(30) ਇਕ ਖ਼ਤ : ਬਾਬੇ ਨਾਨਕ ਦੇ ਨਾਂ
- kyhr sLrIPL, jrmnI
ਦੋ ਸ਼ਬਦ
ਕੇਹਰ ਸ਼ਰੀਫ਼ (ਜਰਮਨੀ) ਦੀਆਂ 'ਲਿਖਾਰੀ' ਵਿੱਚ ਹੁਣ ਤੱਕ 29 ਰਚਨਾਵਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ । 'ਕੁੱਜੇ ਵਿੱਚ ਸਮੁੰਦਰ ਬੰਦ' ਕਰਨ ਵਾਂਗ ਆਪ ਦੀਆਂ ਰਚਨਾਵਾਂ, ਤਿੱਖਾ, ਦਿੱਲ ਨੂੰ ਟੁੰਬਵਾਂ, ਸੰਖੇਪ ਪਰ ਸਦ ਰਹਿਣਾ ਪ੍ਰਭਾਵ ਛੱਡਦੀਆਂ ਹਨ। ਸਾਰੀਆਂ ਹੀ ਰਚਨਾਵਾਂ ਨੂੰ ਪਾਠਕਾਂ/ਲੇਖਕਾਂ ਵਲੋਂ ਬਹੁਤ ਹੀ ਭਰਵਾਂ ਹੁੰਗਾਰਾਂ ਮਿਲਿਆ ਹੈ।
ਕੇਹਰ ਸ਼ਰੀਫ ਦੀ ਇੱਕ ਹੋਰ ਨਵੀਂ ਰਚਨਾ 'ਇਕ ਖ਼ਤ: ਬਾਬੇ ਨਾਨਕ ਦੇ ਨਾਂ' ਪਾਠਕਾਂ ਗੋਚਰੇ ਕਰਦਿਆਂ ਪਰਸੰਨਤਾ ਦਾ ਅਨੁਭੱਵ ਕਰ ਰਹੇ ਹਾਂ।'---ਲਿਖਾਰੀ*****
ਇਕ ਖ਼ਤ : ਬਾਬੇ ਨਾਨਕ ਦੇ ਨਾਂ
- ਕੇਹਰ ਸ਼ਰੀਫ਼ਸਭੈ ਸਾਂਝੀਵਾਲ ਸਦਾਇਣ...........
ਬਾਬਾ, ਜਦੋਂ ਤੂੰ ਇਹ ਸ਼ਬਦ ਉਚਾਰੇ ਹੋਣਗੇ- ਉਦੋਂ, ਉਸ ਵੇਲੇ ਦੀ ਜਨਤਾ ਭਾਵੇਂ ਇਨ੍ਹਾਂ ਦੀ ਡੂੰਘਾਈ ਨੂੰ ਨਾ ਸਮਝ/ਜਾਣ ਸਕੀ ਹੋਵੇ ਪਰ ਬਾਅਦ ਵਿਚ ਸਾਰੇ ਲੋਕ ਜਾਣ ਗਏ ਕਿ ਤੂੰ ਉਦੋਂ ਕੌਮਾਂਤਰੀ ਭਾਈਚਾਰਕ ਏਕੇ ਦਾ ਹੋਕਾ ਦਿੱਤਾ ਸੀ। ਉੱਚੀ ਬਾਂਹ ਕਰਕੇ ਮਨੁੱਖਤਾ ਨੂੰ ਜੋੜਦੀਆਂ ਤੰਦਾਂ ਦੀ ਸੱਦ ਲਾਈ ਸੀ। ਵੈਰ-ਵਿਰੋਧ ਦੇ ਖਾਤਮੇ ਅਤੇ ਆਪਣੇ-ਪਰਾਏ ਦੇ ਪ੍ਰੇਮ ਦੀ ਤਮੰਨਾ ਕੀਤੀ ਸੀ। ਸਿਰਫ ਤਮੰਨਾ ਹੀ ਨਹੀਂ ਇਸ ਸ਼ਬਦ ਨੂੰ ਸਾਰਥਕ ਰੂਪ ਦੇਣ ਲਈ ਤੂੰ ਜਿੰਨਾ ਵੀ ਸੰਸਾਰ ਗਾਹ ਸਕਿਆ ਗਾਹਿਆ। ਤੇਰੀਆਂ ਉਦਾਸੀਆਂ ਨੇ ਸੁੱਤੀ ਜਨਤਾ ਦੇ ਕੰਨੀਂ ਸੱਚ ਦੇ ਬੋਲ ਪਾਏ, ਕੂੜ ਦਾ ਭਾਂਡਾ ਚੁਰਾਹੇ ਭੰਨਿਆਂ। ਤੇਰੇ ਆਗਮਨ ’ਤੇ ਉੱਚੇ ਹੋਏ ਬੋਲ ਇਸ ਦੀ ਗਵਾਹੀ ਦਿੰਦੇ ਹਨ :-ਸਤਿਗੁਰ ਨਾਨਕ ਪ੍ਰਗਟਿਆ
ਮਿਟੀ ਧੁੰਦ ਜਗ ਚਾਨਣ ਹੋਆ ।।ਚਾਨਣ ਦੀ ਲੋਅ ਗਿਆਨ ਬਣ ਪਸਰੀ। ਅਗਿਆਨ ਦੀ ਧੁੰਦ ਸਹਿਜੇ ਸਹਿਜੇ ਘਟਣ ਲੱਗੀ। ਦੂਜਿਆ ਦਾ ਹੱਕ ਮਾਰ ਕੇ ਜੀਊਣ ਵਾਲੇ ਮਲਕ ਭਾਗੋ ਨੂੰ ਫਿਟਕਾਰਿਆ ਅਤੇ ਹੱਕ ਹਲਾਲ ਦੀ ਸੁੱਚੀ ਕਿਰਤ ਕਰਨ ਵਾਲੇ ਭਾਈ ਲਾਲੋ ਨੂੰ ਸਤਿਕਾਰਿਆ ਅਤੇ ਉੱਚਾ ਦਰਸਾਇਆ। ਤੂੰ, ਮਲਕ ਭਾਗੋ ਵਲੋਂ ਜ਼ਬਰ-ਜੁਲਮ ਅਤੇ ਠੱਗੀ ਦੇ ਜ਼ੋਰ ਇਕੱਠੇ ਕੀਤੇ ਮਾਹਲ-ਪੂੜਿਆਂ ਨੂੰ ਲੱਤ ਮਾਰ ਕੇ ਭਾਈ ਲਾਲੋ ਵਲੋਂ ਦਸਾਂ ਨੌਹਾਂ ਦੀ ਸੁੱਚੀ ਕਿਰਤ ਕਰਕੇ ਕਮਾਈ ਕੋਧਰੇ ਦੀ ਰੋਟੀ ਨੂੰ ਭਾਗ ਲਾਏ। ਲੁੱਟ ਦਾ ਮਾਲ ਛਕਣ ਵਾਲੇ ਅਤੇ ਕਿਰਤ ਕਰਕੇ ਖਾਣ ਵਾਲਿਆਂ ਦੇ ਫਰਕ ਨੂੰ ਦਰਸਾਇਆ, ਕਿਰਤ ਅਤੇ ਕਿਰਤੀ ਦੋਹਾਂ ਨੂੰ ਵਡਿਆਇਆ ਤੇ ਸਤਿਕਾਰਿਆ। ਬ੍ਰਾਹਮਣੀ ਸਮਾਜ ਵਲੋਂ ਔਰਤ ਨੂੰ ਪੈਰ ਦੀ ਜੁੱਤੀ ਕਹਿਣ ਅਤੇ ਅਜਿਹੇ ਹੀ ਕੁਲੈਹਣੇ ਹੋਰ ਨਹੋਰਿਆਂ ਦਾ ਵਿਰੋਧ ਕੀਤਾ। ਸਦੀਆਂ ਤੋਂ ਦੁਰਕਾਰੀ ਅਤੇ ਲਤਾੜੀ ਜਾ ਰਹੀ ਔਰਤ ਦੇ ਸਵੈਮਾਣ ਦੇ ਹੱਕ ’ਚ ਅਵਾਜ਼ ਬੁਲੰਦ ਕੀਤੀ ਤੇ ਕਿਹਾ:-
ਭੰਡਿ ਜੰਮੀਐ ਭੰਡ ਨਿੰਮੀਐ
ਭੰਡਿ ਮੰਗਣੁ ਵੀਆਹੁ
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ।।
ਭੰਡੁ ਮੂਆ ਭੰਡੁ ਭਾਲੀਐ
