ਵਹਿੰਦੇ ਪਾਣੀਆਂ ਦੇ ਪਰਛਾਵੇਂ -ਮਿੰਨੀ ਗਰੇਵਾਲ- |
ਕਿੰਡਰਗਾਰਟਨ ਸਕੂਲ ਵਿਚ ਮੀਰਾ ਨੂੰ ਵਲੰਟੀਅਰ ਦਾ ਕੰਮ ਕਰਦਿਆਂ ਸਾਲ ਤੋਂ ਵੱਧ ਸਮਾਂ ਹੋ ਚੁੱਕਾ ਸੀ। ਉਹ ਦੱਸ ਵਜੇ ਸਕੂਲ ਜਾਂਦੀ ਅਤੇ ਇੱਕ ਵਜੇ ਸਕੂਲ ਦੀ ਡਿਊਟੀ ਮੁਕਾ ਸਿਧੀ ਅਪਣੀ ਨੌਕਰੀ ਨੂੰ ਤੁਰ ਜਾਂਦੀ।ਕਿੰਡਰਗਾਰਟਨ ਵਿਚ ਉਹ ਬਚਿਆਂ ਨੂੰ ਕਹਾਣੀਆਂ ਪੜ੍ਹ ਕੇ ਸੁਣਾਉਂਦੀ, ਨਵੇਂ ਗਾਣੇ ਸਿਖਾਉਂਦੀ, ਤਸਵੀਰਾਂ ਵਿਚ ਰੰਗ ਭਰਨੇ ਸਿਖਾਉਂਦੀ ਅਤੇ ਰੋਟੀ ਦੀ ਛੁੱਟੀ ਵੇਲੇ ਉਹ ਬਚਿਆਂ ਤੇ ਨਿਗਰਾਨੀ ਰਖਦੀ। ਬਚਿਆਂ ਦੀ ਉਮਰ ਇਹੋ ਦੋ ਸਾਲਾਂ ਤੋਂ ਲੈਕੇ ਪੰਜ ਸਾਲਾਂ ਤੱਕ ਦੀ ਸੀ। ਮੀਰਾ ਧਿਆਨ ਰਖਦੀ ਕਿ ਇਹ ਨਿੱਕੇ ਬੱਚੇ ਘਰੋਂ ਲਿਆਂਦਾ ਖਾਣਾ, ਸੈਂਡਵਿਚ ਜਾਂ ਪਾਸਟਾ ਆਰਾਮ ਨਾਲ ਬੈਠ ਕੇ ਖਾ ਲੈਣ, ਜੂਸ ਪੀ ਲੈਣ ਅਤੇ ਫਲ-ਫਰੂਟ ਮੁਕਾ ਲੈਣ। ਜੇ ਸਿਆਣਾ ਬੰਦਾ ਨੇੜੇ-ਤੇੜੇ ਨਾ ਹੁੰਦਾ ਤਦ ਇਹ ਬੱਚੇ ਰੋਟੀ ਖਾਣ ਦੀ ਥਾਂ ਖੇਡਣ ਲੱਗ ਜਾਂਦੇ। ਡੁੱਲੇ ਜੂਸ ਕਾਰਣ ਮੇਜ਼ ਕੁਰਸੀਆਂ ਗਿਲੀਆਂ ਤੇ ਚਿਪ ਚਿਪੀਆਂ ਹੋ ਜਾਂਦੀਆਂ ਅਤੇ ਫਰਸ਼ ਅੰਗੂਰ ਤੇ ਸੰਗਤਰੇ ਦੀਆਂ ਫਾੜੀਆਂ ਨਾਲ ਭਰ ਜਾਂਦਾ।
ਖਾਣੇ ਵਾਲੇ ਕਮਰੇ ਵਿਚ ਜਦ ਮੀਰਾ ਇਕ ਪਾਸੇ ਕੁਰਸੀ ਤੇ ਬੈਠੀ ਹੁੰਦੀ ਤਦ ਬੱਚੇ ਵੀ ਅਪਣੀਆਂ ਨਿਸਚਿਤ ਕੁਰਸੀਆਂ ਤੇ ਬੈਠ ਛੇਤੀ ਹੀ ਘਰੋਂ ਲਿਆਂਦਾ ਹੋਇਆ ਖਾਣਾ ਮੁਕਾ ਲੈਂਦੇ। ਪਰ ਇਕ ਮੋਟੀਆਂ-ਮੋਟੀਆਂ ਕਾਲੀਆਂ ਅੱਖਾਂ ਵਾਲਾ, ਗੋਰਾ-ਚਿਟਾ ਗੋਲੜ ਜਿਹਾ ਚਾਰ ਕੁ ਸਾਲਾਂ ਦਾ ਮੁੰਡਾ ਹਮੇਸ਼ਾ ਮੀਰਾ ਦੀ ਕੁਰਸੀ ਨਾਲ ਅਪਣੀ ਕੁਰਸੀ ਡਾਅ ਕੇ ਬਹਿ ਜਾਂਦਾ। ਮੀਰਾ ਨੂੰ ਵਿਖਾ-ਵਿਖਾ, ਪੰਜਾਬੀ ਵਿਚ ਹਰਇਕ ਚੀਜ਼ ਦਾ ਨਾਂਅ ਲੈ ਫਿਰ ਉਸਨੂੰ ਮੂੰਹ ਵਿਚ ਪਾਉਂਦਾ। ਜਦ ਸਭ ਕੁਝ ਮੁਕ ਜਾਂਦਾ ਤਦ ਉਹ ਖਾਣੇ ਵਾਲਾ ਖਾਲੀ ਡੱਬਾ ਮੀਰਾ ਦੇ ਮੂਹਰੇ ਲਿਆ ਕੇ ਰਖ ਦਿੰਦਾ ਅਤੇ ਪੰਜਾਬੀ ਵਿਚ ਕਹਿੰਦਾ, “ਮੈਂ ਸਾਰਾ ਖਾ ਲਿਆ।” ਇਸ ਗੋਲੜ ਜਿਹੇ ਮੁੰਡੇ ਦਾ ਨਾਂਅ ਗੌਤਮ ਸੀ। ਉਹਦੀ ਮਾਂ ਕਨੇਡੀਅਨ ਸੀ ਅਤੇ ਬਾਪ ਪੰਜਾਬੀ।
ਗੌਤਮ ਦੀ ਨਾਨੀ ਐੈਂਜਲਾ, ਗੌਤਮ ਨੂੰ ਸਵੇਰੇ ਸਕੂਲ ਛੱਡਣ ਆਉਂਦੀ ਅਤੇ ਦੁਪਿਹਰੇ ਵੀ ਆਮ ਕਰਕੇ ਉਹੀ ਲੈਣ ਆਉਂਦੀ। ਇਥੇ ਹੀ ਉਹਦੀ ਮੁਲਾਕਾਤ ਮੀਰਾ ਨਾਲ ਹੋਈ ਅਤੇ ਹੌਲੀ-ਹੌਲੀ ਉਹਨਾਂ ਦੀ ਦੋਸਤੀ ਚੰਗਾ ਗੂੜ੍ਹਾ ਰੰਗ ਪਕੜ ਗਈ। ਐਂਜਲਾ ਚਾਹੁੰਦੀ ਸੀ ਕਿ ਮੀਰਾ ਗੌਤਮ ਨੂੰ ਪੰਜਾਬੀ ਬੋਲਣੀ ਸਿਖਾ ਦੇਵੇ। ਇਹ ਮੀਰਾ ਦੀ ਮੇਹਨਤ ਅਤੇ ਪਿਆਰ ਦਾ ਸਦਕਾ ਹੀ ਸੀ ਕਿ ਹੁਣ ਗੌਤਮ ਵੱਖਰੇ ਵੱਖਰੇ ਫੁਲਾਂ, ਸਬਜ਼ੀਆਂ ਅਤੇ ਜੂਸਾਂ ਦੇ ਨਾਂਅ ਪੰਜਾਬੀ ਵਿਚ ਲੈ ਸਕਦਾ ਸੀ। ਕੁਝ ਹੋਰ ਵੀ ਛੋਟੇ ਛੋਟੇ ਪੰਜਾਬੀ ਦੇ ਫਿ਼ਕਰੇ ਬੋਲ ਸਕਦਾ ਸੀ। ਜੋ ਕੁਝ ਗੌਤਮ ਸਿਖਦਾ ਉਹੋ ਅਪਣੀ ਨਾਨੀ ਐਂਜਲਾ ਨੂੰ ਵੀ ਸਿਖਾ ਦਿੰਦਾ। ਭਾਰਤੀ ਗਰੌਸਰੀ ਸਟੋਰ ਵਿਚ ਹੁਣ ਐਂਜਲਾ ਤੇ ਗੌਤਮ ਕਰੀਬ ਕਰੀਬ ਹਰ ਏਕ ਚੀਜ਼ ਦਾ ਨਾਂਅ ਪੰਜਾਬੀ ਵਿਚ ਕਹਿਣਾ ਜਾਣਦੇ ਸਨ।
ਇਕ ਸਵੇਰੇ ਜਦ ਮੀਰਾ ਸਕੂਲ ਪਹੁੰਚੀ ਤਾਂ ਉਹਨੂੰ ਐਂਜਲਾ ਨੂੰ ਫੋਨ ਕਰਣ ਲਈ ਬਹੁਤ ਜ਼ਰੂਰੀ, ਬਹੁਤ ਤਾਕੀਦ ਭਰਿਆ ਸੁਨੇਹਾ ਮਿਲਿਆ।
ਬਚਿਆਂ ਦੇ ਖਾਣੇ ਦੀ ਛੁਟੀ ਪਿਛੋਂ ਜਦ ਉਸ ਐਂਜਲਾ ਦੇ ਘਰ ਫ਼ੋਨ ਕੀਤਾ ਤਾਂ ਮੀਰਾ ਨੂੰ ਉਸੇ ਵੇਲੇ ਐਂਜਲਾ ਦੇ ਘਰ ਪਹੁੰਚਣ ਦੀ ਉਸ ਵਲੋਂ ਮਿੰਨਤ ਕੀਤੀ ਗਈ।
“ਸ਼ੁਕਰ ਹੈ ਤੂੰ ਆ ਗਈ ਏਂ ਮੀਰਾ। ਬੜਾ ਸ਼ੁਕਰ ਹੇੈ ਤੂੰ ਮੇਰੇ ਲਈ ਅਪਣਾ ਕੀਮਤੀ ਵਕਤ ਕੱਢਿਆ ਹੈ। ਦੂਜੀ ਨੌਕਰੀ ਤੋਂ ਅਜ ਤੇਰਾ ਛੁਟੀ ਦਾ ਦਿਨ ਹੈ ਨਾਂ… ” ਮੀਰਾ ਦੇ ਹੱਥ ਅਪਣੇ ਦੁਹਾਂ ਹੱਥਾਂ ਵਿਚ ਲੈਂਦਿਆਂ ਐਂਜਲਾ ਬੋਲੀ।
“ਉਧਰੋਂ ਅਜ ਮੇਰੀ ਛੁਟੀ ਹੈ। ਤੂੰ ਦੱਸ ਕੀ ਗਲ ਹੈ? ਸਭ ਖੈ਼ਰੀਅਤ ਤਾਂ ਹੈ …”
“ਸਭ ਖੈ਼ਰੀਅਤ ਹੈ। ਤੈਨੂੰ ਮਿਲਿਆਂ ਬਹੁਤ ਦਿਨ ਹੋ ਗਏ ਸਨ, ਤੇ ਅੱਜ ਮਿਲਣ ਨੂੰ ਬਹੁਤ ਜੀਅ ਕਰ ਆਇਆ ਸੀ। ਕਿੰਨੇ ਹੀ ਦਿਨ ਹੋ ਗਏ ਹਨ ਕਿ ਮੈਂ ਸੈਰ ਤਕ ਕਰਣ ਨਹੀਂ ਗਈ। ਘਰੋਂ ਬਾਹਰ ਹੀ ਨਹੀਂ ਨਿਕਲੀ। ਮੈਂ ਪੁਛਣਾ ਸੀ, ਮੀਰਾ, ਕਿ ਕੀ ਤੂੰ ਮੈਨੂੰ ਆਪਣੀ ਕਾਰ ਵਿਚ ਸੈਰ ਕਰੌਣ ਲੈ ਜਾ ਸਕੇਂਗੀ? ਜੇ ਤੇਰੇ ਕੋਲ ਵਕਤ ਹੈ …” ਅਪਣੀਆਂ ਉਮੀਦਾਂ ਤੇ ਮੰਗਾਂ ਐਂਜਲਾ ਇਕੋ ਸਾਹੇ ਕਹਿ ਗਈ।
“ਕਿਉਂ ਨਹੀਂ, ਜਿਥੇ ਤੂੰ ਕਹੇਂਗੀ ਲੈ ਚਲਾਂਗੀ ਮੈਂ। ਅਜਿਹੀ ਵੀ ਕੀ ਗੱਲ ਹੈ। ਸਾਰੀ ਦੁਪਿਹਰ, ਸਾਰੀ ਸ਼ਾਮ ਅਪਣੀ ਹੈ।” ਮੀਰਾ ਨੇ ਐਂਜਲਾ ਨੂੰ ਗੱਲਵਕੜੀ ਪਾਉਂਦਿਆਂ ਕਿਹਾ।
ਐਂਜਲਾ ਅਪਣੇ ਅਪਾਰਟਮੈਂਟ ਵਿਚ ਇੱਕਲੀ ਰਹਿੰਦੀ ਸੀ। ਇੱਕਲੇ ਰਹਿ ਕੇ ਉਹ ਉਮਰ ਦੇ ਸਵਾਲਾਂ ਦਾ ਜਵਾਬ ਲਭਦੀ ਰਹਿੰਦੀ ! ਉਮਰ ਦੀਆਂ ਪਾਈਆਂ ਪਹੇਲੀਆਂ ਨੂੰ ਸੁਲਝਾਉਂਦੀ ਰਹਿੰਦੀ। ਉਮਰ ਦੇ ਇਸ ਰਸਤੇ ਉੱਤੇ ਤੁਰਦਿਆਂ ਉਹਨੂੰ ਮਸਾਂ ਪਚਵੰਜਾ ਵਰ੍ਹੇ ਹੀ ਹੋਏ ਸਨ, ਜਦ ਪਤਾ ਲੱਗਾ ਕਿ ਕੈਂਸਰ ਉਹਦੇ ਜਿਸਮ ਅੰਦਰ ਇੱਕ ਮੱਕੜੀ ਦੇ ਜਾਲੇ ਵਾਂਗ ਫੈ਼ਲ ਚੁਕਿਆ ਸੀ। ਇਸ ਜਾਲ ਦੇ ਬਾਰੀਕ ਰੇਸ਼ਮੀ ਧਾਗਿਆਂ ਵਿਚ ਫਸ ਉਹਦੀ ਘੁੰਮਣ ਫਿਰਣ ਦੀ ਆਜ਼ਾਦੀ ਘੱਟਦੀ ਘੱਟਦੀ ਹੁਣ ਕਮਰਿਆਂ ਦੀਆਂ ਕੰਧਾਂ ਅੰਦਰ ਘਿਰ ਕੇ ਰਹਿ ਗਈ ਸੀ।
