‘ਜਗਤ ਤਮਾਸ਼ਾ’ ਵਾਲੇ ਦਲਬੀਰ ਸਿੰਘ ਨਾਲ ਆਖਰੀ ਮੁਲਾਕਾਤ- ਕੇਹਰ ਸ਼ਰੀਫ਼
ਪੱਤਰਕਾਰ ਦਲਬੀਰ ਸਿੰਘ (ਜਗਤ ਤਮਾਸ਼ਾ) 28 ਜੁਲਾਈ ਨੂੰ ਅਚਾਨਕ ਦਿਲ ਦਾ ਦੌਰਾ ਪੈਣ
ਕਰਕੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ। ਮੈਂ ਇੱਥੇ ਦਲਬੀਰ ਦੇ ਜੀਵਨ ਦੇ ਆਖਰੀ
ਮੌਕੇ ਦੀ ਗਵਾਹੀ ਪੇਸ਼ ਕਰਨੀ ਚਾਹੁੰਦਾ ਹਾਂ- ਉਸ ਨੂੰ ਦਿਲ ਦਾ ਦੌਰਾ ਪੈਣ ਤੋਂ ਪਹਿਲਾਂ
ਦੀ, ਕਿਉਂਕਿ ਉਸ ਨੂੰ ਮਿਲਣ ਵਾਲਾ ਆਖਰੀ ਮੈਂ ਹੀ ਸਾਂ।
ਪਿਛਲੇ ਦਿਨਾਂ
ਤੋਂ ਮੈਂ ਪੰਜਾਬ ਆਇਆ ਹੋਇਆ ਹਾਂ। ਆਉਂਦਿਆਂ ਹੀ ਇਕ ਦਿਨ ਦਲਬੀਰ ਨੂੰ ਫੋਨ ਕੀਤਾ,
ਪੁੱਛਣ ਲੱਗਾ,- ਕਿਥੇ ਐਂ? ਲੁਧਿਆਣੇ , ਮੈਂ ਕਿਹਾ। ਚੰਡੀਗੜ੍ਹ ਕਦੋਂ ਆ ਰਿਹੈਂ? ਅਗਲੇ
ਦਿਨਾਂ ’ਚ – ਮੈਂ ਜਵਾਬ ਦਿੱਤਾ। ਅੱਛਾ! ਜਦੋਂ ਇੱਥੇ ਆਇਆ ਤਾਂ ਮਿਲੀਂ ਜ਼ਰੂਰ। ਅਗਲੇ
ਹਫਤੇ ਅਸੀਂ ਚੰਡੀਗੜ੍ਹ ਗਏ, ਤਿੰਨ ਦਿਨ ਉੱਥੇ ਹੀ ਰਹੇ ਪਰ ਦਲਬੀਰ ਨੂੰ ਮਿਲਣ ਦਾ
ਸਬੱਬ ਹੀ ਨਾ ਬਣ ਸਕਿਆ। ਦੁਬਾਰਾ ਫੇਰ 26 ਜੁਲਾਈ ਨੂੰ ਚੰਡੀਗੜ੍ਹ ਆ ਗਏ। 28 ਜੁਲਾਈ
ਸਵੇਰੇ ਦਸ ਕੁ ਵਜੇ ਉਹਦੇ ਘਰ ਫੋਨ ਕੀਤਾ ਤਾਂ ਕਹਿਣ ਲੱਗਾ : ਬਾਰਾਂ, ਸਾਢੇ ਬਾਰਾਂ
