-khfxI-

 

ਗੁਲਮੋਹਰ ਦੇ ਫੁੱਲ

-ਮੂਲ ਲੇਖਕ: ਮਹਿੰਦਰ ਭਟਨਾਗਰ-
ਅੰਗਰੇਜੀ ਤੋਂ ਪੰਜਾਬੀ ਅਨੁਵਾਦ: ਸ੍ਰੀਮਤੀ ਬਰਜਿੰਦਰ ਗੁਲਾਟੀ
 

 

ਦੋ ਸ਼ਬਦ

ਸ੍ਰੀ ਮਹਿੰਦਰ ਭਟਨਾਗਰ ਨੇ 20 ਵਰ੍ਹਿਆਂ ਦੀ ਉੱਮਰ ਤੋਂ ਹੀ ਲਿਖਣਾ ਆਰੰਭ ਕੀਤਾ ਤਾਂ ਬਸ ਲਿਖਣ ਕਾਰਜ ਨੂੰ ਹੀ ਸਮਰਪਿਤ ਹੋ ਗਏ। ਸ੍ਰੀ ਭਟਨਾਗਰ ਅੰਗਰੇਜ਼ੀ ਸਾਹਿਤ ਦੀ ਐਮ.ਏ. ਹਨ ਅਤੇ ਉਹਨਾਂ ਦੀਆਂ ਲਿਖਤਾਂ 'ਦੀ ਟ੍ਰਿਬੀਉਨ (ਅੰਗਰੇਜੀ), ਇੰਡੀਅਨ ਐਕਸਪ੍ਰੈਸ ਅਤੇ ਟਾਈਮਜ਼ ਆਫ਼ ਇੰਡੀਆ ਅਤੇ ਹੋਰ ਮੈਗ਼ਜ਼ੀਨਾਂ ਵਿੱਚ ਅਕਸਰ ਛੱਪਦੀਆਂ ਹੀ ਰਹਿੰਦੀਆਂ ਹਨ। ਉਹਨਾਂ ਨੇ ਟੈਕਸ, ਬੈਂਕ, ਕਾਨੂੰਨ ਅਤੇ ਟੈਕਨੀਕਲ ਐਡੀਟਿੰਗ ਦੇ ਕਾਰਜ-ਖੇਤਰ ਵਿੱਚ ਵੀ ਕੰਮ ਕੀਤਾ ਹੈ ਅਤੇ ਅਮਰੀਕਾ, ਕੈਨੇਡਾ ਅਤੇ ਬਰਤਾਨੀਆ ਘੁੰਮ ਚੁੱਕੇ ਹਨ। ਉਹ 'ਫਰੀਲਾਂਸ' ਲੇਖਕ ਹਨ। ਉਹ ਅਨੁਵਾਦ ਅਤੇ ਸੰਪਾਦਨ ਦਾ ਕਾਰਜ ਵੀ ਕਰਦੇ ਹਨ। ਦਿੱਲੀ ਰਹਿੰਦੇ ਹਨ। ਉਹਨਾਂ ਦਾ ਈ-ਮੇਲ ਪਤਾ  ਅਤੇ ਫੋਨ ਨੰਬਰ ਹੈ: mkbhatnagar2000@yahoo.co.in and contact number : +91-9818377608."

ਹੁਣ ਤੱਕ ਲਿਖਾਰੀ ਵਿੱਚ, ਸ੍ਰੀ ਮਤੀ ਬਰਿਜੰਦਰ ਗੁਲਾਟੀ ਵਲੋਂ, ਉਹਨਾਂ ਦੀਆਂ ਚਾਰ ਅੰਗਰੇਜੀ ਕਹਾਣੀਆਂ ਦੇ ਕੀਤੇ ਪੰਜਾਬੀ ਅਨੁਵਾਦ ਛੱਪੇ  ਚੁੱਕੇ ਹਨ। ਉਹਨਾਂ ਦੀ ਇੱਕ ਹੋਰ ਅੰਗਰੇਜੀ ਕਹਾਣੀ ਦਾ ਪੰਜਾਬੀ ਅਨੁਵਾਦ 'ਗੁਲਮੋਹਰ ਦੇ ਫੁੱਲ', ਲਿਖਾਰੀ ਦੇ ਪਾਠਕਾਂ ਦੇ ਰੂ-ਬ-ਰੂ ਕਰਦਿਆਂ ਪਰਸੰਨਤਾ ਦਾ ਅਨੁਭੱਵ ਕਰ ਰਹੇ ਹਾਂ।--ਲਿਖਾਰੀ

***

ਗੁਲਮੋਹਰ ਦੇ ਫੁੱਲ
-ਮੂਲ ਲੇਖਕ: ਮਹਿੰਦਰ ਭਟਨਾਗਰ-
ਅੰਗਰੇਜੀ ਤੋਂ ਪੰਜਾਬੀ ਅਨੁਵਾਦ: ਸ੍ਰੀਮਤੀ ਬਰਜਿੰਦਰ ਗੁਲਾਟੀ

ਨਵੰਬਰ ਮਹੀਨੇ ਦਾ ਇੱਕ ਧੁੱਪ ਚੜ੍ਹਿਆ ਖੁਸ਼-ਨੁਮਾ ਦਿਨ-ਦਿੱਲੀ ਦੀ ਇੱਕ ਬਹੁਤ ਹੀ ਸੁਹਾਣੀ ਸਵੇਰਮੈਂ ਅਤੇ ਮੇਰੀ ਪਤਨੀ ਸੰਜਨਾ ਸਵੇਰ ਦੀ ਸੈਰ ਕਰਕੇ ਘਰ ਵਾਪਸ ਆਏ ਸੀਆਉਂਦਿਆਂ ਹੀ ਉਹ ਚਾਹ ਬਣਾਉਣ ਲਈ ਰਸੋਈ ਵਿੱਚ ਚਲੀ ਗਈ ਅਤੇ ਮੈਂ ਆਪਣੇ ਦੂਸਰੀ ਮੰਜ਼ਿਲ ਵਾਲੇ ਫਲੈਟ ਦੀ ਬਾਲਕਨੀ ਵਿੱਚ ਅਖ਼ਬਾਰ ਲੈ ਕੇ ਕੁਰਸੀ ਤੇ ਬੈਠ ਗਿਆਸਫ਼ਾਈ ਕਰਨ ਵਾਲੀ ਕੁੜੀ ਨੇ ਹਾਲੇ ਹੋਰ ਘੰਟੇ ਕੁ ਬਾਅਦ ਆਉਣਾ ਸੀ

ਸੰਜਨਾ ਨੇ ਹਾਲ ਕਮਰੇ ਵਿੱਚ ਪਏ ਰੇਡੀਉ ਨੂੰ ਆਨ ਕਰ ਦਿੱਤਾ; ਉਹ ਸਵੇਰ ਵੇਲੇ ਭਜਣ ਸੁਨਣਾ ਚਾਹੁੰਦੀ ਸੀਪਰ ਉਸਨੂੰ ਨਿਰਾਸ਼ਾ ਹੀ ਹੱਥ ਲੱਗੀ ਜਦੋਂ ਰੇਡੀਉ ਵਿੱਚੋਂ ਗਾਣਾ ਗੂੰਜਿਆ: ਯੇਹ ਦੁਨਿਆ ਊਟ ਪਟਾਂਗਾ, ਕਹੀਂ ਹੱਥਗੱਡੀ ਕਹੀਂ ਟਾਂਗਾ…”  ਉਸਦੇ ਮੂਹੋਂ ਹੌਲੀ ਜਿਹੀ ਇੱਕ ਬਦਅਸੀਸ ਨਿਕਲੀ ਅਤੇ ਉਸਨੇ ਦੂਜੇ ਐਫਐਮ ਸਟੇਸ਼ਨ ਲੱਭਣ ਲਈ ਰੇਡੀਉ ਦੇ ਬਟਨ ਘੁਮਾਏਕੁੱਝ ਦੇਰ ਕੋਸ਼ਿਸ਼ ਕਰਣ ਦੇ ਬਾਵਜੂਦ ਕੋਈ ਵੀ ਭਜਣ ਵਾਲਾ ਸਟੇਸ਼ਨ ਨਾ ਲੱਭਾ; ਖਿਝ ਕੇ ਉਸਨੇ ਰੇਡੀਉ ਬੰਦ ਕਰ ਦਿੱਤਾ ਐਨੇਂ ਵਿੱਚ ਹੀ ਚਾਹ ਦੀ ਕੇਤਲੀ ਵੀ ਉੱਬਲ ਗਈ ਅਤੇ ਉਹ ਚਾਹ ਬਨਾਣ ਵਿੱਚ ਰੁੱਝ ਗਈ

ਸੰਜਨਾ ਟਰੇਅ ਵਿੱਚ ਚਾਹ ਦੇ ਦੋ ਕੱਪ ਲੈਕੇ ਬਾਹਰ ਬਾਲਕਨੀ ਵਿੱਚ ਆ ਗਈ ਅਤੇ ਮੇਰੇ ਸਾਹਮਣੇ ਪਈ ਮੇਜ਼ ਤੇ ਰੱਖ ਦਿੱਤੇਕੁਝ ਸਮੇਂ ਤੋਂ ਉਹ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਸੀ ਅਤੇ ਅੱਜਕਲ੍ਹ ਕੁਝ ਹੌਲੀ ਹੌਲੀ ਚੱਲਣ ਲੱਗ ਪਈ ਸੀਮੈਂ ਬੜੀ ਦਿਲਚਸਪੀ ਨਾਲ ਅਖ਼ਬਾਰ ਦੇ ਪਹਿਲੇ ਸਫ਼ੇ ਤੇ ਇੱਕ ਫ਼ੋਨ ਕੰਪਨੀ ਦੇ ਇਸ਼ਤਿਹਾਰ ਨੂੰ ਪੜ੍ਹਣ ਵਿੱਚ ਮਗ਼ਨ ਸੀ ਜਦੋਂ ਸੰਜਨਾ ਨੇ ਖਿਝ ਕੇ ਕਿਹਾ, “ਛੱਡੋ ਵੀ ਅਖ਼ਬਾਰਚਾਹ ਠੰਢੀ ਹੋ ਰਹੀ ਹੈ…,” ਮੇਰਾ ਅਖ਼ਬਾਰ ਪੜ੍ਹਨਾ ਉਸ ਨੂੰ ਕਦੀ ਵੀ ਚੰਗਾ ਨਹੀਂ ਲੱਗਦਾ ਸੀਉਸਨੂੰ ਲਗਦਾ ਸੀ ਜਿਵੇਂ ਮੈਂ ਜਾਣਬੁੱਝ ਕੇ ਉਸ ਵੱਲ ਧਿਆਨ ਨਹੀਂ ਦਿੰਦਾ ਸੀ