“ਕਿੱਥੇ ਜਾਣ ਨੂੰ ਜੀਅ ਕਰਦਾ ਹੈ ਅਜ ਐਂਜਲਾ ਤੇਰਾ?” ਕਾਰ ਵਿਚ ਬੈਠਣ ਪਿਛੋਂ ਮੀਰਾ ਨੇ ਪੁਛਿਆ।
“ਸ਼ਹਿਰੋਂ ਬਾਹਰ। ਦੂਰ ਕਿਧਰੇ। ਜੰਗਲ ਬੀਆ-ਬਾਨਾਂ ਵਿਚ, ਜਿਥੇ ਕੋਈ ਨਾ ਹੋਵੇ। ਨਾ ਬੰਦਾ ਨਾ ਬੰਦੇ ਦੀ ਜ਼ਾਤ।” ਐੈਂਜਲਾ ਇੱਕ ਸ਼ਾਇਰ ਦੇ ਅੰਦਾਜ਼ ਨਾਲ ਗੱਲ ਕਰ ਰਹੀ ਸੀ।
ਸੜਕ ਤੋਂ ਅੱਖਾਂ ਹਟਾ, ਮੁਸਕਾਨ ਭਰੀਆਂ ਨਜ਼ਰਾਂ ਨਾਲ ਮੀਰਾ ਨੇ ਐਂਜਲਾ ਵਲ ਵੇਖਦਿਆਂ ਪੁਛਿਆ, “ਕੀ ਗੱਲ ਐਂਜਲਾ, ਖੇ਼ੈਰ ਤਾਂ ਹੈ, ਕਿਹੋ ਜਿਹਾ ਰੰਗ ਬੰਨਣਾ ਹੈ ਮਹਿਫ਼ਲ ਦਾ…।”
“ਸੱਚ ਕਹਿੰਦੀ ਹਾਂ ਮੀਰਾ, ਦੂਰ-ਦੁਰਾਡੇ ਕਿਧਰੇ ਘੁੰਮਾ ਲਿਆ ਅਜ ਮੈਨੂੰ। ਜੀਅ ਮੇਰਾ ਮੱਚਲ ਰਿਹਾ ਹੈ, ਹੋਰ ਕੁਝ ਨਹੀਂ ਤਾਂ ਬੀਤ ਗਈਆਂ ਯਾਦਾਂ ਦੀ ਮਹਿਫ਼ਲ ਸਜਾ ਬੈਠਾਂਗੇ।”
ਕੁਝ ਚਿਰ ਠਹਿਰ ਐਂਜਲਾ ਫਿਰ ਬੋਲੀ, “ਪਰ ਵਾਪਸੀ ‘ਤੇ ‘ਕਲੋਵਰ ਲੀਫ਼’ ਵਾਲੇ ਨਿੱਕੇ ਜਿਹੇ ਪਲਾਜ਼ੇ ਵਿਚ ਜਿਹੜੀ ਬੇਕਰੀ ਹੈ ਉਥੇ ਜ਼ਰੂਰ ਜਾਵਾਂਗੇ। ਚਾਹ ਕਾਫ਼ੀ ਪੀਆਂਗੇ ਅਤੇ ਕੁਝ ਖਾ ਵੀ ਲਵਾਂਗੇ।” ਫਿਰ ਕਹਿਣ ਲੱਗੀ , “ਤੂੰ ਕਾਰ ਦੀ ਟੈਂਕੀ ਭਰਾ ਲੈ ਮੀਰਾ ਤੇ ਚਲ ਦੁਨੀਆਂ ਤੋਂ ਕਿਧਰੇ ਦੂਰ ਚਲੀਏੇ।” ਕਾਰ ਦੀ ਸੀਟ ਉਪਰ ਆਰਾਮ ਨਾਲ ਬੈਠਦਿਆਂ, ਡੂੰਘਾ ਸਾਹ ਲੈ, ਐਂਜਲਾ ਨੇ ਅੱਖਾਂ ਮੀਚ ਲਈਆਂ।
ਮੀਰਾ ਕਾਰ ਚਲਾ ਰਹੀ ਸੀ। ਖਾਮੋਸ਼ ਬੇੈਠੀ ਐਂਜਲਾ ਵੱਲ ਉਹ ਕਾਣੀ ਅੱਖੇ ਵੇਖ ਲੈਂਦੀ। ਐਂਜਲਾ ਦੇ ਚੇਹਰੇ ਉਤੇ ਫੈ਼ਲੀ ਇੱਕ ਸੰਤੁਸ਼ਟਤਾ, ਇਕ ਸਕੂਨ ਜਿਹਾ ਵੇਖ ਉਹ ਕੁਝ ਨਾ ਕਹਿੰਦੀ।
ਸ਼ਹਿਰੋਂ ਬਾਹਰ ਨਿੱਕੀਆਂ ਨਿੱਕੀਆਂ ਸੜਕਾਂ ਉਤੇ ਉਹ ਘੁੰਮਦੀਆਂ ਰਹੀਆਂ। ਪਿੰਡਾਂ ਵਿਚੋਂ ਲੰਘਦੀਆਂ, ਸਾਫ਼ ਸੁਥਰੇ ਬਗੀਚੇ ਵਾਲੇ ਘਰਾਂ ਦੀਆਂ ਤਾਰੀਫ਼ਾਂ ਕਰਦੀਆਂ, ਫੁ਼ਲਾਂ ਦੀ ਉਡਾਈ ਮਹਿਕ ਵਿਚ ਡੁਬ ਜਾਂਦੀਆਂ। ਪਹਾੜੀਆਂ ਦੀ ਚੜ੍ਹਾਈ ਚੜ੍ਹਣ ਲਗਿਆਂ ਕਾਰ ਹੌਲੀ ਹੋ ਜਾਂਦੀ । ਜਦ ਹੇਠਾਂ ਨੂੰ ਜਾਂਦੀ ,ਤਿੱਖੇ ਮੋੜਾਂ ਤੋਂ ਲੰਘਦੀ ਸੜਕ ਨਿੱਕੇ ਜਿਹੇ ਝਰਨੇ ਦੇ ਕਿਨਾਰੇ ਨਾਲ ਨਾਲ ਤੁਰਦੀ, ਤਦ ਐਂਜਲਾ ਅਪਣੀਆਂ ਅੱਧ ਖੁਲੀਆਂ ਅੱਖਾਂ ਰਾਹੀਂ ਸਾਰਾ ਨਜ਼ਾਰਾ ਅਪਣੇ ਅੰਦਰ ਸਮੋ ਲੈਂਦੀ । ਜੰਗਲੀ ਫੁ਼ਲਾਂ ਅਤੇ ਸਰੂ ਦੇ ਦਰਖ਼ਤਾਂ ਵਿਚੋਂ ਲੰਘਦੀ ਪੌਣ ਉਹਨਾਂ ਦੀਆਂ ਖ਼ੁਸਬੂਆਂ ਚੋਰੀ ਕਰ ਧਰਤੀ ਉਪਰ ਦੂਰ ਦੂਰ ਤਕ ਉਡਾਉਂਦੀ ਫਿਰਦੀ ।
ਸ਼ਾਮ ਦੇ ਛੇ ਵੱਜਣ ਵਾਲੇ ਸਨ, ਜਦ ਐਂਜਲਾ ਨੇ ਵਾਪਸ ਮੁੜਣ ਲਈ ਕਿਹਾ।
“ਮੈਂ ਤਾਂ ਹੈਰਾਨ ਹਾਂ ਤੇਰੇ ‘ਤੇ ਐਂਜਲਾ ਕਿ ਇੰਨੇ ਘੰਟੇ ਤੂੰ ਕਾਰ ਵਿਚ ਕਿਵੇਂ ਬੈਠੀ ਰਹੀ ਹੈਂ ਚੁਪ-ਚਾਪ।” ਮੀਰਾ ਨੇ ਕਿਹਾ।
“ਤੂੰ ਕੀ ਸੋਚਿਆ ਮੀਰਾ ਕਿ ਮੈਂ ਮਰ ਗਈ ਹਾਂ, ਤਾਂ ਹੀ ਚੁਪ ਹਾਂ, ਅਤੇ ਤੂੰ ਮੇਰੀ ਲਾਸ਼ ਨੂੰ ਕਾਰ ਵਿਚ ਘੁਮਾਉਂਦੀ ਫਿਰਦੀ ਰਹੀ । ਤਦ ਹੀ ਤੂੰ ਕਾਣੀਆਂ ਅਖਾਂ ਨਾਲ ਆਨੀ -ਬਹਾਨੀ ਮੇਰੇ ਵੱਲ ਘੜੀ ਘੜੀ ਵੇਖ ਲੈਂਦੀ ਸੀ, ਹਾਲੇ ਨਹੀਂ ਮਰਦੀ ਇਹ ਤੇਰੀ ਸਹੇਲੀ। ਫਿਰ ਕੀ ਹੋਇਆ ਜੇ ਕੈਂਸਰ ਪੱਕਾ ਪ੍ਰਾਹੁਣਾ ਬਣ ਕੇ ਮੇਰੀ ਜਿ਼ੰਦਗੀ ਵਿਚ ਆ ਗਿਆ ਹੈ। ਇਸ ਸਰੀਰ ਵਿਚ ਹਾਲੇ ਵੀ ਬਹੁਤ ਦਮ ਹੈ ਮੀਰਾ, ਬਹੁਤ ਦਮ ਹੈ । ਇਹ ਸ਼ਰੀਰ ਬਹੁਤ ਢੀਠ ਹੈ।”
“ਤੈਨੂੰ ਪਤਾ ਹੈ ਨਾ ਕਲੋਵਰਲੀਫ਼ ਪਲਾਜ਼ਾ ਕਿੱਥੇ ਹੈ ਮੀਰਾ? ਬਸ ਉੱਥੇ ਲੈ ਚਲ। ਹੁਣ ਤਾਂ ਭੁੱਖ ਵੀ ਲਗ ਰਹੀ ਹੈ …” ਫਿਰ ਐਂਜਲਾ ਬੋਲੀ, “ਕਾਰ ਚਲਾਉਂਦਿਆਂ ਤੈਨੂੰ ਵੀ ਕਿੰਨੇ ਹੀ ਘੰਟੇ ਹੋ ਗਏ ਹਨ, ਥੱਕ ਗਈ ਹੋਵੇਂਗੀ, ਗਰਮ ਗਰਮ ਚਾਹ ਦਾ ਕੱਪ ,ਜਨਤ ਦੇ ਅੰਮ੍ਰਿਤ ਵਾਂਗ ਜਿਸਮ ਵਿਚ ਜਾਨ ਪਾ ਦੇਵੇਗਾ।”
ਦਸ ਕੁ ਦੁਕਾਨਾਂ ਵਾਲਾ ਨਿੱਕਾ ਜਿਹਾ ਕਲੋਵਰਲੀਫ਼ ਪਲਾਜ਼ਾ ਸੱਚ-ਮੁੱਚ ਹੀ ਬੜੇ ਪਿਆਰੇ ਸਟਾਈਲ ਦਾ ਬਣਾਇਆ ਹੋਇਆ ਸੀ। ਘੋੜੇ ਦੇ ਖੁਰ ਵਰਗੀ ਸ਼ਕਲ ਵਿਚ ਸੀ ਦੁਕਾਨਾਂ ਦਾ ਨਕਸ਼ਾ। ਪਲਾਜ਼ੇ ਦੇ ਵਿਚਕਾਰ ਵੰਨ-ਸੁਵੰਨੀਆਂ ਦੁਕਾਨਾਂ ਸਨ, ਅਤੇ ਦੁਹਾਂ ਨੁਕਰਾਂ ਤੇ ਖਾਣ ਪੀਣ ਦੇ ਰੈਸਤੋਰਾਂ। ਇਕ ਪਾਸੇ ਪੀਜ਼ਾ ਪਲੇਸ ਸੀ ਅਤੇ ਦੂਜੇ ਪਾਸੇ ਵੱਖ ਵੱਖ ਪ੍ਰਕਾਰ ਦੇ ਕੇਕ ਅਤੇ ਪੇਸਟ੍ਰੀਆਂ ਦੀ ਬੇਕਰੀ ਸੀ। ਪਲਾਜ਼ੇ ਦੇ ਵਰਾਂਡੇ ਵਿਚੋਂ ਬਾਹਰ ਨਿਕਲੋ ਤਾਂ ਸਾਹਮਣੇ ਹੀ ਬਗੀਚਾ ਸੀ। ਜਿਸ ਵਿਚ ਰੰਗ ਬਰੰਗੇ ਫੁਲ ਲਗੇ ਹੋਏ ਸਨ। ਵਿਚਕਾਰ ਪਾਣੀ ਦਾ ਫ਼ੁਹਾਰਾ ਸੀ ਅਤੇ ਫੁ਼ਹਾਰੇ ਦੇ ਆਲੇ ਦੁਆਲੇ ਲੋਹੇ ਦੇ ਬੈਂਚ ਪਏ ਸਨ।
ਬੇਕਰੀ ਦੇ ਅੰਦਰ ਵੀ ਬੈਠਣ ਲਈ ਕੁਰਸੀਆਂ ਮੇਜ਼ ਲੱਗੇ ਸਨ ਅਤੇ ਬਾਹਰ ਵਰਾਂਡੇ ਵਿਚ ਵੀ। ਮੀਰਾ ਤੇ ਐਂਜਲਾ ਬਾਹਰ ਹੀ ਬੈਠ ਗਈਆਂ।
