“ਨਸੀਬ, ਲੈ ਘੁੱਟ ਕੁ ਹੋਰ ਪੀ
ਲੈ।”
“ਨਹੀਂ ਅਮਰ, ਜੇ ਚੜ੍ਹ ਗਈ ਤਾਂ ਕਾਰ ਚਲਾਉਣੀ ਔਖੀ ਹੋ ਜਾਊ।”
“ਘਰ ਜਾਕੇ ਵੀ ਕੀ ਕਰੇਂਗਾ। ਕਿਹੜੈ ਕੋਈ ਮੁਟਿਆਰ ਉਡੀਕਦੀ ਹੈ। ਐਥੇ ਹੀ ਸੌਂ ਜਾਵੀਂ।
ਨਾਲ਼ੇ ਹੁਣ ਵਿਆਹ ਵੀ ਕਰਵਾ ਲੈ।”
“ਵਿਆਹ ਕਿਹਦੇ ਨਾਲ਼ ਕਰਵਾਵਾਂ। ਕੋਈ ਕੁੜੀ ਪਸੰਦ ਹੀ ਨਹੀਂ ਕਰਦੀ।”
“ਬਕਵਾਸ ਨਹੀਂ ਕਰੀਦਾ। ਹਰ ਚੀਜ਼ ਦਾ ਸਮਾਂ ਹੁੰਦਾ ਹੈ। ਬੱਲਿਆ, ਅਮਰੀਕਾ ਆਉਣ ਤੋਂ
ਬਾਅਦ ਤਾਂ ਕੁੜੀਆਂ ਦੀਆਂ ਲਾਈਨਾਂ ਲਗ ਜਾਂਦੀਆਂ ਨੇ।” ਅਮਰ ਨੇ ਸਲਾਹ ਦਿੱਤੀ।
“ਪੁਰਾਣਾਂ ਜ਼ਮਾਨਾਂ ਨਹੀਂ ਰਿਹਾ। ਅੱਜ ਕੱਲ੍ਹ ਦੀਆਂ ਕੁੜੀਆਂ ਕਿਸੇ ਦੇ ਪੈਰ ਨਹੀਂ
ਲੱਗਣ ਦਿੰਦੀਆਂ। ਹੁਣ ਤਾਂ ਲਗਦਾ ਕੋਈ ਗੱਡੀਆਂ ਵਾਲਿਆਂ ਦੀ ਕੁੜੀ ਹੀ ਫੜ ਕੇ ਲਿਆਉਣੀ
ਪੈਣੀ ਐਂ। ਸਾਡੇ ਪਿੰਡ ਆਉਂਦੇ ਰਹਿੰਦੇ ਨੇ। ਕੁੜੀਆਂ ਬਹੁੱਤ ਸੁਹਣੀਆਂ ਹੁੰਦੀਆਂ ਨੇ,
ਉਹਨਾਂ ਦੀਆਂ।”
“ਗੱਡੀਆਂ ਵਾਲਿਆਂ ਦੀ! ਵੀਰ ਜੀ ਤੁਸੀਂ ਉਹਨਾਂ ਕਬੀਲਿਆਂ ਦੀ ਗੱਲ ਤਾਂ ਨਹੀਂ ਕਰਦੇ
ਜਿਹੜੇ ਪਿੰਡਾਂ ਵਿੱਚ ਜਾ ਕੇ ਚੀਜ਼ਾਂ ਠੀਕ ਕਰਦੇ ਨੇ। ਉਹ ਲੋਹਾਰ ਖਾਨਾਬਦੋਸ਼। ਕੋਈ
ਦਿਲ ਤੇ ਤਾਂ ਨਹੀਂ ਛਾ ਗਈ।” ਅਮਰ ਦੀ ਪਤਨੀ ਨੇ ਪੁੱਛਿਆ।
“ਹਾਂ ਉਹੀ, ਗੱਡੀਆਂ ਵਾਲ਼ੇ।”
“ਉਹਨਾਂ ਦੀਆਂ ਕੁੜੀਆਂ ਫੜਨੀਆਂ ਵੀ ਐਨੀਆਂ ਸੌਖੀਆਂ ਨਹੀਂ। ਬਹੁੱਤ ਇੱਜ਼ਤਦਾਰ
ਰਾਜਪੂਤ ਕਬੀਲੇ ਨੇ, ਉਹ।”
“ਗਰੀਬੜੇ ਜਿਹੇ ਲੋਗ ਹੁੰਦੇ ਨੇ। ਛੋਟੀਆਂ ਛੋਟੀਆਂ ਚੀਜ਼ਾਂ ਬਣਾਂ ਕੇ ਵੇਚਦੇ ਨੇ।
