-ਕਵਿਤਾ-

ਦੋ ਗ਼ਜ਼ਲਾਂ

Photo: Darshan Natt

ਪ੍ਰਿੰਸੀਪਲ ਦਰਸ਼ਣ ਸਿੰਘ ਨੱਤ

ਦੋ ਸ਼ਬਦ:
ਹਰਿਆਣਾ ਪੰਜਾਬੀ ਸਾਹਿਤ ਅਕੈਡਮੀ ਵਲੋਂ 1984 ਵਿੱਚ ਸਨਮਾਨਤ ਕੀਤੇ ਗਏ ਪੰਜਾਬੀ ਦੇ ਬਹੁ-ਪਖੀ ਲੇਖਕ ਪ੍ਰਿੰਸੀਪਲ ਦਰਸ਼ਣ ਸਿੰਘ ਨੱਤ ਕਿਸੇ ਵੀ ਰਸਮੀ ਜਾਣ-ਪਹਿਚਾਣ ਦੇ ਮੁਥਾਜ ਨਹੀਂ। ਹੁਣ ਤੱਕ ਆਪ ਦੇ  ਤਿੰਨ ਕਾਵਿ-ਸੰਗ੍ਰਿਹ: ਅਕਸ (1976), ਨੁਹਾਰ (1983), ਸੱਤਿਆ ਹੰਭੇ ਪਰਾਂ ਦੀ (2007) ਅਤੇ ਦੋ ਕਹਾਣੀ ਸੰਗ੍ਰਿਹ ਛੱਪ ਚੁੱਕੇ ਹਨ।  ਇਸਦੇ ਨਾਲ ਹੀ ਆਪ ਨੇ ਕਈ ਕਹਾਣੀ ਸੰਗ੍ਰਿਹਾਂ ਅਤੇ ਨਾਵਲਾਂ ਦੇ ਪੰਜਾਬੀ ਅਨੁਵਾਦ ਅਤੇ ਕੁਝ ਪੁਸਤਕਾਂ ਦੀ ਸੰਪਾਦਨਾ ਵੀ ਕੀਤੀ। ਸੱਠਵਿਆਂ ਤੋਂ ਹੀ ਲੇਖਕ ਨੱਤ ਜੀ ਦੀਆਂ ਰਚਨਾਵਾਂ ਲਗਾਤਾਰ ਪ੍ਰੀਤ ਲੜੀ, ਪੰਜ ਦਰਿਆ, ਆਰਸੀ, ਕਵਿਤਾ, ਚੇਤਨਾ, ਪੰਜਾਬੀ ਟ੍ਰਿਬੀਊਨ ਆਦਿ ਪਰਚਿਆਂ  ਵਿੱਚ ਪ੍ਰਕਾਸ਼ਿਤ ਹੁੰਦੀਆਂ ਰਹੀਆਂ  ਹਨ। ਟੈਕਨੀਕਲ ਐਜੂਕੇਸ਼ਨ ਹਰਿਆਣਾ (ਚੰਡੀਗੜ੍ਹ) ਦੇ ਐਡੀਸ਼ਨਲ ਡਾਇਟਰੈਕਟਰ  ਦੀ ਪਦਵੀ ਤੋਂ 2001 ਵਿੱਚ ਸੇਵਾ-ਮੁਕਤ ਹੋਣ ਉਪਰੰਤ ਨੱਤ ਜੀ ਹੁਣ ਕੈਲੇਫੋਰਨੀਆ (ਅਮਰੀਕਾ) ਰਹਿੰਦੇ ਹਨ। ਗ਼ਜ਼ਲ-ਗੋ ਦਰਸ਼ਣ ਨੱਤ ਜੀ ਦੀਆਂ ਦੋ ਗ਼ਜ਼ਲਾਂ
ਲਿਖਾਰੀ ਦੇ ਪਾਠਕਾਂ ਦੀ ਪੇਸ਼ੇ-ਨਜ਼ਰ ਹਨ।---ਲਿਖਾਰੀ

****

ਦੋ ਗ਼ਜ਼ਲ
ਪ੍ਰਿੰਸੀਪਲ ਦਰਸ਼ਨ ਨੱਤ

ਚੱਲ ਦਰਸ਼ਨ ਨੱਤ, ਲੱਭਣ ਚੱਲੀਏ, ਕਿਹੜਾ ਰੰਗ ਤਨਹਾਈ ਦਾ?
ਆਪਣੇ ਆਪ ‘ਚ ਖ਼ੋ ਕੇ ਆਪੇ, ਖ਼ੁਦ ਨੂੰ ਨਹੀਂ ਥਿਆਈ ਦਾ।

ਪੱਥਰ ਉੱਤੇ ਸ਼ਿਲਾਲੇਖ਼ ਉਕਰਨ ਦੇ ਲਾਲਚ ਵਿੱਚ ਆ ਕੇ,
ਰੇਤ ‘ਚ ਪਾਏ ਪੂਰਨਿਆਂ ਨੂੰ, ਐਵੇਂ ਨਹੀਂ ਮਿਟਾਈ ਦਾ।

ਹਾਰਾਂ ਪਿਛੋਂ ਹੀ ਜਿੱਤਾਂ ਦਾ ਰੰਗ ਸੁਨਿਹਰੀ ਲਗਦਾ ਹੈ,
ਧੁੱਦਲ ‘ਚੋਂ ਉੱਖੜੇ ਪੈਰਾਂ ਨੂੰ, ਐਵੇਂ ਨਹੀਂ ਜਮਾਈ ਦਾ।