ਮੈਂ ਦਫਤਰ ਪਹੁੰਚ ਜਾਵਾਂਗਾ, ਉੱਥੇ ਹੀ ਆ ਜਾ, ਬਾਕੀ ਦੀਆਂ ਗੱਲਾਂ ਉੱਥੇ ਕਰਾਂਗੇ ਕਹਿ
ਕੇ ਫੋਨ ਰੱਖ ਦਿੱਤਾ।
ਹਰ
ਵਾਰ ਹੀ ਜਦੋਂ ਵੀ ਮੈਂ ਪਰਦੇਸ ਤੋਂ ਪੰਜਾਬ ਆਇਆ ਤਾਂ ਹੋਰ ਦੋਸਤਾਂ ਸਮੇਤ ਦਲਬੀਰ ਨੂੰ
ਵੀ ਜ਼ਰੂਰ ਮਿਲਦਾ। ਵਿਚਾਰਾਂ ਦੀ ਸਾਂਝ ਹੋਣ ਕਰਕੇ ਤਿੰਨ ਦਹਾਕੇ ਪਹਿਲਾਂ ਸ਼ੁਰੂ ਹੋਈ
ਇਹ ਮੋਹ ਦੀ ਤੰਦ ਅਜੇ ਵੀ ਕਾਇਮ ਹੈ/ਸੀ। ਜਰਮਨੀ ਰਹਿੰਦਿਆਂ ਜਦੋਂ ਵੀ ਮੈਂ ਆਪਣੇ ਭਰਾ
(ਸ਼ਾਮ ਸਿੰਘ) ਨੂੰ ਫੋਨ ਕਰਦਾ ਤਾਂ ਦਲਬੀਰ ਦਾ ਹਾਲ ਤੇ ਖ਼ੈਰ-ਸੁਖ ਜ਼ਰੂਰ ਪੁੱਛਦਾ।
ਕਦੇ ਮੈਂ ਉਹਨੂੰ ਸਿੱਧਾ ਫੋਨ ਕਰਕੇ ਹਾਲ-ਚਾਲ ਪੁੱਛਦਾ ਖਾਸ ਕਰਕੇ ਜਦੋਂ ਤੋਂ ਉਸਨੂੰ
ਅੱਖਾਂ ਦੇ ਦੁੱਖ ਦੀ ਬਹੁਤੀ ਪ੍ਰੇਸ਼ਨੀ ਹੋਈ ਸੀ। ਫੋਨ ’ਤੇ ਹਰ ਵਾਰ ਹੀ ਉਹ ਚਹਿਕਦਾ
ਹੋਇਆ, ਹਾਸੇ ਭਰਪੂਰ, ਆਸਵਾਨ ਮਨੁੱਖ ਵਜੋਂ ਮਿਲਦਾ ਤੇ ਚੰਗਾ ਲਗਦਾ।
28 ਜੁਲਾਈ ਨੂੰ ਦੁਪੈਹਰੇ ਡੇਢ ਵਜੇ ਮੈਂ ਉਹਦੇ ਕੋਲ ਉਹਦੇ ‘ਪੰਜਾਬੀ ਟ੍ਰਿਬਿਊਨ’ ਦੇ
ਦਫਤਰ ਪਹੁੰਚਿਆ। ਉਹ! ਬੱਲੇ, ਬੱਲੇ, ਬੱਲੇ ਕਹਿੰਦਾ ਹੋਇਆ ਆਪਣੀ ਕੁਰਸੀ ਤੋਂ ਉੱਠ ਕੇ
ਗਲਵਕੜੀ ਪਾ ਕੇ ਮਿਲਿਆ। ਹਾਲ-ਚਾਲ ਪੁੱਛਦਿਆਂ ਨੂੰ ਸੇਵਾਦਾਰ ਉਹਦੀ ਰੋਟੀ ਲੈ ਆਇਆ।
