ਮੁੱਖ ਪੰਨਾ

           ਕਾਵਿ-ਗੁਲਜ਼ਾਰ

ਲਿਖਾਰੀ

  ਦੋ ਕਵਿਤਾਵਾਂ:

(1) ‘ਭੁਲੀਂ ਨਾ ਆਪਣੀ ਬੋਲੀ ਨੂੰ’ ਅਤੇ (2)‘ਪੁੱਤਾਂ ਬਰਾਬਰ ਧੀ’
-ਭੂਪਿੰਦਰ ਕੌਰ ਭੰਗੂ-

 

(ਪ੍ਰਦੇਸੀ ਪੁੱਤਰ ਲਈ ਮਾਂ ਦਾ ਸੁਨੇਹਾ)
(1)
‘ਭੁਲੀਂ ਨਾ ਆਪਣੀ ਬੋਲੀ ਨੂੰ’

ਜੇ ਚੱਲਿਉਂ ਪੁੱਤ ਪ੍ਰਦੇਸ ਨੂੰ, ਇਕ ਲਈ ਸੁਨੇਹਾ ਜਾ ਵੇ
ਹੋਰ ਹੁਨਰ-ਇਲਮ ਸਭ ਸਿੱਖ ਲਵੀਂ, ਵਿਰਸਾ ਨਾ ਲਵੀਂ ਭੁਲਾ ਵੇ
ਮਾਂ ਰਹਿੰਦੀ ਸਦਾ ਹੀ ਮਾਂ ਬਣਕੇ, ਮਾਂ ਜਿਹੀ ਨਾ ਜੱਗ ਵਿਚ ਛਾਂ ਵੇ
ਕਦਰ ਮਾਂ ਆਪਣੀ ਦੀ ਕਰਨੀ ਤੂੰ, ਲਵੀਂ ਸਮਝ ਨਾ ਸਕੀ ਸੌਤੇਲੀ ਨੂੰ
ਭੁਲੀਂ ਨਾ ਆਪਣੀ ਬੋਲੀ ਨੂੰ, ਭੁਲੀਂ ਨਾ ਆਪਣੀ ਬੋਲੀ ਤੂੰ

ਇਹ ਬੋਲੀ ਗੁਰੂਆਂ ਪੀਰਾਂ ਦੀ, ਇਹ ਬੋਲੀ ਸੰਤ-ਫ਼ਕੀਰਾਂ ਦੀ
ਨਿੱਤ ਨਾਨਕ ਨਾਮ ਧਿਆਵੀਂ ਤੂੰ, ਸਰਬੱਤ ਦਾ ਭਲਾ ਮਨਾਵੀਂ ਤੂੰ
ਸਿਖਿਆ ਮੰਨ ਕੇ ਗੁਰੂਆਂ ਦੀ, ਨਾ ਸੱਚ ਬੋਲਣ ਤੋਂ ਡੋਲੀਂ ਤੂੰ
ਭੁਲੀਂ ਨਾ ਆਪਣੀ ਬੋਲੀ ਨੂੰ, ਭੁਲੀਂ ਨਾ ਆਪਣੀ ਬੋਲੀ ਤੂੰ

ਜੇ ਰੋਜ਼ੀ-ਰੋਟੀ ਪੁੱਤਰਾ ਵੇ ਤੇਰੇ ਜੀਵਨ ਦੀ ਮਜਬੂਰੀ ਏ
ਤੇਰਾ ਆਪਣਾ-ਆਪ ਪਛਾਨਣ ਲਈ ਬੋਲੀ ਵੀ ਬਹੁਤ ਜ਼ਰੂਰੀ ਏ
ਭਗਤ ਸਿੰਘ, ਕਰਤਾਰ ਸਰਾਭਾ, ਉਧਮ ਸਿੰਘ ਨੂੰ ਗੌਲੀਂ ਤੂੰ
ਭੁਲੀਂ ਨਾ ਆਪਣੀ ਬੋਲੀ ਨੂੰ, ਭੁਲੀਂ ਨਾ ਆਪਣੀ ਬੋਲੀ ਤੂੰ

