|
ਬਾਣੀ ਚਿੰਤਨ ਦੀ ਸਮਕਾਲੀ ਪ੍ਰਸੰਗਿਕਤਾ
-ਡਾ: ਅਮਰਜੀਤ ਸਿੰਘ ਕਾਂਗ- |
ਧਰਮ ਚਿੰਤਨ ਦੇ ਅੰਤਰਗਤ ਇਹ ਧਾਰਨਾ ਬੜੀ ਸਪੱਸ਼ਟ ਹੋਣੀ ਚਾਹੀਦੀ ਹੈ ਕਿ ਵਿਗਿਆਨ ਅਤੇ ਧਰਮ ਦਾ ਇੱਕ ਦੂਜੇ ਨਾਲ ਵਿਰੋਧ ਨਹੀਂ ਬਲਕਿ ਪੂਰਕ ਅਤੇ ਸੁਖਾਵਾਂ ਜੋੜ ਹੈ। ਇਹ ਪ੍ਰਸ਼ਨ ਕਿੰਤੂ ਕਿ ਵਿਗਿਆਨਿਕ ਯੁੱਗ ਵਿੱਚ ਧਰਮ ਆਪਣੀ ਪ੍ਰਸੰਗਕਿਤਾ ਗਵਾ ਲੈਂਦਾ ਹੈ ਜਾਂ ਧਰਮ ਦੀ ਮਨੁੱਖ ਨੂੰ ਕੋਈ ਲੋੜ ਨਹੀਂ ਰਹਿੰਦੀ ਇਹ ਕਿੰਤੂ ਪ੍ਰਤੂੰ ਆਪਣੇ ਆਪ ਵਿੱਚ ਕੋਈ ਅਰਥ ਨਹੀਂ ਰਖਦੇ। ਇਹ ਗੱਲ ਬੜੀ ਜਾਨਣਯੋਗ ਹੈ ਕਿ ਜਿੰਨੀ ਦੇਰ ਤੱਕ ਮਨੁੱਖੀ ਹੋਂਦ ਦੀ ਸਮੱਸਿਆ ਹੈ ਜਾਂ ਮਨੁੱਖੀ ਭਾਵਨਾਵਾਂ ਜੀਵੰਤ ਹਨ ਧਰਮ ਚਿੰਤਨ ਆਪਣੀ ਪ੍ਰਸੰਗਿਕਤਾ ਬਣਾਈ ਰੱਖਦਾ ਹੈ। ਧਰਮ ਅਪ੍ਰਸੰਗਿਕ ਉਦੋਂ ਬਣਦਾ ਹੈ ਜਦੋਂ ਉਹ ਆਪਣੇ ਅਰਥ ਗਵਾ ਲੈਂਦਾ ਹੈ ਅਤੇ ਜਿਹੜਾ ਧਰਮ ਆਪਣੇ ਅਰਥ ਬਣਾਈ ਰੱਖਦਾ ਹੈ ੳਹ ਧਰਮ ਹਰ ਕਾਲ ਵਿੱਚ ਮਨੁੱਖੀ ਹੋਂਦ ਲਈ ਪ੍ਰਸੰਗਿਕ ਬਣਿਆ ਰਹਿੰਦਾ ਹੈ। ਵਰਤਮਾਨ ਵਿੱਚ ਇਹ ਤੱਥ ਪਛਾਣਿਆ ਜਾ ਸਕਦਾ ਹੈ ਕਿ ਇਤਿਹਾਸ ਵਿੱਚ ਉਹ ਧਰਮ ਅਪ੍ਰਸੰਗਿਕ ਬਣ ਗਏ ਜਿੰਨ੍ਹਾਂ ਨੇ ਧਰਮ ਦੀ ਪਵਿੱਤਰਤਾ ਅਤੇ ਇਸ ਦੀ ਸਾਰਥਿਕਤਾ ਨੂੰ ਕਰਮ-ਕਾਂਡ ਵਿੱਚ ਬਦਲ ਦਿੱਤਾ ਸੀ। ਧਰਮ ਜਦੋਂ ਵੀ ਆਪਣੇ ਅਰਥ ਗਵਾ ਕਿ ਕਰਮ-ਕਾਂਡੀ ਬਣਦਾ ਹੈ, ਉਦੋਂ ਹੀ ਉਹ ਧਰਮ ਦੀ ਪ੍ਰਸੰਗਿਕਤਾ ਮੁੱਕ ਜਾਂਦੀ ਹੈ। ਧਰਮ ਦੀ ਸਮਕਾਲੀ ਪ੍ਰਸੰਗਿਕਤਾ ਦਾ ਅਧਾਰ ਉਸ ਦੀ ਸਾਰਥਿਕਤਾ ਦੇ ਬਣੇ ਰਹਿਣ ਵਿੱਚ ਹੈ। ਇਤਿਹਾਸ ਇਸ ਗੱਲ ਦਾ ਪ੍ਰਮਾਣ ਹੈ ਕਿ ਜਦੋਂ ਵੀ ਧਰਮ ਆਪਣੀ ਪਵਿੱਤਰਤਾ ਦੀ ਥਾਂ ਸੰਸਥਾਗਤ ਚਰਿੱਤਰ ਗ੍ਰਹਿਣ ਕਰਦਾ ਹੈ ਉਦੋਂ ਹੀ ਧਰਮ ਲੋਕਾਂ ਤੋ ਨਿੱਖੜ ਜਾਂਦਾ ਹੈ। ਬੁੱਧ ਧਰਮ ਆਪਣੇ ਸਮੇਂ ਦਾ ਸਭ ਤੋਂ ਵੱਧ ਪ੍ਰਗਤੀਸ਼ੀਲ ਧਰਮ ਸੀ ਪਰੰਤੂ ਜਦੋਂ ਬੁੱਧ ਧਰਮ ਦੇ ਅਨੁਆਈ ਕਰਮ-ਕਾਂਡੀ ਹੋ ਗਏ ਉਦੋਂ ਬੁਧ ਧਰਮ ਦੀ ਪ੍ਰਸਿੱਧੀ ਖ਼ਤਮ ਹੋ ਗਈ ਅਤੇ ਭਾਰਤ ਵਰਗੇ ਦੇਸ਼ ਵਿੱਚ ਜਿੱਥੇ ਬੁਧ ਧਰਮ ਦਾ ਬੋਲ ਬਾਲਾ ਸੀ, ਉਹ ਅੱਜ ਲੋਕ ਮਨਾ ਵਿੱਚੋ ਖ਼ਤਮ ਹੋ ਗਿਆ ਹੈ। ਇਹੀ ਸਥਿਤੀ ਜੈਨ ਧਰਮ ਵਿੱਚ ਵਾਪਰੀ ਹੈ। ਇਸਲਾਮ ਦੇ ਪ੍ਰਵੇਸ਼ ਸਮੇ ਹਿੰਦੂ ਧਰਮ ਇਸ ਲਈ ਸੰਕਟ ਦਾ ਸ਼ਿਕਾਰ ਹੋ ਗਿਆ ਕਿਉਂਕਿ ਬ੍ਰਾਹਮਣ ਸ੍ਰੇਣੀ ਨੇ ਇਸ ਨੂੰ ਸੰਸਥਾਗਤ ਬਣਾ ਦਿੱਤਾ ਸੀ। ਕਰਮ-ਕਾਂਡਾਂ ਵਿੱਚ ਗੁੰਮ ਹੋ ਜਾਣਾ ਹੀ ਧਰਮ ਦੀ ਸਮਕਾਲੀ ਪ੍ਰਸੰਗਿਕਤਾ ਨੂੰ ਠੇਸ ਪਹੁੰਚਾਉਦਾ ਹੈ। ਇਹ ਸਥਿਤੀ ਗੁਰਮਤਿ ਵਿਚਾਰਧਾਰਾ ਨਾਲ ਨਹ਼ੀ ਵਾਪਰੀ ਬਲਕਿ ਇਸ ਦੇ ਉਲਟ ਗੁਰਮਤਿ ਵਿਚਾਰਧਾਰਾ ਅੱਜ ਵੀ ਲੋਕ ਮਨਾਂ ਲਈ ਪ੍ਰੇਰਨਾਂ ਸ਼ਕਤੀ ਬਣੀ ਹੋਈ ਹੈ। ਗੁਰਮਤਿ ਵਿਚਾਰਧਾਰਾ ਦੀ ਸਮਕਾਲੀ ਪ੍ਰਸੰਗਿਕਤਾ ਅਤੇ ਨਿਰੰਤਰ ਬਣੇ ਰਹਿਣ ਦਾ ਰਹੱਸ ਇਸ ਦੇ ਆਪਣੇ ਅੰਦਰਲੇ ਉਸ ਚਰਿਤਰ ਵਿੱਚ ਹੈ ਜੋ ਧਰਮ ਨੂੰ ਲੋਕ ਮਨ ਨਾਲ ਜੋੜਦਾ ਹੈ।
ਇਹ ਤੱਥ ਭਲੀਂ ਭਾਂਤ ਸਪੱਸ਼ਟ ਹੈ ਕਿ ਬਾਣੀ ਉਸ ਧਰਮ ਚਿੰਤਨ ਦੇ ਵਿਰੋਧ ਵਿੱਚ ਉਦੈ ਹੋਈ ਜਿਸ ਚਿੰਤਨ ਨੇ ਧਰਮ ਨੂੰ ਸੰਸਥਾਗਤ ਬਣਾ ਦਿੱਤਾ ਸੀ। ਇਸ ਦਾ ਸੰਕੇਤ ਬਾਣੀ ਵਿੱਚੋ ਮਿਲਦਾ ਹੈ:
ਕਾਦੀ ਕੂੜ ਬੋਲਿ ਮਲੁ ਖਾਇ॥ ਬ੍ਰਾਹਮਣਾ ਨਾਵੇ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਉਜਾੜੇ ਕਾ ਬੰਧੁ॥ਬਾਣੀਕਾਰਾਂ ਨੇ ਜਿਹੜਾ ਧਰਮ ਚਿੰਤਨ ਦਿੱਤਾ, ਉਹ ਧਰਮ ਚਿੰਤਨ ਬੜਾ ਸਰਲੇ ਸਪੱਸ਼ਟ ਅਤੇ ਮਨੁੱਖੀ ਸਰੋਕਾਰਾਂ ਨਾਲ ਜੁੜਿਆ ਹੋਇਆ ਹੈ। ਲੋਕ ਸਭਿਆਚਾਰ ਦੇ ਮੁਹਾਵਰੇ ਵਿੱਚ ਬਾਣੀਕਾਰਾਂ ਨੇ ਧਰਮ ਦਾ ਸਗਲ ਜਮਾਤੀ ਚਰਿਤਰ ਇੰਜ ਉਭਾਰਿਆ ਕਿ ਇੱਕ ਅਜਿਹੀ ਨਵੀਂ ਚੇਤਨਾਂ ਉਭਰੀ ਜਿਸ ਨੇ ਧਰਮ ਚਿੰਤਨ ਵਿੱਚ ਕ੍ਰਾਂਤੀ ਲੈ ਆਂਦੀ। ਇਹ ਚਰਿਤਰ ਅੱਜ ਵੀ ਉਸੇ ਰੂਪ ਵਿੱਚ ਬਰਕਰਾਰ ਹੈ। ਗੁਰਮਤਿ ਵਿਚਾਰਧਾਰਾ ਦੀ ਸਮਕਾਲੀ ਪ੍ਰਸੰਗਿਕਤਾ ਦਾ ਭੇਦ ਇਸ ਤੱਥ ਵਿੱਚ ਹੈ ਕਿ ਅੱਜ ਵੀ ਇਹ ਧਰਮ ਕਰਮ-ਕਾਂਡ ਦੇ ਵਿਰੋਧ ਵਿੱਚ ਖੜ੍ਹਾ ਹੈ। ਮਾਨਵੀ ਸਰੋਕਾਰ ਅੱਜ ਵੀ ਲੋਕ ਸਿਮਰਤੀ ਲਈ ਪ੍ਰੇਰਨਾ ਸਰੋਤ ਹੈ। ਇਹ ਧਰਮ ਚਿੰਤਨ ਇਸ ਲਈ ਹਮੇਸ਼ਾ ਲੋਕ ਸਿਮਰਤੀ ਵਿੱਚ ਜੀਵੰਤ ਰਹੇਗਾ ਕਿਉਕਿ ਇਸ ਦਾ ਝਰੋਖਾ ਲੌਕਿਕ ਮੁੱਲਾਂ ਵਾਲਾ ਹੈ। ਇਸ ਚਿੰਤਨ ਵਿੱਚ ਧਰਮ ਦੀ ਬੁਨਿਆਦ ਧਰਤੀ ਨਾਲ ਜੁੜੀ ਹੋਈ ਹੈ। ਜਿਹੜਾ ਧਰਮ ਚਿੰਤਨ ਕਰਮੀਂ ਕਰਮੀਂ ਹੋਏ ਵਿਚਾਰ, ਦਾ ਸੰਕਲਪ ਰਖਦਾ ਹੋਵੇ, ਉਸ ਚਿੰਤਨ ਦੀ ਸਮਕਾਲੀ ਪ੍ਰਸੰਗਿਕਤਾ ਹਰ ਕਾਲ ਵਿੱਚ ਨਿਰੰਤਰ ਬਣੀ ਰਹੇਗੀ। ਗੁਰਬਾਣੀ ਦਾ ਤਾਂ ਮੂਲ ਚਰਿੱਤਰ ਹੀ ਉਨ੍ਹਾਂ ਧਿਰਾਂ ਦਾ ਵਿਰੋਧ ਕਰਨਾ ਹੈ ਜੋ ਮਾਨਵੀ ਮੁੱਲਾਂ ਤੋਂ ਥਿੜਕ ਚੁੱਕੇ ਹਨ। ਇਹ ਤੱਥ ਬੜਾ ਪ੍ਰਮਾਣਿਕ ਹੈ ਕਿ ਬਾਣੀਕਾਰਾਂ ਨੇ ਅਧਿਆਤਮ ਦਾ ਹਰ ਪਹਿਲੂ ਧਰਤੀ ਨਾਲ ਇੰਜ ਜੋੜਿਆ ਹੈ ਕਿ ਅੱਜ ਵੀ ਇਸ ਧਰਮ ਦੀ ਸਾਰਥਕਤਾ ਜੀਵੰਤ ਹੈ। ਗੁਰਮਤਿ ਵਿਚਾਰਧਾਰਾ ਨੇ ਜਿਸ ਆਦਰਸ਼ਿਕ ਮਨੁੱਖ ਦਾ ਸੰਕਲਪ ਦਿੱਤਾ ਹੈ ਉਹ ਮਨੁੱਖ ਹਰ ਯੁੱਗ ਵਿੱਚ ਪ੍ਰਵਾਨ ਰਹੇਗਾ। ਇਹ ਉਹੋ ਮਨੁੱਖ ਹੈ ਜੋ ਨੈਤਿਕ ਮੁੱਲਾਂ ਦਾ ਧਾਰਨੀ ਹੈ ਜੋ ਸੱਚ ਅਤੇ ਸੁੱਚ ਨਾਲ ਜੁੜਿਆ ਹੋਇਆ ਹੈ। ਜੋ ਨਾ ਤਾਂ ਕਿਸੇ ਨੂੰ ਭੈ ਦਿੰਦਾ ਹੈ ਅਤੇ ਨਾ ਹੀ ਕਿਸੇ ਦੇ ਭੈ ਹੇਠਾਂ ਆ ਕੇ ਅਣਚਾਹੀਆਂ ਸਥਿਤੀਆਂ ਅੱਗੇ ਝੁਕਦਾ ਹੈ। ਇਹ ਉਹੋ ਮਨੁੱਖ ਹੈ ਜੋ ਅਨਿਆਕਾਰੀ ਰਾਜੇ ਨੂੰ ਵੀ ਚਣੌਤੀ ਦਿੰਦਾ ਹੈ। ਬਾਣੀਕਾਰਾਂ ਨੇ ਖ਼ੁਦ ਇਨ੍ਹਾਂ ਅਦਾਰਸ਼ਾਂ ਨੂੰ ਆਪਣੇ ਵਿਚਾਰ ਵਿੱਚੋਂ ਪ੍ਰਗਟਾਇਆ ਹੈ। ਬਾਬਰ ਨੂੰ ਇਹ ਕਹਿਣਾ ਕਿ "ਪਾਪੁ ਕੀ ਜੰਝ ਲੈ ਕਾਬਲਹੁ ਧਾਇਆ, ਜੋਰੀ ਮੰਗੇ ਦਾਨੁ ਵੇ ਲਾਲੋ" ਇਸ ਗੱਲ ਦੀ ਪੁਸ਼ਟੀ ਹੈ ਕਿ ਬਾਣੀਕਾਰ ਜ਼ਿੰਦਗੀ ਨਾਲ ਜੁੜੇ ਹੋਏ ਸਨ ਅਤੇ ਉਨ੍ਹਾਂ ਜਿਹੜੇ ਸੰਕਲਪ ਦਿੱਤੇ ਉਹੋ ਸੰਕਲਪ ਇਨ੍ਹੇ ਮਾਨਵੀ ਸਰੋਕਾਰਾਂ ਵਾਲੇ ਸਨ ਕਿ ਉਹ ਅੱਜ ਵੀ ਨਿਰੰਤਰ ਪ੍ਰੇਰਨਾ-ਸੋਮਾਂ ਬਣੇ ਹੋਏ ਹਨ।
ਇਹ ਕਹਿਣਾ ਕਿ ਵਿਗਿਆਨ ਦੀ ਆਮਦ ਨਾਲ਼ ਧਰਮਾਂ ਦੀ ਪ੍ਰਾਸੰਗਿਕਤਾ ਅਰਥਹੀਣ ਹੋ ਜਾਂਦੀ ਹੈ ਬਿਲਕੁਲ ਗੈਰ-ਵਿਗਿਆਨ ਸਿੱਟਾ ਹੈ। ਧਰਮ ਦਾ ਸਬੰਧ ਮਨੁੱਖ ਦੇ ਅੰਤਹਕਰਣ ਨਾਲ਼ ਹੈ ਉਸ ਦੇ ਵਿਹਾਰ ਨਾਲ ਹੀ ਅਤੇ ਵਿਸ਼ੇਸ਼ ਰੂਪ ਵਿੱਚ ਮਨੁੱਖ ਦੇ ਚਰਿੱਤਰ ਨਾਲ ਹੈ। ਵਿਗਿਆਨਿਕ ਸੋਚ ਇਨ੍ਹਾਂ ਪ੍ਰਸੰਗਾਂ ਦੇ ਵਿਰੋਧ ਵਿੱਚ ਨਹੀਂ ਸਗੋਂ ਜਿੱਥੇ ਵਿਗਿਆਨ ਦੀ ਪਹੁੰਚ ਨਹੀਂ ਉੱਥੇ ਧਰਮ ਮਨੁੱਖ ਲਈ ਅਗਵਾਈ ਦਿੰਦਾ ਹੈ। ਗੁਰਮਤਿ ਵਿਚਾਰਧਾਰਾ ਦੀ ਸਮਕਾਲੀ ਪ੍ਰਸੰਗਿਕਤਾ ਦਾ ਰਹੱਸ ਇਨ੍ਹਾਂ ਤੱਥਾਂ ਵਿੱਚ ਹੈ:
(1) ਇਹ ਵਿਚਾਰਧਾਰਾ ਜਿਹੜਾ ਧਰਮ-ਚਿੰਤਨ ਪ੍ਰਸਤੁਤ ਕਰਦੀ ਹੈ ਉਹ ਚਿੰਤਨ ਬੜਾ ਸਰਲੇ ਸਪੱਸ਼ਟ ਅਤੇ ਮਾਨਵੀ ਚਰਿਤਰ ਵਾਲਾ ਹੈ।
