ਦੋ ਸ਼ਬਦ
ਸ੍ਰੀ
ਮਹਿੰਦਰ ਭਟਨਾਗਰ ਪਿਛਲੇ 25
ਵਰ੍ਹਿਆਂ ਤੋਂ ਕਹਾਣੀਆਂ,
ਲੇਖ
ਆਦਿ ਲਿਖਦੇ ਆ ਰਹੇ ਹਨ।
ਉਹਨਾਂ
ਦੀਆਂ ਲਿਖਤਾਂ 'ਦੀ
ਟ੍ਰਿਬੀਉਨ (ਅੰਗਰੇਜੀ),
ਇੰਡੀਅਨ
ਐਕਸਪ੍ਰੈਸ ਅਤੇ ਟਾਈਮਜ਼ ਆਫ਼ ਇੰਡੀਆ ਅਤੇ ਹੋਰ ਮੈਗ਼ਜ਼ੀਨਾਂ ਵਿੱਚ ਛੱਪਦੀਆਂ
ਰਹਿੰਦੀਆਂ ਹਨ।
ਉਹ
'ਫਰੀਲਾਂਸ'
ਲੇਖਕ
ਅਤੇ ਸੰਪਾਦਕ ਹਨ ਅਤੇ ਦਿੱਲੀ ਰਹਿੰਦੇ ਹਨ।
ਪਿਛਲੇ
ਦੋ-ਢਾਈ ਮਹੀਨੇ ਤੋਂ ਉਹ ਅਮਰੀਕਾ ਵਿੱਚ ਹਨ ਅਤੇ ਦਸੰਬਰ ਵਿੱਚ ਮੁੜ ਭਾਰਤ ਪਰਤ ਜਾਣਗੇ।
ਉਹਨਾਂ
ਦੀ ਇੱਕ ਅਣਛਪੀ ਅਤੇ ਨਵੀਂ ਲਿਖੀ ਕਹਾਣੀ ਜਿਸਦਾ ਅੰਗਰੇਜੀ ਤੋਂ ਅਨੁਵਾਦ ਸ੍ਰੀਮਤੀ
ਬਰਜਿੰਦਰ ਗੁਲਾਟੀ ਨੇ ਕੀਤਾ ਹੈ, 'ਲਿਖਾਰੀ'
ਦੇ
ਪਾਠਕਾਂ ਲਈ ਹਾਜ਼ਰ ਕਰਦਿਆਂ ਪਰਸੰਨਤਾ ਦਾ ਅਨੁਭੱਵ ਕਰ ਰਹੇ ਹਾਂ।
***
ਬ੍ਰੇਕ ਤੋਂ
ਬਾਅਦ
ਮੋਹਾਲੀ
ਪਹੁੰਚ ਜਦ ਮੈਂ ਬੱਸ ਵਿੱਚੋਂ ਉੱਤਰੀ,
ਮੇਰੇ
ਪਿੱਛੇ ਹੀ ਇੱਕ ਖੁਲ੍ਹੀ ਦਾੜ੍ਹੀ ਵਾਲਾ ਉੱਚਾ ਲੰਮਾ ਆਦਮੀ ਵੀ ਉਤਰਿਆ।
ਬੱਸ ਨੇ
ਮੈਨੂੰ ਐਨ ਉਸ ਸਕੂਲ ਦੇ ਗੇਟ ਸਾਹਮਣੇ ਉਤਾਰਿਆ ਸੀ ਜਿੱਥੇ ਮੈਂ ਰੋਪੜ ਤੋਂ ਬਦਲੀ
ਕਰਵਾ ਕੇ ਆਈ ਸੀ।
ਹੋਰ
ਕੁਝ ਮਹੀਨਿਆਂ ਵਿੱਚ ਮੈਂ ਮਾਂ ਬਣਨ ਵਾਲੀ ਸੀ,
ਇਸ ਲਈ
ਮੈਂ ਆਪ ਹੀ ਕਹਿ ਕੇ ਇਥੇ ਬਦਲੀ ਕਰਵਾ ਲਈ ਸੀ।
“ਤੁਸੀਂ
ਇੱਥੇ ਜੌਇਨ ਕਰਨ ਆਏ ਓ?
ਤੁਸੀਂ
ਮੈਡਮ ਰਾਖੀ ਚੋਪੜਾ ਓ…ਇੰਗਲਿਸ਼
ਟੀਚਰ?
ਮੈਂ
ਰਜਿੰਦਰ ਸਿੰਘ,
ਐਮ.ਏ. ਪੰਜਾਬੀ,
ਬੀ.ਐਡ.
ਪਰ,
ਸਾਰੇ
ਮੈਨੂੰ ਗਿਆਨੀ ਜੀ ਕਹਿ ਕੇ ਹੀ ਬੁਲਾਉਂਦੇ ਹਨ…ਮੈਂ
ਪੰਜਾਬੀ ਜੋ ਪੜ੍ਹਾਉਂਦਾ ਹਾਂ…ਤੁਸੀਂ
ਵੀ ਚੰਡੀਗੜ੍ਹੋਂ ਹੀ ਆਏ ਓ…ਕਿਹੜਾ
ਸੈਕਟਰ…ਅੱਛਾ
ਅੱਛਾ…ਮੈਂ
ਤੁਹਾਨੂੰ ਚੌਂਤੀ ਸੈਕਟਰ ਵਿੱਚੋਂ ਬੱਸ ਚੜ੍ਹਦਿਆਂ ਦੇਖਿਆ ਸੀ…
।”
ਉਹ
ਇੰਨੀ ਤੇਜ਼ੀ ਨਾਲ ਬੋਲ ਰਿਹਾ ਸੀ ਕਿ ਉਹ ਕਹਿ ਕੀ ਰਿਹਾ ਹੈ,
ਮੇਰੇ
ਪੱਲੇ ਕੁਝ ਵੀ ਨਹੀਂ ਪੈ ਰਿਹਾ ਸੀ।
ਨਾਲ ਹੀ
ਉਹ ਉਂਗਲ ਨਾਲ ਆਪਣੇ ਪੱਗ ਵਿੱਚੋਂ ਨਿਕਲ ਰਹੇ ਵਾਲਾਂ ਨੂੰ ਠੀਕ ਕਰੀ ਜਾ ਰਿਹਾ ਸੀ।
ਪਹਿਲੀ
ਨਜ਼ਰ ਵਿੱਚ ਤਾਂ ਉਹ ਮੈਨੂੰ ਕੁਝ ਠੀਕ ਨਹੀਂ ਲੱਗਿਆ।
ਢਿੱਲੀ
ਪੱਗ,
ਖੁਲ੍ਹੀ
ਦਾੜ੍ਹੀ ਅਤੇ ਪੰਜਾਬੀ ਜੁੱਤੀ ਪਾਈ ਉਹ ਪੇਂਡੂ ਜਿਹਾ ਲੱਗ ਰਿਹਾ ਸੀ।
ਜੇ ਉਹ
ਮੈਨੂੰ ਕਿਤੇ ਹੋਰ ਮਿਲਿਆ ਹੁੰਦਾ ਤਾਂ ਐਮ.ਏ. ਬੀ.ਐਡ. ਤਾਂ ਕੀ,
ਮੈਂ ਉਸ
ਨੂੰ ਟੀਚਰ ਵੀ ਨਾ ਮੰਨਦੀ।
ਉਸ ਨੇ
ਜਾਣ ਪਛਾਣ ਕਰਵਾਉਂਦਿਆਂ,
ਆਪਣੀਆਂ
ਡਿਗਰੀਆਂ ਬਾਰੇ ਜ਼ਿਆਦਾ ਹੀ ਜ਼ੋਰ ਪਾ ਕੇ ਦੱਸਿਆ ਸੀ,
ਜਿਵੇਂ
ਹੋਰ ਟੀਚਰ ਤਾਂ ਅਨਪੜ੍ਹ ਹੀ ਹੁੰਦੇ ਹਨ।
ਮੈਂ
ਸਰਸਰੀ ਜਿਹਾ ਜਵਾਬ ਦਿੱਤਾ, “ਜੀ…ਅੱਜ
ਮੇਰਾ ਪਹਿਲਾ ਦਿਨ ਹੈ।
ਮੈਂ
ਰੋਪੜ ਤੋਂ ਬਦਲੀ ਕਰਵਾ ਕੇ ਆਈ ਹਾਂ।”
ਉਸ ਨੂੰ
ਦੇਖ ਮੈਂ ਕੁਝ ਡਰ ਜਿਹੀ ਗਈ ਸੀ,
ਉਸ ਦੀ
ਸਾਰੀ ਸ਼ਖਸੀਅਤ ਹੀ ਕੁਝ ਇਸ ਤਰ੍ਹਾਂ ਦੀ ਸੀ ਕਿ ਉਸ ਨਾਲ ਜ਼ਿਆਦਾ ਗੱਲ ਕਰਨ ਨੂੰ ਮੇਰਾ
ਜੀਅ ਨਹੀਂ ਕੀਤਾ।
ਮੈਂ
ਆਪਣੀ ਚਾਲ ਜ਼ਰਾ ਤੇਜ਼ ਕਰ ਲਈ ਅਤੇ ਗੇਟ ਅੰਦਰ ਤਕਰੀਬਨ ਦੌੜ ਕੇ ਹੀ ਵੜੀ।
ਸਕੂਲ
ਵਿੱਚ ਮੇਰਾ ਪਹਿਲਾ ਦਿਨ ਕਾਫ਼ੀ ਤੇਜ਼ੀ ਨਾਲ ਗੁਜ਼ਰਿਆ
–
ਦੂਸਰੇ
ਸਟਾਫ਼ ਮੈਂਬਰਾਂ ਨਾਲ ਜਾਣ ਪਛਾਣ ਕਰਦਿਆਂ ਅਤੇ ਨਵੇਂ ਮਾਹੌਲ ਬਾਰੇ ਜਾਣਦਿਆਂ ਹੀ ਪੂਰਾ
ਦਿਨ ਨਿਕਲ ਗਿਆ।
ਇਹ
ਸਿਰਫ਼ ਮੁੰਡਿਆਂ ਦਾ ਹੀ ਸਕੂਲ ਸੀ,
ਨਵੀਂ
ਬਿਲਡਿੰਗ ਸੀ ਅਤੇ ਮੌਡਰਨ ਸਾਇੰਸ ਲੈਬੌਰਟਰੀਜ਼ - ਮੇਰੇ ਰੋਪੜ ਵਾਲੇ ਸਕੂਲ ਨਾਲੋਂ ਤਾਂ
ਇਹ ਕਾਫ਼ੀ ਵੱਡਾ ਸੀ।
ਮੈਨੂੰ
ਛੱਡ ਇੱਕੋ ਹੀ ਹੋਰ ਲੇਡੀ ਟੀਚਰ ਸੀ,
ਪੂਜਾ
ਮਲਹੋਤਰਾ;
ਬਾਕੀ
ਸਾਰੇ ਟੀਚਰ ਮਰਦ ਹੀ ਸਨ।
ਪੜ੍ਹਾਈ
ਦੇ ਨਵੇਂ ਸਾਲ ਦੀ ਸ਼ੁਰੂਆਤ ਕਾਰਨ,