ਗੁਜ਼ਾਰਾ ਹੋ ਜਾਂਦਾ ਹੈ। ਕੁੜੀਆਂ ਖੂਬਸੂਰਤ ਹੁੰਦੀਆਂ ਨੇ। ਮੁਆਫ ਕਰੀਂ ਭਾਬੀ, ਮੈਂ
ਤਾਂ, ਐਵੇਂ ਹੀ ਮਜ਼ਾਕ ਵਿੱਚ , ਮੂੰਹੋਂ ਬਕ ਦਿੱਤਾ।”
ਅਮਰ ਨੇ ਅਪਣੀ ਪਤਨੀ ਵੱਲ ਵੇਖਿਆ, ਥੋੜ੍ਹਾ ਮੁਸਕੁਰਾਇਆ, ਫੇਰ ਬੋਲਿਆ, “ ਨਸੀਬ,
ਉਹਨਾਂ ਲੋਹਾਰਾਂ ਦੀ ਕੁੜੀ ਤਾਂ ਜੇ ਇੱਕ ਵੇਰ ਕੋਈ ਦਿਲ ਵਿੱਚ ਆ ਵੜੇ ਤਾਂ ਪੂਰਾ ਦਿਲ
ਅਪਣੇ ਕਬਜ਼ੇ ਵਿੱਚ ਕਰ ਲੈਂਦੀ ਐ। ਸਾਡੇ ਪਿੰਡ ਵੀ ਆਉਂਦੇ ਹੁੰਦੇ ਸੀ ਇਹ ਲੋਗ। ਮੇਰੀ
ਦਾਦੀ ਮੈਨੂੰ ਕਹਿੰਦੀ ਹੁੰਦੀ ਸੀ ਕਿ ਮੈਂ ਘਰੋਂ ਚੋਰੀ ਚੋਰੀ ਭੱਜ ਜਾਂਦਾ ਸਾਂ ਅਤੇ
ਕਬੀਲੇ ਵਾਲਿਆਂ ਦੇ ਜੁਆਕਾਂ ਨਾਲ਼ ਖੇਡਦਾ ਸਾਂ। ਓਥੇ ਹੀ ਰੋਟੀ ਵੀ ਖਾ ਲੈਂਦਾ ਸਾਂ।
ਕਈ ਵੇਰ ਮਾਰ ਵੀ ਪਈ। ਪਰ ਮੁੰਡੇ ਢੀਠ ਹੁੰਦੇ ਨੇ, ਮਾਰ ਤੋਂ ਵੀ ਨਹੀਂ ਡਰਦੇ।”
“ ਤੇਰੇ ਹਾਣ ਦੇ ਮੁੰਡੇ ਹੋਣੇ ਐਂ ਕਬੀਲੇ ਦੇ। ਤੁੰ ਕਿਸੇ ਆਂਟੀ ਕੋਲ਼ ਥੋੜ੍ਹਾ ਹੀ
ਜਾਂਦਾ ਹੋਵੇਂਗਾ, ਰੋਟੀ ਖਾਣ ਲਈ। ਬੱਸ ਖੇਡ ਪਿਆਰੀ ਹੋਣੀ ਐਂ।”
“ ਹਾਂ ਠੀਕ ਹੈ। ਕੁੜੀਆਂ ਵੀ ਬਰਾਬਰ ਖੇਡਦੀਆਂ ਸੀ।”
ਅਮਰ ਸੋਚਾਂ ਵਿੱਚ ਪੈ ਗਿਆ। ਨਸੀਬ ਹਰੀਂ ਹਾਸੇ ਮਜ਼ਾਕ ਵਿੱਚ ਰੁੱਝ ਗਏ। ਅਮਰ ਨੂੰ
ਯਾਦ ਆਈ, ਟੱਪਰੀਵਾਸਾਂ ਦੀ ਕੁੜੀ, ਚੰਚਲ, ਸੁਹਣੀ, ਗੋਰੀ, ਲੰਮੇ ਵਾਲਾਂ ਵਾਲ਼ੀ
ਗੁੱਤ, ਤਿੱਖੇ ਨੈਣ ਨਕਸ਼, ਗੱਡੀਆਂ ਵਾਲਿਆਂ ਤੋਂ ਕਿਤੇ ਅਲੱਗ ਸੁਭਾ ਅਤੇ ਆਦਤਾਂ।
ਜਿਵੇਂ ਰੇਤੇ ਵਿੱਚ ਰਤਨ ਪਿਆ ਹੋਵੇ। ਉਸ ਦੀਆਂ ਅੱਖਾਂ ਅੱਗੇ, ਪੁਰਾਣਾਂ ਨਜ਼ਾਰਾ
