“ਬੱਲੇ! ਬੱਲੇ!! ਕੀੜੀ ਦੇ ਘਰ ਭਗਵਾਨ?”
ਪਿਆਰਾ ਸਿੰਘ ਨੇ ਰਾਮ ਸਰੂਪ ਨੂੰ ਆਪਣੇ ਘਰ ਦੇ ਵਿਹੜੇ ਵਿੱਚ ਆਇਆ ਖੜ੍ਹਾ ਦੇਖ ਕੇ
ਆਖਿਆ। ਫਿਰ ਆਪ ਹੀ ਆਪਣੇ ਮਿੱਤਰ ਦਾ ਉਦਾਸਿਆ ਹੋਇਆ ਚਿਹਰਾ ਦੇਖ ਕੇ ਆਖਣ ਲੱਗਾ,
“ਕੀ
ਭਾਣਾ ਵਰਤ ਗਿਆ ਰਾਮ ਸਰੂਪ? ਤੂੰ ਤਾਂ ਹਿੰਮਤ ਹਾਰਨ ਵਾਲਾ ਬੰਦਾ ਨਹੀਂ।”
“ਹਿੰਮਤ
ਤਾਂ ਨਹੀਂ ਹਾਰਦਾ ਮੈਂ ਪਰ ...”
“ਪਰ
ਕੀ?”
“ਕੀ
ਦੱਸਾਂ ਬੇਲੀਆ, ... ਕਨੇਡੇ ਦਾ ਵੀਜਾ ਆ ਗਿਆ ...।”
“ਫਿਰ
ਤਾਂ ਬਾਘੀਆਂ ਪਾਉਂਦਾ ਫਿਰ ਸਾਰੇ ਪਿੰਡ ਵਿੱਚ ਕਿ ...”
ਆਖਦਿਆਂ ਪਿਆਰਾ ਸਿੰਘ ਨੇ ਰਾਮ ਸਰੂਪ ਨੂੰ ਜੱਫੀ ਵਿੱਚ
ਘੁੱਟ ਲਿਆ।
ਪਿਆਰਾ ਸਿੰਘ ਅਤੇ ਰਾਮ ਸਰੂਪ ਗੁਆਂਢੀ ਸਨ।
ਇਕੱਠੇ ਖੇਡਦੇ ਵੱਡੇ ਹੋਏ।
ਪੜ੍ਹਦੇ ਵੀ ਇਕੱਠੇ ਰਹੇ। ਪੜ੍ਹਨ ਵਿੱਚ ਦੋਵੇਂ ਹੀ
ਢਿੱਲੇ ਸਨ, ਦੋਵਾਂ ਨੂੰ ਹੀ ਵਾਹੀ ਕਰਨੀ ਪਈ।
ਰਾਮ ਸਰੂਪ ਕੋਲ ਬਾਰਾਂ ਘੁਮਾਂ ਪੈਲੀ ਤਾਂ ਸੀ ਪਰ ਸੀ ਕੁੱਝ
ਰੇਤਲੀ। ਫਸਲ ਮਾੜੀ-ਮੋਟੀ
ਹੀ ਹੁੰਦੀ ਸੀ। ਪਰ ਉਸ ਕੋਲ
ਇੱਕ ਗੁਰ ਸੀ,
ਉਸ ਨੇ ਪਿਉ ਦਾਦੇ ਵਾਲੀ ਜਜਮਾਨੀ ਨਹੀਂ ਸੀ ਛੱਡੀ।
ਧਾਗਾ-ਤਵੀਤ ਵੀ ਕਰ ਲੈਂਦਾ ਸੀ। ਮਾੜੀ ਮੋਟੀ ਹਿਕਮਤ ਵੀ ਆਉਂਦੀ ਸੀ ਉਸ ਨੂੰ।
ਖੇਤੀ ਅਤੇ ਇਨ੍ਹਾਂ ਹੀਲਿਆਂ-ਵਸੀਲਿਆਂ ਨਾਲ ਉਸ ਨੇ
ਦੋਵਾਂ ਮੁੰਡਿਆਂ ਅਤੇ ਕੁੜੀ ਨੂੰ ਚੰਗਾ ਪੜ੍ਹਾ ਲਿਆ।
ਵੱਡਾ ਮੁੰਡਾ ਭੂਸ਼ਨ ਅਮਰੀਕਾ ਤੋਂ ਆਈ ਕੁੜੀ ਨਾਲ ਵਿਆਹ ਕਰਵਾ ਕੇ ਅਮਰੀਕਾ ਜਾ ਸੈੱਟ
ਹੋਇਆ। ਕੁੜੀ ਸਵਿਤਰੀ ਨੂੰ
ਸੋਹਣਾ ਵਰ-ਘਰ ਮਿਲ ਗਿਆ। ਉਹ ਹੁਣ ਆਪਣੇ ਘਰ ਰੰਗੀਂ ਵਸਦੀ ਸੀ।
ਛੋਟਾ ਕੇਵਲ, ਮਾਸਟਰੀ ਛੱਡ ਕੇ ਕਨੇਡਾ ਜਾ ਵੜਿਆ।
ਰਾਮ ਸਰੂਪ ਅਤੇ ਪ੍ਰਮੇਸਰੀ ਨੂੰ ਹੁਣ
ਚੱਤੇ ਪਹਿਰ ਕੇਵਲ ਦੀ ਚਿੰਤਾ ਲੱਗੀ ਰਹਿੰਦੀ। ਕੀ ਕਰਦਾ ਹੋਵੇਗਾ? ਕੀ ਖਾਂਦਾ ਹੋਵੇਗਾ?
ਬਿਗਾਨੇ ਮੁਲਕ ਵਿੱਚ ਕਿਵੇਂ ਦਿਨ ਕੱਢਦਾ ਹੋਵੇਗਾ? -
ਲੰਘਦਾ ਵੜਦਾ ਪਿਆਰਾ ਸਿੰਘ ਧੀਰਜ ਦਿਲਾਸਾ ਦਿੰਦਾ ਰਹਿੰਦਾ। ਜਿਵੇਂ ਕਿਵੇਂ ਦਿਨ ਗੁਜ਼ਰ
ਰਹੇ ਸਨ ਕਿ ਇੱਕ ਦਿਨ ਕੇਵਲ ਦੀ ਚਿੱਠੀ ਆ ਗਈ। ਲਿਖਿਆ ਸੀ,
“
... ਬਾਪੂ, ਮੈਂ ਇੱਥੇ ਇੱਕ ਪੰਜਾਬਣ ਕੁੜੀ ਨਾਲ ਵਿਆਹ ਕਰਵਾ ਲਿਆ ਹੈ। ਪੱਕਾ ਹੋ ਕੇ
ਪਿੰਡ ਗੇੜਾ ਮਾਰਾਂਗਾ। ਫਿਕਰ ਕਰਨ ਵਾਲੀ ਕੋਈ ਗੱਲ ਨਹੀਂ।”
ਕੇਵਲ ਅਤੇ ਉਸਦੀ ਪਤਨੀ ਕ੍ਰਿਸ਼ਨਾ ਦੀਆਂ ਜੌਬਾਂ ਵਧੀਆ ਸਨ ਅਤੇ ਦੋਵੇਂ ਜੀਅ ਹੱਥ ਘੁੱਟ
ਕੇ ਖਰਚ ਕਰਨ ਵਾਲੇ ਸਨ। ਤਿੰਨਾਂ ਚੌਂਹ ਸਾਲਾਂ ਵਿੱਚ ਉਹ ਘਰ ਵਾਲੇ ਵੀ ਬਣ ਗਏ ਅਤੇ
ਦੋਂਹ ਬੱਚਿਆਂ ਦੇ ਮਾਪੇ ਵੀ।
ਪੱਕਾ ਹੋ ਕੇ ਪਿੰਡ ਗੇੜਾ ਮਾਰਨ ਵਾਲੀ ਗੱਲ ਤਾਂ ਅਗਾਂਹ ਪੈਂਦੀ ਗਈ ਪਰ ਮਾਂ ਪਿਓ ਨੂੰ
ਤਿਮਾਹੀ-ਛਿਮਾਹੀ ਕੁਝ ਨਾ ਕੁਝ ਪੈਸੇ ਭੇਜਣ ਵਾਲੀ ਗੱਲ ਤੋਂ ਕੇਵਲ ਕਦੇ ਨਾ ਉੱਕਿਆ। ਜਦੋਂ ਪੈਸੇ ਮਿਲਦੇ ਰਾਮ ਸਰੂਪ ਪੱਬਾਂ
ਭਾਰ ਹੋਇਆ ਪਿਆਰਾ ਸਿੰਘ ਕੋਲ ਖ਼ੁਸ਼ਖ਼ਬਰੀ ਸੁਣਾਉਣ ਪਹੁੰਚ ਜਾਂਦਾ। ਢਿਲਕੇ ਜਿਹੇ ਮੂੰਹ
ਨਾਲ ਉਹ ਪਿਆਰਾ ਸਿੰਘ ਕੋਲ ਇੱਕ ਵਾਰ ਉਦੋਂ ਪਹੁੰਚਿਆ ਸੀ, ਜਦੋਂ ਕਨੇਡੀਅਨ ਅੰਬੈਸੀ
ਤੋਂ ਸਪੌਂਸਰਸ਼ਿਪ ਦੇ ਫਾਰਮ ਆਏ ਸਨ ਅਤੇ ਦੂਜੀ ਵਾਰ ਅੱਜ।
“ਜਿੱਥੇ
ਪਰਵਾਰ, ਉੱਥੇ ਸੰਸਾਰ। ਝੋਰਾ ਕਿਹੜੀ ਗੱਲ ਦਾ ਰਾਮ ਸਰੂਪ?”