 “ਤੁਸੀਂ ਸ਼ੁਰੂ ਕਰੋ ਮੈਡਮ”, ਮੈਂ ਇਸ਼ਤਿਹਾਰ ਤੋਂ ਨਜ਼ਰਾਂ ਹਟਾਏ ਬਿਨਾਂ ਹੀ ਕਿਹਾ

ਤੁਹਾਡੇ ਤੋਂ ਪਹਿਲਾਂ ਮੈਂ ਕਦੀ ਚਾਹ ਪੀਤੀ ਵੀ ਹੈ?” ਉਹ ਬਿਲਕੁਲ ਠੀਕ ਕਹਿ ਰਹੀ ਸੀ; ਉਹ ਹਮੇਸ਼ਾਂ ਮੇਰੇ ਸ਼ੁਰੂ ਕਰਨ ਤੋਂ ਬਾਅਦ ਹੀ ਕੁਝ ਖਾਂਦੀ, ਪੀਂਦੀ ਸੀਉਸ ਦਾ ਮੰਨਣਾ  ਸੀ ਕਿ ਇਸ ਤਰ੍ਹਾਂ ਕਰਕੇ ਉਹ ਇੱਕ ਭਾਰਤੀ ਪਤਨੀ ਹੋਣ ਦਾ ਧਰਮ ਨਿਭਾ ਰਹੀ ਹੈਉਹ ਪੁਰਾਣੇ ਵਿਚਾਰਾਂ ਵਾਲੀ ਔਰਤ ਬਿਲਕੁਲ ਨਹੀਂ ਸੀ; ਉਹ ਇੱਕ ਪੜ੍ਹੇ ਲਿਖੇ ਪਰਿਵਾਰ ਤੋਂ ਸੀ ਅਤੇ ਉਸਨੇ ਇਕੋਨਾਮਿਕਸ ਵਿੱਚ ਐਮ.ਏ ਕੀਤੀ ਸੀਇਹ ਵੱਖਰੀ ਗੱਲ ਸੀ ਕਿ ਉਸਨੇ ਆਪਣੀ ਮਰਜੀ ਨਾਲ ਇੱਕ ਗ੍ਰਹਿਣੀ ਬਨਣਾ ਪਸੰਦ ਕੀਤਾ ਸੀਹਰ ਮਾਮਲੇ ਵਿੱਚ ਉਸ ਦੇ ਆਪਣੇ ਅਲੱਗ ਵਿਚਾਰ ਸਨਖਾਸ ਕਰਕੇ ਸਾਡੇ ਘਰੇਲੂ ਮਾਮਲਿਆਂ ਨੂੰ ਲੈ ਕੇ ਤਾਂ ਉਸ ਦੇ ਵਿਚਾਰ ਅਕਸਰ ਮੇਰੇ ਵਿਚਾਰਾਂ ਨਾਲ ਮੇਲ ਨਾ ਖਾਂਦੇ

ਸੰਜਨਾ ਨੂੰ ਉਡੀਕਦਿਆਂ ਦੇਖ ਮੈਂ ਆਪਣਾ ਕੱਪ ਚੁੱਕਿਆ ਅਤੇ ਇੱਕ ਘੁੱਟ ਭਰ ਕੇ ਵਾਪਸ ਮੇਜ਼ ਤੇ ਰੱਖ ਦਿੱਤਾਉਸ ਨੇ ਆਪਣਾ ਕੱਪ ਹੱਥ ਵਿੱਚ ਫੜਿਆ ਤੇ ਮੇਰਾ ਧਿਆਨ ਆਪਣੇ ਵੱਲ ਖਿੱਚ੍ਹਣ ਲਈ ਦੋ ਜ਼ੋਰਦਾਰ ਘੁੱਟ ਸੜੂਅ ਸੜੂਅ ਕਰ ਕੇ ਪੀਤੇਮੈਂ ਉਸ ਦਾ ਇਸ਼ਾਰਾ ਸਮਝ ਫ਼ੌਰਨ ਅਖ਼ਬਾਰ ਤਹਿ ਲਗਾ ਕੇ ਫ਼ਰਸ਼ ਤੇ ਹੀ ਸੁੱਟ ਦਿੱਤੀ ਨਾਲ ਹੀ ਮੈਨੂੰ ਇਹ ਖਿਆਲ ਵੀ ਆ ਗਿਆ ਕਿ ਉਹ ਮੇਰੇ ਇਸ ਤਰ੍ਹਾਂ ਕਰਨ ਤੇ ਘੂਰੀ ਵੱਟ ਕੇ ਮੇਰੇ ਵੱਲ ਦੇਖੇਗੀਸਫ਼ਾਈ ਪਸੰਦ ਹੋਣ ਕਾਰਨ, ਉਹ ਹਰ ਰੋਜ਼ ਅਖ਼ਬਾਰ ਫ਼ਰਸ਼ ਤੇ ਸੁੱਟਣ ਲਈ ਮੇਰੇ ਨਾਲ ਝਿਕਝਿਕ ਕਰਦੀ ਸੀਉਹ ਵਾਕਿਆ ਹੀ ਇੱਕ ਚੰਗੀ ਗ੍ਰਹਿਣੀ ਸੀ; ਘਰ ਵਿੱਚ ਕਿਤੇ ਵੀ ਜਰਾ ਜਿਹੀ ਗੰਦਗੀ ਲੱਭਣ ਤੇ ਵੀ ਨਹੀਂ ਮਿਲ ਸਕਦੀ ਸੀਸਫ਼ਾਈ ਰੱਬ ਤੋਂ ਦੂਜੇ ਦਰਜੇ ਤੇ ਹੈ’, ਉਸਦਾ ਮੰਨਣਾ ਸੀ

ਮੈਨੂੰ ਬੜਾ ਅਜੀਬ ਲੱਗਾ ਕਿ ਅੱਜ ਉਸ ਨੇ ਮੇਰੀ ਇਸ ਹਰਕਤ ਨੂੰ ਗੌਲਿਆ ਵੀ ਨਹੀਂਉਹ ਇੱਕ ਅੱਧ-ਬਣੇ ਆਲ੍ਹਣੇ ਵੱਲ ਬੜੇ ਹੀ ਧਿਆਨ ਨਾਲ ਦੇਖ ਰਹੀ ਸੀ ਜਿਹੜਾ ਸਾਡੀ ਬਾਲਕਨੀ ਦੇ ਸਾਹਮਣੇ ਵਾਲੇ ਗੁਲਮੋਹਰ ਦੇ ਦਰੱਖਤ ਤੇ ਇੱਕ ਗਲਹਿਰੀ ਬਣਾ ਰਹੀ ਸੀਗੂੜ੍ਹੇ ਲਾਲ ਰੰਗ ਦੇ ਫੁੱਲਾਂ ਨੇ ਦਰਖਤ ਨੂੰ ਇਸ ਤਰ੍ਹਾਂ ਢਕ ਲਿਆ ਸੀ ਕਿ ਹੁਣ ਉਸਦੇ ਹਰੇ ਪੱਤੇ ਵੀ ਪੂਰੀ ਤਰ੍ਹਾਂ ਫੁੱਲਾਂ ਵਿੱਚ ਹੀ ਗੁਆਚ ਗਏ ਸਨਸਾਡੀ ਬਾਲਕਨੀ ਤੋਂ ਗੁਲਮੋਹਰ ਦੇ ਫੁੱਲਾਂ ਦਾ ਨਜ਼ਾਰਾ ਬੜਾ ਹੀ ਦਿਲਕਸ਼ ਸੀਹਵਾ ਵਿਚ ਸ਼ੁਰੂ ਹੋ ਰਹੀ ਠੰਡਕ ਇਸ਼ਾਰਾ ਕਰ ਰਹੀ ਸੀ ਕਿ ਹੁਣ ਸਰਦੀਆਂ ਦਾ ਮੌਸਮ ਦਸਤਕ ਦੇਣ ਲਈ ਤਿਆਰ ਸੀਇਸੇ ਵੇਲੇ ਗਿਲਹਰੀਆਂ ਆਪਣੇ ਆਲ੍ਹਣੇ ਬਨਾਉੰਦਿਆਂ ਹਣ ਅਤੇ ਉਨ੍ਹਾਂ ਵਿੱਚ ਸਰਦੀਆਂ ਲਈ ਖਾਣ ਦਾ ਸਮਾਣ ਇਕੱਠਾ ਕਰਕੇ ਰਖਦੀਆਂ ਹਣ

ਹੂੰਗਲਹਿਰੀ ਦਾ ਆਲ੍ਹਣਾ! ਮੈਂ ਉਸ ਦੀ ਪਸੰਦ ਦਾ ਵਿਸ਼ਾ ਛੇੜਦਿਆਂ ਹੋਇਆਂ ਪੁੱਛਿਆ

ਹਾਂਦੇਖੋ ਤਾਂ ਕਿੰਨੀ ਮਿਹਨਤ ਕਰ ਰਹੀ ਹੈ ਉਹ; ਆਪਣੇ ਛੋਟੇ ਜਿਹੇ ਮੂੰਹ ਵਿੱਚ ਸੁੱਕੇ ਪੱਤੇ ਅਤੇ ਟਹਿਣੀਆਂ ਲੈ ਕੇ ਸੈਂਕੜੇ ਹੀ ਚੱਕਰ ਦਰੱਖਤ ਦੇ ਉਪਰ ਥੱਲੇ ਲਗਾਉਂਦੀ ਹੈਪਰ ਇਸਨੂੰ ਐਨੀਂ ਮਿਹਨਤ ਦੀ ਕੋਈ ਫ਼ਿਕਰ ਨਹੀਂਇਹ ਥੱਕਦੀ ਨਹੀਂ ਹੋਣੀ?” ਉਸ ਹੈਰਾਨ ਹੋ ਪੁੱਛਿਆ

ਉਹ ਇਨਸਾਨ ਨਹੀਂ ਹੈ ਨਾ! ਇਹ ਨਾ ਤਾਂ ਸਾਡੇ ਵਾਂਗ ਅਖ਼ਬਾਰ ਪੜ੍ਹਦੇ ਨੇ ਅਤੇ ਨਾ ਹੀ ਚਾਹ ਪੀਂਦੇ ਨੇ”, ਮੈਂ ਮਖੌਲ ਕਰਦਿਆਂ ਕਿਹਾ

ਤੁਸੀਂ ਮਰਦ ਇਹ ਕਦੀ ਨਹੀਂ ਸਮਝ ਸਕਦੇਪ੍ਰਮਾਤਮਾ ਨੇ ਇਨ੍ਹਾਂ ਨੂੰ ਬਹੁਤ ਤਾਕਤ ਦਿੱਤੀ ਹੋਈ ਐ..ਆਖਿਰ ਮਾਵਾਂ ਨੇ ਇਹ! ਆਪਣੇ ਬੱਚਿਆਂ ਨੂੰ ਜਨਮ ਦੇਣ ਤੋਂ ਬਾਅਦ, ਕਿਸ ਤਰ੍ਹਾਂ ਉਨ੍ਹਾਂ ਦੇ ਛੋਟੇ ਛੋਟੇ ਮੂੰਹਾਂ ਵਿੱਚ ਰੋਟੀ ਪਾਉਂਦੀ ਹੈ; ਜਦ ਤੱਕ ਉਹ ਆਪਣੇ ਜੋਗੇ ਨਹੀਂ ਹੋ ਜਾਂਦੇ, ਕਿਸ ਤਰ੍ਹਾਂ ਉਨ੍ਹਾਂ ਦਾ ਖਿਆਲ ਰੱਖਦੀ ਹੈਪਰ ਉਹੀ ਬੱਚੇ ਇਕ ਵਾਰ ਆਲ੍ਹਣਾ ਛੱਡ ਕੇ ਗਏ ਤਾਂ ਪਰਤ ਕੇ ਕਦੀ ਉਸ ਵੱਲ ਦੇਖਦੇ ਵੀ ਨਹੀਂਅਗਲੇ ਸਾਲ ਫਿਰ, ਇਹ ਸੋਚ ਕੇ ਕਿ ਸ਼ਾਇਦ ਇਸ ਵਾਰ ਬੱਚੇ ਉਸ ਨਾਲ ਹਮੇਸ਼ਾਂ ਲਈ ਇਸ ਆਲ੍ਹਣੇ ਵਿੱਚ ਰਹਿਣ, ਇਹ ਉਹੀ ਸਭ ਦੁਹਰਾਏਗੀਪਰ, ਹੋਵੇਗਾ ਫਿਰ ਉਹੀ ਉਮੀਦ ਦੇ ਉਲਟ ਹੁਣੇ ਤੁਸੀਂ ਕਿਹਾ ਸੀ ਨਾ ਕਿ ਉਹ ਇਨਸਾਨ ਨਹੀਂ ਹਨਚੰਗੀ ਗੱਲ ਹੈ ਕਿ ਉਹ ਇਨਸਾਨ ਨਹੀਂਉਹ ਆਪਣੇ ਦਿਲ ਵਿੱਚ ਕੋਈ ਝੂਠੀਆਂ ਉਮੀਦਾਂ ਤਾਂ ਲਾ ਕੇ ਨਹੀਂ ਬੈਠਣਗੇ”, ਉਹ ਫਿਲਾਸਫ਼ੀ ਦੀਆਂ ਗੱਲਾਂ ਲੈ ਬੈਠੀ ਸੀ

