ਸਥਾਪਤ: ਅਪਰੈਲ 2001


ਪੰਜਾਬੀ ਬੋਲੋ - ਪੰਜਾਬੀ ਪੜ੍ਹੋ - ਪੰਜਾਬੀ ਲਿਖੋ
 'ਲਿਖਾਰੀ'- ਇੱਕ ਗ਼ੈਰ-ਵਿਉਪਾਰਕ, ਨਿਰੋਲ
ਸਾਹਿਤਕ ਅਤੇ ਸਮਾਜਕ ਪਰਚਾ
A non-commercial/non-profitting/non political/non religious website dedicated to promote Punjabi Language/Literature through the Internet.


www.likhari.org
www.likhari.com
     ਮੁੱਖਪੰਨਾ

e-mail:likhari2001@yahoo.co.uk

ਹਾਜ਼ਰ ਹਨ
ਚਾਰ ਕਵਿਤਾਵਾਂ

-ਸੁਰਿੰਦਰ ਗੀਤ-

(1) ਕਣੀਆਂ ਵਰ੍ਹੀਆਂ

ਓਧਰ ਓਦੋˆ ਅੰਮ੍ਰਿੰਤ ਵੇਲਾ
ਏਧਰ ਓਦੋˆ ਸ਼ਾਮਾਂ ਢਲੀਆਂ
ਏਧਰ ਮੇਰੀਆਂ ਅੱਖਾਂ ਭਰੀਆਂ
ਓਧਰ ਓਦੋˆ ਕਣੀਆਂ ਵਰ੍ਹੀਆਂ
ਗੱਲ ਤਾਂ ਇਹ ਕੁਝ ਯਾਦਾਂ ਦੀ ਸੀ
ਦਿਲ ਦੀਆਂ ਫਰਿਆਦਾਂ ਦੀ ਸੀ
ਰੋਹੀ ਦੀ ਕਿੱਕਰ ਤੇ ਖੜ੍ਹੀਆਂ
ਨੰਗੀਆਂ ਸੁੱਕੀਆਂ ਸ਼ਾਖਾਂ ਦੀ ਸੀ
ਕੌਣ ਜਾਣੇ ਸ਼ਾਖਾਂ ਤੇ ਪੱਤੀਆਂ
ਕਦ ਫੁੱਟੀਆਂ ਤੇ ਕਦ ਸਨ ਝੜੀਆਂ
ਏਧਰ ਮੇਰੀਆਂ ਅੱਖਾਂ ਭਰੀਆਂ
ਓਧਰ ਓਦੋˆ ਕਣੀਆਂ ਵਰ੍ਹੀਆਂ
ਟੁਕੜੇ ਟੁਕੜੇ ਹੋਕੇ ਜਿਊਣਾ
ਜਿਊਣਾ ਵੀ ਕੋਈ ਜਿੳਣਾ ਹੈ
ਬੇ-ਬੱਸ ਹੋਕੇ ਰਾਖ ਠੰਡੀ ਨੂੰ
ਹੌਕਿਆਂ ਨਾਲ ਧੁਖਾਉਣਾ ਹੈ
ਹੁਣ ਤਾਂ ਹੌਕੇ ਵੀ ਅੱਕ ਗਏ
ਨਿਤ ਸੁਣਾਉˆਦੇ ਖਰੀਆਂ ਖਰੀਆਂ
ਏਧਰ ਮੇਰੀਆਂ ਅੱਖਾਂ ਭਰੀਆਂ
ਓਧਰ ਓਦੋ ਕਣੀਆਂ ਵਰ੍ਹੀਆਂ
ਧਰਤੀ ਦਾ ਔਹ ਬੰਨਾ ਤੇਰਾ
ਧਰਤੀ ਦਾ ਇਹ ਬੰਨਾ ਸਾਡਾ
ਅੰਬਰੋˆ ਵਰ੍ਹਦਾ ਪਾਣੀ ਮਿੱਠਾ
ਨੈਣੋˆ ਕਿਰਦਾ ਪਾਣੀ ਖਾਰਾ
ਪਾਣੀ ਦੋ ਪਰ ਇਕ ਸਜਾ ਹੈ
ਪ੍ਰੀਤ ਦੀਆਂ ਇਹ ਜਾਦੂਗਰੀਆਂ
ਏਧਰ ਮੇਰੀਆਂ ਅੱਖਾਂ ਭਰੀਆਂ
ਓਧਰ ਓਦੋˆ ਕਣੀਆਂ ਵਰ੍ਹੀਆਂ
*****