ਬੇਕਰੀ ਦੇ ਐਨ ਸਾਮ੍ਹਣੇ, ਸੜਕੋਂ ਪਾਰ ਇਕ ਚਰਚ ਸੀ। ਨਿੱਕੀਆਂ ਨਿੱਕੀਆਂ ਲਾਲ ਇੱਟਾਂ ਦਾ ਬਣਿਆ ਚਰਚ ਕੋਈ ਖ਼ਾਸ ਵੱਡਾ, ਲੰਮਾ ਚੌੜਾ ਨਹੀਂ ਸੀ। ਦੂਰੋਂ ਉਹ ਇੱਕ ਆਮ ਘਰ ਵਰਗਾ ਹੀ ਲਗਦਾ ਸੀ। ਘਰ ਜਿੰਨ੍ਹਾ ਹੀ ਚੌੜਾ, ਲੰਮਾ ਅਤੇ ਉੁ਼ੱਚਾ ਸੀ। ਸ੍ਹਾਮਣੇ ਲਕੜੀ ਦੇ ਦਰਵਾਜ਼ੇ ਨੂੰ ਜਾਂਦੀਆਂ ਸੀਮੈਂਟ ਦੀਆਂ ਟੁੱਟੀਆਂ-ਫੱ਼ੁਟੀਆਂ ਪੌੜੀਆਂ ਸਨ। ਇੰਨਾਂ ਦੇ ਦੁਹੀਂ ਪਾਸੀਂ ਕਾਲੇ ਲੋਹੇ ਦੀ ਰੇਲਿੰਗ ਸੀ, ਜਿਹੜੀ ਕਈਆਂ ਥਾਵਾਂ ਤੋਂ ਵਿੰਗੀ-ਟੇਢੀ ਹੋ ਚੁਕੀ ਸੀ। ਦਰਵਾਜ਼ੇ ਦੇ ਦੁਹੀਂ ਪਾਸੀਂ ਲੱਕੜੀ ਦੀਆਂ ਦੋ ਉੱਚੀਆਂ ਲੰਮੀਆਂ ਬੰਦ ਪਈਆਂ ਖਿੜਕੀਆਂ ਸਨ। ਇਨ੍ਹਾਂ ਬੰਦ ਪਈਆਂ ਲਕੜੀ ਦੀਆਂ ਖਿੜਕੀਆਂ ਦੇ ਪੱਲੜਿਆਂ ‘ਤੇ ਕਾਲੇ ਲੋਹੇ ਦੇ ਬੜੇ ਕਲਾਕਾਰੀ ਨਾਲ ਬਣਾਏ ਗਏ ਹੈਂਡਲ ਲਗੇ ਹੋਏ ਸਨ। ਇਨ੍ਹਾਂ ਪੱਲੜਿਆਂ ਨੂੰ ਲੋਹੇ ਦੀਆਂ ਲੰਮੀਆਂ ਕਾਲੀਆਂ ਪੱਤਰੀਆਂ ਦੇ ਕਿੱਲਾਂ ਨਾਲ ਬੰਦ ਕਰ ਦਿਤਾ ਹੋਇਆ ਸੀ। ਚਰਚ ‘ਤੇ ਲਗਿਆ ਮੁਨਾਰਾ ਵੀ ਕਾਲੇ ਲੋਹੇ ਦਾ ਹੀ ਸੀ। ਚਰਚ ਦੀ ਇਮਾਰਤ ਸੁੰਨਸਾਨ ਬੀਆ-ਬਾਨ ਕੱਲਮ-ਕੱਲੀ ਤੇ ਬੰਦ ਪਈ ਵੀਰਾਨੀ ਦੀ ਹਾਲਤ ਵਿਚ ਸੜਕ ਕੰਢੇ ਖੜੀ ਸੀ। ਇਸ ਇਮਾਰਤ ਨੂੰ ਵੇਖਦਿਆਂ ਹੋਇਆਂ ਵੀ ਅਣਵੇਖਿਆ ਕਰ ਲੰਘ ਜਾਂਦੇ ਸਨ। ਸੜਕ ਤੋਂ ਗੁਜ਼ਰਦਿਆਂ ਚਰਚ ‘ਤੇ ਹਰ ਏਕ ਦੀ ਨਜ਼ਰ ਪੈਂਦੀ ਜ਼ਰੂਰ ਸੀ ਪਰ ਦਿਮਾਗ ਦੀ ਸਕਰੀਨ ‘ਤੇ ਰਜਿਸਟਰ ਨਹੀਂ ਸੀ ਹੁੰਦੀ।
ਚਰਚ ਦੇ ਮੂਹਰਲੇ ਪਾਸੇ ਇਕ ਬੜਾ ਪੁਰਾਣਾ ਸੰਘਣੀ ਛਾਂਅ ਵਾਲਾ ਦਰਖ਼ਤ ਹੈ, ਜਿਸ ਦੀਆਂ ਟਹਿਣੀਆਂ ਹਵਾ ਵਿਚ ਝੂੰਮਦੀਆਂ ਰਹਿੰਦੀਆਂ ਹਨ। ਪਿਛਲੇ ਪਾਸੇ ਇੱਕ ਝੁਰਮੁਟ ਵਿਚ ਖੜ੍ਹੇ ਤਿੰਨ ਹੋਰ ਦਰਖ਼ਤ ਆਪਸ ਵਿਚ ਕਲੋਲ ਕਰਦੇ, ਅਪਣੀ ਸੰਘਣੀ ਛਾਂ ਵਿਚ ਪਸ਼ੂ ਪੰਛੀਆਂ ਨੂੰ ਆਸਰਾ ਦੇਂਦੇ ਰਹਿੰਦੇ। ਚਰਚ ਦੀ ਇਮਾਰਤ ਦੇ ਸੱਜੇ ਪਾਸੇ ਮਸਾਂ ਵੀਹ ਕੁ ਕਾਰਾਂ ਦੀ ਪਾਰਕਿੰਗ ਹੈ ਅਤੇ ਖੱਬੇ ਪਾਸੇ ਦਰਖ਼ਤਾਂ ਹੇਠ ਬੈਠਣ ਨੂੰ ਲਕੜੀ ਦੇ ਬੈਂਚ ਹਨ।
“ਸ੍ਹਾਮਣੇ ਵਾਲਾ ਚਰਚ ਵੇਖਦੀ ਹੈਂ ਮੀਰਾ?”
“ਆ ਜਿਹੜਾ ਬੰਦ ਪਿਆ ਏ ? ਲਾਲ ਇੱਟਾਂ ਵਾਲਾ ਚਰਚ?”
“ਤੈਨੂੰ ਪਤਾ ਏ ਕਦੇ ਇੱਥੇ ਰੌਣਕਾਂ ਹੀ ਰੌਣਕਾਂ ਹੋਇਆ ਕਰਦੀਆਂ ਸਨ। ਉਹ ਵੀ ਜ਼ਮਾਨੇ ਹੁੰਦੇ ਸਨ।” ਅਂੈਜਲਾ ਨੇ ਯਾਦਾਂ ਦੀ ਪਟਾਰੀ ਖੋਲਦਿਆਂ ਕਿਹਾ। “ਏਸ ਸ੍ਹਾਮਣੇ ਵਾਲੀ ਸੜਕ ਦਾ ਨਾਂਅ ਲਵਰਜ਼ ਲੇਨ ਹੁੰਦਾ ਸੀ। ਹੁਣ ਕਿਸੇ ਸਿਆਣੇ ਨੇ ਇਹਦਾ ਨਾਂਅ ਕਲੋਵਰ ਲੀਫ਼ ਰੱਖ ਦਿਤਾ ਏੇ।”
ਮੀਰਾ ਨੇ ਐਂਜਲਾ ਦੇ ਚੇਹਰੇ ਵੱਲ ਵੇਖਿਆ। ਐਂਜਲਾ ਪਤਾ ਨਹੀਂ ਕਿਹੜੀਆਂ ਯਾਦ ਦੀਆਂ ਗਲੀਆਂ ਵਿਚ ਗੁੰਮਦੀ ਜਾ ਰਹੀ ਸੀ।
“ਮੈਂ ਆਮ ਹੀ ਇਥੋਂ ਲੰਘਦੀ ਹਾਂ। ਮੈਂ ਤਾਂ ਚਰਚ ਨੂੰ ਹਮੇਸ਼ਾ ਬੰਦ ਹੀ ਪਿਆ ਵੇਖਿਆ ਹੈ। ਇਹ ਤਾਂ ਕਾਫ਼ੀ ਦੇਰ ਤੋਂ ਬੰਦ ਪਿਆ ਹੈ । ਇਸ ਨੂੰ ਵੇਖਕੇ ਮੈਨੂੰ ਉਸ ਮੁਰਦੇ ਦੀ ਯਾਦ ਆਉਂਦੀ ਹੈ ਜਿਸਨੂੰ ਕਫਣ ਨਾਲ ਢੱਕ ਤਾਂ ਦਿਤਾ ਹੋਵੇ ਪਰ ਉਹਨੂੰ ਦਫ਼ਨਾਉਣਾ ਲੋਕ ਭੁਲ ਗਏ ਹੋਣ।” ਮੀਰਾ ਨੇ ਅਪਣੇ ਖਿਆਲ ਜ਼ਾਹਿਰ ਕੀਤੇ।
“ਫਿ਼ਰ ਤਾਂ ਮੀਰਾ ਤੂੰ ਇਹ ਵੀ ਨੋਟ ਕੀਤਾ ਹੋਣਾ ਏ ਕਿ ਚਰਚ ਦੇ ਆਲੇ ਦੁਆਲੇ ਦੀ ਜ਼ਮੀਨ ਅੱਜ ਕਲ ਕਿਵੇਂ ਗੱਜ਼ ਗੱਜ਼ ਕਰਕੇ ਘਟਦੀ ਹੀ ਜਾ ਰਹੀ ਹੈ। ਇਸ ਚਰਚ ਦੀ ਲਕੜੀ ਦੀ ਵਾੜ ਪਹਿਲੋਂ ਚਾਰ ਸੌ ਗਜ਼ ਤੋਂ ਵੀ ਦੂਰ ਹੋਇਆ ਕਰਦੀ ਸੀ ਅਤੇ ਹੁਣ ਮੱਸਾਂ ਵੀਹ ਗਜ਼ ਦੂਰ ਰਹਿ ਗਈ ਏ । ਸਮੇ ਦੇ ਹਾਲਾਤ ਵੇਖ ਜਿਵੇਂ ਉਹ ਹੌਲੀ ਹੌਲੀ ਕਦਮ ਪੁੱਟਦੀ ਚਰਚ ਦੀ ਇਮਾਰਤ ਕੋਲੇ ਆਪੇ ਹੀ ਤੁਰਕੇ ਆ ਗਈ ਹੋਵੇ। ਦੂਰ ਰਹਿ ਜਿਵੇਂ ਉਸਨੂੰ ਲੋਕਾਂ ਤੋਂ ਡਰ ਲਗਦਾ ਹੋਵੇ।
“ਆਲੇ –ਦੁਆਲੇ ਦੀ ਜ਼ਮੀਨ ਵਿਕੀ ਜਾ ਰਹੀ ਹੈ। ਧੜਾ-ਧੜ ਮਾਚਸ ਦੀ ਡੱਬੀ ਵਰਗੇ ਮਕਾਨ ਉੱਗੀ ਜਾ ਰਹੇ ਹਨ। ਮਕਾਨਾਂ ਦੀ ਇਹੋ ਰਫ਼ਤਾਰ ਰਹੀ ਤਾਂ ਇਕ ਦਿਨ ਇਸ ਵਾੜ ਨੂੰ ਚੁੱਕ ਲੋਕ ਚਰਚ ਦੀਆਂ ਪੌੜੀਆਂ ਵਿਚ ਧਰ ਜਾਣਗੇ।”
“ਕਮਾਲ ਏ ਐਂਜਲਾ, ਲਗਦਾ ਏ ਜਿਵੇਂ ਤੂੰ ਇਸ ਚਰਚ ਦਾ ਪੂਰਾ ਇਤਿਹਾਸ ਜਾਣਦੀ ਏ ।” ਗੱਲ ਤੋਰਦਿਆਂ ਮੀਰਾ ਬੋਲੀ।
“ਜਾਣਦੀ ਕਿਵੇਂ ਨਹੀਂ , ਮੇਰੇ ਪ੍ਰੇਮੀ ਦਾ, ਯਾਣੀ ਲਾਰਾ ਦੇ ਪਿਉ ਦਾ ਵਿਆਹ ਇਸੇ ਚਰਚ ਵਿਚ ਹੋਇਆ ਸੀ, ਅਜ ਤੋਂ ਕੋਈ ਪੈਂਤੀ ਸਾਲ ਪਹਿਲੋਂ।”
ਸਵਾਲ ਭਰੀਆਂ ਨਜ਼ਰਾਂ ਨਾਲ ਮੀਰਾ ਨੇ ਐਂਜਲਾ ਦੀਆਂ ਅਖਾਂ ਵਿਚ ਝਾਤ ਮਾਰੀ।
“ਮੇੈਨੂੰ ਪਤਾ ਹੈ ਤੂੰ ਕੀ ਸੋਚਦੀਂ ਹੈਂ। ਮੈਂ ਕਿਹਾ ਲਾਰਾ ਦੇ ਪਿਓ ਦਾ ਵਿਆਹ। ਮੈਂ ਸਾਡਾ ਜਾਂ ਮੇਰਾ ਵਿਆਹ ਨਹੀਂ ਕਿਹਾ। ਮੈਂ ਅਜ ਤਕ ਕਿਸੇ ਨੂੰ ਦਸਿਆ ਨਹੀਂ ਕਿ ਲਾਰਾ ਦੇ ਪਿਓ ਨੇ ਮੇਰੇ ਨਾਲ ਵਿਆਹ ਨਹੀਂ ਸੀ ਕੀਤਾ। ਅਪਣੀ ਗੁਆਂਢਣ ਅਮੀਰ ਕੁੜੀ ਨਾਲ ਕੀਤਾ ਸੀ …” ਐੇਂਜਲਾ ਦੀਆਂ ਅਖਾਂ ਪੈਂਤੀ ਵਰ੍ਹੇ ਪਹਿਲੋਂ ਦੀ ਤਸਵੀਰ ਵਿਚ ਖੁਭ ਚੁਕੀਆਂ ਸਨ।