ਮੇਰਾ ਦਿਲ ਕੀਤਾ ਕਿ ਮੈਂ ਉਸ ਦੇ ਵਿਚਾਰਾਂ ਨੂੰ ਮਜ਼ਾਕ ਵਿੱਚ ਉੜਾ ਕੇ ਉਸ ਦਾ ਦਿਲ ਹਲਕਾ ਕਰ ਦਿਆਂ ਪਰ ਉਸ ਦੀਆਂ ਅੱਖਾਂ ਵਿੱਚ ਗੰਭੀਰਤਾ ਦੇਖ ਕੇ ਮੇਰਾ ਜੀਅ ਨਾ ਕੀਤਾ ਕਿ ਮੈਂ ਉਸ ਦੇ ਨਾਜ਼ੁਕ ਖਿਆਲਾਂ ਦੇ ਇਸ ਤਾਣੇ-ਬਾਣੇ ਨੂੰ ਤੋੜਾਂ; ਆਖਿਰ, ਇਹ ਉਸ ਦਾ ਆਪਣਾ ਹੱਕ ਸੀਉਹ ਇੱਕ ਮਾਂ ਸੀ ਜੋ ਮੈਂ ਕਦੀ ਵੀ ਨਹੀਂ ਬਣ ਸਕਦਾ ਸੀਉਸ ਦੇ ਮਨ ਅੰਦਰ ਕੀ ਚੱਲ ਰਿਹਾ ਸੀ, ਮੈਂ ਨਹੀਂ ਜਾਣਦਾ ਸੀ

ਕਿੰਨੇਂ ਸੋਹਣੇ ਵਿਚਾਰ ਨੇ ਤੇਰੇ, ਸੰਜਨਾਂ! ਤੂੰ ਛੋਟੀਆਂ-ਛੋਟੀਆਂ ਗੱਲਾਂ ਬਾਰੇ ਕਿੰਨਾਂ ਸੋਚ ਲੈਂਣੀਂ ਐਂ, ਤੂੰ ਤਾਂ ਹੀਰਾ ਐਂ ਹੀਰਾ ਮੈਂ ਉਸਦੇ ਨਾਜੁਕ-ਜਿਹੇ ਵਿਚਾਰਾਂ ਦਾ ਮੁਕਾਬਲਾ ਨਾ ਕਰ ਸਕਣ ਕਾਰਣ ਹੌਲੀ ਜਿਹੀ ਬੋਲਿਆ

ਮੇਰੇ ਅੱਗੇ ਐਂਨੇ ਭੋਲੇ ਨਾ ਬਣਿਆ ਕਰੋਤੁਸੀਂ ਵੀ ਤਾਂ ਆਪਣੀਆਂ ਜ਼ਿੰਮੇਵਾਰੀਆਂ ਹਮੇਸ਼ਾ ਹੱਸ ਕੇ ਨਿਭ੍ਹਾਈਆਂ ਨੇ; ਤੁਸੀਂ ਆਪਣੀ ਡਯੂਟੀ ਤੋਂ ਕਦੀ ਪਿੱਛੇ ਤਾਂ ਨਹੀਂ ਹਟੇਤੁਸੀਂ ਤਾਂ ਮੇਰੇ ਨਾਲੋਂ ਕਿਤੇ ਉੱਪਰ ਓਂਮੈਂਨੂੰ ਭਲਾ ਬਾਹਰਲੀ ਦੁਨੀਆਂ ਬਾਰੇ ਕੀ ਪਤਾ ਐ ਉਸਨੇ ਮੇਰੀਆਂ ਅੱਖਾਂ ਵਿੱਚ ਝਾਕ ਕੇ ਕਿਹਾਉਹ ਕਦੀ ਸੋਚ ਵੀ ਨਹੀਂ ਸਕਦੀ ਸੀ ਕਿ ਉਹ ਮੇਰੇ ਕੋਲੋਂ - ਯਾਨੀ ਆਪਣੇ ਪਤੀ ਕੋਲੋਂ - ਉੱਪਰ ਹੋ ਸਕਦੀ ਹੈ

ਅਜੇਹੇ ਪਿਆਰੇ ਪਿਆਰੇ, ਛੋਟੇ ਛੋਟੇ ਪਲ ਅਸੀਂ ਇੱਕ ਦੂਸਰੇ ਨਾਲ ਸਾਂਝੇ ਕਰ ਰਹੇ ਸੀ ਜਦੋਂ ਫ਼ੋਨ ਦੀ ਘੰਟੀ ਵੱਜੀ ਮੈਂ ਆਪਣਾ ਚਾਹ ਦਾ ਕੱਪ ਮੇਜ ਤੇ ਛੱਡ, ਅੰਦਰ ਫ਼ੋਨ ਸੁਣਨ ਲਈ ਚਲਾ ਗਿਆ

ਹੈਲੋ, ਪਾਪਾਕੀ ਹਾਲ ਹੈ? ਮੌਮ ਦਾ ਕੀ ਹਾਲ ਹੈ?” ਇਹ ਸਾਡਾ ਬੇਟਾ ਮਨੂ ਟੋਰੌਂਟੋ ਤੋਂ ਫ਼ੋਨ ਕਰ ਰਿਹਾ ਸੀਮੈਂ ਘੜੀ ਦੇਖੀ, ਸਵੇਰ ਦੇ ਸੱਤ ਵੱਜੇ ਸਨ, ਮਤਲਬ ਕਿ ਟੋਰੌਂਟੋ ਵਿੱਚ ਇਸ ਵੇਲੇ ਸ਼ਾਮ ਦੇ ਸਾਢੇ ਅੱਠ ਵੱਜੇ ਸਨ

ਹਾਏ, ਮਨੂ! ਤੇਰੀ ਕੰਮ ਦੀ ਸ਼ਿਫ਼ਟ ਬਦਲ ਗਈ ਹੈ? ਪਹਿਲਾਂ ਤਾਂ ਤੂੰ ਸ਼ਾਮ ਵੇਲੇ ਫ਼ੋਨ ਕਰਦਾ ਹੁੰਦਾ ਸੀ ਮੈਂ ਪੁੱਛਿਆ, ਅੰਦਰੋਂ ਮੈਂ ਥੋੜ੍ਹਾ ਜਿਹਾ ਡਰ ਗਿਆ ਸੀ ਕਿ ਕਿਤੇ ਕੁਝ ਗਲਤ ਨਾ ਸੁਣਨ ਨੂੰ ਮਿਲ ਜਾਵੇ ਕਿਉਂਕਿ ਉਹ ਸਾਨੂੰ ਘੱਟ ਹੀ ਫ਼ੋਨ ਕਰਦਾ ਸੀ; ਉਸ ਨੂੰ ਫ਼ੋਨ ਕਰਨਾ ਤਾਂ ਸਾਡੀ ਹੀ ਡਿਊਟੀ ਸੀਜਦ ਕਦੀ ਵੀ ਉਸ ਨੇ ਫ਼ੋਨ ਕੀਤਾ ਤਾਂ ਸਾਡੇ ਲਈ ਕੋਈ  ਮੁਸੀਬਤ ਹੀ ਆਈਹਰ ਵਾਰ, ਉਹ ਕੋਈ ਨਾ ਕੋਈ ਅਜੇਹੀ ਮੰਗ ਰੱਖਦਾ ਜਿਹੜੀ ਪੂਰੀ ਕਰਨੀ ਸਾਡੇ ਵੱਸ ਤੋਂ ਬਾਹਰ ਹੁੰਦੀ

ਅਸਲ ਵਿੱਚ, ਪਾਪਾ ਮੇਰੀ ਨੌਕਰੀ ਹਟ ਗਈ ਹੈਪਿਛਲੇ ਹਫ਼ਤੇਮੈਂ ਤੁਹਾਨੂੰ ਦੱਸਣਾ ਨਹੀਂ ਚਾਹੁੰਦਾ ਸੀ ਕਿ ਤੁਸੀਂ ਅਤੇ ਮੌਮ ਪਰੇਸ਼ਾਨ ਹੋਵੋਗੇਮੇਰੇ ਸੁਪਰਵਾਈਜ਼ਰ ਨੁੰ ਮੈਂ ਕਦੀ ਵੀ ਚੰਗਾ ਨਹੀਂ ਲੱਗਿਆ ਅਤੇ ਉਹ ਮੈਨੂੰ ਕੰਮ ਤੋਂ ਕੱਢਣ ਲਈ ਬਹਾਨਾ ਹੀ ਉਡੀਕ ਰਿਹਾ ਸੀਮੈਂ ਕਈ ਥਾਵਾਂ ਤੇ ਨੌਕਰੀ ਲਈ ਹੱਥ ਪੈਰ ਮਾਰ ਰਿਹਾ ਹਾਂ ਪਰ ਹਾਲੇ ਤੱਕ ਕਿਤੇ ਵੀ ਗੱਲ ਨਹੀਂ ਬਣੀਇਥੋਂ ਦੇ ਲੋਕ ਸਾਨੂੰ ਇੰਡੀਅਨਜ਼ ਨੂੰ ਪਸੰਦ ਵੀ ਤਾਂ ਨਹੀਂ ਕਰਦੇਹੁਣ ਸਰਦੀਆਂ ਵੀ ਆ ਗਈਆਂ ਨੇ; ਹੁਣ ਤਾਂ ਨੌਕਰੀਆਂ ਹੋਰ ਵੀ ਘੱਟ ਜਾਣਗੀਆਂਇੰਮੀਗ੍ਰੇਸ਼ਨ ਤੋਂ ਪਹਿਲਾਂ ਤਾਂ ਮੈਂ ਸੋਚਿਆ ਵੀ ਨਹੀਂ ਸੀ ਕਿ ਕੈਨੇਡਾ ਇਸ ਤਰ੍ਹਾਂ ਦਾ ਦੇਸ਼ ਹੋਵੇਗਾਮੈਂ ਪੂਰਾ ਹਫ਼ਤਾ ਸੌਂ ਵੀ ਨਹੀਂ ਸਕਿਆਨੌਕਰੀ ਹੋਵੇ ਭਾਵੇਂ ਨਾ ਖਰਚੇ ਤਾਂ ਉਸੇ ਤਰ੍ਹਾਂ ਰਹਿੰਦੇ ਨੇ; ਹਾਲੇ ਕਈ ਪਿਛਲੇ ਬਿੱਲ ਦੇਣ ਵਾਲੇ ਪਏ ਹਨਮੇਰੇ ਕੋਲ ਤਾਂ ਕੋਈ ਪੈਸਾ ਰਹਿ ਨਹੀਂ ਗਿਆ; ਹੁਣ ਤਾਂ ਰੋਟੀ ਖਾਣੀ ਵੀ ਮੁਸ਼ਕਿਲ ਹੋਈ ਪਈ ਹੈਜੇ ਅਗਲੇ ਮਹੀਨੇ ਦੇ ਕਿਰਾਏ ਦਾ ਇੰਤਜ਼ਾਮ ਨਾ ਹੋਇਆ ਤਾਂ ਇਸ ਮਹੀਨੇ ਦੇ ਅਖੀਰ ਤੱਕ ਘਰ ਵੀ ਖਾਲੀ ਕਰਨਾ ਪਵੇਗਾ ਪਰ, ਮੇਰੇ ਕੋਲ ਕੋਈ ਥਾਂ ਵੀ ਨਹੀਂ ਜਿੱਥੇ ਮੈਂ ਚਲਾ ਜਾਵਾਂਮੈਂ ਤਾਂ ਬਹੁਤ ਤੰਗ ਆ ਗਿਆ ਹਾਂਇੰਡੀਆ ਵਾਪਸ ਆਉਣ ਤੋਂ ਬਗੈਰ ਹੋਰ ਕੋਈ ਚਾਰਾ ਨਹੀਂਤੁਹਾਨੂੰ ਮੇਰੇ ਵਾਪਸ ਆਉਣ ਦੀ ਟਿਕਟ ਭੇਜਣੀ ਪਵੇਗੀਪਾਪਾ, ਜਲਦੀ ਕਰਨਾ, ਸਿਰਫ਼ ਦੋ ਹਫ਼ਤੇ ਹੀ ਰਹਿ ਗਏ ਨੇਇਹ ਸਾਰੀ ਗੱਲ ਉਹ ਇੱਕੋ ਸਾਹ ਵਿੱਚ ਮੁਕਾ ਗਿਆ ਤਾਂ ਜੋ ਮੈਨੂੰ ਉਸ ਨੂੰ ਰੋਕਣ ਦਾ ਵੀ ਮੌਕਾ ਨਾ ਮਿਲੇ

