-ਲੇਖ-
 

Photo by courtesy of www.cancerfreeindia.org
*ਸਵਾਮੀ ਵਿਵੇਕਾਨੰਦ

ਸੂਖਮ ਸੰਸਾਰ
(ਤਰਕ ਸਵਾਮੀ ਵਿਵੇਕਾਨੰਦ)

-ਦਲਜੀਤ ਸਿੰਘ, ਐਡਮਿੰਟਨ,ਕਨੇਡਾ-

Photo Daljit Singh
ਦਲਜੀਤ ਸਿੰਘ


ਮਨੁੱਖ ਦਾ ਕੁਦਰਤੀ ਸੁਭਾ ਹੈ ਕਿ ਸਾਰਿਆਂ ਨਾਲੋਂ ਪਹਿਲਾਂ ਉਹ ਆਪਣੇ ਨਿੱਜ ਤੋਂ ਬਾਹਰ ਝਾਕਦਾ ਹੈ। ਆਪਣੀਆਂ ਗਿਆਨ ਇੰਦਰੀਆਂ ਰਾਹੀਂ ਬਾਹਰੀ ਦੁਨੀਆ ਦੇ ਸੁਹੱਪਣ ਵੱਲ ਆਕਰਸ਼ਤ ਹੁੰਦਾ ਹੈ, ਖਿੱਚ ਮਹਿਸੂਸ ਕਰਦਾ ਹੈ। ਅੱਖਾਂ ਰਾਹੀਂ ਦੇਖਦਾ ਹੈ। ਕੰਨਾਂ ਨਾਲ ਸੁਣਦਾ ਹੈ। ਨੱਕ ਨਾਲ ਸੁੰਘਦਾ ਹੈ ਅਤੇ ਏਸੇ ਤਰ੍ਹਾਂ ਸਾਰੀਆਂ ਗਿਆਨ ਇੰਦਰੀਆਂ ਦੀ ਵਰਤੋਂ ਕਰਦਾ ਹੈ। ਇਸ ਵਾਸਤੇ ਮਨੁੱਖ ਲਈ ਪਹਿਲੇ ਸਵਾਲ ਬਾਹਰੀ ਦੁਨੀਆਂ ਸਬੰਧੀ ਪੈਦਾ ਹੋਏ। ਉਸ ਨੇ ਸੂਰਜ, ਚੰਦ, ਸਿਤਾਰੇ, ਸਮੁੰਦਰ, ਪਹਾੜ, ਦਰਿਆ, ਮੀਂਹ, ਧਰਤੀ, ਅਨੋਖੇ ਬਨਸਪਤੀ ਦ੍ਰਿਸ਼ ਆਦਿ ਬਾਰੇ ਜਾਣਨਾ ਚਾਹਿਆ। ਪ੍ਰਾਚੀਨ ਕਾਲ ਦੀਆਂ ਧਾਰਮਿਕ ਪੁਸਤਕਾਂ ਦੱਸਦੀਆਂ ਹਨ ਕਿ ਇਹਨਾਂ ਸਵਾਲਾਂ ਦੇ ਹੱਲ ਖੋਜਦੇ-ਖੋਜਦੇ ਮਨੁੱਖ ਨੇ ਦਰਿਆ-ਦੇਵਤਾ, ਅਸਮਾਨ-ਦੇਵਤਾ, ਬੱਦਲ-ਦੇਵਤਾ, ਮੀਂਹ-ਦੇਵਤਾ ਆਦਿ ਬਣਾ ਲਏ। ਹੁਣ ਅਸੀਂ ਇਹਨਾਂ ਦੇਵਤਿਆਂ ਨੂੰ ਕੁਦਰਤ ਦੀਆਂ ਸ਼ਕਤੀਆਂ ਕਹਿੰਦੇ ਹਾਂ।

ਫਿਰ ਹੌਲੀ-ਹੌਲੀ ਮਨੁੱਖ ਆਪਣੇ ਅੰਦਰ ਵੱਲ ਝਾਕਣ ਲੱਗ ਪਿਆ। ਮਨੁੱਖ ਦੇ ਮੰਨ ਵਿੱਚ ਆਪਣੀ ਆਤਮਾ ਬਾਰੇ ਸਵਾਲ ਉੱਠਣ ਲੱਗ ਪਏ। ਉਸ ਨੇ ਆਪਣੀ ਸ਼ਕਤੀ ਇਸ ਸਵਾਲ ਦੇ ਹੱਲ ਲਈ ਲਾਉਣੀ ਸ਼ੁਰੂ ਕਰ ਦਿੱਤੀ। ਵਿਸ਼ਾਲ ਸੰਸਾਰ ਵੱਲੋਂ ਮੁੜ ਕੇ ਸੂਖਮ ਸੰਸਾਰ/ਲਘੂ ਸੰਸਾਰ ਵੱਲ ਰੁਚਿਤ ਹੋ ਗਿਆ। ਬਾਹਰੀ ਦੁਨੀਆਂ ਤੋਂ ਅੰਤਰੀ ਦੁਨੀਆ ਵੱਲ ਮੋੜਾ ਕਰ ਲਿਆ। ਬਾਹਰੀ ਦੁਨੀਆ ਦੀ ਖੋਜ ਕਰਦਾ-ਕਰਦਾ ਅੰਤਰੀ ਦੁਨੀਆ ਦੀ ਛਾਣ-ਬੀਣ ਕਰਨ ਲੱਗ ਪਿਆ। ਇਹ ਅਵਸਥਾ ਉਸ ਸਮੇਂ ਆਉਂਦੀ ਹੈ ਜਦੋਂ ਮਨੁੱਖ ਦਾ ਸੱਭਿਅਤਾ ਦੇ ਖੇਤਰ ਵਿੱਚ ਮਾਨਸਿਕ ਪੱਧਰ ਉਚੇਰਾ ਹੋ ਜਾਂਦਾ ਹੈ। ਉਹ ਕੁਦਰਤ ਨੂੰ ਡੂੰਘਾਈ ਨਾਲ ਘੋਖਣ ਲੱਗ ਪੈਂਦਾ ਹੈ।

ਆਪਾਂ ਵੀ ਅੰਤਰੀ ਮਨੁੱਖ ਬਾਰੇ ਗੱਲ ਕਰਾਂਗੇ। ਸੈਂਕੜੇ ਸਾਲਾਂ ਤੋਂ ਲੱਖਾਂ ਵਾਰੀ ਅਨੇਕ ਦੇਸ਼ਾਂ ਵਿੱਚ ਅੰਤਰੀ ਮਨੁੱਖ ਬਾਰੇ ਸਵਾਲ ਉੱਠਦੇ ਆਏ ਹਨ। ਸੰਤ ਹੋਵੇ, ਫ਼ਕੀਰ ਹੋਵੇ; ਅਮੀਰ ਹੋਵੇ, ਗ਼ਰੀਬ ਹੋਵੇ; ਔਰਤ ਹੋਵੇ, ਮਰਦ ਹੋਵੇ; ਚੋਰ ਹੋਵੇ; ਉਚੱਕਾ ਹੋਵੇ; ਸਭ ਇਹੀ ਸਵਾਲ ਕਰਦੇ ਹਨ ਕਿ ਮਨੁੱਖੀ ਜ਼ਿੰਦਗੀ ਦੇ ਅਲੋਪ ਹੋ ਜਾਣ ਪਿੱਛੋਂ ਕੀ ਕੁਝ ਨਹੀਂ ਰਹਿ ਜਾਂਦਾ ਹੈ ਜਾਂ ਕੁਝ ਸਥਾਈ ਵੀ ਹੈ, ਮੁਸਤਕਿਲ ਵੀ ਹੈ, ਅਮਰ ਵੀ ਹੈ? ਕੀ ਮਨੁੱਖ ਦੇ ਮਰ ਜਾਣ ਪਿੱਛੋਂ, ਨਸ਼ਟ ਹੋ ਜਾਣ ਪਿੱਛੋਂ ਕੁਝ ਹੈ ਜਿਹੜਾ ਮਰਦਾ ਨਹੀਂ ਹੈ? ਜਦੋਂ ਅੱਗ ਸਰੀਰ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ ਤਾਂ ਕੀ ਕੁਝ ਹੈ ਜਿਹੜਾ ਬਚ ਰਹਿੰਦਾ ਹੈ? ਮਨੁੱਖ ਦੀ ਹੋਣੀ ਕੀ ਹੈ? ਇਹ ਕਿੱਥੋਂ ਆਇਆ ਹੈ ਅਤੇ ਕਿੱਥੇ ਚਲਿਆ ਜਾਂਦਾ ਹੈ? ਸੋ ਅਜਿਹੇ ਸਵਾਲ ਵਾਰ-ਵਾਰ ਪੁੱਛੇ ਜਾਂਦੇ ਹਨ। ਜਿੰਨਾ ਚਿਰ ਮਨੁੱਖੀ ਦਿਮਾਗ਼ ਹੈ ਅਤੇ ਇਹ ਰਚਨਾ ਕਾਇਮ ਹੈ, ਅਜਿਹੇ ਸਵਾਲ ਪੁੱਛੇ ਜਾਂਦੇ ਰਹਿਣਗੇ। ਪ੍ਰਾਚੀਨ ਕਾਲ ਵਿੱਚ ਉਪਰੋਕਤ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ। ਆਪਾਂ ਉਹਨਾਂ ਜਵਾਬਾਂ ‘ਤੇ ਵਿਚਾਰ ਕਰਾਂਗੇ ਅਤੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਪ੍ਰਾਚੀਨ ਦਾਰਸ਼ਨਿਕਾਂ ਨੇ ਕੀ ਉੱਤਰ ਦਿੱਤੇ ਸਨ?

