|
ਰਾਖ
ਸਦੀ ਪੁਰਾਣੇ
ਬੁੱਢੇ ਮਾਸ ‘ਚ
ਲੁਕੀ ਅੱਖ ਨੂੰ
ਉਤਾਂਹ ਚੁੱਕ
ਮੇਰੇ ਵੱਲ ਵੇਖਦਿਆਂ
ਮਾਂ ਬੋਲੀ,
“ਐਹ ਲੈ
ਰਾਖ ਦੀ ਚੁੱਟਕੀ
ਤੇ ਮੀਟ ਲੈ ਮੁੱਠੀ
ਕਰਦੀ ਰਹੀਂ
ਮੁੱਠੀ ਦਾ ਲੇਖਾ ਜੋਖਾ
ਹਰ ਢੱਲਦੀ ਸ਼ਾਂਮ
ਰੱਖੀਂ ਸਾਹ ਸੂਤਣ
ਜੋਗਾ ਜੇਰਾ
ਭਾਂਪ ਲਈਂ
ਕੱਖੀਂ ਅੱਗ ਸਾਂਭਣ
ਦੀ ਜੁੱਗਤੀ
ਤੇ ਕਰ ਲਈਂ
ਜੱਗ ਜੀਣ ਦਾ ਹੀਲਾ
ਮੈਂ ਹੈਰਾਨ ਹੋ ਪੁੱਛਿਆ,
“ਮਾਂ,
ਸੁਆਹ ਦੀ ਚੁੱਟਕੀ?
ਤੇ ਅੱਗ?
ਮੇਰਾ ਸਵਾਲ ਸੁਣ
ਮਾਂ ਬੋਲੀ,
“ਹਾਂ ਦਲਵੀਰ
ਦਿਸਦੀ ਅੱਗ ਤਾਂ
ਦੋ ਪਲ ਦੀ
ਹੀ ਹੁੰਦੀ ਏ
ਪਰ ਰਾਖ ਹੀ
ਸਾਂਭਦੀ ਏ
ਅੱਗ ਦਾ ਸਾਰਾ ਰਾਜ਼!!
2. ਚਣੌਤੀ
ਚੱਲ ਆਪਾਂ ਦੋਵੇਂ
ਆਪਣੀਆਂ ਖਾਮੀਆਂ,
ਬਦਮਗ਼ਜ਼ੀਆਂ,ਨਾਕਾਮੀਆਂ,
ਊਣਤਾਈਆਂ ਨੂੰ
ਮਨ ਦੇ ਛੱਜ ਪਾ ਛੱਟੀਏ,
ਤੇ ਹੋਛੇਪਨ ਦਾ ਕੋਕੜੂ
ਸੱਚ ਦੀ ਦਾੜ੍ਹੇ ਚਬਾਈਏ
ਦੂਜੇ ਵੱਲ੍ਹ ਉੱਠੀ ਉਂਗਲ
ਖੁਦ ਵੱਲ੍ਹ ਕਰੀਏ
ਤੇ ਆਪਾ ਬਚਾਈਏ !
3. ਐਂਟੀਕ ਸਮਾਨ
ਉਹ ਬਜ਼ੁਰਗ
ਲਕੜੀ ਦਾ
ਐਂਟੀਕ ਸਮਾਨ
ਝਾੜਦਾ ਪੂੰਝਦਾ
ਪਾਲਸ਼ ਕਰਦਾ
ਸਜਾਉਂਦਾ
ਘਰ ਦੇ ਖੂੰਜੇ
ਤੇ ਅੱਖ ‘ਚ
ਲਟਕਿਆ
ਹੰਝੂ ਪੁੱਛਦਾ
“ਬੰਦਾ ਬੰਦੇ ਨੂੰ
ਏਨੀ ਜਲਦੀ
ਕਿਉਂ ਸੁੱਟ ਦੇਂਦਾ ਹੈ।
4. ਹਾਦਸੇ
ਹਾਦਸੇ ਹੰਢਾਉਣਾ
ਤਨਾਂ ਤੋਂ ਪਾਰ ਗਏ
ਮਨਾਂ ਦੀ ਖੇਡ
ਹਾਦਸੇ ਤੋਂ ਹੋਂਦ ਤੱਕ
ਪੁੱਜਣ ਲਈ
ਮਰਨ ਚੋਂ ਜਨਮ ਚਾਹੀਦੈ
ਤੇ ਜਨਮ ਤੋਂ
ਜਿੰਦਗੀ ਤੱਕ ਤੁਰਨ ਲਈ
ਜ਼ਰੂਰੀ ਹੁੰਦੈ
ਨਿੱਤ ਨਵਾਂ ਹਾਦਸਾ!!