ਕੁਝ ਚਿਰ ਰੁਕ ਐਂਜਲਾ ਫਿਰ ਬੋਲੀ, “ਲਾਰਾ ਦੇ ਪਿਓ ਦਾ ਨਾਂਅ ਕਰਿਸਚਨ ਸੀ। ਕਿੰਨਾ ਸੋਹਣਾ ਭਰ ਜੁਆਨ ਮੁੰਡਾ ਸੀ। ਅਮੀਰ ਮਾਪਿਆਂ ਦਾ ਇਕੋ ਇਕ ਮਸਤਾਇਆ ਚਮਲਾਇਆ ਹੋਇਆ ਪੁੱਤ। ਪਿਆਰ ਹੋ ਗਿਆ ਮੇਰੇ ਨਾਲ, ਮੈਂ ਇਕ ਚਾਰ ਭੈਣਾਂ ਵਾਲੀ ਗਰੀਬ ਮਾਪਿਆਂ ਦੀ ਕੁੜੀ।
ਕਰਿਸਚਨ ਨਾਂਅ ਕਿੰਨਾ ਸੋਹਣਾ ਹੈ । ਕਰਿਸਚਨ ਕਹਿੰਦਿਆਂ ਹੀ ਜਿਵੇਂ ਬੰਦੇ ‘ਤੇ ਯਕੀਨ ਆ ਜਾਂਦਾ ਹੈ। ਕਰਿਸਚਨ ਨਾਂਅ ਵਾਲੇ ਬੰਦੇ ‘ਤੇ ਮੱਲੋ-ਮੱਲੀ ਭਰੋਸਾ ਹੋ ਜਾਂਦਾ ਹੈ। ਕਰਿਸਚਨ ਜਿਵੇਂ ਸੱਚਾਈ ਦੀ ਇੱਕ ਚੱਟਾਨ ਹੋਵੇ, ਜੋ ਤੁਹਾਨੂੰ ਕਦੇ ਧੋਖਾ ਦੇ ਹੀ ਨਹੀਂ ਸਕਦੀ। ਜਿਸਦੇ ਸਹਾਰੇ, ਜਿਸਦੀ ਛਾਂਅ ਹੇਠ ਤੁਸੀਂ ਸਾਰੀ ਓਮਰ ਬੇਫਿ਼ਕਰੀ ਨਾਲ ਬਿਤਾ ਸਕਦੇ ਹੋ।
ਪਰ ਵੇਖ ਨਾ ਮੀਰਾ! ਇਨ੍ਹਾਂ ਨਾਵਾਂ ਵਿਚ ਕੀ ਰੱਖਿਆ ਏ। ਜੇ ਨਾਵਾਂ ਦੇ ਸਹਾਰੇ ਹੀ ਉਮਰ ਲੰਘ ਜਾਵੇ, ਨਾਵਾਂ ਵਰਗੀ ਹਸਤੀ ਬਣ ਜਾਵੇ ਤਾਂ ਸਭਨਾਂ ਬਚਿਆਂ ਦੇ ਨਾਂਅ ਧਾਰਮਿਕ ਨਾਂਅ ਹੀ ਰੱਖ ਦੇਈਏ। ਕਰਿਸਚਨ ਨਾਂਅ ਰਖਕੇ ਬੱਚਾ ਮਸੀਹੇ ਦੀ ਤਬੀਅਤ ਅਪਣਾ ਲਵੇ, ਜਾਂ ਫਿਰ ਕ੍ਰਿਸ਼ਨ ਨਾਂਅ ਵਾਲਾ ਬੱਚਾ ਵੱਡਾ ਹੋ ਕ੍ਰਿਸ਼ਨ ਭਗਵਾਨ ਦੇ ਪੈਰਾਂ ਦੀ ਧੂੜ ਬਣਨ ਦੀ ਕੋਸਿ਼ਸ਼ ਕਰੇ ਤਾਂ ਸਾਰੀ ਕਾਇਨਾਤ ਦੇ ਦੁਖ ਦਰਦ ਸਾਂਭੇ ਜਾਣ। ਪਰ ਐਦਾਂ ਮੁਮਕਿਨ ਹੀ ਨਹੀਂ ਹੈ।
ਮੇਰਾ ਕਰਿਸਚਨ ਪਿਆਰ ਦੀ ਚੱਟਾਨ ਨਾ ਨਿਕਲਿਆ। ਜਦ ਉਸਨੂੰ ਪਤਾ ਲੱਗਾ ਕਿ ਮੈਂ ਬੱਚੇ ਦੇ ਨਾਲ ਹਾਂ ਤਾਂ ਓਹ ਲੂਣ ਦੀ ਡੱਲੀ ਵਾਂਗ ਖੁਰ ਗਿਆ, ਹਵਾ ਵਿਚ ਕਿਧਰੇ ਗਾਇਬ ਹੋ ਗਿਆ। ਉਸ ਅਪਣਾ ਰਸਤਾ ਇੰਝ ਬਦਲਿਆ ਕਿ ਮੈਂ ਉਸਦੇ ਪੈਰਾਂ ਦੇ ਨਿਸ਼ਾਨ ਕਿੱਧਰੇ ਲੱਭ ਨਾ ਸਕੀ।
ਜਿਨ੍ਹਾਂ ਅੱਖਾਂ ਨੂੰ ,ਜਿਸ ਚੇਹਰੇ ਨੂੰ ਉਸ ਕਦੇ ਇੰਨਾਂ ਪਿਆਰ ਕੀਤਾ ਸੀ, ਉਹੋ ਅਖਾਂ ਮੈਂ ਉਹਨੂੰ ਦਿਖਾ ਨਾ ਸਕੀ। ਮੈਂ ਉਹਨੂੰ ਦੱਸ ਨਾ ਸਕੀ ਕਿ ਰੋ ਰੋ ਉਸ ਚੇਹਰੇ ਦਾ ਕੀ ਹਾਲ ਹੋ ਗਿਆ ਹੈ। ਉਹ ਸਾਹ ਜਿਨ੍ਹਾਂ ਦੀ ਸੋਂਹ ਖਾਂਦਾ ਉਹ ਥੱਕਦਾ ਨਹੀਂ ਸੀ, ਹੁਣ ਹਿਚਕੀਆਂ ਬਣ ਚੁੱਕੇ ਹਨ।
ਤੂੰ ਅੰਦਾਜ਼ਾ ਕਰ ਸਕਦੀ ਹੈਂ ਮੀਰਾ, ਕਿ ਅੱਜ ਤੋਂ ਪੈਂਤੀ ਸਾਲ ਪਹਿਲੋਂ ਇੱਕ ਅਣ-ਵਿਆਹੀ ਕੁਆਰੀ ਕੁੜੀ ਜੇ ਮਾਂ ਬਣਨ ਵਾਲੀ ਹੋ ਜਾਵੇ ਤਾਂ ਉਸਦਾ ਕੀ ਹਸ਼ਰ ਹੁੰਦਾ ਸੀ!! ਮਾਪੇ ਉਹਦੀ ਹੋਂਦ ਤੋਂ ਮੁਨਕਰ ਹੋ ਜਾਂਦੇ ਸਨ। ਅਪਣੇ ਸ਼ਹਿਰੋਂ ਸੌਆਂ ਮੀਲ ਦੂਰ ਕਿਸੇ ਓਪਰੇ ਸ਼ਹਿਰ ਦੇ ਯਤੀਮ-ਖਾਨੇ ਵਿਚ ਓਹਨੂੰ ਛੱਡ ਆਉਂਦੇ ਸਨ। ਬੱਚਾ ਜੰਮਣ ਪਿਛੋਂ, ਮਾਂ ਉਹਦੀ ਸ਼ਕਲ ਵੀ ਨਾ ਵੇਖ ਸਕਦੀ ਜਦ ਬੱਚੇ ਨੂੰ ਕੋਈ ਤੀਜਾ ਪਰਇਆ ਅਜਨਬੀ ਜੋੜਾ ਗੋਦੀ ਲੇੈ ਲੈਂਦਾ। ਪਤਾ ਨਹੀਂ ਕਿੰਨੇ ਹਜ਼ਾਰਾਂ ਬੱਚੇ ਅਪਣੀਆਂ ਮਾਵਾਂ ਤੋਂ ਵਿੱਛੜ ਗਏੇ।
ਅਪਣੀ ਇੱਜ਼ਤ ਪਾਕ ਰੱਖਣ ਲਈ ਮੇਰੇ ਮਾਪੇ ਵੀ ਮੈਂਨੂੰ ਜ਼ਬਰਦਸਤੀ ਇਕ ਓਪਰੇ ਸ਼ਹਿਰ ਛੱਡ ਆਏ। ਜਿੱਥੇ ਮੈਂ ਜੰਮੀ ਪਲੀ, ਜਿਸ ਵੇਹੜੇ ਵਿਚ ਬਚਪਨ ਦੀਆਂ ਖੇਡਾਂ ਖੇਡ ਮੈਂ ਜਵਾਨ ਹੋਈ ਉਸ ਘਰ ਦਾ ਦਰਵਾਜ਼ਾ ਮੇਰੇ ਵਾਸਤੇ ਹਮੇਸ਼ਾ ਲਈ ਬੰਦ ਕਰ ਦਿਤਾ ਗਿਆ।
ਓਪਰੇ ਸ਼ਹਿਰ, ਓਪਰੇ ਲੋਕਾਂ ਦੇ ਘਰ ਮੈਂ ਰਹੀ। ਉਹਨਾਂ ਵੀ ਗੱਧਿਆਂ ਦੀ ਤਰ੍ਹਾਂ ਮੈਥੋਂ ਕੰਮ ਕਰਾਇਆ। ਲਾਰਾ ਦੇ ਜੰਮਣ ਪਿਛੋਂ ਓਹਨੂੰ ਮੈਥੋਂ ਖੋਹ ਲੈਣਾ ਸੀ, ਇਕ ਵਿਆਹੇ ਜੋੜੇ ਨੇ ਉਸਨੂੰ ਅਪਣਾ ਲੈਣਾ ਸੀ । ਮੇਰਾ ਨਾ ਅੱਗਾ ਰਹਿੰਦਾ ਅਤੇ ਨਾ ਪਿੱਛਾ।
ਪਰ ਮੈਂ ਐਦਾਂ ਹੋਣ ਨਾ ਦਿੱਤਾ। ਲਾਰਾ ਮਸਾਂ ਵੀਹ ਦਿਨਾਂ ਦੀ ਸੀ ਜਦ ਮੈਂ ਉਹਨੂੰ ਅਪਣੀ ਛਾਤੀ ਨਾਲ ਘੁੱਟ ਕੇ ਲਾਇਆ ਅਤੇ ਅਸੀਂ ਇਸ ਵੱਡੇ ਸੰਸਾਰ ਦੀ ਭੀੜ ਵਿਚ ਗੁੰਮ ਹੋ ਗਈਆਂ। ਉਹ ਮੇਰੇ ਲਈ ਸੀ ਤੇ ਮੈਂ ਓਹਦੇ ਲਈ, ਮੇਰੇ ਮਾਂ ਪਿਓ ਅਤੇ ਭੈਣਾਂ ਮੇਰੇ ਕਿਸੇ ਭੂਤਕਾਲ ਦੇ ਪਰਛਾਵੇਂ ਬਣ ਕੇ ਰਹਿ ਗਏੇ।” ਇਕੋ ਸਾਹੇ, ਖਿਆਲਾਂ ਦੀ ਇਕੋ ਲੜੀ ਵਿਚ ਇੰਨੀਆਂ ਯਾਦਾਂ ਪਰੋ ਐਂਜਲਾ ਥੱਕ ਗਈ ਸੀ। ਕੁਰਸੀ ਦੀ ਢੋਅ ਲਾ ਉਸ ਅਖਾਂ ਬੰਦ ਕਰ ਲਈਆਂ।
ਕੁਝ ਚਿਰ ਮੀਰਾ ਉਸਦੇ ਪੀਲੇ ਬੇਜਾਨ ਚੇਹਰੇ ਵੱਲ ਵੇਖਦੀ ਰਹੀ। ਫਿਰ ਉਸ ਮਲਕੜੇ ਜਿਹੇ ਅਪਣਾ ਹੱਥ ਐਂਜਲਾ ਦੇ ਮੇਜ਼ ਤੇ ਪਏ ਹੱਥ ‘ਤੇ ਰੱਖ ਦਿਤਾ।
ਅੱਖਾਂ ਖ੍ਹੋਲ ਐਂਜਲਾ ਮੁਸਕ੍ਰਾਈ , “ਮੈਂ ਠੀਕ ਹਾਂ ਮੀਰਾ, ਬੱਸ ਕੁਝ ਥੱਕ ਗਈ ਹਾਂ।”
