ਸਤਾਰ੍ਹਵੀਂ ਸਦੀ ਵਿੱਚ ਬਰੂਕ ਸਪੀਨੋਜ਼, ਇੱਕ ਉੱਘਾ ਡੱਚ
ਦਾਰਸ਼ਨਿਕ ਅਤੇ ਧਰਮਸ਼ਾਸਤਰੀ ਹੋਇਆ ਹੈ। ਉਸ ਨੇ ਰੱਬ ਬਾਰੇ ਇੱਕ ਵਿਸ਼ਵ-ਪਰਸਿੱਧ ਕਿਤਾਬ,
‘ਐਥਿਕਸ’ (ਨੀਤੀ ਵਿਗਿਆਨ) ਲਿਖੀ ਜਿਹੜੀ ਉਸ ਦੇ ਮਰਨ ਉਪਰੰਤ ਛਾਪੀ ਗਈ। ਇਸ ਵਿੱਚ ਉਸ
ਨੇ ‘ਸਰਵਈਸ਼ਵਰਵਾਦ’ ਦਾ ਤਰਕਸ਼ੀਲ-ਸਿਧਾਂਤ ਪੇਸ਼ ਕੀਤਾ। ਉਸ ਦੇ ਮੱਤ ਨੇ ਰੱਬ ਨਾਲ
ਬੌਧਿਕ (ਬੁੱਧੀਮਾਨ, ਸਮਝਦਾਰੀ ਨਾਲ) ਪਿਆਰ ਦੀ ਹਿਮਾਇਤ ਕੀਤੀ। ਇਹ ਕਿਤਾਬ ਹੁਣ ਵੀ
ਵਿਦਵਾਨਾਂ ਨੂੰ ਬਹੁਤ ਪਰਭਾਵਤ ਕਰ ਰਹੀ ਹੈ।
ਸਪੀਨੋਜ਼ ਦਾ ਜਨਮ ਸੰਨ 1632 ਨੂੰ ਨੈਦਰਲੈਂਡਜ਼, ਜਿਸ ਨੂੰ ਆਮ ਤੌਰ ਤੇ ਹਾਲੈਂਡ
ਕਹਿੰਦੇ ਹਨ, ਵਿੱਚ ਐਮਸਟਰਡਮ ਦੇ ਸਥਾਨ ’ਤੇ ਹੋਇਆ। ਪਹਿਲਾਂ, ਸਪੀਨੋਜ਼ ਦੇ ਮਾਪੇ
ਪੁਰਤਗਾਲ ਵਿੱਚ ਰਹਿੰਦੇ ਸਨ। ਇਹ ਯਹੂਦੀ ਪਰਵਾਰ ਸੀ। ਉਸ ਸਮੇਂ ਪੁਰਤਗਾਲ ਵਿੱਚ
ਧਾਰਮਿਕ ਅਸਹਿਣਸ਼ੀਲਤਾ ਵਧੀ ਹੋਈ ਸੀ, ਜਿਸ ਕਾਰਨ ਇਹ ਪਰਵਾਰ ਪੁਰਤਗਾਲ ਛੱਡ ਕੇ
ਨੈਦਰਲੈਂਡਜ਼ ਚਲਿਆ ਗਿਆ। ਸਪੀਨੋਜ਼ ਦਾ ਪਿਤਾ, ਮਾਈਕਲ ਇੱਕ ਕਾਮਯਾਬ ਵਪਾਰੀ ਸੀ।
ਸਪੀਨੋਜ਼ ਦੀ ਮਾਤਾ, ਹੈਨ ਦਾ ਦਿਹਾਂਤ ਸੰਨ 1638 ਵਿੱਚ ਹੋ ਗਿਆ।
ਸਪੀਨੋਜ਼ ਦਾ ਮੁੱਢਲਾ ਨਾਂ ਬਰੂਕ ਸੀ ਜਿਸ ਦੇ ਹੀਬਰੂ ਭਾਸ਼ਾ ਵਿੱਚ ਅਰਥ ਹਨ
‘ਸੁਭਾਗਸ਼ਾਲੀ’। ਉਸ ਨੂੰ ਆਮ ਪੜ੍ਹਾਈ ਦੇ ਨਾਲ-ਨਾਲ ਯਹੂਦੀ ਧਾਰਮਿਕ ਵਿੱਦਿਆ ਵੀ
ਦਿੱਤੀ ਗਈ। ਬੇਸ਼ੱਕ ਸਪੀਨੋਜ਼ ਪੜ੍ਹਾਈ ਵਿੱਚ ਲਾਇਕ ਸੀ ਪਰ ਉਹ ਯਹੂਦੀ ਧਰਮ ਦੇ
ਪ੍ਰਾਚੀਨ ਧਰਮ ਗਰੰਥਾਂ, ਟੋਰਾ ਅਤੇ ਟਾਲਮੂਦ ਅਧਾਰਤ ਲਿਖਤਾਂ ’ਤੇ ਨਾ ਚੱਲ ਸਕਿਆ।