ਦਾਲ਼, ਕੋਫ਼ਤੇ, ਸਲਾਦ ਅਤੇ ਦੋ ਰੋਟੀਆਂ। ਪੁੱਛਣ ਲੱਗਾ , ਰੋਟੀ ਖਾਵੇਂਗਾ? ਮੇਰੇ ਵਲੋਂ
ਨਾਂਹ ਕਹਿਣ ਤੇ ਵੀ ਕਈ ਵਾਰ ਪੁੱਛਿਆ। ਅੱਛਾ ਚਾਹ ਤਾਂ ਪੀਵੇਂਗਾ ਨਾ? ਹਾਂਅ । ਮੇਰੇ
ਹਾਂਅ ਕਹਿਣ ਤੇ ਸੇਵਾਦਾਰ ਨੂੰ ਦੋ ਕੱਪ ਚਾਹ ਦੇ ਲਿਆਉਣ ਦਾ ਆਖ ਦਿੱਤਾ। ਰੋਟੀ ਖਾ ਕੇ
ਹਟਿਆ ਹੀ ਸੀ ਕਿ ਨੀਊਜ਼ੀਲੈਂਡ ਤੋਂ ਉਹਦੇ ਪੁੱਤਰ ਦਾ ਮੋਬਾਇਲ ’ਤੇ ਹੀ ਫੋਨ ਆ ਗਿਆ।
ਪੰਜ-ਸੱਤ ਮਿੰਟ ਉਹਨੇ ਆਪਣੇ ਪੁੱਤਰ ਨਾਲ ਗੱਲਾਂ ਕੀਤੀਆਂ। ਉਸ ਵੇਲੇ ਭਲਾਂ ਕੌਣ ਜਾਣਦਾ
ਸੀ ਕਿ ਪਿਉ-ਪੁੱਤਰ ਵਿਚਕਾਰ ਇਹ ਆਖਰੀ ਗੱਲ-ਬਾਤ ਹੈ? ਸਾਰੇ ਪ੍ਰੀਵਾਰ ਨੂੰ ਪਿਆਰ
ਦਿੰਦਿਆਂ ਉਹਨੇ ਫੋਨ ਬੰਦ ਕਰ ਦਿੱਤਾ। ਫੇਰ ਕਹਿਣ ਲੱਗਾ, ਕਾਮਰੇਡ ਹੁਣ ਇੰਨਾ ਕੁ ਹੀ
ਖਾਧਾ ਜਾਂਦਾ। ਉਂਜ ਕੈਨਟੀਨ ਵਾਲੇ ਚਾਰ ਰੋਟੀਆਂ ਦਿੰਦੇ ਹਨ ਪਰ ਮੈਂ ਦੋ ਹੀ ਖਾਦਾਂ।
ਚੌਲ਼ ਤਾਂ ਮੈਂ ਮੰਗਵਾਉਂਦਾ ਹੀ ਨਹੀਂ, ਉਹ ਪਲੇਟ ਤੂਸ ਕੇ ਭਰ ਦਿੰਦੇ ਹਨ- ਉਹ ਤਾਂ ਦੋ
ਜਣਿਆਂ ਤੋਂ ਨਹੀਂ ਮੁੱਕਦੀ। ਊਂ ਸਿਹਤ ਤਾਂ ਠੀਕ ਐ ਨਾ? ਮੈਂ ਪੁਛਿਆ। ਹਾਂਅ, ਸਭ ਠੀਕ
ਹੀ ਚੱਲ ਰਿਹਾ। ਉਂਜ ਸਿਹਤ ਲਈ ਬਹੁਤੇ ਪੁਆੜੇ ਸ਼ੂਗਰ ਹੀ ਪਾਉਂਦੀ ਐ, ਇਸ ਕਰਕੇ ਸਿਹਤ
ਵਿਚ ਉਤਰਾਅ-ਚੜਾਅ, ਆਉਂਦੇ-ਜਾਂਦੇ ਰਹਿੰਦੇ ਆ।(ਮੈਨੂੰ ਇਹ ਵੀ ਨਹੀਂ ਸੀ ਪਤਾ ਕਿ