(2) ਇਸ ਵਿਚਾਰਧਾਰਾ ਦੇ ਸਾਰੇ ਸਰੋਕਾਰ ਧਰਤੀ ਨਾਲ ਜੁੜੇ ਹੋਏ ਹਨ। ਲੌਕਿਕਤਾ ਦੇ ਝਰੋਖ਼ੇ ਵਿੱਚੋਂ ਹੀ ਪਾਰਲੌਕਿਕਤਾ ਨੂੰ ਸਾਕਾਰ ਕੀਤਾ ਹੈ।
(3) ਇਸ ਵਿਚਾਰਧਾਰਾ ਦੇ ਨੈਤਿਕ ਮੁੱਲ ਮਾਨਵੀ ਮੁਕਤੀ ਲਈ ਕੇਂਦਰੀ ਭੂਮਿਕਾ ਵਾਲੇ ਹਨ।
(4) ਇਹ ਵਿਚਾਰਧਾਰਾ ਧਰਮ ਦੇ ਸੰਸਥਾਗਤ ਰੂਪ ਦੀ ਥਾਂ ਧਰਮ ਦੇ ਸਹਿਜ ਚਰਿਤਰ ਨੂੰ ਪ੍ਰਵਾਨ ਕਰਦੀ ਹੈ।
(5) ਇਸ ਵਿਚਾਰਧਾਰਾ ਵਿੱਚ ਕਰੜੀ ਸਾਧਨਾ ਅਤੇ ਸਮਾਜ ਦਾ ਤਿਆਗ ਵਰਜਿਤ ਹੈ।
(6) ਇਹ ਵਿਚਾਰਧਾਰਾ ਸਗਲ ਜਮਾਤੀ, ਦਾ ਸੰਕਲਪ ਰਖਦੀ ਹੈ। ਸ਼੍ਰੇਣਿਕ ਸਮਾਜ ਦਾ ਵਿਰੋਧ ਕਰਕੇ ਮਨੁੱਖ ਦੀ ਬਰਾਬਰੀ ਦਾ ਸੰਦੇਸ਼ ਹੈ।
(7) ਇਹ ਵਿਚਾਰਧਾਰਾ ਪ੍ਰਗਤੀਸ਼ੀਲ ਚਰਿਤਰ ਵਾਲੀ ਹੈ ਜਿਸ ਵਿੱਚ ਕੇਂਦਰੀ ਚਿੰਤਾ ਜ਼ਿੰਦਗੀ ਨੂੰ ਭਵਿੱਖ ਨਾਲ ਜੋੜਨਾ ਹੈ। ਅਨਿਆ ਦੇ ਵਿਰੁੱਧ ਆਵਾਜ਼ ਬੁਲੰਦ ਕਰਨੀ ਇਸ ਵਿਚਾਰਧਾਰਾ ਦਾ ਮੂਲ ਉਪਦੇਸ਼ ਹੈ।
(8) ਇਹ ਵਿਚਾਰਧਾਰਾ ਗਤੀਸ਼ੀਲ ਹੈ। ਇਸ ਦੀ ਯਾਤਰਾ ਭਗਤੀ ਤੋਂ ਸ਼ਕਤੀ ਵੱਲ ਹੈ। ਇਹ ਦੂਜੇ ਦੀ ਪਿੱਠਭੂਮੀ ਬਣ ਕੇ ਇੱਕ ਦ੍ਵਜੇ ਨੂੰ ਅਰਥ ਦਿੰਦੇ ਹਨ।
(9) ਇਸ ਵਿਚਾਰਧਾਰਾ ਵਿੱਚ ਉਹ ਉਪਦੇਸ਼ ਹੈ ਜੋ ਤਨਾਓ ਤੋਂ ਮੁਕਤੀ ਦਿੰਦਾ ਹੈ ਆਤਮਕ ਚੇਤਨਾ ਤੋਂ ਸਮਾਜਕ ਚੇਤਨਾ ਵੱਲ ਸੰਦੇਸ਼ ਹੈ।
