-ਕਵਿਤਾ-

ਬਾਬਾ ਨਜਮੀ ਦੀਆਂ ਚਾਰ ਗ਼ਜ਼ਲਾਂ

'ਨਿੰਦਿਆ ਕਿੰਝ ਕਰਾਂ ਨਾ ਕਾਣੀਆਂ ਵੰਡਾਂ ਦੀ
ਬੁੱਲੇ ਦੇ ਮਦਰਸੇ ਪੜ੍ਹਿਆ ਹੋਇਆ ਵਾਂ'

(ਬਾਬਾ ਨਜਮੀ ਪਾਕਿਸਤਾਨ ਦਾ ਸ਼ਾਹ ਮੁਖੀ ਵਿਚ ਲਿੱਖਣ ਵਾਲਾ ਪੰਜਾਬੀ ਕਵੀ, ਜਿਹੜਾ ਹੁਣ ਤੱਕ ਪੰਜਾਬੀ ਜਗਤ ਨੂੰ ਤਿੰਨ ਗ਼ਜ਼ਲ ਸੰਗ੍ਰਿਹ: ਅੱਖਰਾਂ ਵਿਚ ਸਮੰਦਰ, ਸੋਚਾਂ ਵਿਚ ਜਹਾਨ ਅਤੇ ਮੇਰਾ ਨਾਂ ਇਨਸਾਨ ਦੇ ਚੁੱਕਿਆ ਹੈ)

ਦੋ ਰਾਵਾਂ:
'ਬਾਬਾ ਨਜਮੀਂ ਦੀਆਂ ਸੋਚਾਂ, ਸੱਚੀਆਂ ਤੇ ਖਰੀਆਂ ਲੋਕ ਸੋਚਾਂ ਨੇ। ਸਾਡੇ ਮੁਲਕ ਦੀ ਤੇਰਾਂ-ਚੌਦ੍ਹਾਂ ਕਰੋੜ ਆਬਾਦੀ ਵਿਚ ਬਾਰਾਂ ਕਰੋੜ ਉਹ ਲੋਕੀਂ ਸ਼ਾਮਲ ਨੇ ਜਿਹੜੇ ਬਾਬਾ ਨਜਮੀ ਵਾਂਗੂੰ ਸੋਚਦੇ ਨੇ। ਬਾਬਾ ਨਜਮੀ ਇਸ ਬਾਰਾਂ ਕਰੋੜ ਅਬਾਦੀ ਦਾ ਜ਼ਮੀਰ ਤੇ ਜ਼ੁਬਾਨ ਏ। ਉਹਦਾ ਕਲਾਮ ਇਸ ਗੱਲ ਦਾ ਵੀ ਗਵਾਹ ਏ ਕਿ ਪੰਜਾਬੀ ਜ਼ੁਬਾਨ ਦੇ ਖ਼ਜ਼ਾਨਿਆਂ ਵਿਚ ਲਫ਼ਜ਼ਾਂ ਤੇ ਇਸ਼ਾਰਿਆਂ ਤੇ ਰਮਜ਼ਾਂ ਤੇ ਅਲਾਮਤਾਂ ਦੀ ਕਿੰਨੀ ਵੱਡੀ ਦੁਨੀਆ ਆਬਾਦ ਏ, ਤੇ ਬਾਬਾ ਨਜਮੀ ਨੇ ਇਹਨਾਂ ਤੋਂ ਮਿਸਾਲੀ ਕੰਮ ਲੀਤਾ ਏ।'---
ਅਹਿਮਦ ਨਦੀਮ ਕਾਸਮੀ

'ਬਾਬਾ ਨਜਮੀ ਕੀ ਸ਼ਾਇਰੀ ਅੰਧੇਰੇ ਮੇਂ ਆਵਾਜ਼ ਕੀ ਤਰ੍ਹਾਂ ਹੈ। ਇਸ ਕੇ ਸਹਾਰੇ ਹਮ ਸਬ ਅਪਨਾ ਅਪਨਾ ਰਾਸਤਾ ਤਲਾਸ਼ ਕਰ ਸਕਤੇ ਹੈਂ।'--
ਫਹਿਮੀਦਾ ਰਿਆਜ਼



ਬਾਬਾ ਨਜਮੀ ਦੀਆਂ ਚਾਰ ਗ਼ਜ਼ਲਾਂ

ਅੱਗ ਵੀ ਹਿੰਮਤੋਂ ਬਹੁਤੀ ਦਿੱਤੀ ਫਿਰ ਵੀ ਭਾਂਡੇ ਪਿੱਲੇ ਰਹੇ।
ਭਾਂਬੜ ਜਿਹੀਆਂ ਧੁੱਪਾਂ ਵਿਚ ਵੀ ਮੇਰੇ ਲੀੜੇ ਗਿੱਲੇ ਰਹੇ।