ਸਪੀਨੋਜ਼ ਨੇ ਪੜ੍ਹਾਈ ਛੱਡ ਕੇ ਆਪਣੇ ਪਿਤਾ ਦੇ ਕੰਮ ਵਿੱਚ ਹੱਥ ਵਟਾਉਣਾ ਸ਼ੁਰੂ ਕਰ
ਦਿੱਤਾ।
ਵਪਾਰਕ ਕੰਮ-ਧੰਦੇ ਦੌਰਾਨ ਉਸ ਦਾ ਖੁੱਲ੍ਹ-ਖਿਆਲੀਆਂ ਨਾਲ ਮੇਲ-ਜੋਲ ਹੁੰਦਾ ਗਿਆ। ਉਸ
ਉੱਤੇ ਕਾਰਟੀਜ਼ਨ ਦਰਸ਼ਨ (ਰੱਬ ਸਰਵਸ਼ਕਤੀਮਾਨ ਹੈ ਅਤੇ ਉਸੇ ਰਾਹੀਂ ਹੀ ਮੁਕਤੀ ਪ੍ਰਾਪਤ
ਹੋ ਸਕਦੀ ਹੈ) ਦਾ ਬਹੁਤ ਪ੍ਰਭਾਵ ਪਿਆ। ਉਸ ਸਮੇਂ ਹਾਲੈਂਡ ਵਿੱਚ ‘ਡੇਕਾਰਟ’ ਦੇ ਦਰਸ਼ਨ
ਦੀ ਬਹੁਤ ਚਰਚਾ ਸੀ। ਇਹ ਦਰਸ਼ਨ ‘ਕਾਰਟੀਜ਼ਨ ਦਰਸ਼ਨ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ।
ਡੇਕਾਰਟ (1596 – 1650) ਇੱਕ ਮਸ਼ਹੂਰ ਫ਼ਰਾਂਸੀਸੀ ਗਣਿਤ-ਸ਼ਾਸਤਰੀ, ਦਾਰਸ਼ਨਿਕ ਅਤੇ
ਵਿਗਿਆਨੀ ਸੀ। ਉਸ ਨੂੰ ਵਰਤਮਾਨ ਤਰਕ-ਬੁੱਧੀਵਾਦ (ਰੈਸ਼ਨਲਿਜ਼ਮ) ਦਾ ਮੋਢੀ ਵੀ ਕਿਹਾ
ਜਾਂਦਾ ਹੈ।
ਸਪੀਨੋਜ਼ ਮਜ਼ਹਬੀ ਕੱਟੜਵਾਦ ਦਾ ਵਿਰੋਧੀ ਬਣ ਗਿਆ। ਸਪੀਨੋਜ਼ ਅਬਰਾਹਮ ਜਾਂ ਆਈਜ਼ਕ ਦੇ
ਨਾਵਾਂ ਨਾਲ ਸੰਬੰਧਤ ਰੱਬ ਜਾਂ ਕੋਈ ਨਿੱਜੀ ਰੱਬ ਨਹੀਂ ਮੰਨਦਾ ਸੀ। ਉਸ ਨੇ ਨਾ ਬਾਈਬਲ
ਨੂੰ ਅਲਹਾਮੀ ਮੰਨਿਆ ਅਤੇ ਨਾ ਯਹੂਦੀ ਮੱਤ ਜਾਂ ਕਿਸੇ ਹੋਰ ਮਜ਼ਹਬ ਨੂੰ ਮੰਨਿਆ। ਉਸ ਦੇ
ਆਪਣੇ ਭਾਈਚਾਰੇ ਵਿੱਚ ਉਸ ਦੇ ਖ਼ਿਲਾਫ਼ ਤਕੜਾ ਵਿਵਾਦ ਖੜ੍ਹਾ ਹੋ ਗਿਆ। ਇਸ ਕਾਰਨ
ਸਪੀਨੋਜ਼ ਨੂੰ ਨਾਸਤਕ ਕਰਾਰ ਦੇ ਕੇ ਯਹੂਦੀ ਸਮਾਜ ਵਿੱਚੋਂ ਖ਼ਾਰਜ ਕਰ ਦਿੱਤਾ ਗਿਆ।
ਆਪਣੇ ਭਾਈਚਾਰੇ ਵਿੱਚੋਂ ਛੇਕੇ ਜਾਣ ਪਿੱਛੋਂ ਸਪੀਨੋਜ਼ ਨੇ ਸੰਨ 1656 ਵਿੱਚ ਆਪਣਾ ਨਾਂ
‘ਬੈਨਿਡਿਕਟ’ ਰੱਖ ਲਿਆ। ਬੈਨਿਡਿਕਟ ਲਾਤੀਨੀ ਸ਼ਬਦ ਹੈ, ਜਿਸ ਦੇ ਅਰਥ ਹਨ
