khfxI

ਬਿਨ ਮੰਗੇ ਮੋਤੀ ਮਿਲੇ


-ਕੁਲਦੀਪ ਸਿੰਘ ਬਾਸੀ, ਅਮਰੀਕਾ-


ਕੁਲਦੀਪ ਸਿੰਘ ਬਾਸੀ

     
 

ਨਰਿੰਦਰ ਅੱਜ ਕੰਮ ’ਤੇ ਨਹੀਂ ਸੀ ਗਿਆ। ਕੁੱਝ ਜ਼ੁਕਾਮ ਦੀ ਸਿ਼ਕਾਇਤ ਸੀ। ਦਾਖਾਂ ਵਾਲ਼ੀ ਚਾਹ ਪੀ ਰਿਹਾ ਸੀ। ਸਾਹਮਣੇ ਪਈ ਫੋਟੋ ਵੱਲ ਉਹ ਕਈ ਵਾਰੀ ਵੇਖਦਾ। ਰੈਸਟੋਰੈਂਟ ਵਿੱਚ ਖਿੱਚੀ ਇਸ ਫੋਟੋ ਵਿੱਚ ਖਾਣਾ ਖਾ ਰਹੇ ਸਨ, ਦੋਵੇਂ ਦੋਸਤ, ਕਰਮਾ ਅਤੇ ਨਰਿੰਦਰ। ਕਰਮਾ ਫੋਟੋ ਵਿੱਚ ਮੱਛੀ ਦੇ ਦੋ ਹਿੱਸੇ ਕਰਦਾ ਸਾਫ ਦਿੱਸ ਰਿਹਾ ਸੀ। ਬਰਾਬਰ ਦੀ ਵੰਡ ਜੂ ਕਰਨੀ ਸੀ। ਫੋਟੋ ਵਿੱਚ ਦੋ ਗੂੜ੍ਹੇ ਮਿੱਤਰ ਹੱਸ ਵੀ ਰਹੇ ਸਨ। ਅੱਜ ਘਰ ਬੈਠਾ ਨਰਿੰਦਰ ਇੱਕ ਚਾਹ ਦਾ ਘੁੱਟ ਸੜੱਪਦਾ ਅਤੇ ਫੇਰ ਅਖ਼ਬਾਰ ਨੂੰ ਅੱਗੇ ਪਿੱਛੇ ਕਰਕੇ ਫੋਟੋ ’ਤੇ ਝਾਤੀ ਮਾਰਦਾ। ਉਹ ਮਨ ਹੀ ਮਨ ਵਿੱਚ ਸੋਚ ਰਿਹਾ ਸੀ ਕਿ ਉਸਨੇ ਅਪਣੇ ਦੋਸਤ ਵਾਸਤੇ ਜੋਤੀ ਨਾਲ਼ ਨਕਲੀ ਵਿਆਹ ਕਰਵਾਕੇ ਠੀਕ ਹੀ ਕੀਤਾ। ਜੋਤੀ ਨੂੰ ਇੰਮੀਗ੍ਰੇਸ਼ਨ ਦਵਾ ਦਿੱਤੀ। ਕਿਸੇ ਦਾ ਭਲਾ ਹੀ ਤਾਂ ਕੀਤਾ ਹੈ।

ਕਰਮਾ ਕਹਿੰਦਾ ਸੀ, “ ਜੋਤੀ ਦਾ ਵਿਆਹ ਮੇਰੇ ਸਕੇ ਭਰਾ ਪ੍ਰਕਾਸ਼ ਨਾਲ਼ ਹੋਣਾ ਐ। ਪੱਕੀ ਠੱਕੀ ਹੋ ਚੁਕੀ ਹੈ। ਪ੍ਰਕਾਸ਼ ਵੀ ਅਮਰੀਕਾ ਪਹੁੰਚ ਜਾਏਗਾ। ਦੋਵੇਂ ਖ਼ੁਸ਼ ਰਹਿਣਗੇ, ਸਾਰੀ ਉਮਰ।” ਹੁਣ ਤਾਂ ਜੋਤੀ ਨੂੰ ਡਾਈਵੋਰਸ ਕਰਨ ਦਾ ਟਾਇਮ ਵੀ ਆ ਪਹੁੰਚਾ ਹੈ। ਮੈਂ ਵੀ ਦੇਸ਼ ਜਾਕੇ ਅਪਣਾ ਜੁਗਾੜ ਕਰ ਲਵਾਂਗਾ। ਅਪਣਾ ਵਿਆਹ ਵੀ ਹੋਰ ਲੇਟ ਕਾਹਦੇ ਲਈ ਕਰਨਾ ਹੈ।