ਦਲਬੀਰ ਨੂੰ ਸ਼ੂਗਰ ਵੀ ਹੈ) ਉਂਜ ਹੁਣ ਸਭ ਠੀਕ ਹੈ। ਜਦੋਂ ਉਹ ਇਹ ਸਭ ਦੱਸ ਰਿਹਾ ਸੀ
ਤਾਂ ਅਸੀਂ ਮਿੱਠੇ ਵਾਲੀ ਚਾਹ ਪੀ ਰਹੇ ਸਾਂ। ਕਹਿਣ ਲੱਗਾ , ਦੇਖ ਲੈ ਐਨਕ ਦੇ ਆਸਰੇ
ਲਿਖੀ ਵੀ ਜਾ ਰਿਹਾਂ, ਕਾਰ ਵੀ ਘਰ ਤੋਂ ਦਫਤਰ ਤੱਕ ਆਪ ਹੀ ਚਲਾਉਂਦਾ। ਉਸ ਵੇਲੇ ਮੇਰੇ
ਨਾਲ ਗੱਲਾਂ ਕਰਦਿਆਂ ਉਹ ਨੌਂ-ਬਰ-ਨੌਂ ਸੀ। ਉਹਦੇ ਕੈਬਨ ਵਿਚ ਪਹਿਲਾਂ ਵਾਂਗ ਹੀ ਹਾਸਾ
ਛਣਕ ਰਿਹਾ ਸੀ। ਆਪਣੀਆਂ ਅੱਖਾਂ ਬਾਰੇ ਗੱਲਾਂ ਕਰਦਿਆਂ ਉਹ ਚੈਨਈ ਦੇ ਹਸਪਤਾਲ ਦੀ
ਬਹੁਤ ਸਿਫਤ ਕਰ ਰਿਹਾ ਸੀ। ਕਹਿਣ ਲੱਗਾ, ਹੁਣ ਕਿਸੇ ਦੀਆਂ ਅੱਖਾਂ ਦੀ ਲੋਅ ਗੁਆਚਣ ਦੇ
ਬਹੁਤ ਘੱਟ ਮੌਕੇ ਹਨ- ਕਿਉਂਕਿ ਇਲਾਜ ਸੰਭਵ ਹੈ।
ਅਸੀਂ ਗੱਲਾਂ ਕਰਨ ਲੱਗੇ ਕੰਪਿਊਟਰ ਵਿਚ ਵਰਤੇ ਜਾਣ ਵਾਲੇ ਪੰਜਾਬੀ ਫੌਟਾਂ ਦੀਆਂ (ਜੋ
ਅਜੇ ਤੱਕ ਗੁੰਝਲਦਾਰ ਮਸਲਾ ਹੈ)। ਦਲਬੀਰ ‘ਅਨਮੋਲ’ ਵਰਤ ਰਿਹਾ ਸੀ। ਮੈਂ ਦੱਸਿਆ ਕਿ
ਮੈਂ ‘ਚਾਤ੍ਰਿਕ’ ਵਰਤਦਾ ਹਾਂ (ਬਾਹਰਲੇ ਮੁਲਕੀਂ ਬਹੁਤੇ ਪੰਜਾਬੀ ‘ਚਾਤ੍ਰਿਕ’ ਵਰਤਦੇ
ਹਨ ਜਾਂ ਫੇਰ ‘ਯੂਨੀਕੋਡ’)। ਦਲਬੀਰ ਇਸ ਸਮੱਸਿਆ ਨੂੰ ਫੌਂਟ ਕਨਵਰਟਰ ਵਰਤ ਕੇ ਹੱਲ ਕਰ
ਲੈਂਦਾ ਸੀ। ਫੌਂਟ ਕਨਵਰਟਰ ਤਾਂ ਕਈਆਂ ਨੇ ਬਣਾਏ ਹਨ ਪਰ ਉਹ ਪੰਜਾਬੀ ਯੂਨੀਵਰਸਿਟੀ