ਪਿਆਰਾ ਸਿੰਘ ਨੇ ਪੁੱਛਿਆ।
“ਭੂਸ਼ਨ
ਨੇ ਇੱਕ ਵਾਰ ਉਹਦੇ ਕੋਲ ਜਾਣ ਲਈ ਕਿਹਾ, ਅਸੀਂ ਆਲਾ-ਟਾਲਾ ਕਰ ਦਿੱਤਾ। ਆਹ ਛੋਟਾ ਤਾਂ
ਪੇਸ਼ ਈ ਪੈ ਗਿਆ।”
“ਉਲਾਦ
ਤੇਰੀ ਨੇਕ ਆ ... ਬਥੇਰਾ ਚਿਰ ਮਿੱਟੀ ਨਾਲ ਮਿੱਟੀ ਹੋ ਲਿਆ। ਹੁਣ ਜਾ ਕੇ ਸਵਰਗਾਂ ਦੇ
ਝੂਟੇ ਲੈ ...”
“ਪਿੰਡ
ਛੱਡਣ ਨੂੰ ਮਨ ਨਹੀਂ ਮੰਨਦਾ। ਤੇ ਨਾਲੇ ਆਹ ਮਿੱਟੀ ਦਾ ਮੋਹ ... ਜਮੀਨ ਕਿਸਦੇ ਭਰੋਸੇ
...”
“ਪੈਲੀ
ਦਾ ਤੂੰ ਫਿਕਰ ਨਾ ਕਰ,
ਇਹ ਤੂੰ ਮੈਨੂੰ ਠੇਕੇ ਤੇ ਦੇ ਜਾਈਂ। ਆਪਾਂ ਪੱਕੇ ਕਾਗਜ
ਬਣਾਵਾਂਗੇ, ਤਸੀਲੇ ਜਾ ਕੇ। ਪੈਸੇ ਮਕੱਰਰ ਤਰੀਕ ’ਤੇ ਤੇਰੇ ਖਾਤੇ ਵਿੱਚ ਜਮ੍ਹਾਂ ਹੋ
ਜਾਇਆ ਕਰਨਗੇ।”
ਰਾਮ ਸਰੂਪ ਦਾ ਚਿਹਰਾ ਕੁਝ ਕੁਝ ਟਹਿਕ
ਪਿਆ।
ਘਰ ਦੇ ਸਾਰੇ ਝਮੇਲੇ ਨਿਪਟਾ ਕੇ ਅਤੇ
ਅੰਗੀਂ-ਸਾਕੀਂ ਮਿਲ-ਗਿਲ ਕੇ ਦੋਵੇਂ ਜੀਅ, ਰਾਮ ਸਰੂਪ ਅਤੇ ਪ੍ਰਮੇਸਰੀ, ਆਪਣੇ ਪੁੱਤਰ
ਕੇਵਲ ਕੋਲ ਕੈਨੇਡਾ ਪਹੁੰਚ ਗਏ।
ਘਰ ਵਿੱਚ ਪੋਤਾ ਅਤੇ ਪੋਤੀ ਸਨ; ਦੋਵੇਂ ਦਿਨਾਂ ਵਿੱਚ ਹੀ
ਬੱਚਿਆਂ ਨਾਲ ਰਚ-ਮਿਚ ਗਏ।
ਰਾਮ ਸਰੂਪ ਤਾਂ ਸੀ ਹੀ ਕਾਠਾ ਬੰਦਾ;
ਸੋਹਲ ਸਰੀਰ ਵਾਲੀ ਪ੍ਰਮੇਸਰੀ ਵੀ ਨਹੀਂ ਸੀ। ਵਿਹਲੇ ਬੈਠਣ ਤੋਂ ਅੱਕ ਕੇ ਇੱਕ ਦਿਨ
ਆਪਣੀ ਨੂੰਹ ਨੂੰ ਆਖਣ ਲੱਗੀ,
“ਕ੍ਰਿਸ਼ਨਾ, ਮੈਨੂੰ ਘਰ ਦੇ ਸਾਰੇ ਕੰਮ ਸਮਝਾ ਦੇ।
ਤੇਰੇ ਆਉਂਦੀ ਨੂੰ ਮੈਂ ਰੋਟੀ-ਟੁੱਕ ਬਣਾ ਰੱਖਿਆ ਕਰਾਂਗੀ।
ਤੇਰੇ ਬਾਊ ਜੀ ਬੱਚਿਆਂ ਨੂੰ ਸਕੂਲੋਂ ਲੈ ਤੇ ਛੱਡ ਆਇਆ
ਕਰਨਗੇ। ਤੁਹਾਡਾ ਕੰਮਾਂ ਤੇ
ਜਾਣਾ ਕੁੱਝ ਸੌਖਾ ਹੋਜੂਗਾ।”
ਕੋਲੋਂ ਕੇਵਲ ਝੱਟ ਬੋਲ ਪਿਆ,
“ਬੀਬੀ ਜੀ,
ਅਸੀਂ ਕੰਮ ਕਰਵਾਉਣ ਲਈ ਨਹੀਂ ਤੁਹਾਨੂੰ ਇੱਥੇ ਸੱਦਿਆ।
ਬੱਚੇ ਬੱਸ ’ਤੇ ਸਕੂਲ ਚਲੇ ਜਾਂਦੇ ਹਨ।
ਬਥੇਰਾ ਕੰਮ ਕਰ ਲਿਆ ਤੁਸੀਂ ਇੰਡੀਆ ਵਿੱਚ।
ਕੋਈ ਕਸਰ ਛੱਡੀ ਆ?”