ਹਾਲੇ
ਸਾਰੇ ਵਿਦਿਆਰਥੀ ਕਲਾਸਾਂ ਵਿੱਚ ਨਹੀਂ ਆਏ ਸਨ ਇਸ ਲਈ ਪਹਿਲੇ ਦਿਨ ਤਾਂ ਮੈਨੂੰ ਕੋਈ
ਕਲਾਸ ਮਿਲੀ ਹੀ ਨਹੀਂ।
ਦੂਸਰੇ
ਦਿਨ,
ਮੈਂ
ਬੱਸ ਦੇ ਅਗਲੇ ਦਰਵਾਜ਼ੇ ਵਿੱਚੋਂ ਚੜ੍ਹੀ ਹੀ ਸੀ ਕਿ ਬੱਸ ਦੇ ਪਿਛਲੇ ਪਾਸਿਓਂ ਇੱਕ
ਆਵਾਜ਼ ਆਈ, “ਮੈਡਮ,
ਇਥੇ ਆ
ਜਾਓ…ਪਲੀਜ਼…ਮੈਂ
ਤੁਹਾਡੇ ਲਈ ਸੀਟ ਰੋਕੀ ਹੋਈ ਹੈ”।
ਬੱਸ
ਤਕਰੀਬਨ ਪੂਰੀ ਭਰੀ ਹੋਈ ਸੀ,
ਮੈਂ
ਆਵਾਜ਼ ਸੁਣ ਉਧਰ ਨੂੰ ਮੁੜੀ ਤਾਂ ਦੇਖਿਆ ਕਿ ਗਿਆਨੀ ਜੀ ਆਪਣੇ ਨਾਲ ਦੀ ਖਾਲੀ ਸੀਟ ਵੱਲ
ਇਸ਼ਾਰਾ ਕਰ ਰਹੇ ਸਨ।
ਮੈਂ
ਚੁੱਪ-ਚਾਪ ਉਸ ਸੀਟ ਤੇ ਜਾ ਬੈਠੀ।
“ਮੈਂ
ਪੰਦਰਾਂ ਸੈਕਟਰ ਵਿੱਚ ਰਹਿੰਦਾ ਹਾਂ…
ਇਹ ਬੱਸ
ਪੀ.ਜੀ.ਆਈ. ਤੋਂ ਚੱਲਦੀ ਹੈ…
ਜਦ ਤੱਕ
ਮੈਂ ਚੜ੍ਹਦਾ ਹਾਂ ਇਹ ਖਾਲੀ ਹੀ ਹੁੰਦੀ ਹੈ।
ਕਲ੍ਹ
ਤੋਂ ਮੈਂ ਤੁਹਾਡੇ ਲਈ ਸੀਟ ਰੋਕ ਲਿਆ ਕਰਾਂਗਾ”,
ਉਸ ਨੇ
ਆਪਣੇ ਵੱਲੋਂ ਕਿਹਾ।
“ਨਹੀਂ,
ਨਹੀਂ…ਤੁਹਾਨੂੰ
ਐਵੇਂ ਪਰੇਸ਼ਾਨੀ ਹੋਵੇਗੀ…ਪਲੀਜ਼,
ਤੁਸੀਂ
ਤਕਲੀਫ਼ ਨਾ ਕਰਨਾ…”,
ਉਸ ਨੇ
ਮੈਨੂੰ ਗੱਲ ਵੀ ਪੂਰੀ ਨਾ ਕਰਨ ਦਿੱਤੀ,
ਕਹਿਣ
ਲੱਗਾ, “ਤਕਲੀਫ਼
ਕਾਹਦੀ,
ਮੈਡਮ…ਤੁਸੀਂ
ਮੇਰੇ ਕੁਲੀਗ ਓ…
ਸਾਡੀ
ਮੰਜ਼ਿਲ ਵੀ ਇੱਕੋ ਹੀ ਹੈ”।
ਉਹ
ਕਾਫ਼ੀ ਤੇਜ਼ ਕਿਸਮ ਦਾ ਲੱਗਦਾ ਸੀ ਅਤੇ ਗਾਲ੍ਹੜੀ ਵੀ।
ਮੈਨੂੰ
ਉਸ ਦਾ ‘ਮੰਜ਼ਿਲ’
ਸ਼ਬਦ
ਵਰਤਣਾ ਵੀ ਠੀਕ ਨਾ ਲੱਗਾ।
ਵੈਸੇ
ਵੀ ਮੈਨੂੰ ਉਸ ਕੋਲ ਬੈਠਣਾ ਚੰਗਾ ਨਹੀਂ ਲੱਗ ਰਿਹਾ ਸੀ।
ਮੈਂ ਇਹ
ਸੋਚ ਕੇ ਚੁੱਪ ਰਹੀ ਕਿ ਕਲ੍ਹ ਦੀ ਕਲ੍ਹ ਦੇਖਾਂਗੇ।
ਇਸ
ਅੱਧੇ ਘੰਟੇ ਦੇ ਸਫ਼ਰ ਦੌਰਾਨ,
ਮੈਂ
ਆਪਣਾ ਧਿਆਨ ਹੱਥ ’ਚ
ਫੜੀ ਕਿਤਾਬ ਪੜ੍ਹਨ ਵੱਲ ਲਗਾਈ ਰੱਖਿਆ।
ਉਹ
ਸ਼ਾਇਦ ਸਮਝ ਗਿਆ ਸੀ ਕਿ ਮੈਂ ਜ਼ਿਆਦਾ ਗੱਲਾਂ ਨਹੀਂ ਕਰਨਾ ਚਾਹੁੰਦੀ ਇਸ ਲਈ ਉਹ ਵੀ
ਆਪਣੇ ਆਪ ’ਚ
ਹੀ ਮਸਤ ਰਿਹਾ।
ਅਗਲੇ
ਦਿਨ ਵੀ ਉਸ ਨੇ ਉਸੇ ਤਰ੍ਹਾਂ ਹੀ ਕੀਤਾ।
ਪਰ,
ਚੰਗੀ
ਕਿਸਮਤ ਮੇਰੀ ਕਿ ਬੱਸ ਦੇ ਦਰਵਾਜ਼ੇ ਕੋਲ ਹੀ ਇੱਕ ਸੀਟ ਖਾਲੀ ਸੀ,
ਜਿੱਥੇ
ਮੈਂ ਫਟਾਫਟ ਬੈਠ ਗਈ।
ਇਸ
ਤਰ੍ਹਾਂ ਮੈਨੂੰ ਉਸ ਤੋਂ ਕੁਝ ਦੂਰ ਬੈਠਣ ਦਾ ਮੌਕਾ ਮਿਲ ਗਿਆ।
ਮੈਂ
ਝਿਜਕਦਿਆਂ ਹੋਇਆਂ ਇੱਕ ਦੋ ਵਾਰ ਉਸ ਵੱਲ ਨਜ਼ਰ ਜ਼ਰੂਰ ਮਾਰੀ;
ਉਹ
ਖਿੜਕੀ ਵਿੱਚੋਂ ਬਾਹਰ ਦੇਖ ਰਿਹਾ ਸੀ ਅਤੇ ਹਵਾ ਨਾਲ ਉਸ ਦੀ ਖੁਲ੍ਹੀ ਦਾੜ੍ਹੀ ਉਸ ਦੇ
ਮੋਢਿਆਂ ਤੇ ਫੈਲ ਰਹੀ ਸੀ।
ਬੱਸ
ਤੋਂ ਉਤਰ ਕੇ ਮੈਂ ਤੇਜ਼ੀ ਨਾਲ ਤੁਰ ਪਈ ਪਰ ਉਸ ਦੇ ਕਦਮ ਮੇਰੇ ਤੋਂ ਵੀ ਤੇਜ਼ ਸਨ।
ਸਕੂਲ
ਦੇ ਗੇਟ ਕੋਲ ਉਹ ਮੇਰੇ ਨਾਲ ਆ ਮਿਲਿਆ,
ਕਹਿਣ
ਲੱਗਾ, “ਮੈਡਮ,
ਮੇਰੇ
ਨਾਲ ਨਾਰਾਜ਼ ਨਾ ਹੋਵੋ,
ਮੈਂ ਕੀ
ਕੀਤਾ ਹੈ?
ਆਪਾਂ
ਇਕੱਠੇ ਇੱਕੋ ਹੀ ਜਗ੍ਹਾ ਤੇ ਕੰਮ ਕਰਦੇ ਹਾਂ…ਜੇ
ਅਸੀਂ ਇੱਕ ਦੂਸਰੇ ਦੀ ਮਦਦ ਨਹੀਂ ਕਰਾਂਗੇ ਤਾਂ ਹੋਰ ਕੌਣ ਕਰੇਗਾ?”
ਮੈਂ
ਕੋਈ ਜਵਾਬ ਨਾ ਦਿੱਤਾ ਅਤੇ ਸਿੱਧੀ ਸਟਾਫ਼ ਰੂਮ ਵਿੱਚ ਚਲੀ ਗਈ।
ਟਾਈਮ
ਟੇਬਲ ਮੁਤਾਬਿਕ,
ਮੈਂ ਹਰ
ਰੋਜ਼ ਤਿੰਨ ਪੀਰੀਅਡ ਪੜ੍ਹਾਉਣੇ ਹੁੰਦੇ ਸੀ ਅਤੇ ਮੈਂ ਉਸ ਤੋਂ ਪਹਿਲਾਂ ਹੀ ਵਿਹਲੀ ਹੋ
ਕੇ ਘਰ ਚਲੀ ਜਾਂਦੀ।
ਮੈਂ
ਰੱਬ ਦਾ ਸ਼ੁਕਰ ਮਨਾਇਆ ਕਿ ਚਲੋ ਸਕੂਲ ਬੰਦ ਹੋਣ ਵੇਲੇ ਤਾਂ ਮੈਨੁੰ ਉਸ ਦਾ ਸਾਹਮਣਾ
ਨਹੀਂ ਕਰਨਾ ਪੈਂਦਾ।
ਫਿਰ,
ਅਗਲੇ
ਤਿੰਨ ਦਿਨ ਉਹ ਮੈਨੂੰ ਬੱਸ ਵਿੱਚ ਨਾ ਦਿਸਿਆ
–
ਮੈਂ
ਸੋਚਿਆ ‘ਚੱਲ,
ਇਹ ਵੀ
ਚੰਗਾ ਹੀ ਹੋਇਆ’।
ਆਉਂਦੇ
ਸੋਮਵਾਰ ਨੂੰ,
ਫਿਰ ਉਹ
ਬੱਸ ਵਿੱਚ ਮੇਰੇ ਨਾਲ ਦੀ ਸੀਟ ਤੇ ਬੈਠਾ ਆਪਣੀਆਂ ਗੱਲਾਂ ਮਾਰੀ ਜਾ ਰਿਹਾ ਸੀ।
ਮੈਂ
ਸਰਸਰੀ ਜਿਹਾ ਪੁੱਛਿਆ, “ਕੀ
ਗੱਲ ਤੁਸੀਂ ਆਏ ਨਹੀਂ…ਛੁੱਟੀ
ਤੇ ਸੀ…ਸਭ
ਠੀਕ ਤੇ ਹੈ ਨਾ?”