(2) ਕੀ ਕਰੀਏ

ਰੱਬ ਜੀ !
ਤੁਹਾਡੀ ਸਿਰਜੀ ਸ਼੍ਰਿਸਟੀ ਦੇ
ਸਭ ਤੋˆ ਸ਼੍ਰੇਸਟ ਪ੍ਰਾਣੀ
ਮਨੁੱਖ ਨੇ
ਕੁਲ ਜੀˆਵ ਜੰਤੂਆਂ ਨੂੰ
ਵੱਖ ਵੱਖ ਸ਼੍ਰੇਣੀਆਂ ਵਿਚ ਵੰਡਿਆ ਹੈ
ਅਤੇ ਵੱਖ ਵੱਖ ਨਾਮ ਧਰਿਆ ਹੈ
ਤੁਸੀˆ ਹੀ ਦੱਸੋ
ਸਭ ਤੋˆ ਪ੍ਰਾਚੀਨ ਸਭਿਅਤਾ ਵਾਲੇ
ਗੁਰੂਆਂ, ਪੀਰਾਂ ਫਕੀਰਾਂ ਦੀ ਜਨਮ ਭੁੂਮੀ ਵਾਲੇ
ਮਹਾਨ ਦੇਸ਼ ਦੀ
ਧਰਤੀ ਤੇ ਵੱਸਦੇ
ਮਨੁੱਖਾਂ ਦਾ ਭੁਲੇਖਾ ਪਾਉˆਦੇ
ਰਾਖਸ਼ੀ ਬਿਰਤੀਆਂ ਵਾਲੇ
ਵਰਤਮਾਨ ਰਾਜ਼ਨੀਤਕਾਂ ਨੂੰ
ਕਿਸ ਸ਼੍ਰੇਣੀ ਵਿੱਚ ਰਖਿਆ ਜਾਵੇ ?
ਰੱਬ ਜੀ
ਹੋ ਸਕਦੈ
ਤੁਸੀˆ ਆਪਣੇ ਜਾਣੇ
ਇਨ੍ਹਾਂ ਨੂੰ ਮਨੁੱਖ ਹੀ ਬਣਾਇਆ ਹੋਵੇ
ਤੇ ਇਨ੍ਹਾਂ ਦੇ ਸਿਰ ਤੇ
ਆਪਣੀ ਕਿਰਪਾ ਦਾ
ਖਾਸ ਛਤਰ ਝੁਲਾਇਆ ਹੋਵੇ
ਪਰ ਅਸੀˆ ਇਨ੍ਹਾਂ ਨੂੰ
ਨਹੀˆ ਆਖ ਸਕਦੇ ਮਨੁੱਖ
ਆਪਣੇ ਆਪ ਨੂੰ ਭਾਵੇˆ ਆਖੀ ਜਾਣ
ਮਨੁੱਖਤਾ ਦਾ ਸੁਖ
ਸਾਨੂੰ ਤਾਂ ਲਗਦੇ ਨੇ
ਧਰਤੀ ਦੀ ਹਿੱਕ ਤੇ ਉਗਿਆ
ਮਹਾਂ-ਮਾਰੂ ਦੁੱਖ
ਰੱਬ ਜੀ !
ਇਨ੍ਹਾਂ ਦੇ ਮੂੰਹ ਨੂੰ
ਮਨੁੱਖਤਾ ਦਾ ਸੱਜਰਾ ਖ਼ੁਨ
ਲਗ ਗਿਆ ਹੈ
ਇਨ੍ਹਾ ਦੇ ਢਿੱਡਾਂ ਦਾ ਆਕਾਰ
ਏਨਾ ਵੱਧ ਗਿਆ ਹੈ
ਕਿ ਇਹ ਇਨ੍ਹਾਂ ਨੂੰ ਸਦਾ ਖ਼ਾਲੀ ਹੀ
ਲਗਣ ਲਗ ਪਿਆ ਹੈ
ਇਨ੍ਹਾ ਦਾ ਦਿਮਾਗ
ਏਨਾ ਵਿਕਸਤ ਜੋ ਗਿਆ ਹੈ
ਕਿ ਇਹ ਸਹਿਜ਼ੇ ਹੀ ਭਾਲ ਲੈˆਦੇ ਨੇ