ਮੈਂ ਤੁਹਾਡੇ ਵੱਲ ਝਾਕਦਾ ਹਾਂ। ਇਸ ਝਾਕਣ ਵਿੱਚ ਕਿਹੜੇ-ਕਿਹੜੇ ਅੰਗਾਂ ਨੇ ਕੰਮ ਕੀਤਾ? ਪਹਿਲੇ ਨੰਬਰ ਤੇ ਅੱਖਾਂ ਹਨ। ਜੇ ਅੱਖਾਂ ਨਾ ਹੋਣ ਅਸੀਂ ਦੇਖ ਨਹੀਂ ਸਕਦੇ ਭਾਵੇਂ ਸਰੀਰ ਕਿੰਨਾ ਵੀ ਰਿਸ਼ਟ-ਪੁਸ਼ਟ ਕਿਉਂ ਨਾ ਹੋਵੇ। ਦੂਸਰੇ ਨੰਬਰ ਤੇ ਹੈ ਨਜ਼ਰ ਦਾ ਅਸਲੀ ਅੰਗ। ਅਖਾਂ ਤਾਂ ਨਜ਼ਰ ਦਾ ਜੰਤਰ ਹਨ। ਇਸ ਦੇ ਪਿੱਛੇ ਨਜ਼ਰ ਦਾ ਅਸਲੀ ਅੰਗ ਹੈ ਜਿਸ ਨੂੰ ਦਿਮਾਗ਼ ਦਾ ਨਸ-ਕੇਂਦਰ ਕਹਿੰਦੇ ਹਨ। ਜੇ ਉਹ ਨਸ-ਕੇਂਦਰ ਜ਼ਖ਼ਮੀ ਹੋ ਜਾਏ, ਆਪਾਂ ਦੇਖ ਨਹੀਂ ਸਕਦੇ ਭਾਵੇਂ ਦੋਵੇ ਅੱਖਾਂ ਕਿੰਨੀਆਂ ਵੀ ਸਹੀ-ਸਲਾਮਤ ਹੋਣ। ਇਸ ਵਾਸਤੇ ਨੱਸ-ਕੇਂਦਰ ਬਹੁਤ ਜ਼ਰੂਰੀ ਹੈ। ਬਾਹਰਲਾ ਕੰਨ ਸੁਣਨ ਵਾਸਤੇ ਇੱਕ ਜੰਤਰ ਹੈ। ਉਹ ਆਵਾਜ਼ ਦੀ ਥਰਥਰਾਹਟ ਨੂੰ ਅੰਦਰ ਦਿਮਾਗ਼ ਤੱਕ ਪਹੁੰਚਾਉਂਦਾ ਹੈ। ਫਿਰ ਵੀ ਇਹ ਸਭ ਕੁਝ ਕਾਫ਼ੀ ਨਹੀਂ ਹੈ।

ਫ਼ਰਜ਼ ਕਰੋ ਤੁਸੀਂ ਲਾਇਬਰੇਰੀ ਵਿੱਚ ਬੈਠੇ ਪੜ੍ਹ ਰਹੇ ਹੋ ਅਤੇ ਕਿਸੇ ਕਿਤਾਬ ਵਿੱਚ ਮਗਨ ਹੋ। ਉੱਥੇ ਇੱਕ ਘੜੀ ਟਨ-ਟਨ ਖੜਕਾਉਂਦੀ ਹੈ ਪਰ ਤੁਹਾਨੂੰ ਪਤਾ ਨਹੀਂ ਲਗਦਾ। ਘੜੀ ਦੀ ਟਨ-ਟਨ ਦਾ ਖੜਕਾ ਹੋਇਆ। ਹਵਾ ਵਿੱਚ ਥਰਥਰਾਹਟ ਵੀ ਪੈਦਾ ਹੋਈ। ਉਹ ਥਰਥਰਾਹਟ ਤੁਹਾਡੇ ਕੰਨ ਰਾਹੀਂ ਨਸ-ਕੇਂਦਰ ਤੱਕ ਵੀ ਪਹੁੰਚੀ ਪਰ ਤੁਹਾਨੂੰ ਪਤਾ ਨਹੀਂ ਲੱਗਿਆ। ਕਮੀ ਕਿਸ ਗੱਲ ਦੀ ਹੋਈ? ਤੁਹਾਡਾ ਮਨ ਉੱਥੇ ਨਹੀਂ ਸੀ। ਸੋ ਆਪਾਂ ਇਸ ਗੱਲ ‘ਤੇ ਪਹੁੰਚੇ ਕਿ ਤੀਜੇ ਨੰਬਰ ਤੇ ਮਨ ਦਾ ਹਾਜ਼ਰ ਹੋਣਾ ਜ਼ਰੂਰੀ ਹੈ। ਪਹਿਲੇ ਨੰਬਰ ‘ਤੇ ਕੰਨ ਦਾ ਬਾਹਰਲਾ ਜੰਤਰ, ਦੂਜੇ ਨੰਬਰ ‘ਤੇ ਨਸ-ਅੰਗ ਜਿਹੜਾ ਆਵਾਜ਼ ਦੀ ਲਹਿਰ ਨੂੰ ਅੰਦਰ ਲੈ ਜਾਂਦਾ ਹੈ ਅਤੇ ਤੀਜੇ ਨੰਬਰ ‘ਤੇ ਨਸ-ਅੰਗ ਦਾ ਮਨ ਨਾਲ ਜੁੜਨਾ ਜ਼ਰੂਰੀ ਹੈ। ਮਨ ਦੇ ਜੁੜਨ ਤੋਂ ਬਿਨਾਂ ਕੰਨ ਦਾ ਜੰਤਰ ਅਤੇ ਨਸ-ਅੰਗ ਵਿਅਰਥ ਹਨ।

ਪਰ ਮਨ ਵੀ ਸਿਰਫ਼ ਇੱਕ ਹਰਕਾਰਾ ਹੈ। ਮਨ ਨੇ ਆਵਾਜ਼-ਲਹਿਰ ਨੂੰ ਹੋਰ ਅੱਗੇ ਲੈ ਜਾਣਾ ਹੈ। ਮਨ ਨੇ ਆਵਾਜ਼-ਲਹਿਰ ਨੂੰ ਬੁੱਧੀ ਕੋਲ ਪਹੁੰਚਾਉਣਾ ਹੈ। ਇਸ ਪੜਾਅ ‘ਤੇ ਆ ਕੇ ਬੁੱਧੀ ਨੇ ਫ਼ੈਸਲਾ ਕਰਨਾ ਹੈ ਕਿ ਬਾਹਰੋਂ ਕੀ ਆਇਆ ਹੈ? ਹਾਲੇ ਵੀ ਗੱਲ ਪੂਰੀ ਨਹੀਂ ਹੋਈ। ਇਹ ਚੌਥਾ ਨੰਬਰ ਸੀ। ਇਸ ਤੋਂ ਅੱਗੇ ਮਨ ਸਾਰੀ ਗੱਲ ਸਰੀਰ ਦੇ ਮਾਲਕ ਆਤਮਾ ਕੋਲ ਪੇਸ਼ ਕਰਦਾ ਹੈ। ਇਸ ਪੰਜਵੇਂ ਨੰਬਰ ‘ਤੇ ਆ ਕੇ ਹੁਕਮ ਹੁੰਦਾ ਹੈ ਕਿ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਹੈ। ਇਹ ਹੁਕਮ ਮਗਰਲੀਆਂ ਸਾਰੀਆਂ ਕੜੀਆਂ, ਸੂਝ-ਬੂਝ, ਮਨ ਅਤੇ ਨਸ-ਅੰਗਾਂ ਵਿੱਚ ਦੀ ਵਾਪਸ ਲੰਘਦਾ ਹੋਇਆ ਅਖ਼ੀਰ ਯੋਗ ਅੰਗਾਂ ਤੱਕ ਪਹੁੰਚਦਾ ਹੈ ਅਤੇ ਸਾਰਾ ਅਨੁਭਵ ਮੁਕੱਮਲ ਹੋ ਜਾਂਦਾ ਹੈ।

ਜੰਤਰ/ਅੰਗ ਅਤੇ ਨਸ-ਕੇਂਦਰ ਮਨੁੱਖ ਦੇ ਬਾਹਰਲੇ ਸਰੀਰ ਵਿੱਚ ਹਨ ਪਰ ਮਨੁੱਖ ਦਾ ਮਨ ਅਤੇ ਬੁੱਧੀ ਜੰਤਰ ਦੇ ਹਿੱਸੇ ਨਹੀਂ ਹਨ। ਮਨ ਅਤੇ ਬੁਧੀ ਨੂੰ ਸੂਖਮ ਸਰੀਰ, ਸਰੀਰ ਨਾਲੋਂ ਵੀ ਬਹੁਤ ਸੂਖਮ ਕਿਹਾ ਜਾਂਦਾ ਹੈ ਪਰ ਫਿਰ ਵੀ ਇਹ ਆਤਮਾ ਨਹੀਂ। ਆਤਮਾ ਇਨ੍ਹਾਂ ਤੋਂ ਪਰੇ ਹੈ। ਬਾਹਰਲਾ ਸਰੀਰ ਕੁਝ ਸਾਲਾਂ ਵਿੱਚ ਵਿਨਾਸ਼ ਹੋ ਸਕਦਾ ਹੈ। ਕੋਈ ਸਾਦਾ ਜਿਹਾ ਕਾਰਨ ਇਸ ਨੂੰ ਖ਼ਰਾਬ ਕਰ ਸਕਦਾ ਹੈ ਅਤੇ ਨਸ਼ਟ ਵੀ ਕਰ ਸਕਦਾ ਹੈ। ਸੂਖਮ ਸਰੀਰ ਐਨਾ ਛੇਤੀ ਤਬਾਹ ਨਹੀਂ ਹੁੰਦਾ ਪਰ ਇਸ ਦੀ ਅਧੋਗਤੀ ਹੁੰਦੀ ਹੈ, ਗਿਰਾਵਟ ਹੁੰਦੀ ਹੈ, ਉਤਾਰ-ਚੜ੍ਹਾ ਹੁੰਦੇ ਹਨ, ਵਾਧਾ-ਘਾਟਾ ਹੁੰਦਾ ਹੈ, ਕਦੇ ਚੰਗਾ ਕਦੇ ਮੰਦਾ ਹੁੰਦਾ ਰਹਿੰਦਾ ਹੈ। ਕਈ ਵਾਰੀ ਕਮਜ਼ੋਰ ਹੋ ਜਾਂਦਾ ਹੈ ਅਤੇ ਕਿਸੇ ਸਮੇਂ ਬਲਵਾਨ ਹੋ ਜਾਂਦਾ ਹੈ। ਜਦੋਂ ਸਰੀਰ ਤਕੜਾ, ਇਹ ਵੀ ਤਕੜਾ ਪਰ ਜੇ ਸਰੀਰ ਕਮਜ਼ੋਰ ਤਾਂ ਇਹ ਵੀ ਕਮਜ਼ੋਰ। ਦਵਾ-ਦਾਰੂ ਦਾ ਇਸ ਉੱਤੇ ਅਸਰ ਹੈ। ਬਾਹਰਲੀ ਦੁਨੀਆ ਦਾ ਇਸ ‘ਤੇ ਅਸਰ ਹੈ। ਜਿਸ ਤਰ੍ਹਾਂ ਸਰੀਰ ਵਿਕਾਸ ਕਰਦਾ ਹੈ ਅਤੇ ਖੀਣ ਹੁੰਦਾ ਹੈ, ਵਿਗੜਦਾ ਹੈ, ਉੇਸੇ ਤਰ੍ਹਾਂ ਮਨ ਦੀ ਦਸ਼ਾ ਵੀ ਹੁੰਦੀ ਹੈ ਪਰ ਆਤਮਾ ਦੀ ਨਹੀਂ।