ਪਟਿਆਲਾ ਵਲੋਂ ਬਣਾਇਆ ‘ਅੱਖਰ’ ਵਰਤਦਾ ਸੀ। ਫੇਰ ਕੁੱਝ ਮਿੰਟ ਉਹ ਮੈਨੂੰ ਇਸ ਦੀ ਵਰਤੋਂ
ਬਾਰੇ ਸਮਝਾਉਂਦਾ ਰਿਹਾ। ਇੰਗਲੈਂਡ ਤੋਂ ਇੰਟਰਨੈਟ ’ਤੇ ਡਾ: ਗੁਰਦਿਆਲ ਸਿੰਘ ਰਾਏ ਹੋਰਾਂ
ਵਲੋਂ ਛਾਪੇ ਜਾਂਦੇ ਸਾਹਿਤਕ ਪਰਚੇ ‘ਲਿਖਾਰੀ’ ਬਾਰੇ ਗੱਲਾਂ ਕਰਨ ਲੱਗ ਪਿਆ। ਪਿਛਲੇ
ਕਾਫੀ ਸਮੇਂ ਤੋਂ ‘ਜਗਤ ਤਮਾਸ਼ਾ’ ਵਾਲਾ ਲੇਖ ‘ਲਿਖਾਰੀ’ ਵਿਚ ਛਪ ਰਿਹਾ ਹੈ, ਹਰ ਹਫਤੇ।
ਫੇਰ ਉਹ ਗੱਲਾਂ ਅਖਬਾਰਾਂ ਅਤੇ ਆਪਣੇ ਵਲੋਂ ਕੀਤੇ ਜਾਂਦੇ ਅਨੁਵਾਦ ਬਾਰੇ ਕਰਨ ਲੱਗ
ਪਿਆ। ਇੱਥੇ ਹੀ ਖੁਸ਼ਵੰਤ ਸਿੰਘ ਦੀਆਂ ਲਿਖਤਾਂ ਦੇ ਕੀਤੇ ਅਨੁਵਾਦ ਬਾਰੇ ਦੱਸਦਾ ਰਿਹਾ
ਕਿ ਪੰਜਾਬੀ ਵਿਚ ਉਹਨੂੰ ਅਨੁਵਾਦ ਕਰਨਾ ਕਿੰਨਾ ਔਖਾ ਹੈ। ਕਿੳਂਕਿ, ਅੰਗਰੇਜ਼ੀ ਵਿਚ
ਖੁਸ਼ਵੰਤ ਜਿੰਨੀ ਖੁੱਲ੍ਹ ਲੈਂਦਾ ਹੈ ਉਹ ਪੰਜਾਬੀ ਦੀ ਸਹਿਜਤਾ ਵਾਲੀ ਲੇਖਣੀ ਵਿਚ ਨਹੀਂ
ਆਉਂਦੀ। ਉਹ ਤਾਂ ਸਭ ਕੁੱਝ ਨੰਗਾ ਹੀ ਲਿਖੀ ਜਾਂਦਾ। ਪਰ ,ਪੰਜਾਬੀ ਵਿਚ ਇਹ ਪੁੱਗਦਾ
ਨਹੀਂ। ਇਹਦੀਆਂ ਵੀ ਦਲਬੀਰ ਨੇ ਕਈ ਮਿਸਾਲਾਂ ਦਿੱਤੀਆਂ।। ਇਕ ਸ਼ਬਦ ਜੋ ਉਹਨੇ ‘ਰੰਨਾਂ
ਵਿਚ ਧੰਨਾਂ’ ਵਾਲੀ ਲਿਖਤ ਵਿਚ ਵਰਤਿਆ ਹੈ ‘ਸਹਿਵਾਸ’ ਉਹਦੀ ਵੀ ਵਿਆਖਿਆ ਕਰਦਾ ਰਿਹਾ
