-ਕਵਿਤਾ-

ਦੋ ਨਜ਼ਮਾਂ:

(1) ਅਕਸ (2) ਹੁਨਰ

-ਤਨਦੀਪ ਤਮੰਨਾ, ਕੈਨੇਡਾ-


(1) ਅਕਸ

ਕਦੇ ਸੋਚਾਂ ਉਹ ਸ਼ਖ਼ਸ-
ਰੱਬ ਵਰਗਾ ਲੱਗਦਾ ਹੈ!
ਖ਼ੁਦਦਾਰੀ ਦਾ ਜਜ਼ਬਾ ਦਬਾ ਕੇ
ਜਦ ਕਲਮ ਚੁੱਕਦੀ ਹਾਂ-
ਤਾਂ ਸਾਰੇ ਬੋਲ ਗੂੰਗੇ ਹੋ ਜਾਂਦੇ ਨੇ!
ਸਾਰੇ ਅੱਖਰ ਅਲੋਪ ਹੋ ਜਾਂਦੇ ਨੇ!
ਕਾਗ਼ਜ਼ ਦੇ ਖ਼ਲਾਅ ‘ਚੋਂ ਇੱਕ ਸਤਰ ਉੱਭਰਦੀ ਹੈ-
“ਰੱਬ ਨੂੰ ਬਿਆਨ ਕਰਨਾ ਸੰਭਵ ਨਹੀਂ!
ਕਿਉਂਕਿ ਰੱਬ ਦੀ ਕੋਈ ਪਰਿਭਾਸ਼ਾ ਨਹੀਂ”!

ਕਦੇ ਸੋਚਾਂ ਉਹ ਸ਼ਖ਼ਸ-
ਫ਼ਰਿਸ਼ਤੇ ਵਰਗਾ ਲੱਗਦਾ ਹੈ!
ਹਰ ਇੱਕ ਅੱਖ ਦਾ ਹੰਝੂ –
ਆਪਣੀਆਂ ਪਲਕਾਂ ਵਿੱਚ ਸਮੋ ਲੈਂਦਾ ਹੈ!
ਉਸਦੀਆਂ ਜੁਗਨੂੰ ਵਰਗੀਆਂ ਅੱਖਾਂ –
ਹਰ ਨ੍ਹੇਰਾ ਕੋਨਾ ਰੁਸ਼ਨਾਅ ਦਿੰਦੀਆਂ ਨੇ!
ਪਰ ਫ਼ਰਿਸ਼ਤੇ ਖ਼ੁੱਲ੍ਹੇਆਮ ਨਹੀਂ ਵਿਚਰਦੇ!

ਕਦੇ ਸੋਚਾਂ ਉਹ ਸ਼ਖ਼ਸ-
ਚੰਨ-ਸੂਰਜ ਵਰਗਾ ਲੱਗਦਾ ਹੈ!
ਦੋਵਾਂ ਦੀ ਤਰ੍ਹਾਂ ਰੌਸ਼ਨੀ ਬਿਖ਼ੇਰਦਾ ਹੈ!
ਚਾਨਣੀ ਦੀ ਠੰਢਕ ਹੈ ਉਹ!
ਪਰ ਸੂਰਜ ਵਿੱਚ ਵੀ ਤਪਸ਼ ਹੈ-
ਤੇ ਚੰਨ ਵਿੱਚ ਵੀ ਦਾਗ਼ ਹੈ!