ਆਤਮਾ ਦਾ ਵਿਕਾਸ ਨਹੀਂ ਹੈ ਅਤੇ ਨਾ ਹੀ ਇਹ ਖੀਣ ਹੁੰਦੀ ਹੈ। ਇਸ ਦਾ ਸਾਨੂੰ ਕਿਵੇਂ ਪਤਾ ਲਗੇ? ਪਰਮਸਤਿ ਇੱਕ ਹੋਂਦ ਹੈ, ਗਿਆਨ ਹੈ, ਅਨੰਦ ਹੈ। ਇਹ ਉਸ ਦੇ ਗੁਣ ਨਹੀਂ ਹਨ। ਪਰਮਸਤਿ ਆਪ ਹੀ ਇਹ ਹੈ। ਸੋ ਗਿਆਨ ਸਵੈ-ਪ੍ਰਕਾਸ਼ ਹੈ। ਗਿਆਨ ਬੁੱਧੀ ਦਾ ਅਧਾਰ ਹੈ। ਗਿਆਨ ਮੁਰਦਾ ਪਦਾਰਥ ਦੀ ਮਾਲਕੀ ਨਹੀਂ ਹੋ ਸਕਦਾ। ਕੋਈ ਮੁਰਦਾ ਪਦਾਰਥ ਆਪਣੇ ਆਪ ਨੂੰ ਪ੍ਰਕਾਸ਼ ਨਹੀਂ ਕਰ ਸਕਦਾ। ਇਹ ਬੁੱਧੀ ਹੈ ਜਿਹੜੀ ਸਾਰੇ ਮਾਦਾ ਨੂੰ ਪ੍ਰਕਾਸ਼ ਕਰਦੀ ਹੈ, ਰੋਸ਼ਨ ਕਰਦੀ ਹੈ। ਇਹ ਸਰੀਰ ਸਵੈ-ਪ੍ਰਕਾਸ਼ ਨਹੀਂ ਹੈ। ਜੇ ਹੁੰਦਾ ਤਾਂ ਮਰਿਆ ਬੰਦਾ ਵੀ ਪ੍ਰਕਾਸ਼ਕਾਰੀ ਹੁੰਦਾ ਕਿਉਂਕਿ ਪਦਾਰਥ ਤਾਂ ਉੱਥੇ ਉਵੇਂ ਪਿਆ ਹੈ। ਨਾ ਹੀ ਮਨ, ਨਾ ਹੀ ਸਰੀਰ ਸਵੈ-ਪ੍ਰਕਾਸ਼ਮਾਨ ਹੋ ਸਕਦੇ ਹਨ। ਇਹ ਬੁੱਧੀ ਦੇ ਤੱਤ ਵਿੱਚੋਂ ਨਹੀਂ ਹਨ।

ਸਵੈ-ਪ੍ਰਕਾਸ਼ ਦੀ ਅਧੋਗਤੀ ਨਹੀਂ ਹੈ। ਉਸ ਦਾ ਪਤਨ ਨਹੀਂ ਹੈ। ਜ਼ਵਾਲ ਨਹੀਂ ਹੈ। ਜਿਸ ਨੇ ਰੋਸ਼ਨੀ ਉਧਾਰੀ ਲਈ ਹੈ, ਉਸ ਦਾ ਆਉਣਾ-ਜਾਣਾ ਹੈ, ਵਧਣਾ-ਘਟਣਾ ਹੈ ਪਰ ਮੂਲ ਦਾ ਨਹੀਂ। ਚੰਦ ਨੇ ਰੋਸ਼ਨੀ ਉਧਾਰੀ ਲਈ। ਸੋ ਵਧਦਾ-ਘਟਦਾ ਹੈ। ਮਨ ਦੀ ਰੋਸ਼ਨੀ ਆਪਣੀ ਨਹੀਂ ਹੈ। ਫਿਰ ਇਹ ਰੋਸ਼ਨੀ ਕਿਸ ਦੀ ਹੈ? ਇਹ ਰੋਸ਼ਨੀ ਉਸ ਦੀ ਹੈ ਜਿਹੜਾ ਸਵੈ-ਪ੍ਰਕਾਸ਼ ਹੈ, ਜਿਹੜਾ ਵਧਦਾ-ਘਟਦਾ ਨਹੀਂ ਹੈ, ਜਿਹੜਾ ਨਾ ਹੀ ਕਮਜ਼ੋਰ ਹੁੰਦਾ ਹੈ ਅਤੇ ਨਾ ਹੀ ਬਲਵਾਨ ਹੁੰਦਾ ਹੈ। ਇਹ ਨਹੀਂ ਹੋ ਸਕਦਾ ਕਿ ਆਤਮਾ ਨੂੰ ਪਤਾ ਹੀ ਨਾ ਹੋਵੇ। ਆਤਮਾ ਆਪ ਗਿਆਨ ਹੈ। ਇਹ ਨਹੀਂ ਹੈ ਕਿ ਆਤਮਾ ਦੀ ਹੋਂਦ ਹੈ। ਇਹ ਆਪ ਹੋਂਦ ਹੈ। ਇਹ ਵੀ ਨਹੀਂ ਹੈ ਕਿ ਆਤਮਾ ਪਰਸੰਨ ਗੁਣ ਹੈ। ਇਹ ਆਪ ਪਰਸੰਨ ਹੈ। ਹੋਰ ਸਭ ਨੇ ਗਿਆਨ, ਹੋਂਦ ਅਤੇ ਖੁਸ਼ੀ ਕਿਸੇ ਹੋਰ ਤੋਂ ਉਧਾਰ ਲਏ ਹਨ ਪਰੰਤੂ ਆਤਮਾ ਆਪ ਹੋਂਦ, ਗਿਆਨ ਅਤੇ ਅਨੰਦ ਹੈ।

ਇਹ ਵੀ ਸਵਾਲ ਪੁੱਛਿਆ ਜਾ ਸਕਦਾ ਕਿ ਆਤਮਾ ਬਾਰੇ ਉਪਰੋਕਤ ਗੱਲ ਕਿਵੇਂ ਪੱਕੀ ਕਰ ਲਈ? ਇਹ ਕਿਉਂ ਮੰਨ ਲਿਆ ਕਿ ਆਤਮਾ ਆਪ ਹੋਂਦ ਹੈ, ਗਿਆਨ ਹੈ, ਅਨੰਦ ਹੈ ਅਤੇ ਆਤਮਾ ਦੇ ਮੂਲ ਹਨ? ਇਹ ਕਿਉਂ ਨਾ ਕਿਹਾ ਜਾਏ ਕਿ ਆਤਮਾ ਨੇ ਵੀ ਇਹ ਸਭ ਅੱਗੋਂ ਉਧਾਰ ਲਏ ਹੋਏ ਹਨ? ਦਲੀਲਾਂ ਦਿੱਤੀਆਂ ਜਾ ਸਕਦੀਆਂ ਹਨ। ਦਲੀਲਾਂ ਦੇ ਲਵੋ। ਪਰ ਕਿਸੇ ਸਿੱਟੇ ਤੇ ਫਿਰ ਦਲੀਲ। ਦਲੀਲ ਦਾ ਸਿਲਸਿਲਾ ਜਾਰੀ ਰਹੇਗਾ ਤੇ ਮੁੱਕਣ ਵਿੱਚ ਨਹੀਂ ਆਏਗਾ। ਕਿਤੇ ਫ਼ੈਸਲਾ ਨਹੀਂ ਹੋਵੇਗਾ। ਤਰਕ ਇਹੀ ਕਹਿੰਦਾ ਹੈ ਕਿ ਸਵੈ-ਪ੍ਰਕਾਸ਼ ‘ਤੇ ਖੜ੍ਹ ਜਾਉ ਅਤੇ ਅੱਗੇ ਤੁਰੋ।

ਗੱਲ ਏਥੇ ਉਪੜੀ ਕਿ ਸਰੀਰ ਦਾ ਪਹਿਲਾ ਬਾਹਰੀ ਹਿੱਸਾ, ਜੰਤਰ ਅਤੇ ਨਸ-ਕੇਂਦਰ; ਦੂਜਾ ਹਿੱਸਾ ਸੂਖਮ ਸਰੀਰ, ਮਨ ਅਤੇ ਬੁੱਧੀ ਹਨ। ਇਨ੍ਹਾਂ ਸਭ ਦੇ ਪਿੱਛੇ ਹੈ ਮਨੁੱਖ ਦੀ ਆਤਮਾ। ਮਨੁੱਖ ਦੇ ਸਮੁੱਚੇ ਸਰੀਰ ਨੇ ਸਾਰੇ ਗੁਣ ਅਤੇ ਸ਼ਕਤੀਆਂ, ਸੂਖਮ ਸਰੀਰ ਭਾਵ ਮਨ ਅਤੇ ਬੁੱਧੀ ਤੋਂ ਉਧਾਰ ਲਈਆਂ। ਸੂਖਮ ਸਰੀਰ ਨੇ ਅਗੋਂ ਆਤਮਾ ਤੋਂ ਲਈਆਂ।