ਅਪਣੇ ਦੋਸਤ ਕਰਮੇ ਦੀ ਮਦਦ ਕਰਕੇ, ਨਰਿੰਦਰ ਬਹੁੱਤ ਖ਼ੁਸ਼ ਸੀ। ਕਰਮਾ ਆਖਦਾ ਸੀ ਕਿ ਜੋਤੀ ਤਾਂ ਬਹੁੱਤ ਸੁਚੱਜੀ ਕੁੜੀ ਹੈ। ਕਰਮੇ ਦੇ ਮੁੰਡੇ ਜਿੰਮੀ ਨੂੰ ਤਾਂ ਜਿਵੇਂ ਇੱਕ ਹੋਰ ਮਾਂ ਮਿਲ ਗਈ ਹੋਵੇ। ਜੋਤੀ ਅਤੇ ਕਰਮੇ ਦੀ ਵਹੁੱਟੀ ਕ੍ਰਿਸ਼ਨਾ ਤਾਂ ਜਿਵੇਂ ਸਕੀਆਂ ਭੇੈਣਾਂ ਹੋਣ। ਉਹ ਆਪਸ ਵਿੱਚ ਕਿੰਨੇ ਪਿਆਰ ਨਾਲ ਰਹਿੰਦੀਆਂ ਸਨ। ਜੋਤੀ ਭਾਵੇਂ ਬਹੁੱਤ ਪੜ੍ਹੀ ਲਿਖੀ ਨਹੀਂ ਸੀ, ਪਰ ਘਰ ਦੇ ਕੰਮ ਕਾਰ, ਆਏ ਗਏ ਦੀ ਸੇਵਾ, ਯਾਰਡ ਦੀ ਦੇਖ ਭਾਲ਼, ਕੱਪੜੇ ਵਾਸ਼ਰ ਵਿੱਚ ਧੋਣੇ ਅਤੇ ਡਰਾਇਰ ਵਿੱਚ ਸੁਕਾਉਣੇ, ਸਾਰੇ ਕੰਮ ਨਿਪੁਣਤਾ ਨਾਲ਼ ਐਦਾਂ ਕਰਦੀ ਸੀ ਜਿਵੇਂ ਇੰਡੀਆ ਤੋਂ ਹੀ ਸਿੱਖ ਕੇ ਆਈ ਹੋਵੇ। ਜੋਤੀ ਬਹੁੱਤ ਸੋਹਣੀ ਵੀ ਸੀ। ਉਹ ਹਸਦੀ ਹੀ ਰਹਿੰਦੀ ਸੀ। ਹਾਸਾ ਮਜ਼ਾਕ ਤਾਂ ਜਿਵੇਂ ਉਸਦਾ ਪੇਸ਼ਾ ਹੀ ਹੋਵੇ।
ਨਰਿੰਦਰ ਨੇ ਅਪਣੇ ਹੱਥ ਦੀਆਂ ਲਕੀਰਾਂ ਵੇਖੀਆਂ। ਪਤਾ ਨਹੀਂ ਵਿਆਹ ਦੀ ਲਾਇਨ ਹੈ ਵੀ ਕਿ ਨਹੀਂ। ਰੱਬਾ ਜੇ ਲਾਇਨ ਉੱਕਰੀ ਹੈ ਤਾਂ ਜੋਤੀ ਵਰਗੀ ਕੁੜੀ ਟਕਰਾਵੀਂ, ਮੈਨੂੰ ਵੀ। ਮਨ ਵਿੱਚ ਇੱਕ ਤੋਂ ਬਾਅਦ ਦੂਜਾ ਫੁਰਨਾ ਆਉਂਦਾ ਗਿਆ। ਉਸ ਦਿਨ ਕੋਮੋ ਪਾਰਕ ਦੀ ਪਿਕਨਿੱਕ ਵੇਲੇ ਜੋਤੀ ਮੈਨੂੰ ਐਨਾ ਕਿਉਂ ਛੇੜ ਰਹੀ ਸੀ? ਆਖਦੀ ਸੀ: “ਭਾ ਜੀ ਭਲਾਂ ਇਹ ਭਾਗਾਂ ਦਾ ਹੀ ਖੇਲ੍ਹ ਹੈ ਨਾ? ਤੁਸੀਂ ਵਿਆਹ ਕਰਵਾ ਕੇ ਵੀ ਕੁਆਰੇ ਬਣੇ ਬੈਠੇ ਹੋ। ਮੈਨੂੰ ਵੇਖੋ, ਮੈਂ ਵੀਰ ਜੀ ਅਤੇ ਦੀਦੀ ਕੋਲ਼ ਰਹਿੰਦੀ ਹਾਂ। ਇਸ ਘਰ ਨੂੰ ਮੈ ਬੇਗਾਨਾ ਵੀ ਨਹੀਂ ਕਹਿ ਸਕਦੀ, ਪਰ ਮੇਰਾ ਅਪਣਾ ਵੀ ਤਾਂ ਨਹੀਂ। ਹਾਏ, ਭਾ ਜੀ, ਕਿਤੇ ਦੀਦੀ ਨਾ ਸੁਣ ਲਵੇ, ਮੇਰੀਆਂ ਗੱਲਾਂ। ਕਈ ਵਾਰੀ ਮੈ ਸੋਚਦੀ ਹਾਂ ਕਿ ਤੁਹਾਨੂੰ ਭਾ ਜੀ ਕਹਿ ਕੇ ਬੁਲਾਉਣਾ ਠੀਕ ਨਹੀਂ, ਘੱਟੋ ਘੱਟ ਜਦੋਂ ਤੀਕ ਤਲਾਕ ਨਹੀਂ ਲੈ ਲੈਂਦੇ ਆਪਾਂ।”