‘ਸਲਾਹੁਣਯੋਗ’। ਨਾਂ ਬਦਲਣ ਦਾ ਇਹ ਮਤਲਬ ਨਹੀਂ ਕਿ ਉਹ ਇਸਾਈ ਬਣ ਗਿਆ ਸੀ। ਸਮਾਜ
ਵਿੱਚੋਂ ਛੇਕੇ ਜਾਣ ਦੇ ਬਾਵਜੂਦ ਉਹ ਆਪਣੇ ਵਿਚਾਰਾਂ ’ਤੇ ਚਟਾਨ ਵਾਂਗ ਡਟਿਆ ਰਿਹਾ।
ਸਮਾਜ ਵਿੱਚੋਂ ਛੇਕੇ ਜਾਣ ਕਾਰਨ ਉਸ ਦਾ ਕੰਮ-ਧੰਦਾ ਠੱਪ ਹੋ ਗਿਆ। ਉਹ ਲੈਨਜ਼ਾਂ
(ਐਨਕਾਂ ਆਦਿ ਦੇ ਸ਼ੀਸ਼ੇ) ਦੀ ਰਗੜਾਈ ਕਰ ਕੇ ਆਪਣੀ ਰੋਜ਼ੀ ਕਮਾਉਣ ਲੱਗ ਪਿਆ। ਇਸ ਕੰਮ
ਵਿੱਚ ਉਸ ਦੇ ਫੇਫੜੇ ਖ਼ਰਾਬ ਹੋ ਗਏ ਅਤੇ 45 ਸਾਲ ਦੀ ਉਮਰ ਵਿੱਚ ਚਲਾਣਾ ਕਰ ਗਿਆ।
ਸਪੀਨੋਜ਼ ਦਾ ਰੱਬ ਬਾਰੇ ਦਰਸ਼ਨ
ਸਪੀਨੋਜ਼ ਦੀ ਕਿਰਤ ‘ਐਥਿਕਸ’ ਵਿੱਚ ਰੱਬ ਬਾਰੇ ਉਸ ਦਾ
ਦਰਸ਼ਨ ਉਪਲਬਧ ਹੈ। ਸਪੀਨੋਜ਼ ‘ਐਥਿਕਸ’ ਵਿੱਚ ਲਿਖਦਾ ਹੈ: ਇੱਕ ਆਜ਼ਾਦ ਤਬੀਅਤ ਦਾ ਆਦਮੀ,
ਜਿਹੜਾ ਅਗਿਆਨੀ ਲੋਕਾਂ ਵਿੱਚ ਰਹਿੰਦਾ ਹੈ, ਜਿੱਥੋਂ ਤੱਕ ਹੋ ਸਕਦਾ ਹੈ ਉਹਨਾਂ ਕੋਲੋਂ
ਫ਼ਾਇਦੇ ਲੈਣ ਤੋਂ ਇਨਕਾਰ ਕਰਨ ਦੀ ਕੋਸ਼ਿਸ਼ ਕਰਦਾ ਹੈ...... ਉਹ ਆਦਮੀ, ਜਿਹੜਾ ਤਰਕ ਦੀ
ਅਗਵਾਈ ਕਬੂਲ ਕਰਦਾ ਹੈ, ਆਪਣੇ ਸਾਥੀਆਂ ਦੇ ਨਫ਼ਰਤ, ਕਰੋਧ, ਅਪਮਾਨ ਆਦਿ ਬਦਲੇ ਜਿੱਥੋਂ
ਤੱਕ ਹੋ ਸਕੇ ਪਿਆਰ ਅਤੇ ਉਦਾਰਤਾ ਦੇਣ ਦਾ ਯਤਨ ਕਰਦਾ ਹੈ।
‘ਐਥਿਕਸ’ ਦੇ ਪੰਜ ਭਾਗ ਹਨ। ਇਸ ਵਿੱਚ ਪਰਿਭਾਸ਼ਾਵਾਂ (ਡੈਫ਼ੀਨੀਸ਼ਨਜ਼), ਸੂਤਰ-ਰੂਪ
ਸਿਧਾਂਤ (ਪਰਾਪੋਜ਼ੀਸ਼ਨਜ਼) ਅਤੇ ਸਬੂਤ ਬਹੁਤ ਵਧੀਆ ਤਰਕ ਸ਼ੈਲੀ ਵਿੱਚ ਪੇਸ਼ ਕੀਤੇ ਗਏ ਹਨ।
ਇਹ ਰੱਬ ਬਾਰੇ ਅਧਿਆਤਮਵਾਦੀ ਵਿਸ਼ੇ ਤੋਂ ਸ਼ੁਰੂ ਕਰਦਾ ਹੈ। ਉਪਰੰਤ ਮਨ, ਜਜ਼ਬਿਆਂ,
ਬੁੱਧੀ, ਤਰਕ ਅਤੇ ਸੰਕਲਪ ਸ਼ਕਤੀ ਦੀ ਪ੍ਰਕ੍ਰਿਤੀ ਦੀ ਵਿਆਖਿਆ ਕਰਦਾ ਹੈ।
ਸਪੀਨੋਜ਼ ਰੱਬ ਅਤੇ ਕੁਦਰਤ ਨੂੰ ਇੱਕੋ ਮੰਨਦਾ ਹੈ। ਉਸ ਅਨੁਸਾਰ ਇਹ ਦੋ ਨਹੀਂ ਹਨ। ਉਸ