ਉਸ ਦਾ
ਚਿਹਰਾ ਖਿੜ ਉਠਿਆ,
ਇਹ ਜਾਣ
ਕੇ ਕਿ ਮੈਂ ਉਸ ਬਾਰੇ ਪੁੱਛਿਆ ਹੈ।
“ਜੀ…ਜੀ…ਸਭ
ਠੀਕ ਹੈ।
ਮੈਂ…ਇੱਕ
ਖ਼ਾਸ ਬੰਦੇ ਨੂੰ ਮਿਲਣ ਦਿੱਲੀ ਗਿਆ ਹੋਇਆ ਸੀ,”
ਕਹਿੰਦੇ
ਹੋਏ ਉਸ ਦੀਆਂ ਅੱਖਾਂ ਵਿੱਚ ਚਮਕ ਆ ਗਈ।
ਮਤਲਬ
ਹੈ ਕਿ ਇਸ ਦਾ ਹਾਲੇ ਵਿਆਹ ਨਹੀਂ ਹੋਇਆ…‘ਕਿਸੇ
ਖ਼ਾਸ’
ਨੂੰ
ਮਿਲਣ ਗਿਆ ਸੀ ਯਾਨੀ,
ਕਿ
ਵਿਆਹ ਕਰਨ ਦੀ ਸੋਚ ਰਿਹਾ ਹੈ।
‘ਦਿੱਲੀ
ਜਾਂਦਾ ਐ…ਇਸ
ਨੂੰ ਤਾਂ ਕੁੜੀ ਲੱਭਣ ਲਈ ਕਿਸੇ ਪਿੰਡ ਵਿੱਚ ਜਾਣਾ ਚਾਹੀਦਾ ਹੈ।
ਦਿੱਲੀ
ਦੀ ਕਿਹੜੀ ਕੁੜੀ ਇਸ ਪੇਂਡੂ ਨੂੰ ਪਸੰਦ ਕਰੇਗੀ…?’
ਮੈਂ
ਦਿਲ ਹੀ ਦਿਲ ’ਚ
ਸੋਚਿਆ।
“ਕਿਸ
ਤਰ੍ਹਾਂ ਦੀ ਲੱਗੀ…ਉਹ
ਵੀ ਸਰਵਿਸ ਕਰਦੀ ਐ?”
ਮੈਂ
ਐਵੇਂ ਹੀ ਜਵਾਬ ਦੇਣ ਲਈ ਪੁੱਛਿਆ ਅਤੇ ਬਿਨਾਂ ਉਸ ਦਾ ਜਵਾਬ ਉਡੀਕੇ ਕਹਿਣ ਲੱਗੀ,
“ਮੈਂ
ਸਮਝਦੀ ਹਾਂ ਜੇ ਦੋਵੇਂ ਜਣੇ ਨੌਕਰੀ ਕਰਦੇ ਹੋਣ ਤਾਂ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ
ਕਰਨਾ ਪੈਂਦਾ ਹੈ…ਅਸੀਂ
ਵੀ ਦੋਵੇਂ ਨੌਕਰੀ ਕਰਦੇ ਹਾਂ…ਮੇਰੇ
ਹਸਬੈਂਡ ਬੈਂਕ ਵਿੱਚ ਨੇ ਅਤੇ ਅੱਜਕਲ੍ਹ ਉਹ ਰੋਜ਼ ਅੰਬਾਲੇ ਜਾਂਦੇ ਨੇ।
ਸ਼ੁਕਰ ਐ
ਕਿ ਉਹ ਹਰ ਰੋਜ਼ ਸ਼ਾਮ ਨੂੰ ਘਰ ਤਾਂ ਆ ਜਾਂਦੇ ਨੇ।
ਪਰ
ਦਿੱਲੀ ਬਹੁਤ ਦੂਰ ਹੈ…,”
ਮੈਂ
ਗੱਲ ਅਧੂਰੀ ਹੀ ਛੱਡ ਦਿੱਤੀ,
ਉਹ ਬੜੇ
ਹੀ ਧਿਆਨ ਨਾਲ ਮੇਰੀ ਗੱਲ ਸੁਣ ਰਿਹਾ ਸੀ।
ਉਹ ਹੱਸ
ਪਿਆ ਅਤੇ ਕਹਿਣ ਲੱਗਾ, “ਪਰ,
ਕੀਤਾ
ਵੀ ਕੀ ਜਾ ਸਕਦਾ ਐ?
ਇਹ ਸਭ
ਤਾਂ ਵਾਹਿਗੁਰੂ ਦੇ ਹੱਥ ਐ!”
ਫਿਰ ਉਹ
ਇੱਕਦਮ ਚੁੱਪ ਹੋ ਗਿਆ।
ਮੈਂ ਵੀ
ਗੱਲ ਨੂੰ ਹੋਰ ਲੰਬਾ ਨਹੀਂ ਕਰਨਾ ਚਾਹੁੰਦੀ ਸੀ।
ਇੱਕ
ਹਫ਼ਤਾ ਹੋਰ ਲੰਘ ਗਿਆ,
ਸਾਡੀ
ਆਪਸ ਵਿੱਚ ਕੋਈ ਖ਼ਾਸ ਗੱਲ-ਬਾਤ ਨਹੀਂ ਹੋਈ।
ਹੁਣ ਉਹ
ਜ਼ਰਾ ਸੀਰੀਅਸ ਰਹਿਣ ਲੱਗ ਪਿਆ ਸੀ,
ਪਹਿਲਾਂ
ਵਾਂਗ ਗੱਲਾਂ ਨਹੀਂ ਸੀ ਮਾਰਦਾ ਸਗੋਂ ਆਪਣੇ ਆਪ ਵਿੱਚ ਹੀ ਮਸਤ ਰਹਿੰਦਾ।
ਵਿੱਚੋਂ
ਕਿਸੇ ਵੇਲੇ ਇੱਕ ਅੱਧਾ ਮਖੌਲ ਜਿਹਾ ਭਾਵੇਂ ਕਰ ਦਿੰਦਾ ਪਰ,
ਕੋਈ
ਗੱਲ ਉਸ ਨੂੰ ਅੰਦਰੋਂ ਖਾਈ ਜਾ ਰਹੀ ਸੀ,
ਇਸੇ ਲਈ
ਉਹ ਆਮ ਤੌਰ ਤੇ ਚੁੱਪ ਹੀ ਰਹਿੰਦਾ।
‘ਸ਼ਾਇਦ
ਉਹ ਦਿੱਲੀ ਵਾਲੀ ਕੁੜੀ ਬਾਰੇ ਕੋਈ ਫੈਸਲਾ ਨਹੀਂ ਕਰ ਪਾ ਰਿਹਾ;
ਉਸ ਦੇ
ਘਰ ਦੇ ਉਸ ਤੇ ਜ਼ੋਰ ਪਾ ਰਹੇ ਹੋਣਗੇ’,
ਮੈਂ
ਸੋਚਿਆ, ‘ਜਾਂ
ਫਿਰ ਉਹ ਆਉਣ ਵਾਲੀਆਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਵਿਆਹ ਕਰਵਾਉਣ ਬਾਰੇ ਸੋਚ ਰਿਹਾ
ਹੋਵੇਗਾ’।
ਇੱਕ
ਦਿਨ,
ਜੋ ਮੈਂ
ਸੋਚਿਆ ਵੀ ਨਹੀਂ ਸੀ ਉਸ ਨੇ ਉਹ ਕਰ ਦਿਖਾਇਆ।
ਸਵੇਰ
ਦਾ ਸਮਾਂ ਸੀ,
ਅਸੀਂ
ਰੋਜ਼ ਵਾਂਗ ਬੱਸ ਵਿੱਚ ਇੱਕੋ ਸੀਟ ਤੇ ਬੈਠੇ ਸੀ।
ਅਚਾਨਕ
ਹੀ ਉਹ ਮੇਰੇ ਵੱਲ ਮੂੰਹ ਕਰ ਕੇ ਕਹਿਣ ਲੱਗਾ,
“ਰਾਖੀ
ਮੈਡਮ,
ਮੇਰੇ
ਲਈ ਤੁਸੀਂ ਮੇਰੀ ਛੋਟੀ ਭੈਣ ਵਾਂਗ ਓ,
ਮੇਰਾ
ਇੱਕ ਕੰਮ ਕਰ ਦਿਓ…ਪਲੀਜ਼,
ਨਾਂਹ
ਨਾ ਕਹਿਣਾ”।
ਇੱਕ
ਵਾਰ ਤਾਂ ਮੈਨੂੰ ਸਮਝ ਨਾ ਆਈ ਕਿ ਮੈਂ ਕੀ ਜਵਾਬ ਦਿਆਂ।
ਮੈਂ
ਸੋਚਣ ਲੱਗੀ, ‘…ਤਾਂ
ਇਹ ਗੱਲ ਹੈ ਜਿਹੜਾ ਇੰਨੇ ਦਿਨਾਂ ਤੋਂ ਮੇਰੇ ਨਾਲ ਦੋਸਤੀ ਕਰ ਰਿਹਾ ਐ।
ਮੌਕਾਪ੍ਰਸਤ ਨਾ ਹੋਵੇ ਕਿਤੋਂ ਦਾ! ਆਪਣੇ ਮਤਲਬ ਲਈ ਹੁਣ ਮੈਨੂੰ ਭੈਣ ਵੀ ਬਣਾ ਲਿਆ’।
“ਪਹਿਲਾਂ
ਮੈਨੂੰ ਕੰਮ ਤਾਂ ਦੱਸੋ…,”
ਮੈਂ
ਰੋਅਬ ਨਾਲ ਬੋਲੀ;
ਹੁਣ
ਤਾਂ ਮੇਰਾ ਹੱਥ ਉਪਰ ਸੀ,
ਕੰਮ ਜੁ
ਪਿਆ ਸੀ ਉਹਨੂੰ ਮੇਰੇ ਨਾਲ।
“ਨਹੀਂ,
ਜੀ
ਨਹੀਂ…ਪਹਿਲਾਂ
ਵਾਅਦਾ ਕਰੋ ਕਿ ਨਾਂਹ ਨਹੀਂ ਕਰੋਗੇ।
ਆਖ਼ਿਰ,
ਮੈਂ
ਤੁਹਾਨੂੰ ਭੈਣ ਕਿਹਾ ਐ,”
ਉਸ ਨੇ
ਮਿੰਨਤ ਨਾਲ ਕਿਹਾ ਪਰ,
ਇਹ
ਸੋਚਦਿਆਂ ਕਿ ਪਤਾ ਨਹੀਂ ਕੀ ਕਹਿ ਬੈਠੇ,
ਮੈਂ
ਕਿਹਾ, “ਅੱਛਾ,
ਪਰ ਕੋਈ
ਐਸਾ ਵੈਸਾ ਕੰਮ ਨਾ ਕਹਿ ਦੇਣ।“
“ਪੂਜਾ
ਮੈਡਮ ਹੈ ਨਾ…ਕੈਮਿਸਟਰੀ
ਟੀਚਰ…ਉਹ
ਮੈਨੂੰ ਬਹੁਤ ਚੰਗੀ ਲੱਗਦੀ ਐ।
ਪਰ,
ਮੈਨੂੰ
ਉਸ ਨਾਲ ਗੱਲ ਕਰਨ ਤੋਂ ਡਰ ਲੱਗਦਾ ਐ…ਉਹ
ਕਿਸੇ ਨਾਲ ਘੱਟ ਹੀ ਗੱਲ ਕਰਦੀ ਹੈ।
ਤੁਸੀਂ
ਬੱਸ ਮੇਰੀ ਉਸ ਨਾਲ ਇੱਕ ਵਾਰ ਗੱਲ ਕਰਵਾ ਦਿਓ…ਬਾਕੀ
ਮੈਂ ਆਪੇ ਸਾਂਭ ਲਵਾਂਗ,”
ਉਸ ਨੇ
ਫਟਾਫਟ ਕਹਿ ਦਿੱਤਾ।
ਮੈਨੂੰ
ਤਾਂ ਉਸ ਦੀ ਗੱਲ ਸੁਣ ਕੇ ਜਿਵੇਂ ਕਰੰਟ ਲੱਗ ਗਿਆ।
ਹਾਏ ਓ
ਰੱਬਾ,
ਕਿੱਥੇ
ਪੂਜਾ ਵਰਗੀ ਸੁਹਣੀ ਤੇ ਸ਼ਰਮੀਲੀ ਕੁੜੀ ਅਤੇ ਕਿੱਥੇ ਇਹ ਪੇਂਡੂ ਜਿਹਾ ਗਿਆਨੀ! ਮੇਰਾ
ਜੀਅ ਕਰੇ ਉਸ ਨੂੰ ਪੁੱਛਾਂ, ‘ਕਦੀ
ਸ਼ੀਸ਼ੇ ਵਿੱਚ ਆਪਣਾ ਮੂੰਹ ਵੀ ਦੇਖਿਆ ਏ?’
