ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
     ਮੁੱਖਪੰਨਾ

e-mail:likhari2001@yahoo.co.uk

ਤਿੰਨ ਗ਼ਜ਼ਲਾਂ

-ਸੁਰਿੰਦਰ ਗੀਤ-

(1) ਗਜ਼ਲ

ਅੱਥਰੂ ਉਦਾਸ ਹੋਏ ਹੌਕੇ ਉਦਾਸ ਹੋਏ,
ਸੰਗ ਕਾਲਖ਼ਾਂ ਦੇ ਲੜਦੇ ਜਜ਼ਬਾਤ ਸਾਡੇ ਰੋਏ।
ਸਾਡੇ ਸਮੇਂ ਦਾ ਹਾਕਮ ਕਿਉਂ ਹੈ ਨਿਰੋਲ ਨੇਰ੍ਹਾ,
ਇਹ ਪੌਣ ਤੇ ਇਹ ਪਾਣੀ ਦੋਨੋਂ ਵੀ ਝ਼ਹਿਰੀ ਹੋਏ।
ਸੂਰਜ ਨੂੰ ਵੀ ਮੈਂ ਪੁੱਛਿਆ ਪੁੱਛਾਂ ਮੈਂ ਚੰਦ ਨੂੰ ਵੀ,
ਕਲ੍ਹ ਚਾਨਣੀ ਦੇ ਹੱਥੋਂ ਕਿੰਨੇ ਕੁ ਤਾਰੇ ਮੋਏ।
ਪੰਜ ਆਬ ਸਾਡੀ ਧਰਤੀ ਹੁਸਨਾਂ ਦੀ ਇਹ ਪਟਾਰੀ
ਪਿਆਰਾਂ ਦੀ ਰੱਤ ਨੁੱਚੜੀ ਇਹ ਆਬ ਲਾਲ ਹੋਏ।
ਹੌਕਾ ਭਰੀਂ ਨਾ ਕੋਈ ਇਹ ਰਾਤ ਸੁਣ ਲਵੇਗੀ
ਹੁਣ ਆਦਮੀ ਨੇ ਆਪਣੇ ਨੇਰ੍ਹੇ ਤੋਂ ਸਾਹ ਲਕੋਏ।
ਕਵਿਤਾ ਤੇਰੇ ਗਰਾਂ ਤਾਂ ਸੁਣਿਆ ਬੜੀ ਆਜ਼ਾਦੀ,
ਕਵੀਆਂ ਨੇ ਕਿਹੜੀ ਗੱਲ ਤੋਂ ਬੂਹੇ ਦਿਲਾਂ ਦੇ ਢੋਏ।
ਮੈਂ ਗੀਤ ਛੇੜ ਬੈਠੀ ਉਹ ਸਾਜ਼ ਲੈ ਕੇ ਆਇਆ,
ਡਰਦੇ ਸਮਾਜ ਕੋਲੋਂ ਦੋਨੋਂ ਖਾਮੋਸ਼ ਹੋਏ।
ਬਦਨਾਮ ਹੋ ਰਿਹਾ ਹੈ ਇਸ ਬਾਗ ਦਾ ਜੋ ਮਾਲੀ
ਫੁੱਲਾਂ ਦੀ ਰੁੱਤ ਆਈ ਕੰਡਿਆਂ ਦੇ ਬੀਜ਼ ਬੋਏ।
 