ਦਾ ਸਿਧਾਂਤ ਹੈ ਕਿ ਰੱਬ ਇੱਕ ਅਸੀਮ ਅਮਰ ਤੱਤ (ਸਬਸਟੈਂਸ) ਹੈ ਜਿਸ ਦੀ ਹੋਂਦ ਹੈ।
ਰੱਬ ਤੋਂ ਬਿਨਾਂ ਨਾ ਤਾਂ ਕੋਈ ਹੋਰ ਤੱਤ ਮੰਨਿਆ ਜਾ ਸਕਦਾ ਹੈ ਅਤੇ ਨਾ ਹੀ ਉਸ ਦੀ
ਕਲਪਨਾ ਕੀਤੀ ਜਾ ਸਕਦੀ ਹੈ। ਉਸ ਅਨੁਸਾਰ ਰੱਬ ਵਿੱਚ ਹਰੇਕ ਚੀਜ਼ ਹੈ, ਅਤੇ ਜਿਹੜੀਆਂ
ਚੀਜ਼ਾਂ ਬਣਾਈਆਂ ਜਾਂਦੀਆਂ ਹਨ, ਉਹ ਰੱਬ ਦੀ ਅਸੀਮ ਪ੍ਰਕ੍ਰਿਤੀ ਦੇ ਨੇਮਾਂ ਅਨੁਸਾਰ
ਬਣਾਈਆਂ ਜਾਂਦੀਆਂ ਹਨ। ਇਹ ਚੀਜ਼ਾਂ ਉਸ ਦੇ ਮੂਲ ਦੀ ਪ੍ਰਕ੍ਰਿਤੀ ਤੋਂ ਅਵੱਸ਼ਕ ਰੂਪ
ਵਿੱਚ ਬਣਦੀਆਂ ਚਲੀਆਂ ਆਉਂਦੀਆਂ ਹਨ। ਇਸ ਤਰ੍ਹਾਂ ਮਨੁੱਖ ਅਵੱਸ਼ਕ ਰੂਪ ਵਿੱਚ ਉਸੇ
ਇਕਾਈ ਨਾਲ ਜੁੜਿਆ ਹੋਇਆ ਹੈ ਕਿਉਂਕਿ ਤੱਤ-ਰੂਪ ਇੱਕੋ ਹੈ। ਸੋ ਅਸਲੀਅਤ ਵਿੱਚ ਉਹੀ
ਸਿਰਫ਼ ਇਕਾਈ ਹੈ ਜਿਸ ਨੂੰ ਭਾਵੇਂ ਰੱਬ ਕਹਿ ਲਈਏ ਜਾਂ ਪ੍ਰਕ੍ਰਿਤੀ।
ਸਪੀਨੋਜ਼ ਨੇ ਰੱਬ ਲਈ ‘ਸਬਸਟੈਂਸ’ ਦਾ ਸ਼ਬਦ ਵਰਤਿਆ ਹੈ।
ਆਪਾਂ ਪੰਜਾਬੀ ਭਾਸ਼ਾ ਵਿੱਚ ਉਸ ਨੂੰ ਤੱਤ ਕਹਿ ਲਿਆ। ਮੇਰਾ ਖ਼ਿਆਲ ਹੈ ਕਿ ਆਪਾਂ
ਸਪੀਨੋਜ਼ ਦੇ ਸਿਧਾਂਤ ਨੂੰ ਸਮਝਣ ਲਈ ਸਬਸਟੈਂਸ ਸ਼ਬਦ ਅਪਣਾ ਕੇ ਗੱਲ ਅਗਾਂਹ ਤੋਰੀਏ।
ਸਪੀਨੋਜ਼ ਸਬਸਟੈਂਸ ਨੂੰ ਕੀ ਸਮਝਦਾ ਹੈ? ਉਸ ਦੀ ਵਿਆਖਿਆ ਅਨੁਸਾਰ ਸਬਸਟੈਂਸ ਉਹ ਕੁਝ
ਹੈ ਜਿਹੜਾ ਆਪਣੇ ਆਪ ਵਿੱਚ ਹੈ ਅਤੇ ਆਪਣੇ ਆਪ ਵਿੱਚੋਂ ਹੀ ਪੈਦਾ ਹੋਇਆ ਹੈ। ਸਪੀਨੋਜ਼
ਦਾ ਮਤਲਬ ਹੈ ਕਿ ਇਸ ਦੇ ਗਰਭਤ ਹੋਣ ਲਈ ਇਸ ਨੂੰ ਕਿਸੇ ਹੋਰ ਦੇ ਗਰਭਤ ਹੋਣ ਦੇ ਸਹਾਰੇ
ਦੀ ਲੋੜ ਨਹੀਂ ਹੈ ਜਿਸ ਤੋਂ ਇਸ ਨੂੰ ਬਣਾਇਆ ਜਾਂਦਾ। ਕਿਉਂਕਿ ਸਬਸਟੈਂਸ ਨੂੰ ਕਿਸੇ