ਆਤਮਾ ਸਵੈ-ਪ੍ਰਕਾਸ਼ ਹੋਂਦ ਹੈ ਅਤੇ ਆਜ਼ਾਦ ਹੈ। ਕੋਈ ਸਮਾਂ ਐਸਾ ਨਹੀਂ ਸੀ ਜਦੋਂ ਇਹ ਨਹੀਂ ਸੀ। ਆਤਮਾ ਵਾਸਤੇ ਸਮੇਂ ਦਾ ਕੋਈ ਅਰਥ ਨਹੀਂ ਹੈ। ਸਮਾਂ ਆਤਮਾ ਵਿੱਚ ਹੈ। ਆਤਮਾ ਜਦੋਂ ਮਨ ‘ਤੇ ਆਪਣੀਆਂ ਸ਼ਕਤੀਆਂ ਦਾ ਪ੍ਰਭਾਵ ਪਾਉਂਦੀ ਹੈ ਅਤੇ ਮਨ ਸੋਚਦਾ ਹੈ ਤਾਂ ਸਮੇਂ ਦਾ ਅਨੁਭਵ ਹੁੰਦਾ ਹੈ। ਜਦੋਂ ਮਨ ਵਿੱਚ ਆਤਮਾ ਨਹੀਂ ਸੀ ਤਾਂ ਵਿਚਾਰ ਨਹੀਂ ਸੀ ਅਤੇ ਵਿਚਾਰ ਤੋਂ ਬਿਨਾਂ ਸਮੇਂ ਦੀ ਹੋਂਦ ਵੀ ਨਹੀਂ ਹੈ। ਆਤਮਾ ਦਾ ਨਾ ਜਨਮ ਹੈ ਅਤੇ ਨਾ ਮੌਤ ਹੈ ਪਰ ਲੰਘਦੀ ਸਾਰੀਆਂ ਅਵਸਥਾਵਾਂ ਵਿੱਚ ਦੀ ਹੈ। ਇਹ ਮਨ ਰਾਹੀਂ ਸਰੀਰ ‘ਤੇ ਅਭਿਵਿਅਕਤ ਹੁੰਦੀ ਹੈ, ਪਰਗਟ ਹੁੰਦੀ ਹੈ ਅਤੇ ਸਰੀਰ ਤੋਂ ਬਾਹਰੀ ਦੁਨੀਆ ‘ਤੇ ਵੀ। ਇਹ ਕਿਸੇ ਸਰੀਰ ਵਿੱਚ ਰਹਿੰਦੀ ਹੈ ਅਤੇ ਉਸ ਨੂੰ ਵਰਤਦੀ ਹੈ। ਜਦੋਂ ਉਸ ਸਰੀਰ ਦਾ ਵਿਨਾਸ਼ ਹੁੰਦਾ ਹੈ, ਇਹ ਹੋਰ ਸਰੀਰ ਵਿੱਚ ਚਲੀ ਜਾਂਦੀ ਹੈ ਅਤੇ ਇਹ ਸਿਲਸਿਲਾ ਚੱਲਦਾ ਰਹਿੰਦਾ ਹੈ।

ਉਪਰੋਕਤ ਵਿਚਾਰ ਤੋਂ ਪੁਨਰ-ਜਨਮ (ਦੁਬਾਰਾ ਜਨਮ ਲੈਣਾ) ਦਾ ਇੱਕ ਦਿਲਚਸਪ ਸਵਾਲ ਨਿਕਲਦਾ ਹੈ। ਕਈ ਪੁਨਰ-ਜਨਮ ਨੂੰ ਨਹੀਂ ਮੰਨਦੇ। ਉਹ ਸਮਝਦੇ ਹਨ ਕਿ ਉਨ੍ਹਾਂ ਦਾ ਜਨਮ ਜ਼ੀਰੋ (ਸਿਫ਼ਰ, ਸ਼ੂਨਯ) ਤੋਂ ਹੋਇਆ ਹੈ ਅਤੇ ਉਪਰੰਤ ਅਮਰ ਰਹਿਣਗੇ। ਪਰ ਇਸ ਤਰ੍ਹਾਂ ਨਹੀਂ ਹੋ ਸਕਦਾ। ਕੋਈ ਚੀਜ਼ ਸਿਫ਼ਰ ਵਿੱਚੋਂ ਨਿਕਲੀ ਸਿਫ਼ਰ ਵਿੱਚ ਚਲੀ ਜਾਏਗੀ। ਅਮਰ ਨਹੀਂ ਹੋ ਸਕਦੀ। ਸਿਫ਼ਰ ਤੋਂ ਕੋਈ ਜਨਮ ਨਹੀਂ ਲੈ ਸਕਦਾ। ਮੈਂ, ਤੂੰ, ਅਤੇ ਸਾਰੇ ਹਮੇਸ਼ਾ ਤੋਂ ਸੀ ਅਤੇ ਹਮੇਸ਼ਾ ਰਹਿਣਗੇ। ਸਿਫ਼ਰ ਤੋਂ ਕਦੇ ਕੁਝ ਪੈਦਾ ਨਹੀਂ ਹੋਇਆ। ਜੇ ਤੁਸੀਂ ਅੱਗੋਂ ਨੂੰ ਅਮਰ ਹੋ ਤਾਂ ਪਹਿਲਾਂ ਵੀ ਅਮਰ ਸੀ।

ਕਈ ਲੋਕਾਂ ਦਾ ਇਹ ਇਤਰਾਜ਼ ਹੈ ਕਿ ਜੇ ਅਸੀਂ ਹਮੇਸ਼ਾ ਤੋਂ ਅਮਰ ਹਾਂ ਤਾਂ ਸਾਨੂੰ ਪਿਛਲਾ ਸਮਾਂ ਯਾਦ ਕਿਉਂ ਨਹੀਂ? ਇਸ ਦਾ ਉੱਤਰ ਇਹ ਹੈ ਕਿ ਕੀ ਸਾਨੂੰ ਇਸ ਜ਼ਿੰਦਗੀ ਬਾਰੇ ਸਭ ਕੁਝ ਯਾਦ ਹੈ? ਕੀ ਤੁਹਾਨੂੰ ਸਭ ਕੁਝ ਯਾਦ ਹੈ ਕਿ ਜਦੋਂ ਤੁਸੀਂ ਬੱਚੇ ਸੀ ਤਾਂ ਕੀ ਕਰਦੇ ਸੀ? ਜੇ ਹੋਂਦ ਦਾ ਅਧਾਰ ਯਾਦਦਾਸ਼ਤ ਹੈ ਤਾਂ ਕਹਿ ਸਕਦੇ ਹਾਂ ਕਿ ਤੁਹਾਡਾ ਬਚਪਨ ਹੈ ਹੀ ਨਹੀਂ ਸੀ ਕਿਉਂਕਿ ਤੁਹਾਨੂੰ ਆਪਣੇ ਬਚਪਨ ਬਾਰੇ ਕੁਝ ਯਾਦ ਨਹੀਂ ਹੈ। ਸੋ ਯਾਦਦਾਸ਼ਤ ਦਾ ਸਿਧਾਂਤ ਕੋਈ ਅਰਥ ਨਹੀਂ ਰੱਖਦਾ ਹੈ। ਮਨੁੱਖ ਦੇ ਮਰਨ ‘ਤੇ ਉਸ ਦਾ ਦਿਮਾਗ਼ ਟੁੱਟ ਗਿਆ, ਭੱਜ ਗਿਆ, ਨਸ਼ਟ ਹੋ ਗਿਆ। ਯਾਦਦਾਸ਼ਤ ਖ਼ਤਮ ਹੋਈ। ਨਵਾਂ ਦਿਮਾਗ਼ ਬਣ ਗਿਆ। ਉਸ ਨੂੰ ਕੀ ਮਿਲਿਆ? ਇਸ ਕੋਲ ਹੁਣ ਪਿਛਲੇ ਸਮੇਂ ਦਾ ਪ੍ਰਾਪਤ ਕੀਤਾ ਪਰਿਣਾਮ ਹੈ, ਕੁਲ-ਜੋੜ ਹੈ, ਉਸ ਦੀ ਛਾਪ ਹੈ ਅਤੇ ਉਸ ਦਾ ਮਨ ਹੁਣ ਨਵੇਂ ਸਰੀਰ ਨੂੰ ਇਸ ਅਨੁਸਾਰ ਚਲਾ ਰਿਹਾ ਹੈ।

ਮੈਂ ਜੋ ਕੁਝ ਹੁਣ ਹਾਂ, ਪਿਛਲੇ ਸਮੇਂ ਦਾ ਸਿੱਟਾ ਹਾਂ, ਉਸ ਦੀ ਛਾਪ ਹਾਂ। ਇਹ ਸਿੱਟਾ ਮੇਰੇ ਨਾਲ ਜੁੜਿਆ ਹੋਇਆ ਹੈ। ਇਸ ਵਾਸਤੇ ਮੈਨੂੰ ਪਿਛਲਾ ਸਮਾਂ ਯਾਦ ਰੱਖਣ ਦੀ ਲੋੜ ਨਹੀਂ ਹੈ। ਹਾਂ, ਇੱਕ ਸਮਾਂ ਆ ਸਕਦਾ ਹੈ ਜਦੋਂ ਤੁਸੀਂ ਸਮਝ ਜਾਉਗੇ ਕਿ ਇਹ ਦੁਨੀਆ ਤਾਂ ਇੱਕ ਥੇਟਰ ਹੈ। ਅਸੀਂ ਸਾਰੇ ਇਸ ਦੇ ਐਕਟਰ ਹਾਂ, ਪਾਤਰ ਹਾਂ, ਅਦਾਕਾਰ ਹਾਂ, ਨਟ ਹਾਂ। ਫਿਰ ਤੁਸੀਂ ਬੇਲਾਗ ਬਣ ਜਾਉਗੇ। ਨਿਰਮੋਹ ਹੋ ਜਾਉਗੇ। ਜ਼ਿੰਦਗੀ ਵਿੱਚ ਮੋਹ, ਲਾਲਚ, ਖ਼ੁਸ਼ੀ ਆਦਿ ਦੀ ਲਾਲਸਾ ਮੁੱਕ ਜਾਏਗੀ। ਤੁਸੀਂ ਆਜ਼ਾਦ ਹੋ ਜਾਉਗੇ। ਫਿਰ ਤੁਹਾਡੇ ਮਨ ਵਿੱਚ ਚਾਨਣ ਹੋ ਜਾਏਗਾ ਕਿ ਤਹਾਨੂੰ ਲੱਖਾਂ-ਕਰੋੜਾਂ ਵਾਰੀ ਪਿਤਾ, ਮਾਂ, ਪੁੱਤਰ, ਧੀ, ਪਤੀ, ਪਤਨੀ, ਦੋਸਤ, ਮਿੱਤਰ, ਦੁਸ਼ਮਣ, ਦੌਲਤ ਅਤੇ ਤਾਕਤ ਮਿਲਦੇ ਰਹੇ ਹਨ। ਬੇਅੰਤ ਵਾਰੀ ਤੁਸੀਂ ਖ਼ੁਸ਼ੀ ਦੀਆਂ ਸਿਖ਼ਰਾਂ ‘ਤੇ ਪਹੁੰਚੇ ਅਤੇ ਬੇਅੰਤ ਵਾਰੀ ਉਦਾਸੀ ਦੀਆਂ ਡੂੰਘੀਆਂ ਖੱਡਾਂ ਵਿੱਚ ਡਿੱਗੇ। ਫਿਰ ਤੁਸੀਂ ਕਹੋਗੇ, ਉਏ ਮੌਤ! ਮੈਨੂੰ ਤੇਰਾ ਡਰ ਨਹੀਂ ਹੈ। ਤੂੰ ਮੈਨੂੰ ਕੀ ਡਰਾਉਂਦੀ ਹੈਂ?” ਇਹ ਤਾਂ ਸਭ ‘ਤੇ ਆਉਂਦੀ ਹੈ।

