ਕਾਰ ਪਹਾੜਾਂ ਵਿੱਚ ਰਸਤੇ ਨੂੰ ਚੀਰਦੀ ਹੋਈ ਆਪਣੀ ਮੰਜਿਲ ਵੱਲ ਵੱਧ ਰਹੀ ਸੀ। ਕਿਤੇ
ਕਿਤੇ ਕੋਈ ਝਰਨਾਂ ਆਉਦਾ ਤਾਂ ਕੁਦਰਤ ਦੇ ਬੇਪਨਾਹ ਹੁਸ਼ਨ ਨੂੰ ਵੇਖ ਮਨ ਗੱਦ ਗੱਦ ਕਰ
ਉਠਦਾ, ਕਾਰ ਆਪਣੇ ਆਪ ਰੁਕ ਜਾਂਦੀ। ਝਰਨਿਆਂ ਦਾ ਪਾਣੀ ਫੂਰ ਦੀ ਸ਼ਕਲ ਵਿੱਚ ਜਦੋਂ
ਸਰੀਰ ਉਪਰ ਪੈਂਦਾ ਤਾਂ ਇੰਝ ਲੱਗਦਾ ਜਿਵੇਂ ਤੱਪਦੇ ਰੇਗਿਸਤਾਨ ਵਿੱਚ ਠੰਡੇ ਪਾਣੀ ਦੇ
ਫੁਹਾਰੇ ਚੱਲ ਪਏ ਹੋਣ। ਦੂਰ ਕਿਤੇ ਰੇਲ ਦੀ ਘੂਕਰ ਕੰਨਾਂ ਨੂੰ ਸੁਣਾਈ ਪੈਂਦੀ ਅਤੇ
ਵੇਖਦਿਆਂ-ਵੇਖਦਿਆਂ ਹੀ ਰੇਲ ਪਹਾੜ ਵਿੱਚ ਸੱਪ ਦੀ ਤਰ੍ਹਾਂ ਰੇਂਗਦੀ ਹੋਈ ਲੋਪ ਹੋ
ਜਾਂਦੀ। ਲੜਕੀਆਂ ਆਪਣੀ ਪਿੱਠ ਉਪਰ ਲੱਕੜਾਂ ਦੀ ਗਠੜੀ ਲੱਦੀ ਪਹਾੜਾਂ ਤੋਂ ਉਤਰਦੀਆਂ
ਆਉਂਦੀਆਂ ਵੇਖ ਇੰਝ ਮਹਿਸੂਸ ਹੁੰਦਾ ਜਿਵੇਂ ਜਿੰਦਗੀ ਦੇ ਅਸੀਮਤ ਬੋਝ ਥੱਲੇ ਦੱਬੀ
ਜਵਾਨੀ ਮੁਸ਼ਕਲਾ ਨੂੰ ਮਾਖੌਲ ਕਰ ਰਹੀ ਹੋਵੇ। ਅਸਮਾਨ ਏਂਨਾ ਨਜਦੀਕ ਤੇ ਸਾਫ ਨਜ਼ਰ ਆਉਦਾ
ਜਿਵੇਂ ਹੱਥ ਨਾਲ ਹੀ ਛੂਹ ਲੈਂਣਾ ਹੋਵੇ। ਦੂਰ ਕਿਤੇ ਬਰਫ ਦੇ ਪਹਾੜ ਲੱਦੇ ਇੰਜ ਦਿਖਾਈ
ਦਿੰਦੇ ਜਿਵੇਂ,ਇਹ ਸਾਡੇ ਤੋਂ ਬੱਸ ਕੁਝ ਫ਼ਾਸਲੇ ਤੇ ਹਨ। ਰੰਗ ਬਰੰਗੇ ਫੁੱਲਾਂ ਨਾਲ
ਲੱਦੀ ਧਰਤੀ ਤੇ ਹਵਾ ਵਿੱਚ ਫੈਲੀ ਉਹਨਾਂ ਦੀ ਖੁਸ਼ਬੋ ਆਤਮਾਂ ਨੂੰ ਪ੍ਰਮਾਤਮਾ ਦਾ
ਅਹਿਸਾਸ ਕਰਾਉਣ ਤੇ ਉਤਾਰੂ ਸੀ । ਅਚਾਨਕ ਪਿੱਛੋਂ ਕਿਸੇ ਬੱਸ ਨੇ ਬੜੀ ਬੇਸਬਰੀ ਨਾਲ
ਹਾਰਨ ਦੇਣਾ ਸ਼ੁਰੂ ਕਰ ਦਿੱਤਾ। ਸੜਕ ਸਾਫ ਹੋਣ ਕਾਰਨ ਡਰਾਇਵਰ ਬੱਸ ਨੂੰ ਅਕਲਮੰਦੀ ਨਾਲ
ਦੜਾਉਂਦਾ ਹੋਇਆ ਸਾਡੇ ਤੋਂ ਅੱਗੇ ਨਿਕਲ ਗਿਆ । ਬੱਸ ਕਿਸੇ ਯੂਨੀਵਰਸਿਟੀ ਨਾਲ ਸਬੰਧਤ
ਸੀ,ਵਿਦਿਆਰਥੀ ਵੀ ਸ਼ਾਇਦ ਛੁੱਟੀਆਂ ਦਾ ਮਜ਼ਾ ਲੈਣ ਲਈ ਪਹਾੜਾਂ ਤੇ ਜਾ ਰਹੇ ਸਨ । ਆਪਣੀ
ਮੰਜਿਲ ਤੇ ਪਹੁੰਚਦਿਆਂ ਹੀ ਸ਼ਾਮਾ ਪੈ ਗਈਆਂ। ਰਾਤ ਏਂਨੀ ਸ਼ਾਂਤ ਸੀ । ਜਿਸ ਤਰ੍ਹਾਂ