ਨਰਿੰਦਰ ਨੂੰ ਪਿਕਨਿੱਕ ਵਿੱਚ ਤਾਂ ਐਦਾਂ ਲੱਗਿਆ ਜਿਵੇਂ ਜੋਤੀ ਉਹਦੇ ਜੀਵਨ ਦਾ ਇੱਕ ਅਟੁੱਟ ਜਿਹਾ ਹਿੱਸਾ ਬਣ ਗਈ ਹੋਵੇ।

ਨਰਿੰਦਰ ਹੁਣ ਗੁਸਲਖ਼ਾਨੇ ਵਿੱਚ ਜਾ ਵੜਿਆ। ਉਸਦੇ ਭੁੱਖੇ ਢਿੱਡ ਨੇ ਆਵਾਜ਼ ਦਿੱਤੀ। ਨਹਾ ਕੇ ਸੈਂਡਵਿੱਚ ਵੀ ਖਾ ਲੈਣਾ ਚਾਹੀਦਾ ਹੈ। ਸ਼ਾਵਰ ਵਿੱਚ ਵਾਹਿਗੁਰੂ ਵਾਹਿਗੁਰੂ ਦਾ ਭਜਨ ਕਰਦਾ ਅਚਾਨਕ ਹੀ, ਨਰਿੰਦਰ, ਅਪਣੇ ਦੋਸਤ ਦੇ ਘਰ, ਜੋਤੀ ਦੇ ਹੱਥ ਦੇ, ਬਣੇ ਪਰੌਂਠੇ ਯਾਦ ਕਰਨ ਲੱਗਾ। ਜੋਤੀ ਹਰ ਵਾਰੀ ਆਖਦੀ ਐ, “ ਭਾ ਜੀ, ਪਰੌਂਠੇ ਬੰਨ੍ਹ ਦਿਆਂ? ਨਾਲ਼ ਲੈ ਜਾਓਗੇ?”
ਮੈਂ ਵੀ ਮੂਰਖਾਂ ਵਾਂਗ ਹਰ ਵਾਰੀ ਉਹੋ ਹੀ ਜੁਆਬ ਕਿਉਂ ਦੇ ਦਿੰਦਾ ਹਾਂ। “ ਨਹੀਂ ਜੋਤੀ, ਠੰਢੇ ਕਿਉਂ ਖਾਣੇ ਐਂ ਜੇ ਗਰਮ ਮਿਲਣ।”