ਗੱਲਾਂ ਕਰਨ ਦਾ ਸਾਹ ਹਾਲੇ ਮੁਕਿਆ ਨਹੀਂ ਸੀ। ਯਾਦਾਂ ਦੀ ਘੁੰਮਣ ਘੇਰੀ ਵਿਚੋਂ ਓਹ ਹਾਲੇ ਨਿਕਲੀ ਨਹੀਂ ਸੀ, ਫਿਰ ਕਹਿਣ ਲੱਗੀ, “ਪਿਆਰ ਦੀ ਖੇਡ ਵਿਚ, ਇਨ੍ਹਾਂ ਜਿਸਮਾਂ ਦੀ ਖੇਡ ਵਿਚ ਇਕ ਔਰਤ ਹੀ ਹੈ ਜਿਸਨੇ ਸਦੀਆਂ ਤੋਂ ਇਨ੍ਹਾਂ ਖੇਡਾਂ ਦੀ ਕੀਮਤ ਚੁਕਾਈ ਹੈ, ਹੁਣ ਵੀ ਚੁਕਾ ਰਹੀ ਹੈ ਅਤੇ ਲੱਗਦਾ ਹੈ ਰਹਿੰਦੀ ਦੁਨੀਆਂ ਤਕ ਚੁਕਾਉਂਦੀ ਰਹੇਗੀ। ਇਕ ਆਦਮੀ ਹਨ ਜਿਨ੍ਹਾਂ ਨੂੰ ਅਪਣੀਆਂ ਹਰਕਤਾਂ ਦਾ ਲੇਖਾ ਨਹੀਂ ਦੇਣਾ ਪੈਂਦਾ। ਇਨ੍ਹਾਂ ਦੀ ਜ਼ਮੀਰ ਜਿਵੇਂ ਕੁੰਭਕਰਣ ਦੀ ਨੀਂਦ ਸੋਂ ਚੁਕੀ ਹੈ। ਔਰਤ ਦੇ ਜਿਸਮ ਦਾ ਇੱਕ ਹਿੱਸਾ ਟੁਟ ਜਾਂਦਾ ਹੈ, ਧਰਤੀ ‘ਤੇ ਡਿਗ ਕੇ ਨਵੀਂ ਹਸਤੀ ਬਣ ਜਾਂਦਾ ਹੈ। ਜਿਸ ਕਰਕੇ ਉਹ ਕਦੇ ਵੀ ਅਪਣੇ ਸਰੀਰ ਦੇ ਹਿੱਸੇ ਤੋਂ ਦੂਰ ਨਹੀਂ ਹੋ ਸਕਦੀ। ਜਿਵੇਂ ਰੱਬ ਅਪਣੀ ਬਣਾਈ ਦੁਨੀਆਂ ਤੋਂ ਦੂਰ ਨਹੀਂ ਹੋ ਸਕਦਾ। ਆਦਮੀ ਦੇ ਸਰੀਰ ਦਾ ਨਾ ਕੋਈ ਹਿੱਸਾ ਟੁਟਦਾ ਹੈ ਅਤੇ ਨਾ ਕੋਈ ਨਵੀਂ ਹਸਤੀ ਬਣਦਾ ਹੈ। ਉਡਦੀ ਜਾਂਦੀ ਹਵਾ ਅਪਣੇ ਨਾਲ ਵੱਖਰੇ ਵੱਖਰੇ ਬੀਜ਼ ਉਡਾ ਕੇ ਲੈ ਜਾਂਦੀ ,ਜਿੱਥੇ ਕਮਜ਼ੋਰ ਹੋ ਜਾਂਦੀ, ਹੌੋਲੀ ਹੋ ਜਾਂਦੀ, ਧਰਤੀ ਦੇ ਉਸ ਟੁਕੜੇ ‘ਤੇ ਬੀਜ ਸੁਟ ਜਾਂਦੀ । ਇਵੇਂ ਆਦਮੀ ਦੀ ਫ਼ਿਤਰਤ ਹੈ। ਖੂਬਸੂਰਤ ਜਿਸਮ ਵੇਖ ਕਮਜ਼ੋਰੀ ਵਿਚ ਆ ਜਾਂਦਾ ਹੈ ਤੇ ਫਿਰ ਕਮਜ਼ੋਰੀ ਵਿਚ ਵਾਇਦੇ ਕਰ ਲੈਂਦਾ ਹੈ। ਇੰਜ ਕੀਤੇ ਵਾਇਦੇ ਕਦੇ ਨਿਭਦੇ ਨਹੀਂ…”
ਹੁਣ ਤਾਂ ਐਂਜਲਾ ਬਹੁਤ ਥੱਕ ਗਈ ਸੀ। ਸ੍ਹਾਮਣੇ ਪਿਆ ਕਾਫੀ਼ ਦਾ ਕੱਪ ਹਟਾ ਕੇ ਉਸ ਮੇਜ਼ ਉਪਰ ਬਾਹਾਂ ਰੱਖ, ਅਪਣਾ ਸਿਰ ਹੱਥਾਂ ਵਿਚਕਾਰ ਟਿਕਾ ਲਿਆ। ਉਹਦੇ ਮੋਢੇ ਹੌਲੀ ਹੌਲੀ ਹਿੱਲਣ ਲਗੇ ਜਿਵੇਂ ਓਹ ਰੋ ਰਹੀ ਹੋਵੇ।
ਫਿਰ ਕਹਿਣ ਲੱਗੀ, “ਮੀਰਾ ਸੋਚ, ਮੇਰੇ ਵੱਲ ਵੇਖ, ਕਰਿਸਚਨ ਦੇ ਘਰ ਦੇ ਬਾਹਰ ਮੈਂ ਅੱਧੀ ਅੱਧੀ ਰਾਤ ਤਾਂਈ ਇੱਕ ਲੰਡਰ ਕੁੱਤੇ ਵਾਂਗ ਪੂਛ ਹਿਲਾਂਦੀ ਬੈਠੀ ਰਹਿੰਦੀ ਸੀ। ਰੋਟੀ ਦੀ ਖੁਸ਼ਬੂ ਨਾਲ ਕੁਤੇ ਦੀਆਂ ਲਾਲਾਂ ਡਿਗਦੀਆਂ ਹਨ ,ਅਖਾਂ ਵਿਚ ਚਮਕ ਆਉਂਦੀ ਹੈ, ਪਰ ਮੈਂ ਬੈਠਦੀ ਸਾਂ ਅਪਣੇ ਸਰੀਰ ਵਿਚ ਪਲ ਰਹੇ ਬੱਚੇ ਦੀ ਖਾਤਰ। ਬੱਚੇ ਨੂੰ ਦਿਤੇ ਜਾਣ ਵਾਲੇ ਪਿਓ ਦੇ ਨਾਂਅ ਅਤੇ ਇੱਜ਼ਤ ਦੀ ਖਾਤਿਰ। ਕਿੰਨੀਆਂ ਰਾਤਾਂ ਮੈਂ ਉੱਥੇ ਹਨੇਰੇ ਵਿਚ ਬੈਠ ਬਿਤਾਈਆਂ। ਅਖੀਰ ਇੱਕ ਲੰਡਰ ਕੁੱਤੇ ਵਾਂਗ ਹੀ ਦੁਰ੍ਹੇ-ਦੁਰ੍ਹੇ ਕਰ ਮੈਨੂੰ ਉਸ ਦਰਵਾਜ਼ੇ ਤੋਂ ਭੱਜਾ ਦਿਤਾ ਗਿਆ …”
ਸ਼ੀਸ਼ੇ ਦੇ ਮੇਜ਼ ਉਪਰ ਐਂਜਲਾ ਦੇ ਆਂਸੂ ਵਹਿ ਰਹੇ ਸਨ। ਸ਼ੀਸ਼ੇ ‘ਤੇ ਪਏ ਗਰਦੇ ਵਿਚ ਹੰਝੂਆਂ ਦੀਆਂ ਟੇਢੀਆਂ-ਸਿੱਧੀਆਂ ਲਕੀਰਾਂ ਬਣਾ ਰਹੇ ਸਨ।
ਮੀਰਾ ਦੀਆਂ ਅਖਾਂ ਵਿਚੋਂ ਵਹਿ ਕੁਝ ਹੰਝੂ ਹੌਲੀ ਹੌਲੀ ਉਹਦੀ ਝੋਲੀ ਵਿਚ ਡਿਗ ਪਏ। ਬੇਕਰੀ ਦੇ ਗੁਸਲਖਾਨੇ ਜਾ ਐਂਜਲਾ ਨੇ ਹੱਥ ਮੂੰਹ ਧੋਤਾ, ਸੁਰਖੀ ਪਾਊਡਰ ਲਗਾ ਚੇਹਰਾ ਕੁਝ ਸੰਵਾਰਿਆ। ਬਾਹਰ ਆਕੇ ਕਹਿਣ ਲੱਗੀ, “ਮੀਰਾ ਮੈਂ ਹੋਰ ਚਾਹ ਅਤੇ ਸੈਂਡਵਿਚ ਦਾ ਆਰਡਰ ਦੇ ਆਈ ਹਾਂ, ਠੀਕ ਏ ਨਾਂ?” ਸਵਾਲ ਭਰੀਆਂ ਨਜ਼ਰਾਂ ਨਾਲ ਮੀਰਾ ਉਸ ਵੱਲ ਇੱਕ ਟੱਕ ਵੇਖਦੀ ਰਹੀ । “ਪਗਲੀ ਮੈਂ ਠੀਕ ਹਾਂ, ਆਪਾਂ ਖਾਂਦੇ-ਪੀਂਦੇ ਹਾਂ, ਕੁਝ ਹੋਰ ਗੱਲਾਂ ਕਰਦੇ ਹਾਂ। ਹੁਣ ਤੂੰ ਅਪਣੀ ਸੁਣਾ ਜਾਂ ਜੱਗ ਬੀਤੀ ਸੁਣਾ, ਤੇਰੀ ਵਾਰੀ ਹੈ।”
ਚਾਹ ਵੀ ਆ ਗਈ ,ਸੈਂਡਵਿਚ ਵੀ ਆ ਗਏ । ਦੋਨੋਂ ਸਹੇਲੀਆਂ ਖਾਂਧੀਆਂ ਰਹੀਆਂ , ਆਲੇ-ਦੁਆਲੇ ਲੋਕਾਂ ਵੱਲ ਵੇਖਦੀਆਂ, ਨਿੱਕੀਆਂ ਨਿੱਕੀਆਂ ਗੱਲਾਂ ਕਰਦੀਆਂ ਰਹੀਆਂ।
ਐਂਜਲਾ ਦੀਆਂ ਨਜ਼ਰਾਂ ਵਾਰ-ਵਾਰ ਸ੍ਹਾਮਣੇ ਵਾਲੇ ਬੰਦ ਪਏ ਲਾਲ ਇੱਟਾਂ ਦੇ ਚਰਚ ਤੇ ਹੀ ਜਾਕੇ ਰੁਕ ਜਾਂਦੀਆਂ। ਗੱਲ ਕਰਦਿਆਂ ਕਈ ਵੇਰ ਓਹਦੀ ਜ਼ੁਬਾਨ ਥਿੜਕ ਜਾਂਦੀ, ਜਿਵੇਂ ਬੀਤੇ ਦਾ ਕੋਈ ਹੋਰ ਪੰਨਾਂ ਯਾਦਾਂ ਦੀਆਂ ਅੱਖਾਂ ਸ੍ਹਾਮਣੇ ਆ ਗਿਆ ਹੋਵੇ।
“ਸ੍ਹਾਮਣੇ ਚਰਚ ਦੇ ਬੈਚਾਂ ‘ਤੇ ਕਰਿਸਚਨ ਤੇ ਮੈਂ ਕਿੰਨੇ-ਕਿੰਨੇ ਘੰਟੇ ਬੈਠੇ ਰਹਿੰਦੇ ਸੀ।” ਐਂਜਲਾ ਦੀ ਗੁਜ਼ਰ ਗਈ ਜਿ਼ਦਗੀ ਵਿਚ ਮੀਰਾ ਨੇ ਪਹਿਲੀ ਵੇਰ ਝਾਤ ਮਾਰੀ ਸੀ। ਪਰਛਾਵਿਆਂ ਦੇ ਝੁਰਮੁਟ ਵਿਚੋਂ ਐਂਜਲਾ ਨੂੰ ਬਾਹਰ ਖਿਚਦਿਆਂ ਮੀਰਾ ਨੇ ਗੱਲ ਦਾ ਰੁਖ ਮੋੜਦਿਆਂ ਪੁਛਿਆ, “ਐਂਜਲਾ ਤੂੰ ਅਪਣੀ ਬੇਟੀ ਦਾ ਨਾਂਅ ਲਾਰਾ ਕਿਥੋਂ ਰਖਿਆ ? ਬੜਾ ਹੀ ਪਿਆਰਾ ਨਾਂਅ ਹੈ। ਮੈਂ ਪਹਿਲਾਂ ਵੀ ਕਿਧਰੇ ਸੁਣਿਆ ਹੈ।”
ਤੂੰ ਡਾਕਟਰ ਝਿਵਾਗੋ ਫਿ਼ਲਮ ਵੇਖੀ ਸੀ ?ਓਮਾਰ ਸ਼ਰੀਫ ਅਤੇ ਜੂਲੀ ਕ੍ਰਿਸਟੀ ਦੀ? ਉਸ ਵਿਚ ਹੀਰੋਇਨ ਦਾ ਨਾਂਅ ਲਾਰਾ ਹੈ । ਇਕ ਵਾਰੀ ਸਕੂਲੋਂ ਦੌੜ ਕੇ ਕਰਿਸਚਨ ਤੇ ਮੈਂ ਦੁਪਹਿਰ ਦਾ ਸ਼ੋ ਵੇਖਣ ਚਲੇ ਗਏ ਸੀ। ਬੜੀ ਪਿਆਰੀ ਫਿ਼ਲਮ ਹੈ।”
“ਵੇਖੀ ਏ , ਮੈਂ ਤਾਂ ਤਿੰਨ ਵੇਰ ਥੀਏਟਰ ਵਿਚ ਵੇਖੀ ਸੀ।” ਮੀਰਾ ਨੇ ਕਿਹਾ।
“ਜਦ ਵੀ ਕਦੇ ਇਹ ਫਿ਼ਲਮ ਟੀਵੀ ਤੇ ਆਈ ਹੈ ਮੈਂ ਕਦੇ ਦੇਖਣੋਂ ਖੁੰਝੀ ਨਹੀਂ ਹਾਂ, ਹਸਪਤਾਲ ਹੋਵਾਂ ਤਾਂ ਗੱਲ ਹੋਰ ਹੈ। ਹਰ ਇੱਕ ਸੀਨ ਕਿੰਨਾ ਪਿਆਰਾ ਹੈ । ਕਈ ਸੀਨ ਤਾਂ ਅੱਜ ਵੀ ਮੇਰੀ ਯਾਦ ਵਿਚ ਤਾਜ਼ਾ ਹਨ। ਓਮਾਰ ਸ਼ਰੀਫ ਤੇ ਜੂਲੀ ਕ੍ਰਿਸਟੀ ਕਿੰਨੇ ਸੋਹਣੇ ਲੱਗਦੇ ਸਨ, ਕਿੰਨਾ ਪਿਆਰ ਕਰਦੇ ਸਨ।”
ਪਰ ਅਖੀਰ ਵਿਚ ਤਾਂ …” ਮੀਰਾ ਫਿਕਰਾ ਪੂਰਾ ਨਾ ਕਰ ਸਕੀ ਜਦ ਐਂਜਲਾ ਵਿਚੋਂ ਹੀ ਬੋਲ ਪਈ, “ਬੋਰਿਸ ਪਾਸਤਰਨਾਕ ਦਾ ਲਿਖਿਆ ਨਾਵਲ ‘ਡਾਕਟਰ ਝਿਵਾਗੋ’ਵੀ ਮੇਰੇ ਕੋਲ ਅੱਜ ਤਕ ਸਾਂਭਕੇ ਰਖਿਆ ਹੋਇਆ ਹੈ। ਉਹਦੇ ਅੰਤ ਵਿਚ ਪਾਸਤਰਨਾਕ ਦੀਆਂ ਨਜ਼ਮਾਂ ਤੂੰ ਕਦੇ ਪੜ੍ਹੀਆਂ ਹਨ? ਮੇਰਾ ਤਾਂ ਦਿਲ ਹਿੱਲ ਜਾਂਦਾ ਹੈ …”