ਹੋਰ ਤੋਂ ਪੈਦਾ ਨਹੀਂ ਕੀਤਾ ਜਾ ਸਕਦਾ, ਇਸ ਵਾਸਤੇ ਇਹ ਆਪਣੇ ਆਪ ਦਾ ਕਾਰਨ ਆਪ ਹੀ
ਹੈ। ਦੂਸਰੇ ਸ਼ਬਦਾਂ ਵਿੱਚ ਇਸ ਦੇ ਮੂਲ ਵਿੱਚ ਹੀ ਹੋਂਦ ਹੈ ਜਾਂ ਇਹ ਕਹਿ ਲਵੋ ਕਿ
ਹੋਂਦ ਇਸ ਦੀ ਪ੍ਰਕ੍ਰਿਤੀ ਹੈ।
ਸਬਸਟੈਂਸ ਅਸੀਮ (ਇਨਫ਼ਿਨਿਟ) ਹੈ, ਕੋਈ ਸੀਮਾ ਨਹੀਂ, ਬੇਅੰਤ ਹੈ, ਅਨੰਤ ਹੈ ਅਤੇ ਇੱਕੋ
ਹੈ, ਹੋਰ ਕੋਈ ਨਹੀਂ। ਇਸ ਦੀ ਵਿਆਖਿਆ ਇਸ ਤਰ੍ਹਾਂ ਹੈ ਕਿ ਦੋ ਜਾਂ ਦੋ ਤੋਂ ਜ਼ਿਆਦਾ
ਸਬਸਟੈਂਸ ਇੱਕੋ ਤਰ੍ਹਾਂ ਦੇ ਗੁਣ (ਐਟਰੀਬਿਊਟ) ਨਹੀਂ ਰੱਖ ਸਕਦੇ। ਸਬਸਟੈਂਸ ਦੀ
ਪ੍ਰਕ੍ਰਿਤੀ ਦਾ ਖ਼ਾਸਾ ਹੈ ਕਿ ਇਸ ਦੀ ਹੋਂਦ ਹੋਣੀ ਚਾਹੀਦੀ ਹੈ। ਸਬਸਟੈਂਸ ਦੀ ਹੋਂਦ
ਅਵੱਸ਼ਕ ਤੌਰ ਤੇ ਸੀਮਤ ਹੋਵੇਗੀ ਜਾਂ ਅਸੀਮ। ਪਰੰਤੂ ਸਬਸਟੈਂਸ ਸੀਮਤ ਨਹੀਂ ਹੋ ਸਕਦਾ।
ਜੇ ਸਬਸਟੈਂਸ ਸੀਮਤ ਹੈ ਤਾਂ ਇਸ ਦਾ ਅਰਥ ਇਹ ਹੋਵੇਗਾ ਕਿ ਇੱਕੋ ਜੇਹੀ ਪ੍ਰਕ੍ਰਿਤੀ
ਵਾਲੇ ਕਿਸੇ ਦੂਸਰੇ ਸਬਸਟੈਂਸ ਨੇ ਇਸ ਨੂੰ ਸੀਮਤ ਕੀਤਾ ਹੋਇਆ ਹੈ ਜਿਸ ਦੀ ਵੀ ਅਵੱਸ਼ਕ
ਤੌਰ ਤੇ ਹੋਂਦ ਹੈ। ਇਸ ਤੋਂ ਇਹ ਨਤੀਜਾ ਨਿਕਲਦਾ ਹੈ ਕਿ ਇੱਕੋ ਤਰ੍ਹਾਂ ਦੇ ਗੁਣ ਰੱਖਣ
ਵਾਲੇ ਦੋ ਸਬਸਟੈਂਸ ਹਨ। ਇਹ ਗੱਲ ਬਿਲਕੁਲ ਬੇਤੁਕੀ ਬਣ ਜਾਂਦੀ ਹੈ। ਅਸੀਮ ਗੁਣ ਵਾਲਾ
ਸਬਸਟੈਂਸ ਸਿਰਫ਼ ਇੱਕੋ ਹੀ ਹੋ ਸਕਦਾ ਹੈ ਅਤੇ ਜਿਸ ਦੀ ਹੋਂਦ ਹੈ। ਦੋ ਨਹੀਂ ਹੋ ਸਕਦੇ।
ਇਸ ਨੂੰ ਅਟੱਲ ਸਚਾਈ (ਐਕਸੀਅਮ ੳਣੋਿਮ) ਦੇ ਤੌਰ ਤੇ ਸਵੀਕਾਰ ਕਰਨਾ ਹੋਵੇਗਾ।
ਸਬਸਟੈਂਸ ਸੰਪੂਰਨ ਹੈ ਅਤੇ ਅਵੰਡ ਹੈ। ਇਸ ਨੂੰ ਵੰਡਿਆ ਨਹੀਂ ਜਾ ਸਕਦਾ। ਜੇ ਸਬਸਟੈਂਸ
ਵੰਡਣਯੋਗ ਹੈ ਤਾਂ ਇਸ ਦੇ ਹਿੱਸੇ ਜਾਂ ਤਾਂ ਸਬਸਟੈਂਸ ਦੀ ਪ੍ਰਕ੍ਰਿਤੀ ਰੱਖਦੇ ਹੋਣਗੇ
