ਇਹ ਨਤਾਸ਼ਾ ਦੀ ਜਿੰਦਗੀ ਵਿੱਚ ਤੀਜਾ
ਮਰਦ ਸੀ, ਦੂਜਾ ਉਹ ਸੀ ਜਿਸ ਨਾਲ ਉਸ ਦਾ ਪਹਿਲਾ ਵਿਆਹ ਹੋਇਆ ਸੀ ਤੇ ਉਸ ਦੀਆਂ
ਭੈੜੀਆਂ ਆਦਤਾਂ ਤੇ ਨਸ਼ਿਆਂ ਦੀ ਲਤ ਕਰਕੇ ਉਸ ਦਾ ਤਲਾਕ ਹੋ ਗਿਆ, ਤੇ ਪਹਿਲਾ ਮਰਦ ਉਹ
ਸੀ ਜਿਸ ਨੂੰ ਉਸ ਨੇ ਪਹਿਲਾ ਪਿਆਰ ਕੀਤਾ ਸੀ। ਉਸ ਦਾ ਪ੍ਰੇਮੀ, ਉਸ ਨੇ ਆਪਣੇ ਸੁਪਨ
ਨੈਣਾਂ
ਵਿੱਚ ਆਪਣੇ ਉਸ ਪ੍ਰੇਮੀ ਨਾਲ ਹੀ ਵਿਆਹ ਦੇ ਖਾਬ ਸੰਜੋਏ ਸੀ ਪਰ ਜਮਾਨੇਂ ਨੇ ਇਹ ਪਿਆਰ
ਤੋੜ ਨਾਂ ਚੜਨ ਦਿੱਤਾ, ਤੇ ਉਸ ਦੀਆਂ ਸਭ ਰੀਝਾਂ, ਉਮੀਦਾਂ ਦੇ ਹਸੀਨ ਸੁਪਨਿਆਂ ਦੀਆਂ
ਕਬਰਾਂ ਦਿਲ ਦੀ ਧਰਾਤਲ ਤੇ ਪੁੱਟ ਦਿੱਤੀਆਂ। ਉਹਨਾਂ ਨੂੰ
ਆਪਸ ਨਾਲੋਂ ਨਿਖੇੜਨ ਲਈ ਜਲਦੀ ਹੀ ਬਿਨਾਂ ਕੁਝ ਸੋਚੇ ਸਮਝੇ ਉਸ ਦਾ ਰਿਸ਼ਤਾ
ਇਕ ਡਰਾਇਵਰ ਨਾਲ ਕਰ ਦਿੱਤਾ ਗਿਆ, ਤੇ ਕੁਝ ਚਿਰ ਬਾਅਦ ਹੀ ਉਸ ਦਾ ਵਿਆਹ ਵੀ
ਏਂਨੀ ਹੀ ਜਲਦੀ ਕੀਤਾ ਗਿਆ। ਜਿੰਨੀ ਜਲਦੀ ਉਸ ਦਾ ਰਿਸ਼ਤਾ।
ਬਸ ਗੱਲ ਉਹਨਾਂ ਦੇ ਪਿਆਰ ਨੂੰ ਤੋੜ ਨਾਂ ਚੜਨ ਦੇਣ ਦੀ ਸੀ। ਮੁਹੱਬਤ ਦੀਆਂ ਸਭ
ਉਸਰੀਆਂ ਕੰਧਾਂ ਢਹਿ ਢੇਰੀ ਹੋ ਗਈਆਂ, ਤੇ ਉਹ ਇੱਕਲੀ ਰਹਿ ਗਈ ਘਰ ਦੀ ਚਾਰ ਦੀਵਾਰੀ
ਵਿੱਚ ਕੈਦ।
ਉਸ ਦੇ ਵਿਆਹ ਵਿੱਚ ਇਕ ਦਿਨ ਬਾਕੀ
ਸੀ, ਤੇ ਉਸ ਨੇ ਇਸ ਅੰਤਲੇ ਦਿਨ ਇਕ ਫੈਆਪਣੇ ਆਪ ਨਾਲ ਕਰ ਲਿਆ। ਪਿਆਰ ਨੂੰ ਪਾਉਣ ਲਈ
