹਨ। ਕੈਨੇਡਾ ਵਿੱਚ ਤਾਂ ਇਨ੍ਹਾਂ ਕੋਲ ਮਹੱਲਾਂ ਵਰਗੇ ਘਰ
ਹਨ ਤੇ ਹਰ ਜੀ ਕੋਲ ਕਾਰ ਹੁੰਦੀ ਐ।
ਲੋਹਾ ਗਰਮ
ਹੋਇਆ ਦੇਖ ਕੇ ਏਜੰਟ ਪਰਮਜੀਤ ਨੇ ਅਗਲਾ ਪਰਸੰਗ ਸ਼ੁਰੂ ਕੀਤਾ। ਸਿੱਧਾ ਕੈਨੇਡਾ ਤਾਂ
ਵਿਆਹ ਕਰਵਾ ਕੇ ਜਾਂ ਪੁਆਇੰਟਾਂ ਤੇ ਹੀ ਸੰਭਵ ਐ। ਉਹ ਕੁੱਝ ਤੁਹਾਡੇ ਕੋਲ ਹੈ ਨਹੀਂ।
ਤੁਹਾਨੂੰ ਵਿੰਗੇ-ਟੇਢੇ ਢੰਗ ਨਾਲ ਭੇਜਾਂਗਾ। ਅੱਗੇ ਕਾਫੀ ਮੁੰਡੇ ਇਸ ਤਰ੍ਹਾਂ ਹੀ
ਭੇਜੇ ਹਨ। ਹੈ ਇਹ ਤਰੀਕਾ ਔਖਾ ਤੇ ਪੈਸਾ ਖਾਸਾ ਲੱਗਦਾ ਐ। ਕੈਨੇਡਾ ਪਹੁੰਚ ਕੇ ਸੱਭੇ
ਖੈਰਾਂ ਹਨ। ਪਹਿਲਾਂ ਪੈਸੇ ਘੱਟ ਲੱਗਦੇ ਸੀ ਪਰ ਹੁਣ ਦਸ ਲੱਖ ਲੱਗਣਗੇ, ਜਾਣਾ ਤਾਂ
ਪਰਬੰਧ ਕਰਕੇ ਜਮਾ ਕਰਾ ਜਾਇਓ ।
ਹਰਮੀਤ ਤੇ ਸਾਥੀ ਮੁੰਡੇ ਰਾਹ ਵਿੱਚ ਜਾਂਦੇ ਗੱਲਾਂ ਕਰਦੇ ਜਾਂਦੇ ਸੀ, “ਯਾਰ ਆਪਣਾ ਵੀ
ਜੇ ਕੈਨੇਡਾ ਜਾਣ ਦਾ ਕਿਵੇਂ ਤੋਪਾ ਭਰ ਹੋ ਜਾਵੇ ਤਾਂ ਜਿ਼ੰਦਗੀ ਹੀ ਬਣ ਜਾਵੇਗੀ।”
ਦੂਜਾ
ਕਹਿੰਦਾ, “ਕਿਤੇ ਧੋਖਾ ਹੀ ਨਾ ਕਰ ਜਾਵੇ ਤਾਂ ਘਰ ਦਿਆਂ ਦੀ ਵੀ ਨਾਲ ਪੱਟੀੰਮੇਸ
ਹੋਜੂਗੀ ।”
ਹਰਮੀਤ ਤਿੱਖਾਂ ਬੋਲਿਆ, “ਜੇ ਧੋਖਾ ਕਰੂ ਤਾਂ ਸਾਲੇ ਦੇ ਵੱਢ ਕੇ ਟੁਕੜੇ ਨ੍ਹੀਂ ਕਰ
ਦੇਵਾਂਗੇ ।”
ਤੀਸਰਾ ਹਾਂ-ਪੱਖੀ ਹੁੰਗਾਰੇ ‘ਚ ਆਖਣ ਲੱਗਾ, “ਐਂ ਨਹੀਂ ਇਹ ਪਰਮਜੀਤ ਕਰਦਾ। ਇਹ ਦੀ
ਪੜਤ ਚੰਗੀ ਸੁਣੀਦੀ ਐ। ਏਸ ਨੇ ਬਹੁਤ ਮੁੰਡੇ ਬਾਹਰ ਭੇਜੇ ਨੇ। ਹੋਰ ਹੋਣਗੇ ਜਿਹੜੇ
ਧੋਖਾ ਕਰਦੇ ਨੇ, ਉਨ੍ਹਾਂ ਦੀ ਕਾਠ ਦੀ ਹਾਂਡੀ ਬਾਰ-ਬਾਰ ਨਹੀਂ ਚੜ੍ਹਦੀ ਹੁੰਦੀ।
ਲੁਕਦੇ ਵੀ ਓਹੀ ਫਿਰਦੇ ਨੇ।”
ਹਰਮੀਤ ਕੱਲਮ-ਕੱਲਾ ਮੁੰਡਾ ਸੀ ਕਰਤਾਰੇ ਦਾ। ਦੋ ਉਸ ਦੀਆਂ ਛੋਟੀਆਂ ਭੈਣਾ ਸਨ। ਪੰਜਾਬ
ਦੇ ਨਕਲਾਂ ਮਾਰਨ ਦੇ ਸਮੁੰਦਰ ਵਿੱਚ ਟੁੱਬੀਆਂ ਲਾ ਕੇ ਬੀ-ਏ ਕਰ ਗਿਆ ਸੀ। ਨੌਕਰੀ ਲਈ
ਹੱਥ-ਪੱਲਾ ਬਥੇਰਾ ਮਾਰਿਆ ਪਰ ਨਰਾਸਤਾ ਹੀ ਹੱਥ ਆਈ, ਕਿਉਂਜੋ ਕੋਰਸ ਕੋਈ ਹੋਇਆ ਨਹੀਂ
ਸੀ। ਰਿਸ਼ਵਤ ਲਈ ਬਾਪੂ ਕੋਲ ਕੁੱਝ ਨਹੀਂ ਸੀ ਮਸਾਂ ਉਸ ਨੂੰ ਔਖ-ਸੌਖ ਕੱਟ ਕੇ ਬੀ-ਏ
ਤੱਕ ਪੜ੍ਹਾਇਆ ਸੀ। ਸੋ ਹਰਮੀਤ ਧੱਕੇ ਖਾਂਦਾ ਅੱਜ ਸਾਥੀਆਂ ਨਾਲ ਪਰਮਜੀਤ ਕੋਲ ਬਾਹਰ
ਜਾਣ ਲਈ ਪੁੱਛ-ਗਿੱਛ ਕਰਨ ਆਇਆ ਸੀ।
ਘਰ
ਆ ਕੇ ਬਾਪੂ ਤੇ ਬੀਬੀ ਨਾਲ, ਏਜੰਟ ਨਾਲ ਹੋਈ ਗੱਲ-ਬਾਤ ਦੱਸ ਕੇ ਉਨ੍ਹਾਂ ਦੀ ਸਲਾਹ
ਪੁੱਛਣ ਲੱਗਾ।
ਬਾਪੂ ਕਹਿੰਦਾ, “ਏਥੇ ਹੀ ਨਾਲ ਖੇਤੀ ਕਰੀ ਚੱਲ। ਪੜ੍ਹਿਆ ਹੋਇਆਂ ਖੇਤੀ-ਬਾੜੀ ਮਹਿਕਮੇ
ਤੋਂ ਪੁੱਛ-ਗਿੱਛ ਕਰਕੇ ਨਵੀਂ ਕਿਸਮ ਦੀ ਸੌਖੀ ਤੇ ਵੱਧ ਮੁੱਲ ਦੇਣ ਵਾਲੀਆਂ ਫਸਲਾਂ
ਬੀਜ ਲਿਆ ਕਰਾਂਗੇ। ਸੁਣਿਆ ਇਨ੍ਹਾਂ ਲਈ ਕਰਜ਼ਾ ਵੀ ਸੌਖਾ ਹੀ ਮਿਲ ਜਾਂਦਾ ਐ।”
ਪਰ
ਹਰਮੀਤ ਨੇ ਕੈਨੇਡਾ ਜਾਣ ਦੀ ਹੀ ਹਿੰਡ ਫੜੀਂ ਰੱਖੀ। ਸੋ ਬਾਪੂ ਨੂੰ ਕੌੜਾ ਘੁੱਟ ਭਰ
ਕੇ ਦੋ ਕੀਲੇ ਬੈਅ ਕਰਕੇ ਦਸ ਲੱਖ ਹਰਮੀਤ ਨੂੰ ਦੇਣੇ ਪਏ। ਦੋਵਾਂ ਨੇ ਪੈਸੇ ਜਾ ਕੇ
ਪਰਮਜੀਤ ਕੋਲ ਜਮਾ ਕਰਵਾ ਦਿੱਤੇ ਤੇ ਨਿਮਰਤਾ ਨਾਲ ਜਲਦੀ ਕੰਮ ਸਿਰੇ ਚਾੜ੍ਹਨ ਲਈ ਵੀ
ਕਿਹਾ।
“ਹੁਣ ਇਹ ਮੇਰਾ ਕੰਮ ਐ। ਤੁਸੀਂ ਬੇਫਿਕਰ ਰਹੋ ਸਮਝੋ ਹਰਮੀਤ ਕੈਨੇਡਾ ਚਲਾ ਹੀ ਗਿਆ।
ਬਹੁਤ ਛੇਤੀ ਭੇਜ ਦੇਵਾਂਗਾ।” ਪਰਮਜੀਤ ਨੇ ਪੂਰੀ ਤਸੱਲੀ ਦਿੱਤੀ।
ਸਾਲ ਦੇ ਵਿੱਚ-ਵਿੱਚ ਹੀ ਪਰਮਜੀਤ ਨੇ ਹਰਮੀਤ ਨੂੰ ਫਰਾਂਸ ਰਾਹੀਂ ਜਰਮਨੀ ਅਪੜਾਕੇ,
ਕੁੱਝ ਚਿਰ ਓਥੇ ਰੱਖ ਕੇ ਦਾਅ ਲੱਗੇ ਤੇ ਜਾ ਕੈਨੇਡਾ ਰੀਫਊਜੀ ਬਣਾਇਆ। ਚਾਰ-ਪੰਜ ਸਾਲ
ਜਿੰਨਾ ਚਿਰ ਪੱਕੇ ਹੋਣ ਦਾ ਕੇਸ ਚਲਦਾ ਰਿਹਾ, ਅਭੋਲ-ਅਮੀਰ ਦੇਸ਼ ਕੈਨੇਡਾ ਵਿੱਚ ਨਾਲੇ