ਕੋਈ ਭਗਤ,ਭਗਤੀ ਦੀ ਆਖੀਰਲੀ ਅਵਸਥਾ ਵਿੱਚ ਚਲਾ ਗਿਆ ਹੋਏ । ਮੈਦਾਨੀ ਰੌਲੇ ਰੱਪਿਆਂ
ਤੋਂ ਉਲਟ ਬਹੁਤ ਜਿਆਦਾ ਸ਼ਾਂਤੀ ਕਾਰਨ ਦਿਮਾਗ ਨੂੰ ਠੰਡਕ ਪਹੁੰਚ ਰਹੀ ਸੀ ।
ਸਵੇਰੇ ਜਾਗਦੇ ਸਾਰ ਹੀ ਸਭ ਆਪਣੀ ਆਪਣੀ ਮੰਜਿਲ ਦੀ ਤਿਆਰੀ ਵਿੱਚ ਰੁੱਝ ਗਏ ।
ਵਿਦਿਆਰਥੀ ਸਾਡੇ ਤੋਂ ਪਹਿਲਾਂ ਤਿਆਰ ਹੋ ਕੇ ਤੁਰ ਪਏ । ਉਹਨਾਂ ਵੱਲ ਵੇਖ ਸਾਨੂੰ ਵੀ
ਆਪਣੇ ਜਵਾਨੀ ਦੇ ਦਿਨ ਯਾਦ ਆਏ ਤੇ ਅਸੀਂ ਜਾਸੂਸੀ ਫਿਲਮਾਂ ਦੇ ਖਲਨਾਇਕ ਵਾਂਗ ਉਹਨਾਂ
ਦੇ ਪਿੱਛੇ ਹੀ ਹੋ ਤੁਰੇ । ਉਹ ਆਪਣੀ ਮਸ਼ਤੀ ਵਿੱਚ ਮਸ਼ਤ ਸਨ,ਬੱਸ ਚੱਲਦੇ ਹੀ ਜਾ ਸਨ ।
ਵਾਤਾਵਰਨ ਵਿੱਚ ਜਵਾਨੀ ਦਾ ਉਤਸਾਹ ਸੀ,ਨਵੇਂ ਖੂਨ ਦੀ ਮਸ਼ਤੀ ਸੀ,ਨਵੇਂ ਫੈਂਸ਼ਨ ਦੀਆਂ
ਝਲਕੀਆਂ ਸਨ ਤੇ ਇੱਕ ਨਵੀਂ ਵਿਚਾਰਧਾਰਾ ਸੀ । ਵਾਦੀ ਵਿੱਚ ਪਹੁੰਚ ਕੇ ਵਿਦਿਆਰਥੀ
ਆਪਣੇ-ਆਪਣੇ ਟੋਲਿਆਂ ਵਿੱਚ ਵੰਡੇ ਗਏ । ਤਿੰਨ ਜੋੜੇ ਸਭ ਤੋਂ ਅਲੱਗ ਸਨ । ਇਹ ਜਰੂਰੀ
ਨਹੀਂ ਕਿ ਇਹ ਇੱਕਠੇ ਹੀ ਰਹਿਣ,ਪਰ ਇਹਨਾਂ ਨੂੰ ਵੇਖ ਲੱਗਦਾ ਸੀ ਕਿ ਇਹ ਤਾਂ ਹਵਾ ਦੇ
ਠੰਡੇ ਬੁੱਲੇ ਸਨ,ਜੋ ਮੈਦਾਨਾ ਨੂੰ ਛੱਡ ਪਹਾੜਾਂ ਵਿੱਚ ਆ ਗਏ ਸਨ । ਅਸੀਂ ਹੋਸਟਲ
ਵਿੱਚ ਤਿੰਨ ਯਾਰ ਸਾਂ । ਤਿੰਨੇ ਹੀ ਇੱਕ ਦੁਸਰੇ ਤੋਂ ਬਿਲਕੁਲ ਵੱਖਰੇ,ਇੱਕ ਨੂੰ ਆਪਣੇ
ਤੋਂ ਜਿਆਦਾ ਆਪਣੀ ਸਹੇਲੀ ਦਾ ਫਿਕਰ ਸੀ ਤਾਂ ਦੂਸਰੇ ਦੀ ਸਹੇਲੀ ਨੂੰ ਆਪਣੇ ਮਿੱਤਰ
ਦਾ,ਤੀਸਰੇ ਨੂੰ ਸਿਰਫ ਫਿਕਰ ਹੁੰਦਾ ਸੀ,ਆਪਣੀਆਂ ਮੁੱਕਦੀਆਂ ਸਿਗਰਟਾਂ ਦਾ, ਸ਼ਾਮ ਨੂੰ
ਬਜਾਰ ਜਾਣ ਦਾ,ਰਾਤ ਨੂੰ ਪੀਣ ਵਾਲੀ ਦਾਰੂ ਦੀ ਕੰਪਨੀ ਦਾ,ਜਾ ਰਾਤ ਦੇ ਖਾਣੇ ਵਿੱਚ
ਕੈਪਸੂਲ (ਰਾਜਮਾਂਹ)ਬਣੇ ਹੋਣ ਦਾ। ਉਹ ਏਨੇ ਫਿਕਰ ਰੋਜ਼ ਹੀ ਕਰਦਾ ਸੀ,ਰੋਜ਼ ਹੀ ਇਹਨਾ
ਨੂੰ ਮੁੱਕਾ ਦੇਂਦਾ ਸੀ। ਉਹ ਜਿਹੜੀ ਕੁੜੀ ਨੂੰ ਪਸੰਦ ਕਰਦਾ ਸੀ,ਉਸਨੂੰ ਹਾਸਿਲ ਕਰਨਾ