ਪ੍ਰਮੇਸਰੀ ਚੁੱਪ ਕਰ ਰਹੀ।
ਇੱਕ ਵੀਕ-ਐਂਡ ਕੇਵਲ ਹੋਰੀਂ ਮਾਂ-ਪਿਓ
ਨੂੰ ਲਾਗੇ ਚਾਗੇ ਦੀਆਂ ਵੇਖਣਯੋਗ ਥਾਵਾਂ ਦੀ ਸੈਰ ਕਰਵਾ ਲਿਆਏ।
ਦੋਵਾਂ ਜੀਆਂ ਨੂੰ ਆਸਾ ਪਾਸਾ ਸੋਹਣਾ ਸੋਹਣਾ ਲੱਗਣ ਲੱਗ ਪਿਆ। ਪ੍ਰਮੇਸਰੀ ਨੇ ਬਿਨਾਂ
ਦੱਸੇ ਪੁੱਛੇ ਹੌਲੀ ਹੌਲੀ ਰੋਟੀ-ਪਾਣੀ ਬਣਾਉਣ ਦਾ ਸਾਰਾ ਕੰਮ ਸੰਭਾਲ ਲਿਆ।
ਰਾਮ ਸਰੂਪ ਨੂੰ ਸਾਰਾ ਦਿਨ ਵਿਹਲਿਆਂ ਲੰਘਾਉਣਾ ਔਖਾ
ਲੱਗਣ ਲੱਗ ਗਿਆ। ਇੱਕ ਦਿਨ
ਉਹਨੇ ਕੇਵਲ ਨਾਲ ਗੱਲ ਤੋਰੀ,
“ਕਾਕਾ,
ਮੈਂ ਤਾਂ ਖੇਤੀ ਦਾ ਕੰਮ ਕਰਦਾ ਆਇਆ ਹਾਂ।
ਪਾਰਕ ਵਿੱਚ ਗੱਲਾਂ ਕਰਦੇ ਸੀ,
ਬਹੁਤ ਲੋਕ ਖੇਤਾਂ
’ਚ
ਕੰਮ ਕਰਨ ਜਾਂਦੇ ਐ। ਮੇਰਾ
ਵੀ ਜੀ ਕਰਦਾ ਐ ਕੰਮ ਕਰਨ ਨੂੰ। ਮੈਂ ਵੀ ਉਨ੍ਹਾਂ ਦੇ ਨਾਲ ਚਲੇ ਜਾਇਆ ਕਰਾਂ?”
“ਨਹੀਂ,
ਬਾਊ ਜੀ। ਤੁਹਾਡੇ ਆਉਣ ਨਾਲ ਅਸੀਂ ਬੱਚਿਆਂ ਦੀ ਸੰਭਾਲ
ਵੱਲੋਂ ਬੇਫਿਕਰ ਹੋ ਗਏ ਹਾਂ।
ਤੁਸੀਂ ਕਿਸੇ ਸੀਨੀਅਰ ਕਲੱਬ
’ਚ
ਜਾ ਆਇਆ ਕਰੋ। ਓਥੇ ਤਾਸ਼
ਖੇਡ ਆਇਆ ਕਰੋ। ਗੱਪਾਂ-ਸ਼ੱਪਾਂ ਮਾਰ ਕੇ ਵਧੀਆ ਸਮਾਂ ਲੰਘ ਜਾਇਆ ਕਰੂ। ਜਾਂ ਫਿਰ ਆਹ
ਲਾਗਲੇ ਸਕੂਲ ਵਾਲੇ ਪਾਰਕ ਘੁੰਮ ਫਿਰ ਆਇਆ ਕਰੋ।”
ਪ੍ਰਮੇਸਰੀ ਵਾਂਗ ਹੀ ਰਾਮ ਸਰੂਪ ਨੂੰ ਵੀ ਚੁੱਪ ਹੋਣਾ ਪੈ ਗਿਆ।
ਇੱਕ ਵਾਰ ਭੂਸ਼ਨ ਨੇ ਉਨ੍ਹਾਂ ਨੂੰ
ਗਰਮੀਆਂ ਅਮਰੀਕਾ ਵਿਚ ਗੁਜ਼ਾਰਨ ਲਈ ਸੱਦਿਆ ਪਰ ਉਹ ਕੇਵਲ ਦੇ ਬੱਚਿਆਂ ਵਿੱਚ ਰੁੱਝੇ ਜਾ
ਨਾ ਸਕੇ। ਭੂਸ਼ਨ ਹੋਰੀਂ ਆਪ ਹੀ ਉਨਾਂ ਨੂੰ ਕੈਨੇਡਾ ਆ ਕੇ ਮਿਲ ਜਾਂਦੇ ਰਹੇ।
ਏਥੇ ਦਾ ਰੰਗ-ਢੰਗ ਤੇ ਬਾਪੂ-ਬੀਬੀ ਦਾ ਕੇਵਲ-ਕ੍ਰਸ਼ਿਨਾ ਦੇ ਟੱਬਰ ਨਾਲ ਮੋਹ ਦੇਖ ਕੇ
ਭੂਸ਼ਨ ਨੂੰ ਹੋਰ ਹੀ ਚਿੰਤਾ ਵੱਢ-ਵੱਢ ਖਾਣ ਲੱਗੀ ਪਈ।
ਕਿਤੇ ਇਹ ਸੇਵਾ-ਸੰਭਾਲ ਕਰਦੇ ਕਰਦੇ ਸਾਰੀ ਜ਼ਮੀਨ
’ਤੇ
ਹੱਥ ਨਾ ਸਾਫ ਕਰ ਜਾਣ?
ਘਬਰਾਏ ਹੋਏ ਨੇ ਇੱਕ ਦਿਨ ਕੇਵਲ ਨੂੰ ਟੈਲੀਫੋਨ ’ਤੇ
ਪੁੱਛਿਆ,
“ਤੁਸੀਂ ਬੀਬੀ-ਬਾਪੂ
’ਤੇ
ਕੀ ਜਾਦੂ-ਟੂਣਾ ਕਰ ਦਿੱਤਾ ਐ? ਸਾਡੇ ਕੋਲ ਆਉਣ ਨੂੰ ਟਾਲੀ ਜਾਂਦੇ ਨੇ?”
“ਜਾਦੂ-ਟੂਣਾ
ਕੋਈ ਨਹੀਂ ਕੀਤਾ ਵੀਰ ਜੀ; ਇਹ ਤਾਂ ਬੱਚਿਆਂ ਦਾ ਮੋਹ-ਪਿਆਰ ਹੈ ਜਾਂ ਕ੍ਰਿਸ਼ਨਾ ਦੀ
ਬੋਲ-ਚਾਲ।”
ਕੇਵਲ ਨੇ ਸਫਾਈ ਪੇਸ਼ ਕਰਦੇ ਕਰਦੇ ਆਪਣੀ ਪਤਨੀ ਦੀ ਸਿਫਤ
ਵੀ ਕਰ ਗਿਆ। ਫਿਰ ਆਖਣ
ਲੱਗਾ,
“ਹਾਂ
ਸੱਚ, ਬੁਰਾ ਨਾ ਮਨਾਈਂ,
ਕਾਂਤਾ ਭਾਬੀ ਵੱਲੋਂ ਟੈਲੀਫੋਨ ਤੇ ਲਾ-ਲਾ ਕੇ ਕੀਤੀਆਂ
ਗੱਲਾਂ ਦਾ ਬੀਬੀ ਹੋਰੀਂ ਬੁਰਾ ਮਨਾਉਂਦੇ ਹਨ।
... ਦੱਸਦੇ ਸੀ
ਕਿ ਕਾਂਤਾ ਕਿਹੋ ਜਿਹੀਆਂ ਗੱਲਾਂ ਸੋਚਦੀ ਰਹਿੰਦੀ ਐ?
ਸੁਣਾਉਂਦੀ ਰਹੂ ਕਿ ਤੁਹਾਡੇ ਦੋ ਮੁੰਡੇ ਨੇ,
ਕਿਤੇ ਚੁੱਪ-ਚੁਪੀਤੇ ਸੱਭ ਕੁੱਝ ਕੇਵਲ ਨੂੰ ਹੀ ਨਾ ਦੇ
ਜਾਇਓ?
... ਵੱਡੇ ਵੀਰ, ਦੱਸ, ਅਸੀਂ ਅਜਿਹਾ ਕਿਉਂ ਕਰਾਂਗੇ?”