ਪੁਨਰ-ਜਨਮ ਦੇ ਹੋਰ ਸਬੂਤ ਵੀ ਹਨ। ਪਹਿਲਾਂ ਆਪਾਂ ਨੂੰ ਗਿਆਨ ਪ੍ਰਾਪਤੀ ਦੀ ਸ਼ਕਤੀ ‘ਤੇ ਵਿਚਾਰ ਕਰਨੀ ਚਾਹੀਦੀ ਹੈੇ। ਇਸ ਗੱਲ ‘ਤੇ ਵਿਚਾਰ ਲਈ ਮੁੱਢ ਇਸ ਤੋਂ ਤੋਰੀਏ ਕਿ ਗਿਆਨ ਹਾਸਲ ਕਰਨ ਦਾ ਅਮਲ ਕਿਵੇਂ ਸ਼ੁਰੂ ਹੁੰਦਾ ਹੈ?

ਫ਼ਰਜ਼ ਕਰੋ ਮੈਂ ਗਲੀ-ਬਜ਼ਾਰ ਵਿੱਚ ਜਾਂਦਾ ਹਾਂ। ਮੈਂ ਕੁੱਤਾ ਦੇਖਦਾ ਹਾਂ। ਮੈਨੂੰ ਕਿਵੇਂ ਪਤਾ ਲੱਗੇ ਕਿ ਇਹ ਕੁੱਤਾ ਹੈ। ਮੈਂ ਦਿਮਾਗ਼ ਦੀ ਮਦਦ ਲੈਂਦਾ ਹਾਂ। ਮੇਰੇ ਦਿਮਾਗ਼ ਵਿੱਚ ਪਹਿਲਾਂ ਹੀ ਜ਼ਿੰਦਗੀ ਦੇ ਅਨੇਕ ਤਜਰਬੇ ਪਏ ਹਨ ਅਤੇ ਚਿਣ ਕੇ ਅਲੱਗ-ਅਲੱਗ ਗਿਆਨ ਭੰਡਾਰ ਦੇ ਖ਼ਾਨਿਆ ਵਿੱਚ ਉਂਵੇ ਪਏ ਹਨ। ਮੈਂ ਕੁੱਤੇ ਦੀ ਤਸਵੀਰ ਬਾਰੇ ਆਪਣੇ ਦਿਮਾਗ਼ ਦੇ ਗਿਆਨ-ਭੰਡਾਰ ਨਾਲ ਗੱਲ ਕਰਦਾ ਹਾਂ। ਮੇਰੇ ਦਿਮਾਗ਼ ਦੇ ਗਿਆਨ-ਭੰਢਾਰ ਵਿੱਚ ਕੁੱਤੇ ਦਾ ਗਿਆਨ ਭਾਵ ਤਸਵੀਰ ਪਈ ਹੈ। ਮੈਂ ਝੱਟ ਸਮਝ ਜਾਂਦਾ ਹਾਂ ਕਿ ਇਹ ਕੁੱਤਾ ਹੈ। ਇਹ 'ਗਿਆਨ‘ ਹੈ। ਜੇ ਮੇਰੇ ਦਿਮਾਗ਼ ਵਿੱਚ ਕੁੱਤੇ ਦੀ ਛਾਪ ਪਹਿਲਾਂ ਨਹੀਂ ਪਈ ਹੈ ਤਾਂ ਮੈਂ ਅਸੰਤੁਸ਼ਟ ਹੋ ਜਾਂਦਾ ਹਾਂ। ਮੈਨੂੰ ਕੁਝ ਪਤਾ ਨਹੀਂ ਲਗਦਾ ਕਿ ਇਹ ਕੀ ਹੈ? ਇਸ ਦਾ ਮਤਲਬ ਹੈ ਕਿ ਮੈਂ ਕੁੱਤੇ ਬਾਰੇ ਅਗਿਆਨੀ ਹਾਂ। ਸੋ ਕਿਸੇ ਵੀ ਨਵੀਂ ਗੱਲ ਦੇ ਗਿਆਨ ਲਈ, ਦਿਮਾਗ਼ ਵਿੱਚ ਪਹਿਲਾਂ ਜ਼ਿੰਦਗੀ ਦਾ ਕੁਝ ਤਜਰਬਾ ਪਿਆ ਹੋਣਾ ਚਾਹੀਦਾ ਹੈ, ਨਹੀਂ ਤਾਂ ਕਿਸੇ ਸਵਾਲ ਦਾ ਜਵਾਬ ਕਿਸ ਨਾਲ ਜੋੜ ਕੇ ਕੱਢਾਂਗੇ?

ਦਰਖ਼ਤ ਤੋਂ ਸੇਬ ਟੁੱਟ ਕੇ ਹੇਠਾਂ ਡਿੱਗਿਆ। ਫੇਰ ਹੋਰ ਡਿੱਗਿਆ। ਜ਼ਿੰਦਗੀ ਦੇ ਤਜਰਬੇ ਵਿੱਚ ਆਇਆ ਕਿ ਸਾਰੇ ਸੇਬ ਦਰਖ਼ਤ ਤੋਂ ਟੁੱਟ ਕੇ ਥੱਲੇ ਡਿੱਗਦੇ ਹਨ। ਇਸ ਨੂੰ 'ਗੁਰੂਤਾ‘ (ਗਰੈਵੀਟੇਸ਼ਨ) ਦਾ ਸਿਧਾਂਤ ਕਹਿਣ ਲੱਗ ਪਏ। ਗਿਆਨ ਪ੍ਰਾਪਤੀ ਲਈ ਜ਼ਰੂਰੀ ਹੈ ਕਿ ਪਹਿਲਾਂ ਕੋਲ ਕੁਝ ਤਜਰਬੇ ਹੋਣੇ ਚਾਹੀਦੇ ਹਨ ਤਾਂਕਿ ਉਸ ਨਾਲ ਗੱਲ ਜੋੜ ਕੇ ਤਸੱਲੀ ਹੋ ਸਕੇ। ਜੇ ਪਹਿਲਾਂ ਕੋਲ ਕੋਈ ਤਜਰਬਾ ਨਹੀਂ ਹੈ ਜਾਂ ਕਹਿ ਲਵੋ ਪਹਿਲਾਂ ਗਿਆਨ ਸਿਫ਼ਰ ਹੈ ਤਾਂ ਫਿਰ ਸਿਫ਼ਰ ਅਵਸਥਾ ਨਵੇਂ ਤਜਰਬੇ ਨੂੰ ਕੀ ਦੇ ਸਕਦੀ ਹੈ? ਜੇ ਬੱਚਾ ਦਿਮਾਗ਼ੀ ਗਿਆਨ ਤੱਖ਼ਤੀ ਕੋਰੀ ਲੈਕੇ ਪੈਦਾ ਹੁੰਦਾ ਤਾਂ ਉਹ ਆਪਣੇ ਨਵੇਂ ਤਜਰਬਿਆਂ ਦੀ ਪੁੱਛ-ਗਿੱਛ ਕਿਸ ਨਾਲ ਕਰੇ? ਉਸ ਦੀ ਸਮਝ-ਸੂਝ ਵਿੱਚ ਵਾਧਾ ਨਹੀਂ ਹੋ ਸਕਦਾ। ਇਹ ਸਿੱਧ ਹੈ ਕਿ ਕਿਸੇ ਚੀਜ਼ ਦੀ ਪਛਾਣ ਲਈ ਜਾਂ ਕਿਸੇ ਮਸਲੇ ਦੇ ਹੱਲ ਲਈ ਸਾਡੇ ਦਿਮਾਗ਼ ਵਿੱਚ ਕੁਝ ਅਧਾਰ ਜ਼ਰੂਰ ਹੁੰਦਾ ਹੈ ਤਾਂ ਹੀ ਗਿਆਨ ਵਿੱਚ ਵਾਧਾ ਹੁੰਦਾ ਹੈ। ਸਿਫ਼ਰ ਤੋਂ ਕੁਝ ਪੈਦਾ ਨਹੀਂ ਹੁੰਦਾ।