ਕਿ ਇਹਦੇ ਨਾਲ ਦਾ ਹੋਰ ਕੋਈ ਸ਼ਬਦ ਸਾਡੇ ਕੋਲ ਹੈ ਨਹੀਂ, ਭਾਵੇਂ ਕਿ ਇਹ ਹਿੰਦੀ ਵਿਚੋਂ
ਆਇਆ ਹੈ। ਹੁਣ ਉਹ ਸ਼ਬਦਾਂ ਦੀ ਕਥਾ ਕਰ ਰਿਹਾ ਸੀ- ਮੈਂ ਸੁਣ ਰਿਹਾ ਸਾਂ। ਅਚਾਨਕ ਹੀ
ਪੁੱਛਣ ਲੱਗਾ, ਅੱਛਾ ਤੂੰ ‘ਸੂਰਮੇ’ ਪੜ੍ਹ ਲਿਆ ਕਿ ਨਹੀਂ? ਨਹੀਂ , ਮੈਂ ਕਿਹਾ। ਅਜੇ
ਤਾਂ ‘ਸੂਰਮੇ’ ਬਾਰੇ ਹੀ ਪੜ੍ਹਿਆ ਤੇਰੇ ਵਲੋਂ ਲਿਖਿਆ ਹੋਇਆ, ਪਿਛਲੇ ਹਫਤੇ। ਮੈਥੋਂ
ਲੈ ਜਾਈਂ ਪਰ ਪੜ੍ਹੀਂ ਜ਼ਰੂਰ। ਬਾਅਦ ਵਿਚ ਉਹ ਆਪਣੀ ਅਖਬਾਰ ਬਾਰੇ ਦੱਸਣ ਲੱਗ ਪਿਆ,
ਪਰ ਉਹ ਬਹੁਤਾ ਉਦਾਸ ਕਰਨ ਵਾਲਾ ਹੀ ਸੀ- ਨਵਾਂ ਵਰਤਾਰਾ।
ਪੌਣਾਂ ਕੁ ਘੰਟਾ ਮੈਂ ਉਹਦੇ ਕੋਲ ਬੈਠਾ ਰਿਹਾ, ਅਸੀਂ ਗੱਲਾਂ ਕਰਦੇ ਰਹੇ। ਉਹ ਮੈਥੋਂ
ਜਰਮਨੀ ਜਰਮਨੀ ਦੇ ਜੀਵਨ ਬਾਰੇ ਵੀ ਪੁੱਛਦਾ ਰਿਹਾ। ਕੋਲ ਬੈਠਿਆਂ ਸਾਰਾ ਸਮਾਂ ਹੀ ਮੈਨੂੰ
ਇਹ ਮਹਿਸੂਸ ਨਹੀਂ ਹੋਇਆ ਕਿ ਦਲਬੀਰ ਬੀਮਾਰ ਹੈ, ਕੋਈ ਸਾਹ ਚੜ੍ਹਦਾ ਹੋਵੇ ਜਾਂ ਉਹ
ਕਿਸੇ ਤਰ੍ਹਾਂ ਦੀ ਤਕਲੀਫ ਮਹਿਸੂਸ ਕਰਦਾ ਹੋਵੇ। ਉਹ ਬਿਲਕੁੱਲ ਸਹਿਜ ਚਿੱਤ ਸੀ, ਕਿਸੇ
ਵੀ ਤਰ੍ਹਾਂ ਦੇ ਤਣਾਉ ਤੋਂ ਮੁਕਤ- ਹਾਸਾ ਭਰਪੂਰ। ਦਿਖਾਵੇ ਵਰਗੀ ਜਾਂ ਚਿੰਤਾ ਦੀ ਕੋਈ
ਵੀ ਲਕੀਰ ਉਹਦੇ ਚਿਹਰੇ ਤੋਂ ਮੈਨੂੰ ਨਜ਼ਰ ਨਾ ਆਈ।