ਮਹਿਫ਼ਲ ਵਿੱਚੋਂ, ਪੋਲੇ-ਪੈਰੀਂ, ਕਿਰਨ-ਮ-ਕਿਰਨੀ, ਕਿਰ ਜਾਣਾ.
ਸਿਰ-ਕਟਿਆਂ ਦੀ ਢਾਣੀ ਚੋਂ ਇੰਞ, ਨਾਵਾਂ ਨਹੀਂ ਕਟਾਈ ਦਾ।

ਤਿੱਤਰ-ਖੰਭੀਆਂ ਜੂਹਾਂ ਅੰਦਰ, ਮਿਰਗ-ਛਲਾਵਾ ਬਾਕੀ ਹੈ,
ਮਿਰਗਾਂ ਨੂੰ ਤੇ ਦਰਵੇਸ਼ਾਂ ਨੂੰ, ਬੰਨ੍ਹ ਕੇ ਨਹੀਂ ਬਿਠਾਈ ਦਾ।

ਮੇਲੇ ਮਗਰੋਂ, ਸੁੰਨ-ਮਸੁੰਨ, ਵੀਰਾਨ ਧਰਤ ਦੇ ਟੋਟੇ ‘ਤੇ,
ਉੱਡ ਰਹੀਆਂ ਚੀਲ੍ਹਾਂ ਦਾ ਸਾਇਆ, ਪਿੰਜਰੇ ਵਿੱਚ ਨਹੀਂ ਪਾਈਦਾ।

ਯਾਰ ਹੋਣਗੇ ਮਿਲ ਜਾਵਣਗੇ, ਭੁੱਲ-ਭੁਲੇਖ਼ੇ ਰਾਹਾਂ ‘ਤੇ,
ਯਾਰਾਂ ਨਾਲ ਬਹਾਰਾਂ ਨੂੰ ਇੰਞ, ਦਿਲ ਤੋਂ ਨਹੀਂ ਭੁਲਾਈ ਦਾ।

ਦੋ:

ਨਾਂ ਵਾਪਸ ਗ਼ੁਜ਼ਰ ਸੱਕੇ, ਮੁੜ ਕਦੀ ਉਨ੍ਹਾਂ ਦਰਾਂ ਵਿੱਚੋਂ।
ਜੋ ਹਿਜਰਤ ਕਰ ਗਏ ‘ਕੇਰਾਂ, ਇੰਨ੍ਹਾਂ ਸੁੰਞੇ ਘਰਾਂ ਵਿੱਚੋਂ।

ਫ਼ਕਤ ਇੱਕੋ ਉਡਾਰੀ, ਤੇ ਅਸੀਂ ਸਿਖ਼ਰਾਂ ’ਤੇ ਹੋਣਾ ਸੀ-
ਬਲਾ ਦਾ ਜ਼ੋਰ ਪਰ ਮਨਫ਼ੀ ਹੋਇਆ, ਹੰਭੇ ਪਰਾਂ ਵਿੱਚੋਂ।

ਕਿ ਨੰਗੇ ਪਿੰਡਿਆਂ ਦੀ ਪੀੜ ਦਾ, ਮਹਿਰਮ ਨਹੀਂ ਕੋਈ-
ਨਾਂ ਕੋਈ ਦਿਲਬਰਾਂ ਵਿੱਚੋਂ, ਨਾਂ ਕੋਈ ਰਹਿਬਰਾਂ ਵਿੱਚੋਂ।

ਕਿ ਸੁੱਕੇ ਪੱਤਿਆਂ ‘ਤੇ ਤੁਰਦਿਆਂ, ਜੋ ਕੌਲ ਹੋਏ ਸਨ-
ਉਨ੍ਹਾਂ ‘ਕੌਲਾਂ’ ਦੀ ਖ਼ੁਸ਼ਬੂ ਉੱਡ ਗਈ, ਛੰਭਾਂ, ਸਰਾਂ ਵਿੱਚੋਂ।

ਕਿਸੇ ਤੋਂ ਕਹਿ ਨਹੀਂ ਹੋਣਾ, ਕਿਸੇ ਤੋਂ ਰਹਿ ਨਹੀਂ ਹੋਣਾ-
ਭਲਾ ਕੀ ਕੱਢਣਾ-ਪੌਣੈ, ਇੰਨ੍ਹਾਂ ਸੰਸੇ, ਡਰਾਂ ਵਿੱਚੋਂ?

ਘਿਉ ਦੇ ਬਲ੍ਹਨਗੇ ਦੀਵੇ, ਜੇ ਸੁਥਰਾ ਘੋਲ ਕੇ ਪੀਵੇ-
ਅਜੇ ਏਨੀ ਵੀ ਸੱਤਿਆ ਨਹੀਂ ਗਈ, ਢੋਕਾਂ, ਗਰਾਂ ਵਿੱਚੋਂ।

ਅਗਨ ਦੀ ਉਮਰ ਵਿੱਚ ਜਦ ਵੀ ਕਿਤੇ, ਕੋਈ ਚੀਰ ਹਰਦਾ ਹੈ-
ਕਦੇ ਨਹੀਂ ਬਹੁੜਦਾ ਕੋਈ, ਉਦੋਂ ਪੰਜਾਂ ਵਰਾਂ ਵਿੱਚੋਂ।

****

21 ਜੁਲਾਈ 2007

 


e-mail:
ਲਿਖਾਰੀ



© likhari: Punjabi Likhari Forum-2001-2007