“ਕੇਵਲ,
ਮੈਨੂੰ ਤੇਰੇ
’ਤੇ
ਪੂਰਾ ਭਰੋਸਾ ਐ।
ਕਾਂਤਾ ਤਾਂ ਐਵੇਂ ਜੱਬ੍ਹਲੀਆਂ ਮਾਰਦੀ ਰਹਿੰਦੀ ਐ।
ਮੈਂ ਉਸ ਨੂੰ ਘੂਰ ਦਿਆਂਗਾ। ਆਪਾਂ ਭਰਾਵਾਂ ਅਤੇ ਬੱਚਿਆਂ
ਦਾ ਪਿਆਰ ਬਣਿਆ ਰਹਿਣਾ ਚਾਹੀਦਾ ਐ।”
ਤੇ ਫਿਰ ਕੁਝ ਕੁ ਹਿਚਕਚਾਹਟ ਪਿੱਛੋਂ ਭੂਸ਼ਨ ਆਖਣ ਲੱਗਾ,
“ਇੱਕ ਗੱਲ ਤੇਰੇ ਨਾਲ ਸਾਂਝੀ ਕਰਨ ਲੱਗਾ ਆਂ,
ਜੇ ਜਚੇ ਤਾਂ ਵਿਚਾਰ ਕਰ ਲਵੀਂ।”
“ਦੱਸੋ,
ਜੇ ਮੰਨਣ ਵਾਲੀ ਹੋਈ ਤਾਂ ਜ਼ਰੂਰ ਅਮਲ ਕਰਾਂਗਾ।
ਅੱਗੇ ਤੁਹਾਡਾ ਆਖਾ ਕਦੇ ਮੋੜਿਆ?”
ਕੇਵਲ ਨੇ ਅਪਣੱਤ ਨਾਲ ਉੱਤਰ ਦਿੱਤਾ।
“ਪਿਤਾ
ਜੀ ਨੂੰ ਕਹੀਏ ਕਿ ਜ਼ਮੀਨ ਵੇਚ ਦੇਣ। ਆਪਾਂ ਪਿੰਡ ਹੁਣ ਜਾਣਾ ਨਹੀਂ,
ਆਪਣੇ ਬੱਚਿਆਂ ਨੇ ਤਾਂ ਜਾਣਾ ਹੀ ਕੀ ਐ। ਅੱਧੇ-ਅੱਧੇ
ਪੈਸੇ ਸਾਡੇ ਹੱਥ ਫੜਾਉਣ,
ਕੋਈ ਕਾਰੋਬਾਰ ਕਰਨ ਵਾਲੇ ਬਣੀਏ।
ਨੌਕਰੀਆਂ ਨਾਲ ਤਾਂ ਤੈਨੂੰ ਪਤਾ ਐ, ਮਸੀਂ ਤੋਰੀ-ਫੁਲਕਾ
ਈ ਚਲਦਾ ਐ।”
“ਵੀਰ
ਜੀ, ਇਹ ਗੱਲ ਬਾਪੂ ਜੀ ਨੂੰ ਕਹਿਣ ਦਾ ਮੇਰੇ ਕੋਲ ਹੌਸਲਾ ਨਹੀਂ।
ਉਹ ਮੈਨੂੰ ਕਈ ਵਾਰ ਕਹਿ ਚੁੱਕੇ ਹਨ ਕਿ ਉਨ੍ਹਾਂ ਤੋਂ
ਪਿੱਛੋਂ ਅਸੀਂ ਵੀ ਜਮੀਨ ਨਾ ਵੇਚੀਏ।
ਉਹ ਸੋਚਦੇ ਹਨ ਕਿ ਜਮੀਨ ਕਰਕੇ ਬੱਚੇ ਆਪਣੀਆਂ ਜੜ੍ਹਾਂ ਨਾਲ ਜੁੜੇ
ਰਹਿਣਗੇ। ਤੁਹਾਡੇ ਵਿੱਚ ਹਿੰਮਤ ਹੈ ਤਾਂ ਪੁੱਛ ਲਵੋ।”
ਕੇਵਲ ਦਾ ਉੱਤਰ ਸੁਣ ਕੇ ਭੂਸ਼ਨ ਦੜ ਵੱਟ ਗਿਆ। ...
ਰਾਮ ਸਰੂਪ ਕਈ ਵਾਰ ਕੇਵਲ ਅਤੇ ਭੂਸ਼ਨ
ਨੂੰ ਪਿੰਡ ਗੇੜਾ ਮਾਰ ਆਉਣ ਲਈ ਆਖ ਚੁੱਕਿਆ ਸੀ ਪਰ ਕੰਮਾਂਕਾਰਾਂ ਦੇ ਝਮੇਲੇ ਉਨ੍ਹਾਂ
ਨੂੰ ਸਾਹ ਨਹੀਂ ਸਨ ਲੈਣ ਦੇ ਰਹੇ। ਅੱਕੇ ਹੋਏ ਕੇਵਲ ਨੇ ਇੱਕ ਦਿਨ ਮੋੜਵਾਂ ਸਵਾਲ ਕਰ
ਦਿੱਤਾ,
“ਬਾਪੂ
ਜੀ, ਇੰਨੇ ਸਾਲ ਹੋ ਗਏ ਤੁਹਾਨੂੰ ਆਇਆਂ, ਤੁਸੀਂ ਕਿਉਂ ਨਹੀਂ ਜਾ ਆਉਂਦੇ?”
ਰਾਮ ਸਰੂਪ ਨੂੰ ਲੱਗਿਆ, ਪੁੱਤਰ ਦੀ
ਗੱਲ ਵਿੱਚ ਵਜ਼ਨ ਸੀ। ਉਹ ਮੰਨ ਗਿਆ। ਕੇਵਲ ਬਾਪੂ ਅਤੇ ਬੀਬੀ ਦੀਆਂ ਟਿਕਟਾਂ ਦਾ
ਬੰਦੋਬਸਤ ਕਰਕੇ ਸ਼ੌਪਿੰਗ ਕਰਵਾਉਣ ਲੱਗ ਪਿਆ। ਚੌਂਹ ਪੰਜਾਂ ਹਫਤਿਆਂ ਪਿੱਛੋਂ ਰਾਮ
ਸਰੂਪ ਅਤੇ ਪ੍ਰਮੇਸਰੀ ਪਿੰਡ ਆ ਗਏ। ਮਾਂ-ਪਿਓ ਦੇ ਪਿੰਡ ਪਹੁੰਚਣ ਦੀ ਖਬਰ ਭੂਸ਼ਨ ਤੱਕ
ਵੀ ਪਹੁੰਚ ਗਈ। ਭੂਸ਼ਨ ਨੇ ਪਾਧਾ ਨਹੀਂ ਪੁੱਛਿਆ, ਝਟਪਟ ਮਗਰ ਆ ਢੁੱਕਿਆ।
“ਭੂਸ਼ਨ,
ਸੁੱਖ ਤਾਂ ਹੈ?”