ਪਰ, ਮਨੂ, ਇੰਨੀ ਜਲਦੀ ਦਿਲ ਨਾ ਛੱਡਕੈਨੇਡਾ ਜਾ ਕੇ ਕੋਈ ਇਸ ਤਰ੍ਹਾਂ ਵਾਪਸ ਨਹੀਂ ਆਉਂਦਾਕੋਸ਼ਿਸ਼ ਜਾਰੀ ਰੱਖ; ਕੋਈ ਨਾ ਕੋਈ ਹੱਲ ਆਪੇ ਨਿਕਲ ਆਏਗਾ ਇਹ ਵੀ ਤਾਂ ਸੋਚ ਕਿ ਇੱਥੇ ਵਾਪਸ ਆ ਕੇ ਵੀ ਕੀ ਕਰੇਂਗਾ? ਉਥੇ ਤਾਂ ਇਸੇ ਲਈ ਗਿਆ ਸੀ ਨਾ ਕਿ ਇਥੇ ਕੰਮ ਦੇ ਬਹੁਤ ਮੌਕੇ ਨਹੀਂਨਾਲੇ ਫਿਰ ਇੰਨਾ ਸਾਰਾ ਪੈਸਾ, ਟਾਈਮ ਅਤੇ ਮਿਹਨਤ ਬੇਕਾਰ ਹੀ ਜਾਏਗੀਕੁਝ ਦੇਰ ਲਈ ਸਬਰ ਤਾਂ ਕਰ, ਐਵੇਂ ਜਲਦਬਾਜ਼ੀ ਨਾ ਕਰੀਂ ਉਨੀ ਦੇਰ ਜਿਹੜਾ ਵੀ ਛੋਟਾ ਮੋਟਾ ਕੰਮ ਮਿਲਦਾ ਹੈ, ਕਰ ਲੈ ਤਾਂ ਜੋ ਖਰਚਾ ਚੱਲਦਾ ਰਹੇਮੈਂ ਉਸ ਨੂੰ ਬੜੇ ਹੀ ਨਰਮ ਜਿਹੇ ਸ਼ਬਦਾਂ ਵਿੱਚ ਥੋੜ੍ਹੀ ਜਿਹੀ ਮੱਤ ਦਿੰਦਿਆਂ ਕਿਹਾ, ਕਿਉਂਕਿ ਉਸ ਦਾ ਪਾਰਾ ਜ਼ਰਾ ਛੇਤੀ ਹੀ ਚੜ੍ਹ ਜਾਂਦਾ ਹੈ

ਮੈਂ ਹੈਰਾਨ ਸੀ ਕਿ ਕੈਨੇਡਾ ਵਰਗਾ ਦੇਸ਼ ਜਿਸ ਨੂੰ ਲੋਕ ਲੈਂਡ ਆਫ਼ ਅਪਰਚਿਊਨਿਟੀ ਕਹਿੰਦੇ ਨੇ ਮੇਰੇ ਨਲਾਇਕ ਪੁੱਤਰ ਨੂੰ ਰਾਸ ਨਹੀਂ ਆ ਰਿਹਾ ਸੀ

ਤਾਂ ਫਿਰ, ਪਾਪਾ, ਤੁਹਾਨੂੰ ਪੈਸੇ ਭੇਜਣੇ ਪੈਣਗੇਮੇਰੇ ਤੋਂ ਹੋਰ ਕਿਰਾਏ ਤੇ ਨਹੀਂ ਰਿਹਾ ਜਾਂਦਾ; ਇਥੇ ਕਿਰਾਏ ਅਸਮਾਨ ਨੂੰ ਛੁਹ ਰਹੇ ਹਨ ਮੈਨੂੰ ਆਪਣਾ ਘਰ ਚਾਹੀਦਾ ਐਘਰ ਖਰੀਦਣ ਲਈ ਸ਼ੁਰੂ ਵਿੱਚ ਪੰਜਾਹ ਕੁ ਹਜ਼ਾਰ ਡਾਲਰ ਦੇਣੇ ਪੈਂਦੇ ਨੇ; ਮਹੀਨੇਵਾਰ ਕਿਸ਼ਤਾਂ ਤਾਂ ਮੈਂ ਔਖੇ ਸੌਖੇ ਮੈਨੇਜ ਕਰ ਲਵਾਂਗਾ…” ਉਹ ਮੈਨੂੰ ਆਪਣੀਆਂ ਗੱਲਾਂ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਿਹਾ ਸੀ

ਕਿਹੜੀਆਂ ਗੱਲਾਂ ਕਰ ਰਿਹਾ ਐਂ ਤੂੰ, ਮਨੂ? ਐਨਾ ਪੈਸਾ ਮੈਂ ਕਿੱਥੋਂ ਲਿਆਵਾਂਗਾਮਤਲਬ ਵੀਹ ਲੱਖ ਰੁਪਏ? ਤੈਨੂੰ ਕੈਨੇਡਾ ਭੇਜਣ ਲਈ ਮੈਂ ਪਹਿਲਾਂ ਹੀ ਆਪਣਾ ਸਾਰਾ ਪੈਸਾ ਖਰਚ ਚੁੱਕਾ ਹਾਂਇਥੇ ਮੈਂ ਅਤੇ ਤੇਰੇ ਮੰਮੀ ਸੋਚ ਰਹੇ ਹਾਂ ਕਿ ਤੂੰ ਬੜਾ ਚੰਗਾ ਸੈਂਟ ਹੋ ਗਿਆ ਹੋਵੇਂਗਾ ਅਤੇ ਹੁਣ ਸਾਨੂੰ ਵੀ ਉਥੇ ਬੁਲਾ ਭੇਜੇਂਗਾਪਰ, ਦੋ ਸਾਲ ਉਥੇ ਰਹਿਣ ਤੋਂ ਬਾਅਦ ਵੀ ਤੂੰ ਹਾਲੇ ਮੇਰੇ ਹੀ ਮੋਢਿਆਂ ਤੇ ਬੈਠਾ ਐਂ; ਤੂੰ ਆਪਣੇ ਪੈਰਾਂ ਤੇ ਕਦੋਂ ਖੜਾ ਹੋਵੇਂਗਾ?”, ਹੁਣ ਮੈਨੂੰ ਖਿਝ ਆ ਰਹੀ ਸੀ

ਪਾਪਾ, ਮੇਰੀ ਗੱਲ ਸੁਣੋਇੱਕ ਆਈਡੀਆ ਹੈਤੁਸੀਂ ਪਹਿਲਾਂ ਵੀ ਮੇਰੇ ਤੇ ਬਹੁਤ ਪੈਸੇ ਖਰਚ ਚੁੱਕੇ ਓਤੁਹਾਡਾ ਵੀ ਕੈਨੇਡਾ ਆਉਣ ਨੂੰ ਜੀਅ ਐ; ਮੈਂ ਵੀ ਚਾਹੁੰਦਾ ਹਾਂ ਕਿ ਤੁਸੀਂ ਦੋਵੇਂ ਇੱਥੇ ਆ ਜਾਓਆਖਿਰ, ਮੈਂ ਤੁਹਾਡਾ ਇੱਕੋ ਇੱਕ ਬੱਚਾ ਹਾਂ ਜੇ ਮੈਂ ਘਰ ਖਰੀਦ ਲਵਾਂ ਤਾਂ ਆਪਾਂ ਸਾਰੇ ਇਕੱਠੇ ਰਹਿ ਸਕਾਂਗੇਤੁਸੀਂ ਇੰਜ ਕਿਉਂ ਨਹੀਂ ਕਰਦੇ, ਦਿੱਲੀ ਵਾਲਾ ਫਲੈਟ ਵੇਚ ਕੇ ਪੈਸੇ ਮੈਨੂੰ ਭੇਜ ਦਿਓ? ਬਾਅਦ ਵਿੱਚ, ਤੁਸੀਂ ਦੋਵੇਂ ਵੀ ਇੱਥੇ ਆ ਜਾਓ

ਮੈਨੂੰ ਪਤਾ ਸੀ ਕਿ ਉਹ ਮੇਰੇ ਕੋਲੋਂ ਪੈਸੇ ਕਢਵਾਉਣ ਲਈ ਗੱਲਾਂ ਬਣਾ ਰਿਹਾ ਹੈ ਅਤੇ ਚਾਹੁੰਦਾ ਹੈ ਕਿ ਸਿਰ ਤੇ ਜਿਹੜੀ ਛੱਤ ਰਹਿ ਗਈ ਹੈ ਉਹ ਵੀ ਮੈਂ ਵੇਚ ਦਿਆਂਇੱਕ ਵਾਰ ਪੈਸੇ ਮਿਲੇ ਨਹੀਂ ਤਾਂ ਕੌਣ ਮਾਂ ਤੇ ਕੌਣ ਪਿਓ! ਗੁੱਸੇ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਵਿੱਚ, ਮੈਂ ਕਚੀਚੀਆਂ ਵੱਟ ਰਿਹਾ ਸੀ

ਮੈਨੂੰ ਤਾਂ ਨਹੀਂ ਲੱਗਦਾ ਕਿ ਮੈਂ ਇਸ ਤਰ੍ਹਾਂ ਕਰ ਸਕਾਂਗਾਚੱਲ, ਫਿਰ ਵੀ ਮੈਂ ਤੇਰੀ ਮੰਮੀ ਨਾਲ ਗੱਲ ਕਰਾਂਗਾਮੈਨੂੰ ਬਾਅਦ ਵਿੱਚ ਫ਼ੋਨ ਕਰੀਂਮੈਂ ਥੋੜ੍ਹਾ ਹੋਰ ਵਕਤ ਟਪਾਉਣਾ ਚਾਹੁੰਦਾ ਸੀ ਹਾਲਾਂਕਿ ਮੈਂ ਜਾਣਦਾ ਸੀ ਕਿ ਸੰਜਨਾ ਇਹੋ ਜਿਹਾ ਕਰਨ ਲਈ ਕਦੀ ਵੀ ਹਾਮੀ ਨਹੀਂ ਭਰਨ ਲੱਗੀ

ਪਾਪਾ, ਮੈਂ ਕਲ੍ਹ ਸਵੇਰੇ ਫਿਰ ਫ਼ੋਨ ਕਰਾਂਗਾਮੇਰਾ ਮਤਲਬ ਹੈ ਤੁਹਾਡੀ ਸ਼ਾਮ ਨੂੰ…” ਕਹਿ ਉਸ ਨੇ ਫ਼ੋਨ ਬੰਦ ਕਰ ਦਿੱਤਾ