5.
ਆਤਮ ਖੋਜ
ਮੈਨੂੰ ਉਸਦੇ
ਮਰਨ ਦਾ
ਗ਼ਮ ਨਹੀਂ
ਪਰ ਦੁੱਖ ਹੈ
ਕਿ ਉਹ
ਆਪੇ ਤੋਂ
ਅਣਜਾਣ ਹੀ
ਤੁਰ ਗਿਆ !
6.
ਦਰਦ ਦਾ ਰਿਸ਼ਤਾ
ਕਿਸੇ ਅੱਖ ਦੇ
ਦਰਦ ਨੂੰ ਪੜ੍ਹਨਾਂ
ਹਿੰਦਸਿਆਂ ਤੋਂ ਬਾਹਰੀ
ਇਬਾਰਤ ਦੇ ਸੇਕ ‘ਚ
ਛਾਲੇ ਛਾਲੇ ਹੋਣਾ
ਮਨ ਦੀ ਛਾਨਣੀ ਚੋਂ
ਰੇਤ ਵਾਂਗ ਕਿਰਨਾਂ
ਤੁਰਨਾਂ ਫਿਰ ਮੈਂ ਤੋਂ
ਤੂੰ ਦੇ ਰਸਤੇ
ਤੇ ਹੋ ਜਾਣਾ
ਪਲਕਾਂ ਦੇ
ਦਿਸਹੱਦਿਆਂ ਤੋਂ ਪਾਰ
7.
ਅਹਿਦ
ਇਹ ਅਣਪੱਤੀਆਂ ਟਾਹਣੀਆਂ
ਮਿਲਣ ਵਿਛੜਨ
ਟੁੱਟ ਕੇ ਵੀ ਅਟੁੱਟ
ਸੰਜਮੀ ਤਾਂਘ
ਸਿਦਕੀ ਮਿਲਾਪ
ਨਿਰੰਤਰ ਨਾਦੀ ਵੀਣਾਂ
ਦੀਆਂ ਤਾਰਾਂ
ਆ ਇਨਾਂ ਤਾਰਾਂ ਨੂੰ
ਪੋਟਿਆਂ ਨਾਲ
ਹਰਿਆ ਭਰਿਆ ਕਰੀਏ
ਸਾਹਾਂ ਦੀ
ਧੁੱਪ ਦੇਈਏ
ਤੇ ਖੁਦ ਭਰ ਜਾਈਏ
8. ਚੀਖ਼
ਮਾਵਾਂ ਸੁਣਦੀਆਂ ਸਨ
ਨਾਲ ਬੇਸਬਰੀ
ਜੰਮਦੇ ਬੱਚੇ ਦੀ ਚੀਖ਼
ਨੱਪ ਦੇਂਦੀਆਂ ਨੇ ਮਾਵਾਂ
ਬੜੇ ਸਬਰ ਨਾਲ
ਅਣਜੰਮੀ ਧੀ ਦੀ ਚੀਖ਼
ਆਵੇਗਾ ਫਿ਼ਰ
‘ਸਾਂਝੀ’
ਬੁਰਕੀ ਦਾ ਦੌਰ
ਵੰਡ ਲੈਣਗੇ ਸਤਯੁਗੀ
ਇਕੱਲੀ ਕਹਿਰੀ ਚੀਖ਼
ਦੇਣਗੇ ਢੇਰਾਂ ਬਸਤਰ
ਪਾਉਣਗੇ ਨੱਥ
ਟਿੱਕਾ,ਝਾਂਜਰ
ਚੀਕੇਗੀ ਫਿਰ ਖਲਾਅ ‘ਚ
ਅੱਜ ਦੀ
ਦਰੋਪਤੀ ਦੀ ਚੀਖ਼!!
|