ਉਸ ਲਈ ਮੁਸ਼ਕਿਲ ਸੀ। ਸੋ ਜਨਾਬ ਨੇ ਕੋਸ਼ਿਸ਼ ਹੀ ਨਹੀਂ ਕੀਤੀ।
ਅੱਜ ਯੂਨੀਵਰਸਿਟੀ ਦੇ ਦਿਨ ਯਾਦ ਆਉਣ ਲੱਗੇ । ਉਹ ਕਦੇ ਵੀ ਮੇਰੇ ਨਾਲ ਪਹਾੜਾਂ 'ਤੇ
ਨਹੀਂ ਆਈ । ਮੈਂ ਹਮੇਸ਼ਾ ਬੜਾ ਜੋਰ ਲਾਇਆ,ਪਰ ਉਹ ਕਹਿੰਦੀ ਉਸਦੀ ਮੰਮੀ ਨਹੀ ਮੰਨਦੀ ।
ਮੈਂ ਚਲਾ ਜਾਂਦਾ ਉਹ ਰਹਿ ਜਾਦੀ,ਫਿਰ ਵਾਪਸ ਆਇਆਂ,ਮਿਲਣ ਆਉਂਦੀ ਪੁੱਛਦੀ। "ਮੇਰੀ ਯਾਦ
ਆਈ ਕੇ ਨਹੀਂ। ਦੱਸ,ਮੇਰੀ ਰੂਹ ਤੇਰੇ ਵਿੱਚ ਸੀ ਕੇ ਖਾਲੀ ਪਿੰਜਰ ਲੈ ਕੇ ਗਿਆ ਸੀ।"
ਉਹ ਕਹਿੰਦੀ,''ਹੋਰ ਮਿਲ ਗਈਆਂ ਹੋਣੀਆਂ ਨੇ।??ਸੋਚਦਾ ਜੇ ਨਹੀਂ ਜਾਂਦਾ ਤਾਂ ਮਿਲਣ
ਨਹੀਂ ਆਉਂਦੀ । ਜੇ ਜਾਵਾਂ ਤੇ ਕਹਿੰਦੀ ਹੋਰ ਮਿਲ ਗਈਆਂ ਹੋਣੀਆਂ । ਮੰਨ ਨੂੰ ਸ਼ਾਂਤ
ਕਰਨ ਦੇ ਢੰਗ ਲੱਭਦਾ । ਉਹ ਮਜਾਕ ਕਰਦੀ । ਸੋਹਣੀ ਸੀ ਇਸ ਦਾ ਮਤਲਬ ਇਹ ਨਹੀਂ ਕਿ
ਬਾਕੀ ਬਦਸ਼ਕਲ ਸਨ । ਉਸਦੀ ਤੇ ਆਪਣੀ ਤੁਲਨਾ ਕਰਦਾ,ਤਾਂ ਇੰਝ ਮਹਿਸੂਸ ਹੁੰਦਾ ਜਿਵੇਂ
ਹੂਰ ਨਾਲ ਲਗੂੰਰ । ਰਿਸ਼ਤਾ ਗਹਿਰਾ ਸੀ ਪਰ ਰਿਸ਼ਤੇ ਦੀ ਪਹਿਚਾਨ ਫਿੱਕੀ । ਸਾਥ ਇੰਜ
ਮਹਿਸੂਸ ਹੁੰਦਾ ਕਿ ਸਦੀਆਂ ਤੋਂ ਹੈ,ਪਰ ਸਾਥ ਨਿਭਾਉਣਾ ਮੁਸ਼ਕਲ । ਤਕਦੀਰ ਨੇ ਤਾਂ ਉਹ
ਮਿਲਾਈ ਸੀ ਪਰ ਹੋਣੀ ਅੱਗੇ ਤਕਦੀਰ ਵੀ ਫਿੱਕੀ ਸੀ । ਫਿੱਕਾ ਸਭ ਕੁਝ ਸੀ,ਸਿਵਾਏ ਉਸ
ਦੇ ਸਾਥ ਦੇ। ਉਸ ਦੇ ਵੀ ਕਈਂ ਅਰਮਾਨ ਹੋਣਗੇ ਪਰ ਕਦੀ ਪੁੱਛਿਆ ਹੀ ਨਹੀ । ਗੱਲਾਂ ਘੱਟ
ਸਨ। ਲੜਾਈ ਜਿਆਦਾ । ਉਸ ਨੂੰ ਇੰਜ ਵੇਖੀ ਜਾਇਆ ਕਰਦਾ ਸੀ । ਜਿਵੇਂ ਕਦੀ ਵੇਖੀ ਹੀ ਨਾ
ਹੋਵੇ। ਪੜ੍ਹਾਈ ਖਤਮ ਕਰਨ ਤੋਂ ਬਾਅਦ ਸੋਚਦਾ ਕਿ ਰੁੱਖੀ ਸੁੱਕੀ ਖਾ ਕੇ ਇੱਕਠੇ
ਰਵਾਂਗੇ । ਉਹ ਕਹਿੰਦੀ ਕਿ ਉਸਦੇ ਘਰ ਵਾਲੇ ਨਹੀਂ ਮੰਨਦੇ । ਦਿਲ ਕਰਦਾ ਛੱਡ ਦਿਆਂ,ਪਰ
ਸੋਚਦਾ.......। ਕਦੀ ਉਸ ਨੂੰ ਡਾਂਟਦਾ,ਉਹ ਰੋਂਦੀ । ਪਰ ਉਹ ਸਮਝਦੀ ਨਾ। ਉਹ ਕਹਿੰਦੀ
ਤੂੰ ਪਾਗ਼ਲ ਹੈਂ । ਪਰ ਜੇ ਇਸ਼ਕ ਹੈ,ਤਾਂ ਪਾਗ਼ਲ ਹੋਣਾ ਹੀ ਹੈ । ਪਾਗ਼ਲਪਨ ਬਿਨ੍ਹਾਂ ਇਸ਼ਕ