ਉਪਰੋਂ
ਹਿੰਮਤ ਤਾਂ ਦੇਖੋ ਇਸ ਦੀ,
ਮੈਨੂੰ
ਕਹਿ ਰਿਹਾ ਹੈ ਕਿ ਮੈਂ ਉਸ ਨਾਲ ਇਸ ਦੀ ਜਾਣ ਪਛਾਣ ਕਰਵਾਵਾਂ! ਗੁੱਸੇ ਨਾਲ ਮੈਂ
ਕਚੀਚੀਆਂ ਵੱਟ ਰਹੀ ਸੀ ਅਤੇ ਉਹ ਸਾਹ ਰੋਕੀਂ ਮੇਰੇ ਵੱਲ ਦੇਖ ਰਿਹਾ ਸੀ।
“ਕੀ
ਮਤਲਬ ਏ ਤੁਹਾਡਾ…ਤੁਸੀਂ
ਹੋਸ਼ ’ਚ
ਤਾਂ ਹੋ ਨਾ…ਮੇਰਾ
ਮਤਲਬ ਐ…”
ਮੈਂ
ਮੂੰਹਫਟ ਜਵਾਬ ਦੇ ਕੇ ਉਸ ਦਾ ਦਿਲ ਵੀ ਨਹੀਂ ਤੋੜਣਾ ਚਾਹੁੰਦੀ ਸੀ।
ਆਖਿਰ,
ਉਹ
ਮੇਰਾ ਕੁਲੀਗ ਸੀ ਅਤੇ ਹੁਣ ਤਾਂ ਮੇਰਾ ਬਦੋਬਦੀ ਦਾ ਭਰਾ ਵੀ ਬਣ ਬੈਠਾ ਸੀ।
ਮੈਂ
ਆਪਣੇ ਸ਼ਬਦ ਨਰਮ ਰੱਖਣਾ ਚਾਹੁੰਦੀ ਸੀ ਪਰ ਮੇਰੇ ਲਈ ਆਪਣੇ ਗੁੱਸੇ ਤੇ ਕੰਟਰੋਲ ਕਰਨਾ
ਬਹੁਤ ਮੁਸ਼ਕਿਲ ਹੋ ਰਿਹਾ ਸੀ।
“ਕੀ,
ਮੈਡਮ…ਕੀ
ਗੱਲ?
ਪਲੀਜ਼
ਮੇਰਾ ਇੰਨਾ ਕੁ ਕੰਮ ਤਾਂ ਤੁਸੀਂ ਕਰ ਹੀ ਦਿਓ।
ਜੇ ਮੈਂ
ਆਪਣੀ ਭੈਣ ਨੂੰ ਨਹੀਂ ਕਹਾਂਗਾ ਤਾਂ ਹੋਰ ਕਿਸ ਨੂੰ ਕਹਾਂਗਾ?”
ਉਹ
ਹਾਲੇ ਵੀ ਆਪਣੀ ਰੌਅ ਵਿੱਚ ਹੀ ਬੋਲੀ ਜਾ ਰਿਹਾ ਸੀ।
“ਪਰ…ਪਰ…
,”
ਮੈਂ ਉਸ
ਨੂੰ ਟੋਕਣ ਹੀ ਲੱਗੀ ਸੀ ਕਿ ਉਹ ਫਿਰ ਬੋਲ ਪਿਆ,
“ਪਲੀਜ਼…ਸਿਰਫ਼
ਇੱਕ ਵਾਰ…ਮੇਰੀ
ਪਿਆਰੀ ਭੈਣ ਜੀ”
ਨਾਲ ਹੀ
ਉਸ ਨੇ ਮੇਰੇ ਅੱਗੇ ਹੱਥ ਵੀ ਜੋੜ ਦਿੱਤੇ।
ਉਸ ਦਾ
ਚਿਹਰਾ ਬੜਾ ਸੀਰੀਅਸ ਸੀ ਅਤੇ ਉਸ ਦੇ ਜੋੜੇ ਹੋਏ ਹੱਥ ਦੇਖ ਕੇ ਨਾ ਚਾਹੁੰਦਿਆਂ ਹੋਇਆਂ
ਵੀ ਮੈਂ ਉਸ ਨੂੰ ਨਾਂਹ ਨਾ ਕਰ ਸਕੀ।
ਅੰਦਰੋਂ
ਮੈਂ ਸੋਚ ਰਹੀ ਸੀ, ‘ਇਹ
ਮਰਦ ਸਾਰੇ ਇੱਕੋ ਜਿਹੇ ਹੀ ਹੁੰਦੇ ਨੇ…ਬਾਹਰੋਂ
ਕਿੰਨੇ ਬਹਾਦਰ ਦਿਸਦੇ ਨੇ ਪਰ,
ਕਿਸੇ
ਕੁੜੀ ਨਾਲ ਸਿੱਧਿਆਂ ਗੱਲ ਕਰਨ ਦੀ ਹਿੰਮਤ ਨਹੀਂ;
ਇਨ੍ਹਾਂ
ਨੂੰ ਹਮੇਸ਼ਾਂ ਕਿਸੇ ਨਾ ਕਿਸੇ ਔਰਤ ਦਾ ਸਹਾਰਾ ਚਾਹੀਦਾ ਹੁੰਦਾ ਏ
–ਉਹ
ਭਾਵੇਂ ਮਾਂ,
ਭੈਣ
ਜਾਂ ਭਾਬੀ ਕਿਉਂ ਨਾ ਹੋਵੇ’।
“ਚੰਗਾ,
ਬੱਸ
ਇੱਕ ਵਾਰ ਮੈਂ ਤੁਹਾਡੀ ਗੱਲ ਕਰਵਾ ਦਿਆਂਗੀ।
ਪਰ
ਪਹਿਲਾਂ ਪੂਜਾ ਵਰਗੀ ਕੁੜੀ ਦੇ ਕਾਬਿਲ ਤਾਂ ਬਣਨਾ ਪਵੇਗਾ ਨਾ…ਘੱਟ
ਤੋਂ ਘੱਟ ਆਪਣੀ ਦਾੜ੍ਹੀ ਤਾਂ ਬੰਨ੍ਹ ਲਿਆ ਕਰੋ,
ਜ਼ਿਆਦਾ
ਚੰਗੇ ਲੱਗੋਗੇ…ਮੇਰਾ
ਮਤਲਬ ਹੈ ਕਿ…ਇਸ
ਵੇਲੇ ਤਾਂ ਤੁਸੀ ਬਿਲਕੁਲ ਪੇਂਡੂ ਦਿਸਦੇ ਓ।”
ਮੈਂ
ਕਹਿਣਾ ਤਾਂ ਬਹੁਤ ਹੀ ਨਰਮ ਸ਼ਬਦਾਂ ਵਿੱਚ ਚਾਹੁੰਦੀ ਸੀ,
ਪਰ
ਗੁੱਸੇ ਕਾਰਨ ਮੇਰੇ ਮੂੰਹੋਂ ਕਾਫ਼ੀ ਸਖ਼ਤ ਸ਼ਬਦ ਹੀ ਨਿਕਲੇ।
“ਚੱਲੋ,
ਠੀਕ ਐ…ਕਲ੍ਹ
ਤੁਸੀਂ ਮੈਨੂੰ ਬਦਲਿਆ ਹੋਇਆ ਵੇਖੋਗੇ।
ਤੁਸੀਂ
ਜੋ ਕਹੋ,
ਮੈਂ
ਕਰਨ ਨੂੰ ਤਿਆਰ ਹਾਂ…ਹੁਣ
ਖੁਸ਼ ਓ?”