ਵੈੱਲ-ਫੇਅਰ ਲਈ, ਨਾਲੇ ਕੈਸ਼ ਤੇ ਕੰਮ ਕਰਕੇ ਪੈਸੇ ਜੋੜਦਾ ਰਿਹਾ। ਗੁਆਂਢੀ ਦੇਸ਼
ਅਮ੍ਰੀਕਾ ਰੀਫਿਊਜੀਆਂ ਨੂੰ ਵਰਕ-ਪਰਮਿਟ ਦੇ ਕੇ ਕੰਮ ਲੈਂਦਾ ਐ ਪੱਕੇ ਹੋਣ ਤੱਕ। ਜਲਦੀ
ਪੱਕੇ ਹੋਣ ਲਈ ਕਿਸੇ ਗੋਰੀ ਕੁੜੀ ਨਾਲ ਜਾਅਲੀ ਵਿਆਹ ਕਰਵਾ ਕੇ ਛੇਤੀ ਪੱਕਾ ਹੋ ਗਿਆ।
ਕੁੱਝ ਨਸ਼ੇ-ਪੱਤੇ ਦੀਆਂ ਆਦੀ ਕੁੜੀਆਂ, ਕੰਮ ਤਾਂ ਕਰ ਨਹੀਂ ਸਕਦੀਆਂ ਤੇ ਅਜਿਹਾ ਧੰਦਾ
ਕਰ ਕੇ ਪੈਸੇ ਕਮਾਉਂਦੀਆਂ ਹਨ। ਤਲਾਕ ਦੇ ਕੇ ਹੋਰ ਸਿ਼ਕਾਰ ਭਾਲ ਲੈਂਦੀਆਂ ਨੇ।
ਹੁਣ
ਹਰਮੀਤ ਨੇ ਦੋ-ਦੋ ਜਾਬਾਂ ਕਰਕੇ ਘਰ ਨੂੰ ਪੈਸੇ ਭੇਜ ਕੇ ਕਿ ਆਖਿਆ “ਬਾਪੂ, ਦੋ ਕੀਲੇ
ਪੈਲੀ ਲੈ ਕੇ ਘਰ ਦਾ ਮੂੰਹ-ਮੱਥਾ ਸੁਆਰ ਲੈਣਾ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਤੇਰਾ
ਮੁੰਡਾ ਕੈਨੇਡਾ ਗਿਆ ਹੋਇਆ ਐ। ਮੈਂ ਬਹੁਤ ਜਲਦੀ ਆਵਾਂਗਾ। ਪਾਸਪੋਰਟ ਬਨਣ ਹੀ ਵਾਲਾ
ਐ। ਮੇਰੇ ਆਉਂਦੇ ਨੂੰ ਦੋਵੇਂ ਕੰਮ ਸਿਰੇ ਚੜ੍ਹੇ ਹੋਣੇ ਚਾਹੀਦੇ ਨੇ।”
ਹਰਮੀਤ ਨੇ ਪਾਪੋਰਟ ਬਣੇ ਤੇ ਘਰ ਆਉਣ ਦੀ ਖੁਸ਼ੀ ਭਰੀ ਖਬਰ ਚਿੱਠੀ ਰਾਹੀਂ ਭੇਜ
ਦਿੱਤੀ। ਸਾਰੇ ਚਿੱਠੀ ਪੜ੍ਹ ਕੇ ਬਾਗ਼ੋ-ਬਾਗ਼ ਹੋ ਗਏ। ਮਾਂ ਨੇ ਆਂਡ-ਗੁਆਂਡ ਲੱਡੂ
ਵੰਡੇ। ਭੈਣਾਂ ਆਪਣੀਆਂ ਸਹੇਲੀਆਂ ਨੂੰ ਵੀਰੇ ਬਾਰੇ ਦੱਸ ਕੇ ਫੁਲੀਆਂ ਨਹੀਂ
ਸਮਾਉਂਦੀਆਂ ਸੀ। ਬਾਪੂ ਸੱਥ ‘ਚ ਹੁੱਬ-ਹੁੱਬ ਗੱਲਾਂ ਕਰਦਾ ਆਪਣੇ ਲੈਕ ਪੁੱਤ ਦੀਆਂ।
ਜੀਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ ਹੋ ਜਾਂਦੇ ਨੇ। ਸਾਰੇ ਹਰਮੀਤ ਦੇ ਆਉਣ ਨੂੰ
ਬੇਸਬਰੀ ਨਾਲ ਉਡੀਕਣ ਲੱਗੇ। ਇੱਕ ਦਿਨ ਹਰਮੀਤ ਆ ਗਿਆ ਤੇ ਸੱਭ ਨੂੰ ਸੂਟ ਤੇ ਬਾਪੂ
ਨੂੰ ਜੈਕਟ ਦਿੱਤੀ। ਕਈ ਦਿਨ ਲੰਗਣ ਤੇ ਜਿਵੇਂ ਹਰ ਮਾਂ-ਬਾਪ ਦੀ ਰੀਝ ਹੁੰਦੀ ਐ ਨੂੰਹ
ਲਿਆਉਣ ਦੀ, ਮਗਰੋਂ ਭਾਵੇਂ ਨੂੰਹ-ਸੱਸ ਜੂਤ-ਪਤਾਣ ਹੀ ਹੁੰਦੀਆਂ ਰਹਿਣ। ਬਸੰਤ ਕੌਰ ਵੀ
ਕਹਿਣ ਲੱਗੀ, “ਪੁੱਤ ਹਰਮੀਤ, ਹੁਣ ਸਾਨੂੰ ਇੱਕ ਨੂੰਹ ਵੀ ਲਿਆ ਦੇ। ਜਿੰਨਾ ਚਿਰ ਉਹ
ਤੇਰੇ ਕੋਲ ਕਨੇਡਾ ਨਹੀਂ ਜਾਂਦੀ, ਮੈਂ ਤੇ ਤੇਰੀਆਂ ਭੈਣਾਂ ਉਸ ਨਾਲ ਪਰਚੀਆਂ
ਰਹਾਂਗੀਆਂ।”
“ਮਾਂ ਕੁੱਝ ਚਿਰ ਕਿਉਂ, ਜਿਨੀਆਂ ਜੀ ਕਰੇ ਪੂਰੀਆਂ ਕਰ ਲੈਣੀਆਂ। ਮੈਂ ਤੁਹਾਨੂੰ ਬਹੁਤ
ਜਲਦੀ ਕੈਨੇਡਾ ਸੱਦ ਲੈਣਾ।”
“ਕੀ ਓਥੇ ਮੇਰੀ ਨੂੰਹ ਹੈਗੀ? ਤੂੰ ਓਥੇ ਵਿਆਹ ਵੀ ਕਰਵਾਇਆ ਹੋਇਆ?”ਭੋਲੀ ਮਾਂ ਕਈ
ਸਵਾਲ ਪੁੱਛ ਗਈ।
“ਨਹੀਂ ਮਾਂ ਤਹਾਥੋਂ ਪੁੱਛੇ ਬਿਨਾ ਕਿਵੇਂ ਵਿਆਹ ਕਰਵਾ ਲੈਂਦਾ, ਹੁਣ ਏਸੇ ਕੰਮ ਹੀ
ਤਾਂ ਆਇਆ ਹਾਂ। ਤੇਰੀ ਇਸ ਸੱਧਰ ਨੂੰ ਵੀ ਬੂਰ ਪਾ ਕੇ ਜਾਵਾਂਗ। ਤੁਸੀਂ ਮੇਰੇ ਲਈ ਕੋਈ
ਕੁੜੀ ਤਾਂ ਲੁਭ ਰੱਖੀ ਐ ਕਿ ਨਹੀਂ?”ਹਰਮੀਤ ਨੇ ਲਾਚਿੜਦੇ ਨੇ ਕਿਹਾ।
“ਵੇ
ਕਨੇਡਾ ਦੇ ਮੂੰਹ ਨੂੰ ਤਾਂ ਦੇਖੀਂ ਸਹੀ, ਕੁੜੀਆਂ ਵਾਲਿਆਂ ਨੇ ਤਾਂ ਵੇਹੜਾ ਨੀਵਾਂ ਕਰ
ਦੇਣਾ। ਤੇਰੇ ਵਾਂਗ ਹਰ ਮੁੰਡਾ ਕਨੇਡਾ ਜਾਣਾ ਚਾਹੁੰਦਾ। ਕੁੜੀਆ ਨੂੰ ਵੀ ਮਾਪੇ ਕਨੇਡਾ
ਵਿਆਹ ਕੇ ਮਗਰੋਂ ਆਪ ਵੀ ਇਸ ਪੌੜੀ ਰਾਹੀਂ ਜਾਣਾ ਚਾਹੁੰਦੇ ਨੇ। ਇਹ ਵੀ ਸੁਨਣ ‘ਚ
ਆਉਂਦਾ ਕਈ-ਕਈ ਲੱਖ ਵੀ ਦੇਣ ਨੂੰ ਤਿਆਰ ਹੁੰਦੇ ਨੇ।” ਮਾਂ ਸੁਣੀਆਂ ਗੱਲਾਂ ਦੱਸਣ
ਲੱਗੀ।
ਕੋਲੋਂ ਹਰਮੀਤ ਦਾ ਬਾਪੂ ਕਹਿੰਦਾ, “ਕਾਕਾ ਮੈਂ ਸੱਥ ‘ਚ ਗੱਲਾਂ ਕਰਦੇ ਸੁਣਦਾ ਰਹਿਨਾ,
ਓੁਹ ਦੱਸਦੇ ਨੇ ਵਈ ਹੁਣ ਤਾਂ ਕਨੇਡਾ ਤੋਂ ਆ ਕੇ ਕੁੜੀਆਂ ਦੇ ਮਾਪੇ ਵੀ ਕੁੜੀਆਂ ਦੇ
ਮੁੰਡਿਆਂ ਜਿੰਨੇ ਪੈਸੇ ਲੈ ਕੇ ਵਿਆਹ ਕਰਦੇ ਹਨ। ਪਤਾ ਨਹੀਂ ਲੋਕਾਂ ਕੋਲ ਲੱਖਾਂ ਦੇਣ
ਲਈ ਕਿੱਥੋਂ ਐਨੇ ਪੈਸੇ ਆ ਗਏ ਨੇ?”