ਸ਼ਾਇਦ ਉਸ ਕੋਲ ਇਹੋ ਹੀਲਾ ਬਚਿਆ ਸੀ ਕਿ ਉਹ ਸਵੇਰ ਹੁੰਦੇ ਹੀ ਕਿਧਰੇ ਦੋੜ ਜਾਵੇਗੀ।
ਫਿਰ ਪਤਾ ਨਹੀਂ ਰਾਤ ਉਸ ਦੇ ਮਨ
ਵਿਚ ਕੀ-ਕੀ ਪਿਆ ਚੱਲਦਾ ਰਿਹਾ। ਊਸ ਦੇ ਦਿਲ ਤੇ ਦਿਮਾਗ ਵਿਚ ਇਕ ਮਤ ਹੋਣ ਲਈ ਲੱਖਾਂ
ਵਿਚਾਰ ਆਉਂਦੇ ਰਹੇ। ਕਈ ਜਲਜਲੇ ਉਸ ਦੇ ਅਹਿਸਾਸਾਂ ਤੇ ਸਮਰਿਤੀਆ ਨੂੰ ਝੰਜੋੜ ਗਏ, ਤੇ
ਜਦੋਂ ਉਹ ਸਵੇਰੇ ਉਠੀ ਤਾਂ ਉਸ ਦਾ ਮਨ ਬਿਲਕੁਲ ਸਾਫ ਸੀ ਸਭ ਕੁਝ ਉਸ ਦੇ ਦਿਮਾਗ
ਵਿੱਚੋਂ ਨਿਕਲ ਚੁੱਕਾ ਸੀ, ਤੇ ਉਹ ਫਿਰ ਆਪਣੇ ਧੋਤੇ ਹੋਏ ਵਜੂਦ ਨਾਲ ਇਕ ਆਮ ਲੜਕੀ
ਵਾਂਗ ਉਠੀ ਤੇ ਸ਼ਗਨ ਲਈ ਤਿਆਰ ਹੋ ਗਈ।
ਉਸ ਦਾ ਵਿਆਹ ਬਿਨਾਂ ਕਿਸੇ ਰੁਕਾਵਟ
ਨੇਪਰੇ ਚੜ ਚੁੱਕਾ ਸੀ, ਤੇ ਉਹ ਹੁਣ ਇਕ ਲੜਕੀ ਤੋਂ ਇਕ ਔਰਤ, ਸੰਪੂਰਨ ਔਰਤ ਬਣ ਚੁੱਕੀ
ਸੀ। ਉਸ ਨੇ ਆਪਣੇ ਅਤੀਤ ਨੂੰ ਕਿਸੇ ਡੂੰਘੀ ਖੱਡ ਵਿਚ ਸੁੱਟ ਕੇ ਆਪਣੇ ਹੱਥੀਂ
ਉਸ ਦੀ ਕਬਰ ਬਣਾ ਦਿੱਤੀ। ਹੁਣ ਉਸ ਲਈ ਉਸ ਦਾ ਪਤੀ ਹੀ ਸਭ ਕੁਝ ਸੀ। ਕੁਝ ਦਿਨ ਉਸ ਦੀ
ਜਿੰਦਗੀ ਬੜੀ ਖੁਸ਼ਗਵਾਰ ਗੁਜਰੀ। ਉਹ ਆਪਣੇ ਭਵਿੱਖ ‘ਤੇ ਆਪਣੇ ਅਤੀਤ ਦੀ ਪਰਛਾਈ ਤੱਕ
ਨਹੀਂ ਸੀ ਪੈਣ ਦੇਣਾ ਚਾਹੁੰਦੀ। ਕੁਝ ਦਿਨ ਬਾਅਦ ਉਸ ਨੂੰ ਪਤਾ ਲੱਗਾ ਕਿ ਉਸ ਦਾ ਪਤੀ
ਇਕ ਨਸ਼ਈ ਆਦਮੀ ਏ ਤੇ ਉਸ ਦੇ ਬਾਹਰਲੀਆਂ ਔਰਤਾਂ ਨਾਲ ਵੀ ਸਬੰਧ ਨੇ। ਇਹ ਵੀ ਕੋਈ ਖਾਸੀ
ਗੱਲ ਨਹੀਂ ਸੀ। ਉਹ ਆਪਣੇ ਪਿਆਰ ਦੇ ਜਾਦੂ ਨਾਲ ਉਸ ਨੂੰ ਮੋੜ ਸਕਦੀ ਸੀ ਏਨਾ ਉਸ ਨੂੰ
