ਪਾਣੀ ਤੇ ਪਈ ਲੀਕ
ਵਾਂਗ
ਆਈ ਹਰ ਸਵੇਰ
ਰੇਤ ਤੇ ਲਿਖੇ
ਅੱਖਰਾਂ ਵਰਗੇ
ਹੁੰਦੇ ਰਹੇ ਨੇ ਦਿਨ
ਸ਼ਾਂਮ ਹੁੰਦਿਆਂ ਹੀ
ਹਨ੍ਹੇਰੇ 'ਚ
ਸਿਮਟ ਜਾਂਦੇ ਨੇ ਰੰਗ
ਜ਼ਿੰਦਗੀ ਹਰ ਵੇਲੇ
ਸ਼ਿਕਸਤ ਰੰਗ ਹੁੰਦੀ ਏ !
ਬੁਝੇ ਹੋਏ ਦੀਵੇ ਦੀ
ਤਰ੍ਹਾਂ
ਖੰਡਰਾਂ 'ਚ ਮਲਬੇ ਦੇ ਢੇਰ ਹੇਠਾਂ
ਦੱਬੇ ਰਹੇ ਪੜਾਅ
ਧੋ ਹੋਏ ਨਾ ਸਰਾਪ
ਅਨੇਕਾਂ ਮੌਸਮ
ਬਰਸਾਤ ਦੇ ਵੀ ਆਏ !
ਕੂਲੀ ਰਿਸ਼ਮ ਵਰਗਾ
ਜੋ ਪਲ ਸੀ ਮਿਲਿਆ
ਤਪਦੇ ਸੂਰਜ ਵਾਂਗ
ਮੱਥੇ 'ਚ ਧੁੱਖਦਾ ਰਿਹੈ
ਸਾਰੀ ਉਮਰ ਜਿਹਦੇ ਤਾਪ ਨਾਲ
ਵਿਹੜਾ ਭੁੱਜਦਾ ਰਿਹੈ !
ਦਿਸ਼ਾ ਬਦਲੇ ਸਮਾਂ
ਬਦਲੇ
ਪਰ ਬਦਲੇ ਨਹੀਂ
ਜ਼ਿੰਦਗੀ ਦੇ ਮੌਸਮ
ਮਨੋਸਥਲ 'ਤੇ ਹਰ ਦਮ ਸੋਚਾਂ ਦਾ
ਯੁੱਧ ਚਲਦਾ ਰਿਹੈ !
ਸੁਣਦੇ ਸੀ
ਪਲਾਂ ਛਿਯਾਂ ਦੀ ਹੈ ਜ਼ਿੰਦਗੀ
ਚਲਦੇ ਚਲਦੇ ਹੰਭ ਗਈ
ਮਿਲਿਆ ਨਾ ਉਹ ਮੁਕਾਮ
ਸੋਚਾਂ ਨੂੰ ਜਿਥੇ ਰਾਹਤ ਮਿਲਦੀ !
ਆਪਣੇ ਹੀ ਅੰਦਰ
ਕੈਦ ਹਾਂ ਧੁਰ ਤੋਂ
ਇਸ ਕੈਦ ਦੀ ਕੋਈ ਬਾਰੀ
ਬਾਹਰ ਨਹੀਂ ਖੁਲ੍ਹਦੀ
ਕੋਈ ਨਵਾਂ ਸੂਰਜ
ਕੋਈ ਨਵਾਂ ਚਾਨਣ
ਨਹੀਂ ਉਕਰਦਾ ਜਦ ਤਕ
ਇਸ ਰੂਹ ਨੂੰ
ਸੁਤੰਤਰਤਾ ਨਹੀਂ ਮਿਲਦੀ !
ਇਸਾ ਨੂੰ ਲੱਭੀ
ਮਨਸੂਰ ਨੂੰ ਲੱਭੀ
ਸੁਕਰਾਤ ਨੂੰ ਲੱਭੀ ਜੋ
ਉਹ ਦਿਸ਼ਾ
ਮੈਂਨੂੰ ਕਿਉਂ ਨਹੀਂ ਮਿਲਦੀ !!
****
(11 ਜੂਨ 2007)
ਯੂਨੀਕੋਡ