ਜੋਤੀ ਅਜੀਬ ਜਿਹੀ ਮੁਸਕਾਨ ਨਾਲ ਆਖਾ ਮੰਨ ਲੈਂਦੀ। ਜੋਤੀ ਦੀ ਮੁਸਕੁਰਾਹਟ ਉਹਦੇ ਪਰੌਂਠਿਆਂ ਨਾਲੋਂ ਬਹੁੱਤ ਜ਼ਿਆਦਾ ਸੁਆਦ ਸੀ।

“ ਪ੍ਰਕਾਸ਼ ਬਹੁੱਤ ਕਿਸਮਤ ਵਾਲਾ ਹੈ। ਅਸੀਂ ਇਸ ਕੁੜੀ ਨੂੰ ਬਹੁੱਤਾ ਬਾਹਰ ਨਹੀਂ ਘੁੰਮਣ ਦਿੰਦੇ। ਆਪਾਂ ਨੂੰ ਅਮਰੀਕਾ ਦੇ ਮੁੰਡਿਆਂ ਦਾ ਕੋਈ ਭਰੋਸਾ ਨਹੀਂ। ਐਥੇ ਹੱਥ ’ਤੇ ਹੱਥ ਮਾਰਨ ਵਾਲੇ ਵੀ ਬਹੁੱਤ ਗੁਰੂ ਬੈਠੇ ਨੇ। ” ਕਰਮਾ ਆਖ ਦਿੰਦਾ ਸੀ।

ਨਰਿੰਦਰ ਨੇ ਟੋਸਟਰ ਵਿੱਚ ਬਰੈੱਡ ਦੇ ਦੋ ਪੀਸ ਫਸਾਏ ’ਤੇ ਫਰਿੱਜ ਚੋਂ ਮੱਖਣ ਲੱਭਣ ਲਗ ਪਿਆ। ਸਾਰਾ ਫਰਿੱਜ ਫਰੋਲ਼ ਮਾਰਿਆ ਪਰ ਮਾਰਜਰਿਨ ਨਹੀਂ ਲੱਭੀ। ਉਸ ਦਿਨ ਭਾਬੀ ਅਤੇ ਜੋਤੀ ਆਈਆਂ ਸਨ। ਪਤਾ ਨਹੀਂ ਕਿਉਂ ਸਾਰੇ ਫਰਿੱਜ ਦਾ ਸਾਮਾਨ ਇਧਰ ਉੱਧਰ ਕਰ ਗਈਆਂ ਨੇ? ਜੋਤੀ ਅਖਦੀ ਸੀ ਕਿ ਸਫਾਈ ਕਰ ਦਿੱਤੀ ਹੈ। ਆਖਦੀ ਸੀ ਕਿ ਮੱਖਣ ਸੌ ਸਾਲ ਪੁਰਾਣਾਂ ਤਾਂ ਜ਼ਰੂਰ ਹੋਣਾ ਐ। ਮੱਖਣ ਵਿੱਚ ਜੈਮ, ਕੈਚਪ ਅਤੇ ਪੀਨੱਟ ਬਟਰ ਕਿਵੇਂ ਮਿਲੇ ਪਏ ਨੇ! ਉਸ ਨੇ ਟਰੈਸ਼ ਵਿੱਚ ਸੁੱਟ ਦਿੱਤਾ ਹੋਣਾ ਐ।

ਕਲੱਕ ਕਰਕੇ ਟੋਸਟਰ ਬੰਦ ਹੋ ਗਿਆ। ਫਰਿੱਜ ਬੰਦ ਕਰਕੇ ਸੜੇ ਹੋਏ ਟੋਸਟਾਂ ’ਤੇ ਨਰਿੰਦਰ ਕੈਚਪ ਲੇਪਣ ਲਗ ਪਿਆ। ਦੁੱਧ ਦੇ ਗਲਾਸ ਵਿੱਚ ਖੰਡ ਦਾ ਚਮਚਾ ਮਿਲਾਇਆ। ਸੋਚ ਰਿਹਾ ਸੀ , “ ਪਤਾ ਨਹੀਂ ਇਹ ਅਪਣੇ ਹਾਥ ਜਗਨ ਨਾਥ ਵਾਲ਼ਾ ਖੇਲ੍ਹ ਕਦੋਂ ਤੀਕ ਹੋਰ ਚਲਦਾ ਰਹਿਣਾ ਹੈ। ਖਾਂਸੀ ਜ਼ੁਕਾਮ ਵੇਲੇ ਬੇਬੇ ਤਾਂ ਸਾਨੂੰ ਮੰਜੇ ਤੋਂ ਨਹੀਂ ਸੀ ਉੱਠਣ ਦਿੰਦੀ। ਕਦੇ ਤਾਂ ਭਲੇ ਦਿਨ ਆਉਣਗੇ! ਨਖਰੇ ਕਾਹਦੇ, ਛੱਕ ਲੈ ਬੱਲਿਆ ਜੋ ਮਿਲਦਾ ਹੈ। ਕੀ ਹੋਇਆ ਟੋਸਟ ਸੜ ਗਿਆ। ਢਿੱਡ ਹੀ ਭਰਨਾ ਹੈ।”