ਜਿਹੜੇ ਰਿਸ਼ਤੇ ਸੋਹਣਿਆਂ ਪੁੱਤਰਾ ਵੇ ਬੋਲੀ ਦੇ ਨਾਲ ਸੋਹੰਦੇ ਨੇ
ਮਿਲਗੋਭਾ ਬਣ ਉਹ ਰਿਸ਼ਤਿਆਂ ਦਾ ਵੇ ਉਹ ਕਈ ਭੁਲੇਖੇ ਪਾਉਂਦੇ ਨੇ
ਕੋਈ ਆਂਟੀ ਕਹੇ ਭੂਆ-ਮਾਸੀ ਨੂੰ, ਕੋਈ ਆਂਟੀ ਕਹੇ ਵਿਚੋਲੀ ਨੂੰ
ਭੁਲੀਂ ਨਾ ਆਪਣੀ ਬੋਲੀ ਨੂੰ, ਭੁਲੀਂ ਨਾ ਆਪਣੀ ਬੋਲੀ ਤੂੰ

ਇਹ ਗਿੱਧੇ, ਭੰਗੜੇ, ਮੇਲੇ ਹੀਰਿਆ ਨਾਲ ਪੰਜਾਬੀ ਸੱਜਦੇ ਨੇ
ਆਪਣੀ ਕਦਰ ਜੇ ਆਪ ਨਾ ਕਰੀਏ ਤਾਂ ਦੂਜੇ ਸਿਰ ਚੜ੍ਹਦੇ ਨੇ
ਭਾਈ ਵੀਰ ਸਿੰਘ, ਵਾਰਿਸ, ਬੁਲ੍ਹੇ, ਸਿ਼ਵ ਨੂੰ ਕਦੇ ਫਰੋਲੀਂ ਤੂੰ
ਭੁਲੀਂ ਨਾ ਆਪਣੀ ਬੋਲੀ ਨੂੰ, ਭੁਲੀਂ ਨਾ ਆਪਣੀ ਬੋਲੀ ਤੂੰ

ਤੂੰ ਚੱਲਿਓਂ ਦੇਸ ਪਰਾਏ ਵੇ ਤੇਰੀ ਮਾਂ ਨੇ ਤਾਂ ਸਮਝਾਇਆ ਏ
ਲੋਕੀਂ ਭੁੱਲ ਜਾਂਦੇ ਮਾਂ-ਬੋਲੀ ‘ਭਿੰਦਰ’ ਨੇ ਖੁਦ ਅਜ਼ਮਾਇਆ ਏ
ਜੈਸਾ ਦੇਸ਼ ਤੇ ਵੈਸਾ ਭੇਸ ਦਾ ਅਸਰ ਨਾ ਕਦੇ ਕਬੂਲੀਂ ਤੂੰ
ਭੁਲੀਂ ਨਾ ਆਪਣੀ ਬੋਲੀ ਨੂੰ, ਭੁਲੀਂ ਨਾ ਆਪਣੀ ਬੋਲੀ ਤੂੰ

ਬੋਲੀਆਂ ਸਿੱਖੀਂ ਸੌ ਵਾਰੀ ਤੂੰ ਗਿਆਨ ਵਧੂਗਾ ਤੇਰਾ ਵੇ
ਜੇ ਪੁੱਤਰਾ ਮੈਥੋਂ ਬਾਗੀ ਹੋ ਗਿਉਂ ਦਿਲ ਟੁੱਟ ਜਾਊਗਾ ਮੇਰਾ ਵੇ
ਮੈਂ ਹਾਂ ਪੰਜਾਬੀ ਬੋਲੀ ਵੇ ਮੈਨੂੰ ਪੈਰਾਂ ਵਿਚ ਨਾ ਰੋਲੀਂ ਵੇ
ਤੇਰੀ ਅਰਜ਼ ਕਰਾਂ ਅੱਡ ਝੋਲੀ ਨੂੰ
ਭੁਲੀਂ ਨਾ ਆਪਣੀ ਬੋਲੀ ਨੂੰ, ਭੁਲੀਂ ਨਾ ਆਪਣੀ ਬੋਲੀ ਤੂੰ
ਭੁਲੀਂ ਨਾ ਆਪਣੀ ਬੋਲੀ ਤੂੰ
***
 