ਉਸ ਨੇ
ਇੰਜ ਕਿਹਾ ਜਿਵੇਂ ਉਹ ਪੂਜਾ ਲਈ ਨਹੀਂ ਸਗੋਂ ਮੈਨੂੰ ਖੁਸ਼ ਕਰਨ ਲਈ ਬਦਲਣ ਨੂੰ ਤਿਆਰ
ਹੋ ਰਿਹਾ ਹੋਵੇ।
ਮੈਨੁੰ
ਗੁੱਸਾ ਚੜ੍ਹ ਗਿਆ ਅਤੇ ਮੇਰਾ ਦਿਲ ਕੀਤਾ ਕਿ ਮੈਂ ਕੁਝ ਕੌੜਾ ਬੋਲ ਹੀ ਦਿਆਂ ਪਰ,
ਉਸ ਦੇ
ਚਿਹਰੇ ਤੇ ਬੱਚਿਆਂ ਵਾਂਗ ਖੁਸ਼ੀ ਦੀ ਝਲਕ ਦੇਖ ਚੁੱਪ ਰਹਿ ਗਈ।
ਮੈਂ
ਥੋੜ੍ਹਾ ਜਿਹਾ ਮੁਸਕੁਰਾਈ।
ਹੁਣ,
ਉਸ ਦੀ
ਚਾਲ ਵਿੱਚ ਨਵੀਂ ਫ਼ੁਰਤੀ ਦੇਖਣ ਵਾਲੀ ਸੀ।
ਉਸ ਦੇ
ਪੈਰ ਜ਼ਮੀਨ ਤੇ ਨਹੀਂ ਟਿਕ ਰਹੇ ਸਨ।
ਦਿਨ ਦੇ
ਦੌਰਾਨ ਜਦੋਂ ਵੀ ਉਹ ਮੈਨੂੰ ਦਿਸਿਆ,
ਉਸ ਦੇ
ਚਿਹਰੇ ਤੇ ਇੱਕ ਹਲਕੀ ਜਿਹੀ ਮੁਸਕਰਾਹਟ ਸੀ।
ਹੁਣ,
ਉਹ
ਆਪਣੇ ਆਪ ਵਿੱਚ ਖੁਸ਼ ਲੱਗ ਰਿਹਾ ਸੀ।
ਅਗਲੇ
ਦਿਨ,
ਉਹ
ਵਾਕਿਆ ਹੀ ਪੂਰੀ ਤਰ੍ਹਾਂ ਬਦਲ ਗਿਆ;
ਪਹਿਲਾਂ
ਤਾਂ ਮੈਂ ਉਸ ਨੂੰ ਪਛਾਣ ਹੀ ਨਾ ਸਕੀ।
ਉਸ ਨੇ
ਡੀਜ਼ਾਈਨਰ ਕਮੀਜ਼ ਪਾਈ ਹੋਈ ਸੀ ਅਤੇ ਉਸ ਦੀ ਦਾੜ੍ਹੀ ਫਿਕਸੋ ਨਾਲ ਚੰਗੀ ਤਰ੍ਹਾਂ ਨਾਲ
ਬੰਨ੍ਹੀ ਹੋਈ ਸੀ।
ਅਸਮਾਨੀ
ਰੰਗ ਦੀ ਪੱਗ ਬੰਨ੍ਹਦਿਆਂ ਵੀ ਅੱਜ ਉਸ ਨੂੰ ਜ਼ਿਆਦਾ ਹੀ ਟਾਈਮ ਲੱਗਾ ਹੋਵੇਗਾ।
ਪੰਜਾਬੀ
ਜੁੱਤੀ ਦੀ ਜਗ੍ਹਾ ਉਸ ਨੇ ਪਾਲਿਸ਼ ਕੀਤੇ ਹੋਏ ਕਾਲੇ ਬੂਟ ਪਾਏ ਹੋਏ ਸਨ।
ਉਹ
ਇੰਨਾ ਜਚ ਰਿਹਾ ਸੀ ਕਿ ਯਕੀਨ ਨਹੀਂ ਹੋ ਰਿਹਾ ਸੀ ਕਿ ਸਿਰਫ਼ ਕਪੜੇ ਬਦਲਾ ਕੇ ਹੀ ਕੋਈ
ਆਦਮੀ ਇੰਨਾ ਬਦਲ ਸਕਦਾ ਹੈ।
ਸ਼ੇਕਸਪੀਅਰ ਦਾ ਕਹਿਣਾ ‘ਕਪੜੇ
ਆਦਮੀ ਨੂੰ ਬਣਾਉਂਦੇ ਨੇ’
ਸੱਚ
ਹੋਇਆ ਲੱਗਦਾ ਸੀ।
ਅੱਜ
ਤਾਂ ਉਹ ਬੜਾ ਸੁਹਣਾ ਅਤੇ ਆਤਮ-ਵਿਸ਼ਵਾਸ ਨਾਲ ਭਰਿਆ ਹੋਇਆ ਸਿੱਖ ਜੈਂਟਲਮੈਨ ਲੱਗ ਰਿਹਾ
ਸੀ।
“ਭੈਣ
ਜੀ…ਵੇਖੋ,
ਅੱਜ
ਗਿਆਨੀ ਜੀ ਨਾ ਕਹਿਣਾ…ਓ.ਕੇ.?”
ਉਸ ਨੇ
ਮੇਰੇ ਬੱਸ ’ਚ
ਚੜ੍ਹਦਿਆਂ ਹੀ ਕਿਹਾ।
“ਪਰ,
ਹੁਣ
ਤੁਸੀਂ ਮੈਨੂੰ ਇਹੋ ਜਿਹੇ ਕੰਮਾਂ ਵਿੱਚ ਦੁਬਾਰਾ ਨਾ ਉਲਝਾਉਣਾ”,
ਮੈਂ
ਜ਼ੋਰ ਦੇ ਕੇ ਕਿਹਾ।
ਮੇਰੀ
ਆਵਾਜ਼ ਵਿੱਚ ਗੁੱਸਾ ਸੀ।
ਰਿਸੈੱਸ
ਵੇਲੇ,
ਪੂਜਾ
ਅਤੇ ਮੈਂ ਖਾਣੇ ਤੋਂ ਵਿਹਲੀਆਂ ਹੋਈਆਂ ਹੀ ਸੀ ਕਿ ਉਹ ਥੋੜ੍ਹੀ ਜਿਹੀ ਹੜਬੜਾਹਟ ਵਿੱਚ
ਮੇਰੇ ਵੱਲ ਕਨੱਖੀਆਂ ’ਚੋਂ
ਦੇਖਦੇ ਹੋਏ ਸਟਾਫ਼ ਰੂਮ ਵਿੱਚ ਆਇਆ,
ਇੱਕ ਦੋ
ਵਾਰ ਆਪਣੀ ਪੱਗ ਨੂੰ ਠੀਕ ਕੀਤਾ ਅਤੇ ਦਾੜ੍ਹੀ ਨੂੰ ਉਂਗਲਾਂ ਨਾਲ ਜ਼ਰਾ ਸਹਿਲਾਇਆ।
ਮੈਂ
ਸੋਚਿਆ, ‘ਵਿਚਾਰਾ!
ਰੇਤੇ ਦੀ ਮੂਰਤ ਲੱਗ ਰਿਹਾ ਹੈ,
ਜਿਵੇਂ
ਹੁਣੇ ਢਹਿ ਜਾਏਗਾ…ਵੱਡਾ
ਆਇਆ,
ਮੇਰਾ
ਭਰਾ!”
ਮੈਂ ਉਸ
ਨੂੰ ਇਸ਼ਾਰਾ ਕੀਤਾ ਅਤੇ ਉਹ ਬੜੀ ਹੀ ਤੇਜ਼ੀ ਨਾਲ ਸਾਡੇ ਮੇਜ਼ ਕੋਲ ਆ ਖੜਾ ਹੋਇਆ।
ਮੈਂ
ਬੋਲੀ, ‘ਪੂਜਾ,
ਤੂੰ
ਨਹੀਂ ਜਾਣਦੀ ਇਨ੍ਹਾਂ ਨੂੰ?
ਇਹ
ਗਿਆਨੀ ਜੀ ਨੇ,
ਸਾਡੇ
ਪੰਜਾਬੀ ਟੀਚਰ…ਇਹ
ਤੇਰੇ ਨਾਲ ਗੱਲ ਕਰਨਾ ਚਾਹੁੰਦੇ ਨੇ”।
ਹਾਲਾਂਕਿ ਉਹ ਨਹੀਂ ਚਾਹੁੰਦਾ ਸੀ ਕਿ ਮੈਂ ਪੂਜਾ ਸਾਹਮਣੇ ਉਸ ਨੂੰ ਗਿਆਨੀ ਜੀ
ਬੁਲਾਵਾਂ ਪਰ ਮੇਰੇ ਮੂੰਹੋਂ ਸੁਭਾਵਕ ਹੀ ਨਿਕਲ ਗਿਆ।
ਜੇ ਮੈਂ
ਉਸ ਦਾ ਨਾਂ ਲੈ ਕੇ ਬੁਲਾਉਂਦੀ ਤਾਂ ਚੰਗਾ ਰਹਿੰਦਾ”।
“ਪਰ…ਮੈਂ
ਕੋਈ ਗੱਲ ਨਹੀਂ ਕਰਨੀ… ,”
ਪੂਜਾ
ਨੇ ਅੱਖਾਂ ਥੱਲੇ ਕਰਕੇ ਹੌਲੀ ਜਿਹੀ ਕਿਹਾ।
ਗਿਆਨੀ
ਜੀ ਤੇ ਤਾਂ ਜਿਵੇਂ ਬਿਜਲੀ ਡਿੱਗ ਗਈ;
ਮੈਂ ਵੀ
ਅਚੰਭੇ ’ਚ
ਪੈ ਗਈ,
ਉਸ
ਵਾਂਗ ਮੈਨੂੰ ਵੀ ਪੂਜਾ ਦਾ ਇੱਕ ਟੁੱਕ ਜਵਾਬ ਚੰਗਾ ਨਾ ਲੱਗਾ।
ਗੱਲ
ਸੰਭਾਲਣ ਦੀ ਕੋਸ਼ਿਸ਼ ਕਰਦਿਆਂ ਮੈਂ ਕਿਹਾ,
“ਪਰ
ਪੂਜਾ,
ਇਹਨਾਂ
ਦੀ ਗੱਲ ਸੁਣਨ ਵਿੱਚ ਕੀ ਹਰਜ ਏ।
ਆਖਿਰ
ਇਹ ਸਾਡੇ ਕੁਲੀਗ ਨੇ…ਸ਼ਾਇਦ
ਇਨ੍ਹਾਂ ਨੂੰ ਤੇਰੀ ਮਦਦ ਦੀ ਜ਼ਰੂਰਤ ਹੋਵੇ…
।”
ਮੇਰੀ
ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਪੂਜਾ ਸਟਾਫ਼ ਰੂਮ
’ਚੋਂ
ਤੇਜ਼ੀ ਨਾਲ ਬਾਹਰ ਚਲੀ ਗਈ।
ਮੈਂ
ਆਪਣੇ ਮੋਢੇ ਝਟਕੇ,
ਜਿਵੇਂ
ਕਿਹਾ, ‘ਮੈਨੂੰ
ਤਾਂ ਪਹਿਲਾਂ ਹੀ ਪਤਾ ਸੀ’
ਅਤੇ
ਗਿਆਨੀ ਜੀ ਵੱਲ ਦੇਖਿਆ।
ਉਹ
ਆਪਣੇ ਪੈਰਾਂ ਵੱਲ ਦੇਖ ਰਿਹਾ ਸੀ।
ਉਸ ਦਾ
ਦਿਲ ਟੁੱਟ ਗਿਆ ਸੀ।
ਮੈਂ ਉਸ
ਨੂੰ ਧਰਵਾਸ ਦੇਣ ਲਈ ਕੁਝ ਕਹਿਣਾ ਤਾਂ ਚਾਹੁੰਦੀ ਸੀ ਪਰ,
ਮੇਰੀ
ਹਿੰਮਤ ਨਹੀਂ ਹੋ ਰਹੀ ਸੀ।
ਅਗਲੇ
ਪੀਰੀਅਡ ਦੀ ਘੰਟੀ ਨੇ ਮੈਨੂੰ ਇਸ ਉਲਝਣ ਵਿੱਚੋਂ ਕੱਢਿਆ ਅਤੇ ਮੈਂ ਵੀ ਸਟਾਫ਼ ਰੂਮ
ਵਿੱਚੋਂ ਬਾਹਰ ਚਲੀ ਗਈ।
ਉਹ
ਹਾਲੇ ਵੀ ਉੱਥੇ ਹੀ ਖੜਾ ਸੀ।
ਮੈਨੂੰ
ਪੂਜਾ ਦੇ ਵਰਤਾਅ ਤੇ ਬੜਾ ਗੁੱਸਾ ਆ ਰਿਹਾ ਸੀ।
ਸੋਮਵਾਰ
ਤੋਂ ਗਰਮੀਆਂ ਦੀਆਂ ਦੋ ਮਹੀਨੇ ਦੀਆਂ ਛੁੱਟੀਆਂ ਸ਼ੁਰੂ ਹੋ ਰਹੀਆਂ ਸਨ।
ਉਸ ਤੋਂ
ਪਹਿਲਾਂ ਸ਼ਨੀਵਾਰ ਨੂੰ ਅਸੀਂ ਦੋਵੇਂ ਰੋਜ਼ ਵਾਂਗ ਬੱਸ ਵਿੱਚ ਸਫ਼ਰ ਕਰ ਰਹੇ ਸੀ।
ਹੁਣ ਉਹ
ਦੁਬਾਰਾ ਆਪਣੇ ਪਹਿਲਾਂ ਵਾਲੇ ਕਪੜਿਆਂ ਵਿੱਚ ਵਾਪਸ ਆ ਗਿਆ ਸੀ;
ਜਦ
ਪੂਜਾ ਹੀ ਨਹੀਂ ਤਾਂ ਫਿਰ ਨਵਾਂ ਰੂਪ ਕਿਸ ਲਈ?
