|
ਹਦਾਇਤ
ਜਿੰਦੀਆ, ਚਲਿਆਂ ਪਰਦੇਸ।
ਸਾਡੀ ਚੱਲਣ ਦਈ ਨਾਂ ਪੇਸ਼।
ਜਾਕੇ ਕਰਨਾਂ ਫੋਨ ਹਮੇਸ਼।
ਨਹੀਂ ਮਾਂ ਨੂੰ ਲੱਗੂ ਠੇਸ।
ਕਾਮਯਾਬ ਇਨਸਾਨ ਉਹੋ।
ਗ਼ਲਤ ਰਾਹੀਂ ਨਾ ਪੜੈ।
ਹੱਥ ਨਾ ਵੇਖੀਂ ਭੁੱਲਕੇ।
ਲਾਈਂ ਕਦੇ ਕਸੁੰਭੜੈ।
ਮਾੜਿਆਂ ਪਿੱਛੇ ਲੱਗੀਂ ਨਾ।
ਕਿਸੇ ਨੂੰ ਆਪੂੰ ਠੱਗੀਂ ਨਾ।
ਮਿਹਨਤ ਕੋਲ਼ੋਂ ਵੱਗੀਂ ਨਾ।
ਭੁੱਲਕੇ ਪਵੀਂ ਅਵੱਗੀਂ ਨਾ।
ਸੁਖੀ ਓਹੋ ਜਨ ਰਹਿੰਦਾ।
ਜੋ ਲੜ ਦਾਤੇ ਦਾ ਫੜੈ।
ਹੱਥ ਨਾ ਵੇਖੀਂ ਭੁੱਲਕੇ।
ਲਾਈਂ ਕਦੇ ਕਸੁੰਭੜੈ।
ਪੀ ਵਿਦੇਸ਼ੀ ਪਾਣੀ ਤੂੰ।
ਭੁੱਲੀਂ ਨਾ ਗੁਰਬਾਣੀ ਤੂੰ।
ਡਰੱਗ ਕਦੇ ਨਾ ਖਾਣੀ ਤੂੰ।
ਰੱਬ ਨੂੰ ਹਾਜ਼ਰ ਜਾਣੀ ਤੂੰ।
ਔਖੀ ਘੜੀ ’ਚ ਦਾਤਾ।
ਆਪੇ ਆਗੈ ਆਏ ਖੜ੍ਹੈ।
ਹੱਥ ਨਾ ਵੇਖੀਂ ਭੁੱਲਕੇ।
ਲਾਈਂ ਕਦੇ ਕਸੁੰਭੜੈ।
ਨਾ ਦੇਸ਼ ਅਪਣੇ ਨੂੰ ਭੁੱਲੀਂ।
ਹੁਸਨ ਵੇਖ ਨਾ ਡੁੱਲ੍ਹੀਂ।
ਨਾ ਪੈਸਾ ਖੱਟ ਖੱਟ ਫੁੱਲੀਂ।
ਸੁਚਾ ਅੰਨ ਚੜ੍ਹਾਈਂ ਚੁਲ੍ਹੀਂ।
ਪਾਪ ਦੀ ਖੱਟੀ ਵੇਖੀਂ ਵੇ।
ਘਰ ਅੰਦਰ ਨਾ ਵੜੈ।
ਹੱਥ ਨਾ ਵੇਖੀਂ ਭੁੱਲਕੇ।
ਲਾਈਂ ਕਦੇ ਕਸੁੰਭੜੈ।
ਮਾਪਿਆਂ ਨੂੰ ਚੇਤੇ ਰੱਖੀਂ।
ਨਾ ਭੈੜਾ ਮੇਵਾ ਚੱਖੀਂ।
ਰਾਹ ਵੇਖੀਂ ਅਪਣੀਂ ਅੱਖੀਂ।
ਧਿਆਨ ਧਰੀਂ ਸਭ ਪੱਖੀਂ।
ਪੈਰ ਟਿਕੇ ਵੇ ਨਿਰਮਲ ਥਾਂ।
ਕੰਡਿਆਂ ਵਿੱਚ ਨਾ ਵੜੈ।
ਹੱਥ ਨਾ ਵੇਖੀਂ ਭੁੱਲਕੇ।
ਲਾਈਂ ਕਦੇ ਕਸੁੰਭੜੈ।
ਫੜੀਂ ਨਾ ਝੂਠ ਦਾ ਪੱਲਾ।
ਰਹਿਣਾ ਪਵੇਗਾ ਓਥੇ ਕੱਲਾ।
ਰੱਖਿਆ ਕਰੇਗਾ ਆਪੇ ਅੱਲਾ।
ਛੇਤੀ ਗੇੜਾ ਮਾਰੀਂ ਮੱਲਾ।
ਗੁਰੂ ਅੱਗੇ ਅਰਦਾਸ ਕਰੀਂ।
ਜਦ ਚਲਦੀ ਗੱਡੀ ਅੜੈ।
ਹੱਥ ਨਾ ਵੇਖੀਂ ਭੁੱਲਕੇ।
ਲਾਈਂ ਕਦੇ ਕਸੁੰਭੜੈ।
ਨੋਟ:
ਕਸੁੰਭੜ ਇੱਕ ਕੰਡਿਆਲੀ ਝਾੜੀ ਹੈ,
ਜਿਸ ਦੇ ਫੁੱਲ ਸੁੰਦਰ ਪਰ ਕੱਚੇ ਰੰਗ ਦੇ ਹੁੰਦੇ ਹਨ।
****
(26 ਫਰਵਰੀ 2007, ਚਾਤ੍ਰਿਕ
ਯੂਨੀਕੋਡ)
ਕੁਲਦੀਪ ਸਿੰਘ ਬਾਸੀ,
ਅਮਰੀਕਾ।
ਮੇਪਲਵੁੱਡ, ਮਿਨੀਸੋਟਾ, ਅਮਰੀਕਾ।
651 748 1061 |