|
1.
ਯਾਰ ਬਣ ਕੇ ਆਏ ਸੀ ਉਹ ਘਰ ਮੇਰੇ।
ਖੇੜੇ ਲੁਟ ਕੇ ਲੈ ਗਏ ਉਹ ਪਰ ਮੇਰੇ।
ਈਰਖਾ ਦੇ ਨਾਲ ਲੜਦਾ ਹੈ ਸਬਰ,
ਚਲ ਰਿਹਾ ਹੈ ਯੁੱਧ ਇਕ ਅੰਦਰ ਮੇਰੇ।
ਨਾਲ ਨਜ਼ਰਾਂ ਕਰਨ ਉਹ ਬਾਤਾਂ ਸਦਾ,
ਸ਼ੋਖਪਨ ਦੇ ਮਾਹਰ ਨੇ ਦਿਲਬਰ ਮੇਰੇ।
ਕਹਿਣ ਕੁਝ ਤੇ ਕਰਨ ਉਹ ਕੁਝ ਹੋਰ ਹੀ,
ਯਾਰ ਕੈਸੇ ਦੋਗਲੇ ਰਹਿਬਰ ਮੇਰੇ।
ਲੋੜ ਸੀ ਜਦ ਵੀ ਉਨਾਂ ਦੇ ਸਾਥ ਦੀ,
ਨਜ਼ਰ ਨਾ ਆਏ ਮੈਨੂੰ ਮਿੱਤਰ ਮੇਰੇ।
ਬੁੰਦ ਤਕ ਪਾਈ ਨ ਸਾਕੀ ਨੇ ਜਦੋਂ।
ਤਰਸਦੇ ਹੀ ਰਹਿ ਗਏ ਸਾਗਰ ਮੇਰੇ।
2.
ਰੁੱਖਾਂ ਤੇ ਜਦ ਪੱਤੇ ਮੁੜ ਕੇ ਆਉਣਗੇ,
ਫਿਰ ਗੀਤ ਕੋਈ ਪੰਛੀ ਚਮਨ ਚ ਗਾਉਣਗੇ।
ਇਹ ਧਰਤ ਵੀ ਹੋ ਜਾਊ ਜੰਨਤ ਦੇ ਨੁਮਾ,
ਜਦ ਬੰਦੇ ਦੀ ਕੀਮਤ ਬੰਦੇ ਪੌਣਗੇ।
ਜਿਸ ਚਮਨ ਨੂੰ ਲੁੱਟੇ ਉਸ ਦਾ ਹੀ ਮਾਲੀ,
ਉੁਸ ਬਾਗ ਦੇ ਫ਼ੁਲ ਕਿੰਜ ਭਲਾ ਮੁਸਕਾਉਣਗੇ।
ਇਹ ਜੋ ਨਫਰਤ ਦੇ ਨੇ ਨਾਅਰੇ ਲਾ ਰਹੇ,
ਖੁਦ ਹੀ ਇਕ ਦਿਨ ਵੇਖਣਾਂ ਪਛਤਾਉਣਗੇ।
ਰੰਗ ਜਿਨ੍ਹਾਂ ਦੀ ਚਾਹਤਾਂ ਦਾ ਹੈ ਫਿੱਕਾ,
ਉਹ ਇਸ਼ਕ ਦੇ ਰਸਤੇ ਲੰਬੇਰੇ ਪੌਣਗੇ।
ਮਰਹਮ ਲਾਉਂਦਾ ਜਾ ਤੂੰ ਪਾਲ ਸਿਰੜ ਦੀ,
ਇਹ ਜ਼ਖ਼ਮ ਤੇਰੇ ਵੀ ਆਖਿਰ ਮੁਸਕੌਣਗੇ।
***
(12 ਅਗਸਤ 2007)
ਮਹਿੰਦਰ
ਪਾਲ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ
|