ਪਰ,
ਅੱਜ ਉਹ
ਖੁਸ਼ ਦਿਖਾਈ ਦੇ ਰਿਹਾ ਸੀ,
ਕਹਿਣ
ਲੱਗਾ, “ਮੈਂ
ਕਲ੍ਹ ਦਿੱਲੀ ਜਾ ਰਿਹਾ ਹਾਂ।”
‘ਇਨ੍ਹਾਂ
ਮਰਦਾਂ ਦਾ ਕੋਈ ਭਰੋਸਾ ਨਹੀਂ।
ਕਿੰਨੀ
ਆਸਾਨੀ ਨਾਲ ਇਸ ਨੇ ਪੂਜਾ ਨੂੰ ਭੁਲਾ ਦਿੱਤਾ ਹੈ ਜਿਵੇਂ ਕੁਝ ਹੋਇਆ ਹੀ ਨਾ ਹੋਵੇ…ਪਰ
ਚੱਲੋ,
ਚੰਗਾ ਈ
ਐ –
ਇਹ ਤਾਂ
ਇਸ ਦੀ ਸਿਆਣਪ ਹੀ ਐ! ਇਹੋ ਜਿਹੀਆਂ ਗੱਲਾਂ ਨੂੰ ਕਾਹਨੂੰ ਦਿਲ ਨੂੰ ਲਾਉਣਾ’
ਮੈਂ
ਸੋਚਿਆ।
“ਰਾਖੀ
ਭੈਣ,
ਗਰਮੀ
ਦੀਆਂ ਛੁੱਟੀਆਂ ਹੋਣ ਵਾਲੀਆਂ ਨੇ …”
ਪੂਜਾ
ਨਾਲ ਗੱਲ ਵਾਲੇ ਦਿਨ ਤੋਂ ਉਹ ਮੈਨੂੰ ਮੈਡਮ ਦੀ ਜਗ੍ਹਾ ਭੈਣ ਕਹਿ ਕੇ ਹੀ ਬੁਲਾਉਂਦਾ
ਸੀ, “…ਇਹ
ਬਦਲੀਆਂ ਦਾ ਮੌਸਮ ਐ,
ਕੀ ਪਤਾ
ਕਦੋਂ ਕਿਸ ਟੀਚਰ ਦੀ ਬਦਲੀ ਹੋ ਜਾਵੇ…ਵਾਹਿਗੁਰੂ
ਹੀ ਜਾਣਦਾ ਐ ਕਿ ਛੁੱਟੀਆਂ ਤੋਂ ਬਾਅਦ ਇਸੇ ਸਕੂਲ ਵਿੱਚ ਮਿਲਦੇ ਵੀ ਹਾਂ ਕਿ ਨਹੀਂ।
ਇੱਕ
ਛੋਟੀ ਜਿਹੀ ਅਰਜ਼ ਹੈ ਮੇਰੀ…ਮੈਡਮ
ਪੂਜਾ ਲਈ ਮੈਂ ਇਹ ਚਿੱਠੀ ਲਿਖੀ ਹੈ।
ਇਸ ਨੂੰ
ਆਪਣੇ ਪਰਸ ਵਿੱਚ ਹੀ ਰੱਖਿਓ ਅਤੇ ਜੇ ਮੇਰੀ ਕਿਤੇ ਬਦਲੀ ਹੋ ਜਾਵੇ ਤਾਂ ਤੁਸੀਂ
ਉਨ੍ਹਾਂ ਨੂੰ ਦੇ ਦੇਣਾ,
ਨਹੀਂ
ਤਾਂ ਛੁੱਟੀਆਂ ਤੋਂ ਬਾਅਦ ਮੈਨੂੰ ਹੀ ਵਾਪਸ ਕਰ ਦੇਣਾ”।
ਉਸ ਨੇ
ਮਿੰਨਤ ਕਰਦਿਆਂ ਕਿਹਾ ਅਤੇ ਮੇਰੇ ਹੱਥ ਵਿੱਚ ਇੱਕ ਲਿਫ਼ਾਫ਼ਾ ਫੜਾ ਦਿੱਤਾ।
ਉਸ
ਦੀਆਂ ਅੱਖਾਂ ਵਿੱਚ ਐਸੀ ਅਰਜ਼ੋਈ ਸੀ ਜਿਹੜੀ ਮੈਂ ਪਹਿਲਾਂ ਕਦੀ ਨਹੀਂ ਸੀ ਦੇਖੀ।
“ਠੀਕ
ਹੈ,”
ਮੈਂ
ਕਿਹਾ ਅਤੇ ਇਹ ਸੋਚ ਕੇ ਕਿ ਇਹ ਤਾਂ ਕੋਈ ਵੱਡਾ ਕੰਮ ਨਹੀਂ,
ਮੈਂ
ਲਿਫ਼ਾਫ਼ਾ ਆਪਣੇ ਪਰਸ ਵਿੱਚ ਰੱਖ ਲਿਆ।
‘ਨਾਲੇ
ਜੇ ਇਸ ਦੀ ਬਦਲੀ ਨਾ ਹੋਈ ਤਾਂ ਲਿਫ਼ਾਫ਼ਾ ਇਸੇ ਨੂੰ ਵਾਪਸ ਕਰ ਦਿਆਂਗੀ,
ਪੂਜਾ
ਨੂੰ ਤਾਂ ਪਤਾ ਵੀ ਨਹੀਂ ਲੱਗਣਾ’
ਮੈਂ ਮਨ
ਹੀ ਮਨ ਸੋਚਿਆ।
ਜਦ ਮੈਂ
ਆਪਣੇ ਘਰ ਦਾ ਦਰਵਾਜ਼ਾ ਖੋਲ੍ਹਿਆ,
ਟੈਲੀਫਨ
ਦੀ ਘੰਟੀ ਵੱਜ ਰਹੀ ਸੀ।
ਮੈਂ
ਫਟਾਫਟ ਫੋਨ ਚੁੱਕਣ ਲਈ ਗਈ,
ਮੇਰੇ
ਪਤੀ ਬਾਹਰ ਕਾਰ ਵਿੱਚੋਂ ਸਮਾਨ ਕੱਢ ਰਹੇ ਸਨ।
ਅਸੀਂ
ਸ਼ਿਮਲੇ ਇੱਕ ਹਫ਼ਤਾ ਰਹਿ ਕੇ ਬਸ ਹੁਣੇ ਵਾਪਸ ਪਹੁੰਚੇ ਸੀ।
“ਹੈਲੋ!”
ਮੈਂ
ਫ਼ੋਨ ਚੁੱਕਦਿਆਂ ਬੋਲੀ।
“ਰਾਖੀ
ਮੈਡਮ?…
ਮੈਂ
ਪੂਜਾ”।
“ਓਹ,
ਹਾਂ…ਪੂਜਾ,
ਕੀ ਖ਼ਬਰ
ਹੈ?
ਮੈਂ
ਅਤੇ ਮੇਰੇ ਪਤੀ,
ਹੁਣੇ
ਹੀ ਸ਼ਿਮਲੇ ਤੋਂ ਵਾਪਸ ਆਏ ਹਾਂ।
ਬਹੁਤ
ਦੇਰ ਤੋਂ ਛੁੱਟੀਆਂ ਵਿੱਚ ਕਿਤੇ ਗਏ ਨਹੀਂ ਸੀ।
ਟਰਿੱਪ
ਬਹੁਤ ਚੰਗਾ ਰਿਹਾ।
ਮੌਸਮ
ਬੜਾ ਸੁਹਣਾ ਸੀ,
ਇਸ ਵਕਤ,
ਸ਼ਿਮਲਾ
ਬਹੁਤ ਹੀ ਸੁਹਣਾ ਲੱਗ ਰਿਹਾ ਸੀ।
ਮੈਂ
ਅਤੇ ਮੇਰੇ ਪਤੀ ਪਹਿਲੀ ਵਾਰ ਇਕੱਠੇ ਗਏ ਸੀ…ਤੂੰ
ਸੁਣ ਰਹੀ ਹੈਂ ਨਾ ਪੂਜਾ”,
ਮੈਂ ਪਲ
ਕੁ ਸਾਹ ਲੈਣ ਲਈ ਰੁਕੀ।
“ਇੱਕ
ਬਹੁਤ ਬੁਰੀ ਖ਼ਬਰ ਹੈ,
ਮੈਡਮ…ਆਪਣੇ
ਉਹ ਪੰਜਾਬੀ ਟੀਚਰ,
ਗਿਆਨੀ
ਜੀ…ਉਨ੍ਹਾਂ
ਦਾ ਦਿਹਾਂਤ ਹੋ ਗਿਆ ਐ।
ਕਲ੍ਹ
ਪੰਦਰਾਂ ਸੈਕਟਰ ਵਾਲੇ ਗੁਰਦੁਆਰੇ ’ਚ
ਉਨ੍ਹਾਂ ਦਾ ਭੋਗ ਹੈ…ਦੁਪਹਿਰੇ
ਦੋ ਵਜੇ।
ਸਾਰਾ
ਸਟਾਫ਼ ਉਥੇ ਜਾ ਰਿਹਾ ਹੈ।”
“ਓਹ…ਮਾਈ
ਗੌਡ! ਕੀ ਹੋ ਗਿਆ ਸੀ ਉਹਨਾਂ ਨੂੰ?