“ਤੁਸੀਂ ਹੁਣ ਮੇਰੇ ਵਿਆਹ ਦਾ ਫਿਕਰ ਕਰੋ, ਆਪਾਂ ਵੀ ਏਸ ਪੈਸੇ ਦੀ ਵਗਦੀ ਗੰਗਾ ‘ਚ
ਹੱਥ ਧੋ ਲਈਏ। ਲਭੋ ਕੋਈ ਚੰਗਾ ਜਿਹਾ ਘਰ। ਮੈਂ ਬਹੁਤਾ ਚਿਰ ਨਹੀਂ ਇਥੇ ਰਹਿਣ ਆਇਆ।”
ਹਰਮੀਤ ਨੇ ਟੋਕ ਕੇ ਗੱਲ ਨੂੰ ਠੀਕ ਲੀਹ ਤੇ ਲਿਆਂਦਾ।
“ਚੰਗੇ ਘਰ ਨੂੰ ਕੀ ਐ? ਸੁਣਦੇ ਆਂ ਲੋਕ ਤਾਂ ਜ਼ਮੀਨ ਵੇਚ ਕੇ ਵੀ ਪੈਸੇ ਦੇਈ ਜਾਂਦੇ
ਨੇ। ਪਰਿਵਾਰ ਦੇ ਕਨੇਡਾ ਗਏ ਤੋਂ ਆਪ ਮੰਡੇ-ਕੁੜੀਆਂ ਦਾ ਲੈ ਕੇ ਹਸਾਬ ਬਰਾਬਰ ਕਰ
ਲੈਂਦੇ ਨੇ।” ਉਸ ਦੇ ਬਾਪੂ ਨੇ ਦੱਸਿਆ।
ਹਰਮੀਤ ਨੇ ਵੀ ਇੱਕ ਪੜ੍ਹੀ-ਲਿਖੀ ਤੇ ਖਾਦੇ-ਪੀਂਦੇ ਪਰਵਾਰ ਦੀ ਸੋਹਣੀ-ਸੁਨੱਖੀ
ਲੰਬੀ-਼ਲੰਝੀ ਕੁੜੀ ਸਵੀਟੀ ਨਾਲ ਵਿਆਹ ਕਰ ਲਿਆ। ਪੰਦਰਾਂ ਲੱਖ ਨਕਦ ਵੀ ਵਟੋਰਿਆ ਨਾਲੇ
ਵਿਆਹ ਦਾ ਸਾਰਾ ਖਰਚ ਵੀ ਸਵੀਟੀ ਦੇ ਮਾਪਿਆਂ ਤੋਂ ਹੀ ਕਰਵਾਇਆ। ਮਹੀਨਾ ਕੁ
ਸੈਰ-ਸਪਾਟਾ ਤੇ ਮੌਜ-ਮੇਲਾ ਕਰਕੇ ਆਪਣੇ ਮਾਂ-ਪਿਉ ਕੋਲ ਛੱਡ ਗਿਆ। ਜਾਂਦਾ ਹੋਇਆ ਉਸ
ਨੂੰ ਇਹ ਕਿਹ ਗਿਆ ਕਿ ਜਾ ਕੇ ਛੇਤੀ ਹੀ ਸਪਾਉਂਸਰ ਕਰ ਦੇਵਾਂਗਾ। ਪਹਿਲਾਂ ਤੈਨੂੰ ਫੇਰ
ਆਪਾਂ ਬਾਕੀ ਸਾਰਿਆਂ ਨੂੰ ਕੈਨੇਡਾ ਬੁਲਾ ਲਵਾਂਗੇ। ਸਵੀਟੀ ਕੁੱਝ ਚਿਰ ਖੁਸ਼-ਖੁਸ਼
ਸਾਰਿਆਂ ਦੀ ਸੇਵਾ ਕਰਦੀ ਰਹੀ। ਵਿੱਚ–ਵਿਚਾਲੇ ਪੇਕੇ ਚਲੀ ਜਾਂਦੀ ਕਿਉਂਕਿ ਹਰਮੀਤ ਕਹਿ
ਗਿਆ ਸੀ ਕਿ ਪੇਪਰ ਤੇਰੇ ਪੇਕੇ ਘਰ ਦੇ ਪਤੇ ਤੇ ਹੀ ਭੇਜੇਗਾ। ਸੋ ਉਹ ਛੱਟਲ-ਕਾਕ ਵਾਂਗ
ਕਦੇ ਪੇਕੇ ਪਾਸੇ ਕਦੇ ਸੌਹਰੇ ਪਾਸੇ ਘੁੰਮਦੀ ਰਹਿੰਦੀ। ਪਰ ਨਾ ਪੇਕੀਂ ਨਾ ਸੌਹਰੀਂ ਹੀ
ਸਪਾਉਂਸਰਸਿ਼ਪ ਦੇ ਪੇਪਰ ਪਹੁੰਚੇ। ਪਹਿਲਾਂ-ਪਹਿਲਾਂ ਹਰਮੀਤ ਟੈਲੀਫੋਨ ਕਰਕੇ ਪਿਆਰ
ਭਰੀਆਂ ਗੱਲਾਂ ਵੀ ਕਰਦਾ ਰਿਹਾ। ਹੌਲੀ-ਹੌਲੀ ਟੈਲੀਫੋਨ ਆਉਣਾ ਬੰਦ ਹੋ ਗਿਆ। ਉਹ ਫਿਕਰ
ਕਰਨ ਲੱਗੀ। ਆਪ ਫੋਨ ਕਰਦੀ ਤਾਂ ਅਪਰੇਟਰ ਆਖ ਦਿੰਦੀ, “ਨੰਬਰ ਨਾਟ ਇੰਨ ਸਰਵਸ।” ਆਪਣੇ
ਮਾਂ-ਬਾਪ ਨੂੰ ਦੱਸਦੀ ਤਾਂ ਉਹ ਦਲਾਸਾ ਦਿੰਦੇ, “ਬਹੁਤਾ ਕੰਮ ‘ਚ ਰੁੱਝਾ ਹੋਣਾ।” ਪਰ
ਵਿੱਚੋਂ ਉਹ ਵੀ ਚਿੰਤਤ ਸੀ ਕਿ ਐਨਾ ਪੈਸਾ ਵੀ ਵਿਆਹ ਤੇ ਖਰਚਿਆ ਪਰ ਧੀ ਬੂਹੇ ਹੀ
ਬੈਠੀ ਰਹੀ ਤੇ ਉਸ ਵਿਚਾਰੀ ਦਾ ਕੁੱਝ ਨਹੀਂ ਬਣਿਆ।
ਹਰਮੀਤ ਨੇ ਜਾਂਦੇ ਹੀ ਆਪਣੇ ਮਾਂ-ਬਾਪ ਤੇ ਭੈਣਾਂ ਨੂੰ ਸਪਾਉਂਸਰ ਕਰ ਦਿੱਤਾ ਸੀ। ਇਹ
ਵੀ ਪੱਕਾ ਕਰ ਦਿੱਤਾ ਸੀ ਕਿ ਸਵੀਟੀ ਨੂੰ ਪੇਪਰਾਂ ਵਾਰੇ ਕੁੱਝ ਨਹੀਂ ਦੱਸਣਾ। ਵੀਜ਼ਾ
ਮਿਲੇ ਦੀ ਵੀ ਉਸ ਨੂੰ ਭਿਣਕ ਨਹੀਂ ਪੈਣ ਦੇਣੀ। ਫਟਾ-ਫੱਟ ਆ ਜਾਣਾ।
ਉਨ੍ਹਾਂ ਅਜਿਹਾ ਹੀ ਕੀਤਾ ਸੀ। ਪਿੰਡ ‘ਚ ਅਤੇ ਆਂਢ-ਗੁਆਂਢ ਨੂੰ ਵੀ ਕੰਨੋ-ਕਨ ਖਬਰ
ਨਹੀਂ ਸੀ ਹੋਣ ਦਿੱਤੀ। ਚੁੱਪ-ਚਪੀਤੇ ਜਾ ਪਹੁੰਚੇ ਕੈਨੇਡਾ ਹਰਮੀਤ ਕੋਲ।
ਆਉਣ ਤੋਂ ਪਹਿਲਾਂ ਦੇ ਸਮੇਂ ਵਿੱਚ ਜਦੋਂ ਸਵੀਟੀ ਸੌਹਰੀਂ ਹੁੰਦੀ ਸੀ, ਸ਼ੁਰੂ-ਸ਼ੁਰੂ