ਕਦੇ ਸੋਚਾਂ ਉਹ ਸ਼ਖ਼ਸ-
ਦੋਸਤੀ ਦਾ ਮਿੱਠਾ ਅਹਿਸਾਸ ਹੈ!
ਰੱਬ ਦੇ ਘਰ ਦੇਰ ਹੋ ਸਕਦੀ ਹੈ-
ਫ਼ਰਿਸ਼ਤੇ ਵੀ ਭਾਰ ਢੋਂਦੇ ਥੱਕ ਸਕਦੇ ਨੇ!
ਪਰ ਉਸਦੀ ਆਪਣੇਪਣ ਦੀ ਗਰਮਾਹਟ-
ਹਰ ਵਕਤ ਨਿੱਘ ਦਿੰਦੀ ਹੈ!
ਦਿਲ ਦੇ ਭਰਪੂਰ ਚਸ਼ਮੇ ‘ਚੋਂ –
ਪਿਆਰ ਨਿਰੰਤਰ ਵਹਿੰਦਾ ਰਹਿੰਦਾ ਹੈ!
ਪਰ ਦੋਸਤੀ ‘ਚ ਵੀ ਤਾਂ ਧੋਖਾ ਛੁਪਿਆ ਹੈ!

ਫ਼ੇਰ ਸੋਚਾਂ ਉਹ ਸ਼ਖ਼ਸ-
ਰੱਬ, ਫ਼ਰਿਸ਼ਤੇ, ਚੰਨ-ਸੂਰਜ ਤੇ ਦੋਸਤ ਵਰਗਾ ਨਹੀਂ!
ਅੱਖਰਾਂ ਦੇ ਬੰਧਨ ਤੋਂ ਆਜ਼ਾਦ-
ਰਿਸ਼ਤਿਆਂ ਦੇ ਗੇੜ ਤੋਂ ਮੁਕਤ-
ਰੰਗਾਂ ਦੇ ਅਹਿਸਾਸ ਤੋਂ ਪਰੇ-
‘ਉਹ ਇੱਕ ਸ਼ਖ਼ਸ ਹੈ-ਸਿਰਫ਼ ਸ਼ਖ਼ਸ!!’

(2) ਹੁਨਰ

ਸੋਚਦੇ ਓ ਤੁਸੀਂ ਕਿ-
ਕੁਤਰ ਕੇ ਪੰਖ ਮੇਰੇ-
ਕੋਈ ਲੋੜ ਨਹੀਂ
ਪਾਉਂਣ ਦੀ ਪਿੰਜਰੇ ਮੈਂਨੂੰ1
ਪਰ ਜ਼ਾਲਮੋਂ!
ਮੈਂ ਪੰਛੀ ਨਹੀਂ ਹਾਂ!!
ਮੈਂ ਭਰ ਸਕਦਾ ਹਾਂ
ਪਰਵਾਜ਼ ਬਿਨ ਪਰਾਂ ਤੋਂ ਵੀ!
ਤੇ ਜੇ ਮੈਂ ਪੰਛੀ ਵੀ ਹੁੰਦਾ-
ਤਾਂ ਕੀ ਕਰ ਲੈਂਦੇ ਤੁਸੀਂ?
ਕੁਤਰਦੇ ਪਰ ਮੇਰੇ?
ਪਰ ਕੀ ਕਰਦੇ-
ਓਸ ਉੱਡਣ ਦੇ ਸੁਪਨੇ ਦਾ-
ਜੋ ਰਹਿਣਾ ਸੀ ਪਨਪਦਾ
ਮੇਰੀ ਸੋਚ ਵਿੱਚ!!
ਕੀ ਕਰਦੇ
ਓਸ ਚਿਣਗ ਦਾ-
ਜੋ ਰਹਿਣੀ ਸੀ ਸੁਲ਼ਗਦੀ
ਮੇਰੇ ਸਾਹਾਂ ਦੇ ਨਾਲ਼!!
ਪਰ ਜ਼ਾਲਮੋਂ!
ਮੈਂ ਪੰਛੀ ਨਹੀਂ ਹਾਂ!!
ਮੈਂ ਭਰ ਸਕਦਾ ਹਾਂ
ਪਰਵਾਜ਼ ਬਿਨ ਪਰਾਂ ਤੋਂ ਵੀ!

****
(20 ਜੂਨ 2007) ਯੂਨੀਕੋਡ

 

ਲਿਖਾਰੀ
Likhari


© likhari: Punjabi Likhari Forum-2001-2007