ਅਸੀਂ ਦੇਖਦੇ ਹਾਂ ਕਿ ਗਿਆਨ ਪ੍ਰਾਪਤੀ ਦੀ ਸ਼ਕਤੀ ਅਲੱਗ-ਅਲੱਗ ਮਨੁੱਖਾਂ ਵਿੱਚ ਅੱਡ-ਅੱਡ ਹੈ। ਇਸ ਦਾ ਅਰਥ ਇਹ ਹੋਇਆ ਕਿ ਹਰੇਕ ਮਨੁੱਖ ਨੇ ਆਪਣਾ-ਆਪਣਾ ਗਿਆਨ ਭੰਡਾਰ ਲੈ ਕੇ ਜਨਮ ਲਿਆ ਹੈ। ਗਿਆਨ ਸਿਰਫ਼ ਤਜਰਬੇ ਰਾਹੀਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਹੋਰ ਕੋਈ ਤਰੀਕਾ ਨਹੀਂ ਹੈ। ਜੇ ਅਸੀਂ ਗਿਆਨ ਇਸ ਜ਼ਿੰਦਗੀ ਵਿੱਚ ਨਹੀਂ ਲਿਆ ਹੈ ਤਾਂ ਅਸੀਂ ਕਿਸੇ ਹੋਰ ਜੀਵਨ ਵਿੱਚ ਲਿਆ ਹੋਵੇਗਾ। ਮਿਸਾਲ ਦੇ ਤੌਰ ਤੇ ਇਹ ਕਿਵੇਂ ਹੈ ਕਿ ਮੌਤ ਦਾ ਡਰ ਹਰੇਕ ਥਾਂ ਹੈ? ਇੱਕ ਚੂਚੇ ਨੇ ਹੁਣੇ-ਹੁਣੇ ਜਨਮ ਲਿਆ ਹੈ। ਇੱਕ ਇੱਲ ਉਸ ਨੂੰ ਦਬੋਚਣ ਵਾਸਤੇ ਆਉਂਦੀ ਹੈ। ਚੂਚਾ ਮੌਤ ਦੇ ਡਰ ਤੋਂ ਉੱਡ ਕੇ ਆਪਣੀ ਮਾਂ ਕੋਲ ਦੌੜ ਜਾਂਦਾ ਹੈ। ਇਸ ਨੂੰ ਅੰਗਰੇਜ਼ੀ ਵਿੱਚ ਇਨਸਟਿੰਕਟ (ਨਿਸਟਨਿਚਟ) ਕਹਿੰਦੇ ਹਨ। ਪੰਜਾਬੀ ਜ਼ਬਾਨ ਵਿੱਚ ਸਹਿਜ ਪਰਵਿਰਤੀ ਜਾਂ ਮੂਲ ਪਰਵਿਰਤੀ ਕਹਿ ਲਵੋ। ਮੈਨੂੰ ਲਗਦਾ ਗੱਲ ਸਮਝਾਉਣ ਵਾਸਤੇ ਆਪਾਂ ਇਨਸਟਿੰਕਟ ਸ਼ਬਦ ਨੂੰ ਹੀ ਪੰਜਾਬੀਕਰਨ ਕਰ ਲਵੋ ਭਾਵ ਏਸੇ ਤਰ੍ਹਾਂ ਵਰਤ ਲਵੋ। ਹੁਣ ਗੱਲ ਇਹ ਬਣੀ ਕਿ ਚੂਚੇ ਨੂੰ ਜਨਮ ਲੈਂਦਿਆਂ ਹੀ ਮੌਤ ਦੇ ਡਰ ਦੀ ਪਰਵਿਰਤੀ ਕਿੱਥੋਂ ਮਿਲੀ? ਇਹ ਕਿਵੇਂ ਹੈ ਕਿ ਬਤਖ ਦਾ ਬੱਚਾ ਅੰਡੇ ਵਿੱਚੋਂ ਨਿਕਲਦਾ ਹੀ ਪਾਣੀ ਵੱਲ ਭੱਜਦਾ ਹੈ? ਉਹ ਪਾਣੀ ਵਿੱਚ ਛਾਲ ਮਾਰਦਾ ਹੈ ਅਤੇ ਤਰਨ ਲੱਗ ਪੈਂਦਾ ਹੈ। ਉਹ ਤਾਂ ਪਹਿਲਾਂ ਤਰਿਆ ਨਹੀਂ ਸੀ ਅਤੇ ਨਾ ਹੀ ਉਸ ਨੇ ਕਿਸੇ ਨੂੰ ਤਰਦਾ ਦੇਖਿਆ ਸੀ। ਵਿਦਵਾਨ ਇਸ ਨੂੰ ਇਨਸਟਿੰਕਟ ਦਾ ਨਾਂ ਦਿੰਦੇ ਹਨ। ਪੰਜਾਬੀ ਵਿੱਚ ਕਹਾਂਗੇ ਕਿ ਇਹ ਉਸ ਦੀ ਸਹਿਜ ਪਰਵਿਰਤੀ ਹੈ। ਇਹ ਦੋਵੇਂ ਸ਼ਬਦ ਸਮਝਣ ਲਈ ਖਾਸੇ ਔਖੇ ਹਨ। ਆਓ ਆਪਾਂ ਪਹਿਲਾਂ ਇਹ ਸ਼ਬਦ ਸਮਝ ਲਈਏ ਕਿ ਇਹ ਕੀ ਹਨ?

ਇੱਕ ਲੜਕਾ ਪਿਆਨੋ ਵਜਾਉਣਾ ਸ਼ੁਰੂ ਕਰਦਾ ਹੈ। ਪਹਿਲਾਂ ਉਹ ਸੁਰ-ਬਟਣਾਂ ਨੂੰ ਆਪਣੀਆਂ ਉਂਗਲੀਆਂ ਨਾਲ ਬੜੇ ਧਿਆਨ ਨਾਲ ਦਬਾਉਂਦਾ ਹੈ। ਆਪਣੀ ਇੱਛਿਆ ਅਧੀਨ ਰੱਖਦਾ ਹੈ। ਉਹ ਮਹੀਨਿਆਂ ਭਰ, ਸਾਲਾਂ ਦੇ ਸਾਲ ਅਭਿਆਸ ਕਰਦਾ ਹੈ। ਇੱਕ ਵੇਲਾ ਐਸਾ ਆ ਜਾਂਦਾ ਹੈ ਜਦ ਉਸ ਦੀਆਂ ਉਂਗਲੀਆਂ ਆਪਣੇ ਆਪ ਸੁਰ-ਬਟਣਾਂ ‘ਤੇ ਤੁਰਨੀਆਂ ਸ਼ੁਰੂ ਹੋ ਜਾਂਦੀਆਂ ਹਨ। ਉਸ ਨੂੰ ਹੁਣ ਉਹ ਧਿਆਨ ਦੇਣ ਦੀ ਲੋੜ ਨਹੀਂ ਪੈਂਦੀ ਜਿਹੜਾ ਧਿਆਨ ਉਹ ਪਹਿਲਾਂ ਦਿੰਦਾ ਸੀ। ਉਸ ਨੂੰ ਆਪਣੀ ਮਰਜ਼ੀ ‘ਤੇ ਬੋਝ ਨਹੀਂ ਪਾਉਣਾ ਪੈਂਦਾ। ਟਾਈਪ ਕਰਨ ਵਾਲਿਆਂ ਨੂੰ ਦੇਖ ਲਵੋ। ਕੀ-ਬੋਰਡ (ਏ, ਬੀ, ਸੀ; ਅ, ਭ, ਛ, ..... ਬਟਨਾਂ ਵਾਲਾ ਬੋਰਡ) ਵੱਲ ਬਿਨਾਂ ਦੇਖਿਆਂ ਉਂਗਲੀਆਂ ਅਣਇੱਛਤ ਚੱਲਦੀਆਂ ਹਨ। ਇਸ ਕਿਰਿਆ ਨੂੰ ਇਨਸਟਿੰਕਟ ਕਹਿੰਦੇ ਹਨ, ਸਹਿਜ ਪਰਵਿਰਤੀ ਕਹਿੰਦੇ ਹਨ। ਇਸ ਤਰ੍ਹਾਂ ਅਸੀਂ ਸਰੀਰ ਦੇ ਹਰੇਕ ਪੱਠੇ ਨੂੰ ਇੱਛਿਆ ਅਧੀਨ ਕੰਟਰੋਲ ਕਰ ਸਕਦੇ ਹਾਂ। ਸਹਿਜ ਪਰਵਿਰਤੀ ਅਧੀਨ ਬਦਲ ਸਕਦੇ ਹਾਂ। ਕੁਦਰਤ ਦਾ ਇਹ ਨਿਯਮ ਹਰੇਕ ਤੇ ਲਾਗੂ ਹੈ: ਇਨਸਾਨ ਹੋਵੇ ਜਾਂ ਪਸ਼ੂ ਹੋਵੇ। ਸਹਿਜ ਪਰਵਿਰਤੀ ਇੱਛਿਆ ਦਾ ਹੀ ਬਦਲਵਾਂ ਰੂਪ ਹੈ। ਅਣਇੱਛਤ ਕਿਰਿਆ ਇਨਸਟਿੰਕਟ ਹੈ, ਸਹਿਜ ਪਰਵਿਰਤੀ ਹੈ। ਪਹਿਲਾਂ ਮਰਜ਼ੀ ਨਾਲ ਉਂਗਲੀਆਂ ਚਲਾਉਣੀਆਂ ਪੈਂਦੀਆਂ ਸਨ ਪਰ ਹੁਣ ਉਹ ਮਰਜ਼ੀ ਦੀ ਲੋੜ ਨਹੀਂ ਪੈਂਦੀ।