ਮੈਂ ਬਾਲਕਨੀ ਵਿੱਚ ਭਾਰੀ ਕਦਮ ਰੱਖਦਾ ਹੋਇਆ ਵਾਪਸ ਆਇਆਸੰਜਨਾ ਹਾਲੇ ਵੀ ਉਸ ਆਲ੍ਹਣੇ ਨੂੰ ਹੀ ਨਿਹਾਰ ਰਹੀ ਸੀਉਸ ਪੁੱਛਿਆ ਕਿ ਕਿਸ ਦਾ ਫ਼ੋਨ ਸੀ, ਮੈਂ ਸਾਰੀ ਗੱਲ ਉਸ ਨੁੰ ਸੁਣਾ ਦਿੱਤੀ

ਮੈਨੂੰ ਤਾਂ ਪਹਿਲਾਂ ਹੀ ਪਤਾ ਹੈ ਕਿ ਉਹ ਕਿਸ ਤਰ੍ਹਾਂ ਦਾ ਹੈਤੁਹਾਨੂੰ ਯਾਦ ਐ ਨਾ ਉਹ ਹਮੇਸ਼ਾਂ ਹੀ ਕਿਵੇਂ ਸਾਡੇ ਜਜ਼ਬਾਤ ਨਾਲ ਖੇਡਦਾ ਰਿਹਾ ਹੈਸਾਡਾ ਇੱਕੋ ਹੀ ਬੱਚਾ ਹੋਣ ਦਾ ਉਸ ਨੇ ਹਮੇਸ਼ਾਂ  ਨਜਾਇਜ਼ ਫ਼ਾਇਦਾ ਉਠਾਇਆ ਹੈਹਾਲਾਂਕਿ ਉਹ ਪੜ੍ਹਾਈ ਵਿੱਚ ਵੀ ਚੰਗਾ ਨਹੀਂ ਸੀ, ਪਰ ਸਾਨੂੰ ਦਿਖਾਉਣ ਵਾਸਤੇ ਆਪਣੇ ਗਰੇਡ ਵੀ ਬਦਲਾ ਲੈਂਦਾ ਸੀਸਾਡੇ ਕੋਲੋਂ ਪੈਸੇ ਕਢਵਾਉਣ ਲਈ ਕਿਹੋ ਕਿਹੋ ਜਿਹੀਆਂ ਹਰਕਤਾਂ ਕਰਦਾ ਰਿਹਾ ਹੈਸਾਡੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੇ ਆਪਣੀ ਪੜ੍ਹਾਈ ਤੱਕ ਵੀ ਖਤਮ ਨਹੀਂ ਕੀਤੀਕਿੰਨੇ ਸੁਹਣੇ ਸੁਪਨੇ ਸਜਾਈ ਬੈਠੇ ਸੀ ਅਸੀਂ ਉਸ ਦੇ ਸੁਨਹਿਰੇ ਭਵਿੱਖ ਲਈ! ਕਹਿ ਉਸ ਇੱਕ ਆਹ ਭਰੀ

ਇੱਕ ਲੰਬਾ ਸਾਹ ਭਰ, ਉਹ ਫਿਰ ਕਹਿਣ ਲੱਗੀ, “ਪਤਾ ਨਹੀਂ ਸਾਡੇ ਤੋਂ ਕਿੱਥੇ ਗਲਤੀ ਹੋ ਗਈ ਉਸ ਲਈ, ਕੀ ਨਹੀਂ ਕੀਤਾ ਅਸੀਂ? ਮੈਂ ਸੋਚਦੀ ਸੀ ਕਿ ਇੱਕ ਵਾਰ ਕੈਨੇਡਾ ਚਲਾ ਜਾਏਗਾ ਤਾਂ ਆਪਣੇ ਆਪ ਜੋਗਾ ਹੋ ਹੀ ਜਾਏਗਾ, ਫਿਰ, ਅਸੀਂ ਵੀ ਸ਼ਾਂਤੀ ਨਾਲ ਰਹਿ ਸਕਾਂਗੇ ਤੁਹਾਡਾ ਸਾਰਾ ਪਰੌਵੀਡੈਂਟ ਫ਼ੰਡ ਖਰਚ ਹੋ ਗਿਆ ਹੈ ਉਸ ਦੀ ਇੰਮੀਗ੍ਰੇਸ਼ਨ ਵਿੱਚਇਸ ਮੁੰਡੇ ਨੇ ਤਾਂ ਸਾਨੂੰ ਬਰਬਾਦ ਕਰ ਦਿੱਤਾ ਹੈਹੁਣ, ਜਿਹੜੀ ਇਹ ਛੱਤ ਸਾਡੇ ਸਿਰ ਜੋਗੀ ਰਹਿ ਗਈ ਹੈ ਇਹਨੂੰ ਵੀ ਵਿਕਵਾਉਣਾ ਚਾਹੁੰਦਾ ਹੈਇਸ ਛੋਟੇ ਜਿਹੇ ਫਲੈਟ ਨੂੰ ਖਰੀਦਣ ਲਈ ਤੁਹਾਡੀ ਸਾਰੀ ਉਮਰ ਲੰਘ ਗਈ; ਮਨੂ ਨੂੰ ਉਸ ਉਮਰ ਭਰ ਦੀ ਮਿਹਨਤ ਦਾ ਕੀ ਪਤਾਮੇਰੇ ਕੋਲੋਂ ਭਾਵੇਂ ਲਿਖਾ ਲਵੋ, ਅੱਜ ਜੇ ਅਸੀਂ ਉਸ ਨੁੰ ਪੈਸੇ ਦੇ ਵੀ ਦੇਈਏ ਤਾਂ ਵੀ ਉਹ ਸਾਨੂੰ ਕੈਨੇਡਾ ਨਹੀਂ ਬੁਲਾਉਣ ਲੱਗਾ! ਇਹ ਤਾਂ ਸਿਰਫ਼ ਉਸ ਦੀ ਚਾਲ ਹੈ ਬੜਾ ਧੋਖੇਬਾਜ਼ ਹੈ ਉਹਉਹ ਤਾਂ ਇੱਲ ਦੀ ਤਰ੍ਹਾਂ ਸਾਡਾ ਮਾਸ ਨੋਚ ਰਿਹਾ ਹੈਮਾਪੇ ਕਿੰਨੇ ਖ਼ੁਸ਼ ਹੁੰਦੇ ਨੇ ਕਿ ਸਾਡੇ ਘਰ ਪੁੱਤਰ ਪੈਦਾ ਹੋਇਆ ਐਪਰ ਦੇਖ ਲਓ ਪੁੱਤਰ ਆਪਣੇ ਮਾਂ-ਪਿਓ ਦੇ ਸਿਰ ਕੀ ਸੁਆਹ ਪਾਉਂਦੇ ਨੇ! ਸੰਜਨਾ ਦਾ ਦਿਲ ਰੋ ਰਿਹਾ ਸੀ, ਉਹ ਬਹੁਤ ਹੀ ਦੁਖੀ ਹੋ ਗਈ ਸੀ

ਆਪਣੇ ਇਸ ਫਲੈਟ ਨੂੰ ਸੰਜਨਾ ਛੋਟਾ ਜਿਹਾ ਆਲ੍ਹਣਾ ਕਹਿੰਦੀ ਸੀ ਅਤੇ ਇਸ ਬਾਰੇ ਉਹ ਬਹੁਤ ਭਾਵੁਕ ਹੋ ਜਾਂਦੀ ਸੀਮਨੂ ਦੀਆਂ ਗਲਤ ਹਰਕਤਾਂ ਤੋਂ ਉਹ ਵੀ ਤੰਗ ਆ ਚੁੱਕੀ ਸੀਉਸ ਦੀਆਂ ਅੱਖਾਂ ਭਰ ਆਈਆਂ ਕਿਉਂਕਿ ਅੱਜ, ਮਨੂ ਨੇ ਉਸ ਦਾ ਆਲ੍ਹਣਾ ਉਸ ਤੋਂ ਖੋਹਣਾ ਚਾਹਿਆ ਸੀਉਹ ਰੋਣ ਲੱਗੀ

ਕਿੰਨੀ ਸੁਹਣੀ ਹੋਈ ਸੀ ਦਿਨ ਦੀ ਸ਼ੁਰੂਆਤ; ਤਾਂਘ ਭਰੀਆਂ ਨਜ਼ਰਾਂ ਨਾਲ ਉਹ ਗਲਹਿਰੀ ਦੇ ਆਲ੍ਹਣੇ ਵੱਲ ਦੇਖ ਰਹੀ ਸੀ ਪਰ ਮਨੂ ਦੇ ਇੱਕ ਫ਼ੋਨ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ ਨਵੰਬਰ ਮਹੀਨੇ ਦੀ ਉਹੀ ਸੁਹਣੀ ਸਵੇਰ ਸੀ, ਉਹੀ ਗੁਲਮੋਹਰ ਦੇ ਲਾਲ ਫੁੱਲਪਰ ਹੁਣ ਸੰਜਨਾ ਦੇ ਟੁੱਟੇ ਦਿਲ ਦਾ ਲਾਲ ਰੰਗ ਫੁੱਲਾਂ ਦਾ ਮੂੰਹ ਚਿੜਾ ਰਿਹਾ ਸੀ

ਉਹ ਬਹੁਤ ਥੱਕੀ ਥੱਕੀ ਮਹਿਸੂਸ ਕਰਨ ਲੱਗੀ, ਜਿਵੇਂ ਇੱਕ ਪਲ ਵਿੱਚ ਹੀ ਬੁੱਢੀ ਹੋ ਗਈ ਹੋਵੇਮਨੂ ਦੇ ਫ਼ੋਨ ਆਉਣ ਤੋਂ ਪਹਿਲਾਂ ਉਹ ਕਿੰਨੀ ਖੁਸ਼ ਲੱਗ ਰਹੀ ਸੀਜੋੜਾਂ ਦੇ ਦਰਦ ਦਾ ਬਹਾਨਾ ਬਣਾ ਕੇ ਸੰਜਨਾ ਨੇ ਮੈਨੂੰ ਟਰੇਅ ਅਤੇ ਕੱਪ ਚੁੱਕ ਲੈਜਾਣ ਦਾ ਇਸ਼ਾਰਾ ਕੀਤਾ ਅਤੇ ਉਹ ਆਪਣੀ ਕੁਰਸੀ ਵਿੱਚ ਹੋਰ ਧੱਸ ਗਈਹੁਣ ਉਹ ਆਪਣੇ ਖਿਆਲਾਂ ਵਿੱਚ ਡੁੱਬੀ ਹੋਈ ਸੀ ਅਤੇ ਗਿਲਹਿਰੀ ਦੇ ਆਲ੍ਹਣੇ ਵੱਲ ਉਸਦਾ ਧਿਆਣ ਨਹੀਂ ਸੀ