‘ਚ ਤਾਂ ਆਪਣੀ ਸੱਸ ਨੂੰ ਕਹਿੰਦੀ ਰਹਿੰਦੀ ਸੀ, “ਬੀ-ਜੀ, ਬਹੁਤ ਸਮਾਂ ਲੰਘ ਗਿਆ ਅਜੇ
ਤੱਕ ਹਰਮੀਤ ਨੇ ਸਪਾਉਂਸਿਰ ਹੀ ਨਹੀਂ ਕੀਤਾ। ਮੈਂ ਤਾਂ ਕਹਿ-ਕਹਿ ਥੱਕ ਗਈ ਹਾਂ।
ਤੁਸੀਂ ਉਸ ਨੂੰ ਤਾੜ ਕੇ ਕਹੋ, ਤੁਹਾਡਾ ਆਖਾ ਨਹੀਂ ਮੋੜੇਗਾ।”
ਸੱਸ ਦਾ ਘੜਿਆ-ਘੜਾਇਆ ਉੱਤਰ ਹੁੰਦਾ, “ਅਸੀਂ ਤਾਂ ਜਦੋਂ ਵੀ ਉਹ ਫੋਨ ਕਰਦਾ, ਉਸ ਨੂੰ
ਤੈਨੂੰ ਮੰਗਵਾਉਣ ਲਈ ਤੇਰੇ ਪੇਪਰ ਭੇਜਣ ਲਈ ਬਹੁਤ ਪੱਕੀ ਕਰਦੇ ਹਾਂ। ਕਹਿ ਦਿੰਦਾ ਬੱਸ
ਥੋੜ੍ਹੀ ਜਿਹੀ ਅੜਚਨ ਐ, ਦੂਰ ਹੋਈ ਤੇ ਕੇਸ ਪੂਰਾ ਕਰਕੇ ਭੇਜ ਦੇਵਾਂਗਾ। ਖਬਰਾ
ਵਿਚਾਰੇ ਦੀ ਕੀ ਮਜਬੂਰੀ ਐ? ਏਥੇ ਬੈਠੇ ਤੇਰੇ ਵਾਂਗ ਕਹਿ ਹੀ ਸਕਦੇ ਆਂ। ਸਾਨੂੰ ਤਾਂ
ਤੇਰੇ ਤੇ ਬਹੁਤ ਤਰਸ ਆਉਂਦਾ।” ਮਜਬੂਰੀ ਤਾਂ ਉਹ ਜਾਣਦੇ ਸੀ ਕਿ ਪੇਪਰ ਤਾਂ ਉਨ੍ਹਾਂ
ਦੇ ਭੇਜੇ ਹੋਏ ਸੀ, ਸਵੀਟੀ ਦੇ ਨਹੀਂ।
ਅੱਕ
ਕੇ ਕੁੱਝ ਹੋਰ ਸਮੇਂ ਪਿੱਛੋਂ ਸਵੀਟੀ ਆਪਣੇ ਡੈਡੀ ਨੂੰ ਕਹਿਣ ਲੱਗੀ, “ਤੁਸੀਂ ਮੇਰੇ
ਨਾਲ ਚੱਲੋ ਤੇ ਪੁੱਛੋ ਕੀ ਗੱਲ ਐ? ਹਰਮੀਤ ਮੈਨੂੰ ਕੈਨੇਡਾ ਸੱਦਣ ਲਈ ਕਿਉਂ ਦੇਰ ਲਾਈ
ਜਾਂਦਾ?”
ਜਦੋਂ ਪਿਓ-ਧੀ ਉਸ ਦੇ ਸੌਹਰੇ ਪਿੰਡ ਪਹੁੰਚੇ, ਕੋਠੀ ਨੂੰ ਜਿੰਦਰਾ ਵੱਜਾ ਹੋਇਆ ਸੀ।
ਆਂਡ-ਗੁਆਂਢ ਤੋਂ ਪਤਾ ਕੀਤਾ ਤਾਂ ਪਤਾ ਚੱਲਿਆ ਕਿ ਮਹੀਨੇ ਤੋਂ ਕੋਠੀ ‘ਚ ਕੋਈ ਦਿੱਸਆ
ਨਹੀਂ। ਕਿੱਥੇ ਗਏ ਨੇ, ਇਹ ਵੀ ਨਹੀਂ ਪਤਾ। ਕਿਸੇ ਨੂੰ ਦੱਸ ਕੇ ਵੀ ਨਹੀਂ ਗਏ। ਹੁਣ
ਉਨ੍ਹਾਂ ਦਾ ਮੱਥਾ ਠਣਕਿਆ ਕਿ ਠੱਗੀ ਹੋ ਗਈ ਜਾਪਦੀ ਐ।
ਹਰਮੀਤ ਨੇ ਸਾਰਿਆਂ ਨੂੰ ਖੂਬ ਕੈਨੇਡਾ ਦਖਇਆ। ਸਾਰਾ ਟੱਬਰ ਬਹੁਤ ਖੁਸ਼ ਸੀ। ਸਾਲ ਕੁ
ਪਿੱਛੋਂ ਇਕ ਦਿਨ ਹਰਮੀਤ ਬਾਪੂ ਨਾਲ ਸਲਾਹ ਕਰਨ ਲੱਗਾ, “ਮੈਂ
ਪਿੰਡ ਹੀ ਗੇੜਾ ਨਾ ਮਾਰ ਆਵਾਂ? ਜ਼ਮੀਨ ਦਾ ਠੇਕਾ ਵੀ ਲੈ ਆਵਾਂਗਾ। ਸਵੀਟੀ ਂਨੂੰ ਵੀ
ਪੇਪਰ ਭਰਾ ਕੇ ਨਾਲ ਹੀ ਲੈ ਆਵਾਂਗਾ।”
ਇੰਡੀਆ ਜਾ ਕੇ ਹਰਮੀਤ ਆਪਣੀ ਸਕੀਮ ਅਨੁਸਾਰ ਇੱਕ ਹੋਰ ਕੁੜੀ ਰਾਣੀ ਨਾਲ ਵੀ ਉਸ ਦੇ
ਮਾਂ-ਪਿਉ ਤੋਂ ਪੰਦਰਾਂ ਲੱਖ ਮਾਂਜ ਕੇ ਇੱਕ ਅਜਿਹੇ ਜੰਜ-ਘਰ ‘ਚ ਜਾਅਲੀ ਵਿਆਹ ਕਰਵਾ
ਆਇਆ। ਇਹ ਮੈਰਿਜ-ਪੈਲਸ ਵਿਆਹ ਸਮੇਂ ਸੱਭ ਕੁੱਝ ਦਾ ਆਪ ਹੀ ਪਰਬੰਧ ਕਰ ਦਿੰਦੇ ਨੇ।
ਮਾਂ-ਬਾਪ,ਰਿਸ਼ਤੇਦਾਰ ਤੇ ਬਰਾਤੀਆਂ ਦਾ ਕਰਾਏ ਤੇ ਇੰਤਜ਼ਾਮ ਕਰ ਦਿੰਦੇ ਹਨ। ਰਾਣੀ ਦੇ
ਮਾਂ-ਪਿਉ ਨੂੰ ਕਿਹਾ ਨਕਦ ਨਰਾਇਣ ਤੋਂ ਬਿਨਾਂ ਬਾਕੀ ਸੱਭ ਖਰਚ ਮੈਂ ਹੀ ਕਰਾਂਗਾ ਤਾਂ
ਜੋ ਜਾਅਲੀ ਵਿਆਹ ਦਾ ਚੁਰਾਹੇ ‘ਚ ਭਾਂਡਾ ਨਾ ਫੁੱਟ ਜਾਵੇ। ਇਹ ਏਨੀ ਸਫਾਈ ਨਾਲ ਕੀਤਾ
ਕਿ ਸੱਭ ਕੁੱਝ ਨਿਰਵਘਨ ਸਿਰੇ ਚੜ੍ਹ ਗਿਆ। ਰਾਣੀ ਨਾਲ ਦੋ ਕੁ ਹਫਤੇ ਬਿਤਾ ਕੇ ਬਹੁਤ
ਜਲਦੀ ਉਸ ਨੂੰ ਕੈਨੇਡਾ ਬੁਲਾ ਲੈਣ ਦਾ ਲਾਰਾ ਲਾ ਆਇਆ। ਪੇਪਰ ਉਸ ਦੇ ਪਿੰਡ ਭੇਜੇਗਾ