ਮਨੁੱਖਾਂ ਦੇ ਦਿਮਾਗਾਂ ਦਾ ਕੁਤਰਾ ਕਰਨ ਦੇ
ਬਲਾਤਕਾਰੀ ਢੰਗ
ਤੇ ਬੜੀ ਆਸਾਨੀ ਨਾਲ
ਚਲਾ ਜਾਂਦੇ ਨੇ
ਆਪਣੇ ਮਿੱਠੇ ਜ਼ਹਿਰੀ ਡੰਗ !
ਰੱਬ ਜੀ!
ਮਨੁੱਖ ਹੋਣ ਦਾ ਭੁਲੇਖਾ ਪਾਉˆਦੀ
ਇਸ ਸ਼੍ਰੇਣੀ ਦੇ ਜੀˆਵ
ਆਪਸ ਵਿਚ ਖਹਿੰਦੇ ਨੇ
ਊਠਤ-ਬੈਠਤ ਕਰਦੇ ਨੇ
ਧੱਕ ਮਧੱਕਾ ਹੁੰਦੇ ਨੇ
ਗਲੀਆਂ ਬਜ਼ਾਰਾਂ ‘ਚ
ਘਟੀਆ ਤੋˆ ਘਟੀਆ
ਖੇਡਾ ਪਾਉˆਦੇ ਨੇ
ਵੋਟਾਂ ਦੀ ਖਾਤਿਰ
ਚਲਿੱਤਰੀ ਤੀਰ ਚਲਾਉˆਦੇ ਨੇ
ਤੇ ਇਸ ਸਭ ਕਾਸੇ ਵਿਚ
ਮਨੁੱਖ ਮਿੱਧੇ ਜਾਂਦੇ ਨੇ
ਉਹਨਾਂ ਦੇ ਸਰੀਰ
ਮਾਰੂ ਨੀਤੀਆਂ ਨਾਲ ਵਿਨ੍ਹੇ ਜਾਂਦੇ ਨੇ!
ਪਰ ਰੱਬ ਜੀ!
ਤੁਸੀˆ ਉਦਾਸ ਨਾ ਹੋਵੋ
ਖੁਸ਼ ਹੋਵੋ
ਇਹ ਸੁਣਕੇ
ਕਿ ਇਹ ਸ਼੍ਰੇਣੀ ਹੈ ਬਹੁਤ ਧਾਰਮਿਕ
ਤੁਹਾਡਾ ਨਾਮ ਜੱਪਦੀ ਹੈ ਜਾਂ ਨਹੀˆ
ਪੱਕਾ ਪਤਾ ਨਹੀˆ
ਪਰ ਧਰਮ ਦੀ ਢਾਲ
ਆਪਣੇ ਮੱਥੇ ਤੇ ਜ਼ਰੂਰ
ਟੰਗਦੀ ਹੈ
ਜਦੋˆ ਲਹੂ-ਲੁਹਾਣ ਹੋਈ ਮਨੁੱਖਤਾ
ਆਪਣੇ ਸਵਾਲ ਦਾ ਜਵਾਬ ਮੰਗਦੀ ਹੈ
ਆਪਣੇ ਖ਼ੂਨ ਦਾ ਹਿਸਾਬ ਮੰਗਦੀ ਹੈ
ਰੱਬ ਜੀ!
ਤੁਸੀˆ ਹੀ ਦਸੋ
ਜਿਊˆਦਾ ਮਨੁੱਖਾ ਮਾਸ ਖਾਣੀˆ
ਗਰਮਾ ਗਰਮ ਮਨੁੱਖਾ ਲਹੂ ਪੀਣੀˆ
ਇਸ ਸ਼੍ਰੇਣੀ ਦਾ ਕੀ
ਨਾਮ ਧਰੀਏ
ਤੇ ਆਪਣਾ ਲਹੂ ਮਾਸ ਬਚਾਉਣ ਲਈ ਕਿਹੜਾ
ਹੀਲਾ ਕਰੀਏ??
*****
(3) ਸਿਰਨਾਵਾਂ