ਘੰਟੇ ਕੁ ਬਾਅਦ ਉੱਠ ਕੇ ਉਹ ਬੈਡਰੂਮ ਚ ਚਲੀ ਗਈ ਅਤੇ ਸਾਰਾ ਦਿਨ ਬਿਸਤਰੇ ਵਿੱਚ ਹੀ ਲੇਟੀ ਰਹੀਅੱਜ, ਉਹ ਦੁਪਹਿਰ ਵੇਲੇ ਖਾਣਾ ਬਣਾਉਣ ਲਈ ਵੀ ਨਾ ਉੱਠੀ ਅਤੇ ਮੈਨੂੰ ਫਰਿੱਜ ਵਿੱਚ ਜੋ ਵੀ ਬਚਿਆ ਖੁਚਿਆ ਪਿਆ ਸੀ, ਉਸ ਨਾਲ ਹੀ ਕੰਮ ਚਲਾਉਣ ਲਈ ਕਹਿ ਦਿੱਤਾ ਮੈਂ ਜਾਣਦਾ ਸੀ ਕਿ ਦਰਦਾਂ ਨਾਲੋਂ ਉਸ ਨੂੰ ਮਨੂ ਦੇ ਫ਼ੋਨ ਨੇ ਜ਼ਿਆਦਾ ਤੰਗ ਕੀਤਾ ਹੋਇਆ ਸੀਅੱਗੇ ਵੀ ਇਸੇ ਤਰ੍ਹਾਂ ਹੀ ਹੁੰਦਾ ਰਿਹਾ ਸੀ, ਜਦ ਵੀ ਉਹ ਮਨੂ ਵੱਲੋਂ ਦੁਖੀ ਹੁੰਦੀ, ਬਸ ਚੁੱਪ-ਚਾਪ ਆਪਣੇ ਹੀ ਵਿਚਾਰਾਂ ਦੇ ਸਮੁੰਦਰ ਵਿੱਚ ਟੁੱਭੀਆਂ ਮਾਰਦੀ ਰਹਿੰਦੀ

ਮੇਰੇ ਕੋਲੋਂ ਸੰਜਨਾ ਦਾ ਦੁਖ ਦੇਖਿਆ ਨਹੀਂ ਜਾ ਰਿਹਾ ਸੀਮੈਂ ਉਸਦਾ ਦੁਖ ਸਾਂਝਾ ਕਰਣਾ ਚਾਹੁੰਦਾ ਸੀ; ਮੇਰਾ ਜੀਅ ਕੀਤਾ ਕਿ ਮੈਂ ਉਸ ਨੂੰ ਧਰਵਾਸ ਦੁਆਵਾਂ ਕਿ ਕੁਝ ਵੀ ਹੋ ਜਾਵੇ, ਉਸ ਦੇ ਇਸ ਪਿਆਰੇ ਜਿਹੇ ਆਲ੍ਹਣੇ ਨੂੰ ਅਸੀਂ ਕਦੀ ਨਹੀਂ ਵੇਚਾਂਗੇਪਰ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਉਸ ਦੇ ਦਿਲ ਨੂੰ ਧੀਰਜ ਦੇਣ ਲਈ ਮੈਂ ਕੀ ਕਰਾਂ, ਮੈਂ ਤਾਂ ਆਪ ਹੀ ਹਿੰਮਤ ਹਾਰੀ ਬੈਠਾ ਸੀ ਮੈਂ ਕੁਝ ਵੀ ਨਾ ਕਿਹਾ ਅਤੇ ਉਸ ਨੂੰ ਉਸ ਦੇ ਆਪਣੇ ਵਿਚਾਰਾਂ ਨਾਲ ਜੂਝਣ ਲਈ ਇਕੱਲਿਆਂ ਹੀ ਛੱਡ ਦਿੱਤਾ

ਮਨੂ ਦੀ ਗੱਲ ਨੂੰ ਆਪਣੇ ਮਨ ਤੋਂ ਦੂਰ ਰੱਖਣ ਦੀ ਕੋਸ਼ਿਸ਼ ਵਿੱਚ ਮੈਂ ਸਾਰਾ ਦਿਨ ਕਦੀ ਅਖ਼ਬਾਰ ਪੜ੍ਹਨ ਅਤੇ ਕਦੀ ਟੀ.ਵੀ. ਦੇਖਣ ਵਿੱਚ ਬਿਤਾਇਆਸੰਜਨਾ ਸਾਰਾ ਸਮਾਂ ਬਿਸਤਰੇ ਵਿੱਚ ਹੀ ਲੇਟੀ ਰਹੀ ਅਤੇ ਕਦੀਂ ਕਦੀਂ ਰੋਂਦੀ ਵੀ ਰਹੀ

ਸ਼ਾਮ ਨੁੰ ਚਾਰ ਕੁ ਵਜੇ ਮੈਂ ਚਾਹ ਬਣਾਈ ਅਤੇ ਸੰਜਨਾ ਨੂੰ ਚਾਹ ਦੇਣ ਲਈ ਬੈਂਡਰੂਮ ਵਿੱਚ ਗਿਆ ਛੱਤ ਵੱਲ ਨਜ਼ਰ ਟਿਕਾਈ ਉਹ ਬਿਸਤਰੇ ਵਿੱਚ ਹੀ ਲੇਟੀ ਹੋਈ ਸੀਜਦ ਮੈਂ ਕੱਪ ਸਾਈਡ ਵਾਲੇ ਮੇਜ਼ ਤੇ ਰੱਖਿਆ, ਉਸ ਨੇ ਮੇਰਾ ਹੱਥ ਫੜ ਲਿਆ ਅਤੇ ਬੜੇ ਹੀ ਪਿਆਰ ਨਾਲ ਮੈਨੂੰ ਬਿਸਤਰੇ ਤੇ ਹੀ ਬੈਠਣ ਲਈ ਕਿਹਾ ਉਹ ਸਿੱਧੀ ਹੋ ਕੇ ਬੈਂਡ ਦੀ ਹੈਂਡ-ਰੈਸਟ ਨਾਲ ਪਿੱਠ ਲਗਾ ਕੇ ਬੈਠ ਗਈ

ਐਵੇਂ ਹਰ ਵੇਲੇ ਫ਼ਿਕਰ ਨਾ ਕਰੀ ਜਾਇਆ ਕਰੋਸਾਰੀ ਉਮਰ ਫ਼ਿਕਰ ਹੀ ਤਾਂ ਕਰਦੇ ਰਹੇ ਹੋਹੁਣ ਅਰਾਮ ਕਰਣ ਦਾ ਵਕਤ ਐ,” ਸੰਜਨਾ ਅਚਾਣਕ ਹੀ ਬੋਲੀਉਸਦੇ ਚੇਹਰੇ ਤੇ ਮੱਧਮ ਜਿਹੀ ਮੁਸਕਾਨ ਸੀ

ਫ਼ਿਕਰ ਤਾਂ ਤੂੰ ਕਰ ਰਹੀ ਐਂ, ਮੈਂ ਨਹੀਂ,” ਮੈਂ ਜਵਾਬ ਦਿੱਤਾ, “ਸਾਰਾ ਦਿਨ ਬਿਸਤਰੇ ਚ ਤਾਂ ਤੂੰ ਪਈ ਰਹੀ ਐਂ

ਤੁਹਾਨੂੰ ਚੰਗਾ ਭਲਾ ਪਤਾ ਐ ਮੇਰੇ ਜੋੜਾਂ ਵਿੱਚ ਦਰਦ ਐ,” ਉਸਨੇ ਸ਼ਰਾਰਤੀ ਲਹਿਜੇ ਵਿੱਚ ਕਿਹਾ, “ਚਲੋ ਛੱਡੋ, ਮਨੂ ਸ਼ਾਮ ਨੂੰ ਫਿਰ ਫ਼ੋਨ ਕਰੇਗਾ, ਤੁਸੀਂ ਕੀ ਫੈਸਲਾ ਕੀਤਾ?” ਉਸ ਦੀ ਆਵਾਜ਼ ਵਿੱਚ ਨਾ ਕੋਈ ਘਬਰਾਹਟ ਸੀ ਅਤੇ ਨਾ ਹੀ ਕਿਸੇ ਕਿਸਮ ਦਾ ਡਰ; ਲੱਗਦਾ ਸੀ ਜਿਵੇਂ ਉਹ ਮਨ ਬਣਾਈ ਬੈਠੀ ਸੀ ਅਤੇ ਮੈਨੂੰ ਸਿਰਫ਼ ਪੁੱਛਣ ਲਈ ਹੀ ਸਵਾਲ ਪੁੱਛ ਰਹੀ ਸੀ

ਫੈਸਲਾ? ਮੈਂ ਕੀ ਫੈਸਲਾ ਕਰਨਾ ਐ, ਸੰਜਨਾ? ਮਨੂ ਤਾਂ ਬੇਵਕੂਫ਼ ਐ; ਅਸੀਂ ਉਸ ਦੀਆਂ ਗੱਲਾਂ ਕਿੰਨੀ ਕੁ ਦੇਰ ਤੱਕ ਮੰਨਦੇ ਰਹਾਂਗੇ? ਹੁਣ ਉਹ ਬੱਚਾ ਤਾਂ ਹੈ ਨਹੀਂ, ਵੱਡਾ ਹੋ ਗਿਆ ਹੈਅਸੀਂ ਉਸ ਨੂੰ ਦੁਨੀਆਂ ਦੇ ਸਭ ਤੋਂ ਵਧੀਆ ਦੇਸ਼ ਵਿੱਚ ਭੇਜਿਆ ਹੈ, ਉਹ ਵੀ ਉਸ ਦੀ ਜ਼ਿਦ ਤੇਹਾਲੇ ਵੀ ਉਹ ਆਪਣੀ ਜ਼ਿੰਦਗੀ ਬਰਬਾਦ ਕਰੀ ਜਾ ਰਿਹਾ ਹੈਹੁਣ, ਵਾਪਸ ਆਉਂਦਾ ਹੈ ਤਾਂ ਆ ਜਾਵੇ, ਮੈਨੂੰ ਕੋਈ ਪਰਵਾਹ ਨਹੀਂ…” ਮੈਂ ਜਵਾਬ ਦਿੱਤਾ

ਮੈਂ ਤੁਹਾਨੂੰ ਮਨੂ ਬਾਰੇ ਨਹੀਂ ਪੁੱਛ ਰਹੀਉਹ ਤਾਂ ਜਿਹੋ ਜਿਹਾ ਹੈ ਮੈਨੂੰ ਪਤਾ ਹੀ  ਐਹਮੇਸ਼ਾਂ ਕੋਈ ਨਾ ਕੋਈ ਮੁਸੀਬਤ ਖੜੀ ਕਰੀ ਰੱਖਦਾ ਐਮੈਂ ਤਾਂ ਤੁਹਾਨੂੰ ਫਲੈਟ ਬਾਰੇ ਪੁੱਛ ਰਹੀ ਹਾਂ”, ਉਹ ਗੱਲ ਸਾਫ਼ ਕਰਦਿਆਂ ਕਹਿਣ ਲੱਗੀ

ਫਲੈਟ ਦਾ ਕੀ? ਇਹ ਤੇਰਾ ਫਲੈਟ ਹੈ ਤੇਰਾ ਆਲ੍ਹਣਾਤੂੰ ਹੀ ਤਿਨਕਾ ਤਿਨਕਾ ਇਕੱਠਾ ਕਰ ਕੇ ਬਣਾਇਆ ਹੈਇਹ ਸਿਰਫ਼ ਇੱਟਾਂ ਮਿੱਟੀ ਦਾ ਮਕਾਨ ਨਹੀਂ, ਇਹ ਤਾਂ ਇੱਕ ਧੜਕਦਾ ਦਿਲ ਹੈ ਜਿਸ ਵਿੱਚ ਤੂੰ ਤੇ ਮੈਂ ਇਕੱਠੇ ਰਹਿੰਦੇ ਹਾਂਤੂੰ ਖੁਦ ਆਪਣੇ ਹੱਥਾਂ ਨਾਲ ਕਿੰਨੀ ਮਿਹਨਤ ਨਾਲ ਇਸ ਨੂੰ ਸਜਾਇਆ, ਸਵਾਰਿਆ ਹੈਇਸ ਨੂੰ ਕਿਵੇਂ ਵੇਚ ਸਕਦੇ ਹਾਂ? ਕੋਈ ਹੋਰ ਇਸ ਘਰ ਦਾ ਮਾਲਕ ਬਣ ਜਾਵੇ, ਇਹ ਤਾਂ ਅਸੀਂ ਸੋਚ ਵੀ ਨਹੀਂ ਸਕਦੇਇਸ ਨੂੰ ਵੇਚਣਾ ਤਾਂ ਜਿਵੇਂ ਆਪਣਾ ਦਿਲ ਵੇਚਣਾ ਹੀ ਹੋ ਗਿਆ ਨਾ…” ਮੈਂ ਗੱਲ ਪੂਰੀ ਨਾ ਕਰ ਸਕਿਆ, ਮੇਰੀਆਂ ਅੱਖਾਂ ਭਰ ਆਈਆਂ