ਭੰਡਿ ਹੋਵੇ ਬੰਧਾਨ ।।
ਸੋ ਕਿਉਂ ਮੰਦਾ ਆਖੀਐ
ਜਿਤਿ ਜੰਮੈ ਰਾਜਾਨ ।।ਇਨ੍ਹਾਂ ਸ਼ਬਦਾਂ ਨਾਲ ਔਰਤ ਨੂੰ ਵਡਿਆਉਣਾ ਉਸ ਸਮੇਂ ਦੀਆਂ ਹਾਲਤਾਂ ਵਿਚ ਕੋਈ ਮਾਮੂਲੀ ਗੱਲ ਨਹੀਂ ਸੀ। ਜਦੋਂ ਰਾਜ-ਭਾਗ ਦੇ ਮਾਲਕ ਤਖਤ ਤੇ ਤਾਜ ਦੇ ਨਸ਼ੇ ’ਚ ਮਨ ਆਈਆਂ ਕਰਦੇ ਅਤੇ ਆਪਣੇ ਆਪ ਨੂੰ ਰੱਬ ਦਾ ਪ੍ਰਤੀਨਿਧ ਦੱਸਦੇ ਹੋਏ ਆਪ ਤੇ ਉਨ੍ਹਾਂ ਦੇ ਨੌਕਰ-ਚਾਕਰ (ਅਫਸਰਸ਼ਾਹੀ) ਜਨਤਾ ਨਾਲ ਪਸ਼ੂਆਂ ਵਰਗਾ ਭੈੜਾ ਸਲੂਕ ਕਰਦੇ। ਬਾਬਾ, ਤੂੰ ਉਦੋਂ ਬਿਨਾ ਕਿਸੇ ਡਰ-ਭੈਅ ਦੇ ਹਾਕਮਾਂ ਨੂੰ ਲਲਕਾਰਿਆ ਤੇ ਲਾਅਨਤਾਂ ਪਾਈਆਂ, ਉਨ੍ਹਾਂ ਦੇ ਪੁੱਠਿਆਂ ਕਾਰਿਆਂ ਨੂੰ ਭੰਡਿਆ। ਤੇਰਾ ਰੋਹ ਤੇਰੀ ਕਲਮ ਰਾਹੀਂ ਬਾਹਰ ਆਇਆ। ਤੇਰੀ ਕਲਮ ਵਿਚੋਂ ਨਿਕਲੇ ਸੱਚ ਦੇ ਸ਼ਬਦ ਅੱਗ ਵਰਗੇ ਸਨ । ਤੂੰ ਕਿਹਾ:-
ਰਾਜੇ ਸ਼ੀਂਹ ਮੁਕੱਦਮ ਕੁੱਤੇ
ਪਰ ਬਾਬਾ ਇਹ ਬੜਾ ਪਹਿਲਾਂ ਦਾ ਸਮਾਂ ਸੀ। ਸੈਕੜੇ ਵਰ੍ਹੇ ਬੀਤ ਜਾਣ ਤੋਂ ਬਾਅਦ ਵੀ ਇਹ ਸ਼ਬਦ ਸੱਚੇ ਹਨ। ਇੰਜ ਮਹਿਸੂਸ ਹੁੰਦਾ ਹੈ ਜਿਵੇਂ ਇਨ੍ਹਾਂ ਸ਼ਬਦਾ ਦੇ ਅਰਥ ਅਜੋਕੀ ਅਵਸਥਾ ਵਿਚ ਹੀ ਪੂਰੇ ਹੋਣੇ ਸਨ। ਝੂਠਿਆਂ ਨੇ ਅਜੇ ਵੀ ਧਰਮ ਨੂੰ ਉਧਾਲਿਆ ਹੋਇਆ ਹੈ, ਬਹੁਤੇ ਕਮੀਨੇ ਹੀ ‘ਧਰਮ’ ਤੇ ਕਾਬਜ ਹਨ। ਧਰਮ ਨੇ ਅੱਜ ਫੇਰ ਕੂੜ ਦੇ ਘਰ ਡੇਰੇ ਲਾਏ ਹੋਏ ਹਨ। ਲਾਲੋ ਦਾ ਖੂਨ ਅਜੇ ਵੀ ਮਲਕ ਭਾਗੋ ਵਲੋਂ ਚੂਸਿਆ ਜਾਂਦਾ ਹੈ, ਈਜਾਦ ਹੋਈਆਂ ਤਕਨੀਕਾਂ ਦੇ ਆਸਰੇ ਪਹਿਲਾਂ ਤੋਂ ਵੀ ਵੱਧ ਆਪਣੇ ਤੋਂ ਹੀਣੇ ਉੱਤੇ ਜ਼ੁਲਮ ਕਰਕੇ ਹਾਕਮ ਆਪਣੀ ਛਾਤੀ ’ਤੇ ‘ਬਹਾਦਰੀ’ ਦੇ ਤਗਮੇ ਲਟਕਾਉਣ ਦੇ ਆਦੀ ਹੋ ਗਏ ਹਨ ਅਤੇ ਤੇਰੇ ਕਹਿਣ ਮੁਤਾਬਕ ਉਨ੍ਹਾਂ ਦੇ (ਅਫਸਰਸ਼ਾਹ) ਮੁਕੱਦਮ ਕੁੱਤੇ, ਅਜੇ ਵੀ ਅਣਮਨੁੱਖੀ ਤੇ ਕੁੱਤੇ ਕੰਮਾਂ ਵਿਚ ਹੀ ਵਿਅਸਥ ਹਨ।
ਇਹ ਵੀ ਸੁਭਾਵਿਕ ਹੀ ਸੀ ਕਿ ਜਦੋਂ ਭੂਮੀਪਤੀਆਂ, ਸਾਮੰਤਾਂ ਉੱਤੇ ਆਪਣੀਆਂ ਲਾਲਸਾਵਾਂ ਦੂਰ ਤੱਕ ਫੈਲਾਉਣ ਦਾ ਪਾਗਲਪਨ ਸਵਾਰ ਹੋਇਆ ਤਾਂ ਗਰੀਬਾਂ ਨੂੰ ਉਨ੍ਹਾਂ ਦੀ ਕਰੋਪੀ ਦਾ ਸਿ਼ਕਾਰ ਹੋਣਾ ਪਿਆ। ਕੌਣ ਬਹੁੜਦਾ ਉਨ੍ਹਾਂ ਦੀ ਮੱਦਦ ਲਈ, ਕੌਣ ਫੜਦਾ ਉਨ੍ਹਾਂ ਨਿਆਸਰਿਆਂ ਦੀ ਬਾਂਹ? ਉਦੋਂ ਤੇਰੇ ਹਿਰਦੇ ’ਚੋਂ ਸੱਚ ਦੇ ਰੋਹ ਭਰੇ ਬੋਲ ਨਿਕਲੇ :-ਕਲਿ ਕਾਤਿ ਰਾਜੇ ਕਾਸਾਈ
ਧਰਮੁ ਪੰਖ ਕਰਿ ਉਡਰਿਆ ।।ਉਸ ਸਮੇਂ ਜਿਹੜੇ ਬ੍ਰਾਹਮਣ (ਪੰਡਿਤ) ਤੇ ਮੌਲਵੀ ਲੋਕਾਂ ਨੂੰ ਅੰਧ ਵਿਸ਼ਵਾਸ ਦੇ ਚੱਕਰ ਵਿਚ ਪਾਕੇ ਆਪਣੇ ਆਪ ਨੂੰ ਰੱਬ ਦੇ ਨੇੜੇ ਦੱਸਦੇ ਅਤੇ ਲੋਕਾਂ ਨੂੰ ਰੱਬ ਨਾਲ ਮੇਲਣ ਦੀ ਦਲਾਲੀ ਕਰਨ ਦਾ ਦੰਭ ਰਚਦੇ ਸਨ ਤੂੰ, ਉਨ੍ਹਾਂ ਨੂੰ ਕਾਫਰ ਕਹਿੰਦੇ ਹੋਏ ਭੰਡਿਆ :
ਕੂੜੁ ਬੋਲਿ ਮੁਰਦਾਰੁ ਖਾਇ ।।
ਅਵਰੀ ਨੋ ਸਮਝਾਵਣਿ ਜਾਇ ।।ਅਤੇ ਜਿਹੜੇ ਪਖੰਡੀ ਆਪਣੇ ਆਪ ’ਚ ਗਿਆਨਵਾਨ ਹੋਣ ਦਾ ਦਾਅਵਾ ਕਰਦੇ ਸਨ, ਪਰ ਕਿਰਤ ਕਰਨ ਤੋਂ ਮੰਗਣਾਂ ਬੇਹਤਰ ਸਮਝਦੇ ਸਨ। ਅਸਲੀ ਜੀਵਨ ਤੋਂ ਭੱਜ ਰਹੇ ਸਨ, ਤੂੰ ਉਨ੍ਹਾਂ ਨੂੰ ਦੁਰਕਾਰਿਆ, ਫਿਟਕਾਰਿਆ ਅਤੇ ਸੌ ਸੌ ਲਾਅਨਤਾਂ ਪਾਉਂਦਿਆਂ ਕਿਹਾ ਸੀ :