ਵਿਸਵਾਸ਼ ਸੀ। ਉਸ ਨੇ ਆਪਣੀ ਪਿਆਰ ਦੀ ਆਖਰੀ ਹੱਦ ਤੱਕ ਉਸ ਨੂੰ ਮੁਹੱਬਤ ਕੀਤੀ, ਓਸ
ਦੀਆਂ ਗ੍ਹਾਲਾਂ ਸਹੀਆਂ, ਠੁੱਡੇ ਖਾਦੇ। ਪਰ ਉਹ ਨਸ਼ੇ ਦੀ ਹਾਲਤ ਵਿਚ ਉਸ ਨੂੰ ਬੇਤਹਾਸ਼ਾ
ਕੁੱਟਦਾ ਗਾਲਾਂ ਕੱਢਦਾ, ਜੋ ਉਸ ਦੀ ਬਰਦਾਸ਼ਤ ਦੀ ਹੱਦ ਤੋਂ
ਬਾਹਰ ਹੋ ਚੁੱਕਾ ਸੀ।
ਫਿਰ ਇਕ ਦਿਨ ਉਸ ਨੇ ਆਪਣੀਆਂ ਅਚੇਤ
ਭਾਵਨਾਵਾਂ ਨਾਲ ਇਕ ਹੋਰ ਫੈਸਲਾ ਕੀਤਾ ਤੇ ਅਗਲੇ ਦਿਨ ਉਹ
ਘਰੋਂ ਭੱਜ ਗਈ ਦੂਰ ਕਿੱਤੇ ਆਪਣੇ ਰਿਸ਼ਤੇਦਾਰਾਂ ਕੋਲ। ਤੇ
ਇਕ ਵਾਰ ਫਿਰ ਉਲਝ ਗਈ ਆਪਣੀ ਕਿਸਮਤ ਦੇ ਕੰਡਿਆਲੇ ਕੈਕਟਸ
ਵਿੱਚ । ਆਪਣੇ ਮਾਂ-ਪਿਓ ਕੋਲ ਓਹ ਜਾਣਾ ਨਹੀਂ
ਸੀ ਚਾਹੁੰਦੀ ਜਿਹਨਾਂ ਨੇ ਪਹਿਲਾਂ ਹੀ ਓਸ ਨੂੰ
ਇਸ ਦਲਦਲ ਵਿੱਚ ਧੱਕ ਦਿੱਤਾ ਸੀ । ਉਸ ਨੇ ਸੋਚਿਆ ਸੀ ਕਿ
ਓਸ ਦਾ ਪ੍ਰੇਮੀ ਉਸ ਨੂੰ ਅਪਨਾ ਲਵੇਗਾ ਤੇ ਉਹ ਫਿਰ ਇਕ ਵਾਰ ਖੁਸ਼ਹਾਲ ਜਿੰਦਗੀ ਬਤੀਤ
ਕਰੇਗੀ, ਪਰ ਅਜਿਹਾ ਨਾ ਹੋਇਆ। ਉਸ ਦੇ ਪ੍ਰੇਮੀ ਨੇ ਆਪਣੀ ਪਸੰਦ ਦੀ ਕਿਸੇ ਹੋਰ ਲੜਕੀ
ਨਾਲ ਵਿਆਹ ਰਚਾ ਲਿਆ ਸੀ। ਨਤਾਸ਼ਾ ਜੋ ਉਸ ਨੂੰ ਆਪਣੇ ਸੁਪਨਿਆਂ ਦਾ ਰਾਜ ਕੁਮਾਰ ਆਖਦੀ
ਸੀ ਤੇ ਜਿਸਨੂੰ ਆਪਣੇ ਦਿਲ ਦੇ ਵਿਹੜੇ ਦਾ ਚੰਨ ਸਮਝਦੀ ਸੀ ਹੁਣ ਕਿਸੇ ਹੋਰ ਦੀ ਛੱਤ
ਤੇ ਰੋਸ਼ਨੀ ਪਿਆ ਬਖੇਰਦਾ ਤੇ ਕਿਸੇ ਹੋਰ ਦੇ ਸੁਪਨੇ ਪਿਆ
ਸਜਾਉਣ ਲੱਗਾ ਸੀ। ਨਤਾਸ਼ਾ ਦੇ ਪੱਲੇ ਹੁਣ ਸਿਰਫ ਰੋਣਾ ਸੀ, ਸਿਸਕੀਆਂ ਸਨ। ਉਹ ਕਈ ਵਾਰ