ਉਹ ਦਿਨ ਹੁਣ ਕਿੱਥੇ ਰਹਿ ਗਏਜਦ ਦਾ ਮਨੂ ਨੇ ਇਹ ਘਰ ਵੇਚਣ ਨੂੰ ਕਿਹਾ ਹੈ, ਮੇਰਾ ਤਾਂ ਇਸ ਵਿੱਚ ਰਹਿਣ ਨੂੰ ਜੀਅ ਨਹੀਂ ਕਰਦਾਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਇਹ ਘਰ ਬਿਗਾਨਾ ਜਿਹਾ ਹੋ ਗਿਆ ਹੋਵੇਹੁਣ ਤਾਂ ਇਹ ਮੇਰਾ ਰਿਹਾ ਹੀ ਨਹੀਂਪਰ ਮਨੂ, ਚੰਗਾ ਭਾਵੇਂ ਮਾੜਾ, ਜਿਹੋ ਜਿਹਾ ਵੀ ਸਹੀ, ਹੈ ਤਾਂ ਆਖ਼ਿਰ ਸਾਡਾ ਹੀ ਬੇਟਾਉਸ ਨੁੰ ਜਨਮ ਦਿੱਤਾ ਹੈ ਮੈਂ, ਉਹ ਸਾਡਾ ਦੋਹਾਂ ਦਾ ਹਿੱਸਾ ਹੈਜੇ ਮਨੂ ਮੁਸੀਬਤ ਵਿੱਚ ਹੈ ਤਾਂ ਇਸ ਘਰ ਦਾ ਅਸੀਂ ਕੀ ਕਰਾਂਗੇ? ਆਪਣੇ ਹੀ ਬਾਰੇ ਸੋਚ ਕੇ ਇਸ ਮਕਾਨ ਨਾਲ ਚਿੰਬੜੇ ਰਹਿਣ ਦਾ ਕੀ ਫ਼ਾਇਦਾ ਐਉਹ ਸਾਡਾ ਇੱਕੋ ਇੱਕ ਬੱਚਾ ਹੈ; ਸਾਡੇ ਦੋਹਾਂ ਤੋਂ ਬਾਅਦ ਵੀ ਤਾਂ ਇਹ ਘਰ ਉਸੇ ਨੂੰ ਹੀ ਮਿਲਣਾ ਹੈਜਦ ਅਸੀਂ ਨਹੀਂ ਰਹਾਂਗੇ ਫਿਰ ਵੀ ਤਾਂ ਉਹ ਇਸ ਘਰ ਨੂੰ ਵੇਚ ਹੀ ਦੇਵੇਗਾਇਸ ਦਾ ਮਤਲਬ ਤਾਂ ਇਹੀ ਹੈ ਨਾ ਕਿ ਇਸ ਦਾ ਵਿਕਣਾ ਅਸੀਂ ਸਿਰਫ਼ ਕੁਝ ਦੇਰ ਪਿੱਛੇ ਹੀ ਪਾ ਸਕਦੇ ਹਾਂ, ਰੋਕ ਤਾਂ ਸਕਦੇ ਨਹੀਂਆਪਣੇ ਬੇਟੇ ਨੂੰ ਵੀ ਗੁਆ ਲਵਾਂਗੇਹੋ ਸਕਦਾ ਹੈ ਕਿ ਉਹ ਸਾਡੇ ਨਾਲ ਨਾਤਾ ਹੀ ਤੋੜ ਲਵੇ ਅਤੇ ਅਸੀਂ ਜੀਊਂਦੇ ਜੀਅ ਉਸ ਦਾ ਮੂੰਹ ਵੀ ਨਾ ਦੇਖ ਸਕੀਏ ਅੱਜ ਸੰਜਨਾ ਆਪਣੇ ਆਲ੍ਹਣੇ ਬਾਰੇ ਜੋ ਕੁਝ ਵੀ ਕਹਿ ਰਹੀ ਸੀ ਉਹ ਉਸ ਦੇ ਪਹਿਲਾਂ ਵਾਲੇ ਖਿਆਲਾਂ ਤੋਂ ਬਿਲਕੁਲ ਉਲਟ ਸੀ

ਪਰ ਸੰਜਨਾ…” ਮੈਂ ਅੱਗੋਂ ਜਵਾਬ ਦੇਣ ਹੀ ਲੱਗਾ ਸੀ ਜਦ ਉਸ ਨੇ ਹੱਥ ਦੇ ਇਸ਼ਾਰੇ ਨਾਲ ਮੈਨੂੰ ਚੁੱਪ ਕਰਾ ਦਿੱਤਾ

ਮੈਨੂੰ ਪਤਾ ਐ ਤੁਸੀਂ ਕੀ ਕਹਿਣਾ ਹੈਇਹੋ ਹੀ ਨਾ ਕਿ ਉਹ ਕਿਸੇ ਮੁਸੀਬਤ ਵਿੱਚ ਨਹੀਂਉਹ ਸਾਨੂੰ ਬੇਵਕੂਫ਼ ਬਣਾ ਰਿਹਾ ਐਉਸਨੇ ਤਾਂ ਸਾਨੂੰ ਸਾਰੀ ਉਮਰ ਧੋਖਾ ਦਿੱਤਾ ਐ, ਅੱਜ ਕੋਈ ਨਵੀਂ ਗੱਲ ਤਾਂ ਹੈ ਨਹੀਂ,” ਫਿਰ ਰੁਕ ਕੇ ਕਹਿਣ ਲੱਗੀ, “ਤੁਸੀਂ ਤਾਂ ਹਮੇਸ਼ਾਂ ਹੀ ਕਹਿੰਦੇ ਹੋ ਕਿ ਤੁਸੀਂ ਬੜੇ ਪ੍ਰੈਕਟੀਕਲ ਆਦਮੀ ਓ ਅਤੇ ਤੁਹਾਡੇ ਲਈ ਭਾਵਨਾਵਾਂ ਦੀ ਕੋਈ ਅਹਿਮੀਅਤ ਹੀ ਨਹੀਂਫਿਰ ਤੁਸੀਂ ਇਸ ਫਲੈਟ ਬਾਰੇ ਐਨਾ ਕਿਉਂ ਸੋਚ ਰਹੇ ਓ? ਇਸ ਨੂੰ ਆਲ੍ਹਣਾ ਤਾਂ ਮੈਂ ਕਹਿੰਦੀ ਰਹੀ ਹਾਂ, ਤੁਸੀਂ ਤਾਂ ਨਹੀਂ

ਤੈਨੂੰ ਅੱਜ ਕੀ ਹੋ ਗਿਆ ਐਤੂੰ ਇਹ ਕੀ ਕਹੀ ਜਾ ਰਹੀ ਐਂ?” ਮੇਰੇ ਕੋਲੋਂ ਬੋਲਣੋਂ ਰਿਹਾ ਨਾ ਗਿਆ

ਤੁਹਾਨੂੰ ਮੇਰੀ ਗੱਲ ਸਮਝ ਨਹੀਂ ਆਈਮਨੂ ਨੇ ਜਦੋਂ ਸਾਨੂੰ ਕੈਨੇਡਾ ਬੁਲਾ ਹੀ ਲੈਣਾ ਐ, ਫਿਰ ਸਾਨੂੰ ਇਸ ਫਲੈਟ ਦੀ ਕੀ ਲੋੜ ਹੈ?” ਉਸ ਨੇ ਗੱਲ ਸਮਝਾਉਣ ਦਾ ਯਤਨ ਕੀਤਾ

ਪਰ, ਜੇ ਅਸੀਂ ਉਸ ਨੂੰ ਸਾਰਾ ਪੈਸਾ ਦੇ ਦਿੰਨੇ ਹਾਂ ਅਤੇ ਉਹ ਸਾਨੂੰ ਫਿਰ ਵੀ ਕੈਨੇਡਾ ਨਹੀਂ ਬੁਲਾਉਂਦਾ?” ਮੈਂ ਉਸ ਦੀ ਦਲੀਲ ਨਾਲ ਸਹਿਮਤ ਨਹੀਂ ਸੀ ਅਤੇ ਇਹ ਵੀ ਜਾਣਦਾ ਸੀ ਕਿ ਇਹ ਫੈਸਲਾ ਉਸ ਨੇ ਆਪਣੀ ਇੱਛਾ ਵਿਰੁੱਧ ਇਹ ਸੋਚ ਕੇ ਲਿਆ ਸੀ ਕਿ ਪਿਓ ਪੁੱਤਰ ਵਿੱਚ ਕੋਈ ਤਕਰਾਰ ਨਾ ਹੋਵੇਉਸ ਦਾ ਦਿਲ ਰੋ ਰਿਹਾ ਸੀ; ਮੈਨੂੰ ਪਤਾ ਸੀ ਕਿ ਮੇਰੀਆਂ ਨਜ਼ਰਾਂ ਬਚਾ ਕੇ ਉਸ ਨੇ ਸਾਰੀ ਰਾਤ ਬਿਸਤਰੇ ਵਿੱਚ ਰੋਂਦੀ ਰਹਿਣਾ ਸੀ

ਬਸ, ਹੁਣ ਬਹੁਤ ਹੋ ਗਿਆ; ਐਵੇਂ ਫਾਲਤੂ ਦੀ ਬਹਿਸ ਨਾ ਕਰਦੇ ਰਿਹਾ ਕਰੋਜਦੋਂ ਸ਼ਾਮ ਨੂੰ ਮਨੂ ਫ਼ੋਨ ਕਰੇਗਾ, ਉਸ ਨਾਲ ਮੈਂ ਆਪੇ ਗੱਲ ਕਰ ਲਵਾਂਗੀਤੁਸੀਂ ਮੁੰਡੇ ਨਾਲ ਐਵੇਂ ਗਰਮ ਹੋ ਜਾਂਦੇ ੳਮੈਂ ਉਸ ਨੂੰ ਕਹਿ ਦੇਣਾ ਹੈ ਕਿ ਉਹ ਉਥੇ ਆਪਣਾ ਘਰ ਖਰੀਦਣ ਦੀ ਤਿਆਰੀ ਕਰੇ ਉਸ ਨੇ ਗੱਲ ਖ਼ਤਮ ਕਰਦਿਆਂ ਕਿਹਾ

ਹੁਣ ਸੰਜਨਾ ਨਾਲ ਹੋਰ ਬਹਿਸ ਕਰਨ ਦਾ ਕੋਈ ਫ਼ਾਇਦਾ ਨਹੀਂ ਸੀਉਸ ਨੇ ਆਪਣਾ ਕੱਪ ਚੁੱਕਿਆ ਅਤੇ ਪਾਣੀ ਵਾਂਗ ਠੰਢੀ ਹੋ ਚੁੱਕੀ ਚਾਹ ਇੱਕ ਘੁੱਟ ਵਿੱਚ ਪੀ ਲਈਫਿਰ, ਬਿਸਤਰੇ ਵਿੱਚੋਂ ਉਂਠੀ ਤੇ ਰਸੋਈ ਦੇ ਕੰਮ ਵਿੱਚ ਲੱਗ ਗਈਉਸ ਦੀਆਂ ਦਰਦਾਂ ਵੀ ਪਤਾ ਨਹੀਂ ਕਿੱਥੇ ਚਲੀਆਂ ਗਈਆਂ; ਹੁਣ, ੳਹ ਬਿਲਕੁਲ ਸ਼ਾਂਤ ਦਿਸ ਰਹੀ ਸੀ