ਕੁੱਝ ਸਮੇਂ ਲਈ ‘ਪੰਜਾਬੀ ਟ੍ਰਿਬਿਉਨ’ ਦਾ ਇਕ ਹੋਰ ਸੱਜਣ ਮਨਜੀਤ ਸਿੰਘ ਸਾਡੇ ਕੋਲ ਆ
ਕੇ ਬਹਿ ਗਿਆ ਜੋ ਆਪਣੇ ਪੁੱਤਰ ਨੂੰ ਵੱਧ ਤਨਖਾਹ ਵਾਲੀ ਮਿਲ ਰਹੀ ਨੌਕਰੀ ਬਾਰੇ ਦਲਬੀਰ
ਤੋਂ ਸਲਾਹ ਲੈਣੀ ਚਾਹੁੰਦਾ ਸੀ। ਦਲਬੀਰ ਸਿੱਧੀ ਤੇ ਸਪੱਸ਼ਟ ਸਲਾਹ ਦੇ ਰਿਹਾ ਸੀ, ਘਰੋਂ
ਬਾਹਰ ਕੱਢੇਂਗਾ ਆਪਣੇ ਪੁੱਤਰ ਨੂੰ ਤਦ ਹੀ ਉਹ ਆਪਣੇ ਪੈਰਾਂ ਉੱਤੇ ਖੜ੍ਹੇਗਾ, ਤਦ ਹੀ
ਉਹਨੂੰ ਅਕਲ ਆਊ।
ਪੌਣੇ ਕੁ ਘੰਟੇ ਬਾਅਦ ਕੁੱਝ ਹੋਰ ਮਿੱਤਰਾਂ ਨੂੰ ਮਿਲਣ ਦਾ ਵਾਅਦਾ ਸੀ। ਜਲੰਧਰੋਂ ਆਇਆ
ਜਸਵੰਤ ਦੀਦ, ਕਵੀ ਅੰਬਰੀਸ਼ ਤੇ ਗੁੱਲ ਚੌਹਾਨ ਸਾਨੂੰ ਪ੍ਰੈਸ ਕਲੱਬ ਵਿਚ ਉਡੀਕ ਰਹੇ
ਸਨ। ਸ਼ਾਮ ਸਿੰਘ ਦਾ ਦੋ ਵਾਰ ਫੋਨ ਆ ਚੁੱਕਾ ਸੀ। ਸਵਾ ਦੋ ਵਜੇ ਮੈਂ ਦਲਬੀਰ ਕੋਲੋਂ
ਵਿਦਾਅ ਹੋਣ ਦੀ ਇਜਾਜ਼ਤ ਮੰਗੀ। ਉਹਨੇ ਉੱਠ ਕੇ ਗਲਵਕੜੀ ਪਾਉਂਦਿਆਂ ਅਗਲੀ ਵਾਰ ਆਉਣ
ਤੇ ਫੇਰ ਮਿਲਣ ਦਾ ਵਾਅਦਾ ਕੀਤਾ। ਇਹ ਤਾਂ ਸਾਡੇ ਚਿੱਤ-ਚੇਤੇ ਵੀ ਨਹੀਂ ਸੀ ਕਿ ਘੜੀ
ਕੁ ਨੂੰ ਕੀ ਹੋਣ ਵਾਲਾ ਹੈ।
ਅਸੀਂ ਪ੍ਰੈਸ ਕਲੱਬ ਵਿਚ ਬੈਠੇ ਸਾਂ। ਤਿੰਨ ਵਜੇ ਦੇ ਕਰੀਬ ‘ਪੰਜਾਬੀ ਟ੍ਰਿਬਿਊਨ’ ਦੇ
ਸਬ-ਐਡੀਟਰ ਅਵਤਾਰ ਭੰਵਰਾ ਦਾ ਸ਼ਾਮ ਸਿੰਘ ਨੂੰ ਫੋਨ ਆਇਆ ਕਿ ‘ਦਲਬੀਰ ਨੂੰ ਦਿਲ ਦਾ