ਸੋ ਉਹ ਆਪਣੇ ਪਿੰਡ ਹੀ ਰਹੇ ਦੀ ਵੀ ਪੱਕੀ ਕਰ ਆਇਆ।
ਸੋ
ਰਾਣੀ ਬੜੀ ਬੇਸਬਰੀ ਨਾਲ ਕੈਨੇਡਾ ਜਾਣ ਦੀ ਉਡੀਕ ‘ਚ ਔਂਸੀਆਂ ਪਾਉਂਦੀ ਰਹੀ। ਦੱਸੇ
ਫੋਨ ਨੰਬਰ ਤੇ ਫੋਨ ਕਰਦੀ ਪਰ ਕੋਈ ਜਵਾਬ ਨਾ ਮਿਲਦਾ ਤੇ ਅਪਰੇਟਰ ਦੀ ਆਵਾਜ਼ ਹੀ ਸੁਨਣ
ਨੂੰ ਮਿਲਦੀ, “ਇਹ ਨੰਬਰ ਤਾਂ ਕੱਟਿਆ ਜਾ ਚੁਕਾ ਹੈ।”
ਸਪਾਉਂਸਿਰਸਿ਼ਪ ਦੇ ਕਾਗਜ਼ਾ ਨੂੰ ਵੀ ਬਹੁਤ ਦੇਰ ਹੋਈ ਜਾਂਦੀ ਦੇਖ ਕੇ ਇੱਕ ਦਿਨ ਦੱਸੇ
ਹੋਏ ਸੌਹਰੇ ਪਿੰਡ ਗਏ ਤੇ ਹਰਮੀਤ ਦੇ ਮਾਂ-ਪਿਉ ਬਾਰੇ ਪੁੱਛ-ਗਿੱਛ ਕੀਤੀ ਤਾਂ ਕੁੱਛ
ਪਿੜ-ਪੱਲੇ ਨਾ ਪਿਆ। ਹੁਣ ਉਨ੍ਹਾਂ ਨੂੰ ਸਮਝ ਪਈ ਕਿ ਧੋਖਾ ਹੋ ਗਿਆ ਐ।
ਪੁਲਸ ‘ਚ ਰੀਪੋਰਟ ਕਰਨ ਵਾਰੇ ਸੋਚਿਆ, ਪਰ ਮੁੰਡੇ ਦਾ ਅਤੇ ਪਰਿਵਾਰ ਦਾ ਤਾਂ ਕੋਈ
ਅਤਾ-ਪਤਾ ਹੀ ਨਹੀਂ ਹੈ। ਸੋ ਸਬਰ ਦਾ ਘੁੱਟ ਭਰਨ ਬਿਨਾ ਹੋਰ ਕੋਈ ਚਾਰਾ ਨਾ ਲੱਭਾ।
ਆਪਣੇ ਆਪ ‘ਚ ਸਾਰਾ ਪਰਿਵਾਰ ਵਿਸ ਘੋਲਦਾ ਰਿਹਾ।
ਏਸੇ
ਸਮੇ ਅਖਬਾਰਾਂ ‘ਚ ਆਮ ਖਬਰਾਂ ਆਉਣ ਲੱਗਿਆਂ ਕਿ ਪਰਵਾਸੀ ਮੁੰਡੇ-ਕੁੜੀਆਂ ਵੱਲੋਂ ਵਿਆਹ
ਦੇ ਪਵਿੱਤਰ ਬੰਧਨ ਦੇ ਨਾ ਹੇਠਾਂ ਠੱਗੀਆਂ ਵੀ ਮਾਰੀਆਂ ਜਾਣ ਲੱਗੀਆਂ ਨੇ। ਪੈਸੇ ਤਾਂ
ਆਮ ਹੀ ਲਏ ਜਾਂਦੇ ਨੇ। ਸੋ ਲਾੜੇ-ਲਾੜੀਆਂ ਦੀ ਪੜਤਾਲ ਕਰਕੇ ਵਿਆਹ ਕਰੋ ਆਪਣੇ ਬੱਚਿਆਂ
ਦਾ ਤਾਂ ਜੋ ਧੋਖਾ ਨਾ ਹੋ ਜਾਵੇ। ਇੱਕ ਐਮ-ਪੀ ਵੀ ਇਸ ਵਿਸ਼ੇ ਤੇ ਧੋਖੇ ਤੋਂ ਬਚਣ ਲਈ
ਖਬਰਦਾਰ ਕਰ ਰਿਹਾ ਸੀ, ਪਰ ਮੁੰਡੇ-ਕੁੜੀਆਂ ਨੂੰ ਬਾਹਰ ਭੇਜਣ ਲਈ ਪਰਿਵਾਰ ਏਨ੍ਹਾਂ
ਖਬਰਾਂ ਦੀ ਕੋਈ ਪਰਵਾਹ ਨਹੀਂ ਸੀ ਕਰ ਰਹੇ। ਵੱਡੀ ਉਮਰ ਦੇ ਮੁੰਡਿਆਂ ਨਾਲ ਵੀ ਆਪਣੀਆਂ
ਕੁੜੀਆਂ ਨੂੰ ਖੂਹ-ਖਾਤਿਆਂ ‘ਚ ਧੱਕੇ ਦੇਈ ਜਾ ਰਹੇ ਸੀ ਕੇਵਲ ਬਾਕੀ ਸਾਰੇ ਪਰਿਵਾਰ
ਨੂੰ ਬਾਹਿਰ ਲਿਜਾਣ ਲਈ।
ਓਧਰ
ਜਿਨ੍ਹਾਂ ਪਰਵਾਸੀ ਮੁੰਡਿਆਂ-ਕੁੜੀਆਂ ਨੂੰ ਛੇਤੀ ਅਮੀਰ ਬਨਣ ਲਈ ਧਨ ਕਮਾਉਂਣ ਲਈ ਇਹ
ਠੱਗੀ-ਰੂਪੀ ਵਿਆਹ ਦਾ ਧਨ-ਰੂਪੀ ਲਹੂ ਮੂੰਹ ਨੂੰ ਲੱਗ ਜਾਂਦਾ ਐ, ਉਹ ਅਜਿਹੀਆਂ ਖਬਰਾਂ
ਦੀ ਕੋਈ ਪਰਵਾਹ ਨਹੀਂ ਕਰਦੇ। ਹਰਮੀਤ ਦੀ ਵੀ ਇਹ ਆਦਤ ਪੱਕੀ ਹੋ ਚੁੱਕੀ ਸੀ। ਹੁਣ ਉਹ
ਫਿਰ ਤੀਸਰੀ ਸ਼ਾਦੀ ਦੀ ਸਕੀਮ ਸੋਚਣ ਲੱਗਾ ਸੀ। ਇਸ ਬਿਉਂਤ ਦਾ ਇਕ ਦਿਨ ਉਸ ਦੀ ਮਾਂ
ਨੇ ਹੀ ਮੁੱਢ ਬੰਨ੍ਹ ਦਿੱਤਾ ਇਹ ਪੁੱਛ ਕੇ, “ਹਰਮੀਤ, ਸਵੀਟੀ ਹੁਣ ਤੱਕ ਆਈ ਕਿਉਂ
ਨਹੀਂ? ਤੂੰ ਉਸ ਨੂੰ ਕਾਗਜ ਵੀ ਦੇ ਆਇਆ ਸੀ ਏਥੇ ਆਉਣ ਦੇ? ਮੈਨੂੰ ਤਾਂ ਸ਼ੱਕ ਜਾਪਦਾ,
ਤੂੰ ਉਸ ਨੂੰ ਸੱਦਣਾ ਨਹੀਂ ਚਾਹੁੰਦਾ? ਉਸ ਵਿਚ ਕੀ ਨੁਕਸ ਦਿਸ ਪਿਆ ਹੁਣ ਤੈਨੂੰ? ਆਪ
ਪਸੰਦ ਕੀਤੀ ਸੀ ਸਵੀਟੀ। ਇਸ ਤਰ੍ਹਾਂ ਕਿਸੇ ਦੀ ਕੁੜੀ ਨੂੰ ਛੱਡਣਾ ਠੀਕ ਨਹੀਂ ਹੁੰਦਾ।
ਸੋਚ ਜੇ ਤੇਰੀਆਂ ਭੈਣਾ ਨਾਲ ਕੋਈ ਇਸ ਤਰ੍ਹਾਂ ਕਰੇ। ਆਪਾਂ ਨੂੰ ਕਿਨਾ ਦੁਖ ਲੱਗੇਗਾ?