ਚਲਚਿੱਤਰ ਵਾਂਗ ਘੁੰਮਣ ਲੱਗਾ।
ਜਦ ਵੀ ਉਹ ਕਬੀਲਾ ਸਾਡੇ ਪਿੰਡ ਆਉਂਦਾ, ਉਹ ਕੁੜੀ ਘਰ ਆ ਜਾਂਦੀ। ਕਿੰਨਾਂ ਕਿੰਨਾਂ
ਚਿਰ ਬੈਠੀ ਇੰਤਜ਼ਾਰ ਕਰਦੀ ਨਾਂ ਥੱਕਦੀ। ਬੇਬੇ ਦੇ ਕੰਮ ਵਿੱਚ ਹੱਥ ਵੀ ਵਟਾ ਜਾਂਦੀ।
ਫੇਰ ਮੈਂ ਕਾਲਜ ਤੋਂ ਆ ਕੇ ਉਸ ਨਾਲ ਬੈਠਕੇ ਚਾਹ ਪੀਂਦਾ। ਗੱਲਾਂ ਮੁੱਕਣ ’ਚ ਨਹੀਂ਼
ਸਨ ਆਉਂਦੀਆਂ। ਫੇਰ ਉਸਦੀ ਮਾਂ ਉਸ ਨੂੰ ਬੁਲਾਉਣ ਆ ਜਾਂਦੀ। ਮੈਨੂੰ ਬਿਲਕੁਲ ਚੰਗਾ ਨਾ
ਲਗਦਾ। ਉਹ ਵੀ ਚਾਹੁੰਦੀ ਕਿ ਉਸ ਦੀ ਮਾਂ ਮੇਰੀ ਬੇਬੇ ਨਾਲ਼ ਗੱਲਾਂ ਵਿੱਚ ਰੁੱਝ
ਜਾਵੇ। ਉਸਦੀ ਮਾਂ ਕੁੜੀ ਨੂੰ ਗੁੱਤੋਂ ਫੜਕੇ ਖਿੱਚਦੀ ਨਾਲ਼ੇ ਬੇਬੇ ਨੂੰ ਕਹਿੰ਼ਦੀ, “
ਸਰਦਾਰਨੀ ਜੀ, ਇਸ ਪਗਲੀ ਕੋ ਤੋ ਅਪਣੇ ਪਾਸ ਹੀ ਰਖ ਲੋ।”
“ ਕਿਵੇਂ ਰੱਖ ਲਾਂ, ਪਾਰੋ? ਜੱਟਾਂ ਦੀ ਕੁੜੀ ਹੁੰਦੀ ਤਾਂ ਮੈਂ ਰਿਸ਼ਤੇ ਦੀ ਗੱਲ
ਚਲਾਉਂਦੀ। ਕੁੜੀ ਤਾਂ ਘਰ ਰੱਖਣ ਲਾਇਕ ਹੀ ਹੈ। ਰੱਬ ਨੇ ਅਪਣੇ ਹੱਥਾਂ ਨਾਲ਼ ਘੜੀ
ਲਗਦੀ ਐ, ਮਰਨੀ।” ਬੇਬੇ ਜੁਆਬ ਦੇਂਦੀ ਕਦੇ ਨਾ ਝਿਜਕਦੀ।
ਗਰਮੀਆਂ ਦੀਆਂ ਛੁੱਟੀਆਂ ਸਨ। ਸਿਮਰ ਮੈਨੂੰ ਮਿਲਣ ਆਈ। ਉਹ ਅੰਬਾਲੇ ਦਸਵੀਂ ਜਮਾਤ ਤੋਂ
ਬਾਅਦ ਅੰਬਾਲ਼ੇ ਹੀ ਕਾਲਜ ਵਿੱਚ ਪੜ੍ਹਨ ਚਲੀ ਗਈ। ਮੈਂ ਇੰਨਜੀਨਿਅਰਿੰਗ ਪੜ੍ਹਨ ਲਗ
ਪਿਆ ਸਾਂ।
“ ਅਮਰ, ਮੈਂ ਹੁਣ ਪੰਜਾਬੀ ਸਿੱਖ ਲਈ ਹੈ। ਅਪਣਾ ਨਾਂ ਵੀ ਬਦਲ ਕੇ ਸਿਮਰਜੀਤ ਕੌਰ ਰੱਖ
