ਿੰਨ ਕਵਿਤਾਵਾਂ:
(੧) ਵਿਰਾਟ
(੨) ਦਾਜ ਦਾ ਸੰਦੂਕ ਅਤੇ
(੩) ਆਰਸੀ ਇਕ ਆਧੁਨਿਕ ਸ਼ਹਿਰ ਦੀ

-ਸੁਰਜੀਤ ਕੌਰ, ਅਮਰੀਕਾ-

 

(੧) ਵਿਰਾਟ

ਉਹ
ਮੇਰੀ ਦੋਸਤ-
ਰਾਣੀ
ਆਪਣੀ ਹੋਂਦ ਦਾ
ਰਹੱਸ ਸਮਝ
ਜਦ ਘਰੋਂ ਨਿਕਲੀ
ਤਾਂ ਸੱਜਰੀ ਤ੍ਰੇਲ ਨੇ
ਉਹਦੇ ਪੈਰ ਧੋਤੇ
ਪਰਬਤ ਵਲ ਜਾਂਦੀ
ਪਗਡੰਡੀ ਨੇ ਉਸਨੂੰ
ਆਪਣੇ ਵਲ ਖਿੱਚਿਆ
ਚਿੜੀਆਂ ਦੀ ਚਹਿਕ ਨੇ
ਉਹਦੇ ਕੰਨਾਂ ਦੇ
ਬੂਹਿਆਂ ਤੇ ਦਸਤਕ ਦਿਤੀ
ਸੀਤਲ ਹਵਾ ਦੇ
ਠਹਿਰਾਅ ਦਾ ਹੱਥ ਫੜ
ਉਹ ਜੰਗਲ ਦੇ ਅੰਦਰ
ਹੋਰ ਅੰਦਰ
ਧੁਰ ਅੰਦਰ ਗੁਆਚ ਗਈ
ਰਾਣੀ
ਮੇਰੀ ਦੋਸਤ !

ਰੁੱਖਾਂ ਨੇ
ਉਹਨੂੰ ਵੇਖ
ਬਾਹਾਂ ਖੋਲੀਆਂ
ਟਹਿਣੀ ਟਹਿਣੀ
ਪੱਤੇ ਪੱਤੇ
ਨੇ ਉਹਨੂੰ ਛੂਹ ਕੇ ਕਿਹਾ
ਤੈਨੂੰ ਪਤੈ-
ਅਸੀਂ ਰਾਣੀ ਹਾਂ
ਫੁੱਲਾਂ ਨੇ ਕਿਹਾ
ਅਸੀਂ ਰਾਣੀ ਹਾਂ
ਵੇਲਾਂ ਨੇ ਕਿਹਾ
ਅਸੀਂ ਰਾਣੀ ਹਾਂ
ਘਾਹ ਦੀ
ਇਕ ਇਕ ਤਿੜ ਨੇ
ਉਠ ਕੇ ਕਿਹਾ-
ਅਸੀਂ ਰਾਣੀ ਹਾਂ
ਤੇ ਹੁਣ
ਮਿੱਟੀ ਦੇ ਕਣ ਕਣ ਵਿਚੋਂ
ਆਵਾਜ਼ ਆਈ
ਅਸੀਂ ਰਾਣੀ ਹਾਂ-

ਤੇ ਰੂਹਪੋਸ਼ ਰਾਣੀ
ਨੂੰ ਜਾਪਿਆ
ਉਹ ਹੁਣ ਧਰਤੀ ਤੋਂ
ਅੰਬਰ ਤੀਕ
ਫੈਲ ਚੁੱਕੀ ਸੀ !!