“ਪਰ ਅਖੀਰ ਵਿਚ ਤਾਂ ਹੀਰੋ ਹੀਰੋਇਨ ਮਿਲਦੇ ਨਹੀਂ। ਲਾਰਾ ਤੁਰੀ ਜਾ ਰਹੀ ਸੀ ਤੇ ਝਿਵਾਗੋ ਉਹਨੂੰ ਆਵਾਜ਼ ਵੀ ਨਾ ਦੇ ਸਕਿਆ… ਮੇਰੇ ਤਾਂ ਆਂਸੂ ਰੁਕਦੇ ਨਹੀਂ ਸਨ।” ਮੀਰਾ ਨੇ ਕਿਹਾ।
“ਫਿਰ ਕੀ ਹੋਇਆ ਜੇ ਮਿਲ ਨਹੀਂ ਸਕੇ ।ਉਂਝ ਵੀ ਤਾਂ ਜ਼ਿੰਦਗੀ ਇਕ ਦਿਨ ਮੁੱਕ ਹੀ ਜਾਂਦੀ ਹੈ, ਮੌਤ ਵਿਛੋੜਾ ਪਾ ਦੇਂਦੀ ਹੈ। ਫਿ਼ਰ ਇਨ੍ਹਾਂ ਦੋਹਾਂ ਨੇ ਤਾਂ ਕਈ ਜਨਮਾਂ ਦਾ ਪਿਆਰ ਇੰਨੇ ਥੋੜੇ ਵੱਤ ਵਿਚ ਹੀ ਸਮੋ ਲਿਆ।”
ਐਂਜਲਾ ਦੀਆਂ ਨੱਜਰਾਂ ਫਿ਼ਰ ਉਸ ਬੰਦ ਪਏ ਚਰਚ ਤੇ ਜਾ ਟਿਕੀਆਂ ਤੇ ਉਹ ਬੋਲੀ, “ਮੀਰਾ ਸ੍ਹਾਮਣੇ ਵੇਖ, ਕਿਵੇਂ ਇਹ ਬੇਜ਼ਬਾਨ, ਬੇਜ਼ਾਨ ਵੀਰਾਨ ਲਾਲ ਇਟਾਂ ਦਾ ਚਰਚ ਚੁੱਪ-ਚਾਪ ਖੜਾ ਹੈ । ਇਹਨੂੰ ਇਹਦੀ ਰਾਮ ਕਹਾਣੀ ਕੋਈ ਨਹੀਂ ਪੁੱਛਦਾ। ਪਤਾ ਨਹੀਂ ਕਿੰਨੇ ਕੁ ਅਫਸਾਨੇ ਇਨ੍ਹਾਂ ਇਟਾਂ ਅਤੇ ਲਕੜੀਆਂ ਦੇ ਰੋਮ ਰੋਮ ਵਿਚ ਲੁਕੇ ਪਏ ਹਨ। ਮੇਰੀ ਬੇਟੀ ਦੇ ਨਾਂਅ ਰੱਖਣ ਦੀ ਰਸਮ ਵੀ ਇਥੇ ਹੀ ਹੋਈ ਸੀ। ਉਹਨੀਂ ਦਿਨੀਂ ਫਰਾਂਸਿਸ ਨਾਂਅ ਦਾ ਪਾਦਰੀ ਹੁੰਦਾ ਸੀ। ਬਹੁਤ ਹੀ ਚੰਗਾ ਇਨਸਾਨ ਸੀ। ਵੱਡੀ ਉਮਰ ਦਾ ਸੀ, ਦਿਆਲੂ ਸੀ, ਜਵਾਨੀ ਦੀਆਂ ਗੁੰਝਲਾਂ ਵੇਖਕੇ ਕੋਈ ਸਵਾਲ ਨਹੀਂ ਸੀ ਪੁੱਛਦਾ। ਲਾਰਾ ਦੋ ਵਰ੍ਹਿਆਂ ਦੀ ਸੀ, ਚਿੱਟੇ ਰੇਸ਼ਮੀ ਕਪੜੇ ਪਾਈ , ਮੇਰੀ ਉਂਗਲ ਫੜੀ ਖੜੀ ਸੀ। ਨਿੱਕੀ ਜਿਹੀ ਗੁੱਡੀ ਲਗਦੀ ਸੀ। ਸਾਡੇ ਨਾਲ ਦੋ ਗੁਆਂਢਣਾਂ ਆਈਆਂ ਸਨ।”
ਕੁਝ ਚਿਰ ਰੁਕ ਕੇ ਫਿਰ ਬੋਲੀ, “ਉਹ ਵੀ ਦਿਨ ਹੁੰਦੇ ਸਨ ਮੀਰਾ, ਗਰੀਬੀ ਦੇ ਦਿਨ। ਤੋੜ ਦੀ ਗਰੀਬੀ! ਕਈ ਵਾਰੀ ਅਸੀਂ ਮਾਂਵਾਂ ਧੀਆਂ ਪਾਣੀ ਦਾ ਗਲਾਸ ਪੀਕੇ ਹੀ ਸੌਂ ਰਹਿੰਦੀਆਂ ਸੀ । ਸਾਡੀ ਗ਼ਰੀਬੀ ਵੇਖ ਤਾਂ ਜਾਨਵਰ ਵੀ ਸ਼ਰਮਾ ਜਾਂਦੇ ਸਨ…”
ਸ਼ਾਮ ਦੇ ਪ੍ਰਛਾਵੇਂ ਢੱਲ ਰਹੇ ਸਨ। ਐਂਜਲਾ ਦੀਆਂ ਗੱਲਾਂ ਸੁਣ ਸੁਣ ਅਸਮਾਨ ਵੀ ਸ਼ਰਮ ਨਾਲ ਲਾਲ ਹੋ ਗਿਆ ਸੀ।
“ਉਮਰ ਦੀ ਡਿਉੜੀ ਵਿਚ ਬੈਠ ਉਮਰ ਕੱਟ ਲਈ ਮੈਂ। ਬੈਠੀ ਕਿਆਸੇ ਲਾਉਂਦੀ ਰਹੀ, ਔਂਸੀਆਂ ਪਾਉਂਦੀ ਰਹੀ। ਦਿਲ ਨੂੰ ਯਕੀਨ ਸੀ ਕਦੇ ਨਾ ਕਦੇ ਕਰਿਸਚਨ ਮੇਰੀ ਉਡੀਕ ਦੀ ਡਿਉੜੀ ਟੱਪ ਕੇ ਮੇਰੇ ਵੇਹੜੇ ਆਏਗਾ। ਅਪਣੇ ਦਿਲ ਵਿਚ ਮੈਨੂੰ ਤੇ ਲਾਰਾ ਨੂੰ ਲਕੋ ਲਏਗਾ…” ਗੱਲਾਂ ਕਰਦੀ ਐਂਜਲਾ ਦਾ ਚੇਹਰਾ ਫਿਰ ਆਂਸੂਆਂ ਨਾਲ ਭਿਜ ਗਿਆ ਸੀ।
ਮੀਰਾ ਨੂੰ ਸਮਝ ਨਹੀਂ ਆ ਰਹੀ ਸੀ ਕਿ ਯਾਦਾਂ ਵਿਚ ਡੁੱਬੀ ਐਂਜਲਾ ਨੂੰ ਉਹ ਕਿਵੇਂ ਮੋੜ ਕੇ ਲਿਆਵੇ। ਅਖੀਰ ਵਿਚ ਬੋਲੀ , “ਛੱਡ ਪੁਰਾਣੀਆਂ ਗੱਲਾਂ ਨੂੰ ਐਂਜਲਾ। ਯਾਦਾਂ ਦੇ ਪੁੱਲ ਹੇਠੋਂ ਵਰ੍ਹਿਆਂ ਦਾ ਪਾਣੀ ਬਹੁਤ ਵਹਿ ਚੁੱਕਾ ਏ। ਵਹਿ ਜਾਣ ਦੇ ਇਨ੍ਹਾਂ ਪ੍ਰਛਾਂਵਿਆਂ ਨੂੰ ਵੀ। ਭਲਾ ਵਹਿੰਦੇ ਪਾਣੀ ਵਿਚ ਕਿਸ ਪ੍ਰਛਾਂਵੇ ਵੇਖੇ ਹਨ। ਇਕ ਪਲ ਲਈ ਪ੍ਰਛਾਂਵਾਂ ਠਹਿਰਦਾ ਹੈ ਤੇ ਦੂਜੇ ਪਲ ਗੁੰਮ ਜਾਂਦਾ ਹੈ । ਇਨ੍ਹਾਂ ਪ੍ਰਛਾਂਵਿਆਂ ਨੂੰ ਵਲੇਟ ਵਲੇਟ ਦਿਲ ਵਿਚ ਲੁਕਾਉਂਣ ਦਾ ਕੀ ਫਾਇਦਾ। ਯਾਦਾਂ ਦੀਆਂ ਨੁੱਕਰਾਂ ਵਿਚ ਦੀਵੇ ਜਲਾ ਰੱਖਣ ਦਾ ਕੀ ਫਾਇਦਾ। ਜੋ ਬੀਤ ਗਿਆ ਸੋ ਬੀਤ ਜਾਣ ਦੇ।”
ਐਂਜਲਾ ਸਾਰਾ ਧਿਆਨ ਲਗਾ ਮੀਰਾ ਦੇ ਮੂੰਹ ਵਲ ਬੜੀ ਨੀਝ ਨਾਲ ਵੇਖ ਰਹੀ ਸੀ।
ਮੀਰਾ ਕਹਿੰਦੀ ਰਹੀ, “…ਆਉਂਣ ਵਾਲੇ ਵਰ੍ਹਿਆਂ ਦਾ ਸੋਚ। ਲਾਰਾ ਕਿੰਨੀ ਖੁਸ਼ ਹੈ। ਪਿਆਰ ਨੇ ਉਹਦੀ ਝੋਲੀ ਨੱਕੋ-ਨੱਕ ਭਰ ਦਿਤੀ ਹੈ । ਵਿਜਯ ਵਿਚ ਉਹਨੁੂੰ ਕਿੱਨਾਂ ਪਿਆਰਾ ਸਾਥੀ ਮਿਲਿਆ ਹੈ। ਫਿਰ ਤੇਰਾ ਨਿੱਕਾ ਜਿਹਾ ਗੌਤਮ…ਤੈਨੂੰ ਕਿੰਨ੍ਹਾਂ ਪਿਆਰ ਕਰਦਾ ਹੈ …।”
ਐਂਜਲਾ ਅਪਣੇ ਹੀ ਖਿਆਲਾਂ ਵਿਚੋਂ ਨਿਕਲਦੀ ਹੋਈ ਬੋਲੀ, “ਤੂੰ ਠੀਕ ਹੀ ਕਹਿੰਦੀ ਏਂ ਮੀਰਾ ਕਿ ਮੈਂ ਜਿੰਦਗੀ ਦੇ ਬੀਤ ਗਏ ਵਰ੍ਹੇ ਭੁਲਾ ਦਿਆਂ। ਦੁਖਾਂ ਦੇ ਵਰਿਆਂ ਵਿਚ ਪਰੋਏ ਹੋਏ ਆਂਸੂ ਛੱਟਕ ਦਿਆਂ। ਦਰਿਆ ਦੇ ਪਾਣੀ ਦੀ ਤਰ੍ਹਾਂ ਜ਼ਿੰਦਗੀ ਵੀ ਵਹਿ ਜਾਂਦੀ ਹੈ। ਨਾ ਪਾਣੀ ਮੁੜ ਕੇ ਆਵੇ ਅਤੇ ਨਾ ਉਮਰ।”
ਕੁਝ ਪਲਾਂ ਬਾਦ ਬੋਲੀ , “ਲਾਰਾ ਤੇ ਵਿਜਯ ਮੈਨੂੰ ਬਹੁਤ ਪਿਆਰ ਕਰਦੇ ਹਨ। ਪਰ ਗੌਤਮ ਨੇ ਮੇਰੀ ਜਿੰਦਗੀ ਵਿਚ ਆਕੇ ਮੇਰੀ ਝੋਲੀ ਹੀ ਭਰ ਦਿਤੀ ਹੈ। ਗੋਤਮ ਬਾਰੇ ਸੋਚਦੀ ਹਾਂ ਤਾਂ ਮੇਰੀਆਂ ਟੁਟੀਆਂ ਹੱਡੀਆਂ ਨਵੀਆਂ ਨਰੋਹ ਹੋ ਜਾਂਦੀਆਂ ਹਨ। ਜਿੰਦਗੀ ਦੀ ਥਕਾਵਟ ਉਤਰ ਜਾਂਦੀ ਹੈ। ਮੇਰਾ ਮੁੜ ਜੀਣ ਨੂੰ ਜੀ ਕਰ ਆਉਂਦਾ ਹੈ ।”
“ਜੀਅ ਤੇਰਾ ਇੱਕ ਪਾਸੇ ਰਿਹਾ, ਹਾਲੇ ਤਾਂ ਬੜੇ ਸਾਲ ਤੁੂੰ ਜੀਉਣਾ ਹੈ ।” ਮੀਰਾ ਨਹੀਂ ਸੀ ਚਾਹੁੰਦੀ ਕਿ ਐਂਜਲਾ ਮੁੜ ਮਾਯੂਸੀ ਦੇ ਚਿੱਕੜ ਹੇਠਾਂ ਦੱਬ ਜਾਵੇ।