ਨਹੀ ਹੁੰਦਾ ।
ਮੇਰਾ ਇਹ ਹਾਲ ਸੀ,ਜਿਸ ਤਰ੍ਹਾਂ ਕਿਣਕੇ ਨੂੰ ਸਮੁੰਦਰ ਮਿਲ ਗਿਆ ਹੋਵੇ। ਪਰ ਕਿਣਕਾ
ਸਾਰਾ ਸਮੁੰਦਰ ਪੀ ਕੇ ਪਿਆਸਾ ਹੀ ਰਹਿਣਾ ਚਾਹੁੰਦਾ ਸੀ। ਮੈਂ ਉਸ ਨੂੰ ਇੱਕ ਜਿਉਂਦੀ
ਜਾਗਦੀ ਸਖਸ਼ੀਅਤ ਤੋਂ ਆਪਣੀ ਮਾਲਕੀ ਸਮਝਣਾ ਸ਼ੁਰੂ ਕਰ ਦਿੱਤਾ। ਉਹ ਕਹਿੰਦੀ ਕੇ ਉਹ ਇਸ
ਵਿੱਚ ਖੁਸ਼ ਹੈ,ਪਰ ਤੂੰ ਕੁਝ ਬਣ ਜਰੂਰ। ਕਿਤਾਬਾਂ ਵਿੱਚ ਉਹ ਆ ਗਈ,ਕਿਤਾਬਾਂ
ਕਿਰਕਰੀਆਂ ਹੋ ਗਈਆਂ। ਉਸ ਨੂੰ ਹਾਸ਼ਿਲ ਕਰਨ ਦੇ ਨੁਸਖੇ ਲੱਭਦਾ,ਉਹ ਕਹਿੰਦੀ ਮੈਂ ਗਈ
ਹੀ ਕਿੱਥੇ ਹਾਂ। ਇਸ਼ਕ ਦੀ ਤਿਬਰਤਾ ਇਹ ਸੀ,ਜਿਸ ਤਰ੍ਹਾਂ ਮੈਟ੍ਰਿਕ ਵਿੱਚ ਹੋਇਏ। ਕਦੀ
ਲੱਗਦਾ ਕਿ ਇਹ ਇੱਕ ਤਰਫਾ ਹੈ। ਮਿਲਦਾ ਤਾਂ ਪੁੱਛ ਲੈਂਦਾ। ਉਹ ਕਹਿੰਦੀ ਤੂੰ ਪਾਗਲ
ਹੈਂ। ਕਈ ਵਾਰੀ ਸ਼ੱਕ ਪੈ ਜਾਂਦਾ,ਕਿ ਕਿਤੇ ਸੱਚੀਂ ਪਾਗ਼ਲ ਤਾਂ ਨਹੀਂ। ਹਰ ਦਿਨ ਜੰਗ ਦੇ
ਹਾਰੇ ਮੋਰਚੇ ਦੀ ਤਰ੍ਹਾਂ ਖਤਮ ਹੁੰਦਾ,ਫਿਰ ਨਵਾਂ ਸ਼ੁਰੂ ਹੁੰਦਾ। ਹਾਰਨਾ ਤਾਂ ਹੈ ਹੀ
ਸੀ। ਹੋਣੀ ਮੇਰੇ ਹੱਥਾਂ ਵਿੱਚ ਨਹੀਂ ਸੀ। ਆਪਣੇ ਆਪ ਨੂੰ ਝੂਠੀਆਂ ਤਸੱਲੀਆਂ ਤਾਂ ਦੇ
ਹੀ ਸਕਦਾ ਸੀ। ਜਦੋਂ ਦੂਰੋਂ ਉਸ ਨੂੰ ਵੇਖਦਾ ਤਾਂ ਆਪਣੀ ਆਤਮਾਂ ਤੁਰੀ ਆਉਂਦੀ ਦਿਸਦੀ।
ਜੀ ਕਰਦਾ ਘੁੱਟ ਕੇ ਆਪਣੇ ਵਿੱਚ ਵਾੜ ਲਵਾਂ,ਪਰ ਫਿਰ ਮਿਲਾਂਗਾ ਕਿਸਨੂੰ,ਵੇਖਾਂਗਾ
ਕਿਸਨੂੰ । ਝੂਠ ਬਹੁਤ ਬੋਲਦਾ ਪਰ ਉਹ ਹੱਸਦੀ ਹੋਈ ਮੰਨ ਲੈਂਦੀ ।
ਉਹ ਆਉਂਦੀ ਤਾਂ ਇੰਝ ਲੱਗਦਾ ਕੇ ਪੱਤਝੜ ਵਿੰਚ ਬਹਾਰ ਆ ਗਈ ਹੋਵੇ । ਸੂਰਜ ਨੱਚਣ
ਲੱਗਦਾ,ਹਵਾ ਗਾਉਣ ਲੱਗਦੀ । ਵਾਤਾਵਰਣ ਇੰਝ ਖਿੜ ਪੈਂਦਾ,ਜਿਸ ਤਰ੍ਹਾਂ ਕਿਸੇ ਹਜਾਰਾਂ
ਅਗਰਬੱਤੀਆਂ ਸੁਲਗਾ ਦਿੱਤੀਆਂ ਹੋਣ। ਗਾਂਧੀ ਭਵਨ ਦੀ ਛੋਟੀ ਜਿਹੀ ਝੀਲ ਦਾ ਪਾਣੀ ਹਵਾ
ਦੇ ਅੱਗੇ-ਅੱਗੇ ਲਹਿਰਾਂ ਦੀ ਸ਼ਕਲ ਵਿੱਚ ਉਸ ਨੂੰ ਛੂਹਣ ਲਈ ਦੋੜਦਾ। ਜਦੋਂ ਮਿਲਦੇ ਤਾਂ
ਇੰਝ ਮਹਿਸੂਸ ਹੁੰਦਾ ਜਿਵੇਂ ਰੱਬ ਨੇ ਸਾਨੂੰ ਖੁਸੀਆਂ ਦਾ ਸਮੁੰਦਰ ਹੀ ਫੜਾ ਦਿੱਤਾ
ਹੋਵੇ। ਪਰ ਅਸੀਂ ਉਸ ਨੂੰ ਆਪਣੇ-ਆਪਣੇ ਕੱਪਾਂ ਵਿੱਚ ਪਾ ਕੇ ਲੋਭ ਦੀ ਲੜਾਈ ਛੇੜ
ਬੈਠਦੇ । ਇਹੀ ਇੱਕ ਫ਼ਾਸਲਾ ਸੀ,ਜੋ ਹਰ ਮੁਲਾਕਾਤ ਤੇ ਹੋਰ ਵੱਧਦਾ ਜਾਂਦਾ।
ਅਸੀਂ ਇਸ ਤਰ੍ਹਾ ਲੜਦੇ ਜਿਵੇਂ ਦਰਾਣੀ-ਜੇਠਾਣੀ ਲੜਦੀਆਂ। ਸਾਨੂੰ ਜਿਹੜੀਆਂ ਚੀਜ਼ਾਂ
ਚਾਹੀਦੀਆਂ ਸਨ,ਉਹਨਾ ਨੂੰ ਪ੍ਰਾਪਤ ਕਰਨ ਦੀ ਤਿਬਰਤਾ ਵੱਧ ਸੀ। ਜਿੰਦਗੀ ਇੱਕ ਪ੍ਰਸ਼ਨ
ਬਣ ਗਈ ਸੀ। ਪਰ ਸਾਡੇ ਖਜ਼ਾਨੇ ਵਿੱਚ ਸਿਰਫ ਉੱਤਰ ਸਨ। ਸਾਡੇ ਮਿਲਣੀ ਮੁਕਲਾਵੇ
ਵਰਗੀ,ਅਤੇ ਮੁਲਾਕਾਤ ਸ਼ੋਕ ਸਭਾ ਵਰਗੀ। ਸਾਡੀ ਜਿੰਦਗੀ ਉਹ ਦਰਿਆ ਸੀ,ਜਿਸ ਵਿੰਚ ਪਾਣੀ
ਨਹੀਂ ਬਲਕਿ ਕੰਡੇਦਾਰ ਝਾੜੀਆਂ ਸਨ। ਸਾਨੂੰ ਵਰਦਾ ਮੀਂਹ ਪਸੰਦ ਸੀ,ਪਰ ਸਾਡੇ ਅੰਦਰ
ਸਿਰਫ ਰੇਗਿਸਤਾਨ ਸੀ। ਸਾਡਾ ਦੁਨਿਆਵੀ ਗਿਆਨ ਦਾ ਖਜ਼ਾਨਾ ਵੱਧ ਰਿਹਾ ਸੀ,ਨਾਲ ਹੀ
ਵਿਸ਼ਾਲ ਦ੍ਰਿਸ਼ਟੀ ਖਤਮ ਹੁੰਦੀ ਜਾ ਰਹੀ ਸੀ। ਅਸੀਂ ਰੁੱਕ ਗਏ ਸਾਂ,ਸਮਾਂ ਤੁਰੀ ਜਾ
ਰਿਹਾ ਸੀ। ਸਾਡੀ ਗੱਡੀ ਦੇ ਸਾਰੇ ਟਾਇਰ ਪੈਂਚਰ ਸਨ,ਅਸੀਂ ਉਸ ਵਿੱਚ ਪੈਟਰੋਲ ਭਰਵਾਉਣ
ਤੋਂ ਲੜ ਰਹੇ ਸਾਂ। ਸਾਡੇ ਕੋਲ ਗਰਮ ਤੇ ਠੰਡੀਆਂ ਹਵਾਵਾਂ ਵਿਚਲਾ ਵਖਰੇਵਾਂ ਲੱਭਣ ਦਾ
ਹੌਂਸਲਾ ਨਹੀਂ ਸੀ। ਕਦੀ ਉਸ ਨੂੰ ਮਾੜਾ ਚੰਗਾ ਬੋਲ ਦਿੰਦਾ ਤਾਂ ਫਿਰ ਡਰਨ ਲੱਗਦਾ,ਕਿ
ਫਿਰ ਮਿਲਣ ਆਵੇਗੀ ਕਿ ਨਹੀਂ,ਉਹ ਆ ਜਾਂਦੀ। ਉਹ ਤਾਂ ਸਿਰਫ ਉਹ ਸੀ। ਇੱਕ ਪਰੀ,ਨਾਨੀ
ਦੀਆਂ ਕਹਾਣੀਆਂ ਵਾਲੀ ਪਰੀ।
ਵਿਚਾਰਾਂ ਦੀ ਭੀੜ ਆਜ਼ਾਦ ਹੁੰਦੀ ਜਾ ਰਹੀ ਸੀ। ਅਸੀਂ ਆਪਣੀ ਜ਼ਿੰਦਗੀ ਦੇ ਅਨੰਦ ਨੂੰ ਆਪ
ਹੀ ਅਲਮਾਰੀਆਂ ਵਿੱਚ ਬੰਦ ਕਰ ਦਿੱਤਾ ਸੀ। ਅਸੀਂ ਜ਼ਿਆਦਾ ਬੋਝ ਚੁੱਕਣ ਨੂੰ ਵੀ ਤਿਆਰ
ਸਾਂ,ਪਰ ਸਾਡੇ ਕੋਲ ਸਮਾਨ ਹੀ ਨਹੀਂ ਸੀ। ਅਸੀਂ ਹਾਰੇ ਹੋਏ ਵਿਅਕਤੀਆਂ ਵਾਂਗ ਬਹਿਸਦੇ।