ਤੂੰ ਮੈਨੂੰ ਖ਼ਤ ਲਿਖੀਂ
ਪਰ ਕਿਸ ਸਿਰਨਾਵੇਂ ਤੇ
ਮੇਰਾ ਤਾਂ ਕੋਈ ਸਿਰਨਾਵਾਂ ਨਹੀਂ
ਚੱਲ ਤੂੰ ਲਿਖ ਦੇਵੀਂ
ਕੋਈ ਸੁਨੇਹਾ
ਇਸ ਦੇਸ਼ ਦੀ ਠੰਢੀ ਬਰਫ਼ ਦੇ ਨਾਂ
ਕਿਉਂਕਿ
ਮੈਂ ਬਰਫ਼ਾਂ ‘ਚ ਦੱਬੀ ਰਹਿੰਦੀ ਹਾਂ
ਕਿਸੇ ਨਿੱਘੀ ਹਵਾ ਦੀ ਮਿਹਰ ਨਾਲ
ਬਰਫ਼ ਪਿਘਲੇਗੀ
ਮੈਂ ਬਾਹਰ ਝਾਕਾਂਗੀ
ਤੇ ਤੇਰੇ ਖ਼ਤ ਨੂੰ
ਮੈਂ ਦਿਸ ਪਵਾਂਗੀ
ਬਰਫ਼ਾਂ ਮੇਰਾ ਸਿਰਨਾਵਾਂ ਹਨ
ਜੇ ਏਸ ਤਰ੍ਹਾਂ ਨਹੀਂ ਤਾਂ
ਫਿਰ ਲਿਖ ਦੇਵੀਂ
ਪੀੜਾਂ ਦੇ ਨਾਂ
ਕਿਉਂਕਿ ਹਰ ਤਰ੍ਹਾਂ ਦੀ ਪੀੜ
ਮੈਨੂੰ ਜਾਣਦੀ ਹੈ
ਮੈਨੂੰ ਹੋਰ ਕੋਈ ਮਿਲਣ
ਆਵੇ ਜਾਂ ਨਾ
ਕੋਈ ਨਾ ਕੋਈ ਪੀੜ
ਜ਼ਰੂਰ ਗੇੜਾ ਮਾਰਦੀ ਹੈ
ਤੂੰ ਮੈਨੂੰ ਖ਼ਤ ਲਿਖੀਂ
ਪੀੜਾਂ ਦੇ ਨਾਂ
ਪੀੜਾਂ ਮੇਰਾ ਸਿਰਨਾਵਾਂ ਹਨ
* * * * *
(4) ਕੁੱਝ ਲਿਖਦੇ