ਰਾਤ ਨੂੰ ਕਾਫ਼ੀ ਦੇਰ ਹੋ ਗਈ ਸੀ ਜਦ ਫ਼ੋਨ ਦੀ ਘੰਟੀ ਵੱਜੀ; ਅਸੀਂ ਟੀ.ਵੀ. ਦੇਖ ਕੇ ਸੌਣ ਲਈ ਲੇਟ ਚੁੱਕੇ ਸੀਸਾਰੀ ਸ਼ਾਮ ਅਸੀਂ ਆਪਸ ਵਿੱਚ ਕੋਈ ਖ਼ਾਸ ਗੱਲ-ਬਾਤ ਨਹੀਂ ਕੀਤੀ ਸੀ; ਸਾਡੇ ਵਿੱਚ ਇੱਕ ਖਿਚਾਅ ਜਿਹਾ ਆ ਗਿਆ ਸੀ ਸੰਜਨਾ ਦੀ ਕੋਸ਼ਿਸ਼ ਸੀ ਕਿ ਮਨੂ ਬਾਰੇ ਕੋਈ ਗੱਲ ਨਾ ਹੀ ਹੋਵੇਉਹ ਬਹੁਤ ਸ਼ਾਂਤ ਲੱਗ ਰਹੀ ਸੀ; ਉਸ ਨੇ ਟੀ.ਵੀ. ਤੇ ਆ ਰਹੀ ਪਿਕਚਰ ਬਾਰੇ ਇੱਕ ਦੋ ਵਾਰ ਕੁਝ ਕਿਹਾ, ਪਰ ਮੇਰੇ ਵੱਲੋਂ ਕੋਈ ਜਵਾਬ ਨਾ ਮਿਲਣ ਤੇ ਉਹ ਵੀ ਚੁੱਪ ਹੀ ਰਹੀ

ਸੰਜਨਾ ਪਹਿਲਾਂ ਹੀ ਕਹਿ ਚੁੱਕੀ ਸੀ ਕਿ ਮਨੂ ਨਾਲ ਉਹ ਆਪ ਗੱਲ ਕਰੇਗੀ, ਇਸ ਲਈ ਮੈਂ ਫ਼ੋਨ ਚੁੱਕਣ ਦੀ ਕੋਸ਼ਿਸ਼ ਵੀ ਨਾ ਕੀਤੀਮੈਂ ਸੁੱਤੇ ਹੋਣ ਦਾ ਬਹਾਨਾ ਕਰ ਲੇਟਿਆ ਰਿਹਾ ਅਤੇ ਉਸ ਦੇ ਹੌਲੀ ਹੌਲੀ ਹਾਲ ਕਮਰੇ ਵਿੱਚ ਫ਼ੋਨ ਵੱਲ ਜਾਣ ਦੀ ਆਵਾਜ਼ ਸੁਣੀ ਮਨੂ ਦੇ ਕੁਝ ਵੀ ਕਹਿਣ ਤੋਂ ਪਹਿਲਾਂ ਹੀ ਸੰਜਨਾ ਨੇ ਬੋਲਣਾ ਸ਼ੁਰੂ ਕਰ ਦਿੱਤਾ

 “ਹਾਂਮਨੂ? ਮੈਨੂੰ ਪਤਾ ਹੈ ਸਵੇਰੇ ਤੇਰੀ ਪਾਪਾ ਨਾਲ ਗੱਲ ਹੋਈ ਸੀਤੈਨੂੰ ਪੈਸੇ ਮਿਲ ਜਾਣਗੇਤੂੰ ਵੀਹ ਲੱਖ ਰੁਪਏ ਕਹੇ ਸਨ ਨਾਹਾਂਹਾਂਜੇ ਇਸ ਮਹੀਨੇ ਦੇ ਅਖੀਰ ਤੱਕ ਨਾ ਹੋ ਸਕਿਆ ਤਾਂ ਅਗਲੇ ਮਹੀਨੇ ਤਾਂ ਹੋ ਹੀ ਜਾਏਗਾਘਰ ਵਿਕਣ ਵਿੱਚ ਵਕਤ ਤਾਂ ਲੱਗ ਹੀ ਜਾਂਦਾ ਐ ਨਾਤੇਰੇ ਪਾਪਾ?…ਤੂੰ ਫ਼ਿਕਰ ਨਾ ਕਰਉਨ੍ਹਾਂ ਨਾਲ ਮੈਂ ਗੱਲ ਕਰ ਲਈ ਐਉਨ੍ਹਾਂ ਨੇ ਜ਼ਿੰਦਗੀ ਵਿੱਚ ਕਦੀ ਮੈਨੂੰ ਨਾਂਹ ਨਹੀਂ ਕੀਤੀਇਸ ਵੇਲੇ ਉਹ ਸੌਂ ਗਏ ਹਨ; ਤੈਨੂੰ ਪਤਾ ਹੀ ਹੈ ਬੇਟਾ, ਕਿ ਬਹੁਤ ਰਾਤ ਹੋ ਗਈ ਹੈ!..ਓ.ਕੇ., ਬਾਏਮੈਂ ਰਿਸੀਵਰ ਰੱਖਣ ਦੀ ਆਵਾਜ਼ ਸੁਣ ਲਈ ਸੀ

ਅਗਲੇ ਦਿਨ, ਸੰਜਨਾ ਸਵੇਰ ਦੀ ਸੈਰ ਇਹ ਕਹਿ ਕੇ ਨਹੀਂ ਗਈ ਕਿ ਉਸ ਦੀਆਂ ਲੱਤਾਂ ਇਜਾਜ਼ਤ ਨਹੀਂ ਦਿੰਦੀਆਂਜਦ ਘੰਟੇ ਕੁ ਬਾਅਦ ਮੈਂ ਵਾਪਸ ਆਇਆ, ਉਹ ਬਾਲਕਨੀ ਵਿੱਚ ਬੈਠੀ ਸੀ ਅਤੇ ਗਲਹਿਰੀ ਨੂੰ ਆਲ੍ਹਣਾ ਬਣਾਉਂਦਿਆਂ ਦੇਖ ਰਹੀ ਸੀਉਸ ਦੀਆਂ ਅੱਖਾਂ ਲਾਲ ਸਣ ਅਤੇ ਸੁੱਜੀਆਂ ਹੋਈਆਂ ਵੀ; ਪਰ ਪੁੱਛਣ ਦੀ ਕੋਈ ਲੋੜ ਨਹੀਂ ਸੀ ਅੱਜ ਗੁਲਮੋਹਰ ਦੇ ਫੁੱਲਾਂ ਦੀ ਲਾਲੀ ਸੰਜਨਾ ਦੀਆਂ ਅੱਖਾਂ ਦੀ ਲਾਲੀ ਅੱਗੇ ਮੱਧਮ ਸੀ

ਕਿੰਨਾ ਠੀਕ ਕਹਿ ਰਹੇ ਸੀ ਤੁਸੀਂ! ਇਹ ਗਲਹਿਰੀਆਂ ਇਨਸਾਨਾਂ ਨਾਲੋਂ ਕਿੰਨੀਆਂ ਅਲੱਗ ਹੁੰਦੀਆਂ ਹਨ ਅਤੇ ਕਿਸਮਤ ਵਾਲੀਆਂ ਵੀਜਦੋਂ ਇਨ੍ਹਾਂ ਦੇ ਬੱਚੇ ਇਨ੍ਹਾਂ ਕੋਲੋਂ ਦੂਰ ਜਾਂਦੇ ਹਨ, ਜਾਣ ਲੱਗਿਆਂ ਉਹ ਆਪਣੇ ਮਾਂ-ਪਿਓ ਕੋਲ ਘੱਟੋ ਘੱਟ ਆਲ੍ਹਣਾ ਤਾਂ ਛੱਡ ਹੀ ਦਿੰਦੇ ਨੇਪਰ, ਇਨਸਾਨ ਕਿੰਨੇ ਜ਼ਾਲਿਮ ਨੇ, ਉਹ ਆਪਣੇ ਮਾਂ-ਪਿਓ ਕੋਲ ਉਨ੍ਹਾਂ ਦੀ ਜ਼ਿੰਦਗੀ ਦੀ ਸ਼ਾਮ ਵੇਲੇ ਇੱਕ ਆਲ੍ਹਣਾ ਤੱਕ ਵੀ ਨਹੀਂ ਰਹਿਣ ਦਿੰਦੇ”, ਉਸ ਨੇ ਸੋਚਦਿਆਂ ਹੋਇਆਂ ਕਿਹਾ

ਹਾਲੇ ਮੈਂ ਅਖ਼ਬਾਰ ਖੋਲ੍ਹੀ ਹੀ ਸੀ ਕਿ ਉਸ ਨੇ ਅਖ਼ਬਾਰ ਮੇਰੇ ਹੱਥੋਂ ਝੱਟ ਦੇਣੀ ਖੋਹ  ਲਈ ਮੈਂ ਹੈਰਾਨ ਸੀ ਕਿਉਂਕਿ ਉਸ ਨੇ ਤਾਂ ਕਦੀ ਵੀ ਅਖ਼ਬਾਰ ਪੜ੍ਹਨ ਵਿੱਚ ਦਿਲਚਸਪੀ ਨਹੀਂ ਦਿਖਾਈ ਸੀਕਈ ਵਾਰ ਜਦੋਂ ਮੈਂ ਸ਼ਹਿਰੋਂ ਬਾਹਰ ਕੁਝ ਦਿਨਾਂ ਦੇ ਟੂਰ ਤੇ ਜਾਂਦਾ, ਤਾਂ ਵਾਪਸ ਆ ਕੇ ਸਾਰੇ ਅਖ਼ਬਾਰ ਉਸੇ ਹੀ ਤਰ੍ਹਾਂ ਰੋਲ ਹੋਏ ਮਿਲਦੇ, ਉਹ ਕਦੀ ਖੋਲ੍ਹਣ ਦੀ ਕੋਸ਼ਿਸ਼ ਵੀ ਨਾ ਕਰਦੀ ਮੇਰੇ ਪੁੱਛਣ ਤੇ ਜਵਾਬ ਮਿਲਦਾ, “ਮੇਰੇ ਕੋਲ ਇਨ੍ਹਾਂ ਅਖ਼ਬਾਰਾਂ ਨੂੰ ਪੜ੍ਹਨ ਨਾਲੋਂ ਜ਼ਿਆਦਾ ਜ਼ਰੂਰੀ ਹੋਰ ਬਹੁਤ ਕੰਮ ਹੈਗੇ ਨੇ

ਅੱਜ, ਉਹ ਅਖ਼ਬਾਰ ਵਿੱਚ ਆਉਣ ਵਾਲੇ ਸੀਨੀਅਰ ਸਿਟੀਜ਼ਨਜ਼ ਹੋਮ ਵਾਲੇ ਕਾਲਮ ਨੂੰ ਪੜ੍ਹਨਾ ਚਾਹੁੰਦੀ ਸੀ

*****

email: mkbhatnagar2000@yahoo.co.in
Phone:+91-9818377608

(13 ਮਈ 2007)

ਮਹਿੰਦਰ ਭਟਨਾਗਰ ਦੀਆਂ 'ਲਿਖਾਰੀ' ਵਚ ਛਪੀਆਂ ਹੋਰ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ>>>>>

 

e-mail:
ਲਿਖਾਰੀ

Likhari


© likhari: Punjabi Likhari Forum-2001-2007