ਜਾਂ ਨਹੀਂ। ਪਹਿਲੀ ਹਾਲਤ ਵਿੱਚ ਜੇ ਵੰਡੇ ਹੋਏ ਸਬਸਟੈਂਸ ਦੇ ਹਿੱਸਿਆਂ ਦੀ
ਪ੍ਰਕ੍ਰਿਤੀ ਉਹੀ ਹੈ ਤਾਂ ਇਸ ਤਰ੍ਹਾਂ ਕਈ ਸਬਸਟੈਂਸ ਬਣ ਗਏ। ਇਹ ਗੱਲ ਫਿਰ ਹਾਸੋਹੀਣੀ
ਬਣ ਗਈ। ਇੱਕੋ ਪ੍ਰਕ੍ਰਿਤੀ ਵਾਲੇ ਦੋ ਜਾਂ ਦੋ ਤੋਂ ਵੱਧ ਨਹੀਂ ਹੋ ਸਕਦੇ। ਦੂਜੀ ਹਾਲਤ
ਵਿੱਚ ਜੇ ਵੰਡੇ ਸਬਸਟੈਂਸ ਦੀ ਪ੍ਰਕ੍ਰਿਤੀ ਉਹੀ ਨਹੀਂ ਹੈ ਤਾਂ ਉਹ ਸੰਪੂਰਨ ਅਸੀਮ
ਨਹੀਂ ਹੈ। ਇਹ ਗੱਲ ਫਿਰ ਗ਼ਲਤ ਹੋ ਗਈ। ਇਸ ਤੋਂ ਇਹ ਗੱਲ ਸਿੱਧ ਹੁੰਦੀ ਹੈ ਕਿ
ਸਬਸਟੈਂਸ ਦੇ ਹਿੱਸੇ ਨਹੀਂ ਹੋ ਸਕਦੇ। ਸਬਸਟੈਂਸ ਅਵੰਡ ਹੈ।
ਸਪੀਨੋਜ਼ ਨੇ ਸਬਸਟੈਂਸ ਸ਼ਬਦ ਰੱਬ ਲਈ ਵਰਤਿਆ ਹੈ। ਇਸ ਵਾਸਤੇ ਸਿੱਧ ਹੁੰਦਾ ਹੈ ਕਿ
ਸੰਪੂਰਨ ਅਸੀਮ ਪ੍ਰਕ੍ਰਿਤੀ ਰੱਖਣ ਵਾਲਾ ਸਿਰਫ਼ ਰੱਬ ਹੈ। ਉਸੇ ਵਿੱਚ ਹੀ ਮੂਲ ਗੁਣ ਹਨ
ਅਤੇ ਉਸ ਦੀ ਅਵੱਸ਼ਕ ਤੌਰ ਤੇ ਹੋਂਦ ਹੈ। ਰੱਬ ਤੋਂ ਬਿਨਾਂ ਹੋਰ ਕੋਈ ਸੰਪੂਰਨ ਅਸੀਮ
ਗੁਣ ਦੀ ਅਤੇ ਹੋਂਦ ਦੀ ਪ੍ਰਕ੍ਰਿਤੀ ਨਹੀਂ ਰੱਖਦਾ ਹੈ। ਇਸ ਵਾਸਤੇ ਹੋਰ ਕਿਸੇ ਨੂੰ
ਰੱਬ ਨਹੀਂ ਮੰਨਿਆ ਜਾ ਸਕਦਾ। ਇਹ ਗੱਲ ਵੀ ਸਾਫ਼ ਹੋ ਜਾਂਦੀ ਹੈ ਕਿ ਰੱਬ ਤੋਂ ਹੋਰ ਰੱਬ
ਨਹੀਂ ਬਣ ਸਕਦੇ ਕਿਉਂਕਿ ਰੱਬ ਅਵੰਡ ਹੈ, ਵੰਡਿਆ ਨਹੀਂ ਜਾ ਸਕਦਾ। ਸੋ ਸਪੀਨੋਜ਼ ਦਾ
ਸਿਧਾਂਤ ਹੈ ਕਿ ਹਰੇਕ ਚੀਜ਼ ਰੱਬ ਵਿੱਚ ਹੈ ਅਤੇ ਸਾਰੀਆਂ ਚੀਜ਼ਾਂ ਰੱਬ ਦੀ ਅਸੀਮ
ਪ੍ਰਕ੍ਰਿਤੀ ਦੇ ਨੇਮਾਂ ਅਨੁਸਾਰ ਅਵੱਸ਼ਕ ਤੌਰ ’ਤੇ ਬਣਦੀਆਂ ਚਲੀਆਂ ਆ ਰਹੀਆਂ ਹਨ।
ਰੱਬ ਅਤੇ ਰੱਬ ਦੇ ਸਾਰੇ ਗੁਣ ਸਦੀਵੀ ਹਨ, ਨਿਰੰਤਰ ਹਨ। ਇਸ ਬਾਰੇ ਸਪੀਨੋਜ਼ ਕਹਿੰਦਾ