ਲਿਆ ਹੈ। ਮੈਨੂੰ ਪੰਜਾਬਣ ਬਣਨਾ ਬਹੁੱਤ ਚੰਗਾ ਲਗਦਾ ਹੈ।” ਉਸ ਨੇ ਕਿੰਨੇ ਚਾਅ ਨਾਲ਼
ਦੱਸਿਆ ਸੀ।
“ ਤੂੰ ਅਪਣੇ ਮਾਪਿਆਂ ਤੋਂ ਆਗਿਆ ਲਈ ਸੀ।” ਮੈਂ ਹੈਰਾਨ ਹੋ ਕੇ ਪੁੱਛਿਆ ਸੀ।
“ਨਹੀਂ। ਜ਼ਰੂਰਤ ਨਹੀਂ ਪਈ। ਉਹ ਤਾਂ ਸਿਮਰ ਹੀ ਆਖਦੇ ਹਨ।”
“ ਬੇਬੇ, ਤੂੰ ਸੁਣਿਆਂ? ਸਿਮਰ ਨੇ ਅਪਣਾ ਨਾਂ ਬਦਲ ਕੇ ਸਿਮਰਜੀਤ ਕੌਰ ਕਰ ਲਿਆ ਹੈ।
ਕਹਿੰਦੀ ਐ ਕਿ ਉਸ ਨੂੰ ਪੰਜਾਬਣ ਬਣਨਾ ਚੰਗਾ ਲਗਦਾ ਹੈ।” ਮੈਂ ਉੱਚੀ ਉੱਚੀ ਬੋਲਕੇ
ਬੇਬੇ ਦੇ ਕੰਨ ਗੱਲ ਪਾਈ ਸੀ।
“ ਨੀ ਡੁੱਬਣੀਏਂ, ਮੈਂ ਸਭ ਸਮਝਦੀ ਆਂ। ਅਸਲ ਗੱਲ ਤਾਂ ਹੋਰ ਹੀ ਹੈ। ਤੈਨੂੰ ਅਮਰ
ਬਹੁੱਤ ਪਸੰਦ ਹੈ, ਮੈਂ ਇਹ ਜਾਣਦੀ ਹਾਂ। ਪਰ ਧੀਏ, ਜੋ ਹੋ ਨਹੀਂ ਸਕਦਾ, ਓਹਦੇ ਵਾਰੇ
ਨਹੀਂ ਸੋਚੀਦਾ।” ਬੇਬੇ ਨੇ ਠੀਕ ਜੁਆਬ ਨਹੀਂ ਸੀ ਦਿੱਤਾ।
ਮੈਂ ਅਮਰੀਕਾ ਪੜ੍ਹਨ ਲਈ ਆਉਣਾ ਸੀ। ਸਿਮਰ ਨੂੰ ਪਤਾ ਲਗ ਗਿਆ। ਉਹ ਸਾਡੇ ਘਰ ਆਈ। ਹੁਣ
ਉਹ ਅਪਣੇ ਕਬੀਲੇ ਦੇ ਨਾਲ਼ ਨਾਲ਼ ਨਹੀਂ ਸੀ ਜਾਂਦੀ। ਬੀ ਐੱਡ ਕਰਕੇ ਨੌਕਰੀ ਭਾਲ਼ ਰਹੀ
ਸੀ। ਸਾਡੇ ਘਰ ਉਸਨੇ ਪਹਿਲੀ ਵੇਰ ਰਾਤ ਕੱਟੀ ਸੀ। ਵਾਰ ਵਾਰ ਕਹਿੰਦੀ ਸੀ,“ ਅਮਰ
ਮੈਨੂੰ ਯਾਦ ਰੱਖੇਂਗਾ?- - ਮੈਨੂੰ ਵੀ ਦੱਸ ਮੈਂ ਅਮਰੀਕਾ ਕਿਵੇਂ ਜਾ ਸਕਦੀ ਹਾਂ? ਮਂੈ
ਵੀ ਤੇਰੇ ਵਾਂਗ ਬਾਹਰ ਕੁੱਝ ਪੜ੍ਹਨਾਂ ਚਾਹੁੰਦੀ ਹਾਂ। ਪਰ ਮੈਂ ਤੇਰੇ ਵਾਂਗ ਅਮੀਰ
ਕਿਸਾਨ ਦੀ ਔਲਾਦ ਨਹੀਂ।” ਫੇਰ ਉਹ ਮਾਯੂਸ ਹੋ ਜਾਂਦੀ। ਮੈਨੂੰ ਤਰਸ ਆਉਂਦਾ। ਮੇਰਾ