ਗਿਆਨ ਵਿਹੂਣਾ ਗਾਵੈ ਗੀਤ ।।
ਭੁਖੇ ਮੁਲਾਂ ਘਰੇ ਮਸੀਤਿ ।।
ਮਖਟੂ ਹੋਇ ਕੈ ਕੰਨ ਪੜਾਏ ।।
ਫਕਰੁ ਕਰੇ ਹੋਰੁ ਜਾਤਿ ਗਵਾਏ ।।
ਗੁਰੁ ਪੀਰੁ ਸਦਾਏ ਮੰਗਣ ਜਾਇ ।।ਉਪਰੋਕਤ ਤੇਰੇ ਸਮੇਂ ਦੀਆਂ ਗੱਲਾਂ ਹਨ, ਪਰ ਬਾਬਾ ਹੁਣ ਅਸੀਂ ਉਸ ਸਮੇਂ ਤੋਂ ਬਹੁਤ ਦੂਰ ਲੰਘ ਆਏ ਹਾਂ। ਅਜੇ ਵੀ ਇਸ ਦੁਨੀਆਂ ਤੇ ਕੂੜ ਦਾ ਵਾਸ ਹੈ। ਮਿਹਨਤ ਅਤੇ ਕਿਰਤ ਦੀ ਦੀ ਲੁੱਟ ਅਤੇ ਜਬਰ ਨਾਲ ਲੜਾਈ ਹੈ। ਤਾਕਤ ਦੇ ਸਿੰਘਾਸਣ ਤੇ ਬੈਠੇ ਹੰਕਾਰੀ ਮਲਕ ਭਾਗੋ, ਅੱਜ ਵੀ ਭਾਈ ਲਾਲੋ ਦੀ ਰੱਤ ਨਿਚੋੜਦੇ ਹਨ। ਧਰਮੀ ਸ਼ਰੇਆਮ ਆਪਣਾ ਈਮਾਨ ਵੇਚਦੇ ਹਨ। ਧਰਮ ਅਸਥਾਨਾਂ ਅੰਦਰ ਆਮ ਕਰਕੇ ਪਵਿੱਤਰਤਾ ਵਰਗੀ ਹਰ ‘ਸ਼ੈਅ’ ਦਾ ਨਾਸ਼ ਕਰ ਛੱਡਿਆ ਹੈ, ਅੱਜ ਦੇ ‘ਧਰਮੀਆਂ’ ਨੇ। ਅਜੋਕੇ ‘ਧਰਮੀ’ ਆਪਣੀ ਹਉਮੈ ਨੂੰ ਉਚਿਆਉਣ ਲਈ ਹਰ ਦੰਭ ਰਚਦੇ ਹਨ, ਇਸੇ ਦੰਭ ਅਧੀਨ ਧਰਮ ਦੀ ਬੁੱਕਲ਼ ਮਾਰ ਕੇ ਰੱਬ ਦੇ ‘ਨਾਂ’ ਦੀ ਝੂਠੀ ਜੁਗਾਲੀ ਕਰਦੇ ਹਨ। ਇੱਥੇ ਤਾਂ ਧਰਮੀਆਂ ਵਲੋਂ ਹੀ ਧਰਮ ਨਾਲ ਨਿੱਤ ‘ਰੇਪ’ ਕੀਤਾ ਜਾਂਦਾ ਹੈ। ਬਸ! ਇਹ ਹੀ ਇਨ੍ਹਾਂ ਦੀ ਬਹਾਦਰੀ ਹੈ। ਇਨ੍ਹਾਂ ਨੂੰ ਫਿਕਰ ਹੈ ਤਾਂ ਸਿਰਫ ਆਪਣਾ ਨਾਂ ਚਮਕਾਉਣ ਦਾ, ਜਿਵੇਂ ਵੀ ਹੋਵੇ ‘ਬਦਨਾਮ ਭੀ ਹੋਂਗੇ ਤੋ ਕਿਆ ਨਾਮ ਨਾ ਹੋਗਾ’ ਇਨ੍ਹਾਂ ਦਾ ਪੱਕਾ ਫਾਰਮੂਲਾ ਹੈ।
ਅਜੋਕੇ ਧਰਮੀਆਂ ’ਚ ਸੇਵਾ ਭਾਵ ਵਰਗੇ ਸ਼ਬਦ ਆਮ ਕਰਕੇ ਕਦੋਂ ਦੇ ਮਰ ਚੁੱਕੇ ਹਨ। ਧਾਰਮਿਕ ਸੰਸਥਾਵਾਂ ਦੀਆਂ ਮੈਂਬਰੀਆਂ, ਅਹੁਦੇਦਾਰੀਆਂ ਵਾਸਤੇ ਜੂਤ-ਪਤਾਣ ਹੁੰਦੇ ਹਨ। ਕਮੇਟੀਆਂ ਦੀਆਂ ਪ੍ਰਧਾਨਗੀਆਂ ਸਿਆਸੀ ਤਾਕਤ ਅਤੇ ਬੰਦੂਕਾਂ, ਕ੍ਰਿਪਾਨਾਂ, ਬਰਛਿਆਂ, ਤ੍ਰਿਸ਼ੂਲਾਂ ਅਤੇ ਗੁੰਡਿਆਂ ਦੀਆਂ ਧਾੜਾਂ ਦੇ ਆਸਰੇ ਜਿੱਤੀਆਂ ਜਾਂਦੀਆਂ ਹਨ। ਜਿਹੜੇ ਸੱਤਾਧਾਰੀ ਧੜਿਆਂ ਨਾਲ ਸਹਿਮਤ ਨਾ ਹੋਣ ਉਨ੍ਹਾਂ ਨੂੰ ਗੈਰਇਖ਼ਲਾਕੀ ‘ਧਾਰਮਿਕ ਆਗੂਆਂ’ ਵਲੋਂ ਝੂਠੇ ਬਹਾਨਿਆਂ ਨਾਲ ‘ਧਰਮ’ ਦੇ ਨਾਂ ’ਤੇ ਤਨਖਾਹਾਂ ਲਾਈਆਂ ਜਾਂਦੀਆਂ ਹਨ। ਉਨ੍ਹਾਂ ਦੇ ਖਿਲਾਫ ਝੂਠੇ ਫਤਵੇ ਜਾਰੀ ਕੀਤੇ ਜਾਂਦੇ ਹਨ। ਧਰਮ ਵਿਚੋਂ ਖਾਰਜ ਕੀਤਾ ਜਾਂਦਾ ਹੈ, ਜਿਵੇਂ ਉਹ “ਰੱਬ” ਦੇ ਪ੍ਰਤੀਨਿਧ ਹੋਣ। ਬਾਬਾ, ਇਹ ਅੱਜ ਹੋ ਰਿਹਾ ਹੈ ਤੇਥੋਂ ਛੇ ਸੌ ਸਾਲ ਬਾਅਦ। ਤਰੱਕੀ ਦੀਆਂ ਸਿਖਰਾਂ ਛੋਹ ਰਹੇ ਜੁੱਗ ਵਿਚ ਇਹ ਮੱਧਜੁਗੀ ਜੀਊੜੇ ਪਿਛਲਖੁਰੀ ਤੁਰਨ ਦੀ ਰੀਹਰਸਲ ਕਰ ਰਹੇ ਹਨ। ਆਪਣੇ ਆਪ ਨੂੰ ਸੂਰਮੇ ਅਖਵਾਉਣ ਲਈ ਦੂਸਰੇ ਦੇ ਧਰਮ ਦੀ ਨਿਰਾਦਰੀ ਅਜ ਕਲ ਦੇ “ਮਹਾਂਪੁਰਸ਼ਾਂ” ਦਾ ਨਿੱਤ ਦਿਹਾੜੀ ਦਾ ਕਾਰੋਬਾਰ ਹੈ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਦੂਸਰੇ ਦੇ ਧਰਮ ਦੀ ਨਿਰਾਦਰੀ ਕਰਨ ਵਾਲਾ ਕੋਈ ਧਰਮੀ ਹੋ ਹੀ ਨਹੀਂ ਸਕਦਾ। ਇਹ ‘ਸੱਜਣ’ ਹੰਕਾਰੀ ਹੀ ਨਹੀਂ ਮੂਰਖ ਵੀ ਹਨ, ਜੋ ਮਨੁੱਖਤਾ ਦੇ ਅਰਥ ਹੀ ਭੁੱਲ ਗਏ ਹਨ। ਇਨ੍ਹਾਂ ਕਦੇ ਨਹੀਂ ਸੋਚਿਆ ਕਿ ਧਰਮ ਕੋਈ ਅਸਮਾਨੋਂ ਡਿਗੀ ਸ਼ੈਅ ਨਹੀਂ ਸਮਾਜੀ ਅਸੂਲਾਂ ਵਿਚੋਂ ਹੀ ਉਪਜਿਆ ਇਕ ਵਰਤਾਰਾ ਹੈ। ਪਰ ਇਹ ਆਪ ਹੀ ਸਮਾਜੀ ਅਸੂਲਾਂ ਨੂੰ ‘ਸੋਧ’ ਕੇ, ਉਹਦੇ ’ਤੇ ਕਬਜ਼ਾ ਕਰਕੇ ਆਪਣੇ ਆਪ ਨੂੰ ਸੂਤ ਬੈਠਦੀ ਧਾਰਮਿਕਤਾ ਦੀ ਵਾੜ ਕਰ ਦਿੰਦੇ ਹਨ। ਰਹੀ ਗੱਲ ਸੇਵਾ ਭਾਵ ਦੀ, ਪ੍ਰੇਮ ਦੀ। ਸੇਵਾ ਭਾਵ ਦੇ ਇਨ੍ਹਾਂ ਨੇ ਅਰਥ ਹੀ ਬਦਲ ਦਿੱਤੇ ਹਨ। ਪ੍ਰਬੰਧਕਾਂ ਨੂੰ ਪ੍ਰੇਮ ਗੁਰੂ ਘਰ ਨਾਲ ਨਹੀਂ ਉੱਥੇ ਚੜ੍ਹਾਵੇ ਦੀ ਚੜ੍ਹਦੀ ਮਾਇਆ ਨਾਲ ਹੈ। ਇੱਥੇ ਗਿਆਨ ਨੂੰ ਰੁਮਾਲਿਆਂ ਵਿਚ ਲਪੇਟ ਕੇ ਸਿਰਫ ਮੱਥੇ ਰਗੜਨ ਦਾ ਸਾਧਨ ਬਣਾਇਆ ਜਾ ਰਿਹਾ ਹੈ। ਜਾਣਦੇ ਉਹ ਵੀ ਹਨ ਕਿ ਇਹ ਮੁਕਤੀ ਦਾ ਰਾਹ ਨਹੀਂ। ਤੂੰ ਸਾਰੀ ਉਮਰ ਲੋਕਾਂ ਨੂੰ ਅੰਧ ਵਿਸ਼ਵਾਸ ’ਚੋਂ ਕੱਢਣ ਦਾ ਜਤਨ ਕਰਦਾ ਰਿਹਾ ਪਰ ਇਹ ਜੋ ਆਪਣੇ ਆਪ ਨੂੰ ਤੇਰੇ ਵਿਸ਼ਵਾਸੀ ਦੱਸਦੇ ਹਨ ਆਪਣੇ ਸਵਾਰਥਾਂ ਖਾਤਰ ਲੋਕਾਂ ਅੰਦਰ ਖੁਦ ਅੰਧ ਵਿਸ਼ਵਾਸ ਦਾ ਗੰਦ ਖਿਲਾਰਕੇ ਹੀ ਲੋਕਾਂ ਦੀ ਲੁੱਟ ਕਰਦੇ ਹਨ। ਖੌਰੇ ਇਸੇ ਗੱਲ ਨੂੰ ਦੇਖਣ ਤੋਂ ਬਾਅਦ ਤੰਗ ਆਏ ਕਿਸੇ ਕਵੀ ਨੇ ਤੈਨੂੰ ਸੰਬੋਧਨ ਕਰਕੇ ਲਿਖੀ ਕਵਿਤਾ ਵਿਚ ਲਿਖਿਆ ਸੀ :-ਘਸ ਘਸ ਮੱਥਿਉਂ ਲੀਕਾਂ ਮਿਟੀਆਂ
ਅਜੇ ਵੀ ਘਸਦੇ ਫਿਰਦੇ ।ਜਦੋਂ ਤੱਕ ਗਿਆਨ ਉੱਤੇ ਕੂੜ ਦੀ ਧੁੰਦ ਪਸਰੀ ਰਹੇਗੀ ਇਹ ਮੱਥੇ ਸਿਰਫ ਘਸਦੇ ਹੀ ਰਹਿਣਗੇ। ਜਦੋਂ ਗਿਆਨ ਦੀ ਲੋਅ ਪਸਰੇਗੀ ਇਹ ਮੱਥੇ ਚਮਕ ਪੈਣਗੇ। ਜਦੋਂ ਇਨ੍ਹਾਂ ਗਿਆਨ ਭਰਪੂਰ ਚਮਕਦੇ ਮੱਥਿਆਂ ਨੇ ਦਹਿਕਦੀ ਸੋਚ ਲੈ ਕੇ ਉੱਠਣਾ ਹੈ, ‘ਤਕਦੀਰ’ ਆਪਣੇ ਆਪ ਹੀ ਬਦਲ ਜਾਵੇਗੀ। ਉਦੋਂ ਦੰਭੀ, ਪਖੰਡੀ, ਝੂਠੇ ਤੇ ਭੇਖੀ ਸਭ ਮਹੁਰਾ ਖਾ ਕੇ ‘ਮੁਕਤੀ’ ਪ੍ਰਾਪਤ ਕਰਨਗੇ। ਜਦੋਂ ਭਾਈ ਲਾਲੋਆਂ ਦਾ ਟੋਲਾ ਇਕੱਠਾ ਹੋਇਆ ਤਾਂ ਲੁਟੇਰੇ ਹਾਕਮਾਂ ਦੇ ਔਰੰਗਜੇਬੀ ਨਸ਼ੇ ਚੂਰ ਚੂਰ ਹੋ ਜਾਣਗੇ। ਉਦੋਂ ਧਰਮ ਦੇ ਮਖੌਟਿਆਂ ’ਚ ਲੁਕੇ ਸ਼ੈਤਾਨ ਆਪਣੀ ਹੀ ਜਿੰਦ ਬਚਾਉਣ ਲਈ ਜਤਨ ਕਰਨਗੇ। ਸਰਦਾਰੀ ਕਿਰਤ ਦੀ ਹੋਵੇਗੀ। ਝੂਠ ਦੀ ਹਾਰ ਤੇ ਸੱਚ ਦੀ ਜਿੱਤ ਹੋਵੇਗੀ।
ਬਾਬਾ, ਤੂੰ ਹੀ ਤਾਂ ਸੀ ਜੀਹਨੇ ਬਾਬਰ ਦੇ ਹਮਲੇ ਵੇਲੇ ਸੱਚੇ ਸਿਰਜਣਹਾਰ ਨੂੰ ਵੀ ਮਿਹਣਾ ਮਾਰਦਿਆ ਆਖਿਆ ਸੀ :-
ਖੁਰਾਸਾਨ ਖਸਮਾਨਾ ਕੀਆ
ਹਿੰਦੁਸਤਾਨੁ ਡਰਾਇਆ ।।
ਆਪੈ ਦੋਸੁ ਨਾ ਦੇਈ ਕਰਤਾ
ਜਮੁ ਕਰਿ ਮੁਗਲੁ ਚੜਾਇਆ ।।
ਏਤੀ ਮਾਰ ਪਈ ਕੁਰਲਾਣੈ
ਤੈ ਕੀ ਦਰਦੁ ਨ ਆਇਆ ।।ਬਾਬਾ, ਅੱਜ ਅਸੀਂ ਇਕੀਵੀਂ ਸਦੀ ਵਿਚ ਵਿਚਰ ਰਹੇ ਹਾਂ। ਰੌਬੇਟ ਤੇ ਐਟਮ ਦਾ ਜੁੱਗ ਵੀ ਪਿੱਛੇ ਰਹਿੰਦਾ ਨਜ਼ਰ ਆ ਰਿਹਾ ਹੈ। ਸੰਸਾਰ ਏਨੀ ਤੇਜ ਗਤੀ ਨਾਲ ਅੱਗੇ ਵਧ ਰਿਹਾ ਹੈ ਕਿ ਸੋਚ ਤੋਂ ਵੀ ਤੇਜ ਦਿਸਦੀ ਹੈ ਇਸ ਦੀ ਰਫਤਾਰ। ਪਰ, ਅੰਧ ਵਿਸ਼ਵਾਸੀ ਅਜੇ ਵੀ ਪੱਥਰਾਂ ਦੀ ਪੂਜਾ ’ਚ ਹੀ ਮਗ੍ਹਨ ਹਨ। ਆਪਣੇ ਪਾਪ ਲੁਕੋਣ ਖਾਤਰ ਆਪਣੇ ਹੀ ਬੱਚਿਆਂ ਦੇ ਮੂਹੋਂ ਦੁੱਧ ਖੋਹ ਕੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੁੱਧ/ਕੱਚੀ ਲੱਸੀ ਨਾਲ ਨੁਹਾਈ ਜਾਂਦੇ ਹਨ। ਇਨ੍ਹਾਂ ਹੀ ਬੇਜਾਨ ਪੱਥਰਾਂ/ਮੂਰਤੀਆਂ ਅੱਗੇ ਖੜ੍ਹੇ ਹੋ ਕੇ ਆਪਣੇ ਅਗਿਆਨੀ ਮਨ ਨੂੰ ਝੂਠ ਦੇ ਲਾਰੇ ਵਾਲਾ ਠੁੰਮਣਾ ਦਿੰਦੇ ਹਨ। ਕਈ ਸਾਰੇ ਅਜਿਹੇ ਵੀ ਹਨ ਜੋ ਇਨ੍ਹਾਂ ‘ਪੱਥਰਾਂ’ ਤੋਂ ਠੱਗੀ-ਠੋਰੀ ਦਾ ਵਰ ਮੰਗਦੇ ਹਨ। ਅਜੇ ਵੀ ਟੂਣੇ-ਟਾਮਣ, ਵਹਿਮ-ਭਰਮ ਉਂਜ ਹੀ ਹਨ। ਅਜੇ ਵੀ ‘ਸੂਰਜ ਦੇਵਤੇ’ ਨੂੰ ਪਾਣੀ ਦਿੱਤਾ ਜਾਂਦਾ ਹੈ। ਪਿੱਪਲਾਂ ਦੇ ਲੱਕ ਦੁਆਲੇ ਕੱਚੇ ਸੂਤ ਦੇ ਧਾਗੇ ਲਪੇਟੇ ਜਾਂਦੇ ਹਨ, ਚੌਰਾਹਿਆਂ ਵਿਚ ਨੌਣ੍ਹ ਕਰਦੀਆਂ ਅੰਧਵਿਸ਼ਵਾਸੀ ਔਰਤਾਂ ਪਤਾ ਨਹੀਂ ਕਿਸਤੋਂ ਪੁੱਤ ਦੀ ਦਾਤ ਮੰਗਦੀਆਂ ਹਨ? ਛੱਪੜਾਂ ਦੇ ਗੰਦੇ ਪਾਣੀ ਵਿਚ ਲਲੇਰ ਤਾਰੇ ਜਾਂਦੇ ਹਨ ਆਦਿ। ਜਿਨ੍ਹਾਂ ਕੰਮਾਂ ਤੋਂ ਤੂੰ ਲੋਕਾਂ ਨੂੰ ਦਲੀਲ ਨਾਲ ਵਰਜਿਆਂ ਸਮਾਜ ਦਾ ਵੱਡਾ ਹਿੱਸਾ ਅਜੇ ਵੀ ਉਨ੍ਹਾਂ ਹੀ ਅੰਧ ਵਿਸ਼ਵਾਸਾਂ, ਕਰਮ-ਕਾਡਾਂ ਵਿਚ ਫਸਿਆ ਪਿਆ ਹੈ। ਸਮਾਜ ਦੇ ਮੋਹਰੀ ਸਭ ਤੇਰੀ ਸਿੱਖਿਆ ਤੋਂ ਕੋਰੇ ਨਜ਼ਰ ਆਉਂਦੇ ਹਨ। ਚਿੱਤ ਪ੍ਰਚਾਉਣ ਅਤੇ ਦੂਜਿਆਂ ਲਈ ਦਿਖਾਵੇ ਵਜੋਂ ਆਪਣੇ ਘਰਾਂ ’ਚ ਤੇਰੀਆਂ ਵੱਡੀਆਂ ਵੱਡੀਆਂ ਫੋਟੋਆਂ ਲਾਉਂਦੇ ਹਨ, ਬਸ! ਸਿਰਫ ਫੋਟੋਆਂ ਹੀ ਲਾਉਂਦੇ ਹਨ।
ਧੀਆਂ ਨੂੰ ਧਿਆਣੀਆਂ, ਕੰਜਕਾਂ ਆਦਿ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ। ਘਰਾਂ ਵਿਚ ਕਿਸੇ ਪਵਿੱਤਰ ਮੌਕੇ ਵੰਡੇ ਜਾਣ ਵੇਲੇ ਪ੍ਰਸਾਦ ਵੀ ਪਹਿਲਾਂ ਧੀ ਧਿਆਣੀ ਦੇ ਹੱਥ ’ਤੇ ਹੀ ਧਰਿਆ ਜਾਂਦਾ ਹੈ। ਪਰ, ਧੀ ਦੇ ਜੰਮਣ ’ਤੇ ਘਰਾਂ ’ਚ ਸੱਥਰ ਵਿਛਣ ਵਰਗੀ ਹਾਲਤ ਹੁੰਦੀ ਹੈ। ਜਿਨ੍ਹਾਂ ਘਰਾਂ ਵਿਚ ਪੁੱਤਰ ਦੇ ਜੰਮਣ ਵੇਲੇ ਮਠਿਆਈਆਂ ਵੰਡੀਆਂ ਜਾਂਦੀਆਂ ਹਨ, ਅਖੰਡ ਪਾਠ ਖੋਲ੍ਹ, ਜਗਰਾਤੇ ਕਰ, ਗਵੱਈਆਂ ਦੇ ਅਖਾੜੇ ਲਵਾ ਕੇ ਨਵੇਂ ਜੀਅ ਦੇ ਆਉਣ ਦੀ ਖੁਸ਼ੀ ਲੋਕਾਂ ਨਾਲ ਸਾਂਝੀ ਕੀਤੀ ਜਾਂਦੀ ਹੈ, ਦਾਰੂ ਪੀ ਕੇ ਦੁਰਲੀਆਂ ਮਾਰੀਆਂ ਜਾਂਦੀਆਂ ਹਨ ਉਨ੍ਹਾਂ ਹੀ ਘਰਾਂ ਵਿਚ ਧੀ ਦੇ ਜੰਮਣ ਵੇਲੇ ‘ਇਹ ਨਿਮਾਣੀ ਕਿਸੇ ਹੋਰ ਥਾਏਂ ਜੰਮ ਪੈਂਦੀ’ ਆਦਿ ਕੁਲੈਹਣੇ ਸ਼ਬਦ ਸੁਣਨ ਨੂੰ ਮਿਲਦੇ ਹਨ। ਪੁਰਾਣੇ ਸਮਿਆਂ ਵਿਚ ਧੀਆਂ ਨੂੰ ਜੰਮਦਿਆਂ ਹੀ ਮਾਰ ਦਿੱਤਾ ਜਾਂਦਾ ਸੀ ਪਰ ਹੁਣ ਗੱਲ ਇਸ ਤੋਂ ਵੀ ਅੱਗੇ ਲੰਘ ਗਈ ਹੈ ਕਿ ਜੰਮਣ ਤੋਂ ਵੀ ਪਹਿਲਾਂ ਧੀਆਂ ਨੂੰ ਕੁੱਖ ਵਿਚ ਹੀ ਮਾਰ ਦਿੱਤਾ ਜਾਂਦਾ ਹੈ। ਜਦੋਂ ਧੀਆਂ ਵੱਡੀਆਂ ਹੋ ਕੇ ਆਪਣੇ ਸਹੁਰੇ ਘਰ ਜਾਂਦੀਆਂ ਹਨ ਤਾਂ ਸਮਾਜਿਕ ਬੁਰਾਈਆਂ ਵਿਚੋਂ ਜੰਮਿਆਂ ‘ਸਟੋਵ ਦੇਵਤਾ’ ਸਿਰਫ ਘਰ ਵਿਚ ਬਹੂਆਂ ਬਣਕੇ ਆਈਆਂ ਬੇਗਾਨੀਆਂ ਧੀਆਂ ਤੇ ਹੀ ਕਹਿਰਵਾਨ ਹੁੰਦਾ ਹੈ ਅਤੇ ਜਾਨ ਲੈਣ ਤੱਕ ਚਲਾ ਜਾਂਦਾ ਹੈ। ਸਾਡੇ ਸਮਾਜ ਵਿਚ ਪੁੱਤਰਾਂ, ਧੀਆਂ ਦੇ ਵਿਆਹ ਦੇ ਨਾਂ ’ਤੇ ਸੌਦੇ ਹੁੰਦੇ ਹਨ। ਇੱਥੇ ਹਰ ਚੀਜ਼ ਪੁੱਤਰ-ਧੀਆਂ, ਸਿਆਸਤ, ਧਰਮ, ਆਲੂ, ਗੰਢੇ, ਗੋਭੀ ਆਦਿ ਘੱਟ-ਵੱਧ ਭਾਅ ਨਾਲ ਵਿਕਦੇ ਹਨ। ਸਮਾਜੀ ਕਦਰਾਂ-ਕੀਮਤਾਂ ਕਿੱਥੋਂ ਤੱਕ ਗਰਕ ਗਈਆਂ ਹਨ ਕਿ ‘ਸੁੱਖਾਂ ਸੁੱਖ ਕੇ’ ਜੰਮੇ ਪੁੱਤਰਾਂ ਨੂੰ ਵੇਚਣ ਤੋਂ ਵੀ ਲੋਕ ਸ਼ਰਮ ਨਹੀਂ ਖਾਂਦੇ। ‘ਵੱਡੇ’ ਕਹੇ ਜਾਂਦੇ ਲੋਕਾਂ ਦੇ ਧੀਆਂ ਪੁੱਤਰਾਂ ਦੀ ਕੀਮਤ ਵੀ ਆਮ ਨਾਲੋਂ ਵੱਧ ਪੈਂਦੀ ਹੈ।