ਸੋਚਦੀ ਕੇ ਕਿਉਂ ਨਾਂ ਉਹ ਵਿਆਹ ਦੇ ਇਕ ਦਿਨ ਪਹਿਲਾਂ
ਭੱਜ ਗਈ। ਕਿਉਂ ਸਭ ਕੁਝ ਭੁੱਲ ਗਈ ਸੀ ਉਹ। ਕਿਉਂ ਧੋਤਾ
ਗਿਆ ਸੀ ਮਨ। ਸ਼ਾਇਦ ਇਸ ਲਈ ਕਿ ਉਸ ਦੇ ਮਾਪਿਆਂ ਦੀ
ਇੱਜਤ, ਪਿਉ ਦੀ ਚਿੱਟੀ ਪੱਗ ਦਾ ਉਸ ਨੂੰ ਖਿਆਲ ਆ ਗਿਆ ਸੀ, ਜਿਸਦੀ ਗੋਦ ਵਿੱਚ ਖੇਡ
ਉਹ ਵੱਡੀ ਹੋਈ ਸੀ। ਉਹ ਆਪਣੀ ਓਸ ਮਾਂ ਨੂੰ ਨਹੀਂ ਸੀ
ਵਿਸਰ ਸਕਦੀ ਜਿਸ ਦੇ ਦੁਪੱਟੇ ਦਾ ਪੱਲੂ ਫੜ ਉਹ ਚੱਲਣਾ ਸਿੱਖੀ ਸੀ। ਆਪਣੇ ਇਸ ਮੋਹ ਲਈ
ਉਸ ਨੇ ਆਪਣਾ ਪਿਆਰ ਗਵਾ ਲਿਆ ਸੀ।
ਸਾਲ ਹੋ ਗਿਆ ਸੀ ਉਸ ਦੇ ਤਲਾਕ
ਨੂੰ। ਗੁੰਮ ਸੁੰਮ ਰਹਿੰਦੀ ਉਹ। ਉਸ ਦੇ ਸੁਪਨਿਆਂ ਦਾ ਰਾਜ ਕੁਮਾਰ ਹੁਣ ਕਿਸੇ ਹੋਰ
ਰਾਜ ਕੁਮਾਰੀ ਨਾਲ ਖੁਸ਼ ਸੀ। ਜਿਸ ਨੇ ਕਦੀ ਉਮਰਾਂ ਸਾਥ ਨਿਭਾਉਣ ਦੇ ਵਾਅਦੇ ਤੇ ਦਾਅਵੇ
ਕੀਤੇ ਸੀ। ਇਕ ਅਦਰਸ਼ ਜੀਵਨ ਦਾ ਜਿਹੜਾ ਸੁਪਨਾ ਉਸ ਨੇ ਸੰਜੋਇਆ ਸੀ ਹੁਣ ਕਦੇ-ਕਦੇ ਉਸ
ਟੁੱਟ ਚੁੱਕੇ ਸੁਪਨੇ ਦੀਆਂ ਚਿਪਰਾਂ ਉਸ ਦੀ ਸੋਚ ਦੇ ਪੈਰਾਂ ‘ਚ ਚੁਭ੍ਹਦੀਆਂ
ਨੇ। ਉਹ ਨਾ ਤਾਂ ਇੱਕ ਚੰਗੀ ਪਤਨੀ ਬਣ ਸਕੀ ਤੇ ਨਾ ਹੀ ਆਪਣੇ ਮਾਂ ਪਿਉ ਦੀਆਂ ਨਜ਼ਰਾਂ
‘ਚ ਚੰਗੀ ਬੇਟੀ। ਉਸ ਦੇ ਹੱਥਾ ਦੀਆਂ ਲਕੀਰਾਂ ਵਿੱਚ
ਗੁੰਝਲਾਂ ਪੈ ਚੁੱਕੀਆਂ ਸਨ।
ਅਜੀਬ ਤਰ੍ਹਾਂ ਦੇ ਗੁੰਝਲ ਸ਼ਾਇਦ ਕਦੀ ਨਾ ਸੁਲਝ ਸਕਣ