ਡਾਇਨਿੰਗ ਟੇਬਲ ’ਤੇ ਬੈਠਾ, ਨਰਿੰਦਰ, ਹੌਲੀ ਹੌਲੀ ਨਾਸ਼ਤਾ ਕਰ ਰਿਹਾ ਸੀ। ਬਾਹਰ ਹੁਣ ਬਰਫ ਪੈਣ ਲਗ ਪਈ ਸੀ। ਮਿਨੀਸੋਟਾ ਦਾ ਮੌਸਮ ਵੀ ਬਕਵਾਸ ਹੀ ਹੈ। ਪਰ ਅਪਣਾ ਦਾਣਾ ਪਾਣੀ ਤਾਂ ਰੱਬ ਨੇ ਐਥੇ ਹੀ ਲਿਖਿਆ ਹੋਇਆ ਹੈ। ਚਲੋ ਜੋ ਰੱਬ ਕਰਦਾ ਹੈ ਭਲੇ ਵਾਸਤੇ ਹੀ ਕਰਦਾ ਹੈ। ਬੱਸ ਥੋੜ੍ਹੇ ਦਿਨ ਹੋਰ ਸਬਰ ਕਰ ਲੈਂਦੇ ਹਾਂ। ਹੁਣ ਕਿਸੇ ਦਿਨ ਜੋਤੀ ਦੇ ਡਾਈਵੋਰਸ ਦੇ ਪੇਪਰ ਭਰ ਦਿਆਂਗਾ। ਕਰਮੇ ਨਾਲ ਸਲਾਹ ਅੱਜ ਕੱਲ੍ਹ ਵਿੱਚ ਕਰ ਲਾਂਗਾ। ਅਗਲੇ ਜੂਨ ਤੱਕ ਅਪਣੇ ਵਿਆਹ ਦਾ ਜੁਗਾੜ ਵੀ ਕਰ ਹੀ ਲਾਂਗਾ, ਜੇ ਭਗਵਾਨ ਦੀ ਕਿਰਪਾ ਹੋਈ। ਹੁਣ ਤਾਂ ਕਰਮੇ ਨੂੰ ਮਿਲਿਆਂ ਵੀ ਕਈ ਮਹੀਨੇ ਬੀਤ ਗਏ ਨੇ। ਫੋਨ ਦੀ ਗੱਲ ਬਾਤ ਨਾਲ ਹੀ ਸਰ ਜਾਂਦਾ ਹੈ। ਫੋਨ ਵੀ ਕੀ ਚੀਜ਼ ਬਣਾਈ ਹੈ, ਕਿਸੇ ਨੇ। ਪਿਛਲੀ ਵਾਰੀ ਉਹ ‘ਮਾਲ ਔਫ ਅਮਰੀਕਾ’ ਵਿੱਚ ਮਿਲੇ ਸਨ। ਕ੍ਰਿਸ਼ਨਾ ਭਾਬੀ ਅਤੇ ਕਰਮਾ ਅਪਣੇ ਪੁੱਤਰ ਨੂੰ ਰਾਈਡਜ਼ ਦਵਾ ਰਹੇ ਸਨ। ਜੋਤੀ ਭੱਦੇ ਜਿਹੇ ਲਿਬਾਸ ਵਿੱਚ, ਚੁੱਪ ਚਾਪ ਇੱਕ ਪਾਸੇ, ਇੱਕ ਬੈਂਚ ’ਤੇ ਬੈਠੀ ਸੀ। ਕੁੱਝ ਉਦਾਸ ਜਿਹੀ ਜਾਪਦੀ ਸੀ। ਮੇਰੇ ਨਾਲ, ਉਸ ਦਿਨ, ਕਰਮੇ ਨੇ ਵੀ ਕੋਈ ਖਾਸ ਗੱਲ ਨਹੀਂ ਕੀਤੀ। ਜੋਤੀ ਨੇ ਵੀ ਅੱਖ ਨਹੀਂ ਮਿਲਾਈ। ਮੈਨੂੰ ਤਾਂ ਸਾਰਾ ਟੱਬਰ ਹੀ ਉਦਾਸ ਜਿਹਾ ਲਗ ਰਿਹਾ ਸੀ। ਅਣਜਾਣੇ ਵਿੱਚ ਮੈਂ ਕੁੱਝ ਆਖ ਦਿੱਤਾ ਹੋਵੇ ਕਹਿ ਨਹੀਂ ਸਕਦਾ। ਮੇਰੇ ਨਾਲ ਕੀ ਨਰਾਜ਼ਗੀ ਹੈ ? ਕਾਰਨ ਮੇਰੀ ਸਮਝ ਵਿੱਚ ਨਹੀਂ ਆਇਆ।