ਦੋਸ਼ ਦਿਉ ਨਾ ਝੱਖੜਾਂ ਉਤੇ ਸਿਰ ਤੋਂ ਉਡੇ ਤੰਬੂਆਂ ਦਾ,
ਕਿੱਲੇ ਠੀਕ ਨਈਂ ਠੋਕੇ ਖ਼ੌਰੇ ਸਾਥੋਂ ਰੱਸੇ ਢਿੱਲੇ ਰਹੇ।

ਇੱਧਰ ਗੱਭਰੂ ਲਾਸ਼ਾਂ ਡਿੱਗੀਆਂ ਸੀਨੇ ਪਾਟੇ ਮਾਵਾਂ ਦੇ,
ਉੱਧਰ ਠੀਕ ਨਿਸ਼ਾਨੇ ਬਦਲੇ ਲਗਦੇ ਤਕਮੇ ਬਿੱਲੇ ਰਹੇ।

ਮੈਂ ਵੀ ਧੀ ਸੀ ਡੋਲੇ ਪਾਉਣੀ ਸੂਹਾ ਜੋੜਾ ਲੈਣ ਗਿਆ,
ਵੇਖ ਕੇ ਮੇਰੀ ਹਾਲਤ ਵੱਲੇ ਹੱਸਦੇ ਗੋਟੇ ਤਿੱਲੇ ਰਹੇ।

ਰੱਸਤਾ, ਪੈਂਡਾ, ਵੇਲਾ ਇੱਕੋ ਮੰਜ਼ਲ ਉਤੇ ਅਪੜਨ ਦਾ,
ਪਿੱਟਣਗੇ ਤਕਦੀਰਾਂ ਬਹਿ ਕੇ ਜ਼ਰਾ ਵੀ ਜਿਹੜੇ ਜਿਲ੍ਹੇ ਰਹੇ।

ਇੱਕ ਦਿਹਾੜੇ ਬੱਦਲ ਵੱਸਿਆ, ਜਸ਼ਨ ਮਨਾਇਆ ਚੌਧਰੀਆਂ,
ਝੁੱਗੀਆਂ ਦੇ ਫਿਰ ਕਈ ਦਿਹਾੜੇ ਬਾਲਣ ਚੁਲ੍ਹੇ ਸਿਲ੍ਹੇ ਰਹੇ।

ਸਾਡਾ ਹਾਲ ਵੀ ਪੁੱਛਣ ਜੋਗੀ ਉਹਨਾਂ ਪੱਲੇ ਫੁਰਸਤ ਨਈਂ,
ਜਿਹਨਾਂ ਦੀ ਤੰਦਰੁਸਤੀ ਦੇ ਲਈ ਬਾਬਾ ਕੱਢੇ ਚਿੱਲੇ ਰਹੇ।

ਦੋ

ਉਠ ਉਏ ਬਾਬਾ ਆਪਣੀ ਜੂਹ ਦੇ ਦੁੱਖ ਦਾ ਦੀਵਾ ਬਾਲ਼।
ਟੁੱਕੜ ਵੰਡਣ ਵਾਲੇ ਅੱਗੇ ਭੁੱਖ ਦਾ ਦੀਵਾ ਬਾਲ਼।

ਖੌਰੇ ਕੋਈ ਮੰਜ਼ਲ ਭੁੱਲਿਆ ਆ ਈ ਜਾਵੇ ਪੱਖੀ,
ਧੁੱਪਾਂ ਸੜੀਆਂ ਰੇਤਾਂ ਵਿਚ ਵੀ ਰੁੱਖ ਦਾ ਦੀਵਾ ਬਾਲ਼।

ਅਸੀਂ ਵੀ ਤੇਰੇ ਆਦਮ ਜਾਏ ਉਤੋਂ ਤੇ ਨਈਂ ਡਿੱਗੇ,
ਝੁੱਗੀਆਂ ਵਿਚ ਵੀ ਕਦੇ ਕਦਾਈਂ ਸੁੱਖ ਦਾ ਦੀਵਾ ਬਾਲ਼।

ਖੌਰੇ ਉਜੜੇ ਘਰ ਦੇ ਆਲ਼ੇ ਜੱਗ ਨੂੰ ਚੰਗੇ ਲੱਗਣ,
ਸਾਡੇ ਨੈਣਾਂ ਵਿਚ ਵੀ ਆਪਣੇ ਮੁੱਖ ਦਾ ਦੀਵਾ ਬਾਲ਼।

ਰੋਟੀ ਜੋਗਾ ਵੀ ਨਈਂ ਆਟਾ ਭਾਵੇਂ ਵਿਚ ਕੁਨਾਲੀ,
ਫਿਰ ਵੀ ਬੁਲ੍ਹਾਂ ਉਤੇ ਰੱਜੀ ਕੁੱਖ਼ ਦਾ ਦੀਵਾ ਬਾਲ਼।

ਉਹਨਾਂ ਵਿਚੋਂ ਮੁੱਕ ਜਾਂਦੀ ਏ ਅਣਖ ਦੀ ਬਾਬਾ ਲੋ,
ਜਿਹੜੇ ਲੋਕੀ ਟੁੱਰ ਪੈਂਦੇ ਨੇ ਭੁੱਖ ਦਾ ਦੀਵਾ ਬਾਲ਼।