(10) ਇਹ ਵਿਚਾਰਧਾਰਾ ਕਰਮ ਅਤੇ ਅਮਲ ਉਪਰ ਟਿਕੀ ਹੋਈ ਹੈ।
(11) ਇਸ ਵਿਚਾਰਧਾਰਾ ਵਿਚਲਾ ਇਹ ਸੰਦੇਸ਼ 'ਨਾ ਕੋ ਬੈਰੀ ਨਾਹੀ ਬਿਗਾਨਾ', ਸੰਪ੍ਰਦਾਇਕਤਾ ਨੂੰ ਰੱਦ ਕਰਦਾ ਹੈ।
(12) ਇਹ ਵਿਚਾਰਧਾਰਾ ਅਨੇਕਤਾ ਵਿਚੋਂ ਏਕਤਾ ਦਾ ਸੂਝ ਮਾਡਲ ਉਸਾਰਦੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇਸ ਏਕਤਾ ਦੀ ਪੁਸ਼ਟੀ ਹੈ।
ਇਨ੍ਹਾਂ ਉਪਰੋਕਤ ਤੱਥਾਂ ਦੀ ਰੌਸ਼ਨੀ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਬਾਣੀ ਦੀ ਵਿਚਾਰਧਾਰਾ ਇੱਕ ਪ੍ਰਗਤੀਸ਼ੀਲ ਅਤੇ ਅਗਾਂਹਵਧੂ ਵਿਚਾਰਧਾਰਾ ਹੈ ਜਿਸ ਦੇ ਮਾਨਵੀ ਮੁੱਲ ਮਨੁੱਖ ਦੇ ਭਵਿੱਖ ਨਾਲ ਜੁੜੇ ਹੋਏ ਹਨ। ਇਹ ਉਹ ਧਰਮ ਚਿੰਤਨ ਹੈ ਜਿਸ ਦੀ ਪ੍ਰਸੰਗਿਕਤਾ ਸਰਬਕਾਲੀ ਹੈ। ਮਨੁੱਖੀ ਭਾਈਚਾਰੇ ਦੇ ਕਲਿਆਣ ਨਾਲ ਜੁੜੀ ਇਹ ਰੱਬੀ ਵਿਚਾਰਧਾਰਾ ਆਪਣੇ ਅਮਲ ਵਿੱਚ ਧਰਤੀ ਨਾਲ ਜੁੜੀ ਹੋਈ ਹੈ। ਇਸ ਦੇ ਸਾਰੇ ਸਰੋਕਾਰ ਮਾਨਵੀ ਅਤੇ ਚੰਗੇਰੇ ਭਵਿੱਖ ਵਲ ਗਤੀਸ਼ੀਲ ਹਨ। ਇਹ ਵਿਚਾਰਧਾਰਾ ਵਿਗਿਆਨਕ ਯੁੱਗ ਵਿੱਚ ਵੀ ਮਨੁੱਖ ਨੂੰ ਦਿਸ਼ਾ ਦੇਣ ਵਾਲੀ ਮੰਨੀ ਜਾ ਸਕਦੀ ਹੈ।
(7 ਨਵੰਬਰ 2007)
e-mail:
ilKfrI
© likhari: Punjabi Likhari Forum-2001-2007