ਛੁੱਟੀ ਵਾਲੇ ਦਿਨ ਵੀ ਪਤਾ ਨਹੀਂ ਮੇਰਾ ਦਿਮਾਗ਼ ਆਰਾਮ ਕਿਉਂ ਨਹੀਂ ਕਰਦਾ? ਨਰਿੰਦਰ ਅਪਣੇ ਦਿਮਾਗ਼ ਦੀ ਉਤਸੁਕਤਾ ਵੱਲ ਨਜ਼ਰ ਮਾਰ ਰਿਹਾ ਸੀ। ਅਚਾਨਕ ਡੋਰ ਬੈੱਲ ਵੱਜੀ। ਉਸ ਨੇ ਕਾਹਲ਼ੀ ਨਾਲ ਭਾਂਡੇ ਸਿੰਕ ਵਿੱਚ ਸੁੱਟੇ। ਕਰਮਾ ਆਇਆ ਹੋਣਾ ਐਂ, ਮਰੀਜ਼ ਦੀ ਖਬਰ ਲਈ! ਅੱਜ ਤਾਂ ਵਿਸਕੀ ਵੀ ਨਹੀਂ ਹੈ, ਘਰ। ਬੀਅਰ ਨਾਲ ਹੀ ਕੰਮ ਚਲਾ ਲਵਾਂਗੇ।

ਬਜ਼ਰ ਫੇਰ ਬੋਲਿਆ। ਨਰਿੰਦਰ ਦਰਵਾਜ਼ਾ ਖੋਲ੍ਹਦਿਆਂ ਹੀ ਹੱਕਾ ਬੱਕਾ ਰਹਿ ਗਿਆ।

“ ਜੋਤੀ ਤੂੰ!” ਨਰਿੰਦਰ ਨੇ ਦਰਵਾਜ਼ੇ ’ਤੇ ਖੜ੍ਹੀ ਕੁੜੀ ਨੂੰ ਹੈਰਾਨੀ ਨਾਲ ਵੇਖ ਕੇ ਆਖਿਆ।

“ ਹਾਂ ਭਾ ਜੀ। ਮੇਰਾ ਹੁਣ ਇਸ ਦੁਨੀਆਂ ਵਿੱਚ ਕੋਈ ਨਹੀਂ ਹੈ। ਤੁਹਾਡੀ ਸ਼ਰਨ ਵਿੱਚ ਆਈ ਹਾਂ।” ਜੋਤੀ ਦੀਆਂ ਅੱਖੀਆਂ ਵਿਚੋਂ ਹੰਝੂਆਂ ਦੀ ਝੜੀ ਵਗ ਰਹੀ ਸੀ। “ਭਾਬੀ ਅਤੇ ਬਾਈ ਕਰਮਾ ਕਿੱਥੇ ਨੇ? ਨਾਲ ਨਹੀਂ ਆਏ?” ਨਰਿੰਦਰ ਦੀ ਉੱੱਤਸੁਕਤਾ ਹੁਣ ਡਰ ਵਿੱਚ ਬਦਲ ਗਈ ਸੀ।