“ਸੁੱਖ
ਈ ਸੁੱਖ ਐ ਬਾਪੂ, ਬੱਸ ਐਵੇਂ ਪਿੰਡ ਵੇਖਣ ਨੂੰ ਜੀ ਕਰ ਆਇਆ। ... ਸੋਚਿਆ, ਤੁਹਾਨੂੰ
ਏਥੇ ਆਉਣ-ਜਾਣ ਦੀ ਦਿੱਕਤ ਨਾ ਹੋਵੇ।
ਰਿਸ਼ਤੇਦਾਰੀਆਂ
’ਚ
ਮਿਲਾ ਲਿਆਵਾਂਗਾ।”
ਭੂਸ਼ਨ ਨੇ ਕਾਰ ਦੀ ਮੰਗ ਕੀਤੀ; ਰਾਮ ਸਰੂਪ ਨੇ ਠੇਕੇ ਦੇ ਪੈਸਿਆਂ ਵਿੱਚੋਂ ਭੂਸ਼ਨ ਨੂੰ
ਕਾਰ ਲੈ ਦਿੱਤੀ। ਭੂਸ਼ਨ ਨੇ
ਕਾਰ
’ਚ
ਮਾਂ-ਪਿਓ ਨੂੰ ਸੱਭ ਰਿਸ਼ਤੇਦਾਰੀਆਂ
’ਚ
ਮਿਲਾ ਲਿਆਂਦਾ।
ਤੀਰਥ-ਯਾਤਰਾ ਵੀ ਸੱਭ ਮੰਦਰ-ਗੁਰਦਵਾਰਿਆਂ ਦੀ ਕਰਵਾ ਦਿੱਤੀ।
ਆਪ ਆਪਣੇ ਕਾਲਿਜ ਦੇ ਆੜੀਆਂ ਨੂੰ ਮਿਲ-ਗਿਲ ਲਿਆ।
ਇੱਕ ਦਿਨ ਢੁੱਕਵਾਂ ਮੌਕਾ ਦੇਖ ਕੇ
ਭੂਸ਼ਨ ਨੇ ਆਪਣੇ ਪਿਓ ਨੂੰ ਆਖਿਆ,
“ਬਾਪੂ
ਜੀ,
ਮੈਂ ਕੋਈ ਕਾਰੋਬਾਰ ਕਰਨਾ ਚਾਹੁੰਦਾ ਹਾਂ।
ਤੁਹਾਡੀ ਅਸ਼ੀਰਬਾਦ ਲੈਣ ਆਇਆ ਹਾਂ।”
“ਜੰਮ-ਜੰਮ
ਕਰ ਬੇਟਾ।
ਸਾਡੀਆਂ ਸ਼ੁਭ ਕਾਮਨਾਵਾਂ ਤੇਰੇ ਨਾਲ ਨੇ।?”
“ਫੋਕੀਆਂ
ਕਾਮਨਾਵਾਂ ਨਾਲ ਕਾਰੋਬਾਰ ਨਹੀਂ ਚੱਲਦੇ ਹੁੰਦੇ ਬਾਪੂ ਜੀ। ਕਾਰੋਬਾਰ ਲਈ ਪੂੰਜੀ
ਚਾਹੀਦੀ ਹੁੰਦੀ ਐ। ... ਇਨਕਾਰ ਨਾ ਕਰ ਦਿਓ।”
“ਪੁੱਤਰ,
ਜੋ ਸਾਡੇ ਕੋਲ ਆ, ਦੇਣ ਨੂੰ ਤਿਆਰ ਆਂ। ਠੇਕੇ ਦੇ ਪੈਸਿਆਂ ਵਿੱਚੋਂ ਕਾਰ ਖਰੀਦਣ
ਪਿੱਛੋਂ ਸੱਤਰ ਹਜਾਰ ਬਚਦੇ ਐ। ਜਦੋਂ ਮਰਜੀ ਲੈ ਲਵੀਂ।”
ਰਾਮ ਸਰੂਪ ਨੇ ਆਪਣੇ ਪੱਤੇ ਦਿਖਾ ਦਿੱਤੇ।
“ਨਹੀਂ
ਬਾਪੂ ਜੀ,
ਤੁਹਾਡੇ ਕੋਲ ਬਹੁਤ ਪੈਸੇ ਨੇ, ਜ਼ਮੀਨ ਰੂਪੀ ਧਨ ਦੇ।
ਸਾਡੇ
’ਚੋਂ
ਤਾਂ ਕਿਸੇ ਨੇ ਹੁਣ ਪਿੰਡ ਵੜਨਾ ਨਹੀਂ। ਵੇਚ ਕੇ ਪੈਸੇ ਮੈਨੂੰ ਦੇ ਦੇਵੋ।
ਕਾਰੋਬਾਰ ਰਿੜ੍ਹੇ ਤੋਂ ਮੈਂ ਕੇਵਲ ਦਾ ਹਿੱਸਾ ਉਸ ਨੂੰ
ਬਿਆਜ ਸਮੇਤ ਦੇ ਦੇਵਾਂਗਾ।”
ਭੂਸ਼ਨ ਨੇ ਤਰਕੀਬ ਦੱਸੀ।
ਇਹ ਸੁਣ ਕੇ ਰਾਮ ਸਰੂਪ ਨੇ ਤਾਂ ਸੁੰਨ
ਹੋਣਾ ਹੀ ਸੀ, ਪ੍ਰਮੇਸਰੀ ਦਾ ਵੀ ਸਾਹ ਸੂਤਿਆ ਗਿਆ।
ਕੁਝ ਸੋਚ ਕੇ ਰਾਮ ਸਰੂਪ ਕਹਿਣ ਲੱਗਾ,
“ਬੇਟਾ
ਸਾਨੂੰ ਸੋਚਣ ਲਈ ਥੋੜ੍ਹਾ ਜਿਹਾ ਸਮਾਂ ਦੇ।
ਕੇਵਲ ਨਾਲ ਵੀ ਸਲਾਹ ਕਰ ਲਈਏ ...”
ਗੱਲ ਲਮਕਦੀ ਦੇਖ ਕੇ ਬੁੜਬੁੜ ਕਰਦਾ
ਭੂਸ਼ਨ ਬਾਹਰ ਨਿੱਕਲ ਗਿਆ।
“ਭਾਗਵਾਨੇ,
ਹੁਣ ਕਿਵੇਂ ਕਰੀਏ?”
ਰਾਮ ਸਰੂਪ ਨੇ ਪ੍ਰਮੇਸਰੀ ਦੀ ਸਲਾਹ ਪੁੱਛੀ।
“ਨਾ-ਨਾ,
ਇਹ ਕੰਮ ਨਾ ਕਰਿਓ।
ਦਰ ਦਰ ਰੁਲਦੇ ਫਿਰਾਂਗੇ।”
ਪ੍ਰਮੇਸਰੀ ਨੇ ਅਜੇ ਕੁਝ ਦਿਨ ਪਹਿਲਾਂ ਆਪਣੀ ਸਹੇਲੀ
ਦੁਰਗੀ ਦੀ ਹਾਲਤ ਦੇਖੀ ਸੀ, ਜਿਸ ਨੇ ਆਪਣੀ ਸਾਰੀ ਜਾਇਦਾਦ ਆਪਣੇ ਪੁੱਤਰ ਨਾਂ ਲਵਾ
ਦਿੱਤੀ ਸੀ। ਪੁੱਤਰ ਨੇ ਉਹ ਵੇਚ ਕੇ ਸ਼ਹਿਰ ਵਿੱਚ ਕੋਠੀ ਪਾ ਲਈ। ਉਸ ਕੋਠੀ ਵਿੱਚ ਹੁਣ
ਦੁਰਗੀ ਨੌਕਰਾਣੀ ਵਾਂਗੂ ਦਿਨ ਕੱਟ ਰਹੀ ਸੀ।
ਗੱਲਾਂ ਕਰਦਿਆਂ ’ਤੇ ਪਿਆਰਾ ਸਿੰਘ ਵੀ ਆ ਗਿਆ।
ਬੋਲਿਆ,
“ਕਿਵੇਂ
ਮੂੰਹ ਲਮਕਾਈਂ ਬੈਠੇ ਓਂ,
... ਸੁੱਖ ਤਾਂ ਐ?”
“ਤੂੰ
ਚੰਗੇ ਵੇਲੇ ਆ ਗਿਐਂ। ਮੈਂ
ਤੇਰੇ ਵੱਲ ਆਉਣ ਵਾਲਾ ਸੀ ਇੱਕ ਜ਼ਰੂਰੀ ਸਲਾਹ ਲੈਣ।
ਮੁੰਡੇ ਨੇ ਮਗਰੇ ਆ ਕੇ ਪੁਆੜਾ ਪਾ ਦਿੱਤਾ ਐ।
ਕਹਿੰਦਾ, ਜਮੀਨ ਵੇਚ ਕੇ ਸਾਰੇ ਪੈਸੇ ਉਸ ਨੂੰ ਕਾਰੋਬਾਰ
ਲਈ ਦੇ ਦੇਵਾਂ। ਕੀ ਕਰਾਂ?”