ਉਸ ਨੂੰ ਜਲਦੀ ਸੱਦ ਲੈ। ਜੇ ਨਹੀਂ ਸੱਦਣਾ ਤਾਂ ਹੋਰ ਥਾਂ ਹੀ ਵਿਆਹ ਕਰਵਾ ਲੈ, ਭਾਵੇਂ
ਸਾਡਾ ਦਿਲ ਤਾਂ ਨਹੀਂ ਮੰਨਦਾ।”
“ਹਾਂ, ਤੁਹਾਡੀ ਇਹ ਸਲਾਹ ਮਨਜ਼ੂਰ ਐ। ਪਰ ਤੁਸੀਂ ਵੀ ਮੇਰੇ ਨਾਲ ਚੱਲੋ। ਚੁੱਪ-ਚਪੀਤੇ
ਉਨ੍ਹਾਂ ਨੂੰ ਦੱਸੇ ਬਿਨਾ ਹੀ ਕਰਵਾ ਆਵਾਂਗੇ। ਆਕੇ ਉਸ ਕੁੜੀ ਨੂੰ ਸਪਾਉਂਸਰ ਵੀ
ਜ਼ਰੂਰ ਕਰ ਦੇਵਾਂਗਾ ਹੁਣ ਆਪਣੇ ਕੋਲ ਸੱਭ ਕੁੱਝ ਬਣ ਗਿਆ ਐ।”ਹਰਮੀਤ ਨੇ ਕਿਹਾ।
ਸੋ
ਤਿੱਕੜੀ ਕੁੜੀਆਂ ਨੂੰ ਪਿੱਛੇ ਛੱਡ ਪਿੰਡ ਇੰਡੀਆ ਜਾ ਪਹੁੰਚੀ। ਕਈ ਕੁੜੀਆਂ ਵਿਚੋਂ ਇਕ
ਕੁੜੀ ਲਵਲੀ ਪਸੰਦ ਕਰ ਲਈ। ਚੋਰ ਚੋਰੀ ਤੋਂ ਜਾਏ ਪਰ ਹੇਰਾ-ਫੇਰੀ ਤੋਂ ਨਾ ਜਾਏ।
ਹਰਮੀਤ ਨੇ ਮਾਂ-ਪਿਉ ਨੂੰ ਦੱਸੇ ਬਿਨਾ ਲਵਲੀ ਦੇ ਮਾਪਿਆਂ ਤੋਂ ਵੀ ਪੰਦਰਾਂ ਲੱਖ ਲੈ
ਲਿਆ। ਵਿਆਹ ਦਾ ਸਾਰਾ ਖਰਚ ਵੀ ਉਨ੍ਹਾਂ ਨੇ ਹੀ ਕਰਨਾ ਸੀ। ਰਸਮਾਂ ਸਾਦੀਆਂ ਕਰਨ ਨੂੰ
ਕਿਹਾ ਇਹ ਜ਼ਾਹਿਰ ਕਰਨ ਲਈ ਕਿ ਲੈਣ-ਦੇਣ ਦੀ ਸਾਨੂੰ ਭੁੱਖ ਨਹੀਂ। ਵਿਆਹ ਦੀ ਤਰੀਕ
ਮਿਥ ਕੇ ਕਾਰਡ ਛਪਵਾ ਕੇ ਦੋਵਾਂ ਧਿਰਾਂ ਨੇ ਰਿਸ਼ਤੇਦਾਰਾਂ ਨੂੰ ਦੇ ਦਿੱਤੇ। ਤੈ ਹੋਈ
ਤਰੀਕ ਨੂੰ ਬਰਾਤ ਲੈ ਕੇ ਹੀਰਾ-ਪੈਲਿਸ ਜਾ ਪਹੁੰਚੇ। ਪੈਲਸ ਖੂਬ ਸੱਜਿਆ ਹੋਇਆ ਸੀ।
ਮੁੱਖ-ਦੁਆਰ ਤੇ ਬੈਂਡ ਸੁਆਗਤ ਕਰ ਰਿਹਾ ਸੀ। ਅੰਦਰ ਵੜਦਿਆਂ ਮਿਲਣੀ ਦੀ ਦਖਾਵੇ ਵਾਸਤੇ
ਸਾਦੀ ਜਿਹੀ ਰਸਮ ਹਾਰਾਂ ਨਾਲ ਹੀ ਕਰਵਾਈ। ਇਹ ਜ਼ਾਹਰ ਕੀਤਾ ਕਿ ਸਾਨੂੰ ਲੈਣ-ਦੇਣ ਦੀ
ਕੋਈ ਭੁੱਖ ਹੀ ਨਹੀਂ। ਸਾਡੇ ਕੋਲ ਕੈਨੇਡਾ ‘ਚ ਰੱਬ ਦਾ ਦਿੱਤਾ ਸੱਭ ਕੁੱਝ ਐ।
ਮੈਰਿਜ-ਪੈਲਿਸ ਦੇ ਅੰਦਰ ਦਾਖਲ ਹੁੰਦਿਆਂ ਆਰਕੈਸਟਰੇ ਨੇ ਸਵਾਗਤ ਕੀਤਾ। ਗਾਉਣ ਵਾਲੀ
ਨੇ ਆਪਣਾ ਨਾਚ-ਗਾਣਾ ਸ਼ੁਰੂ ਕਰ ਲਿਆ। ਚਾਹ-ਪਾਣੀ ਤੇ ਹਰ ਪਰਕਾਰ ਦਾ ਖਾਣ ਲਈ ਹਰ
ਕਿਸਮ ਦੀ ਮਠਿਆਈ ਤੇ ਕਈ ਕਿਸਮ ਦੇ ਪਕੌੜੇ ਤੇ ਲਟਰਮ-ਪਟਰਮ ਨਾਲ ਮੇਜ਼ ਭਰੇ ਪਏ ਸਨ।
ਸੱਭ ਨੇ ਖਾ ਕੇ ਗਾਉਣ ਵਾਲੀ ਦੇ ਨਾਚ ਗਾਣੇ ਦਾ ਅਨੰਦ ਮਾਨਣਾ ਸ਼ੁਰੂ ਕਰ ਦਿੱਤਾ।
ਜਿਨ੍ਹਾਂ ਨੇ ਲਾਵਾਂ ਤੇ ਨਹੀਂ ਜਾਣਾ ਸੀ ਉਹ ਪੀ ਕੇ ਭੰਗੜਾ ਪਾਉਣ ਲੱਗ ਗਏ।
ਇਹ
ਕੀ? ਅਚਾਨਿਕ ਹਾਲ ‘ਚ ਦਗੜ-ਦਗੜ ਕਰਦੀ ਡੀ.ਐਸ.ਪੀ. ਦੀ ਅਗਵਾਈ ‘ਚ ਪੁਲਸ ਪਾਰਟੀ ਆ
ਧਮਕੀ। ਇੱਕ ਦੰਮ ਆਰਕੈਸਟਰਾ ਸੌਂ ਗਿਆ। ਘੁੰਗਰੂਆਂ ਦੀ ਛਣਕਾਰ ਰੁਕ ਗਈ। ਗਾਉਣ ਵਾਲੀ
ਦੇ ਬੋਲ ਸੰਘ ‘ਚ ਹੀ ਦੰਮ ਤੋੜ ਗਏ। ਹਾਲ ‘ਚ ਸਨਾਟਾ ਛਾ ਗਿਆ। ਸਟੇਜ ਖਾਲੀ ਹੋ ਗਈ।
ਸੱਭ ਪਿਛਲੇ ਪਾਸੇ ਦੀ ਅਲੋਪ ਹੋ ਗਏ। ਡੀ.ਐਸ.ਪੀ. ਗਰਜਿਆ, “ਸੱਭ ਆਪੋ-ਆਪਣੀ ਥਾਂ
ਟਿਕੇ ਰਹੋ। ਕੋਈ ਨਾ ਬਾਹਰ ਜਾਵੇ।” ਸਟੇਜ ਦੇ ਲਾਗੇ ਦੀ ਮੇਜ਼ ਦੁਆਲੇ ਬੈਠੇ ਸਿਹਰਿਆਂ
ਨਾਲ ਸਜੇ ਲਾੜੇ ਹਰਮੀਤ ਨੂੰ ਜਾ ਹੱਥ-ਕੜੀ ਠੋਕੀ।
“ਤੁਸੀਂ ਪਿਹਲਾਂ ਮੈਨੂੰ ਮੇਰਾ ਜੁਰਮ ਦੱਸੋ? ਕਿਹੜੇ ਕਾਨੂਨ ਤਹਿਤ ਮੈਨੂੰ ਫੜ ਰਹੇ
ਹੋ? ਪਿਹਲਾਂ ਗਿਰਿਫਤਾਰੀ-ਵਾਰੰਟ ਦਖਾਉ, ਫੇਰ ਹੀ ਮੈਨੂੰ ਗਿਰਿਫਤਾਰ ਕਰ ਸਕਦੇ ਹੋ।”
ਹਰਮੀਤ ਪੁੱਛਣ ਲੱਗਾ।
“ਓਏ