ਹੈ ਕਿ ਰੱਬ ਉਹ ਸਬਸਟੈਂਸ ਹੈ ਜਿਹੜਾ ਅਵੱਸ਼ਕ ਤੌਰ ‘ਤੇ ਹੋਂਦ ਰੱਖਦਾ ਹੈ। ਕਿਉਂਕਿ ਇਸ
ਦੀ ਪ੍ਰਕ੍ਰਿਤੀ ਹੋਂਦ ਹੈ ਅਤੇ ਹੋਂਦ ਚਲਦੀ ਰਹਿੰਦੀ ਹੈ, ਇਸ ਵਾਸਤੇ ਇਹ ਨਤੀਜਾ
ਨਿਕਲਦਾ ਹੈ ਕਿ ਇਹ ਅਮਰ ਹੈ, ਸਦੀਵੀ ਹੈ, ਨਿਰੰਤਰ ਹੈ।
ਹੋਂਦ ਲਈ ਜਾਂ ਕਿਸੇ ਕਾਰਜ ਲਈ ਜੋ ਕੁਝ ਵੀ ਨਿਸ਼ਚਤ ਹੁੰਦਾ ਹੈ, ਰੱਬ ਦੁਆਰਾ ਹੁੰਦਾ
ਹੈ। ਸੰਪੂਰਨ ਪ੍ਰਕ੍ਰਿਤੀ ਵਾਲੇ ਰੱਬ ਦੇ ਗੁਣ ਤੋਂ ਸਭ ਚੀਜ਼ਾਂ ਅਸੀਮ ਅਤੇ ਸਦੀਵੀ ਹੀ
ਬਣਦੀਆਂ ਹਨ। ਕੋਈ ਵੀ ਚੀਜ਼ ਸੀਮਤ ਨਹੀਂ ਹੈ। ਸਾਰੀਆਂ ਵਿਧੀਆਂ ਉਸੇ ਦੀਆਂ ਹਨ। ਇਹ
ਵਿਧੀਆਂ ਵੀ ਉਸੇ ਦੇ ਗੁਣ ਹਨ ਜਾਂ ਉਹਨਾਂ ਗੁਣਾਂ ਦੀ ਸੁਧਾਈ ਹੈ।
ਕੋਈ ਵੀ ਚੀਜ਼ ਜਿਹੜੀ ਸੀਮਤ ਹੈ ਅਤੇ ਨਿਸ਼ਚਤ ਹੋਂਦ ਰੱਖਦੀ ਹੈ, ਉਸ ਦੀ ਹੋਂਦ ਨਹੀਂ ਹੋ
ਸਕਦੀ ਅਤੇ ਨਾ ਹੀ ਉਸ ਦਾ ਕਾਰਜ ਨਿਸ਼ਚਤ ਹੋ ਸਕਦਾ ਹੈ ਜਿੰਨਾ ਚਿਰ ਕੋਈ ਹੋਰ ਕਾਰਨ ਇਸ
ਦੇ ਕਾਰਨ ਅਤੇ ਹੋਂਦ ਨੂੰ ਨਿਸ਼ਚਤ ਨਹੀਂ ਕਰਦਾ। ਫਿਰ ਉਹ ਕਾਰਨ ਵੀ ਸੀਮਤ ਹੁੰਦਾ ਹੈ।
ਉਸ ਲਈ ਵੀ ਹੋਰ ਕਾਰਨ ਚਾਹੀਦਾ ਹੈ। ਇਸ ਤਰ੍ਹਾਂ ਫਿਰ ਹੋਰ ਕਾਰਨ। ਤਾਂ ਫਿਰ ਕਾਰਨ ਦੀ
ਲੜੀ ਵੀ ਅਮੁਕ ਹੋਈ ਅਤੇ ਅਸੀਮ ਹੋਈ। ਕਿਉਂਕਿ ਰੱਬ ਆਪ ਅਸੀਮ ਹੈ, ਇਸ ਲਈ ਉਸ ਦੀ
ਪ੍ਰਕ੍ਰਿਤੀ ਹੈ ਕਿ ਜੋ ਕੁਝ ਬਣਦਾ ਹੈ, ਸਭ ਅਸੀਮ ਹੈ ਅਤੇ ਸਦੀਵੀ ਹੈ। ਰੱਬ ਨੇ ਕੁਝ
ਚੀਜ਼ਾਂ ਤਤਕਾਲੀ ਬਣਾਈਆਂ ਹੋਣਗੀਆਂ। ਉਹ ਚੀਜ਼ਾਂ ਪਹਿਲੇ ਕਾਰਨਾਂ ਦੁਆਰਾ ਰੱਬ ਦੀ
ਸੰਪੂਰਨ ਪ੍ਰਕ੍ਰਿਤੀ ਤੋਂ ਅਵੱਸ਼ਕ ਤੌਰ ’ਤੇ ਬਣੀਆਂ ਹੋਣਗੀਆਂ। ਸੋ ਜਿਹੜੀਆਂ ਚੀਜ਼ਾਂ