ਰਾਮ ਸਰੂਪ ਫਿੱਸ ਪਿਆ।
“ਨਾ
ਵੇਚੇਂ ਤਾਂ ਵਧੀਆ ਰਹੇਂਗਾ।
ਅੱਜ ਕੱਲ੍ਹ ਰਿਸ਼ਤੇ ਗੌਂ ਦੇ ਰਹਿ ਗਏ ਨੇ।
ਆਪਣੇ ਪਿੰਡ
’ਚ
ਹੀ ਕਈ ਘਰੀਂ ਇਹ ਕੰਮ ਹੋਇਆ ਐ। ਜਿਸ ਮਾਂ-ਪਿਓ ਨੇ ਜਾਇਦਾਦ ਆਪਣਾ ਕੋਲ ਰੱਖੀ ਹੋਈ ਐ,
ਉਸ ਨੂੰ ਰੋਟੀ ਮਿਲਦੀ ਐ।
ਬਾਕੀ ਸਾਰੇ ਰੁਲਦੇ ਫਿਰਦੇ ਐ।
ਅੱਗੇ ਤੁਸੀਂ ਆਪ ਸਿਆਣੇ ਓਂ।”
ਪਿਆਰਾ ਸਿੰਘ ਕੁਝ ਦੇਰ ਹੋਰ ਐਧਰ-ਓਧਰ ਦੀਆਂ ਗੱਲਾਂ ਕਰ ਕੇ ਚਲਾ ਗਿਆ।
ਉਸ ਦੇ ਜਾਣ ਪਿੱਛੋਂ ਰਾਮ ਸਰੂਪ ਉਦਾਸੀ ਦੀ ਡੂੰਘੀ ਖੱਡ
ਵਿੱਚ ਰੁੜ੍ਹ ਗਿਆ।
ਪ੍ਰਮੇਸਰੀ ਨਾਲ ਗੱਲਾਂ ਕਰਨ ਨੂੰ ਵੀ ਉਸਦਾ ਜੀ ਨਾ ਕੀਤਾ।
ਸੋਚ-ਸੋਚ ਉਸਦਾ ਦਿਲ ਡੁੱਬਦਾ ਜਾਂਦਾ ਸੀ।
ਪ੍ਰੇਸ਼ਾਨੀ ਵਧਦੀ ਹੀ ਜਾ ਰਹੀ ਸੀ।
ਪ੍ਰਮੇਸਰੀ ਨੇ ਖਾਣ ਨੂੰ ਪੁੱਛਿਆ ਤਾਂ ਕਹਿੰਦਾ,
“ਮੇਰੀ ਤਾਂ ਮੁੰਡੇ ਦੇ ਸਵਾਲ ਨੇ ਭੁੱਖ ਹੀ ਮਾਰ ਦਿੱਤੀ
ਐ। ਕੱਚੀਆਂ ਤ੍ਰੇਲੀਆਂ ਆ
ਰਹੀਆਂ ਨੇ। ਛਾਤੀ
’ਚ
ਮਾੜਾ-ਮਾੜਾ ਦਰਦ ਜਿਹਾ ਵੀ ਹੋਣ ਲੱਗ ਗਿਆ ਐ।
ਭਾਗਵਾਨੇ ਇਹ ਤਾਂ ਦਿਲ ਦੇ ਦੌਰੇ ਵਾਲੇ ਲੱਛਣ ਲੱਗਦੇ ਨੇ।
ਜਾਪਦਾ ਆਖਰੀ ਸਮਾਂ ਆ ਗਿਆ ਐ।”
“ਤੁਸੀਂ
ਤਾਂ ਐਵੇਂ ਦਿਲ ਛੱਡੀ ਜਾਂਦੇ ਓ।
ਚੰਗੇ ਬੋਲ ਬੋਲੋ,
ਸੁੱਖ ਮੰਗੋ ਪਰਮਾਤਮਾ ਤੋਂ।
ਪੈ ਜਾਵੋ, ਮੈਂ ਸਿਰ ਘੁੱਟ ਦਿੰਦੀ ਆਂ।”
ਪਰ ਰਾਮ ਸਰੂਪ ਨੂੰ ਡੌਰ-ਭੌਰ ਹੋਏ
ਨੂੰ ਦੇਖ ਕੇ ਉਹ ਘਬਰਾ ਗਈ ਤੇ ਫਟਾਫਟ ਪਿਆਰਾ ਸਿੰਘ ਨੂੰ ਬੁਲਾ ਲਿਆਈ। ਇੰਨੇ ਨੂੰ
ਕਿਸੇ ਦੋਸਤ ਨੂੰ ਮਿਲਣ ਗਿਆ ਭੂਸ਼ਨ ਵੀ ਘਰ ਆ ਗਿਆ। ਉਹ ਦੋਵੇਂ ਤੱਟ-ਫੱਟ ਰਾਮ ਸਰੂਪ
ਨੂੰ ਹਸਪਤਾਲ ਲੈ ਗਏ।
ਡਾਕਟਰ ਨੇ ਚੈੱਕ ਕਰ ਕੇ ਦੱਸਿਆ,
“ਫਿਕਰ ਵਾਲੀ ਗੱਲ ਨਹੀਂ,
ਸਮੇਂ ਸਿਰ ਲੈ ਆਏ ਹੋ।
ਹਲਕਾ ਜਿਹਾ ਦਿਲ ਦਾ ਦੌਰਾ ਪਿਆ ਐ।
ਬਾਈ-ਪਾਸ ਕਰਨ ਨਾਲ ਠੀਕ ਹੋ ਜਾਵੇਗਾ।
ਕੁੱਝ ਦਿਨ ਏਥੇ ਰੱਖਣਾ ਪਵੇਗਾ।”
ਬਾਈ-ਪਾਸ ਦੇ ਅਪ੍ਰੇਸ਼ਨ ਪਿੱਛੋਂ ਹਫਤਾ ਕੁ ਬਾਅਦ ਰਾਮ ਸਰੂਪ ਨੂੰ ਹਸਪਤਾਲ ਤੋਂ ਛੁੱਟੀ
ਮਿਲ ਗਈ। ਛੁੱਟੀ ਦੇਣ ਵੇਲੇ ਦੁਆਈ ਦੇ ਨਾਲ-ਨਾਲ ਡਾਕਟਰ ਨੇ ਘਰਦਿਆਂ ਨੂੰ ਜ਼ਰੂਰੀ
ਹਦਾਇਤ ਦਿੱਤੀ ਕਿ ਮਰੀਜ਼ ਨਾਲ ਕੋਈ ਅਜਿਹੀ ਗੱਲ ਨਹੀਂ ਕਰਨੀ, ਜਿਸ ਨਾਲ ਉਸਦੀ ਚਿੰਤਾ,
ਪ੍ਰੇਸ਼ਾਨੀ ਤੇ ਟੈਂਸ਼ਨ ਵਧੇ।
ਰਾਮ ਸਰੂਪ ਕੋਲ ਹੁਣ ਪਿਆਰਾ ਸਿੰਘ
ਸਾਰਾ ਦਿਨ ਹੀ ਬੈਠਾ ਰਹਿੰਦਾ।
ਵੇਲੇ ਸਿਰ ਦੁਆਈ ਖੁਆਉਂਦਾ ਤੇ ਪੁਰਾਣੀਆਂ ਯਾਦਾਂ ਤੇ
ਗੱਲਾਂ ਕਰ-ਕਰ ਉਸਨੂੰ ਉਦਾਸੀ ਤੋਂ ਦੂਰ ਰੱਖਦਾ।
ਦਿਨੋ-ਦਿਨ ਰਾਮ ਸਰੂਪ ਦੀ ਸਿਹਤ ਪਰਤਣ ਲੱਗ ਪਈ।
ਘਰ ਵਿੱਚ ਮੁੜ ਰੌਣਕ ਆਉਣ ਲੱਗੀ।
ਭੂਸ਼ਨ ਨੇ ਆਪਣੇ ਬਾਪੂ ਜੀ ਨੂੰ ਜ਼ਮੀਨ ਵੇਚਣ ਲਈ ਰਜ਼ਾਮੰਦ ਕਰਨ ਲਈ ਪਹਿਲਾਂ ਪਿਆਰਾ