'ਵਿਸ਼ਾਲ ਸੰਸਾਰ‘, ਦੇ ਪਿਛਲੇ ਲੇਖ ਵਿੱਚ ਅਸੀਂ ਸਮਝਿਆ ਹੈ ਕਿ 'ਵਿਕਾਸ ਸਿਧਾਂਤ‘ (ਠਹੲੋਰੇ ੋਡ ਓਵੋਲੁਟੋਿਨ) ਰਾਹੀਂ ਸੂਖਮ ਰੂਪ ਤੋਂ ਵਿਸ਼ਾਲ ਰੂਪ ਦਾ ਵਿਕਾਸ ਹੋਇਆ ਹੈ। ਮਨੁੱਖ ਦਾ ਸੂਖਮ ਰੂਪ ਸਮੇਂ ਦੀ ਚਾਲ ਨਾਲ ਵਿਕਾਸ ਕਰਦਾ-ਕਰਦਾ ਮਨੁੱਖ ਦਾ ਵਿਸ਼ਾਲ ਰੂਪ ਬਣ ਗਿਆ ਹੈ। ਇਹ ਵੀ ਸਿੱਧ ਕੀਤਾ ਹੈ ਕਿ ਵਿਕਾਸ ਦੀ ਕਿਰਿਆ ਵਿੱਚ ਮਨੁੱਖ ਦੀ ਆਪਣੀ ਸ਼ਮੂਲੀਅਤ (ਨਿਵੋਲੁਟੋਿਨ) ਵੀ ਹੈ। ਅਗਲਾ ਦਰਖ਼ਤ ਪੈਦਾ ਕਰਨ ਵਾਸਤੇ ਦਰਖ਼ਤ ਆਪਣੀ ਸ਼ਮੂਲੀਅਤ ਨਾਲ ਬੀਜ ਪੈਦਾ ਕੀਤਾ। ਮਨੁੱਖ ਨੇ ਆਪਣੀ ਨਸਲ ਅੱਗੇ ਤੋਰਨ ਲਈ ਆਪਣੀ ਸ਼ਮੂਲੀਅਤ ਅਨੁਸਾਰ ਆਪਣੇ ਸੂਖਮ ਕੋਸ਼ਾਣੂ/ਚੲਲਲ ਦਿੱਤੇ। 'ਆਪਦੀ ਸ਼ਮੂਲੀਅਤ‘ ਦੇ ਦਲੀਲ ਦਾ ਅਧਾਰ ਸਹਿਜ ਪਰਵਿਰਤੀ ਨਾਲ ਜੁੜਦਾ ਹੈ। ਕਿਸੇ ਵੀ ਇੱਛਤ ਦਾ ਅਣਇੱਛਤ ਰੂਪ ਵਿੱਚ ਬਦਲਣ ਦੀ ਕਿਰਿਆ ਵਿੱਚ ਤਜਰਬਾ ਜ਼ਰੂਰ ਹੁੰਦਾ ਹੈ। ਇਸੇ ਕਰਕੇ ਪਿਆਨੋ ਵਜਾਉਣ ਵਾਲੇ ਦੀਆਂ ਉਂਗਲੀਆ ਦਾ ਤੁਰਨਾ ਇੱਛਤ ਤੋਂ ਅਣਇੱਛਤ ਹੋ ਜਾਂਦਾ ਹੈ। ਉਂਗਲੀਆਂ ਆਪਣੇ-ਆਪ ਸੁਰ-ਬਟਣਾ ਤੇ ਦੌੜਦੀਆਂ ਫਿਰਦੀਆਂ ਹਨ। ਸੋ ਅਣਇੱਛਤ ਕਿਰਿਆ ਲਈ ਤਜਰਬਾ ਬੜਾ ਜ਼ਰੂਰੀ ਹੈ।

ਪ੍ਰਾਚੀਨ ਦਾਰਸ਼ਨਿਕ ਅਤੇ ਆਧੁਨਿਕ ਵਿਗਿਆਨੀ ਇਸ ਗੱਲ ਨਾਲ ਦੋਵੇਂ ਸਹਿਮਤ ਹਨ ਕਿ ਇਨਸਾਨ ਹੋਵੇ ਜਾਂ ਪਸ਼ੂ ਹੋਵੇ ਉਹ ਤਜਰਬੇ ਦਾ ਇੱਕ ਭੰਡਾਰ ਲੈ ਕੇ ਪੈਦਾ ਹੁੰਦਾ ਹੈ ਅਤੇ ਮਨ ਦੇ ਅਮਲ ਬੀਤੇ ਸਮੇਂ ਦੇ ਤਜਰਬੇ ਦਾ ਸਿੱਟਾ ਹੁੰਦੇ ਹਨ। ਅੱਗੇ ਉਨ੍ਹਾਂ ਦੇ ਆਪਸੀ ਮਤਭੇਦ ਹਨ। ਪ੍ਰਾਚੀਨ ਦਾਰਸ਼ਨਿਕ ਕਹਿੰਦੇ ਹਨ ਕਿ ਇਹ ਤਜਰਬੇ ਰੂਹ ਦੀ ਮਾਲਕੀ ਹੈ ਪਰ ਵਿਗਿਆਨੀ ਕਹਿੰਦੇ ਹਨ ਕਿ ਤਜਰਬੇ ਸਰੀਰ ਦੀ ਮਾਲਕੀ ਹੈ।
ਵਿਗਿਆਨੀਆਂ ਦੀ ਗੱਲ ਨੂੰ ਇਸ ਤਰ੍ਹਾਂ ਕਿਉਂ ਨਾ ਕਿਹਾ ਜਾਏ ਕਿ ਇਹ ਤਜਰਬੇ ਵਿਰਾਸਤ ਵਿੱਚ ਮਿਲੇ ਹਨ। ਸਰੀਰ ਤੋਂ ਸਰੀਰ ਨੂੰ ਮਿਲਦੇ ਗਏ ਹਨ। ਸੂਖਮ ਸਰੀਰ ਤੋਂ ਵੱਡੇ ਰੂਪ ਤੱਕ ਬਦਲਦੇ ਸਰੀਰ ਨੂੰ ਮਿਲਦੇ ਗਏ। ਬੱਚੇ ਨੂੰ ਪਿਤਾ ਤੋਂ ਅਤੇ ਪਿਤਾ ਨੂੰ ਆਪਣੇ ਪਿਤਾ ਤੋਂ ਅਤੇ ਇਸੇ ਤਰ੍ਹਾਂ ਪਿਛਲਖੋੜੀ ਚੱਲਦੇ ਜਾਉ ਪਰ ਕਿੱਥੋਂ ਤੱਕ ਜਾਵਾਂਗੇ? ਇਸ ਸਿਧਾਂਤ ਅਨੁਸਾਰ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਇੱਕ ਸਰੀਰ ਵਿੱਚੋਂ ਦੂਜੇ ਸਰੀਰ ਵਿੱਚ ਤਜਰਬੇ ਕਿਵੇਂ ਤਬਦੀਲ ਹੋਏ?

ਜੇ ਸਰੀਰ ਤੋਂ ਸਰੀਰ ਰਾਹੀਂ ਤਜਰਬੇ ਮਿਲ ਸਕਦੇ ਹਨ ਤਾਂ ਕਿਹਾ ਜਾ ਸਕਦਾ ਹੈ ਕਿ ਮਾਨਸਿਕ ਅਮਲ ਨੂੰ ਪਦਾਰਥ ਵਿੱਚ ਰਿਕਾਰਡ ਕੀਤਾ ਜਾ ਸਕਦਾ ਹੈ। ਮਾਦਾ/ਪਦਾਰਥ ਵਿੱਚ ਮਾਨਸਿਕ ਤਜਰਬੇ ਦੀ ਨਕਲ ਰੱਖੀ ਜਾ ਸਕਦੀ ਹੈ। ਜੇ ਮਾਨਸਿਕ ਤਜਰਬੇ ਸਰੀਰ ਵਿੱਚ ਰਹਿੰਦੇ ਹਨ ਤਾਂ ਸਰੀਰ ਦੇ ਨਸ਼ਟ ਹੋ ਜਾਣ ਪਿੱਛੋਂ ਅਤੇ ਪਦਾਰਥ ਦੇ ਖਿੰਡ-ਪੁੰਡ ਜਾਣ ਪਿੱਛੋਂ ਇਹ ਮਾਨਸਿਕ ਤਜਰਬਿਆਂ ਨੂੰ ਕੌਣ ਅੱਗੇ ਲੈ ਜਾਂਦਾ ਹੈ?

ਫਿਰ ਵੀ ਜੇ ਮੰਨ ਲੈਂਦੇ ਹਾਂ ਕਿ ਸਰੀਰ ਆਪਣੇ ਅੰਦਰ ਤਜਰਬੇ ਕਾਇਮ ਰੱਖਦਾ ਹੈ, ਬਰਕਰਾਰ ਰੱਖਦਾ ਹੈ ਤਾਂ ਸਾਫ਼ ਹੈ ਕਿ ਮਾਪੇ ਆਪਣੇ ਮਨ ਦੇ ਤਜਰਬਾ-ਭੰਡਾਰ ਦਾ ਕੁਝ ਹਿੱਸਾ ਆਪਣੇ ਬੱਚੇ ਨੂੰ ਦਿੰਦੇ ਹਨ। ਇਸ ਤਰ੍ਹਾਂ ਮਾਪਿਆਂ ਦੇ ਮਨ ਵਿੱਚ ਰੱਖੇ ਤਜਰਬਿਆਂ ਦੇ ਭੰਡਾਰ ਵਿੱਚੋਂ ਕੁਝ ਹਿੱਸਾ ਨਿਕਲ ਜਾਂਦਾ ਹੈ। ਜਿਉਂ ਜਿਉਂ ਹੋਰ ਬੱਚੇ ਪੈਦਾ ਹੁੰਦੇ ਜਾਣਗੇ, ਮਾਪਿਆਂ ਦੇ ਮਨ ਦਾ ਤਜਰਬਾ-ਭੰਡਾਰ ਮੁਕਦਾ ਜਾਏਗਾ । ਇੱਕ ਵੇਲਾ ਐਸਾ ਵੀ ਆ ਸਕਦਾ ਹੈ ਜਦੋਂ ਉਨ੍ਹਾਂ ਦੇ ਮਨ ਦਾ ਤਜਰਬਾ-ਭੰਡਾਰ ਬਿਲਕੁਲ ਖ਼ਾਲੀ ਹੋ ਜਾਏਗਾ।

ਜੇ ਸੂਖਮ ਕੋਸ਼ਾਣੂ ਵਿੱਚ ਅਸੀਮ ਮਾਨਸਿਕ ਤਜਰਬਿਆਂ ਦਾ ਅਮੁਕ ਭੰਢਾਰ ਅਸੀਮ ਕਾਲ ਲਈ ਹੈ ਤਾਂ ਇਹ ਉਸ ਵਿੱਚ ਕਿੱਥੇ ਅਤੇ ਕਿਵੇਂ ਹੈ? ਇਹ ਗੱਲ ਅਸੰਭਵ ਹੈ ਜਦ ਤੱਕ ਸਰੀਰ-ਵਿਗਿਆਨੀ ਇਹ ਗੱਲ ਸਿੱਧ ਨਹੀਂ ਕਰ ਦਿੰਦੇ।