ਦਿਲ ਉਸਨੂੰ ਅਪਣੀਆਂ ਬਾਹਾਂ ਵਿੱਚ ਘੁੱਟ ਲੈਣ ਨੂੰ ਕਰਦਾ। ਸ਼ਾਇਦ ਸਿਮਰ ਵੀ ਇਤਰਾਜ਼
ਨਾਂ ਕਰਦੀ। ਪਰ ਬੇਬੇ ਦੀ ਅੱਖ ਤੋਂ ਪਰੇ ਹੋਣਾਂ ਅਸੰਭਵ ਸੀ।
ਕਈ ਵਰ੍ਹੇ ਨਿੱਕਲ ਗਏ, ਮੈਨੂੰ ਅਮਰੀਕਾ ਆਇਆਂ। ਨੌਕਰੀ ਵੀ ਮਿਲ ਗਈ ਸੀ। ਪਿੰਡ ਜਾ ਕੇ
ਵਿਆਹ ਕਰਵਾਉਣ ਦੀ ਵੀ ਸੋਚ ਮਨ ਵਿੱਚ ਆਉਂਦੀ। ਇੱਕ ਦਿਨ ਸਿਮਰ ਦੀ ਚਿੱਠੀ ਆਈ। ਚਿੱਠੀ
ਵਿੱਚ ਉਸਦੀ ਫੋਟੋ ਆਈ। ਅੱਖਾਂ ਚੁੰਧਿਆਉਣ ਵਾਲੀ ਫੋਟੋ। ਇਹ ਗਰੀਬ ਗੱਡੀਆਂ ਵਾਲਿਆਂ
ਦੀ ਧੀ ਐਕਟਰੈਸ ਲਗਦੀ ਸੀ। ਚਿੱਠੀ ਤੋਂ ਪਤਾ ਲਗ ਰਿਹਾ ਸੀ ਕਿ ਉਸਦੇ ਘਰਦੇ ਉਸਨੂੰ
ਵਿਆਹ ਲਈ ਮਜਬੂਰ ਕਰਦੇ ਪਏ ਨੇ। ਮੈਂ ਚਿੱਠੀ ਦੇ ਜੁਆਬ ਵਿੱਚ ਅਪਣਾ ਦੇਸ ਜਾਣ ਦਾ
ਪੂਰਾ ਪ੍ਰੋਗ੍ਰਾਮ ਲਿਖ ਭੇਜਿਆ ਸੀ।
ਮੈਂ ਪਿੰਡ ਪਹੁੰਚ ਗਿਆ। ਮਾਂ ਨੇ ਕਈ ਕੁੜੀਆਂ ਦੀ ਗੱਲ ਕੀਤੀ। ਪਰ ਮੇਰੇ ਦਿਮਾਗ਼
ਵਿੱਚ ਸਿਮਰ ਦੀ ਹੀ ਤਸਵੀਰ ਉੱਕਰੀ ਹੋਈ ਸੀ। ਇੱਕ ਦੋ ਕੁੜੀਆਂ ਨਾਲ਼ ਮੁਲਾਕਾਤ ਵੀ
ਕਰਨੀ ਪਈ, ਮਾਂ ਦਾ ਦਿਲ ਰੱਖਣ ਲਈ। ਮਾਂ ਮੇਰਾ ਇਰਾਦਾ ਭਾਂਪ ਤਾਂ ਗਈ ਸੀ ਪਰ ਹਰ
ਰੋਜ਼ ਬਾਪੂ ਜੀ ਤੋਂ ਝਿੜਕਾਂ ਪੁਆਂਦੀ। ਇੱਕ ਦਿਨ ਬਾਪੂ ਜੀ ਨੇ ਆਖ ਹੀ ਦਿੱਤਾ, “
ਪੁੱਤਰ ਇਹਨਾਂ ਖਾਨਾਬਦੋਸ਼ਾਂ ਦੀ ਕੁੜੀਆਂ ਨਾਲ਼ ਸਾਡੇ ਮੁੰਡਿਆਂ ਦੇ ਵਿਆਹ ਨਹੀਂ
ਹੁੰਦੇ। ਉਹ ਲੋਗ ਅਪਣੇ ਕਬੀਲਿਆਂ ਵਿੱਚ ਹੀ ਖੁਸ਼ ਰਹਿੰਦੇ ਹਨ। ਕੁੱਝ ਸਮਝ ਨਾਲ਼ ਕੰਮ
ਲੈ ਮੁੰਡਿਆ।”
“ ਬਾਪੂ ਜੀ ਮੈਨੂੰ ਸੋਚਣ ਦਾ ਸਮਾਂ ਦਿਓ। ਅਮਰੀਕਾ ਵਿੱਚ ਅਜੇਹੇ ਬੰਧਨ ਨਹੀਂ। ਅਪਣੇ