ਬਾਬਾ, ਪਿੱਛੇ ਜਹੇ ਤੇਰੇ ਪੈਰ ਛੋਹਾਂ ਵਾਲੀ ਧਰਤੀ ਤੇ ਉਹਦੇ ਲੋਕਾਂ ਨੇ ਅੱਗ ਦਾ ਦਰਿਆ ਤਰਿਆ। ਧਾਰਮਿਕ ਮਖੌਟਿਆਂ ਵਾਲਿਆਂ ਨੇ ਧਾਰਮਿਕ ਰਵਾਇਤਾਂ ਦੀ ਸ਼ਰਮ ਕੀਤੇ ਬਿਨਾਂ ਉਹਦੀਆਂ ਲੀਰਾਂ ਕੀਤੀਆਂ। ਸੱਤਾ ਦੇ ਹਕੂਮਤੀ ਨਸ਼ੇ ਵਿਚ ਹਾਕਮਾਂ ਨੇ ਆਪਣੇ ਫ਼ਰਜ ਨਾ ਨਿਭਾਏ ਸਗੋਂ ਫਾਸਿਸ਼ਟ/ਔਰੰਗਜੇਬੀ ਮਾਨਸਿਕਤਾ ਉੱਤੇ ਦੱਬ ਕੇ ਪਹਿਰਾ ਦਿੱਤਾ। ਹੰਕਾਰ ਦੇ ਨਾਅਰੇ ਮਾਰਦੀਆਂ ਇਨ੍ਹਾਂ ਧਿਰਾਂ ਨੇ ਤੇਰੇ ਸੁੱਚੇ ਬੋਲਾਂ ਵਲ ਪਿੱਠ ਕਰਕੇ ‘ਸਭੈ ਸਾਂਝੀਵਾਲ ਸਦਾਇਣ......’ ਦੇ ਵਾਕ ਦਾ ਨਿੱਤ ਕਤਲ ਕੀਤਾ। ਬਾਬਾ, ਤੂੰ ਬਾਲੇ ਤੇ ਮਰਦਾਨੇ ਨੂੰ ਨਾਲ ਲੈ ਕੇ ਰਬਾਬ ਦੀਆਂ ਸੁਰਾਂ ’ਤੇ ਮਨੁੱਖੀ ਮਨਾਂ ਵਿਚ ਭਾਈਚਾਰਕ ਸਾਂਝ, ਨਿਮਰਤਾ ਤੇ ਨਿਰਮਾਣਤਾ ਦਾ ਵਾਸ ਕਰਵਾਉਂਦਾ ਰਿਹਾ। ਆਪਣੇ ਆਪ ਨੂੰ ਧਾਰਮਿਕ ਦੱਸਣ ਵਾਲੇ ਧਾਰਮਿਕਤਾ ਭੁੱਲ ਬੈਠੇ। ਵੱਖਰੀ ਧਾਰਮਿਕ ਆਸਥਾ ਵਾਲਿਆਂ ਨਾਲ ਲੰਮਾ ਸਮਾਂ ਗੈਰ-ਮਨੁੱਖੀ ਵਿਹਾਰ ਹੁੰਦਾ ਰਿਹਾ। ਲੋਕਾਂ ਨੇ ਆਪਣੇ ਘਰਾਂ ਨੂੰ ਹੱਥੀਂ ਜਿੰਦਰੇ ਲਾਕੇ ਜਾਨ ਬਚਾਉਣ ਵਿਚ ਹੀ ਭਲਾ ਸਮਝਿਆ। ਹੱਡੀਂ ਦਰਦ ਹੰਢਾਉਣ ਵਾਲੇ ਜ਼ਖਮੀ ਹੋਈ ਮਾਨਸਿਕਤਾ ਲੈ ਕੇ ਦਰ ਦਰ ਦੀਆਂ ਠੋਕਰਾਂ ਖਾਂਦੇ ਰਹੇ।
ਮੰਨੂੰ ਨੇ ਵਰਣ-ਵੰਡ ਰਾਹੀਂ ਮਨੁੱਖੀ ਮਨਾਂ ਵਿਚ ਜ਼ਹਿਰ ਘੋਲਿਆ। ਜਿਸ ਜ਼ਹਿਰ ਦਾ ਅਸਰ ਸਦੀਆਂ ਤੋਂ ਬਾਅਦ ਵੀ ਸਮਾਜ ਅੰਦਰ ਬਹੁਤ ਡੂੰਘਾ ਹੈ। ਬਾਬਾ, ਤੂੰ ਇਸ ਮਨੁੱਖੀ ਮਨਾਂ ਦੀ ਵੰਡ, ਛੂਤ-ਛਾਤ, ਜਾਤ-ਪਾਤ ਦੇ ਖਿਲਾਫ ਸੱਚ ਦੇ ਬੋਲ ਉੱਚੇ ਕੀਤੇ, ਜ਼ੁਲਮ ਅਤੇ ਹਰ ਬੁਰਾਈ ਦੇ ਖਿਲਾਫ ਲੜਿਆ। ਅਫਸੋਸ ਕਿ ਆਪਣੇ ਆਪ ਨੂੰ ਤੇਰੇ ਵਾਰਸ ਅਖਵਾਉਣ ਵਾਲੇ ਵੀ ਇਸੇ ਰੋਗ ਦੇ ਮਰੀਜ਼ ਹਨ, ਕੋਈ ਜੱਟ ਸਿੱਖ, ਮੱਜ੍ਹਬੀ ਸਿੱਖ, ਰਾਮਗੜੀਆ ਸਿੱਖ, ਰਵਦਾਸੀਆ ਸਿੱਖ, ਭਾਪਾ ਸਿੱਖ ਆਦਿ ਹੋਰ ਪਤਾ ਨਹੀਂ ਕਿੰਨੇ ਕੁ ਪਾੜੇ ਗਿਣੇ ਜਾਣ। ਧਾਰਮਿਕ ਸਥਾਨਾਂ ਨੂੰ ਵੀ ਵੱਖੋ-ਵੱਖਰੀ ਪਛਾਣ ਅਧੀਨ ਹੀ ਉਸਾਰਿਆ ਜਾਂਦਾ ਹੈ। ਬਾਬਾ, ਤੇਰੇ ਦਸਵੇਂ ਸਰੂਪ ਤੇ ਖਾਲਸੇ ਦੇ ਸਿਰਜਣਹਾਰੇ ਨੇ ਇੱਕੋ ਬਾਟੇ ਵਿਚ ਅਮ੍ਰਿਤ ਛਕਾ ਕੇ ਜਾਤ-ਪਾਤ, ਊਚ-ਨੀਚ ਤੇ ਵੱਡੇ ਛੋਟੇ ਦਾ ਭੇਦ ਭਾਵ ਖਤਮ ਕੀਤਾ। ਪਰ ਜਿਨ੍ਹਾਂ ਅੰਦਰ ਮਨੂੰ ਦੀ ‘ਰੂਹ’ ਸਮਾਈ ਫਿਰਦੀ ਹੈ ਉਨ੍ਹਾਂ ਦਾ ਕੋਈ ਕੀ ਕਰੇ? ਕਹਿੰਦੇ ਹਨ ਸਿੱਖ ਦੀ ਕੋਈ ਜਾਤ ਨਹੀਂ ਹੁੰਦੀ, ਜੇ ਕੋਈ ਜਾਤ-ਪਾਤ ਨੂੰ ਮੰਨੇ ਤਾਂ ਉਹ ਸਿੱਖ ਨਹੀਂ ਹੁੰਦਾ। ਆਮ ਲੋਕਾਂ ਦੀ ਤਾਂ ਗੱਲ ਹੀ ਛੱਡੋ ਇੱਥੇ ਤਾਂ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਆਪਣੇ ਆਪ ਨੂੰ ਸਮਾਜ ਸੁਧਾਰਕ ਆਖਣ ਵਾਲੇ ਸਮਾਜ ਦੇ ‘ਆਗੂ’ ਵੀ ਜਾਤ-ਪਾਤ ਦੇ ਗੰਦ ਨੂੰ ਬਾਂਦਰੀ ਦੇ ਮਰੇ ਬੱਚੇ ਵਾਂਗ ਬਿਨਾਂ ਸ਼ਰਮ-ਹਯਾ ਤੋਂ ਹਿੱਕ ਨਾਲ ਲਾਈ ਫਿਰਦੇ ਹਨ। ਬਾਬਾ, ਤੂੰ ਜਾਤ-ਪਾਤ ਨੂੰ ਭੰਡਿਆ, ਮਨੁੱਖਾਂ ਦਰਮਿਆਨ ਪਾਈਆਂ ਵੰਡੀਆਂ ਨੂੰ ਗਲਤ ਕਿਹਾ ਅਤੇ ਅਸਲ ਮਨੁੱਖ ਦੀ ਪਹਿਚਾਣ ਕਰਦਿਆਂ ਕਿਹਾ ਸੀ :-ਨਾ ਕੋ ਪੜਿਆ ਪੰਡਿਤੁ ਬੀਨਾ