ਦੌਰਾ ਪੈਣ ਕਰਕੇ ਉਹਦੀ ਮੌਤ ਹੋ ਗਈ ਹੈ’। ਅਸੀਂ ਤਾਂ ਸੁਣਦਿਆਂ ਹੀ ਸੁੰਨ ਹੋ ਗਏ।
ਖਬਰ ਮਨ ਨੂੰ ਨਾ ਲੱਗਣ ਵਾਲੀ ਸੀ, ਪਰ ਖਬਰ ਸੱਚੀ ਸੀ। ਸ਼ਾਮ ਸਿੰਘ ਤੇ ਮੈਂ ਤੁਰੰਤ
ਹੀ ਸੈਕਟਰ 32 ਦੇ ਹਸਪਤਾਲ ਪਹੁੰਚੇ ਜਿੱਥੇ ਦਲਬੀਰ ਨੂੰ ਲੈਜਾਇਆ ਗਿਆ ਸੀ। ਉੱਥੇ ਹੋਰ
ਵੀ ਬਹੁਤ ਸਾਰੇ ਪੱਤਰਕਾਰ, ਲੇਖਕ ਅਤੇ ਵਾਕਫਕਾਰ ਪਹੁੰਚੇ ਹੋਏ ਸਨ। ਸਾਰੇ ਹੀ ਉਦਾਸ
ਅਤੇ ਖਾਮੋਸ਼ ਚਿਹਰੇ ਬਣੇ ਹੋਏ ਸਨ। ਦਲਬੀਰ ਦਫਤਰੋਂ, ਹਸਪਤਾਲ ਪਹੁੰਚਣ ਤੱਕ ਹੀ ਪੂਰਾ
ਹੋ ਗਿਆ ਸੀ।
ਮੇਰੇ ਵਲੋਂ ਦਲਬੀਰ ਕੋਲੋਂ ਉੱਠ ਆਉਣ ਤੋਂ ਬਾਅਦ ਮਨਜੀਤ ਸਿੰਘ ਵੀ ਉਹਦੇ ਕੋਲੋਂ ਉੱਠ
ਕੇ ਚਲਾ ਗਿਆ। ਉਸ ਤੋਂ ਕੁੱਝ ਮਿੰਟ ਬਾਅਦ ਹੀ ਸੇਵਾਦਾਰ ਡਾਕ ਲੈ ਕੇ ਆਇਆ ਤਾਂ ਉਹਨੇ
ਹੀ ਦਲਬੀਰ ਨੂੰ ਕੁਰਸੀ ਵਿਚ ਪਿੱਛੇ ਵਲ ਡਿਗਿਆ ਹੋਇਆ ਵੇਖਿਆ, ਉਹਨੇ ਹੀ ਸਭ ਨੂੰ ਖਬਰ
ਦਿੱਤੀ- ਜੋ ਬਾਅਦ ਵਿਚ ਮਨਹੂਸ ਖਬਰ ਬਣ ਗਈ। ਦਲਬੀਰ ਚਲਾ ਗਿਆ, ਪਰ ਉਹ ਕਿਧਰੇ ਨਹੀਂ
ਜਾਵੇਗਾ। ਉਹ ਸ਼ਬਦਾਂ ਦਾ ਜਾਦੂਗਰ ਸੀ। ਉਹਦੀ ਕਾਰੀਗਰੀ ਦੇ ਆਸਰੇ ਉਹਦੇ ਸ਼ਬਦ ਬੋਲਦੇ
ਰਹਿਣਗੇ।
।। ਨਾਮ ਫ਼ਕੀਰ ਤਿਨ੍ਹਾਂ ਦਾ ਬਾਹੂ, ਕਬਰ ਜਿਨ੍ਹਾਂ ਦੀ ਜੀਵੇ ਹੂ ।।
****