ਸਿੰਘ ਦੇ ਘਰ ਗੇੜੇ ਮਾਰੇ, ਫਿਰ ਸਰਪੰਚ ਦੇ। ਦੋਹਾਂ ਪਾਸਿਆਂ ਤੋਂ ਕੋਰਾ ਜਵਾਬ ਮਿਲਣ
ਉਪਰੰਤ ਭੈਣ ਭਣੋਈਏ ਕੋਲ ਪਹੁੰਚ ਗਿਆ। ਪਰ ਆਸ ਇੱਥੇ ਵੀ ਪੂਰੀ ਨਹੀਂ ਹੋਈ।
ਘਰ ਆਏ ਨੂੰ ਮਾਂ ਨੇ ਰੋਟੀ ਪੁੱਛੀ
ਤਾਂ ਕਹਿੰਦਾ,“ਦਿਲ
ਨਹੀਂ ਕਰਦਾ,
ਪੇਟ ਬਹੁਤ ਭਰਿਆ-ਭਰਿਆ ਲੱਗਦਾ।”
ਪਰ ਮਾਂ ਨੇ ਬਦੋ-ਬਦੀ ਦੁੱਧ ਦਾ ਗਲਾਸ
ਪਿਆ ਹੀ ਦਿੱਤਾ।
ਅੱਧੀ ਰਾਤ ਬੀਤੀ ਹੋਵੇਗੀ, ਭੂਸ਼ਨ ਦੇ ਪੇਟ ਵਿੱਚ ਬਹੁਤ
ਤਕਲੀਫ ਹੋਣ ਲੱਗ ਪਈ। ਰਸੋਈ
ਵਿੱਚ ਅਫਾਰਾ ਘਟਾਉਣ ਵਾਲੀ ਕੋਈ ਚੀਜ਼ ਲੱਭਣ ਲੱਗਾ। ਮਾਂ ਪੁੱਛਣ ਲੱਗੀ,“ਬੇਟਾ
ਕੀ ਚਾਹੀਦਾ ਐ?”
“ਬੀਬੀ,
ਪਤਾ ਨਹੀਂ ਮੈਨੂੰ ਕੀ ਹੁੰਦਾ ਜਾਂਦਾ।
ਮੁੜ੍ਹਕੇ ਨਾਲ ਮੈਂ ਸਾਰਾ ਭਿੱਜਿਆ ਪਿਆਂ।
ਸਿਰ ਨੂੰ ਬਹੁਤ ਚੱਕਰ ਆ ਰਹੇ ਨੇ। ਖੜ੍ਹਾ ਵੀ ਨਹੀਂ ਹੋ
ਹੁੰਦਾ। ਐਂ ਲੱਗਦਾ ਜਿਵੇਂ
ਹਾਰਟ-ਅਟੈਕ ਹੋਣ ਲੱਗਾ ਹੋਵੇ,
ਛੇਤੀ ਪਾਣੀ ਦੇ ਮੈਨੂੰ।”
ਮਸਾਂ ਹੀ ਭੂਸ਼ਨ ਨੇ ਦੱਸਿਆ।
“ਵੇ
ਸੁੱਖ ਮੰਗ,
ਤੇਰਾ ਪਿਓ ਮਸਾਂ ਠੀਕ ਹੋਣ ਲੱਗਾ,
ਤੂੰ ਬਰਾਬਰ ਹੋਰ ਮੰਜਾ ਮੱਲਣ ਦੀਆਂ ਗੱਲਾਂ ਕਰਨ ਲੱਗਾ
ਐਂ। ਮੈਂ ਕੀ ਕਰੂੰ?”
ਪ੍ਰਮੇਸਰੀ ਘਬਰਾ ਗਈ ਤੇ ਮੁਸ-ਮੁਸ ਕਰਦੀ ਭੂਸ਼ਨ ਲਈ ਪਾਣੀ
ਦਾ ਗਲਾਸ ਲੈ ਆਈ। ਪਾਣੀ ਪੀਣ ਤੋਂ ਝੱਟ ਮਗਰੋਂ ਭੂਸ਼ਨ ਨੂੰ ਉਲਟੀ ਆ ਗਈ। ਮਾਂ ਨੇ
ਸਹਾਰਾ ਦੇ ਕੇ ਮੰਜੇ
’ਤੇ
ਪਾ ਦਿੱਤਾ। ਆਪ ਕੋਲ ਬੈਠ ਕੇ ਨਬਜ਼ ਟੋਹਣ ਲੱਗ ਪਈ।
ਉਲਟੀ ਪਿੱਛੋਂ ਭੂਸ਼ਨ ਨੂੰ ਕੁੱਝ ਟਿਕਾ ਆ ਗਿਆ,
ਪਰ ਔਖਾ ਉਹ ਅਜੇ ਵੀ ਸੀ।
ਦੂਜੇ ਦਿਨ ਡਾਕਟਰ ਕੋਲ ਗਏ ਤਾਂ ਪਤਾ ਲੱਗਿਆ ਕਿ ਹਾਰਟ ਅਟੈਕ ਨਹੀਂ, ਫੂਡ-ਪੁਆਇਜ਼ਨਿੰਗ
ਹੋ ਗਈ ਸੀ। ਦੁਆਈ ਦੇ ਕੇ
ਡਾਕਟਰ ਨੇ ਘਰ ਭੇਜ ਦਿੱਤਾ ਤੇ ਆਰਾਮ ਕਰਨ ਨੂੰ ਕਿਹਾ।
ਸਰੀਰ ਵਿੱਚ ਕੁਝ ਆਂਗਸ ਆਉਂਦਿਆਂ ਹੀ ਭੂਸ਼ਨ ਨੇ ਫਿਰ ਜ਼ਮੀਨ ਵੇਚ ਦੇਣ ਵਾਲਾ ਰਾਗ
ਅਲਾਪਣਾ ਸ਼ੁਰੂ ਕਰ ਦਿੱਤਾ। ਆਖਣ ਲੱਗਾ,
“ਬਾਪੂ,
ਬੁਰਾ ਨਾ ਮੰਨੀਂ,
ਤੇਰਾ ਹੁਣ ਕੀ ਭਰੋਸਾ ਕਦੋਂ ਰੱਬ ਨੂੰ ਪਿਆਰਾ ਹੋ ਜਾਵੇਂ?
ਤੂੰ ਮੇਰਾ ਕਾਰਜ ਸਿਰੇ ਚਾੜ੍ਹ ਜਾ।
ਤੈਨੂੰ ਦੁਆਵਾਂ ਦੇਊਂ।”
ਰਾਮ ਸਰੂਪ ਦੀ ਥਾਂ ਪ੍ਰਮੇਸਰੀ ਬੋਲ
ਪਈ,
“ਸ਼ਾਬਾਸ਼ੇ
ਬੇਟਾ,
ਇਸ ਉਮਰ
’ਚ
ਮਾਂ-ਪਿਓ ਦੀ ਡੰਗੋਰੀ ਬਣਨ ਦੀ ਬਜਾਏ,
ਤੂੰ ਸਾਨੂੰ ਮਰਿਆ ਈ ਭਾਲਦੈਂ।
ਚੰਗੇ-ਭਲੇ ਬਾਹਰ ਰਹਿੰਦੇ ਓ,
ਰੰਗੀਂ ਵਸਦਿਆਂ ਦੀ ਸਬਰ ਬਿਨਾਂ ਭੁੱਖ ਨਹੀਂ ਮਿਟਣੀ।
ਚੁੱਪ ਕਰ ਕੇ ਮੁੜ ਜਾ,
ਸਾਨੂੰ ਤੜਪਾ ਨਾ।”
“ਤੁਸੀਂ
ਚੰਗੇ ਮਾਪੇ ਓ,
ਜਿਹੜੇ ਆਪਣੇ ਬੱਚਿਆਂ ਨੂੰ ਵਧਦਾ ਫੁੱਲਦਾ ਨਹੀਂ ਦੇਖਣਾ
ਚਾਹੁੰਦੇ। ਜ਼ਮੀਨ ਤੁਸੀਂ
ਨਾਲ ਲੈ ਜਾਣੀ ਐ?”