ਅੰਤ ਵਿੱਚ ਇਹੀ ਗੱਲ ਨਿੱਖਰ ਕੇ ਸਾਹਮਣੇ ਆਉਂਦੀ ਹੈ ਕਿ ਮੌਤ ਪਿੱਛੋਂ ਤਜਰਬਿਆਂ ਦੀ ਛਾਪ ਮਨ ਵਿੱਚ ਰਹਿੰਦੀ ਹੈ ਅਤੇ ਇਹ ਮਨ ਵਾਰ-ਵਾਰ ਜਨਮ ਲੈਂਦਾ ਹੈ। ਇਹ ਯੋਗ ਮਨੁੱਖ ਦੀ ਉਡੀਕ ਕਰਦਾ ਹੈ ਜਿਸ ਵਿੱਚ ਇਸ ਸਮੱਗਰੀ ਦੀ ਵਰਤੋਂ ਹੁੰਦੀ ਹੈ। ਇਸ ਤਰ੍ਹਾਂ ਤਜਰਬਿਆਂ ਦੀ ਛਾਪ ਇੱਕ ਸਰੀਰ ਤੋਂ ਦੂਜੇ ਸਰੀਰ ਤੱਕ ਦਾ ਸਫ਼ਰ ਕਰਦੀ ਵਿਰਸੇ ਵਿੱਚ ਆਤਮਾ ਨੂੰ ਮਿਲਦੀ ਰਹਿੰਦੀ ਹੈ। ਇਹੀ ਤਜਰਬਿਆਂ ਦਾ ਫਲ ਮਨੁੱਖ ਦੀ ਜ਼ਿੰਦਗੀ ਵਿੱਚ ਪ੍ਰਫੁੱਲਤ ਹੁੰਦਾ ਹੈ - ਘੱਟਦਾ ਹੈ ਜਾਂ ਵੱਧਦਾ ਹੈ। ਮਨੁੱਖ ਵਾਰ-ਵਾਰ ਜਨਮ ਲੈਂਦਾ ਹੈ। ਇਹ ਤਜਰਬਿਆਂ ਦੀ ਗੱਠੜੀ ਯੋਗ ਮਾਪਿਆਂ ਰਾਹੀਂ ਪ੍ਰਾਪਤ ਹੁੰਦੀ ਰਹਿੰਦੀ ਹੈ। ਇਸ ਤਰ੍ਹਾਂ ਸਮੁੱਚਿਤ ਤਜਰਬਿਆਂ ਦੀ ਛਾਪ ਅੱਗੇ ਤੋਂ ਅੱਗੇ ਮਿਲਦੀ ਰਹਿੰਦੀ ਹੈ। ਜਦੋਂ ਇਹ ਤਜਰਬੇ ਖ਼ਤਮ ਹੋ ਜਾਂਦੇ ਹਨ ਅਤੇ ਚੱਕਰ ਸਮਾਪਤ ਹੋ ਜਾਂਦਾ ਹੈ ਤਾਂ ਅਗਿਆਨਤਾ ਦਾ ਨਾਸ ਹੋ ਜਾਂਦਾ ਹੈ। ਮਨੁੱਖ ਆਪਣੇ ਅਸਲੇ ਦੀ ਪਹਿਚਾਣ ਕਰ ਲੈਂਦਾ ਹੈ ਅਤੇ ਸੰਪੂਰਨ ਹੋ ਜਾਂਦਾ ਹੈ। ਜਨਮ-ਮਰਨ ਦੇ ਗੇੜ ਸਮਾਪਤ ਹੋ ਜਾਂਦੇ ਹਨ।

ਪੁਨਰ-ਜਨਮ ਨਾਲ ਇੱਕ ਗੱਲ ਮਹੱਤਵਪੂਰਨ ਜੁੜੀ ਹੋਈ ਹੈ। ਮਨੁੱਖ ਵਾਰ-ਵਾਰ ਜਨਮ ਲੈਂਦਾ ਹੈ। ਮਨੁੱਖ ਦੀ ਆਤਮਾ ਸੁਤੰਤਰ ਹੁੰਦੀ ਹੈ। ਇਸ ਸਿਧਾਂਤ ਅਨੁਸਾਰ ਮਨੁੱਖ ਆਪਣੀ ਕਰਨੀ ਦਾ ਆਪ ਜ਼ੁੰਮੇਵਾਰ ਹੈ। ਕਮਜ਼ੋਰੀ ਮਨੁੱਖ ਦੀ ਆਪ ਦੀ ਹੁੰਦੀ ਹੈ ਪਰ ਉਹ ਇਸ ਦਾ ਦੋਸ਼ ਕਿਸੇ ਹੋਰ ਦੇ ਸਿਰ ਮੜ੍ਹ ਦਿੰਦਾ ਹੈ। ਉਸ ਦੀ ਇਹ ਧਾਰਨਾ ਗ਼ਲਤ ਹੈ। ਅਸੀਂ ਆਪਣੀਆਂ ਗ਼ਲਤੀਆਂ ਵੱਲ ਤਾਂ ਝਾਕਦੇ ਵੀ ਨਹੀਂ। ਅੱਖਾਂ ਆਪ ਨੂੰ ਨਹੀਂ ਦੇਖਦੀਆਂ। ਦੂਜਿਆਂ ਨੂੰ ਦੇਖਦੀਆਂ ਹਨ। ਕਸੂਰ ਆਪਣਾ ਪਰ ਮੜ੍ਹਦੇ ਕਿਸੇ ਹੋਰ ਦੇ ਸਿਰ ਹਾਂ। ਜੇ ਕੋਈ ਗੱਲ ਨਾ ਬਣੇ ਤਾਂ ਫਿਰ ਦੋਸ਼ ਕਿਸਮਤ ਦਾ। ਮਨੁੱਖ ਨੇ ਕਿਸਮਤ ਦਾ ਰੂਪ ਆਪ ਹੀ ਘੜ੍ਹ ਲਿਆ।

ਵਾਸਤਵ ਵਿੱਚ ਆਪਣੇ ਬੀਜੇ ਦਾ ਫਲ ਅਸੀਂ ਆਪ ਹੀ ਕੱਟਦੇ ਹਾਂ। ਕਿਸੇ ਦਾ ਇਸ ਵਿੱਚ ਕੁਝ ਵੀ ਲੈਣਾ-ਦੇਣਾ ਨਹੀਂ ਹੈ। ਐਂਵੇ ਵਾਧੂ ਦੀ ਤੀਜੀ ਧਿਰ ਲਿਆ ਘੜੀਸਦੇ ਹਾਂ। ਹਵਾ ਚੱਲਦੀ ਹੈ। ਜਿਨ੍ਹਾਂ ਜਹਾਜ਼ਾ ਦੇ ਬਾਦਬਾਨ ਖੁਲ੍ਹੇ ਸਨ, ਅੱਗੇ ਤੁਰ ਗਏ। ਜਿਨ੍ਹਾਂ ਦੇ ਬੰਦ ਸਨ, ਉਹਨਾਂ ਨੇ ਹਵਾ ਦਾ ਫ਼ਾਇਦਾ ਨਾ ਲਿਆ। ਕਸੂਰ ਹਵਾ ਦਾ ਨਹੀਂ ਸੀ। ਹਵਾ ਸਭ ਲਈ ਦਿਨ-ਰਾਤ ਚੱਲਦੀ ਹੈ।

ਕੋਈ ਖ਼ੁਸ਼ ਹੈ ਅਤੇ ਕੋਈ ਨਿਰਾਸ਼। ਅਸੀਂ ਆਪਣੀ ਕਿਸਮਤ ਆਪ ਬਣਾਉਂਦੇ ਹਾਂ। ਹਵਾ ਚੋਰ-ਉਚੱਕੇ ਲਈ ਵੀ ਹੈ ਅਤੇ ਸਾਧ-ਸੰਤ ਲਈ ਵੀ। ਪਰਮਸਤਿ ਦੀਆਂ ਦਾਤਾਂ ਸਭ ਲਈ ਹਨ। ਉਹ ਨਿਰਪੱਖ ਹੈ। ਜੋ ਕੁਝ ਵੀ ਅਸੀਂ ਹਾਂ ਜਾਂ ਅਸੀਂ ਕਰਦੇ ਹਾਂ, ਅਸੀਂ ਹੀ ਜ਼ੁੰਮੇਵਾਰ ਹਾਂ। ਪਰਮਸਤਿ ਨਾ ਕਿਸੇ ਨੂੰ ਸਜ਼ਾ ਦਿੰਦਾ ਹੈ ਅਤੇ ਨਾ ਹੀ ਇਨਾਮ। ਉਸ ਦੀ ਦਇਆ ਅਸੀਮ ਹੈ। ਹਮੇਸ਼ਾ ਤੋਂ ਰਹੀ ਹੈ ਅਤੇ ਹਮੇਸ਼ਾ ਰਹੇਗੀ। ਇਹ ਸਾਡੇ ‘ਤੇ ਨਿਰਭਰ ਹੈ ਕਿ ਅਸੀਂ ਕਿਵੇਂ ਵਰਤਦੇ ਹਾਂ। ਨਾ ਰੱਬ ਨੂੰ ਦੋਸ਼ੀ ਬਣਾਉ, ਨਾ ਕਿਸੇ ਮਨੁੱਖ ਨੂੰ ਜਾਂ ਹੋਰ ਕਿਸੇ ਨੂੰ। ਆਪਣੇ ਅੰਦਰ ਝਾਤੀ ਮਾਰੋ। ਤੁਸੀਂ ਹੀ ਕਰਤਾ-ਧਰਤਾ ਹੋ।

ਸੋ ਬਲਵਾਨ ਹੋ ਜਾਉ। ਅਸੀਮ ਭਵਿੱਖ ਤੁਹਾਡੇ ਸਾਹਮਣੇ ਹੈ। ਆਪਣਾ ਭਵਿੱਖ ਆਪ ਬਣਾਉ। ਤੁਹਾਡੇ ਚੰਗੇ ਕਰਮ ਅਤੇ ਚੰਗੇ ਵਿਚਾਰ ਦੁਆਰਾ ਤੁਹਾਨੂੰ ਹਜ਼ਾਰਾਂ ਲੱਖਾਂ ਦੇਵਤਿਆਂ ਦਾ ਬਲ ਤੁਹਾਡੀ ਰੱਖਿਆ ਕਰਨ ਲਈ ਤਿਆਰ ਹੋਵੇਗਾ।

****
(4 ਅਪਰੈਲ 2007)

*****
(
Daljit Singh Rakhra)
1107 ? 10149 Saskathewan Drive
Edmonton AB T6E 6B6
Canada
Phone: (780) 989 - 2977

ਦਲਜੀਤ ਸਿੰਘ ਦੀਆਂ ਲਿਖਾਰੀ ਵਿੱਚ ਛਪੀਆਂ ਹੋਰ ਰਚਨਵਾਂ ਪੜ੍ਹਨ ਲਈ ਕਲਿੱਕ ਕਰੋ >>>>>>>>>>>>

 

e-mail:
ਲਿਖਾਰੀ
Likhari


? likhari: Punjabi Likhari Forum-2001-2007