ਦੇਸ਼ ਵਿੱਚ ਹੀ ਹੈ, ਇਹ ਸਭ ਸਿਆਪਾ। ”
“ ਬੁਢਾ ਹੋ ਜਾਏਂਗਾ, ਜੇ ਇਸੇ ਰਫਤਾਰ ਨਾਲ਼ ਸੋਚਦਾ ਰਿਹਾ। ਪੁੱਤਰ ਸਾਨੂੰ ਅਪਣਾ ਬੋਝ
ਵੀ ਤਾਂ ਲਾਹੁਣਾਂ ਹੈ।” ਪਿਉ ਦੀ ਜਿ਼ੱਦ ਢਿੱਲੀ ਪੈਣ ਲਗ ਪਈ।
“ ਬਾਪੂ ਜੀ, ਤੁਸੀਂ ਮੈਨੂੰ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਮੇਰਾ ਵਿਆਹ ਤਸੀਂ ਓਥੇ
ਕਰੋਗੇ ਜਿੱਥੇ ਮੇਰੀ ਮਰਜ਼ੀ ਹੋਵੇਗੀ। ਜੇ ਮੈਂ ਕਹਾਂ ਕਿ ਮੈਨੂੰ ਸਿਮਰ ਹੀ ਪਸੰਦ ਹੈ,
ਤਸੀਂ ਹਾਂ ਕਰ ਦਿਓਗੇ?”
“ਤੇਰੀ ਜਿ਼ੱਦ ਅੱਗੇ ਮੇਰੀ ਜਿ਼ੱਦ ਦਾ ਪੁੱਗਣਾਂ ਸੰਭਵ ਨਹੀਂ, ਪੁੱਤਰ। ਰੱਬ ਜਾਣੇ ਇਸ
ਕੁੜੀ ਨੇ ਕਿਵੇਂ ਸਾਰੇ ਪਿੰਡ ਦਾ ਹੀ ਦਿਲ ਜਿੱਤ ਲਿਆ ਹੈ। ਕੀ ਸਿਮਰ ਨੇ ਅਪਣੇ
ਮਾਪਿਆਂ ਤੋਂ ਵੀ ਪੁੱਛ ਲਿਆ ਹੈ?”
“ ਹਾਂ, ਪੁੱਛਿਆ ਤਾਂ ਹੈ, ਪਰ ---।”
“ ਪਰ ਉਹ ਨਹੀਂ ਮੰਨੇ। ਉਹ ਮੰਨਣਗੇ ਵੀ ਨਹੀਂ। ਉਹ ਅਪਣੇ ਕਬੀਲਿਆਂ ਵਿੱਚ ਹੀ ਵਿਆਹ
ਕਰਦੇ ਹਨ, ਤੈਨੂੰ ਕਈ ਵੇਰ ਸਮਝਾਇਆ ਹੈ। ਤੈਨੂੰ ਤਾਂ ਕੁਆਰਾ ਹੀ ਰਹਿਣਾਂ ਪਏਗਾ।”
ਬਾਪੂ ਮਜਬੂਰ ਤੇ ਉਦਾਸ ਨਜ਼ਰ ਆਇਆ।
“ ਪਰ ਕੀ ਸਾਡਾ ਵਿਆਹ ਉਹਨਾਂ ਦੀ ਮਰਜ਼ੀ ਤੋਂ ਬਿਨਾਂ ਅਪਣੇ ਗੁਰੂ ਘਰ ਨਹੀਂ ਹੋ
ਸਕਦਾ?” ਮੈਂ ਬੋਲ ਹੀ ਦਿੱਤਾ। ਬਾਪੂ ਜੀ ਨੂੰ ਠੀਕ ਵੀ ਨਹੀਂ ਸੀ ਲੱਗਿਆ।
“ ਬਗ਼ਾਵਤ ਤੇ ਉਤਰ ਆਇਆਂ ਏਂ ਪੁੱਤਰ। ਵਿਆਹ ਹੋ ਸਕਦਾ ਹੈ। ਪਰ ਕੰਨਿਆਂ ਦਾਨ ਕਰਨ
