ਦੋ ਕਵਿਤਵਾਂ:

(1) ਯਾਦਾਂ
(2) ਕੌਣ ਏਂ.........?

ਗੁਰਬੀਰ ਸਿੰਘ ਭੁੱਲਰ, ਸਵਿਟਜ਼ਰਲੈਂਡ

(1) ਯਾਦਾਂ

ਕੁਝ ਮਿੱਠੀਆਂ, ਕੁਝ ਖੱਟੀਆਂ ਯਾਦਾਂ
ਸਭ ਰੰਗਾਂ ਦੀਆਂ ਹੱਟੀਆਂ ਯਾਦਾਂ,
ਲੱਖ ਭੱਜਣ ਦੀ ਕੋਸਿ਼ਸ਼ ਕੀਤੀ
ਪਰ ਨਾ ਪਿੱਛੇ ਹਟੀਆਂ ਯਾਦਾਂ

ਘੇਰਾ ਪਾ ਲੈਣ ਆ ਕੇ ਮੈਨੂੰ
ਜਦ ਫ਼ੁਰਸਤ ਵਿੱਚ ਬਹਿਣਾਂ ਚਾਹਵਾਂ
,
ਯਾਦਾਂ ਨੇ ਹੈ ਬਹੁਤ ਸਤਾਇਆ
ਪੱਲਾ ਦੱਸ ਮੈਂ ਕਿੰਝ ਛਡਾਵਾਂ

ਸੂਲਾਂ ਵਿੰਨ੍ਹੇ ਮਾਰੂਥਲ ਵਿੱਚ
ਫਿਰਦਾ ਹਾਂ ਮੈਂ ਕੱਲ-ਮੁਕੱਲਾ
,
ਸਾਂਭ-ਸਾਂਭ ਕੇ ਰੱਖਾਂ ਹਰ ਪਲ
ਤੇਰਾ ਦਿੱਤਾ ਚੀਚੀ ਛੱਲਾ

ਜ਼ੁਲਫ਼ ਤੇਰੀ ਦੇ ਨਾਗ ਜ਼ਹਿਰੀਲੇ
ਅੱਖੀਆਂ ਸਾਹਵੇਂ ਮਾਰਨ ਸ਼ੂਕਾਂ
,
ਛਾਤੀ ਦੇ ਵਿੱਚ ਦੱਬ ਕੇ ਰਹਿ ਜਾਣ
ਇਸ਼ਕ ਤੇਰੇ ਦੀਆਂ ਠੰਡੀਆਂ ਹੂਕਾਂ

ਨਾਲ ਤੇਰੇ ਜੋ ਵਕ਼ਤ ਲੰਘਾਇਆ
ਜਦ ਵੀ ਉਸਦਾ ਚੇਤਾ ਆਇਆ
,
ਦਿਲ ਦੀ ਇਕ-ਇਕ ਤਾਰ ਟੁਣਕ ਗਈ
ਰੋਮ-ਰੋਮ ਫਿਰੇ ਨਸਿ਼ਆਇਆ

ਮੇਰੇ ਸੋਹਣੇ ਚੰਨ ਜਿਹੇ ਯਾਰਾ
ਯਾਦ ਕਰਾਂ ਜਦ ਤੇਰੀਆਂ ਬਾਤਾਂ,
ਘੁੱਪ ਹਨੇਰੇ ਨੂੰ ਰੁਸ਼ਨਾਵਣ
ਤੇਰੀ ਚਾਨਣੀ-ਚਿੱਟੀਆਂ ਰਾਤਾਂ

ਕੁਝ ਮਿੱਠੀਆਂ, ਕੁਝ ਖੱਟੀਆਂ ਯਾਦਾਂ
ਸਭ ਰੰਗਾਂ ਦੀਆਂ ਹੱਟੀਆਂ ਯਾਦਾਂ,
ਲੱਖ ਭੱਜਣ ਦੀ ਕੋਸਿ਼ਸ਼ ਕੀਤੀ
ਪਰ ਨਾ ਪਿੱਛੇ ਹਟੀਆਂ ਯਾਦਾਂ

****

 ਕੌਣ ਏਂ…?

ਕਵੀ ਨੇ ਪੁੱਛਿਆ
ਕਿਸਮਤ ਤੋਂ
ਤੂੰ ਕੌਣ ਏਂ?
ਕਿਸਮਤ ਬੋਲੀ: ਮੈਂ ਉਹ ਹਾਂ ਜੋ,
ਜੇ ਵੱਲ ਹੋਵਾਂ ਤਾਂ ਇਕ ਅਣਵਿਆਹੀ ਮਾਂ ਦਾ ਪੁੱਤਰ ‘ਪਵਨ-ਪੁੱਤਰ’ ਜਾਂ ‘ਮਸੀਹਾ’ ਬਣ ਕੇ ਪੂਜਿਆ ਜਾਵੇ, ਤੇ ਜੇ ਖਿਲਾਫ ਹੋਵਾਂ ਤਾਂ ਕੁਲਟਾ ਦੀ ਔਲਾਦ ਕਹਾਵੇ ।

ਕਵੀ ਨੇ ਪੁੱਛਿਆ
ਫ਼ਤਿਹ ਤੋਂ
ਤੂੰ ਕੌਣ ਏਂ?
ਫ਼ਤਿਹ ਬੋਲੀ: ਮੈਂ ਉਹ ਹਾਂ ਜੋ,
ਜੇ ਸਾਥ ਦੇਵਾਂ, ਤਾਂ ਕੋਈ ਯੋਧਾ, ‘ਇਨਕਲਾਬੀ ਆਜ਼ਾਦੀ ਘੁਲਾਟੀਆ’ ਬਣ ਜਾਵੇ,
ਤੇ ਜੇ ਖਿਲਾਫ ਹੋਵਾਂ ਤਾਂ ‘ਬਾਗ਼ੀ’ ਅਖਵਾਵੇ ।