ਤਿੰਨ:

ਮਸਜਦ ਮੇਰੀ ਤੂੰ ਕਿਉਂ ਢਾਵੇਂ ਮੈਂ ਕਿਉਂ ਤੋੜਾਂ ਮੰਦਰ ਨੂੰ।
ਆ ਜਾ ਦੋਵੇਂ ਬਹਿ ਕੇ ਪੜ੍ਹੀਏ ਇੱਕ ਦੂਜੇ ਦੇ ਅੰਦਰ ਨੂੰ।

ਸਦੀਆਂ ਵਾਂਗੂੰ ਅੱਜ ਵੀ ਕੁਝ ਨਈਂ ਜਾਣਾ ਮਸਜਦ ਮੰਦਰ ਦਾ,
ਲਹੂ ਤੇ ਤੇਰਾ ਮੇਰਾ ਲੱਗਣਾ ਤੇਰੇ ਮੇਰੇ ਖ਼ੰਜਰ ਨੂੰ,

ਡੁੱਬੇ ਵਿਚ ਸਮੁੰਦਰ ਬੇੜੇ ਸਾਥੋਂ ਹਾਲ਼ੇ ਨਿਕਲੇ ਨਈਂ,
ਵੇਖੋ ਢੋਲ ਵਜਾ ਕੇ ਚੱਲੇ ਫੋਲਣ ਉਹਦੇ ਅੰਬਰ ਨੂੰ।

ਕਦੇ ਕਦੇ ਤੇ ਇਹੋ ਜੇਹੀ ਵੀ ਹਰਕਤ ਬੰਦਾ ਕਰਦਾ ਏ,
ਆਪਣਾ ਮੂੰਹ ਲੁਕਾਉਣਾ ਔਖਾ ਹੋ ਜਾਂਦਾ ਏ ਡੰਗਰ ਨੂੰ।

ਅਸਾਂ ਨਈਂ ਆਉਣਾ ਬਾਬਾ ਤੇਰਾ ਮੁੜ ਕੇ ਮੇਲਾ ਵੇਖਣ ਲਈ,
ਸ਼ਕਲਾਂ ਵੇਖ ਕੇ ਦੇਂਦੇ ਨੇਂ ਵਰਤਾਵੇ ਤੇਰੇ ਲੰਗਰ ਨੂੰ।

ਚਾਰ:
ਕਦੇ ਕਦੇ ਤਾਂ ਇੰਝ ਵੀ ਕਰਨਾ ਪੈਂਦਾ ਏ।
ਹੱਥੀਂ ਮੋਹਰਾ ਖਾ ਕੇ ਮਰਨਾ ਪੈਂਦਾ ਏ।

ਬੇਚ ਕੇ ਅਪਣੇ ਜੁੱਸੇ ਦਾ ਲਹੂ ਕਦੇ ਕਦੇ,
ਆਟੇ ਵਾਲਾ ਪੀਪਾ ਭਰਨਾ ਪੈਂਦਾ ਏ।

ਲਹੂ ਦਾ ਹੋਵੇ ਭਾਵੇਂ ਦਰਿਆ ਭਾਂਬੜ ਦਾ,
ਆਪਣੀ ਮੰਜ਼ਲ ਦੇ ਲਈ ਤਰਨਾ ਪੈਂਦਾ ਏ।

ਕਦੇ ਕਦੇ ਤਾਂ ਮਾਣ ਕਿਸੇ ਦਾ ਰੱਖਣ ਲਈ,
ਚਿੱਟੇ ਬੱਦਲਾਂ ਨੂੰ ਵੀ ਵਰ੍ਹਨਾ ਪੈਂਦਾ ਏ।

ਜਿਹਨਾਂ ਦੇ ਘਰ ਬੇਰੀ ਬਾਬਾ ਉਹਨਾਂ ਨੂੰ,
ਕੱਚਾ ਪੱਕਾ ਰੋੜਾ ਜਰਨਾ ਪੈਂਦਾ ਏ,

ਵਿਚ ਹਿਆਤੀ ਇੰਝ ਦੇ ਮੋੜ ਵੀ ਆਉਂਦੇ ਨੇ,
ਦੁਸ਼ਮਣ ਦਾ ਵੀ ਪਾਣੀ ਭਰਨਾ ਪੈਂਦਾ ਏ।
(-ਮੇਰਾ ਨਾਂ ਇਨਸਾਨ 'ਚੋਂ-)

****

****ਸ਼ਾਹ ਮੁਖੀ ਤੋਂ ਗੁਰਮੁੱਖੀ ਰੂਪ ਡਾ: ਗ..ਰਾਏ ****

3 ਜੁਲਾਈ 2007

ਬਾਬਾ ਨਜਮੀ ਦੀ ਹੋਰ ਰਚਨਾ ਪੜ੍ਹਨ ਲਈ ਕਲਿੱਕ ਕਰੋ>>>>

 


e-mail:
ਲਿਖਾਰੀ



© likhari: Punjabi Likhari Forum-2001-2007