ਦੋ ਕਵਿਤਾਵਾਂ:

(੧)ਅੱਖ-ਦਿਲ ਜੋੜੀ

(੨) ਸਿਆਣਾਂ

ਕੁਲਦੀਪ ਸਿੰਘ ਬਾਸੀ, ਅਮਰੀਕਾ

 

(੧) ਅੱਖ-ਦਿਲ ਜੋੜੀ

ਅੱਖਾਂ ਦੁਖਣ ਜੇ
ਦਿਲ ਸੜ ਜਾਂਦਾ

ਅੱਡੀਆਂ ਰਹਿ ਜਾਣ
ਦਿਲ ਖੜ੍ਹ ਜਾਂਦਾ

ਅੱਖਾਂ ਰੜਕਣ ਜੇ
ਦਿਲ ਰੋਣ ਲਗਦਾ
ਅੱਖੋਂ ਬਚਣ ਤੇ
ਸ਼ੱਕ ਹੋਣ ਲਗਦਾ

ਅੱਖ ਭਰ ਆਵੇ
ਦਿਲ ਭਰ ਜਾਂਦਾ
ਅੱਖ ਮੈਲੀ ਹੋਜੇ
ਦਿਲ ਕੁਰਲਾਂਦਾ

ਅੱਖ ਵਿਖਾਉਣ ਤੇ
ਦਿਲ ਖਾਵੇ ਉਬਾਲ਼
ਅੱਖ ਮਾਰੇ ਕੋਈ
ਦਿਲ ਪਾਵੇ ਧਮਾਲ

ਅੱਖਾਂ ਮੀਟਣ ਤੇ
ਦਿਲ ਸਿਸਕੀ ਭਰਦਾ
ਅੱਖਾਂ ਚਾੜ੍ਹਨ ਤੇ
ਦਿਲ ਹਰ ਹਰ ਕਰਦਾ

ਅੱਖ ਵੱਜਦੀ ਜਦੋਂ
ਦਿਲ ਖੋ ਜਾਵੇ
ਅੱਖ ਲਗਦੀ ਜਦੋਂ
ਸ਼ਾਂਤ ਹੋ ਜਾਵੇ

ਅੱਖ ਲੜਨ ਤੇ
ਦਿਲ ਧੜਕਦਾ ਹੈ
ਅੱਖ ਫੇਰਨ ਤੇ
ਦਿਲ ਭੜਕਦਾ ਹੈ

ਅੱਖ ਵੇਖੇ ਦੱਸੇ
ਦਿਲ ਪਰਖੇ ਖੋਟ
ਦਿਲ-ਅੱਖ ਜੋੜੀ
ਰੱਬੀ ਗਲ਼ਜੋਟ

****

(੨) ਸਿਆਣਾਂ

ਚਮਕਦੇ ਨੇਤਰ ਸਨ, ਫੁੱਲੀਆਂ ਗੱਲ੍ਹਾਂ
ਨੈਣ ਡੂੰਘੇ ਹੋ ਗਏ, ਗੱਲ੍ਹਾਂ ਪਿੱਲੀਆਂ
ਹੱਡੀਆਂ ਸਖ਼ਤ ਸਨ,ਰੈਲ਼ੀਆਂ ਜੋੜਾਂ
ਹੱਡ ਭੁਰਭੁਰੇ ਹੋਏ, ਜੋੜਾਂ ਢਿੱਲੀਆਂ

ਚਮੜੀ ਸਾਫ ਸੀ, ਹੱਥਾਂ ਚ ਕਰੜਾਈ
ਚੰਮ ਲਿਲ੍ਹਕ ਗਿਆ, ਬਾਹਾਂ ਕੰਬੀਆਂ
ਲੱਤਾਂ ਅਣਥੱਕ ਸਨ, ਪੈਰਾਂ ਚ ਫੁਰਤੀ
ਪੁੱਟੀਆਂ ਜਾਂਦੀਆਂ ਨਾਂ ਕਦਮਾਂ ਲੰਬੀਆਂ

ਜਾਬ੍ਹਾਂ ਮਜ਼ਬੂਤ ਸੀ, ਦਾਣੇ ਚੱਬਦਾ ਸਾਂ
ਦੰਦ ਹਿੱਲਦੇ ਨੇ, ਚਾਵਲ਼ ਛੱਕਦਾ ਹਾਂ
ਮਾਸ ਖਾਂਦਾ ਸਾਂ, ਹਾਜ਼ਮਾਂ ਤੇਜ਼ ਸੀ
ਢਿੱਡ ਫੁੱਲਦਾ ਹੈ, ਚੂਰਨ ਫੱਕਦਾ ਹਾਂ

ਗਰਦਨ ਸਿੱਧੀ ਸੀ, ਚੌੜਾ ਸੀਨਾਂ
ਧੌਣ ਢਿਲਕੀ, ਛਾਤੀ ਸੌੜੀ ਹੋਈ
ਮਜ਼ਾ ਆਉਂਦਾ ਸੀ, ਗਾਉਂਦਾ ਸੀ
ਅੰਗ ਫਿੱਸੇ, ਜਿੰਦਗੀ ਕੌੜੀ ਹੋਈ

ਦਿੱਸਦਾ, ਸੁਣਦਾ ਸੀ, ਉੱਚਾ ਬੋਲ ਸੀ
ਮੋਟੀ ਐਨਕੈ, ਉੱਚਾ ਸੁਣਦੈ, ਭਾਣਾਂ ਐਂ
ਮਾੜਾ ਦਿੱਸੇ ਨਾਂ, ਸੁਣੇ ਨਾਂ, ਚੁੱਪ ਭਲੀ
ਹੁਣ ਸੱਭ ਕਹਿੰਦੇ ਨੇ, “ਸਿਆਣਾਂ ਐ!

****

ਕੁਲਦੀਪ ਸਿੰਘ ਬਾਸੀ,
ਮੇਪਲਵੁੱਡ, ਮਿਨੀਸੋਟਾ, ਅਮਰੀਕਾ।
651 748 1061

(੧੩ ਦਸੰਬਰ ੨੦੦੬)

ਕੁਲਦੀਪ ਸਿੰਘ ਬਾਸੀ ਦੀਆਂ ਹੋਰ ਕਵਿਤਾਵਾਂ ਪੜ੍ਹਨ ਲਈ ਕਲਿੱਕ ਕਰੋ:
ਦੋ ਕਵਿਤਾਵਾਂ: ਪੱਕਾ ਸਿਰਨਾਮਾ ਅਤੇ ਘਰ ਘਰ ਇਹੋ ਅੱਗ
ਦੋ ਕਵਿਤਾਵਾਂ: ਪਿੱਪਲ ਦੀ ਪੁਕਾਰ ਅਤੇ ਬੂਟਾ ਫੁੱਲ ਗੁਲਾਬ ਦਾ
ਦੋ ਕਵਿਤਾਵਾਂ: (1)ਕਰਮਾ ਦਾ ਖਾਤਾ (2)ਵੈਰਾਗੀ--

 

ਲਿਖਾਰੀ
Likhari


© likhari: Punjabi Likhari Forum-2001-2007