ਵਾਲ਼ਾ ਕੋਈ ਨਹੀਂ ਮਿਲਣਾਂ। ਵੈਸੇ ਤਾਂ ਬਰਾਤ ਕੁੜੀ ਦੇ ਘਰ ਜਾਂਦੀ ਹੁੰਦੀ ਹੈ।”
“ ਤੁਹਾਨੂੰ ਤਾਂ ਬਾਪੂ ਜੀ, ਪਤਾ ਹੀ ਹੈ ਕਿ ਇਹਨਾਂ ਲੋਗਾਂ ਦੇ ਘਰ ਗੱਡੀਆਂ ਵਿੱਚ ਹੀ
ਹੁੰਦੇ ਹਨ।”
ਪਿਉ ਪੁੱਤਰ ਦੀ ਗੱਲ ਬਾਤ ਚਲ ਹੀ ਰਹੀ ਸੀ ਕਿ ਪਿੰਡ ਦੇ ਬੱਚਿਆਂ ਨੇ ਰੌਲ਼ਾ ਪਾ
ਦਿੱਤਾ ਸੀ, ਗੱਡੀਆਂ ਵਾਲ਼ੇ ਆ ਗਏ! ਗੱਡੀਆਂ ਵਾਲ਼ੇ ਆ ਗਏ! ਕੁੱਝ ਘੰਟਿਆਂ ਬਾਅਦ
ਸਿਮਰ ਅਤੇ ਉਸਦੇ ਮਾਪੇ ਸਾਡੇ ਘਰ ਆਏ। ਉਹਨਾਂ ਬਾਪੂ ਜੀ ਅੱਗੇ ਹਥ ਜੋੜ ਅਤੇ ਕਿਹਾ,“
ਸਰਦਾਰ ਜੀ, ਸਾਡੀ ਕੁੜੀ ਅਮਰ ਤੋਂ ਬਿਨਾਂ ਨਹੀਂ ਰਹਿ ਸਕਦੀ। ਇਹ ਤਾਂ ਜਾਨ ਦੇਣ ਲਈ
ਤਿਆਰ ਹੈ। ਸਾਡਾ ਲੱਭਿਆ ਵਰ ਮਨਜ਼ੂਰ ਨਹੀਂ ਕਰ ਰਹੀ। ਸਾਨੂੰ ਨਹੀਂ ਸੀ ਪਤਾ ਕਿ
ਇਹਨਾਂ ਦੀ ਬਚਪਨ ਦੀ ਦੋਸਤੀ ਪਿਆਰ ਵਿੱਚ ਹੀ ਬਦਲ ਜਾਵੇਗੀ। ਅਮਰ ਨੇ ਸਾਡੇ ਕਬੀਲੇ
ਵਿੱਚ ਬੈਠਕੇ, ਸਾਡੇ ਅਪਣੇ ਬੱਚਿਆਂ ਵਾਂਗ ਬਹੁੱਤ ਵੇਰ ਰੋਟੀ ਖਾਧੀ ਹੈ। ਅਸੀਂ ਤਾਂ
ਅਮਰ ਨੂੰ ਅਪਣਾਂ, ਪਹਿਲਾਂ ਹੀ, ਬਣਾ ਬੈਠੇ ਹਾਂ। ਜੇ ਆਪ ਨੂੰ ਇਤਰਾਜ਼ ਨਾ ਹੋਵੇ ਤਾਂ
ਇਹਨਾਂ ਦਾ ਵਿਆਹ ਹੀ ਕਰ ਦੱਈਏ।
“ ਹਾਂ ਭਾਈ। ਸਾਡਾ ਇਤਰਾਜ਼ ਕਰਨਾਂ ਸਹੀ ਨਹੀਂ।” ਬਾਪੂ ਜੀ ਬੋਲੇ।
ਸਾਡਾ ਵਿਆਹ, ਧੂਮ ਧਾਮ ਨਾਲ਼, ਪਿੰਡ ਦੇ ਗੁਰੂਘਰ ਹੋਇਆ। ਬਹੁਤ ਚਰਚਾ ਹੋਈ। ਕਈ ਪਿੰਡ
ਵੇਖਣ ਆਏ, ਇਹ ਅਪਣੀ ਕਿਸਮ ਦਾ ਮੇਲ। ਕਿਸੇ ਨੇ ਵੀ ਇਤਰਾਜ਼ ਨਾ ਕੀਤਾ, ਨਾ
ਰਿਸ਼ਤੇਦਾਰਾਂ ਨੇ ਅਤੇ ਨਾ ਸ਼ਰੀਕੇ ਨੇ। ਜ਼ਮਾਨਾਂ ਬਦਲ ਗਿਆ। ਪੁਰਾਣੇ ਵਿਚਾਰ ਥੋਥੇ