ਇੱਕਠਿਆਂ ਰਹਿ ਕੇ ਮਹਿਸੂਸ ਕਰਨ ਲਗ ਪਏ ਕਿ ਅਸੀਂ ਜਿੰਦਗੀ ਨੂੰ ਬਹੁਤ ਕੋਲੋਂ ਵੇਖ
ਲਿਆ ਹੈ। ਦ੍ਰਿਸ਼ਟੀਕੋਣ ਦੇ ਵਖਰੇਵਿਆਂ ਨੇ ਦਿਲ ਤਾਂ ਮਿਲਣ ਦਿੱਤੇ ਪਰ ਸਾਨੂੰ ਨਹੀਂ।
ਇਸ਼ਕ ਸੀ,ਪਰ ਇਸ਼ਕ ਰੀਝ ਨਹੀਂ ਸੀ। ਇੰਝ ਲੱਗਦਾ ਅਸੀਂ ਦੋ ਨਹੀਂ ਬਲਕਿ ਚਾਰ ਹੋਈਏ,ਦੋ
ਬਾਹਰੋਂ ਪ੍ਰਤੱਖ,ਇੱਕ ਇੱਕ ਸਾਡੇ ਅੰਦਰ ਕੋਈ ਹੋਰ। ਵਿਆਹ ਸ਼ਾਦੀ ਦੀਆਂ ਗੱਲਾਂ
ਹੁੰਦੀਆਂ। ਪਰ ਲੱਗਦਾ ਏਥੇ ਵਹੁੱਟੀ ਨਹੀਂ,ਸਿਰਫ਼ ਦਾਜ ਹੀ ਮਿਲਣਾ ਸੀ। ਜਦੋਂ ਕੋਈ
ਘਰੋਂ ਨਿਕਲਦਾ ਹੈ,ਤਾਂ ਸੁਪਨੇ ਕੁਆਰੀ ਦੀਆਂ ਅੱਖਾਂ ਵਿੱਚ ਪਏ ਸੁਰਮੇ ਵਾਗੂੰ ਲਿਸ਼ਕਦੇ
ਹਨ। ਪਰ ਕਿਸੇ ਦੀ ਤਾਂਘ ਇਸਨੂੰ ਮੀਂਹ ਦੇ ਪਾਣੀ ਵਾਂਗ ਧੋ ਦੇਂਦੀ ਹੈ। ਉਸ ਦੀ ਚੁੱਪ
ਬਹੁਤ ਕੁਝ ਕਹਿਣ ਲੱਗੀ । ਮੈਂ ਬਹੁਤ ਕੁਝ ਬੋਲ ਕੇ ਵੀ ਕੁਝ ਨਾ ਕਹਿ ਸਕਣ ਵਾਲੀ
ਸਥਿਤੀ ਵੱਲ ਸਰਕਣ ਲੱਗਾ। ਅਸੀਂ ਅੰਦਰੋਂ ਏਨੇ ਮਜਬੂਤ ਨਹੀ ਸਾਂ। ਸਾਨੂੰ ਟੁੱਟਣ ਲਈ
ਹਲਾਤਾਂ ਦੀ ਨਹੀ,ਇਸ਼ਾਰੇ ਦੀ ਜਰੂਰਤ ਸੀ। ਵਸੀਲਿਆਂ ਦੀ ਘਾਟ ਇਨਸਾਨ ਨੂੰ ਹਰਾ ਨਹੀ
ਸਕਦੀ। ਘਾਟ ਸਿਰਫ ਨਿਸਚੇ ਦੀ ਸੀ। ਉਹ ਮੈਨੂੰ ਸੁਧਾਰਨਾ ਚਾਹੁੰਦੀ ਸੀ । ਮੈਂ ਹੋਰ
ਵਿਗੜ ਗਿਆ । ਉਹ ਆਪਣੇ ਨਿਸਚੇ ਨਾ ਲਕੋ ਕੇ ਵੀ ਉਹਨਾ ਤੇ ਦ੍ਰਿੜ ਸੀ । ਉਹ ਮੈਨੂੰ
ਸਿਖਿਆ ਦੀ ਪੰਜਾਲੀ ਵਿੱਚ ਪਾਉਣਾ ਚਾਹੁੰਦੀ ਸੀ ਪਰ ਮੈਂ ਮਾਰਨ ਵਾਲੇ ਬਲਦ ਵਾਂਗ ਉਸ
ਨੂੰ ਹੀ ਸਿੰਗਾਂ ਤੇ ਚੁੱਕਣ ਨੂੰ ਫਿਰਦਾ ਸੀ ।
ਨਵੇਂ ਦਰਵਾਜੇ ਕਦੋਂ ਖੁੱਲਣਗੇ,ਕੋਈ ਪਤਾ ਨਹੀ ਸੀ । ਮੇਰਾ ਰੱਬ ਮੈਨੂੰ ਨਕਾਰ ਰਿਹਾ
ਸੀ । ਉਸ ਨੇ ਆਪਣੀ ਆਤਮਾ ਖੋਲ ਕੇ ਵਿਖਾਈ,ਮੈਂ ਉਸ ਵਿੱਚੋਂ ਪ੍ਰਮਾਤਮਾ ਲੱਭਣ ਲੱਗ
ਪਿਆ । ਅੰਤ ਵਿਦਾਇਗੀ ਦਾ ਦਿਨ ਆ ਗਿਆ। ਇੱਕੋ ਜਿਹੇ ਸੁਭਾਅ ਦੇ ਦੋ ਜੀਵਾਂ ਨੇ ਇਕ