ਸ਼ਾਇਰ ਮਿੱਤਰਾ
ਮੰਨਿਆ ਕਿ ਦੋਸਤਾਂ ਦੀ ਬੇਵਫਾਈ
ਜਾਂ ਮਹਿਬੂਬ ਦੀ ਜੁਦਾਈ
ਤੇਰੀ ਰੂਹ ਪਿੰਜਦੀ ਹੈ
ਤੇ ਤੇਰੀ ਰੂਹ ਦੀ ਪੀੜਾ
ਅੱਥਰੂ ਬਣ
ਤੇਰੇ ਨੈਣਾਂ ਚੋਂ ਸਿੰਮਦੀ ਹੈ
ਤੇ ਤੇਰੀ ਕਲਮ
ਆਪ ਮੁਹਾਰੇ
ਤੇਰੀ ਪੀੜਾ ਦੇ ਗੀਤ ਲਿਖਦੀ ਹੈ
ਪਰ ਸ਼ਾਇਰ ਮਿੱਤਰਾ
ਤੇਰੀ ਪੀੜਾ
ਮਨੁੱਖਤਾ ਦੀ ਪੀੜਾ ਸਾਹਵੇˆ
ਸਿਰਫ਼ ਇਕ ਕਣੀ ਹੈ
ਤੇ ਮਨੁੱਖਤਾ ਦੀ ਪੀੜਾ
ਤੇਰੀ ਕਲਮ ਸਾਹਵੇˆ
ਸਵਾਲ ਬਣ ਖੜੀ ਹੈ
ਕਿ ਕਿਉˆ ਤੇਰੀ ਕਲਮ
ਖਾਮੋਸ਼ ਬੜੀ ਹੈ
ਸ਼ਾਇਰ ਮਿੱਤਰਾ
ਹਵਾ ਦੀ ਹਿੱਕ ਤੇ
ਕੁਝ ਲਿਖਦੇ
ਧਰਤੀ ਦੇ ਪਿੰਡੇ ਨੂੰ ਲੂੰਹਦੀ
ਨਿਤ ਨਵੀˆ ਅੱਗ ਦੇ ਨਾਂ
ਕੁੰਡਲੀ ਮਾਰੀ ਬੈਠੇ
ਸਰਮਾਏਦਾਰੀ ਦੇ ਸੱਪ ਦੇ ਨਾਂ
ਜਮਹੂਰੀਅਤ ਦੇ ਨਾਮ ਹੇਠਾਂ ਪਲਦੀ
ਕਿਸੇ ਗੱਪ ਦੇ ਨਾਂ
ਮਨੁੱਖ ਹਥੋˆ ਮਨੁੱਖ ਦਾ
ਨਿਤ ਲੁਟੀˆਦੇ ਹੱਕ ਦੇ ਨਾਂ
ਸ਼ਾਇਰ ਮਿੱਤਰਾ!
ਲੁੱਟਦੇ ਹੱਕਾਂ ਦੀ
ਸੜਿਆਂਦ ਬੜੀ ਹੈ
ਪਰ ਤੇਰੀ ਕਲਮ
ਕਿਉˆ ਖਾਮੋਸ਼ ਖੜੀ ਹੈ
ਸ਼ਾਇਰ ਮਿੱਤਰਾ!
ਹਵਾ ਦੀ ਹਿੱਕ ਤੇ
ਕੁਝ ਲਿਖਦੇ
ਪੇਟ ਦੇ ਦੁਖ ਦੇ ਨਾਂ
ਪੇਟ ਦੀ ਭੁੱਖ ਦੇ ਨਾਂ
ਰੋਟੀ ਦੀ ਕਾਣੀ ਵੰਡ ਦੇ ਨਾਂ
ਧਰਮ ਹੇਠਾਂ ਪਲਦੇ
ਪਖੰਡ ਦੇ ਨਾਂ
ਭੁੱਖ ਨਾਲ ਬੇਹੋਸ਼ ਪਿੰਜ਼ਰਾਂ ਦੇ ਨਾਂ
ਮਾਸ ਚੂੰਡਦੀਆਂ ਗਿਰਝਾਂ ਦੇ ਨਾਂ
ਸ਼ਾਇਰ ਮਿੱਤਰਾ !
ਇਨ੍ਹਾਂ ਗਿਰਝਾਂ ਦੀ
ਭੀੜ ਬੜੀ ਹੈ
ਪਰ ਤੇਰੀ ਕਲਮ
ਕਿਉˆ ਖਾਮੋਸ਼ ਖੜੀ ਹੈ?
 

*****
(2004) ਯੂਨੀਕੋਡ ਵਿੱਚ ਬਦਲਿਆ 31 ਜਨਵਰੀ 2008

ਸੁਰਿੰਦਰ ਗੀਤ ਦੀਆਂ ਲਿਖਾਰੀ ਵਿੱਚ ਛਪੀਆਂ ਹੋਰ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ

 

ਲਿਖਾਰੀ
Likhari


 © likhari: Punjabi Likhari Forum-2001-2008