***

(੨) ਦਾਜ ਦਾ ਸੰਦੂਕ

ਮੈਂ ਐਂਵੇਂ
ਆਪਣੇ ਦਾਜ ਦਾ
ਸੰਦੂਕ ਅਜ
ਖੋਲ ਬੈਠੀ ਹਾਂ

ਮਿਕਨਾਤੀਸੀ ਸੁਪਨੇ
ਮੁਹੱਬਤ ਦੇ ਰੰਗਾਂ
ਨਾਲ ਨਗੰਦ
ਇਸ ਸੰਦੂਕ ਵਿਚ
ਮੈਂ ਰੱਖੇ ਸਨ

ਸੱਜਰੀਆਂ ਸਾਂਝਾਂ ਦੇ
ਚਾਂਵਾਂ ਦੀਆਂ
ਲੜੀਆਂ ਗੁੰਦ
ਇਹ ਸੰਦੂੁਕ
ਲਬਾ ਲਬ
ਮੈਂ ਭਰਿਆ ਸੀ

ਪਰ
ਵਰ੍ਹਿਆਂ ਬਾਦ
ਅੱਜ ਜਦੋਂ ਮੈਂ
ਇਸਨੂੰ ਖੋਲਿਐ
ਤਾਂ ਵੇਖਿਐ
ਕਿ ਮੇਰੇ
ਸੁਪਨਿਆਂ ਦੀਆਂ
ਲੇਫ ਤਲਾਈਆਂ
ਪਈਆਂ ਪਈਆਂ
ਬੋਦੀਆਂ ਹੋ ਗਈਆਂ ਨੇ
ਆਪਣੀਆਂ ਰੀਝਾਂ ਦੀ
ਤਾਂ ਕੋਈ ਤਹਿ
ਮੈਂ ਅਜੇ ਤੱਕ
ਖੋਲ ਕੇ ਵੀ ਨਹੀਂ ਵੇਖੀ

ਇਸ ਸੰਦੂਕ ਵਿਚ
ਮੁਹੱਬਤ ਦੀ ਥਾਂ
ਕਿੰਨੀਆਂ ਲੜਾਈਆਂ
ਜਮ੍ਹਾਂ ਹੋ ਗਈਆਂ ਨੇ
ਮੈਂ ਜਿਨ੍ਹਾਂ ਨੂੰ ਹੋਰ ਗੁੱਠੇ
ਲਾਕੇ ਰਖ ਦਿਤੈ
ਕਿ ਕਿਧਰੇ
ਉਦਰੇਵਿਆਂ ਦੀ
ਕੋਈ ਹੋਰ
ਪਰਤ ਨਾ ਖੁੱਲ੍ਹ ਜਾਵੇ
ਕਿ ਕਿਧਰੇ
ਜ਼ਿੰਦਗੀ ਦੇ ਨਗੰਦੇ ਦਾ
ਕੋਈ ਹੋਰ ਤੰਦ
ਨਾ ਉਧੜ ਜਾਵੇ
ਇਸ ਲਈ
ਇਹ ਸੰਦੂਕ
ਓਵੇਂ ਦਾ ਓਂਵੇਂ
ਹੀ ਬੰਦ ਕਰ ਦਿਤੈ
ਤੇ ਗਹਿਣਿਆਂ ਦੀ ਥਾਂ
ਡੱਬੀ ਵਿਚ
ਮੈਂ ਆਪਣਾ
ਦਿਲ ਧਰ ਦਿਤੈ !!

**
(੩) ਆਰਸੀ ਇਕ ਆਧੁਨਿਕ ਸ਼ਹਿਰ ਦੀ

ਉੱਚੀਆਂ ਇਮਾਰਤਾਂ ਵਾਲਾ
ਜਗਮਗ ਕਰਦਾ
ਖੂਬਸੂਰਤ ਇਹ ਸ਼ਹਿਰ
ਸਮੁੰਦਰ ਕੰਢੇ ਖੜਾ ਪਹਿਰੇਦਾਰ !

ਇਸ ਸ਼ਹਿਰ ਦੀ
ਰਾਤ ਵੀ ਜਾਗਦੀ ਹੈ
ਤੇ ਦਿਨ ਵੀ !

ਆਸਮਾਨ ਇਸਦਾ
ਤਾਰਿਆਂ ਵਿਹੂਣਾ
ਸੌੜਾ ਸੌੜਾ
ਇਸ ਸ਼ਹਿਰ ਦੀ
ਧਰਤੀ ਦਾ ਵਿਹੜਾ
ਭੀੜਾ ਭੀੜਾ !

ਇਸ ਸ਼ਹਿਰ ਦੇ
ਹਰ ਚੌਂਕ ਤੇ
ਲਾਲ ਬੱਤੀ
ਰੋਕਦੀ ਹੈ
ਅੱਗੇ ਵਧਣ ਤੋਂ ਤੁਹਾਨੂੰ-
ਜੇ ਇਸ ਤੋਂ ਅੱਗੇ ਵਧੇ ਤਾਂ
ਗੁਆਚ ਜਾਉਗੇ !
ਜੇ ਇਸ ਤੋਂ ਅੱਗੇ ਵਧੇ ਤਾਂ
ਤਾਂ ਤੁਹਾਡੇ ਕਦ ਛਾਂਗ ਦਿਤੇ ਜਾਣਗੇ
ਜੇ ਇਸ ਤੋਂ ਅੱਗੇ ਵਧੇ ਤਾਂ
ਤੁਹਾਡੇ ਪਰ ਕਟ ਦਿਤੇ ਜਾਣਗੇ !