ਉਹ ਤਾਂ
ਬਿਲਕੁਲ ਤੰਦਰੁਸਤ ਸੀ,”
ਮੇਰਾ
ਦਿਲ ਧੱਕ ਹੋ ਗਿਆ।
“ਉਨ੍ਹਾਂ
ਨੂੰ ਕੈਂਸਰ ਸੀ…ਬਲੱਡ
ਕੈਂਸਰ।
ਉਹ
ਦਿੱਲੀ ਗਏ ਸਨ…ਉਥੇ
ਹੀ ਬੱਸ…,”
ਪੂਜਾ
ਨੇ ਦੱਸਿਆ।
“ਉਨ੍ਹਾਂ
ਤਾਂ ਕਦੇ ਕੋਈ ਗੱਲ ਨਹੀਂ ਕੀਤੀ ਕਿ ਉਹ ਬੀਮਾਰ ਹਨ।
ਰੱਬ ਦੇ
ਰੰਗ ਵੀ ਨਿਰਾਲੇ ਨੇ…ਜ਼ਿੰਦਗੀ
ਅਤੇ ਮੌਤ ਤਾਂ ਸਾਡੇ ਹੱਥ ਵਿੱਚ ਨਹੀਂ ਐ ਨਾ।
ਪਰ,
ਬਹੁਤ
ਅਫ਼ਸੋਸ ਹੋਇਆ ਐ।
ਖ਼ੈਰ,
ਕਲ੍ਹ
ਮੈਂ ਤੈਨੂੰ ਤੇਰੇ ਘਰੋਂ ਹੀ ਲੈ ਲਵਾਂਗੀ।
ਆਪਾਂ
ਇਕੱਠੇ ਚੱਲਾਂਗੇ…, ”
ਇਸ ਤੋਂ
ਅੱਗੇ ਮੇਰੇ ਕੋਲੋਂ ਬੋਲਿਆ ਨਾ ਗਿਆ,
ਸ਼ਬਦ
ਮੇਰਾ ਸਾਥ ਨਹੀਂ ਦੇ ਰਹੇ ਸਨ।
ਫ਼ੋਨ
ਵਾਪਸ ਰੱਖ,
ਮੈਂ
ਕੋਲ ਪਈ ਕੁਰਸੀ ’ਚ
ਡਿੱਗ ਪਈ।
ਇੰਜ
ਲੱਗ ਰਿਹਾ ਸੀ ਜਿਵੇਂ ਮੇਰੇ ਸਰੀਰ ਵਿੱਚ ਜਾਨ ਹੀ ਨਾ ਹੋਵੇ।
ਬੜਾ
ਜ਼ਿੰਦਾ ਦਿਲ ਇਨਸਾਨ ਸੀ,
ਪੂਰੇ
ਜ਼ੋਰ ਸ਼ੋਰ ਨਾਲ ਗੱਲ-ਬਾਤ ਕਰਨ ਵਾਲਾ ਅਤੇ ਬੜਾ ਹੀ ਖ਼ੁਸ਼ ਰਹਿਣਾ;
ਉਸ ਦਾ
ਚਿਹਰਾ,
ਉਸ ਦੀ
ਖੁਲ੍ਹੀ ਦਾੜ੍ਹੀ,
ਉਸ ਦਾ
ਬੇਫ਼ਿਕਰੀ ਵਾਲਾ ਅੰਦਾਜ਼,
ਚਮਕਦੀਆਂ ਅੱਖਾਂ ਅਤੇ ਹਰ ਵੇਲੇ ਗੱਲਾਂ ਮਾਰਦੇ ਰਹਿਣਾ
–
ਸਭ
ਮੇਰੀਆਂ ਅੱਖਾਂ ਅੱਗੇ ਘੁੰਮ ਗਏ।
ਉਹ
ਜਾਣਦਾ ਸੀ ਕਿ ਉਸ ਨੂੰ ਕਿੰਨੀ ਲਾ-ਇਲਾਜ ਬਿਮਾਰੀ ਹੈ;
ਫਿਰ ਵੀ
ਉਹ ਹਰ ਵੇਲੇ ਖ਼ੁਸ਼ ਰਹਿੰਦਾ ਸੀ।
ਮੈਨੂੰ
ਹੈਰਾਨੀ ਹੋ ਰਹੀ ਸੀ ਕਿ ਇਹ ਜਾਣਦਿਆਂ ਵੀ ਕਿ ਉਸ ਕੋਲ ਜ਼ਿਆਦਾ ਵਕਤ ਨਹੀਂ,
ਉਸ ਨੇ
ਪੂਜਾ ਨਾਲ ਗੱਲ ਕਰਨ ਦਾ ਮਨ ਬਣਾਇਆ।
ਜਦ
ਪੂਜਾ ਨੇ ਨਾਂਹ ਕੀਤੀ,
ਉਹ ਕਿਸ
ਤਰ੍ਹਾਂ ਦਾ ਮਹਿਸੂਸ ਕਰ ਰਿਹਾ ਹੋਵੇਗਾ?
ਉਸ ਵਕਤ
ਉਹ ਕਿਸ ਤਰ੍ਹਾਂ ਸਟਾਫ਼ ਰੂਮ ਵਿੱਚ ਖੜੇ ਦਾ ਖੜਾ ਹੀ ਰਹਿ ਗਿਆ ਸੀ।
ਉਸ ਦਾ
ਉਸ ਵੇਲੇ ਦਾ ਚਿਹਰਾ ਯਾਦ ਕਰਕੇ ਹੁਣ ਮੈਨੂੰ ਹੋਰ ਵੀ ਜ਼ਿਆਦਾ ਅਫ਼ਸੋਸ ਹੋ ਰਿਹਾ ਸੀ।
ਮੇਰੇ
ਮਨ ਅੰਦਰ ਸਵਾਲ ਤਾਂ ਬਹੁਤ ਸਾਰੇ ਉੱਠ ਰਹੇ ਸਨ ਪਰ,
ਜਵਾਬ
ਨਹੀਂ ਮਿਲ ਰਹੇ ਸਨ।
ਇਹ
ਜਾਣਦਿਆਂ ਹੋਇਆਂ ਵੀ ਕਿ ਉਸ ਦੇ ਪਿਆਰ ਦੀ ਕੋਈ ਮੰਜ਼ਿਲ ਨਹੀਂ,
ਉਸ ਨੇ
ਕਿਉਂ ਪੂਜਾ ਨਾਲ ਕੋਈ ਡੋਰ ਬੰਨ੍ਹਣੀ ਚਾਹੀ;
ਉਹ
ਵਿਆਹ ਵਾਸਤੇ ਕੁੜੀਆਂ ਕਿਉਂ ਦੇਖ ਰਿਹਾ ਸੀ;
ਅਤੇ ਉਸ
ਨੇ ਮੇਰੇ ਨਾਲ ਵੀ ਮਰਨ ਤੋਂ ਪਹਿਲਾਂ ਭੈਣ ਦਾ ਰਿਸ਼ਤਾ ਕਿਉਂ ਬਣਾ ਲਿਆ?
ਇਹ ਸਭ
ਅਤੇ ਕਈ ਹੋਰ ਸਵਾਲ ਮੈਨੂੰ ਤੰਗ ਕਰ ਰਹੇ ਸਨ;
ਜਿੰਨਾ
ਮੈਂ ਸੋਚਦੀ,
ਉਨਾ ਹੀ
ਜ਼ਿਆਦਾ ਜਵਾਬ ਲੱਭਣ ਲਈ ਕਾਹਲੀ ਪੈਂਦੀ।
ਆਪਣੇ
ਆਪ ਨੂੰ ਘਰ ਦੇ ਕੰਮਾਂ ਵਿੱਚ ਉਲਝਾਉਣ ਦੀ ਕੋਸ਼ਿਸ਼ ਤਾਂ ਮੈਂ ਬਹੁਤ ਕੀਤੀ ਪਰ ਕੋਈ
ਫ਼ਾਇਦਾ ਨਹੀਂ ਹੋਇਆ।
ਉਸ ਸ਼ਾਮ
ਨੂੰ ਬਹੁਤ ਦੇਰ ਮੈਂ ਆਪਣੇ ਪਤੀ ਨਾਲ ਵੀ ਉਸੇ ਦੀਆਂ ਗੱਲਾਂ ਹੀ ਕਰਦੀ ਰਹੀ।
ਉਨ੍ਹਾਂ
ਨੂੰ ਵੀ ਮੇਰੇ ਇੱਕ ਕੁਲੀਗ ਦੇ ਇਸ ਤਰ੍ਹਾਂ ਚਲੇ ਜਾਣ ਤੇ ਬਹੁਤ ਅਫ਼ਸੋਸ ਹੋਇਆ।
ਅਗਲੇ
ਦਿਨ,
ਜਦ
ਅਸੀਂ ਗੁਰਦੁਆਰੇ ਪਹੁੰਚੇ,
ਭੋਗ
ਤਕਰੀਬਨ ਪੈ ਹੀ ਗਿਆ ਸੀ ਅਤੇ ਕੀਰਤਨ ਹੋ ਰਿਹਾ ਸੀ।
ਮੱਥਾ
ਟੇਕ ਕੇ ਮੈਂ ਅਤੇ ਪੂਜਾ ਬੈਠ ਗਏ।
ਜ਼ਰਾ
ਇੱਧਰ ਉਧਰ ਦੇਖਿਆ,
ਸਾਡੇ
ਸਕੂਲ ਦੇ ਕੁਝ ਟੀਚਰ ਆਦਮੀਆਂ ਵਾਲੇ ਪਾਸੇ ਬੈਠੇ ਹੋਏ ਸਨ।
ਥੋੜ੍ਹੀ
ਦੇਰ ਬਾਅਦ ਵਿਛੜੀ ਆਤਮਾ ਦੀ ਸ਼ਾਂਤੀ ਲਈ ਅੰਤਿਮ ਅਰਦਾਸ ਹੋਣ ਲੱਗੀ।
‘ਬੱਸ,
ਇਥੋਂ
ਤੱਕ ਹੀ ਹੁੰਦਾ ਹੈ ਸਾਡਾ ਕਿਸੇ ਨਾਲ ਸਬੰਧ?’