ਸਕੰਦਰਾ, ਇਹਨੂੰ ਵਾਰੰਟ ਦਿਖਾ।'' ਦੋ ਡੰਡੇ ਆਪ ਵੀ ਜੜਦਿਆਂ ਡੀ.ਐਸ.ਪੀ. ਨੇ ਛੋਟੇ
ਥਾਨੇਦਾਰ ਸਕੰਦਰ ਨੂੰ ਇਸ਼ਾਰਾ ਕੀਤਾ।
ਸਕੰਦਰ ਨੇ ਹੁਕਮ ਨੂੰ ਸਮਝਦਿਆਂ ਹਰਮੀਤ ਨੂੰ ਢਾ ਲਿਆ। ਨਾਲ ਹੀ ਹੋਰ ਸਪਾਹੀ ਲੱਗ ਗਏ।
ਖੂਬ ਗਿੱਦੜ-ਕੁਟ ਕੀਤੀ। ਸਿਹਰਿਆਂ ਵਾਲੀ ਪਗੜੀ ਕਿਧਰੇ ਰੁਲਦੀ ਫਿਰੇ ਤੇ ਉਸ ਦਾ ਬੁਰਾ
ਹਾਲ ਕਰ ਦਿੱਤਾ।
ਇਹ
ਕੁੱਝ ਹੁੰਦਾ ਦੇਖ ਕੇ ਉਸ ਦਾ ਪਿਉ ਕਰਨੈਲ ਸਿੰਘ ਹੱਥ ਬੰਨ੍ਹ ਕੇ ਡੀ.ਐਸ.ਪੀ. ਨੂੰ
ਅਰਜ਼ ਕਰਨ ਲੱਗਾ, “ਮਾਈ-ਬਾਪ ਮੇਰੇ ਮੁੰਡੇ ਦਾ ਕਸੂਰ ਤਾਂ ਮੇਰੇ ਪੱਲੇ ਪਾਉ। ਇਸ ਨੂੰ
ਕਿਹੜੇ ਜੁਰਮ ਹੇਠ ਮਾਰ-ਮਾਰ ਬੁਰਾ ਹਾਲ ਕਰੀਂ ਜਾ ਰਹੇ ਹੋ?” ਅਸੀਂ ਸ਼ਰੀਫ ਆਦਮੀ ਆਂ,
ਕਨੇਡਾ ਤੋਂ ਮੁੰਡਾ ਵਿਆਉਣ ਆਏ ਆਂ। ਕੋਈ ਦਾਜ-ਦਹੇਜ ਨਹੀਂ ਲਿਆ ਕੁੜੀ ਵਾਲਿਆਂ ਤੋਂ।
ਅਸੀਂ ਤਾਂ ਸਾਦਾ ਵਿਆਹ ਦੇ ਹੱਕ ‘ਚ ਸੀ, ਪਰ ਕੁੜਮ ਸਾਹਿਬ ਖਾਦੇ-ਪੀਂਦੇ ਤਕੜੇ ਸਰਦਾਰ
ਨੇ। ਆਪਣੀ ਬੱਲੇ-ਬੱਲੇ ਕਰਵਾਉਣ ਲਈ ਇਹ ਸੱਭ ਅਡੰਬਰ ਆਪਣੀ ਖੁਸ਼ੀ ਨਾਲ ਕਰ ਰਹੇ ਨੇ।”
“ਬੱਲੇ ਓ ਵੱਡਿਆ ਸ਼ਰੀਫਾ? ਜਿਵੇਂ ਕੁੱਝ ਜਾਣਦਾ ਈ ਨਹੀਂ? ਕੰਜਰਾ ਦੱਸਦੇ ਆਂ ਥਾਣੇ
ਚੱਲ ਕੇ। ਹੋਰ ਕੌਣ ਆਇਆ ਤੁਹਾਡੇ ਨਾਲ?”ਡੀ.ਐਸ.ਪੀ. ਨੇ ਦਬਕਾ ਮਾਰਿਆ। ਨਾਲੇ ਦੋ-ਤਿਨ
ਡੰਡੇ ਮੌਰਾਂ ‘ਚ ਜੜ ਦਿੱਤੇ।
“ਜੀ, ਬਸੰਤ ਕੁਰ ਐ ਮੇਰੇ ਘਰ ਵਾਲੀ ਨਾਲ ਆਈ। ਬਾਕੀ ਸੱਭ ਕੁੜੀਆਂ ਕਨੇਡੇ ਈ ਨੇ।”
ਕਰਨੈਲ ਸਿੰਘ ਦਾ ਮਸਾਂ ਈ ਬੋਲ ਸੰਘ ‘ਚੋਂ ਨਿਕਲਿਆ। ਇੱਕ ਸਿਪਾਹੀ ਨੇ ਉਸ ਨੂੰ ਵੀ
ਹੱਥ-ਕੜੀ ‘ਚ ਜਕੜ ਕੇ ਅੱਗੇ ਲਾ ਲਿਆ ਤੇ ਧੱਕਾ ਮਾਰਦਾ ਕਹਿੰਦਾ, “ਦੱਸ ਮਰ ਬਸੰਤੀ
ਕਿੱਥੇ ਐ?”
“ਔਹ
ਖੜੀ ਐ ਜੀ ਤੀਮੀਆਂ ਵਾਲੇ ਪਾਸੇ। ਹੁਣ ਤੱਕ ਉਹ ਹੀ ਇਕੱਲੀ ਰਹਿ ਗਈ ਐ ਜੀ।” ਉਸ ਨੇ
ਬਸੰਤ ਕੁਰ ਵੱਲ ਹੱਥ ਕੀਤਾ।
“ਪਰਮਿੰਦਰ, ਪਾ ਇਸ ਦੇ ਗੁੱਟ ਨੂੰ ਵੀ ਚੂੜਾ। ਸੋਚਦੀ ਹਊ, ਮੈਨੂੰ ਕਿਉਂ ਪਿੱਛੇ ਛੱਡ
ਦਿੱਤਾ? ਕੁੜਮਾਂ ਤੋਂ ਤਾਂ ਕਹਿੰਦੇ ਨੇ ਕੋਈ ਗਹਿਣੇ ਨਹੀਂ ਪੁਆਏ।” ਡੀ.ਐਸ.ਪੀ. ਨੇ
ਲੇਡੀ ਕਾਂਸਟੇਬਲ ਨੂੰ ਹੁਕਮ ਦਿੱਤਾ।
ਤਿੰਨਾ ਨੂੰ ਬਾਹਿਰ ਖੜੀ ਜੀਪ ਕੋਲ ਲੈ ਆਏ। ਹਰਮੀਤ ਦੀ ਤਾਂ ਖਾਨਿਉਂ ਗਈ, ਜਦੋ ਜੀਪ
ਕੋਲ ਖੜੀ ਕਾਰ ‘ਚ ਬੈਠੀਆਂ ਸਵੀਟੀ ਤੇ ਰਾਣੀ ਨੂੰ ਸਮੇਤ ਉਨ੍ਹਾਂ ਦੇ ਪਿਉਆਂ ਨੂੰ ਦੇਖ
ਲਿਆ। ਉਹ ਚਾਰੇ ਕਾਰ ‘ਚੋਂ ਬਾਹਰ ਆ ਗਏ ਸੀ। ਉਹ ਇਹ ਨਜ਼ਾਰਾ ਦੇਖ ਕੇ ਖੁਸ਼ ਵੀ ਸੀ
ਤੇ ਦੁਖੀ ਵੀ। ਦੁਖੀ ਇਸ ਕਰਕੇ ਕਿ ਸਾਡੀਆਂ ਕੁੜੀਆਂ ਦਾ ਤਾਂ ਕੁੱਝ ਨਹੀਂ ਸੌਰਨਾ।
ਖੁਸ਼ ਇਸ ਲਈ ਕਿ ਸਜ਼ਾ ਤਾਂ ਮਿਲੇਗੀ। ਡੀ.ਐਸ.ਪੀ. ਨੇ ਸਵੀਟੀ ਤੇ ਰਾਣੀ ਤੋਂ
ਪੁਛਿੱਆ, “ਕੁੜੀਓ, ਇਹ ਹੀ ਹਰਾਮਜ਼ਾਦਾ ਹਰਮੀਤ ਐ, ਜਿਸ ਨੇ ਤੁਹਾਡੇ ਜੀਵਨ ਬਰਬਾਦ
ਕੀਤੇ ਨੇ? ਮਾਂ ਦਾ ਖਸਮ ਹੁਣ ਫੇਰ ਸਿਹਰੇ ਬਨ੍ਹ ਕੇ ਲਾੜਾ ਬਣਿਆ ਹੋਇਆ। ਮੇਰੇ ਸਾਲੇ
ਨੇ ਸ਼ਰਮ ਘੋਲ ਕੇ ਹੀ ਪੀ ਲਈ ਹੈ।”
“ਹਾਂ ਜੀ।” ਦੋਵੇਂ ਇਕੱਠੀਆਂ ਹੀ ਬੋਲ ਪਈਆਂ।“ ਇਹ ਹੀ ਕੁੱਤਾ, ਨੀਚ ਤੇ ਕਮੀਨਾ ਹੀ
ਸਾਡੀਆਂ ਜਿ਼ੰਦਗੀਆਂ ਨੂੰ ਤਬਾਹ ਕਰਕੇ ਤੇ ਇਜ਼ਤਾਂ ਮਿੱਟੀ ‘ਚ ਰੋਲ ਕੇ ਆਪ ਹੁਣ