ਦੂਸਰੇ ਤੋਂ ਅਲੱਗ ਹੋ ਜਾਣਾ ਸੀ । ਇੱਕਲਾਪਨ ਸਿਰਫ਼ ਮੇਰੇ ਹਿੱਸੇ ਆਉਣਾ ਸੀ। ਇਹੀ
ਮੇਰਾ ਦਾਜ ਸੀ । ਇਹ ਵੀ ਕਰਮਾ ਵਾਲਿਆਂ ਨੂੰ ਨਸੀਬ ਹੁੰਦਾ ਹੈ। ਇਹ ਮੇਰੇ ਵੱਲੋਂ
ਪੈਦਾ ਕੀਤੇ ਫ਼ਾਸਲਿਆਂ ਦਾ ਦਾਜ ਸੀ।
ਉਸ ਨੇ ਮੈਨੂੰ ਮਰਨ ਨਹੀਂ ਦਿੱਤਾ । ਛੋਟੇ ਜਿਹੇ ਵਖਫ਼ੇ ਵਿੱਚ ਬੱਚੇ ਤੋਂ ਬੁੱਢਾ ਬਣ
ਗਿਆ । ਪਹਿਲੀ ਵਾਰ ਮਾਂ-ਬਾਪ ਦੀ ਬੁੱਕਲ ਤੋਂ ਬਾਹਰ ਨਿਕਲ ਇੱਕਲਾ ਦੁਨੀਆ ਵਿੱਚ
ਵਿਚਰਿਆ ਸਾਂ,ਪਰ ਉਹ ਮੇਰੀ ਦਾਦਾ-ਦਾਦੀ,ਨਾਨਾ-ਨਾਨੀ ਹੋ ਨਿਬੜੀ । ਉਹ ਚਲੀ ਗਈ ਕਿਸੇ
ਹੋਰ ਨਾਲ ਵਿਆਹ ਕਰਵਾ ਕੇ । ਕਈ ਦਿਨ ਸੋਚਦਾ ਰਿਹਾ,ਕਿ ਝੂਠ ਹੈ। ਸੱਚ ਨੇ ਤਾਂ ਸੱਚ
ਹੀ ਰਹਿਣਾ ਸੀ। ਉਹ ਦਿਨ ਇਸ ਤਰ੍ਹਾਂ ਲੱਗਿਆ, ਜਿਵੇਂ ਦਿਮਾਗ ਇਕਦਮ ਖਾਲੀ ਹੋ ਗਿਆ
ਹੋਵੇ। ਮੌਕਾ ਰੋਣ ਦਾ ਸੀ,ਨਿਕਲ ਮੂੰਹੋਂ ਹਾਸਾ ਰਿਹਾ ਸੀ । ਇੰਝ ਮਹਿਸੂਸ ਹੋਣ
ਲੱਗਾ,ਕਿ ਹੁਣ ਕੋਈ ਜਿੰਮੇਵਾਰੀ ਨਹੀ ਰਹੀ । ਸੋਚਦਾ ਰੱਬ ਨੇ ਕਿਸੇ ਨਾਲ ਇਸ਼ਕ ਨਹੀਂ
ਕੀਤਾ ਹੋਣਾ,ਜੇ ਕਿੱਤਾ ਵੀ ਹੋਵੇਗਾ ਤਾਂ ਉਹ ਫ਼ਾਸਲੇ ਪੈਦਾ ਕਰਦਾ ਜਾਂ ਮਿਟਾਉਂਦਾ ਹੀ
ਰਗੜਿਆ ਗਿਆ ਹੋਣਾ,ਲੱਗਦਾ ਉਸ ਨੇ ਕਿਸੇ ਨੂੰ ਉਡੀਕ ਕੇ ਨਹੀਂ ਵੇਖਿਆ ਹੋਣਾ,ਜੇ ਉਡਕਿਆ
ਹੁੰਦਾ ਤਾਂ ਕਿਸੇ ਨੂੰ ਉਡੀਕਣ ਨਾ ਦੇਂਦਾ ? ਨਵੀਆਂ ਰਾਹਾਂ ਲੱਭਦਾ ਯੁਨੀਵਰਸਿਟੀ
ਦੀਆਂ ਸੜਕਾਂ ਤੇ ਇੰਝ ਫਿਰਦਾ ਜਿਵੇਂ ਇਹ ਪਹਿਲੀ ਵਾਰ ਵੇਖੀਆਂ ਹੋਣ। ਜਦੋਂ ਖਲੋ
ਜਾਂਦਾ ਤਾਂ ਥਕਾਵਟ ਹੋਣ ਲੱਗਦੀ,ਤੁਰੀ ਜਾ ਰਿਹਾ ਸੀ। ਰੋਜ਼ ਸਵੇਰੇ ਤਿਆਰ ਹੋ ਕੇ ਉਸ
ਨੂੰ ਉਡੀਕਣ ਪਹੁੰਚ ਜਾਂਦਾ। ਉਹ ਖਾਲੀ ਸੜਕਾਂ ਵੱਲ ਵੇਖਦਾ ਜਿਸ ਪਾਸਿਓਂ ਉਸ ਆਉਣਾ
ਹੁੰਦਾ ਸੀ
ਆਖਿਰ ਇੱਕ ਦਿਨ ਮੋਟਰ ਸਾਇਕਲ ਚੁਕਿਆ ਤੇ ਪਿੰਡ ਨੂੰ ਚਾਲੇ ਪਾ ਦਿੱਤੇ । ਰਸਤੇ ਵਿੱਚ
ਜਗ੍ਹਾ ਜਗ੍ਹਾ ਲੰਗਰ ਲੱਗੇ ਹੋਏ ਸਨ। ਜਿੰਦਗੀ ਨੇ ਹੁਣ ਚੌਰਾਹੇ ਨੂੰ ਛੱਡ ਸਿੱਧੀ ਸੜਕ