(2) ਗਜ਼ਲ

ਚੰਨ ਦੀ ਤੇ ਚਾਨਣੀ ਦੀ ਆਪਸੀ ਗਲ ਬਾਤ ਹੈ
ਸਾਡੇ ਏਥੇ ਹੋਣ ਤੇ ਵੀ ਕਿਉ ਹਨੇਰੀ ਰਾਤ ਹੈ।
ਛੁੱਪ ਗਿਆ ਸੂਰਜ ਸੁਣਾ ਕੇ ਹੁਕਮਨਾਮਾ ਫੁੱਲ ਨੂੰ
ਮਹਿਕ ਵੰਡਣੀ ਹੈ ਜਰੂਰੀ ਜਦ ਹੋਣੀ ਪਰਭਾਤ ਹੈ।
ਕੀ ਕਰਾਂ ਮੈਂ ਮਹਿਕ ਨੂੰ ਤੇ ਕੀ ਕਰਾਂ ਮੈਂ ਚਾਨਣੀ,
ਸ਼ਹਿਰ ਮੇਰੇ ਰੋਜ਼ ਹੁੰਦੀ ਅੱਗ ਦੀ ਬਰਸਾਤ ਹੈ।
ਰੋਕ ਲੈ ਜੇ ਰੋਕ ਸਕਦੈ ਅੱਗ ਦੀ ਇਸ ਖੇਡ ਨੂੰ
ਹੋ ਗਈ ਬਦਨਾਮ ਸਾਰੇ ਅੱਗ ਦੀ ਇਹ ਜ਼ਾਤ ਹੈ।
ਤਾਰਿਆਂ ਦੇ ਪਾਰ ਜਾਕੇ ਕੀ ਕਰੇਗਾ ਆਦਮੀ
ਧਰਤ ਦੇ ਪਿੰਡੇ ਤੇ ਸਰਦੀ ਜਿਸ ਤੋਂ ਨਾ ਇਕ ਝਾਤ ਹੈ।
ਰੋ ਪਿਆ ਹੈ ਸਾਜ਼ ਮੈਨੂੰ ਚੁੱਪ-ਚੁਪੀਤਾ ਦੇਖ ਕੇ
ਵੇਖ ਕਿੱਦਾਂ ਫੁੱਟਦਾ ਜਜ਼ਬਾਤ ਚੋਂ ਜਜ਼ਬਾਤ ਹੈ।
ਝੋਲ ਮੇਰੇ ਗੀਤ ਦੀ ਹੁੰਦੀ ਕਦੇ ਖਾਲੀ ਨਹੀˆ
ਪੀੜ ਦੀ ਮਿਲਦੀ ਹੀ ਰਹਿੰਦੀ ਏਸ ਨੂੰ ਸੌਗਾਤ ਹੈ।

(3) ਗਜ਼ਲ

ਰੱਖੀਂ ਜਗਾ ਕੇ ਦੀਵੇ ਹੋ ਜਾਵੇ ਨਾ ਹਨੇਰਾ
ਫਿ਼ਰਦਾ ਸੀ ਰਾਤੀਂ ਲੁੱਟਦਾ ਸੁਪਨੇ ਤੇਰੇ ਲੁਟੇਰਾ।
ਕਿੰਨ੍ਹੀ ਕੇ ਦੇਰ ਟਿੱਕਦੀ ਸਾਹਾਂ ‘ਚ ਮਹਿਕ ਤੇਰੀ
ਜੱਦ ਮੈਂ ਰਹੀ ਨਾ ਅਪਣੀ ਤੇ ਤੂੰ ਰਿਹਾ ਨਾ ਮੇਰਾ।
ਬਾਗਾਂ ਦੀ ਰਾਣੀ ਬਣਕੇ ਆਵੇਂ ਕਿਵੇਂ ਉਹ ਤਿਤਲੀ
ਰੰਗ ਡੀਕ ਜਿਸਦੇ ਹੋਇਆ ਰੰਗੀਨ ਇਹ ਚੁਫੇਰਾ।
ਔਖਾ ਬੜਾ ਸੀ ਚੁੱਕਣਾ ਤਿਤਲੀ ਦਾ ਭਾਰ ਜਿਸਨੂੰ
ਸਿਰ ਤੇ ਉਹ ਰੋਜ਼ ਢੋਂਦਾ ਦਿਨ ਰਾਤ ਹੈ ਹਨੇਰਾ।
ਰੱਤ ਧਰਤ ਦੀ ਹੈ ਚੂਸੀ ਅੱਗਨੀ ਦੇ ਠੇਕੇਦਾਰਾਂ
ਕਾਲਾ ਗੁਲਾਬ ੳੁੱਗਦਾ ਤਾਂ ਹੀ ਤਾਂ ਹੈ ਬਥੇਰਾ।
ਮਾਯੂਸ ਹੋਕੇ ਬਹਿ ਨਾ ਉਠ ਮਾਰ ਖੇਤ ਗੇੜਾ
ਲੱਗਦਾ ਹੈ ਕਿਧਰੇ ਉਗਿਆ ਡੁਲ੍ਹਿਆ ਪਸੀਨਾ ਤੇਰਾ।
ਝੋਲੀ ਮੇਰੀ ‘ਚ ਡਿੱਗੇ ਟਾਹਣਾਂ ਤੋਂ ਟੁੱਟਕੇ ਪੱਤੇ
ਜਦ ਬੈਠ ਛਾਵੇਂ ਰੁੱਖ ਦੀ ਗਾਇਆ ਮੈਂ ਗੀਤ ਤੇਰਾ।
 

*****
(23 ਜੂਨ 2006) ਯੂਨੀਕੋਡ

ਸੁਰਿੰਦਰ ਗੀਤ ਦੀਆਂ ਲਿਖਾਰੀ ਵਿੱਚ ਛਪੀਆਂ ਹੋਰ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

 

ਲਿਖਾਰੀ
Likhari


 © likhari: Punjabi Likhari Forum-2001-2008