ਨਰਿੰਦਰ ਨੇ ਜੋਤੀ ਨੂੰ ਸਹਾਰਾ ਦੇ ਕੇ ਅੰਦਰ ਆਉਣ ਲਈ ਕਿਹਾ। ਜੋਤੀ ਨਰਿੰਦਰ ਨੂੰ ਗਲਵੱਕੜੀ ਪਾ ਕੇ ਧਾਹੀਂ ਰੋਣ ਲਗ ਪਈ। ਉਸ ਨੇ ਜੋਤੀ ਨੂੰ ਦਲਾਸਾ ਦਿੱਤਾ। ਜੋਤੀ ਨਰਿੰਦਰ ਦੀ ਪਿਆਰ ਭਰੀ ਆਓਭਗਤ ਸਦਕੇ ਛੇਤੀ ਹੀ ਅਪਣਾ ਦੁੱਖ ਭੁੱਲ ਗਈ। ਦੋਵੇਂ ਥੋੜੀ ਦੇਰ ਗੱਲਾਂ ਕਰਦੇ ਰਹੇ। ਜੋਤੀ ਨੇ ਜਿ਼ਆਦਾ ਕੁੱਝ ਨਹੀਂ ਦੱਸਿਆ। ਨਰਿੰਦਰ ਨੇ ਵੀ ਨਾ ਪੁੱਛਿਆ।

“ਭਾ ਜੀ, ਸ਼ਾਮ ਹੋ ਗਈ ਹੈ। ਮੈਂ ਰੋਟੀ ਬਣਾਉਂਦੀ ਆਂ।” ਜੋਤੀ ਉੱਠ ਕੇ ਰਸੋਈ ਵਿੱਚ ਚਲੀ ਗਈ।

“ਜੋਤੀ, ਛੱਡ ਰੋਟੀ ਰਾਟੀ। ਐਥੇ ਤੈਨੂੰ ਆਟਾ ਦਾਲ ਕੁੱਝ ਵੀ ਨਹੀਂ ਮਿਲਣਾ।” ਨਰਿੰਦਰ ਨੇ ਆਲੂ ਕੱਟ ਰਹੀ ਜੋਤੀ ਦਾ ਹੱਥ ਫੜਕੇ ਆਖਿਆ।

“ਕੋਈ ਗੱਲ ਨਹੀਂ। ਜੋ ਹੈ ਉਸੇ ਨਾਲ ਸਰ ਜਾਵੇਗਾ। ” ਜੋਤੀ ਨੇ ਫੇਰ ਅੱਖਾਂ ਭਰ ਲੱਈਆਂ। ਉਹ ਸਭ ਕੁੱਝ ਸੁੱਟ ਕੇ, ਬਾਥਰੂਮ ਵਿੱਚ ਜਾ ਕੇ, ਉਲਟੀਆਂ ਕਰਨ ਲਗ ਪਈ।

“ਜੋਤੀ, ਠੰਢ ਲਗ ਗਈ ਹੋਣੀ ਐਂ। ਮੈਂ ਤੈਨੂੰ ਦਸ਼ਾਂਦੇ ਵਾਲੀ ਚਾਹ ਬਣਾ ਕੇ ਦਿੰਦਾ ਹਾਂ। ਚਾਹ ਪੀ ਕੇ ਰਜ਼ਾਈ ਲੈ ਕੇ ਸੌਂ ਜਾ। ਠੀਕ ਹੋ ਜਾਏਂਗੀ, ਤਦ ਮੈਂ ਤੈਨੂੰ ਭਾਬੀ ਕੋਲ ਛੱਡ ਆਵਾਂਗਾ।” ਨਰਿੰਦਰ ਨੇ ਆਖਿਆ।