ਵਾਲੇ। ਇਹਨਾਂ ਬਿਖਰੇ ਤੇ ਕੰਡਿਆਲੇ ਪੈਂਡਿਆਂ ਤੇ ਕਿਸੇ ਨਾਂ ਕਿਸੇ ਤਰ੍ਹਾਂ ਉਸ ਦੀ
ਜਿੰਦਗੀ ਦਾ ਡਗਮਗਾਂਉਦਾਂ ਸਫਰ ਜਾਰੀ ਏ।
ਤਲਾਕ ਤੋਂ ਬਾਅਦ ਨਤਾਸ਼ਾ ਨੂੰ ਓਸ
ਦਾ ਪਿਓ ਘਰ ਲੈ ਆਇਆ ਸੀ, ਓਸੇ ਡਿਓਢੀ ਰਾਹੀਂ
ਜਿਸ ਡਿਉਢੀ ਰਾਹੀਂ ਓਸ ਨੇ
ਉਸ ਦੀ ਡੋਲੀ ਵਿਦਾ ਕੀਤੀ ਸੀ। ਇਕ ਦਿਨ ਇਤਫਾਕਨ ਨਤਾਸ਼ਾ
ਦੀ ਇਕ ਸਹੇਲੀ ਉਸ ਨੂੰ ਮਿਲੀ, ਖਾਸੀਆਂ ਗੱਲਾਂ ਹੋਈਆਂ
ਤੇ ਉਸ ਨੇ ਆਪਣੀ ਹੱਡ ਬੀਤੀ ਉਸ ਨੂੰ ਸੁਣਾਈ। ਉਸ ਦੀ ਸਹੇਲੀ ਦੀਆਂ ਅੱਖਾਂ ਨਮ ਹੋ
ਗਈਆਂ ਤੇ ਗਚ ਭਰ ਆਇਆ। ਫਿਰ ਉਸ ਦੀ ਸਹੇਲੀ ਨੇ ਉਸ ਲਈ
ਆਪਣੇ ਭਰਾ ਦੇ ਰਿਸ਼ਤੇ ਦੀ ਦੱਸ ਪਾਈ। ਉਸ ਦਾ ਭਰਾ ਕਿਧਰੇ
ਬਾਹਰ ਰਹਿੰਦਾ ਸੀ ਤੇ ਆਪਣੇ ਵਿਆਹ ਦੀ ਉਮਰ ਪੁਗਾ ਚੁੱਕਾ ਸੀ ਤੇ ਨਤਾਸ਼ਾ ਨਾਲੋਂ ਖਾਸੀ
ਵੱਡੀ ਉਮਰ ਦਾ ਸੀ ਗੱਲ ਤੈ ਹੋ ਗਈ ਤੇ ਦੋਹਵਾਂ
ਪਰਿਵਾਰਾਂ ਨੇ ਮਨਜ਼ੂਰੀ ਦੇ ਦਿੱਤੀ। ਉਸ ਨੇ ਸਭ ਕੁਝ
ਆਪਣੀ ਸਹੇਲੀ ਨੂੰ ਪਹਿਲਾਂ ਹੀ ਦੱਸਿਆ ਹੋਇਆ ਸੀ ਤੇ
ਸ਼ਾਇਦ ਉਸ ਦੇ ਇਸ ਨਵੇਂ ਪਤੀ ਤੇ ਸੱਸ ਸਹੁਰੇ ਨੂੰ ਵੀ
ਪਤਾ ਸੀ। ਕੁਝ ਦਿਨ ਲਈ ਫਿਰ ਉਸ ਦੀ ਜਿੰਦਗੀ ਦੀ ਪੱਤਝੜ ‘ਤੇ ਬਹਾਰਾਂ ਵਰਗੇ ਦਿਨ ਛਾ
ਗਏ,
ਚਾਰ ਚੁਫੇਰੇ ਖੁਸ਼ੀਆਂ ਹੀ ਖੁਸ਼ੀਆਂ। ਤੇ ਇਕ ਰਾਤ ਉਹ ਫਿਰ ਇਕ ਨਵੀਂ ਦੁਲਹਣ ਬਣ ਗਈ ਉਸ
ਦੇ ਇਸ ਦੂਜੇ ਪਤੀ ਦੇ ਵੰਸ਼ ਦੇ ਲੱਖਾਂ ਅਣੂ ਉਸ ਦੇ ਜਿਸਮ ਵਿੱਚ ਸਮਾ ਗਏ। ਤੇ ਉਹ ਇਕ