“ਵਿਜਯ ਦਾ ਮਤਲਬ ਤਾਂ ਤੈਨੂੰ ਪਤਾ ਹੀ ਹੈ । ਲਾਰਾ ਅਤੇ ਗੌਤਮ ਤਾਂ ਬਹੁਤ ਕਿਸਮਤ ਵਾਲੇ ਹਨ ਜਿੰਨ੍ਹਾਂ ਦੀ ਜਿੰਦਗੀ ਵਿਚ ਵਿਜਯ ਨੇ ਕਦਮ ਰਖਿਆ ਹੈ । ਵਿਜਯ ਕਰਕੇ ਤਾਂ ਮੇਰੀ ਜਿ਼ੰਦਗੀ ਦੇ ਅਖੀਰਲੇ ਵਰ੍ਹੇ ਰੁਸ਼ਨਾਂ ਗਏ ਹਨ। ਮੇਰੇ ਲਈ ਵੀ ਬੜੀ ਭਾਗਾਂ ਵਾਲੀ ਘੜੀ ਸੀ ਜਦ ਲਾਰਾ ਤੇ ਵਿਜਯ ਦਾ ਵਿਆਹ ਹੋਇਆ। ਵਿਜਯ ਵਾਸਤੇ ਹੀ ਮੈਂ ਅਤੇ ਗੌਤਮ ਪੰਜਾਬੀ ਸਿਖ ਰਹੇ ਹਾਂ। ਲਾਰਾ ਨੇ ਇਕ ਪੰਜਾਬਣ ਸਹੇਲੀ ਦੀ ਟਿਊਸ਼ਨ ਵੀ ਰੱਖ ਲਈ ਹੈ। ਅਗਲੇ ਸਾਲ ਉਹ ਪੰਜਾਬ ਵੀ ਜਾ ਰਹੇ ਹਨ।” ਐਜਲਾ ਨੇ ਦੱਸਿਆ।
“ਜੇ ਬੱਚੇ ਜਾ ਰਹੇ ਹਨ ਤੱਦ ੁਤੂੰ ਪਿਛੇ ਰਹਿ ਜਾਣਾ ਹੈ ਕੋਈ? ਤੂੰ ਵੀ ਤਾਂ ਜਾਏਂਗੀ ਉਹਨਾਂ ਦੇ ਨਾਲ?” ਮੀਰਾ ਪੁੱਛ ਰਹੀ ਸੀ ।
“ਨਹੀਂ ਮੀਰਾ ਮੇਰਾ ਪਤਾ ਨਹੀਂ। ਜਿੰਦਗੀ ਨੇ ਸਾਥ ਦਿਤਾ ਤਾਂ ਜਰੂਰ ਜਾਵਾਂਗੀ। ਮੈਂ ਜਾਣਾ ਵੀ ਚਾਹੁੰਦੀ ਹਾਂ। ਉਹ ਧਰਤੀ ਵੇਖਣਾ ਚਾਹੁੰਦੀ ਹਾਂ ਜਿਥੋਂ ਵਿਜਯ ਆਇਆ ਹੈ, ਜਿਸਦੀ ਨਿਸ਼ਾਨੀ ਗੌਤਮ ਹੈ। ਮਹਾਤਮਾ ਬੁੱਧ ਦੇ ਨਾਂਅ ‘ਤੇ ਮੈਂ ਹੀ ਗੌਤਮ ਦਾ ਨਾਂਅ ਰੱਖਿਆ ਸੀ।” ਐਂਜਲਾ ਦਾ ਸਾਹ ਜਿਵੇਂ ਉਖੜ ਰਿਹਾ ਸੀ। ਫਿ਼ਰ ਵੀ ਬੋਲੀ , “ਜੇ ਮੇਰੇ ਸਾਹ ਨੇ ਵਫ਼ਾ ਕੀਤੀ ਤਾਂ ਹਿੰਦੋਸਤਾਨ ਜ਼ਰੂਰ ਜਾਵਾਂਗੀ।”
ਕੁਝ ਚਿਰ ਰੁੱਕ ਫਿ਼ਰ ਕਹਿੰਦੀ ਰਹੀ , “ਵੇਖ ਮੀਰਾ, ਮੇਰੀ ਜਿੰਦਗੀ ਵਿਚ ਨਾਵਾਂ ਦਾ ਕਿਹੋ ਜਿਹਾ ਮੇਲਾ ਲਗਿਆ ਹੈ। ਕਿਹੜੀ ਕਿਹੜੀ ਸ਼ਕਤੀ ਵਾਲੇ ਨਾਂਅ ਮਿਲੇ ਹਨ ਮੈਨੂੰ ਹਰ ਮੋੜ ‘ਤੇ । ਕਰਿਸਚਨ, ਲਾਰਾ, ਵਿਜਯ, ਗੌਤਮ ਅਤੇ ਹੁਣ ਤੂੰ ਮੀਰਾ…। ਜਦ ਕਰਿਸਚਨ ਨਾਲ ਮੈਂ ਡਾਕਟਰ ਜਿਵਾਗੋ ਵੇਖੀ ਸੀ ਤਦ ਸਾਨੂੰ ਦੋਹਾਂ ਨੂੰ ਲਾਰਾ ਨਾਂਅ ਬਹੁਤ ਪਸੰਦ ਆਇਆ ਸੀ । ਉਹ ਕਿਹਾ ਕਰਦਾ ਸੀ ਜੇ ਸਾਡੇ ਕੁੜੀ ਹੋਈ ਤਾਂ ਉਹਦਾ ਨਾਂਅ ਲਾਰਾ ਹੀ ਹੋਵੇਗਾ। ਲਾਰਾ ਲਫ਼ਜ ਮੇੈਂ ਦਿਲ ਵਿਚ ਦੁਹਰਾਉਂਦੀ, ਘੜੀ ਘੜੀ ਜ਼ਬਾਨ ਤੇ ਲਿਆ ਵੱਖ ਵੱਖ ਅੰਦਾਜ਼ ਨਾਲ ਬੋਲਕੇ ਸੁਣਦੀ । ਲਾਰਾ ਸਾਡੀ ਕੁੜੀ …”
“ਲਾਰਾ – ਪਤਾ ਏ ਤੈਨੂੰ ,ਪੰਜਾਬੀ ਵਿਚ ਇਸ ਸ਼ਬਦ ਦਾ ਕੀ ਮਤੱਲਬ ਹੈ ?” ਐਂਜਲਾ ਦੀ ਗੱਲ ਟੋਕਦਿਆਂ ਮੀਰਾ ਨੇ ਪੁਛਿਆ।
“ਪਹਿਲਾਂ ਨਹੀਂ ਸੀ ਪਤਾ, ਪਰ ਹੁਣ ਪਤਾ ਹੈ । ਪੰਜਾਬੀ ਵਿਚ ‘ਲਾਰਾ’… ਕਰਿਸਚਨ ਦਾ ਲਾਰਾ । ਇਹ ਵੀ ਮੇਰਾ ਮਜ਼ਾਕ ਹੀ ਹੋਇਆ । ਕਰਿਸਚਨ ਪਿਆਰ ਦਾ ਲਾਰਾ ਲਾਕੇ ਮੇਰੀ ਜਵਾਨੀ ਦੇ ਵਰ੍ਹੇ ਚੋਰੀ ਕਰ ਗਿਆ। ਹੁਣ ਮੇਰੀ ਉਮਰ, ਲਾਰਾ ਹੀ ਲਾ ਰਹੀ ਹੈ ਮੈਨੂੁੰ ।
ਸੂਰਜ ਡੁੱਬ ਚੁੱਕਾ ਸੀ, ਅਸਮਾਨ ਵੀ ਹਨੇਰਾ ਹੋ ਚੁੱਕਾ ਸੀ।
ਲਾਲ ਇੱਟਾਂ ਵਾਲਾ, ਲਕੜੀ ਦੀਆਂ ਬੰਦ ਖਿੜਕੀਆਂ ਵਾਲਾ, ਕਾਲੇ ਲੋਹੇ ਦੇ ਕਲਾਕਾਰੀ ਨਾਲ ਬਣੇ ਹੈਂਡਲਾਂ ਵਾਲਾ, ਬੰਦ ਪਿਆ ਉਹ ਨਿੱਕਾ ਜਿਹਾ ਚਰਚ, ਸ਼ਾਮ ਦੇ ਇਸ ਡੂੰਘੇ ਹਨੇਰੇ ਵਿਚ ਹਾਲੇ ਵੀ ਇਕ ਪ੍ਰਛਾਂਈ ਵਾਂਗ ਵਿਖ਼ਾਈ ਦੇ ਰਿਹਾ ਸੀ। ਅੱਗੇ ਪਿੱਛੇ ਖੜੇ ਦਰਖ਼ਤਾਂ ਦੇ ਪੱਤੇ ਹਵਾ ਨਾਲ ਮੱਸਤੀਆਂ ਕਰ ਰਹੇ ਸਨ। ਚਰਚ ਦੇ ਆਲੇ –ਦੁਆਲੇ ਘੜੀ ਘੜੀ ਪੁਟ ਕੇ ਲਾਈ ਹੋਰ ਲਕੜੀ ਦੀ ਵਾੜ ਬਹੁਤ ਮੱਸਨੂਈ ਲੱਗ ਰਹੀ ਸੀ। ਲਗਦਾ ਸੀ ਜਿਵੇਂ ਇਹ ਲਕੜੀ ਦੀ ਵਾੜ ਆਪੇ ਹੀ ਇੱਕ ਇੱਕ ਕਦਮ ਪੁੱਟ ਢਹਿ ਰਹੇ ਚਰਚ ਨੂੰ ਅਖ਼ੀਰਲੀ ਗੱਲਵਕੜੀ ਪਾਣ ਆ ਰਹੀ ਸੀ। ਉਸਨੂੰ ਜਿਵੇਂ ਇਲਮ ਹੋ ਗਿਆ ਸੀ ਕਿ ਵਰ੍ਹਿਆਂ ਦਾ ਸਾਥ ਲੋਕਾਂ ਦੇ ਲਾਲਚ ਨੇ ਛੇਤੀ ਹੀ ਛੁਡਾ ਦੇਣਾ ਹੈ।
ਰਾਤ ਦੇ ਨੌਂ ਵੱਜ ਚੁੱਕੇ ਸਨ ਜਦ ਦੋਨੋਂ ਸਹੇਲੀਆਂ ਵਾਪਸ ਐਂਜਲਾ ਦੇ ਘਰ ਮੁੜੀਆਂ। ਐਂਜਲਾ ਹੱਥ ਮੂੰਹ ਧੋਣ ਚਲੀ ਗਈ। ਰਸੋਈ ਵਿਚ ਜਾ ਮੀਰਾ ਨੇ ਦੋ ਕੱਪ ਚਾਹ ਬਣਾ ਉਥੇ ਹੀ ਖਾਣੇ ਵਾਲੇ ਮੇਜ਼ ਤੇ ਬਹਿ ਗਈ। ਉਹ ਆਪ ਲੇਟ ਹੋ ਰਹੀ ਸੀ ਪਰ ਐਂਜਲਾ ਨੂੰ ਇੰਜ ਇੱਕ ਦੱਮ ਛੱਡਕੇ ਨਹੀਂ ਸੀ ਜਾਣਾ ਚਾਹੁੰਦੀ । ਸਾਰੀ ਦੁਪਹਿਰ ਐਂਜਲਾ ਬੀਤੇ ਵਿਚ ਘੁੰਮਦੀ ਰਹੀ ਸੀ । ਯਾਦਾਂ ਦੇ ਸ਼ੈਲਫਾਂ ‘ਤੇ ਰੱਖੇ ਪੁਰਾਣੇ ਨਿੱਕ-ਸੁੱਕ ਨੂੰ ਝਾੜ ਝਾੜ ਵਰਤਮਾਨ ਦੀਆਂ ਨਜ਼ਰਾਂ ਨਾਲ ਵੇਖਦੀ ਰਹੀ ਸੀ। ਵੇਖਣ ਨੂੰ ਭਾਵੇਂ ਐਂਜਲਾ ਸ਼ਾਂਤ ਲਗਦੀ ਸੀ ----ਸ਼ਾਂਤ ਜਿਵੇਂ ਤੂਫ਼ਾਨ ਆਉਂਣ ਤੋਂ ਪਹਿਲੋਂ ਕਾਇਨਾਤ ਸ਼ਾਂਤ ਹੋ ਜਾਂਦੀ ਹੈ।
ਜਦ ਐਂਜਲਾ ਮੁੜੀ ਤਾਂ ਓਹ ਇੱਕ ਘੱਟ ਉਮਰ ਦੀ ਜਵਾਨ ਔਰਤ ਲਗਦੀ ਸੀ। ਚੇਹਰੇ ‘ਤੇ ਹਲਕੀ ਜਿਹੀ ਮੁਸਕਾਨ, ਅਖਾਂ ਵਿਚ ਚਮਕ, ਹਲਕੇ –ਫੁਲਕੇ ਕਦਮ –ਇਸ ਹਾਲਤ ਵਿਚ ਉਹਨੂੰ ਵੇਖ ਕੋਈ ਯਕੀਨ ਨਾ ਕਰ ਸਕਦਾ ਕਿ ਓਹਦਾ ਜਿਸਮ ਅੰਦਰੋਂ ਕੈਂਸਰ ਦੇ ਜਾਲ ਵਿਚ ਫ਼ਸਕੇ ਟੁਟਦਾ ਜਾ ਰਿਹਾ ਹੈ, ਭੁਰਦਾ ਜਾ ਰਿਹਾ ਹੈ।
ਕੁਰਸੀ ਖਿਚਦਿਆਂ ਐਂਜਲਾ, ਮੀਰਾ ਦੇ ਸ੍ਹਾਮਣੇ ਬੈਠ ਗਈ ਤੇ ਬੋਲੀ , “ਮੀਰਾ ਤੇਰਾ ਬਹੁਤ ਸ਼ੁਕਰੀਆ। ਮੇਰੇ ਕੋਲ ਲਫ਼ਜ ਨਹੀਂ ਹਨ ਤੇਰਾ ਸੁ਼ਕਰੀਆ ਅੱਦਾ ਕਰਨ ਨੂੰ। ਮੇਰੇ ਫ਼ੋਨ ਕੀਤੇ ਤੂੰ ਝੱਟ ਆ ਗਈ ਫਿ਼ਰ ਇੰਨ੍ਹੇ ਘੰਟੇ ਮੇਰੇ ਵਰਗੇ ਮਹਿਮਾਨ ਨਾਲ ਬਿਤਾਏੇ।”
“ਇਹ ਮਹਿਮਾਨ ਦੀ ਕੀ ਗੱਲ ਕੀਤੀ ਏ ?”