ਨਾ ਕੋ ਮੂਰਖ ਮੰਦਾ ।।
ਬੰਦੀ ਅੰਦਰਿ ਸਿਫਤ ਕਰਾਏ
ਤਾਕਉ ਕਹੀਏ ਬੰਦਾ ।।ਬਾਬਾ ਤੂੰ ਹਮੇਸ਼ਾ ਮਜ਼ਲੂਮਾਂ ਦੇ ਪਾਸੇ ਖੜ੍ਹਕੇ ਆਪਣੇ ਆਪ ਨੂੰ ਉਨ੍ਹਾਂ ਦਾ ਸੰਗੀ-ਸਾਥੀ ਹੀ ਦੱਸਿਆ, ਜ਼ੁਲਮ ਨੂੰ ਲਲਕਾਰਿਆ।
ਨੀਚਾ ਅੰਦਰੁ ਨੀਚ ਜਾਤਿ
ਨੀਚੀ ਹੂੰ ਅਤਿ ਨੀਚ ।।
ਨਾਨਕ ਤਿਨਕੈ ਸੰਗਿ ਸਾਥਿ
ਵੱਡਿਆਂ ਸਿਉ ਕਿਆ ਰੀਸੁ ।।ਤੇਰੇ ਨੌਵੇਂ ਸਰੂਪ (ਸ੍ਰੀ ਗੁਰੂ ਤੇਗ ਬਹਾਦਰ) ਨੇ ਔਰੰਗਜੇ਼ਬ ਵਲੋਂ ਮਜ਼ਲੂਮ ਹਿੰਦੂਆਂ ’ਤੇ ਕੀਤੇ ਜਾਂਦੇ ਜੁਲਮਾਂ ਕਰਕੇ ਸਲਤਨਤ ਦੇ ਸ਼ਹਿਨਸਾਹਾਂ ਨੂੰ ਲਲਕਾਰਿਆ। ਇਸ ਕਰਕੇ ਨਹੀਂ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਤਿਲਕ-ਜੰਜੂ ਨਾਲ ਪਿਆਰ ਸੀ, ਨਹੀਂ-ਬਿਲਕੁਲ ਨਹੀਂ। ਤਿਲਕ-ਜੰਜੂ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਵੀ ਕੋਈ ਪ੍ਰੇਮ ਨਹੀਂ ਸੀ । ਲੜਾਈ ਜ਼ੁਲਮ ਤੇ ਮਜ਼ਲੂਮ ਦੇ ਵਿਚਕਾਰ ਸੀ। ਗੁਰੂ ਸਾਹਿਬ ਨੇ ਮਜ਼ਲੂਮਾਂ ਦੀ ਬਾਂਹ ਫੜੀ। ਜੁਲਮ ਅੱਗੇ ਝੁਕਣ ਦੀ ਥਾਂ ਜੁਲਮ ਨੂੰ ਲਲਕਾਰਦਿਆਂ ਦੂਸਰੇ ਧਰਮ ਦੇ ਲੋਕਾਂ ਖਾਤਰ ਆਪਣਾ ਸੀਸ ਵਾਰਿਆ, ਮਜ਼ਲੂਮਾਂ ਦੀ ਰਾਖੀ ਕੀਤੀ ਤੇ ਹਿੰਦ ਦੀ ਚਾਦਰ ਬਣੇ।
ਨਫਰਤਾਂ ਦੇ ਸੌਦਾਗਰ ਜਿਨ੍ਹਾਂ ਲਈ ਧਰਮ ਵੀ ਵਪਾਰ ਹੈ, ਉਹ ਕਿਸੇ ਦੂਜੇ ਧਰਮ ਦਾ ਅਪਮਾਨ ਕਰਨ ਵੇਲੇ ਸੋਚਣ ਦਾ ਪੱਲਾ ਛੱਡ ਦਿੰਦੇ ਹਨ। ਕਿਸੇ ਦੂਸਰੇ ਧਰਮ ਵਾਲੇ ਦੇ ਵਿਸ਼ਵਾਸੀ ਦਾ ਵੱਖਰਾ ਸਰੂਪ ਹੋਣ ਕਰਕੇ ਉਸਨੰ ਬਿਨਾ ਕਿਸੇ ਕਸੂਰ ਦੇ ‘ਪਾਰ ਬੁਲਾ ਦੇਣਾ’ ਇਹ ਤਾਂ ਨੌਵੇਂ ਗੁਰੂ ਦੀ ਭਾਵਨਾ ਨੂੰ ਕਤਲ ਕਰਨ ਦੇ ਬਰਾਬਰ ਹੈ। ਤੇਰੇ ਪੈਰ ਛੋਹਾਂ ਵਾਲੀ ਧਰਤੀ ’ਤੇ ਅਜਿਹਾ ਵੀ ਹੁੰਦਾ ਰਿਹਾ। ਬੜਾ ਲੰਮਾ ਸਮਾਂ ਹੁੰਦਾ ਰਿਹਾ।
ਜੁਲਮ ਪਹਿਲਾਂ ਵੀ ਹੁੰਦਾ ਸੀ, ਅੱਜ ਵੀ ਹੋ ਰਿਹਾ ਹੈ। ਪਰ ਬਾਬਾ, ਤੇਰੇ ਸੁੱਚੇ ਬੋਲਾਂ ਨੂੰ ਪਿਛਲੇ ਕਾਲੇ ਸਮੇਂ ਵਿਚ ਵੀ ਢਾਲ ਬਣਾ ਕੇ ਜੁਲਮ ਨੂੰ ਲਲਕਾਰਿਆ ਗਿਆ। ਕਿਰਤੀਆਂ ਦਾ ਸੁਚਾ ਲਹੂ ਸੜਕਾਂ ਤੇ ਡੁੱਲਦਾ ਰਿਹਾ। ਧਾਰਮਿਕ ਸਥਾਨਾਂ ਅੰਦਰ ਅਣਮਨੁੱਖੀ ਕੁਕਰਮ ਹੁੰਦੇ ਰਹੇ। ਮੱਜ੍ਹਬੀ ਜਨੂਨ ਜੋ ਪਾਗਲਪਨ ਦਾ ਹੀ ਦੂਜਾ ਨਾਮ ਹੈ ਦੇ ਜ਼ਹਿਰ ਨਾਲ ਸਾਰੇ ਵਾਤਾਵਰਣ ਨੂੰ ਗੰਦਾ/ਜ਼ਹਿਰੀ ਕੀਤਾ ਗਿਆ। ਕਿਸੇ ਨੂੰ ਗੁਰੂ ਘਰੋਂ ਮੁੜਦਿਆਂ ਹੱਥਾਂ ’ਚ ਪ੍ਰਸਾਦ ਸਮੇਤ ਗੁਰੂ ਦੇ ਦੁਆਰੇ ਦੀ ਸਰਦਲ ਤੇ ਗੋਲੀ ਮਾਰ ਦਿੱਤੀ ਗਈ। ਕੋਈ ਬੱਚਾ ਆਪਣੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਗਿਆ ਆਪਣੇ ਮਾਸੂਮ ਸੁੱਚੇ ਲਹੂ ਨਾਲ ਗੁਰੂ ਦੇ ਚਰਨੀਂ ਢੇਰੀਂ ਕਰ ਦਿੱਤਾ ਗਿਆ, ਮੁੜ ਘਰ ਨਾ ਪਰਤਿਆ, ਮਾਪੇ ਰਾਹ ਉਡੀਕਦੇ ਰਹੇ। ਹਕੂਮਤੀ ਦਹਿਸ਼ਤਗਰਦੀ ਨੇ ਬੁਢਾਪੇ ਦੀਆਂ ਡੰਗੋਰੀਆਂ ਖੋਹ ਲਈਆਂ, ਯਤੀਮਾਂ ਅਤੇ ਵਿਧਵਾਵਾਂ ਦੀ ਲੰਮੀ ਕਤਾਰ ਬੰਨ ਦਿੱਤੀ। ਗੁੰਡਿਆਂ ਨੇ ਮਾਸੂਮਾਂ, ਬੇਕਸੂਰਾਂ ਨੂੰ ਵੀ ਨਾ ਬਖਸਿ਼ਆ। ਮਾਂਵਾਂ ਦੀਆਂ ਝੋਲੀਆਂ ਕੀਹਦੇ ਅੱਗੇ ਫਰਿਆਦ ਕਰਦੀਆਂ? ਉਦੋਂ ਜਦੋਂ ਜੁਲਮ ਦੀ ਕਾਲੀ ਨੇਰ੍ਹੀ ਚੱਲਦੀ ਸੀ, ਪਖੰਡੀਆਂ ਤੇ ਦੰਭੀਆਂ ਵਲੋਂ ਝੂਠ ਦੇ ਪਰਦੇ ਹੇਠ ਧਰਮ ਦੀ ਦੁਰਵਰਤੋਂ ਕੀਤੇ ਜਾਣ ਵਾਲੀ ਸਥਿਤੀ ਦੇਖ ਕੇ ਲੋਕਾਂ ਦਾ ਜਾਇਆ ਮੇਰੀ ਮਾਂ ਬੋਲੀ ਪੰਜਾਬੀ ਦਾ ਮਾਣ ਮੱਤਾ ਕਵੀ ਸੰਤੋਖ ਸਿੰਘ ਧੀਰ ਬੋਲਿਆ ਸੀ, ਉਹਨੇ ਸੱਚ ਹੀ ਤਾਂ ਕਿਹਾ ਸੀ :-ਬੜਾ ਬਦਮਾਸ਼ ਹੈ ਔਰੰਗਜੇਬ
ਇਨ੍ਹਾਂ ਸੱਚ ਭਰੇ ਸ਼ਬਦਾਂ ਵਿਚ ਲਲਕਾਰ ਸੀ ਧਰਮ ਦੇ ਨਾਂ ’ਤੇ ਦੰਭ ਹੰਢਾਉਂਦੇ ਦਰਿੰਦਿਆਂ ਨੂੰ , ਜਿਨ੍ਹਾ ਦਾ ਨਿਮਰਤਾ ਅਤੇ ਨਿਰਮਾਣਤਾ ਨਾਲ ਕੋਈ ਵਾਸਤਾ ਨਹੀਂ ਹੁੰਦਾ। ਜਦੋਂ ਗੈਰਾਂ ਦੀ ਚੁੱਕ ਤੇ ਆਪਣਿਆਂ ਨੂੰ ਬੇਗਾਨੇ ਸਮਝਿਆ ਗਿਆ। ਲਾਲਚੀ ਬੇਸਮਝੀ ਨੇ ਬਾਲੇ ਤੇ ਮਰਦਾਨੇ ਦੀ ਸਾਂਝ ਨੂੰ ਕਤਲ ਕਰਨ ਦਾ ਜਤਨ ਕੀਤਾ। ਮਲਕ ਭਾਗੋਆਂ ਦੇ ਵਾਰਸ ਅੱਜ ਦੇ ਸਰਮਾਏਦਾਰ ਹਾਕਮ ਭਾੜੇ ਦੀਆਂ ਪੁਤਲੀਆਂ ਦੀਆਂ ਡੋਰਾਂ ਖਿੱਚ ਕੇ ਤਮਾਸ਼ਾ ਦੇਖਦੇ ਰਹੇ। ਸਾਡੇ ਅਖੌਤੀ ਬੁੱਧੀਜੀਵੀ ਸਮਾਜ ਨੂੰ ਅਗਵਾਈ ਦੇਣ ਤੋਂ ਕੰਨੀ ਕਤਰਾਉਂਦੇ ਹੀ ਦੇਖੇ ਗਏ। ਰੰਗ-ਬਰੰਗੇ ‘ਸਾਧਾਂ’ ਦੇ ਟੋਲੇ ਸਮਾਜ ਦੇ ਸਾਰੇ ਸੁਖ ਮਾਣਦੇ ਹੋਏ ਲੋਕਾਂ ਨੂੰ ਮੂਰਖ ਬਨਾਉਣ ’ਚ ਹੀ ਵਿਅਸਥ ਰਹਿੰਦੇ ਹਨ। ਵੱਖੋ ਵੱਖ ਟਰੇਡ ਮਾਰਕਾਂ ਥੱਲੇ ‘ਧਰਮ ਪ੍ਰਚਾਰ’ ਦੇ ਨਾਂ ’ਤੇ ਲੋਕਾਂ ਅੰਦਰ ਵੰਡੀਆਂ ਪਾਈਆਂ ਜਾਂਦੀਆਂ ਹਨ। ‘ਧਰਮ’ ਦੇ ਨਾਂ ’ਤੇ ਬਣੇ ਡੇਰਿਆਂ ਵਿਚ ਜੋ ਕੁਕਰਮ ਹੋ ਰਹੇ ਹਨ ਉਨ੍ਹਾਂ ਨੂੰ ਸੁਣ/ਪੜ੍ਹ ਕੇ ਮਨ ਬਹੁਤ ਉਦਾਸ ਹੁੰਦਾ ਹੈ। ਇਹ ਉਦਾਸੀ ਰੋਹ ਪੈਦਾ ਕਰਦੀ ਹੈ।
ਬਾਬਾ! ਲੋਕਾਈ ਨੂੰ ਸੁਮੱਤ ਬਖਸ਼ ਕਿ ਅਸੀਂ ਸਾਰੇ ਸਰਬੱਤ ਦੇ ਭਲੇ ਨਾਲ ਜੁੜੇ ਰਹੀਏ। ‘ਨੀਚਾ ਅੰਦਰੁ ਨੀਚ ਜਾਤਿ............’ ਵਾਲੇ ਤੇਰੇ ਬੋਲਾਂ ਨੂੰ ਲੈ ਕੇ ਨਿਮਾਣਿਆਂ, ਨਿਤਾਣਿਆਂ ਦੇ ਦਰ ਤੱਕ ਪਹੁੰਚੀਏ ਤੇ ਉਨ੍ਹਾਂ ਨੂੰ ਜਾਗਣ ਦਾ ਹੋਕਾ ਦੇਈਏ। ਹੰਕਾਰ, ਲੋਭ, ਦੰਭ ਤੇ ਅਗਿਆਨ ਦੇ ਹਨੇਰੇ ਚੌਰਾਹਿਆਂ ਵਿਚ ਗਿਆਨ, ਸਾਂਝ, ਸੂਝ ਦੇ ਸੁਹਜਮਈ ਭਰੱਪਣ ਭਰੇ ਚੌਮੁਖੀਏ ਦੀਵੇ ਬਾਲ ਕੇ ਜੱਗ ਨੂੰ ਰੌਸ਼ਨ ਕਰਦਿਆਂ “ਸਭੈ ਸਾਂਝੀਵਾਲ ਸਦਾਈਏ”।****
(23 ਨਵੰਬਰ 2007) ਚਾਤ੍ਰਿਕ ਯੂਨੀਕੋਡ
jLrUr pVHo :
kyhr sLrIPL dIaF ilKqF sbMDI afey kuJ pwqr kI kihMdy hn?---ilKfrI
kyhr sLrIPL horF dy pMjfbI kivqf vfry iKafl cMgy lwgy--BUivMdr kOr igwl
pMjfbI sfihq aMdr DWkf cldf hY. kyhr sLrIP jI dI ieh aflocnf iblkul shI hY---zf: blvMq isMG isWDU,pMjfb
jy Gr ivc ikqfbF hox qF?? ikaF bfqF! kyhr sLrIPL jI dI iek hor imafrI ilKq leI buhq-buhq DnMvfd---srvjIq isMG
ਕੇਹਰ ਸ਼ਰੀਫ਼ ਦੀਆਂ ਲਿਖਾਰੀ ਵਿਚ ਛਪੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ>>>>>>>>>
![]()
© likhari: Panjabi Likhari Forum-2001-2007