ਵਾਰ ਫਿਰ ਇਕ ਸੰਪੂਰਨ ਔਰਤ ਬਣ ਗਈ। ਉਸ ਦੇ ਮੰਨ ਅੰਦਰ ਹਮੇਸ਼ਾ ਇਕ ਚੰਗੀ ਪਤਨੀ ਇਕ
ਚੰਗੀ ਨੂੰਹ ਤੇ ਇਕ ਚੰਗੀ ਬੇਟੀ ਬਣਨ ਦਾ ਸੁਪਨਾਂ ਪਿਆ ਪਨਪਦਾ ਰਹਿੰਦਾ। ਪਰ ਇਹ
ਸੁਪਨਾ ਜਿਆਦਾ ਦੇਰ ਆਪਣੇ ਰੰਗ ਨਾ ਸੰਭਾਲ ਸਕਿਆ ।
ਕੁਝ ਮਹੀਨੇ ਬਾਅਦ ਹੀ ਉਸ ਦਾ ਪਤੀ
ਬਾਹਰ ਪ੍ਰਦੇਸ਼ ਚਲਾ ਗਿਆ ਤੇ ਫਿਰ ਸ਼ੁਰੂ ਹੋ ਗਿਆ ਉਸ ਦੀ ਜਿੰਦਗੀ ਦਾ ਦੂਜਾ ਮਹਾਂ
ਯੁੱਧ। ਉਸ ਦੀ ਨਨਾਣ ਜਿਹੜੀ ਕਿ ਉਸ ਦੀ ਸਹੇਲੀ ਸੀ ਤੇ ਜਿਸ ਨੇ ਇਹ ਰਿਸਤਾ ਕਰਵਾਇਆ
ਹੁਣ ਉਹੋ ਆਪਣੀ ਮਾਂ ਨਾਲ ਮਿਲ ਕੇ ਉਸ ਨੂੰ ਤਾਹਨੇ ਮਾਰਦੀ ਕੁਲੈਹਣੀ ਆਖਦੀ ਬਦਕਾਰ
ਸਮਝਦੀ। ਤੇ ਕਿਸੇ ਨਾ ਕਿਸੇ ਤਰੀਕੇ ਇਹ ਅਹਿਸਾਸ ਦਵਾਉਂਦੀ
ਕਿ ਉਹਨਾਂ ਨੇ ਉਸ ਨੂੰ ਵਿਆਹ ਕੇ ਉਸ ਤੇ ਬੜਾ ਵੱਡਾ
ਅਹਿਸਾਨ ਕੀਤਾ ਏ। ਉਸ ਨੇ ਆਪਣੇ ਪਤੀ ਨੂੰ ਬੜੇ ਵਾਰੀ ਫੋਨ ਤੇ ਇਹ ਸਭ ਕੁਝ ਦੱਸਿਆ,
ਪਰ ਉਹ ਉਸ ਦਾ ਕੋਈ ਜਵਾਬ ਨਾ ਦਿੰਦਾ ਤੇ ਫੋਨ ਕੱਟ ਦਿੰਦਾ। ਉਸ ਨੂੰ ਫੋਨ ਵੀ ਨਾ
ਕਰਦਾ। ਇਕ ਵਾਰ ਫਿਰ ਓਸ ਨੂੰ ਹੈਵਾਨੀਅਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਦੋ ਸਾਲ
ਤੋ ਵੱਧ ਸਮਾਂ ਬੀਤ ਗਿਆ ਸੀ। ਓਸ ਦੇ ਪਤੀ ਦਾ ਨਾ ਕੋਈ ਓਸਨੂੰ ਪਤਾ ਦੱਸਦਾ ਨਾ
ਟਿਕਾਣਾ। ਨੋਕਰਾਂ ਵਾਂਗੂੰ ਓਸ ਕੋਲੋ ਕੁੱਟ ਕੁੱਟ ਕੇ ਕੰਮ ਲਿਆ ਜਾਣ ਲੱਗਾ। ਉਹ ਹਰ