ਫੜ ਲਈ ਸੀ,ਜਿਸ ਨੇ ਉਥੇ ਹੀ ਜਾਣਾ ਸੀ,ਜਿਥੋਂ ਤੁਰਿਆ ਸਾਂ । ਪਿੰਡ ਵਾਪਸ ਆਉਣ ਤੋਂ
ਡਰ ਲੱਗਦਾ ਸੀ। ਆ ਕੇ ਲੱਗਿਆ ਕਿ ਮੈਂ ਤਾਂ ਉਪਰਿਆਂ ਦੇ ਮੇਲੇ ਵਿੱਚ ਗੁਆਚ ਗਿਆ ਸੀ ।
ਪਿੰਡ ਪਹੁੰਚ ਕੇ ਪਤਾ ਲੱਗਾ ਕਿ ਵਿਦੇਸ਼ਾ ਵਿੱਚ ਵੱਸਦੇ ਪੰਜਾਬੀ ਪਿੰਡ ਨੂੰ ਘਰ ਤੇ ਘਰ
ਨੂੰ ਪਿੰਡ ਕਿਉਂ ਕਹਿੰਦੇ ਹਨ ।
ਇਹ ਹਾਰ ਜਿੰਦਗੀ ਵਿੱਚ ਕਦੇ ਜਿੱਤ ਨਹੀ ਬਣ ਸਕਦੀ,ਪਰ ਕਈ ਜਿੱਤਾਂ ਵੀ ਇਸਦੇ ਸਾਹਮਣੇ
ਬੌਣੀਆਂ ਹੀ ਨਜ਼ਰ ਆਉਣਗੀਆਂ। ਉਹ ਇੱਕ ਤਾਜ਼ਾ ਹਵਾ ਦਾ ਬੁੱਲਾ ਸੀ । ਜਿੰਦਗੀ ਵਿੱਚ ਆਈ
ਜਰੂਰ ਪਰ ਗਈ ਨਹੀਂ । ਕੋਲ ਹੀ ਤਾਂ ਹੈ,ਯਾਦਾਂ ਕਰਕੇ,ਆਪਣੇ ਬੇਪਨਾਹ ਹੁਸਨ
ਕਰਕੇ,ਆਪਣੀ ਖੁਸ਼ਬੋ ਕਰਕੇ,ਗਈ ਕਿਥੇ ਹੈ। ਉਸਦੀ ਸ਼ਕਲ ਕਦੇ ਯਾਦ ਨਾ ਹੁੰਦੀ,ਅੱਜ
ਸੁਪਨਿਆਂ ਵਿੱਚ ਉਹ ਇੰਝ ਦਿਸਦੀ ਜਿਵੇਂ ਉਹ ਨਕਲ ਤੇ ਇਹ ਅਸਲ । ਸਭ ਕੁਝ ਅੰਦਰ ਚਲਾ
ਗਿਆ । ਐਂਵੇ ਝੂਠ ਬੋਲਦੀ ਸੀ ਕਿ ਅਸੀਂ ਵਿਛੜ ਜਾਣਾ ਹੈ। ਬੜੀ ਭੋਲੀ ਸੀ,ਸਭ ਕੁਝ ਕਹਿ
ਦੇਂਦੀ ਸੀ। ਅੱਜ ਵੀ ਉਸ ਨੂੰ ਕੋਲ ਮਹਿਸੂਸ ਕਰਦਾ ਹਾਂ । ਹਰ ਉਸ ਵਕਤ ਜਦੋਂ ਉਦਾਸ
ਹੁੰਦਾ ਹਾਂ। ਜਿਨ੍ਹਾ ਮਰਜੀ ਬਾਹਰ ਕੱਢ ਕੇ ਸੁੱਟੋ ਫਿਰ ਵੀ ਖਤਮ ਨਹੀ ਹੁੰਦਾ। ਇਹ
ਪਤਾ ਨਹੀਂ ਕੀ ਹੈ । ਇਹ ਦਰਾਰ ਹੈ,ਜੋ ਸਾਡੇ ਵਿਚਲੇ ਫ਼ਾਸਲੇ ਤੋਂ ਪੈਦਾ ਹੋਈ ਸੀ।
ਫ਼ਾਸਲਾ ਹੁਣ ਦਰਾਰ ਦਾ ਰੂਪ ਲੈ ਚੁੱਕਿਆ ਹੈ । ਚੱਲੋ ਅੱਜ ਇਹਨਾ ਜੋੜਿਆਂ ਵਿੱਚ ਵੇਖਦੇ
ਹਾਂ ਕਿਤੇ ਇਹਨਾਂ ਵੀ ਆਪਣੇ ਵਿੱਚ ਉਹ ਫਾਸਲਾ ਤਾਂ ਨਹੀਂ ਪਾਲ ਰੱਖਿਆ । ਜੋ ਇੱਕ
ਚੰਡਾਲ ਲਹਿਰ ਦੀ ਤਰ੍ਹਾਂ ਹਮੇਸ਼ਾ ਵਿਸ਼ਾਲ ਹੁੰਦਾ ਜਾਂਦਾ ਹੈ,ਜਾਂ ਫਿਰ.........?
****
ਗੁਰਪ੍ਰਤਾਪ ਸਿੰਘ ਕਾਹਲੋਂ
ਕਾਲਾ ਅਫਗਾਨਾ, ਤਹਿ ਬਟਾਲਾ
ਜਿਲ੍ਹਾ - ਗੁਰਦਾਸਪੁਰ
98886-12523****
(18
ਜੁਲਾਈ
2007) -ਚਾਤ੍ਰਿਕ ਯੂਨੀਕੋਡ