(2)‘ਪੁੱਤਾਂ ਬਰਾਬਰ ਧੀ’

ਵੇ ਲੋਕੋ, ਵੇ ਲੋਕੋ
ਵੇ ਜ਼ੁਲਮ ਹੋਣ ਤੋਂ ਰੋਕੋ
ਹਾਰੋ ਵੇ ਹੁਣ ਹਾਰੋ ਵੇ
ਕੁੜੀਆਂ ਨਾ ਕੁੱਖ ਵਿਚ ਮਾਰੋ ਵੇ
ਨਵਾਂ ਜ਼ਮਾਨਾ, ਨਵੀਆਂ ਸੋਚਾਂ, ਅੱਜ ਨਵੀਂ ਚਲਾਈਏ ਲੀਹ ਵੇ
ਪੁੱਤਾਂ ਬਰਾਬਰ ਧੀ ਵੇ ਲੋਕੋ ਪੁੱਤਾਂ ਬਰਾਬਰ ਧੀ ਵੇ
ਅੱਜ ਪੁੱਤਾਂ ਬਰਾਬਰ ਧੀ ਵੇ ਲੋਕੋ ਪੁੱਤਾਂ ਬਰਾਬਰ ਧੀ ਵੇ

ਪੜ੍ਹ-ਲਿਖ ਕੇ ਕੁੜੀ ਆਪ ਕਮਾਉਂਦੀ
ਰਾਜਨੀਤੀ ਵਿਚ ਹਿੱਸਾ ਪਾਉਂਦੀ
ਅੱਜ ਮੈਂ ਵੇਖਾਂ ਜਹਾਜ਼ ਚਲਾਉਂਦੀ
ਵਿਚ ਪੁਲਾੜ ਦੇ ਚੱਕਰ ਲਾਉਂਦੀ
ਮੁੰਡਿਆਂ ਵਾਲੇ ਕੰਮ ਨੇ ਸਾਰੇ
ਹਰ ਪਾਸੇ ਕੁੜੀ ਮੱਲਾਂ ਮਾਰੇ
ਫਿਰ ਫ਼ਰਕ ਦੱਸੋ ਅੱਜ ਕੀ ਵੇ
ਪੁੱਤਾਂ ਬਰਾਬਰ ਧੀ ਵੇ ਲੋਕੋ ਪੁੱਤਾਂ ਬਰਾਬਰ ਧੀ ਵੇ
ਅੱਜ ਪੁੱਤਾਂ ਬਰਾਬਰ . . . .