ਭੂਸ਼ਨ ਨੇ ਅੱਗੋਂ ਹੋਰ ਤਿੱਖੀ ਸੁਰ ਧਾਰ ਲਈ।
ਇਸ ਲੜਾਈ ਝਗੜੇ ਵਿੱਚ ਰਾਤ ਪੈ ਗਈ।
ਇਨ੍ਹਾਂ ਬੋਲ-ਕਬੋਲਾਂ ਕਰਕੇ ਭਰੇ ਦਿਲਾਂ ਨਾਲ ਰਾਮ ਸਰੂਪ ਤੇ
ਪ੍ਰਮੇਸਰੀ ਭੁੱਖੇ-ਭਾਣੇ ਹੀ ਸੌਂ ਗਏ।
ਭੂਸ਼ਨ ਘਰੇ ਸੌਣ ਦੀ ਬਜਾਏ ਕਿਸੇ ਦੋਸਤ ਦੇ ਘਰ ਜਾ ਸੁੱਤਾ।
ਸਵੇਰੇ ਸਦੇਹਾਂ ਹੀ ਪ੍ਰਮੇਸਰੀ ਉੱਠ ਪਈ।
ਚਾਹ ਬਣਾ ਕੇ ਜਦੋਂ ਰਾਮ ਸਰੂਪ ਨੂੰ ਪੀਣ ਲਈ ਉਠਾਉਣ
ਲੱਗੀ ਤਾਂ ਦੇਖਿਆ, ਭੌਰ ਉਡਾਰੀ ਮਾਰ ਗਿਆ ਸੀ। ਸ਼ਾਇਦ ਰਾਤੀਂ ਫਿਰ ਦਿਲ ਦਾ ਦੌਰਾ ਪੈ
ਗਿਆ ਸੀ।
ਘਰ ਵਿੱਚ ਚੀਕ-ਚਿਹਾੜਾ ਪੈ ਗਿਆ।
ਰਿਸ਼ਤੇਦਾਰਾਂ ਅਤੇ ਸਵਿੱਤਰੀ ਦੇ ਆਇਆਂ ਤੇ ਸੰਸਕਾਰ ਕਰ ਦਿੱਤਾ ਗਿਆ।
ਕ੍ਰਿਆਕਰਮ ਵਾਲੇ ਦਿਨ ਕੇਵਲ ਵੀ ਪਹੁੰਚ ਗਿਆ।
ਪੂਜਾ-ਪਾਠ ਦੇ ਭੋਗ ਤੋਂ ਪਿੱਛੋਂ ਬਾਕੀ ਰਿਸ਼ਤੇਦਾਰ ਤਾਂ
ਚਲੇ ਗਏ, ਪਿੱਛੇ ਭੈਣ ਭਰਾ ਤੇ ਮਾਂ ਰਹਿ ਗਏ।
ਚੱਲਦੀਆਂ ਗੱਲਾਂ ਵਿੱਚ ਢੁੱਕਵਾਂ ਮੌਕਾ ਦੇਖ ਕੇ ਭੂਸ਼ਨ ਨੇ ਫਿਰ
ਗੱਲ ਤੋਰੀ
ਲਈ,
“ਜੋ ਭਾਣਾ ਵਰਤਣਾ ਸੀ ਵਰਤ ਗਿਆ।
ਮੈਨੂੰ ਪੈਸਿਆਂ ਦੀ ਸਖ਼ਤ ਲੋੜ ਐ।
ਮੈਂ ਆਪਣੇ ਹਿੱਸੇ ਦੀ ਜ਼ਮੀਨ ਵੇਚ ਦੇਣੀ ਐ।”
ਸਾਰਿਆਂ ਦੇ ਮੂੰਹ ਅੱਡੇ ਰਹਿ ਗਏ।
ਪ੍ਰਮੇਸਰੀ ਕੇਵਲ ਨੂੰ ਆਖਣ ਲੱਗੀ,
“ਬੇ
ਪੁੱਤ! ਜਾਹ, ਜਾ ਕੇ ਆਪਣੇ ਚਾਚੇ ਪਿਆਰਾ ਸਿੰਘ ਨੂੰ ਸੱਦ ਲਿਆ।”
ਕੁਝ ਦਿਨ ਪਹਿਲਾਂ ਰਾਮ ਸਰੂਪ ਪਿਆਰਾ
ਸਿੰਘ ਨਾਲ ਲੈ ਕੇ ਸ਼ਹਿਰ ਗਿਆ ਸੀ ਅਤੇ ਉੱਥੇ ਇੱਕ ਵਕੀਲ ਕੋਲੋਂ ਵਸੀਅਤ ਬਣਵਾ ਲਿਆਇਆ।
ਉਸ ਵਸੀਅਤ ਅਨੁਸਾਰ ਰਾਮ ਸਰੂਪ ਦੀ ਮੌਤ ਤੋਂ ਬਾਅਦ ਘਰ ਅਤੇ ਜਮੀਨ ਦੀ ਮਾਲਕ
ਪ੍ਰਮੇਸਰੀ ਸੀ। ਪਰ ਜਮੀਨ ਵੇਚਣ ਤੋਂ ਉਸ ਨੂੰ ਵੀ ਵਰਜਿਆ ਗਿਆ ਸੀ।
ਪਿਆਰਾ ਸਿੰਘ ਆ ਗਿਆ। ਕੇਵਲ ਆਪਣੀ ਬੀਬੀ ਕੋਲ ਗਿਆ ਤੇ ਇਕ ਲਫਾਫਾ ਉਸ
ਕੋਲੋਂ ਲਿਆ ਕੇ ਪਿਆਰਾ ਸਿੰਘ ਨੂੰ ਫੜਾ ਦਿੱਤਾ। ਪਿਆਰਾ ਸਿੰਘ ਨੇ ਸਾਰਿਆਂ ਨੂੰ
ਥਾਂਹੋਂ ਥਾਂਹੀਂ ਬਿਠਾ ਲਿਆ ਤੇ ਬੋਲਿਆ,
“ਹਾਂ
ਕਾਕਾ ਭੂਸ਼ਨ,
ਦੱਸ, ਕੀ ਚਾਹੁੰਨੈ ਤੂੰ?”
“ਆਪਣੇ
ਹਿੱਸੇ ਦੀ ਜਮੀਨ।”
ਭੂਸ਼ਨ ਦਾ ਦੋ ਟੁੱਕ ਉੱਤਰ ਸੀ।
“ਲੈ,
ਦੇਖ ਲੈ; ਤੇਰੇ ਹਿੱਸੇ ਅਜੇ ਕੋਈ ਜਮੀਨ ਆਉਂਦੀ ਵੀ ਐ।”
ਪਿਆਰਾ ਸਿੰਘ ਨੇ ਵਸੀਅਤ ਵਾਲਾ ਲਫਾਫਾ ਭੂਸ਼ਨ ਦੇ ਹੱਥ
ਫੜਾ ਦਿੱਤਾ।
****
(ਜਰਨੈਲ ਸਿੰਘ ਗਰਚਾ, ਬਰੈਂਪਟਨ, 905-455-6013)
****
(25
ਅਗਸਤ
2007) -ਚਾਤ੍ਰਿਕ ਯੂਨੀਕੋਡ