ਕੈਨੇਡਾ ‘ਚ ਐਸ਼ ਕਰਦਾ। ਇਸ ਨੂੰ ਸਾਰੀ ਉਮਰ ਜੇਲ ਦੀ ਹਵਾ ਖਵਾਓ, ਤਾਂ ਸਾਡੇ ਹਿਰਦੇ
ਸ਼ਾਂਤ ਹੋਣਗੇ।”
“ਜਨਾਬ ਇਸ ਨੇ ਕਦੋਂ ਕਾਬੂ ਆਉਣਾ ਸੀ, ਇਹ ਤਾਂ ਸਾਡੇ ਨੇੜੇ ਦੇ ਰਿਸ਼ਤੇਦਾਰ ਨੂੰ
ਜਿਹੜਾਂ ਇਨ੍ਹਾਂ ਦਾ ਵੀ ਸੰਬੰਧੀ ਐ ਨੇ ਵਿਆਹ ਦਾ ਕਾਰਡ ਮਿਲੇ ਤੇ ਸਾਨੂੰ ਦੱਸਿਆ।
ਹੁਣ ਇਨ੍ਹਾਂ ਦੇ ਰਗੜ-ਬਾਲੇ ਕਢਾ ਕੇ ਐਸਾ ਸਬਕ ਸਖਾਵੋ, ਕਿ ਹੋਰਾਂ ਨੂੰ ਵੀ ਕੰਨ ਹੋ
ਜਾਣ।” ਸਵੀਟੀ ਦੇ ਪਿਓ ਨੇ ਭੜਾਸ ਕੱਢਦੇ ਨੇ ਕਿਹਾ।
ਕੋਲੋਂ ਰਾਣੀ ਦੇ ਪਿਓ ਨੇ ਹੈਰਾਨ ਹੁੰਦੇ ਨੇ ਦੱਸਿਆ, “ਰਾਣੀ ਦੇ ਵਿਆਹ ਵੇਲੇ ਇਸ ਦੇ
ਹੋਰ ਹੀ ਮਾਂ-ਬਾਪ ਸੀ। ਕਿੱਡਾ ਧੋਖਬਾਜ਼ ਐ ਇਹ। ਸਾਡੇ ਤੋਂ ਪੰਦਰਾਂ ਲੱਖ ਵੀ ਦਹੇਜ
‘ਚ ਲੈ ਗਿਆ। ਕੁੜੀ ਸਾਡੇ ਬੂਹੇ ਹੀ ਬੈਠੀ ਐ। ਪੈਸੇ ਤਾਂ ਲਾਏ ਸੀ ਵਈ ਬਾਕੀ ਬੱਚੇ ਜਾ
ਕੇ ਸੈੱਟ ਕਰਕੇ ਕਮਾ ਲਵਾਂਗੇ। ਇਸ ਕੰਜਰ ਨੇ ਆਹ ਹੋਰ ਹੀ ਚੰਦ ਚਾੜ੍ਹ ਦਿੱਤਾ ਧੋਖਾ
ਕਰਕੇ। ਹਰਾਮੀ ਨੇ ਆਹ ਕਮਾਈ ਦਾ ਹੋਰ ਹੀ ਰਾਹ ਫੜਿਆ ਹੋਇਆ। ਬੇਸ਼ਰਮ ਦੇ ਆਪਣੀ ਕੋਈ
ਭੈਣ ਨਹੀਂ ਹੋਣੀ? ਪਿਓ ਨੂੰ ਵੀ ਹਿਆ ਨੇੜੇ-ਤੇੜੇ ਨਹੀਂ ਜਾਪਦੀ, ਤਾਂ ਹੀ ਰੋਕਦੇ
ਨਹੀਂ। ਸਗੋਂ ਨਾਲ ਮੂੰਹ ਚੁੱਕ ਕੇ ਆ ਗਏ ਨੇ। ਹਜ਼ੂਰ ਹੁਣ ਇਹ ਸੁੱਕੇ ਨਾ ਜਾਣ।”
ਇਹ
ਗੱਲਾਂ ਚੱਲ ਹੀ ਰਹੀਆਂ ਸੀ ਕਿ ਹੁਣ ਵਿਆਹ ਵਾਲੀ ਕੁੜੀ ਲਵਲੀ ਦਾ ਪਿਤਾ ਪਰਤਾਪ ਸਿੰਘ
ਵੀ ਪੰਚਾਇਤ ਲੈ ਕੇ ਆ ਹਾਜ਼ਰ ਹੋਇਆ। ਪੰਚਾਇਤ ਡੀ.ਐਸ.ਪੀ. ਂਨੂੰ ਬੇਨਤੀ ਕਰਨ ਲੱਗੀ,
“ਮਾਪਿਓ ਸਾਡੀ ਵੀ ਅਰਜ਼ ਐ, ਜੇ ਹੁਕਮ ਹੋਵੇ ਤਾਂ ਦੱਸੀਏ?”
“ਦੱਸੋ-ਦੱਸੋ, ਇਹ ਹੀ ਤਾਂ ਮੌਕਾ। ਡਰੋ ਨਾ, ਖੁਲ੍ਹ ਕੇ ਦੱਸੋ ਤਾਂ ਜੋ ਇਨ੍ਹਾਂ ਦਾ
ਚੰਗੀ ਤਰ੍ਹਾਂ ਮੱਕੂ ਠੱਪਿਆ ਜਾ ਸਕੇ।” ਡੀ.ਐਸ.ਪੀ. ਤਾੜ ਗਿਆ ਸੀ ਮਾਮਲਾ।
“ਪਰਤਾਪ ਸਿਹਾਂ, ਹੁਣ ਮੌਕਾ ਏ ਤੇ ਆਪ ਹੀ ਜਨਾਬ ਹੋਰਾਂ ਨੂੰ ਸੱਭ ਕੁੱਝ ਦੱਸ ਦੇ।”
ਸਰਪੰਚ ਨੇ ਕਿਹਾ।
“ਹਜ਼ੂਰ ਮਾਪਿਓ, ਮੈਂ ਵੀ ਲੁੱਟਿਆ ਗਿਆ ਹਾਂ। ਇਨ੍ਹਾਂ ਨੇ ਮੇਰੇ ਕੋਲੋਂ ਵੀ ਪੰਦਰਾਂ
ਲੱਖ ਨਕਦ ਲਿਆ। ਵਿਆਹ ਤੇ ਹੋਰ ਦੋ ਲੱਖ ਲੱਗ ਗਿਆ। ਮੈਂ ਕਬੀਲਦਾਰ ਪੱਟਿਆ ਗਿਆ ਹਾਂ।
ਸਾਰਾ ਖਰਚ ਪੈਲੀ ਸਰਪੰਚ ਕੋਲ ਗਿਹਨੇ ਰੱਖ ਕੇ ਕੀਤਾ ਹੈ।” ਪਰਤਾਪ ਸਿੰਘ ਨੇ ਆਪਣਾ
ਰੋਣਾ ਰੋਇਆ।
“ਹਾਂ ਵਈ ਜੋ ਹੋ ਸਕਿਆ ਕਰਾਂਗਾ। ਪਰਤਾਪ ਦੇ ਇਨ੍ਹਾਂ ਦੇ ਹੱਡਾਂ ‘ਚੋਂ ਕਢਾਂ
ਲਵਾਂਗਾ, ਤਾਜ਼ੇ ਹੀ ਲਏ ਨੇ। ਤੁਸੀਂ ਲੋਕ ਬੱਚੇ ਬਾਹਰ ਭੇਜ ਕੇ ਆਪ ਵੀ ਮਗਰੋਂ ਜਾਣ
ਦੇ ਲਾਲਚ ਕਰਕੇ ਖੂਹ ‘ਚ ਡਿੱਗੀ ਜਾ ਰਹੇ ਓ। ਪਹਿਲਾਂ ਸੋਚਦੇ ਨਹੀਂ। ਹੁਣ ਤਾਂ ਅਖਬਾਰ
ਵੀ ਰੌਲਾ ਪਾ ਰਹੇ ਹਨ ਕਿ ਠੱਗ ਲਾੜਿਆਂ-ਲਾੜੀਆਂ ਦੇ ਧੋਖਿਆਂ ਤੋਂ ਬਚੋ। ਹੁਣ ਅਸੀਂ
ਤਾਂ ਆਪਣੀ ਪੂਰੀ ਵਾਹ ਲਾ ਕੇ ਇਨ੍ਹਾਂ ਨੂੰ ਸਜ਼ਾ ਕਰਵਾਉਣ ਦੀ ਕੋਸ਼ਸ਼ ਕਰਾਂਗੇ
ਹੀ।”ਡੀ.ਐਸ.ਪੀ. ਤਸੱਲੀ ਦਿੰਦਾ ਤਿੰਨਾ ਨੂੰ ਲੈ ਗਿਆ।
(ਜਰਨੈਲ ਸਿੰਘ ਗਰਚਾ, ਬਰੈਂਪਟਨ, 905-455-6013)
(22 ਜੂਨ 2006)