ਗ਼ਜ਼ਲ

ਰੂਪ ਸਿੱਧੂ


ਹਰ ਵੇਲੇ ਦਿਲ ਨੂੰ ਰਹਿੰਦੀ ਤੇਰੀ ਉਡੀਕ ਸੱਜਣਾ
ਆਣੇ ਦੀ ਤੇਰੇ ਆਉਣੀ ਦਸ ਕਦ ਤਰੀਕ ਸੱਜਣਾ

ਗਿਣ ਗਿਣ ਕੇ ਪਲ ਤੇ ਘੜੀਆਂ ਦਿਨ ਰਾਤ ਲੰਘੀ ਜਾਂਦੇ
ਗਿਣ ਗਿਣ ਕੇ ਦਿਨ ਤੇ ਹਫਤੇ, ਮਾਹ ਚੱਲੇ ਬੀਤ ਸੱਜਣਾ

ਕਰਨੇ ਨੂੰ ਸਿਤਮ ਆਪਣੇ ਗੈਰਾਂ ਤੋਂ ਵੀ ਨੇ ਕਾਹਲੇ
ਝੱਲਣੇ ਨੂੰ ਪੀੜਾਂ ਕਿਹੜਾ ਹੁੰਦਾ ਸ਼ਰੀਕ ਸੱਜਣਾ

ਹਰ ਚੀਜ਼ ਦੀ ਹੀ ਸੱਜਣਾ ਹੁੰਦੀ ਏ ਹੱਦ ਕੋਈ ਤਾਂ
ਸਕਿਆ ਨਾ ਝੂਠ ਦੀ ਤੂੰ ਕੋਈ ਹੱਦ ਉਲੀਕ ਸੱਜਣਾ

ਨਾ ਤੂੰ ਅਤੇ ਨਾ ਤੇਰਾ ਸੱਜਣਾ ਪੈਗਾਮ ਆਇਆ
ਨਾ ਤੂੰ ਅਤੇ ਨਾ ਤੇਰੀ ਭੁਲਦੀ ਏ ਪ੍ਰੀਤ ਸੱਜਣਾ

ਭੁੱਲਣੇ ਦਾ ਸ਼ੌਕ ਹੈ ਤੇ ਭੁੱਲ ਜਾ ਖਤਾ ਤੂੰ ਮੇਰੀ
ਪਰ ਭੁੱਲਕੇ ਵੀ ਨਾ ਭੱਲਣਾ ਅਪਣਾ ਅਤੀਤ ਸੱਜਣਾ

ਇਸ ਲਈ ਹੀ ਮੇਰੇ ਹੰਝੂ ਨਮਕੀਨ ਹੈ ਨੇ ਕਿਉਕਿ
ਅੱਖੀਆਂ ਨੂੰ ਨਹੀ ਦਿਸਿਆ ਅਰਸੇ ਤੋਂ ਮੀਤ ਸੱਜਣਾ

ਸ਼ਬਨਮ ਦੇ ਮੋਤੀ ਸੱਜਣਾ ਰਹਿੰਦੇ ਦੁਪਹਿਰ ਤੱਕ ਨਾ
ਰੋਏਂਗਾ ਵਕਤ ਲੰਘਿਆਂ ਮੁੱਠੀਆਂ ਨੂੰ ਮੀਚ ਸੱਜਣਾ

ਦੇਖੀਂ ਨਾ ਦੇਣ ਤਾਹਨੇ ਲੋਕੀ ਮੇਰੀ ਕਬਰ ਨੂੰ
ਹੋਵੇ ਨਾ ਕਿਤੇ ਮੇਰੀ ਮਿੱਟੀ ਪਲੀਤ ਸੱਜਣਾ

ਜਿਸ ਰੂਪ ਨੂੰ ਤੈਂ ਚਾਹਿਆ ਉਹ ਚੰਦ ਦਿਨਾ ਦਾ ਸਾਥੀ
ਜਿਸ "ਰੂਪ" ਤੈਨੂੰ ਚਾਹਿਆ ਤੇਰਾ ਅਜਲ ਤੀਕ ਸੱਜਣਾ

**

ਯੂਨੀ-(੩੦ ਨਵੰਬਰ ੨੦੦੬)

 

e-mail:
ਲਿਖਾਰੀ
Likhari


© likhari: Punjabi Likhari Forum-2001-2007