ਮੈਂ
ਸੋਚ ਰਹੀ ਸੀ।
ਗੁਰਦੁਆਰੇ ਵਿੱਚੋਂ ਹੌਲੀ ਹੌਲੀ ਬਾਹਰ ਆਉਂਦਿਆਂ,
ਮੈਂ
ਅਤੇ ਪੂਜਾ ਕੁਝ ਦੇਰ ਲਈ ਚੁੱਪ-ਚਾਪ ਖੜੀਆਂ ਰਹੀਆਂ ਅਤੇ ਫਿਰ ਅਸੀਂ ਗਿਆਨੀ ਜੀ ਦੇ
ਪਰਿਵਾਰ ਦੇ ਮੈਂਬਰਾਂ ਨੂੰ ਮਿਲਣ ਗਈਆਂ।
ਉਸ ਦੇ
ਬਜ਼ੁਰਗ ਪਿਤਾ ਦੋਵੇਂ ਹੱਥ ਜੋੜ ਕੇ ਖੜੇ ਸਨ,
ਅਫ਼ਸੋਸ
ਪ੍ਰਗਟਾਉਂਦਿਆਂ ਮੈਂ ਕਿਹਾ ਕਿ ਸਾਨੂੰ ਉਨ੍ਹਾਂ ਦੀ ਬਿਮਾਰੀ ਬਾਰੇ ਬਿਲਕੁਲ ਹੀ ਪਤਾ
ਨਹੀਂ ਸੀ ਅਤੇ ਇਥੋਂ ਤੱਕ ਕਿ ਕੁਝ ਦਿਨ ਪਹਿਲਾਂ ਤਾਂ ਉਨ੍ਹਾਂ ਦੱਸਿਆ ਸੀ ਕਿ ਉਹ
ਵਿਆਹ ਲਈ ਕੋਈ ਕੁੜੀ ਦੇਖਣ ਦਿੱਲੀ ਗਏ ਸਨ।
ਬਜ਼ੁਰਗ
ਸਿਰ ਹਿਲਾ ਕੇ ਕਹਿਣ ਲੱਗੇ, “ਸਾਡਾ
ਖ਼ੁਸ਼ ਰਹਿਣਾ ਪੁੱਤਰ! ਉਸ ਨੂੰ ਪਤਾ ਸੀ ਕਿ ਉਸ ਕੋਲ ਵਕਤ ਬਹੁਤ ਥੋੜ੍ਹਾ ਹੈ।
ਦਿੱਲੀ
ਤਾਂ ਉਹ ਆਪਣੇ ਇਲਾਜ ਲਈ ਆਮ ਹੀ ਜਾਂਦਾ ਰਹਿੰਦਾ ਸੀ,
ਬਹੁਤ
ਵਾਰ ਕਹਿੰਦਾ ਹੁੰਦਾ ਸੀ, ‘ਇਸ
ਵਾਰ ਜ਼ਰੂਰ ਮੈਂ ਆਪਣੀ ਵਹੁਟੀ ਨੂੰ ਨਾਲ ਲੈ ਕੇ ਆਵਾਂਗਾ’,
ਸ਼ਾਇਦ
ਮੌਤ ਨੂੰ ਹੀ ਉਹ ਆਪਣੀ ਵਹੁਟੀ ਸਮਝਦਾ ਸੀ…ਕਹਿੰਦਾ
ਸੀ ਡਾਕਟਰ ਉਸ ਦੇ ਵਿਆਹ ਦਾ ਦਿਨ ਛੇਤੀ ਹੀ ਪੱਕਾ ਕਰ ਦੇਣਗੇ”।
ਇਹ ਸੁਣ
ਕੇ ਅਸੀਂ ਤਾਂ ਦੋਵੇਂ ਹੈਰਾਨ ਹੋ ਇੱਕ ਦੂਜੇ ਨੂੰ ਦੇਖਣ ਲੱਗ ਪਈਆਂ।
ਮੈਨੂੰ
ਹੁਣ ਸਮਝ ਆਈ ਕਿ ਉਹ ਬਾਰ ਬਾਰ ਦਿੱਲੀ ਕਿਉਂ ਜਾਂਦਾ ਸੀ।
ਉਹ ਕੋਈ
ਕੁੜੀ ਨਹੀਂ ਸੀ ਦੇਖਣ ਜਾਂਦਾ,
ਆਪਣੇ
ਇਲਾਜ ਲਈ ਜਾਂਦਾ ਸੀ।
ਮੈਨੂੰ
ਉਸ ਦੀ ਮੌਤ ਦਾ ਅਫ਼ਸੋਸ ਤਾਂ ਹੈ ਹੀ ਸੀ ਪਰ,
ਫਿਰ ਵੀ
ਉਸ ਦੇ ਖ਼ੁਸ਼ ਰਹਿਣੇ ਸੁਭਾਅ ਨੂੰ ਯਾਦ ਕਰਕੇ ਮੇਰੇ ਚਿਹਰੇ ਤੇ ਵੀ ਇੱਕ ਮੁਸਕਾਨ ਆ ਗਈ।
ਜਦੋਂ
ਅਸੀਂ ਸੈਂਡਲ ਪਾਉਣ ਲੱਗੀਆਂ,
ਮੈਨੂੰ
ਕੁਝ ਯਾਦ ਆਇਆ।
ਮੈਂ
ਆਪਣੇ ਪਰਸ ਵਿੱਚ ਹੱਥ ਮਾਰਿਆ ਅਤੇ ਉਹ ਲਿਫ਼ਾਫ਼ਾ ਪੂਜਾ ਦੇ ਹੱਥ ਫੜਾ ਦਿੱਤਾ ਜਿਹੜਾ
ਗਿਆਨੀ ਜੀ ਨੇ ਪੂਜਾ ਨੂੰ ਦੇਣ ਲਈ ਮੈਨੂੰ ਦਿੱਤਾ ਸੀ।
ਅਸੀਂ
ਇੱਕ ਪਾਸੇ ਬੈਂਚ ਤੇ ਬੈਠ ਗਈਆਂ।
ਪੂਜਾ
ਨੇ ਝਕਦਿਆਂ ਹੋਇਆਂ ਲਿਫ਼ਾਫ਼ਾ ਖੋਲ੍ਹਿਆ ਅਤੇ ਪੜ੍ਹਣ ਲੱਗੀ:
“ਪੂਜਾ
ਮੈਡਮ,
ਤੁਸੀਂ
ਕੀ ਸਮਝਦੇ ਓ ਕਿ ਗਿਆਨੀ ਜੀ ਤੋਂ ਛੁਟਕਾਰਾ ਮਿਲ ਗਿਆ?
ਨਾ…ਨਾ…ਬਿਲਕੁਲ
ਨਹੀਂ।
ਸ਼ੇਕਸਪੀਅਰ ਮੁਤਾਬਿਕ,
ਸਾਨੂੰ
ਆਪਣਾ ਰੋਲ ਖ਼ਤਮ ਹੋਣ ਤੇ ਦੁਨੀਆਂ ਦੇ ਰੰਗ-ਮੰਚ ਤੋਂ ਜਾਣਾ ਪੈਂਦਾ ਹੈ।
ਪਰ,
ਕਿਸੇ
ਨਵੇਂ ਰੋਲ ਵਿੱਚ ਅਸੀਂ ਫਿਰ ਇਸੇ ਸਟੇਜ ਤੇ ਵਾਪਸ ਆ ਜਾਂਦੇ ਹਾਂ।
ਮੈਂ
ਤੁਹਾਨੂੰ ਸਿਰਫ਼ ਦੂਰੋਂ ਹੀ ਦੇਖ ਸਕਿਆ ਹਾਂ।
ਤੁਹਾਡੀ
ਪੂਰੀ ਸ਼ਖਸੀਅਤ ਇੰਨੀ ਆਕਰਸ਼ਕ ਹੈ ਕਿ ਮੈਂ ਅਚਨਚੇਤ ਹੀ ਤੁਹਾਡੇ ਵੱਲ ਕਿਸੇ ਅਣਦੇਖੀ
ਡੋਰ ਨਾਲ ਖਿੱਚਿਆ ਜਿਹਾ ਗਿਆ।
ਤੁਸੀਂ
ਤਾਂ ਭਾਵੇਂ ਕਦੀ ਮੇਰੇ ਵੱਲ ਦੇਖਿਆ ਤੱਕ ਨਹੀਂ,
ਪਰ,
ਇਸ
ਇੱਕ-ਤਰਫ਼ਾ ਰਿਸ਼ਤੇ ਨੇ ਵੀ ਮੇਰੇ ਵਰਗੇ ਮੌਤ ਦੇ ਕਰੀਬ ਪਏ ਬੰਦੇ ਨੂੰ ਖੁਸ਼ੀ ਦੇ ਕੁਝ
ਪਲ ਤਾਂ ਦੇ ਹੀ ਦਿੱਤੇ।
ਉਸ ਦਿਨ
ਮੈਂ ਤੁਹਾਨੂੰ ਸਿਰਫ਼ ਇਹੋ ਹੀ ਦੱਸਣਾ ਚਾਹੁੰਦਾ ਸੀ।
ਪਰ
ਤੁਸੀਂ ਮੈਨੂੰ ਕੁਝ ਕਹਿਣ ਦਾ ਮੌਕਾ ਹੀ ਨਹੀਂ ਦਿੱਤਾ।
ਹੋਰ
ਕੋਈ ਗੱਲ ਮੇਰੇ ਮਨ ਵਿੱਚ ਨਹੀਂ ਸੀ।
ਵਕਤ ਦੇ
ਤੇਜ਼ ਦੌੜ ਰਹੇ ਪਹੀਆਂ ਦੀ ਆਵਾਜ਼ ਮੈਨੂੰ ਸਾਫ਼ ਸੁਣਾਈ ਦੇ ਰਹੀ ਸੀ।
ਅੱਜ
ਤੁਹਾਨੂੰ ਅਫ਼ਸੋਸ ਤਾਂ ਜ਼ਰੂਰ ਹੋ ਰਿਹਾ ਹੋਵੇਗਾ ਕਿ ਤੁਸੀਂ ਪਹਿਲਾਂ ਮੇਰੀ ਗੱਲ ਕਿਉਂ
ਨਹੀਂ ਸੁਣੀ।
ਪਰ,
ਫ਼ਿਕਰ
ਨਾ ਕਰੋ –
ਇਸ
ਸਟੇਜ ਤੇ ਮੇਰਾ ਨਵਾਂ ਰੋਲ ਜਲਦੀ ਹੀ ਸ਼ੁਰੂ ਹੋਵੇਗਾ - ਮੈਂ ਫਿਰ ਆਵਾਂਗਾ,
ਆਪਣੀ
ਭੈਣ ਰਾਖੀ ਦਾ ਬੇਟਾ ਜਾਂ ਬੇਟੀ ਬਣਕੇ।
ਜ਼ਰਾ
ਸੋਚੋ ਤਾਂ ਸਹੀ: ਰਾਖੀ ਮੰਮੀ ਅਤੇ ਪੂਜਾ ਮਾਸੀ! ਪਸੰਦ ਆਇਆ?
ਹੁਣ,
ਮੇਰੇ
ਜਾਣ ਦਾ ਅਫ਼ਸੋਸ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਮੈਂ ਫ਼ਿਰ ਮਿਲਾਂਗਾ…ਜਲਦੀ
ਹੀ…ਨਵੇਂ
ਰੂਪ ਵਿੱਚ…ਇੱਕ
ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਰਜਿੰਦਰ
ਸਿੰਘ ਗਿਆਨੀ”
ਐਨਾ
ਅਫ਼ਸੋਸ ਵਾਲਾ ਮੌਕਾ ਹੋਣ ਤੇ ਵੀ ਮੈਂ ਅਤੇ ਪੂਜਾ ਮੁਸਕਰਾਉਣੋਂ ਨਾ ਰਹਿ ਸਕੀਆਂ।
ਗਿਆਨੀ
ਜੀ ਨੇ ਮਰਨ ਤੋਂ ਬਾਅਦ ਵੀ ਸਾਨੂੰ ਆਪਣੇ ਨਾਲ ਇੱਕ ਅਜੀਬ ਜਿਹੇ ਰਿਸ਼ਤੇ ਵਿੱਚ ਬੰਨ੍ਹ
ਲਿਆ ਸੀ।
ਹੁਣ
ਕੋਈ ਸਵਾਲ ਮੈਨੂੰ ਪਰੇਸ਼ਾਨ ਨਹੀਂ ਕਰ ਰਿਹਾ ਸੀ,
ਸਾਰੇ
ਸਵਾਲਾਂ ਦੇ ਜਵਾਬ ਮੈਨੂੰ ਮਿਲ ਗਏ ਸਨ।
*****
email:mkbhatnagar2000@yahoo.co.in
Phone: 905-804-1805
(10 December
2006)