ਪੈ ਗਏ। ਸਿਮਰ ਅਮਰੀਕਾ ਆ ਗਈ। ਮੈਂ ਸਿਮਰ ਨਾਲ਼ ਵਿਆਹ ਕਰਵਾ ਕੇ ਬਹੁੱਤ ਸੁਖੀ ਜੀਵਨ
ਮੰਗ ਲਿਆ, ਅਪਣੇ ਲਈ। ਰੱਬ ਨੇ ਦੇ ਵੀ ਦਿੱਤਾ।
“ ਭਾਬੀ, ਜ਼ਰਾ ਵੇਖੀਂ ਅਮਰ ਨੂੰ ਕਿਤੇ ਜਿ਼ਆਦਾ ਨਸ਼ਾ ਤਾਂ ਨਹੀਂ ਹੋ ਗਿਆ। ਪੰਦਰਾ
ਮਿੰਟ ਤੋਂ ਅੱਖਾਂ ਮੀਟੀ ਬੈਠਾ ਹੈ।” ਨਸੀਬ ਨੇ ਅਮਰ ਦਾ ਧਿਆਨ ਅਪਣੇ ਵੱਲ ਖਿੱਚਣ ਦੇ
ਇਰਾਦੇ ਨਾਲ਼ ਕਿਹਾ।
“ ਮੈਂ ਸ਼ਰਾਬੀ ਤਾਂ ਹੋ ਗਿਆ ਸੀ ਪਰ ਦਾਰੂ ਪੀ ਕੇ ਨਹੀਂ। ਅਪਣਾ ਵਿਆਹ ਯਾਦ ਆ ਗਿਆ
ਸੀ। ਮਸਤ ਹੋ ਗਿਆ ਸਾਂ ਬੀਤੇ ਸਮੇਂ ਵਿੱਚ ਵੜਕੇ।” ਅਮਰ ਫਖ਼ਰ ਨਾਲ ਬੋਲਿਆ ਤੇ ਖਲੋ
ਗਿਆ। ਜਾ ਕੇ ਨਸੀਬ ਦਾ ਮੋਢਾ ਫੜਿਆ ਤੇ ਹਲੂਣ ਕੇ ਉਸਨੂੰ ਸੁਚੇਤ ਕੀਤਾ।
“ ਨਸੀਬ, ਤੂੰ ਗੱਡੀਆਂ ਵਾਲਿਆਂ ਦੀ ਕੁੜੀਆਂ ਦਾ ਮਜ਼ਾਕ ਉੜਾ ਰਿਹਾ ਸੀ ਨਾਂ। ਤੇਰੀ
ਭਾਬੀ, ਸਿਮਰ, ਉਹਨਾਂ ਦੀ ਹੀ ਧੀ ਹੈ।”
“ ਅੱਛਾ! ਭਾਬੀ ਤੇਰੀ ਕੋਈ ਹੋਰ ਭੈਣ ਹੈ, ਕੁਆਰੀ? ਮੈਨੂੰ ਵੀ ਵਸਦਾ ਕਰਦੇ, ਪਲੀਜ਼।”
ਸਾਰੇ ਹੱਸਣ ਲਗ ਪਏ।
(29 ਮਾਰਚ 2007) ਯੂਨੀਕੋਡ
*****
ਕੁਲਦੀਪ ਸਿੰਘ ਬਾਸੀ ਦੀਆਂ ਹੋਰ
ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ:
ਫੁੱਲ
ਦੀ ਸੱਟ
ਮੇਰੀ ਕਵਿਤਾ (ਇੱਕ ਕਹਾਣੀ)
ਆਈ ਵਿਸਾਖੀ
ਦੋ ਕਵਿਤਾਵ:
(1) ਕਰਮਾਂ ਦਾ
ਖਾਤਾ(2) ਵੈਰਾਗੀ
ਦੋ
ਕਵਿਤਾਵਾਂ: ਪੱਕਾ ਸਿਰਨਾਮਾ ਅਤੇ
ਘਰ ਘਰ ਇਹੋ ਅੱਗ
ਦੋ ਕਵਿਤਾਵਾਂ:
ਪਿੱਪਲ ਦੀ ਪੁਕਾਰ ਅਤੇ ਬੂਟਾ ਫੁੱਲ
ਗੁਲਾਬ ਦਾ