ਪੀੜਾਂ
ਨੀਟਾ ਬਲਵਿੰਦਰ
ਹੇ ਰਾਮ, ਮੈਨੂੰ ਵੀ ਤੇਰੇ ਵਾਂਗ
ਘਰੋਂ ਬੇਘਰ ਹੋ ਕੇ ਦਰ ਦਰ
ਭਟਕਣਾ ਪਿਆ ਸੀ
ਇਨਾਂ ਲੰਬਾ ਬਨਵਾਸ
ਪਤਾ ਨਹੀਂ ਕਿਹੜੇ ਕਿਹੜੇ
ਗੁਆਚੇ ਰਿਸ਼ੰਤਿਆਂ ਦੀ ਭਾਲ ਵਿਚ,
ਜਦ ਬਨਵਾਸ ਤੋਂ ਵਾਪਿਸ ਪਰਤੀ
ਨਾ ਮਾਂ ਲੱਭੀ ਨਾ ਬਾਪ
ਫੇਰ ਮੈਂ ਆਪ ਹੀ ਬਨਵਾਸ ਲੈ ਬੈਠੀ ਸਾਂ
ਪਰਤਣ ਦੇ ਖਿਆਲ ਨੂੰ ਪਰੇ ਕਰ ਕੇ
ਉਮਰੋ ਲੰਬੀਆਂ ਪੀੜਾਂ ਲੈ ਕੇ
ਜੰਮਦੀ ਹੋਵੇਗੀ ਉਹ ਧੀ
ਜਿਸ ਦੇ ਜੰਮਣ ਵੇਲੇ
ਪੁੱਤਰ ਦੀ ਉਮੀਦ ਹੁੰਦੀ ਹੈ ਮਾਂ ਨੂੰ
ਪੀੜ ਕਿ ਝੱਲੀ ਨਹੀਂ ਜਾਂਦੀ
ਸਾਰੇ ਪਾਸੇ ਮੌਤ ਵਰਗੀ ਸੁੰਨ
ਇਹ ਸੋਚ ਕੇ ਅਜ ਵੀ ਮੈਂ ਘਬਰਾਂਦੀ ਆਂ
ਇਹ ਘਰ ਮੇਰਾ ਏ ਕਿ ਨਹੀ?
ਬਸ ਮਹਿਮਾਨ ਹੀ ਹਾਂ ਮੈਂ?
ਪਰ ਕਿਵੇਂ ਭੁਲਾਵਾਂ ਮੈਂ ਮਾਂ?
ਜਦੋਂ ਤੂੰ ਮੇਰਾ ਚੇਹਰਾ ਤਕਦਿਆਂ
ਉਦਾਸ ਹੋ ਕੇ ਆਖਿਆ ਸੀ,
ਮਰ ਜਾਣੀਏੇ –
ਕਿੰਨਾ ਚੰਗਾ ਹੁੰਦਾ
ਜੇ ਮੁੰਡਾ ਬਣ ਕੇ ਆਂਦੀਓ,
ਪਿਛਲੇ ਕਮਰੇ ਵਿਚ ਰਖੀਆਂ
ਸ਼ਰਾਬ ਦੀਆਂ ਬੋਤਲਾਂ ਲੁਕੋ ਛਡੀਆਂ ਸਨ
ਮਠਿਆਈ ਵਾਲੇ ਨੂੰ ਦਿਤਾ ਆਰਡਰ ਵੀ ਤੇ
ਕੈਂਸਲ ਕਰ ਦਿਤਾ ਸੀ
ਤੂੰ ਕੁਝ ਵੀ ਨਹੀਂ ਸੀ ਬੋਲੀ
ਦਾਦੀ ਕਿੰਨੇ ਦਿਨ ਸੋਗ ਮਨਾਂਦੀ ਰਹੀ ਸੀ
ਲੈ ਫੇਰ ਆ ਗਿਆ ਪੱਥਰ
ਇਸ ਵਾਰ ਡਾਕਟਰ ਨੇ ਪੂਰੀ ਉਮੀਦ ਦਿਤੀ ਸੀ
ਪੁਤਰ ਹੀ ਹੋਵੇਗਾ
ਨਾਲੇ ਤੂੰ ਸੰਤਾਂ ਕੋਲੋਂ ਦਵਾਈ ਵੀ ਤੇ