ਵੇਲੇ ਆਪਣੇ ਆਪ ਨੂੰ ਕੋਸਦੀ ਰਹਿੰਦੀ ਤੇ ਆਖਦੀ ਕੇ ਆਖਿਰ ਉਹ ਇਸ ਦੁਨੀਆਂ ਤੇ ਲੈਣ ਕੀ
ਆਈ ਸੀ। ਉਹ ਕਿੰਨੀ ਦੇਰ ਇਹ ਸਭ ਕੁਝ ਸਹਿਣ ਕਰਦੀ? ਤੇ
ਫਿਰ ਉਸ ਨੇ ਆਪਣੀ ਅਠਾਈ ਪੱਤਝੜਾਂ ਦੀ ਜਿੰਦਗੀ ਵਿੱਚ ਇਕ ਤੀਸਰਾ ਫ਼ੈਸਲਾ ਕੀਤਾ ਤੇ ਉਹ
ਆਪਣਾ ਸਹੁਰਾ ਘਰ ਛੱਡ ਕੇ ਪੇਕੇ ਆ ਗਈ। ਇਕ ਘੁਟਨ ਨੂੰ ਛੱਡ ਦੂਜੀ ਵੱਡੀ ਘੁਟਨ ਵਿੱਚ
ਦਾਖਲ ਹੋ ਗਈ। ਲੋਕ ਆਖਦੇ ''ਇਸ ਨੂੰ ਵੱਸਣ ਦਾ ਚੱਜ ਨਈਂ। ਖਸਮ ਬਦਲਣ ਦਾ ਸ਼ੋਕ ਏ ਇਸ
ਨੂੰ‘‘ ਪਰ ਉਹ ਇਹਨਾ ਗੱਲਾਂ ਦਾ ਜਵਾਬ ਨਾ ਦੇ ਸਕਦੀ ।
ਹੋ ਵੀ ਸਕਦੈ ਕਿ ਜਿੰਦਗੀ ਵਿੱਚ ਉਸ
ਨੇ ਕਈ ਗਲਤ ਫੈਸਲੇ ਲਏ ਹੋਣ
ਪਰ ਉਹਨਾਂ ਫੈਸਲਿਆਂ ਦੀ ਇੰਨੀ ਵੱਡੀ ਸਜਾ ਉਸ ਨੂੰ ਕਿਉਂ
ਮਿਲ ਰਹੀ ਏ?
ਜਦ ਉਹ ਜਨਮੀ ਸੀ ਤਾਂ ਇਕ ਸਧਾਰਣ
ਕੁੜੀ ਸੀ, ਜਦ ਉਹ ਖੇਡੀ-ਪਲੀ ਤੇ ਜਵਾਨ ਹੋਈ ਤਾਂ ਸਧਾਰਣ ਕੁੜੀ ਸੀ। ਫਿਰ ਪਤਾ ਨਹੀਂ
ਇਕ ਦਿਨ ਉਸ ਦੇ ਮੋਟੇ-ਮੋਟੇ ਬਲੋਰੀ ਨੈਣਾਂ ਤੋਂ ਕੀ ਕਸੂਰ ਹੋ ਗਿਆ ਕਿ ਉਸ ਨੂੰ ਇਕ
ਸ਼ੈਲ-ਸ਼ਬੀਲੇ ਗੱਭਰੂ ਨਾਲ ਪਿਆਰ ਹੋ ਗਿਆ। ਇਦੋਂ ਪਹਿਲਾਂ ਕਿ ਉਹ ਆਪਣੇ ਇਹਨਾਂ
ਅਰਮਾਨਾਂ ਨੂੰ ਆਪਣੇ ਚਾਵਾਂ ਨੂੰ ਤੇ ਆਪਣੇ ਪਿਆਰ ਨੂੰ ਰੀਝ ਨਾਲ ਹੰਡਾਂ ਸਕਦੀ ਉਸ ਦੀ
ਜਿੰਦਗੀ ਵਿਚ ਅਜੀਬ ਭਾਣਾ ਵਰਤ ਗਿਆ ਤੇ ਉਹ ਇਹਨਾਂ ਸਮਾਜੀ ਬੰਧਨਾਂ
ਦੀ ਹਨੇਰੀ ਵਲਗਣ ਵਿੱਚ ਅਸਤ ਹੋ ਗਈ।