ਤੇ ਜਦੋਂ
ਇਸ ਸ਼ਹਿਰ ਤੋਂ
ਪਰਤੋਗੇ ਤਾਂ
ਤੁਹਾਡੀ ਹਸਤੀ
ਬੌਣੀ ਹੋ ਗਈ ਹੋਵੇਗੀ
ਤੇ ਉਡਾਣ ਛੋਟੀ !

ਦੇਖੋ
ਇਸ ਸ਼ਹਿਰ ਦੀਆਂ
ਉੱਚੀਆਂ  ਇਮਾਰਤਾਂ ਦੀਆਂ
ਬਾਰੀਆਂ ਦੇ ਸ਼ੀਸ਼ਿਆਂ ਤੇ ਕਿਵੇਂ
ਪੱਥਰ ਹੋ ਗਏ ਮਨਾਂ ਦੇ
ਸੇਕ ਨਾਲ
ਕੋਹਰਾ ਜੰਮ ਗਿਐ !!
ਇਸ ਲਈ
ਨਾ ਸ਼ੀਸ਼ਿਆਂ ਦੇ
ਆਰ-ਪਾਰ ਕੁਛ ਦਿਸਦੈ
ਨਾ ਮਨਾਂ ਦੇ !

ਇਥੇ ਅਜੀਬ ਹਾਦਸੇ ਹੁੰਦੇ ਨੇ
ਰੋਜ ਮੁਹੱਬਤ ਮਰਦੀ ਹੇ
ਰੋਜ ਵਫ਼ਾ ਦਫ਼ਨ ਹੁੰਦੀ ਹੈ
ਪਰ
ਇਥੇ ਲੋਕ ਰੋਂਦੇ ਨਹੀਂ
ਇਕ ਅਜੀਬ ਸੰਤਾਪ ਹੰਢਾਉਂਦੇ ਨੇ !

ਅਜੀਬ ਤਰ੍ਹਾਂ ਦੀ
ਇਕ ਹਲਚਲ ਹੈ ਇਥੇ
ਹਰ ਪਾਸੇ ਸੜਕਾਂ ਤੇ
ਨਕਾਬਪੋਸ਼ਾਂ ਦੀ ਭਰਮਾਰ ਹੈ ਇਥੇ
ਉਚੀਆ ਅੱਡੀਆਂ ਤੇ ਜੋ
ਦਿਸ਼ਾਹੀਣ
ਇਕ ਚੌਰਾਹੇ ਤੋਂ
ਦੂਜੇ ਚੌਰਾਹੇ ਤੇ ਭਾਉਂਦੇ ਰਹਿੰਦੇ
ਫ਼ਿੱਕਾ ਫ਼ਿੱਕਾ ਹੱਸਦੇ
ਝੂਠੀ ਮੂਠੀ ਗਾਉਂਦੇ !

ਜੇ ਹੋਰ ਅੱਗੇ ਵਧੇ ਤਾਂ
ਇਨ੍ਹਾਂ ਵਿਚ ਰਲ ਜਾਉਗੇ
ਅਨਿਆਈ ਮੌਤ ਮਰ ਜਾਉਗੇ !

ਇਸ ਸ਼ਹਿਰ ਵਿਚ
ਇੱਕ ਸ਼ਾਇਰ ਵੀ ਰਹਿੰਦਾ ਹੈ
ਜੋ ਉੱਚੀ ਉੱਚੀ ਹੱਸਦੈ
ਤੇ ਕਦੇ ਕਦੇ
ਜੋ ਸਮੁੰਦਰ ਕੰਢੇ ਬਹਿ
ਮਾਸੂਮ ਜਿੰਦਗੀਆਂ ਦੀ ਮੌਤ ਤੇ
ਵੈਣ ਪਾਉਂਦੈ
ਤੇ ਇਹ ਗੀਤ ਗਾਉਂਦੈ-
ਇਸ ਸ਼ਹਿਰ ਦਾ ਰੁੱਸ ਗਿਐ ਰੱਬ ਵੇ ਲੋਕਾ !
ਇਸ ਸ਼ਹਿਰ ‘ਚ ਜੀਣ ਦਾ ਨਹੀਂ ਹੱਜ ਵੇ ਲੋਕਾ !
ਇਥੇ ਬੰਦਾ ‘ਵਸਤੂ’ ਹੋ ਗਿਐ
ਤੇ ਵਸਤੂ ਹੋ ਗਈ ਪ੍ਰਾਲਭਬਧ ਵੇ ਲੋਕਾ !
****
(8 ਜਨਵਰੀ 2007) ਯੂਨੀਕੋਡ

 

ਲਿਖਾਰੀ
Likhari


© likhari: Punjabi Likhari Forum-2001-2007