ਲਈ ਸੀ ਨਾ ਮਾਂ
ਮੈਂ ਤੇਰੀ ਝੋਲੀ ਵਿਚ ਲੇਟੀ ਤਕ ਰਹੀ ਸਾਂ
ਤੂੰ ਮੇਰੇ ਚੇਹਰੇ ਵਿਚੋਂ ਉਸ ਪੁਤਰ ਦਾ
ਚੇਹਰਾ ਲਭਦੀ
ਤੇ ਫੇਰ ਉਦਾਸ ਹੋ ਕੇ ਇਹੋ ਆਖਦੀ
ਮਰ ਜਾਣੀਏ- ਕਿੰਨਾ ਚੰਗਾ ਹੁੰਦਾ
ਜੇ ਮੁੰਡਾ ਬਣ ਕੇ ਆਂਦੀਓਂ
ਤੂੰ ਤੇ ਮੈਨੂੰ ਦੁੱਧ ਵੀ ੳਧਾਰਾ ਦਿਤਾ ਸੀ ਮਾਂ
ਜੋ ਮੇਰੇ ਹਿੱਸੇ ਦਾ ਨਹੀਂ ਸੀ
ਉਸ ਪੁਤਰ ਦੇ ਹਿੱਸੇ ਦਾ ਸੀ
ਜਿਸ ਦੀ ਤੈਨੂੰ ਉਡੀਕ ਸੀ
ਤੈਨੂੰ ਪਤੈ ਮਾਂ
ਤੇਰੀ ਛਾਤੀ ਚੋਂ ਦੁੱਧ ਨਹੀਂ ਜਹਿਰ ਵਗਿਆ ਸੀ
ਉਮਰਾਂ ਜਿਡਾ ਦਰਦ ਤੂੰ
ਮੇਰੀ ਝੋਲੀ ਵਿਚ ਪਾਇਆ ਹੈ ਮਾਂ,
ਅਜ ਵਰਿਆਂ ਮਗਰੋਂ ਮੇਰੇ ਘਰ
ਮੇਰੀ ਧੀ ਨੇ ਜਨਮ ਲਿਆ ਹੈ
ਮੈਂ ਉਸਨੂੰ ਆਪ ਮੰਗ ਕੇ ਲਿਐ ਮਾਂ
ਜੀਊਣ ਜੋਗੀਏ, ਕਿਥੇ ਸੈਂ ਇੰਨੀ ਦੇਰ
ਮੇਰੀਆਂ ਤੇ ਅਖੀਆਂ ਪਕ ਗਈਆਂ ਸਨ
ਤੈਨੂੰ ਉਡੀਕਦੇ ਉਡੀਕਦੇ
ਇਸ ਸੰਤਾਪ ਨੂੰ ਹੰਢਾਇਆ ਏ ਮੈਂ ਮਾਂ
ਮੈਂ ਜਦ ਵੀ ਆਪਣੀ ਧੀ ਵਲ ਤਕਦੀ ਆਂ
ਇਹੀ ਆਖਦੀ ਆਂ ਮਾਂ
ਸ਼ੁਕਰ ਏ ਧੀ ਬਣ ਕੇ ਆਈ ਏਂ
ਮੇਰੇ ਘਰ ਖੁਸ਼ੀਆਂ ਲਿਆਈ ਏਂ
ਮੈਂ ਬਨਵਾਸੋਂ ਮੁੜ ਆਈ ਆਂ
ਉਹ ਬਨਵਾਸ ਜੋ ਤੂੰ ਮੈਨੂੰ
ਏਨੇ ਵ੍ਹਰੇ ਦਾ ਦਿਤਾ ਸੀ
ਮਾਂ, ਮੈਂ ਬਨਵਾਸੋਂ ਮੁੜ ਆਈ ਆਂ
ਮੈਂ ਬਨਵਾਸੋਂ ਮੁੜ ਆਈ ਆਂ।
***
(11 ਅਗਸਤ 2007)
ਨੀਟਾ ਬਲਵਿੰਦਰ ਦੀਆਂ ਹੋਰ ਰਚਨਾਵਾਂ ਪੜ੍ਹਨ
ਲਈ ਕਲਿੱਕ ਕਰੋ