ਕਵੀ ਨੇ ਪੁੱਛਿਆ
ਤਾਕਤ ਤੋਂ
ਤੂੰ ਕੌਣ ਏਂ?
ਤਾਕਤ ਬੋਲੀ: ਮੈਂ ਉਹ ਹਾਂ,
ਜਿਸ ਦੇ ਸਦਕਾ, ਸਾਰੀ ਦੁਨੀਆ ਤੇ ਆਤੰਕ ਫੈਲਾਉਣ ਵਾਲੇ ‘ਮਹਾਂਸ਼ਕਤੀ’ ਅਖਵਾਉਣ,
ਤੇ ਖੁੱਲ੍ਹ ਕੇ ਸਾਹ ਲੈਣ ਦੀ ਆਜ਼ਾਦੀ ਮੰਗਣ ਵਾਲੇ ‘ਅੱਤਵਾਦੀ’ ।

ਕਵੀ ਨੇ ਪੁੱਛਿਆ
ਸ਼ਰਧਾ ਤੋਂ
ਤੂੰ ਕੌਣ ਏਂ?
ਸ਼ਰਧਾ ਬੋਲੀ: ਜੇ ਮੈਂ ਹੋਵਾਂ,
ਤਾਂ ਬਗਾਨੀ ਤੀਵੀਂ ਦਾ ਨੱਕ ਵੱਢਣ ਵਾਲਿਆਂ ਲਈ ਦੀਵੇ ਬਾਲੇ ਜਾਣ,
ਤੇ ਜੇ ਨਾ ਹੋਵਾਂ, ਤਾਂ ਆਪਣੀ ਬੇਇਜ਼ਤੀ ਦਾ ਬਦਲਾ ਲੈਣ ਵਾਲੇ ਗ਼ੈਰਤਮੰਦਾਂ ਦੇ ਬੁੱਤ ਸਾੜੇ ਜਾਣ ।

ਕਵੀ ਨੇ ਪੁੱਛਿਆ
ਦੌਲਤ ਤੋਂ
ਤੇਰਾ ਕੀ ਖਾਸਾ ਏ?
ਦੌਲਤ ਬੋਲੀ: ਮੈਂ,
ਜਿਸ ਦੀ ਜੇਬ ਵਿਚ ਨਾ ਹੋਵਾਂ, ਉਸ ਨੂੰ ਰੋਟੀ ਦੀ ਚਿੰਤਾ,
ਤੇ ਜਿਸ ਦੀ ਜੇਬ ਵਿੱਚ ਬਹੁਤੀ ਹੋਵਾਂ, ਉਸ ਨੂੰ ਸਾਂਭਣ ਦੀ ਚਿੰਤਾ ।

ਕਵੀ ਨੇ ਪੁੱਛਿਆ
ਸਮੇਂ ਤੋਂ
ਤੂੰ ਕੌਣ ਏਂ?
ਸਮਾਂ ਬੋਲਿਆ: ਮੈਂ ਉਹ ਹਾਂ ਜਿਸ ਨੂੰ,
ਜੋ ਸਾਂਭ ਲਵੇ, ਉਹ ਕੱਖ ਤੋਂ ਲੱਖ ਦਾ ਹੋ ਜਾਵੇ,
ਤੇ ਜੋ ਗਵਾ ਲਵੇ, ਉਹ ਸਾਰੀ ਉਮਰ ਪਛਤਾਵੇ ।

ਕਵੀ ਨੇ ਪੁੱਛਿਆ
ਹੁਸਨ ਤੋਂ
ਤੂੰ ਕੌਣ ਏਂ?
ਹੁਸਨ ਬੋਲਿਆ: ਮੈਂ ਉਹ ਹਾਂ ਜੋ,
ਜੇ ਹੀਰ ਬਣ ਕੇ ਆਵਾਂ ਤਾਂ ਰਾਂਝੇ ਨੂੰ ਰੱਬ ਮਿਲਾ ਦੇਵਾਂ,
ਤੇ ਜੇ ਮੇਨਕਾ ਬਣ ਕੇ ਆਵਾਂ ਤਾਂ ਵੱਡੇ ਵੱਡੇ ਰਿਸ਼ੀਆਂ ਦੇ ਤਪ ਭੰਗ ਕਰ ਦੇਵਾਂ।

ਕਵੀ ਨੇ ਪੁੱਛਿਆ
ਕਵਿਤਾ ਤੋਂ
ਤੂੰ ਕੌਣ ਏਂ?
ਕਵਿਤਾ ਬੋਲੀ: ਮੈਂ,
ਜੇ ਲੋਕਾਂ ਨੂੰ ਚੰਗੀ ਲੱਗਾਂ, ਤਾਂ ਲਿਖਣ ਵਾਲਾ, ਦੇਸ-ਦੇਸਾਂਤਰਾਂ ’ਚ ਸਨਮਾਨ ਪਾਵੇ,
ਤੇ ਜੇ ਬੁਰੀ ਲੱਗਾਂ, ਤਾਂ ਸਮਾਜ ’ਚੋਂ ਛੇਕਿਆ ਜਾਵੇ।

***
(13 ਫਰਵਰੀ 2007) ਯੂਨੀਕੋਡ

 

ਲਿਖਾਰੀ
Likhari


© likhari: Punjabi Likhari Forum-2001-2007