“ਆਪਾਂ ਸਾਰੇ ਇਸ ਧਰਤੀ ਦੇ ਮਹਿਮਾਨ ਹੀ ਤਾਂ ਹਾਂ।ਅਪਣਾ ਅਪਣਾ ਚੰਗਾ ਮਾੜਾ ਸਫ਼ਰ ਮੁਕਾ ਤੁਰ ਜਾਵਾਂਗੇ।”
“ਤੇਰੀ ਗੱਲ ਠੀਕ ਏ । ਜਿਸ ਦਿਨ ਸਫ਼ਰ ਮੁੱਕ ਜਾਏਗਾ ਫਿ਼ਰ ਵੇਖ ਲਵਾਂਗੇ। ਹਾਲੇ ਤਾਂ ਇਥੇ ਹੀ ਹਾਂ।” ਮੀਰਾ ਨੇ ਕਿਹਾ। ਉਹ ਫਿ਼ਰ ਬੋਲੀ, “ਵੇਖ ਐਂਜਲਾ,ਇਨ੍ਹਾਂ ਸੋਹਣਾ ਦਿਨ ਬੀਤਿਆ ਹੈ ਅਪਣਾ। ਇੰਨੀਆਂ ਢੇਰ ਸਾਰੀਆਂ ਗੱਲਾਂ ਕੀਤੀਆਂ ਹਨ। ਹੁਣ ਖੁਸ਼ੀ ਖੁਸ਼ੀ ਦਿਨ ਖ਼ਤਮ ਕਰੀਏ। ਮੇਰੇ ਵਰਗਿਆਂ ਨੇ ਸਵੇਰੇ ਕੰਮ ਤੇ ਵੀ ਜਾਣਾ ਹੈ ,ਮੇਰੇ ਤੇ ਮੇਹਰ ਕਰ। ਤੇਰੀ ਫਲਾਸਫ਼ੀ ਬਹੁਤ ਹੋ ਗਈ ਅੱਜ।”
ਦੋਨੋਂ ਸਹੇਲੀਆਂ ਮੇਜ਼ ਦੁਆਲੇ ਬੈਠੀਆਂ ਚਾਹ ਪੀ ਰਹੀਆਂ ਸਨ। ਰਸੋਈ ਦਾ ਇਕੋ ਬਲਬ ਜਲ ਰਿਹਾ ਸੀ। ਰਾਤ ਦੀ ਹਵਾ ਵਿਚ ਪੜਦੇ ਹਿੱਲ ਰਹੇ ਸਨ। ਕੁਝ ਚਿਰ ਪਿਛੋਂ ਮੀਰਾ ਤੇ ਐਂਜਲਾ ਨੇ ਅਲਵਿੱਦਾ ਕਹੀ।
ਦੂਜੇ ਦਿਨ ਦੁਪਹਿਰੇ ਕੰਮ ਪਿਛੋਂ ਜਦ ਮੀਰਾ ਕਿੰਡਰਗਾਰਟਨ ਸਕੂਲ ਪਹੁੰਚੀ ਤਾਂ ਪਤਾ ਲੱਗਾ ਕਿ ਗੌਤਮ ਸਕੂਲ ਨਹੀਂ ਆਇਆ ਅਤੇ ਨਾ ਹੀ ਲਾਰਾ ਨੇ ਫੋ਼ਨ ਕਰਕੇ ਕੋਈ ਕਾਰਣ ਹੀ ਦੱਸਿਆ।
ਗੌਤਮ ਦੀ ਗੈਰ-ਹਾਜ਼ਰੀ ਸਾਰਾ ਦਿਨ ਮੀਰਾ ਦੀ ਰੂਹ ਨੂੰ ਝੰਜੋੜਦੀ ਰਹੀ। ਉਹਨੂੰ ਲਗਦਾ ਰਿਹਾ ਜਿਵੇਂ ਓਹ ਕੋਈ ਚੀਜ਼ ਕਿਧਰੇ ਰੱਖ ਕੇ ਭੁਲ ਗਈ ਹੋਵੇ । ਪਰ ਕੀ ਰੱਖਿਆ ਹੈ, ਕਿੱਥੇ ਰੱਖਿਆ ਹੈ ਇਸ ਖਿਆਲ ‘ਤੇ ਓਹ ਯਾਦ ਦੀ ਉਂਗਲ ਨਾ ਰੱਖ ਸਕੀ। ਬੱਤੀ ਬੁਝਾ ਕੇ ਸੌਣ ਲਗਿਆਂ ਉਹਨੂੰ ਅਚਾਨਕ ਯਾਦ ਆਇਆ ਕਿ ਓਸ ਐਂਜਲਾ ਨੂੰ ਫੋਂਨ ਨਹੀਂ ਕੀਤਾ। ਬਿਸਤਰੇ ਦੇ ਨੇੜੇ ਪਏ ਟੈਲੀਫੋ਼ਨ ਨੂੰ ਉਸ ਕਈ ਵਾਰ ਘੁਮਾਇਆ ਪਰ ਐਂਜਲਾ ਨੇ ਫੋ਼ਨ ਚੁੱਕ ਕੋਈ ਜਵਾਬ ਨਾ ਦਿਤਾ।
ਗਰਮੀਆਂ ਦੀ ਰੁੱਤ ਬੀਤ ਚਲੀ ਸੀ । ਪੱਤਝੜ ਨੇ ਦਰਖ਼ਤਾਂ ਦੇ ਪੱਤਿਆਂ ਨੁੂੰ ਵੱਖਰੇ ਰੰਗਾਂ ਨਾਲ ਸਜਾਉਣਾ ਸੁ਼ਰੂ ਕਰ ਦਿਤਾ ਸੀ। ਹਵਾ ਵਿਚ ਠੰਡ ਫੈਲ ਰਹੀ ਸੀ। ਸ਼ਾਮ ਦੀ ਸਲੇਟੀ ਚਾਦਰ ਫੈ਼ਲਣ ਤੋਂ ਪਹਿਲੋਂ ਹੀ ਲੋਕ ਘਰੋ ਘਰੀ ਮੁੜ ਜਾਂਦੇ ਸਨ। ਵਹਿੰਦੇ ਪਾਣੀਆਂ ਵਿਚ ਐਂਜਲਾ ਦਾ ਪ੍ਰ੍ਰਛਾਵਾਂ ਪੰਜ ਮਹੀਨੇ ਪਹਿਲੋਂ ਗੁੰਮ ਹੋ ਚੁੱਕਾ ਸੀ । ਐਂਜਲਾ ਦੇ ਜਨਾਜ਼ੇ ਤੇ ਜਦ ਮੀਰਾ ਗਈ ਸੀ ਤਦ ਲਾਰਾ ਨੇ ਕਿਵੇਂ ਓਹਨੂੰ ਜ਼ੱਫੀ ਵਿਚ ਲੈੰਦਿਆਂ ਰੋ ਕੇ ਦੱਸਿਆ ਸੀ ਕਿ ਐਂਜਲਾ ਦੀ ਅੰਤਮ ਘੜੀ ਬੜੀ ਸ਼ਾਂਤਮਈ ਸੀ । ਅਖ਼ੀਰ ਤਕ ਓਹਦੇ ਚੇਹਰੇ ਤੇ ਮੁਸਕ੍ਰਾਹਟ ਹੀ ਖਿੜੀ ਰਹੀ ਸੀ।
ਇਕ ਸ਼ਾਮ ਜਦ ਮੀਰਾ ਕਲੋਵਰਲੀਫ਼ ਪਲਾਜ਼ੇ ਕੋਲੋਂ ਲੰਘ ਰਹੀ ਸੀ ਤਦ ਓਹਨੂੰ ਐਂਜਲਾ ਨਾਲ ਬਿਤਾਇਆ ਓਹ ਦਿਨ ਚੇਤੇ ਆਇਆ। ਕਾਰ ਪਾਰਕ ਕਰਕੇ ਓਹ ਬੇਕਰੀ ਦੇ ਬਾਹਰ ਪਈਆਂ ਕੁਰਸੀਆਂ ਮੇਜ਼ਾਂ ਕੋਲ ਗਈ। ਪੰਜ ਮਹੀਨੇ ਪਹਿਲੋਂ ਜਿਹੜੀ ਥਾਂ ‘ਤੇ ਉਹ ਦੋਵੇਂ ਬੈਠੀਆਂ ਸਨ, ਕੁਰਸੀ ਘੜੀਸ ਮੀਰਾ ਉੱਥੇ ਬੈਠ ਗਈ।
ਮੀਰਾ ਨੂੰ ਲੱਗਾ ਜਿਵੇਂ ਛੋਟੀਆਂ ਲਾਲ ਇੱਟਾਂ ਵਾਲਾ ਨਿੱਕਾ ਜਿਹਾ ਚਰਚ ਬੜੀ ਮਾਯੂਸੀ ਵਿਚ ਉਥੇ ਸ੍ਹਾਮਣੇ ਖੜਾ ਸੀ। ਲੋਹੇ ਦਾ ਕਾਲਾ ਮੁਨਾਰਾ ਗਾਇਬ ਸੀ। ਦਰਵਾਜ਼ੇ ਦੇ ਖੱਬੇ ਪਾਸੇ ਦੀ ਲਕੜੀ ਦੀ ਬੰਦ ਪਈ ਖਿੜਕੀ ਦੇ ਪੱਲੜੇ ਟੁਟਕੇ ਹੇਠਾਂ ਲੱਟਕ ਰਹੇ ਸਨ। ਸੜਕ ਦੇ ਕਿਨਾਰੇ ਵੱਡੀਆਂ ਭਾਰੀਆਂ ਵੱਸਤੂਆਂ ਦੇ ਕੂੜੇ ਦੇ ਢੇਰ ਵਿਚ ਕਿਸੇ ਨੇ ਤਿੰਨੋਂ ਬੈਂਚ ਸੁੱਟ ਦਿਤੇ ਸਨ। ਪਾਰਕਿੰਗ ਲਾਟ ਵਿਚ ਪੀਲੇ ਰੰਗ ਦਾ ਬੁਲਡੋਜ਼ਰ ਖੜਾ ਸੀ। ਚਰਚ ਦੇ ਅਗਲੇ ਤੇ ਪਿਛਲੇ ਦਰਖ਼ਤਾਂ ਦੀਆਂ ਟਹਿਣੀਆਂ ਸ਼ਾਮ ਦੀ ਠੰਢੀ ਹਵਾ ਵਿਚ ਝੂੰਮ ਰਹੀਆਂ ਸਨ। ਕੁਰਸੀ ਤੇ ਬੈਠੀ ਮੀਰਾ ਕੂੜੇ ਦੇ ਢੇਰ ਵਿਚੋਂ ਉਹ ਬੈਂਚ ਪਹਿਚਾਨਣ ਦੀ ਕੋਸਿ਼ਸ਼ ਕਰਦੀ ਰਹੀ ਜਿਸ ‘ਤੇ ਬੈਠ ਕਦੇ ਕਰਿਸਚਨ ਨੇ ਐਂਜਲਾ ਨਾਲ ਸਾਰੀ ਉਮਰ ਇੱਕਠੇ ਰਹਿਣ ਦੇ ਵਾਅਦੇ ਕੀਤੇ ਹੋਣਗੇ। ਮੀਰਾ ਨੂੰ ਮਹਿਸੂਸ ਹੋਇਆ ਜਿਵੇਂ ਵਕਤ ਦਾ ਦਰਿਆ ਉਹਦੀਆਂ ਅੱਖਾਂ ਸਾਮ੍ਹਣੇ ਪਾਸਾ ਮੋੜ ਰਿਹਾ ਸੀ ਅਤੇ ਪੁੱਛ ਰਿਹਾ ਸੀ --- ਵਹਿੰਦੇ ਪਾਣੀਆਂ ਦੇ ਪ੍ਰਛਾਵੇਂ ਕਿਸ ਵੇਖੇ ਹਨ! ਕਿਸ ਯਾਦ ਰੱਖੇ ਹਨ!! (12 ਅਕਤੂਬਰ 2004)
![]()
© likhari: Panjabi Likhari Forum-2001-2007