“ਓਥੇ ਹੁਣ ਜਾਏਗੀ ਮੇਰੀ ਲਾਸ਼। ਤੁਹਾਡੇ ਦੋਸਤ ਨੇ ਮੈਨੂੰ ਕਿਧਰੇ ਦਾ ਨਹੀਂ ਛੱਡਿਆ। ਮੈਂ ਓਹਦੇ ਬੱਚੇ ਦੀ ਮਾਂ ਬਣਨ ਵਾਲੀ ਹਾਂ। ਬੱਸ ਅਪਣਾ ਗਲਾ ਆਪ ਨਹੀਂ ਘੁੱਟ ਸਕਦੀ। ਭਾ ਜੀ, ਤੁਸੀਂ ਮੇਰੇ ’ਤੇ ਅਹਿਸਾਨ ਕੀਤਾ ਹੈ। ਮੈਨੂੰ ਅਮਰੀਕਾ ਵਰਗੇ ਸਵੱਰਗ ਵਿੱਚ ਲੈਕੇ ਆਏ ਹੋ। ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨ ਆਈ ਹਾਂ। ਦੀਦੀ ਨੂੰ ਆਖ਼ਰ ਮੇਰੀ ਹਾਲਤ ਦਾ ਪਤਾ ਲੱਗਣਾ ਹੀ ਸੀ। ਉਸਨੇ ਮੈਨੂੰ ਘਰੋਂ ਕੱਢ ਦਿੱਤਾ ਹੈ। ਆਖਦੀ ਸੀ, “ ਉਸੇ ਯਾਰ ਕੋਲ ਜਾਹ, ਜਿਸਦਾ ਬੀਜ ਢਿੱਡ ਵਿੱਚ ਚੁੱਕੀਂ ਫਿਰਦੀ ਏਂ। ਦੀਦੀ ਨੂੰ ਕਿਵੇਂ ਦੱਸਾਂ? ਮੇਰੀ ਜ਼ਿੰਦਗੀ ਤਾਂ ਬਰਬਾਦ ਹੋ ਹੀ ਗਈ ਹੈ। ਮੈਂ ਦੀਦੀ ਦੀ ਜ਼ਿੰਦਗੀ ਤਬਾਹ ਨਹੀਂ ਕਰ ਸਕਦੀ।” ਜੋਤੀ ਗੁੱਸੇ ਨਾਲ ਬੋਲੀ।

“ ਪਰ ਤੂੰ?”

ਜੋਤੀ ਨੇ ਨਰਿੰਦਰ ਦੀ ਗੱਲ ਟੋਕੀ ਅਤੇ ਆਖਿਆ, “ ਹਾਂ, ਮੈਂ ਤੁਹਾਡੇ ਕੋਲ ਆਈ ਹਾਂ। ਅਪਣੇ ਯਾਰ ਕੋਲ ਨਹੀਂ। ਮੈਂ ਸੋਚਿਆ, ਥੋੜੀ ਦੇਰ ਤੁਹਾਡਾ ਕਰਜ਼ ਵੀ ਲਾਹ ਚਲਦੀ ਆਂ।”

ਨਰਿੰਦਰ ਨੇ ਜੋਤੀ ਨੂੰ ਅਪਣੀ ਛਾਤੀ ਨਾਲ ਲਗਾਇਆ, ਪਿਆਰ ਕੀਤਾ, ਚੁੰਮਿਆਂ ਅਤੇ ਗਿੱਲੀਆਂ ਅੱਖਾਂ ਨਾਲ ਆਖਿਆ, “ਹਨੀਂ, ਸਾਰੇ ਇਨਸਾਨ ਬਰਾਬਰ ਨਹੀਂ ਹੁੰਦੇ। ਤੂੰ ਤੇ ਅਪਣੇ ਘਰ ਪਹੁੰਚ ਗਈ ਏਂ ਝੱਲੀਏ। ਮੈਨੂੰ ਤੇ ਬਿਨ ਮੰਗੇ ਮੋਤੀ ਮਿਲੇ ਹਨ, ਇੱਕ ਤੂੰ ਅਤੇ ਇੱਕ ਤੇਰੀ ਕੁੱਖ ਵਿੱਚ।”

(11 ਨਵੰਬਰ 2007)

ਕੁਲਦੀਪ ਸਿੰਘ ਬਾਸੀ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ:

ਫੁੱਲ ਦੀ ਸੱਟ
ਮੇਰੀ ਕਵਿਤਾ (ਇੱਕ ਕਹਾਣੀ)
ਆਈ ਵਿਸਾਖੀ
ਦੋ ਕਵਿਤਾਵ: (1) ਕਰਮਾਂ ਦਾ ਖਾਤਾ(2) ਵੈਰਾਗੀ

ਦੋ ਕਵਿਤਾਵਾਂ: ਪੱਕਾ ਸਿਰਨਾਮਾ ਅਤੇ ਘਰ ਘਰ ਇਹੋ ਅੱਗ
ਦੋ ਕਵਿਤਾਵਾਂ: ਪਿੱਪਲ ਦੀ ਪੁਕਾਰ ਅਤੇ ਬੂਟਾ ਫੁੱਲ ਗੁਲਾਬ ਦਾ

y
     

ilKfrI
Likhari


© likhari: Punjabi Likhari Forum-2001-2007