ਜੇ ਮੰਮੀ ਤੂੰ ਵੀ ਨਾ ਜੰਮਦੀ
ਦੁਨੀਆ ਸੀ ਫਿਰ ਕਿਹੜੇ ਕੰਮਦੀ
ਜੇ ਪਾਪਾ ਭੂਆ ਨਾ ਬਚਦੀ
ਕਿਸ ਨਾਲ ਦਾਦੀ ਦੁਖ-ਸੁਖ ਕਰਦੀ
ਜਿਸ ਨੇ ਜੰਮੇ ਯੋਧੇ ਸਾਰੇ
ਉਸੇ ਦੇ ਅੱਜ ਹੱਕ ਅਸਾਂ ਮਾਰੇ
ਬਾਬੇ ਦੱਸਿਆ ਜੱਗ ਦੀ ਜਨਣੀ
ਹੋਰ ਕੀਹਦੀ ਅਸਾਂ ਗੱਲ ਫਿਰ ਮੰਨਣੀ
ਜੰਮਣ ਵੇਲੇ ਫਰਕ ਕੀ ਹੁੰਦਾ
ਇਕੋ ਜਿੰਨਾ ਦਰਦ ਏ ਹੁੰਦਾ
ਅਣਜੰਮੀਆਂ ਦੇ ਸਿਵੇ ਨਾ ਬਾਲ੍ਹੋ
ਹੁਣ ਤਾਂ ‘ਹਾਅ ਦਾ ਨਾਹਰਾ’ ਮਾਰੋ
ਪੁੱਤਰ-ਧੀਆਂ ਇਕ ਬਰਾਬਰ ਦੋਵੇਂ ਰੱਬ ਦੇ ਜੀਅ ਵੇ
ਪੁੱਤਾਂ ਬਰਾਬਰ ਧੀ ਵੇ ਲੋਕੋ ਪੁੱਤਾਂ ਬਰਾਬਰ ਧੀ ਵੇ
ਅੱਜ ਪੁੱਤਾਂ ਬਰਾਬਰ . . . .

ਦਾਜ ਦੇ ਲੋਭੀ ਕਹਿਰ ਨੇ ਢਾਹੁੰਦੇ
ਤਾਂ ਵੀ ਲੋਕੀਂ ਕੁੜੀ ਨਹੀਂ ਚਾਹੁੰਦੇ
ਖੁਦ ਜੇ ਮਾਂ ਨੇ ਸਿਤਮ ਹੰਢਾਏ
ਵੇਖ ਧੀਆਂ ਨੂੰ ਮਰ-ਮਰ ਜਾਵੇ
ਹਾਏ ਰੱਬਾ ! ਇਹ ਲੋਕ ਦਿਖਾਵੇ
ਧੀਆਂ ਵਾਲਾ ਕਿਧਰ ਜਾਵੇ
ਉਪਰਲੇ ਤੋਂ ਡਰੋ ਵੇ ਲੋਕੋ
ਕਦਰ ਧੀਆਂ ਦੀ ਕਰੋ ਵੇ ਲੋਕੋ

‘ਭਿੰਦਰ’ ਕਹੇ ਸਮਾਜ ਨੂੰ
ਅੱਜ ਸੁਣ ਮੇਰੀ ਫਰਿਆਦ ਨੂੰ
ਨਾਲੇ ਪਿੰਡ ‘ਜਲਾਲਾਬਾਦ’ ਨੂੰ
ਫਿਰ ਖੁਦ ਆਪਣੀ ਔਲਾਦ ਨੂੰ
ਕੁੜੀਆਂ ਵਿਚ ਵਿਸ਼ਵਾਸ ਜਗਾਈਏ
ਮੁੱਢ ਤੋਂ ਹੀ ਮਜ਼ਬੂਤ ਬਣਾਈਏ
ਮਾਈ ਭਾਗੋ ਤੇ ਝਾਂਸੀ ਰਾਣੀ, ਵੀ ਤਾਂ ਕੁੜੀਆਂ ਸੀ ਵੇ
ਪੁੱਤਾਂ ਬਰਾਬਰ ਧੀ ਵੇ ਲੋਕੋ ਪੁੱਤਾਂ ਬਰਾਬਰ ਧੀ ਵੇ
ਅੱਜ ਪੁੱਤਾਂ ਬਰਾਬਰ ਧੀ ਵੇ ਲੋਕੋ ਪੁੱਤਾਂ ਬਰਾਬਰ ਧੀ
ਹੁਣ ਪੁੱਤਾਂ ਬਰਾਬਰ ਧੀ ਵੇ ਲੋਕੋ ਪੁੱਤਾਂ ਬਰਾਬਰ ਧੀ ਵੇ

****************

(6 ਦਸੰਬਰ 2007) ਯੂਨੀਕੋਡ


e-mail:
Likhari


© likhari: Punjabi Likhari Forum-2001-2007