ਉਸ ਨੇ ਆਪਣੀ ਜਿੰਦਗੀ ਵਿੱਚ ਤਿੰਨ
ਫੈਸਲੇ ਕੀਤੇ ਆਖਰੀ ਉਹ ਫੈਸਲਾ
ਸੀ ਜਦ ਉਹ ਆਪਣੇ ਦੂਜੇ ਪਤੀ ਦੇ ਘਰੋਂ ਪੇਕੇ ਆ ਬੈਠੀ। ਦੂਜਾ ਉਹ ਸੀ ਜਦ ਉਹ
ਆਪਣੇ ਪਹਿਲੇ ਪਤੀ ਦੇ ਘਰੋਂ ਭੱਜ ਗਈ, ਤੇ ਪਹਿਲਾ ਫੈਸਲਾ
ਉਸ ਨੇ ਉਹ ਲਿਆ ਜਿਸ ਨੂੰ ਉਹ ਪੂਰਾ ਨਾ ਕਰ ਸਕੀ।
ਉਸ ਨੂੰ ਹੁਣ ਇੰਝ ਲਗਦਾ ਏ ਕਿ
ਬਾਕੀ ਦੋ ਫੈਸਲੇ ਭਾਵੇਂ ਗਲਤ ਸਨ ਜਾਂ ਠੀਕ, ਪਰ ਪਹਿਲਾ
ਫੈਸਲਾ
ਜਿਹੜਾ ਕਿ ਉਹ ਸੋਚਦੀ ਏ ਕਿ ਸਹੀ ਸੀ ਉਸ ਨੂੰ ਉਹ ਕਿਉਂ ਨਾ ਨਿਭਾ ਸਕੀ।
ਕੀ ਖੱਟਿਆ ਸੀ ਉਸ ਨੇ
ਜਿੰਦਗੀ ਵਿੱਚ । ਵਿਆਹ ਉਸ ਦੀ ਜਿੰਦਗੀ ਦੇ ਸ਼ਬਦ ਕੋਸ਼ ‘ਚ ਹੁਣ ਕੋਈ
ਮਾਅਨੇ ਨਹੀਂ ਸੀ ਰੱਖਦਾ।
ਕਲੀਰੇ ਉਸ ਲਈ ਹੱਥ ਕੜੀਆਂ ਨੇ, ਤੇ ਮਹਿੰਦੀ ਮਹਿਜ ਹੱਥ
ਰੰਗਣ ਦਾ ਜਰੀਆ। ਆਪਣੀ ਹਯਾਤੀ ਦੇ ਕਿੰਨੇ ਸਾਲ ਉਸ ਨੇ ਆਪਣੀ ਅੱਖੀਂ
ਬਰਬਾਦ ਹੁੰਦੇ ਵੇਖੇ ਨੇ। ਹੁਣ ਤਾਂ ਉਸ ਨੂੰ ਸੁਪਨੇ ਵੀ ਪਥਰਾਏ ਜਿਹੇ ਆਉਦੇਂ ਨੇ।
ਉਸਨੂੰ ਇੰਝ ਲਗਦੈ ਜਿਵੇਂ ਨਿਤ ਰਾਤ ਨੂੰ ਸਿਵਿਆਂ ਵੱਲੋਂ ਓਸ ਨੂੰ ਅਵਾਜਾਂ ਪਈਆਂ
ਆਉਦੀਆਂ ਹੋਣ ਤੇ ਕਬਰਾਂ ਚੋਂ ਉਠਦੀਆਂ ਆਤਮਾਵਾਂ ਓਸ ਦੀ ਜਿੰਦਗੀ ਦਾ ਆਖਰੀ ਫੈਸਲਾ
ਕਰਨ ਲਈ ਕਾਹਲੀਆਂ ਹੋਣ।
****
ਰੋਜ਼ੀ ਸਿੰਘ
ਸੋ-ਫਾਇਨ ਕੰਪਿਊਟਰ
ਇੰਸਟੀਚਿਉਟ
ਫਤਿਹਗੜ੍ਹ ਚੂੜੀਆਂ -ਗੁਰਦਾਸਪੁਰ
98157-55184
****
(18
ਜੁਲਾਈ
2007) -ਚਾਤ੍ਰਿਕ ਯੂਨੀਕੋਡ