ਤਤਕਾਲੀ ਬਣੀਆਂ, ਰੱਬ ਉਨ੍ਹਾਂ ਦਾ ਆਪ ਕਾਰਨ ਬਣਿਆ। ਕਾਰਨ ਤੋਂ ਬਗ਼ੈਰ ਰੱਬ ਦੇ
ਪ੍ਰਭਾਵ ਦੇਖੇ ਨਹੀਂ ਜਾ ਸਕਦੇ। ਇਸ ਤੋਂ ਇਹ ਵੀ ਨਤੀਜਾ ਨਿਕਲਦਾ ਹੈ ਕਿ
ਇਕੱਲੀਆਂ-ਇਕੱਲੀਆਂ ਚੀਜ਼ਾਂ ਦੇ ਦੂਰਵਰਤੀ ਕਾਰਨ ਨੂੰ ਰੱਬ ਨਾਲ ਨਹੀਂ ਜੋੜਿਆ ਜਾ ਸਕਦਾ
ਜਿੰਨਾ ਚਿਰ ਅਸੀਂ ਇਹਨਾਂ ਦਾ ਰੱਬ ਦੀ ਪ੍ਰਕ੍ਰਿਤੀ ਕਰਕੇ ਰੱਬ ਦੀਆਂ ਤਤਕਾਲੀ ਬਣਾਈਆਂ
ਚੀਜ਼ਾਂ ਨਾਲੋਂ ਨਖੇੜ ਨਹੀਂ ਕਰਦੇ। ਸੋ ਦੂਰਵਰਤੀ ਕਾਰਨ ਨੂੰ ਉਸ ਦੇ ਪ੍ਰਭਾਵ ਨਾਲ
ਨਹੀਂ ਜੋੜਿਆ ਜਾ ਸਕਦਾ। ਪਰੰਤੂ ਸਾਰੀਆਂ ਚੀਜ਼ਾਂ ਜੋ ਵੀ ਹਨ ਰੱਬ ਵਿੱਚ ਹਨ ਅਤੇ ਰੱਬ
’ਤੇ ਨਿਰਭਰ ਹਨ ਅਤੇ ਬਿਨਾਂ ਉਸ ਤੋਂ ਨਾ ਉਹਨਾਂ ਦੀ ਹੋਂਦ ਹੋ ਸਕਦੀ ਹੈ ਅਤੇ ਨਾ ਹੀ
ਪੈਦਾ ਹੋ ਸਕਦੀਆਂ ਹਨ।
ਚੀਜ਼ਾਂ ਜਾਂ ਹਾਲਾਤ ਦੀ ਪ੍ਰਕ੍ਰਿਤੀ ਵਿੱਚ ਇਤਫ਼ਾਕੀਆ, ਸਬੱਬੀ ਜਾਂ ਅਚਨਚੇਤ ਵਰਗੀ ਕੋਈ
ਵੀ ਗੱਲ ਬਖ਼ਸ਼ੀ ਨਹੀਂ ਹੋਈ। ਸਾਰੀਆਂ ਚੀਜ਼ਾਂ ਦੀ ਹੋਂਦ ਅਤੇ ਉਹਨਾਂ ਦੇ ਕੰਮ-ਕਾਜ ਕਰਨ
ਦੇ ਢੰਗਾਂ ਨੂੰ ਰੱਬੀ ਪ੍ਰਕ੍ਰਿਤੀ ਦੁਆਰਾ ਨਿਸ਼ਚਤ ਕੀਤਾ ਗਿਆ ਹੁੰਦਾ ਹੈ। ਜੋ ਕੁਝ ਵੀ
ਹੈ, ਰੱਬ ਵਿੱਚ ਹੈ। ਰੱਬ ਨੂੰ ਇਤਫ਼ਾਕੀਆ ਜਾਂ ਅਚਨਚੇਤ ਨਹੀਂ ਕਿਹਾ ਜਾ ਸਕਦਾ। ਉਸ ਦੀ
ਹੋਂਦ ਅਵੱਸ਼ਕ ਹੈ, ਇਤਫ਼ਾਕੀਆ ਨਹੀਂ ਹੈ। ਉਸ ਦੀਆਂ ਵਿਧੀਆਂ ਵੀ ਇਤਫ਼ਾਕੀਆ ਨਹੀਂ ਹਨ।
ਕੋਈ ਐਸੀ ਚੀਜ਼ ਨਹੀਂ ਹੈ ਜਿਸ ਦੀ ਪ੍ਰਕ੍ਰਿਤੀ ਤੋਂ ਕੋਈ ਪ੍ਰਭਾਵ ਨਾ ਨਿਕਲਦਾ ਹੋਵੇ।
ਸਾਰੇ ਮਨੁੱਖ ਪ੍ਰਸਥਿਤੀਆਂ ਦੇ ਕਾਰਨਾਂ ਤੋਂ ਅਣਜਾਣ ਪੈਦਾ ਹੁੰਦੇ ਹਨ ਅਤੇ ਸਾਰਿਆਂ
ਦੀ ਇੱਛਿਆ ਹੁੰਦੀ ਹੈ ਕਿ ਜੋ ਕੁਝ ਫ਼ਾਇਦੇਮੰਦ ਹੈ, ਉਸ ਨੂੰ ਪ੍ਰਾਪਤ ਕੀਤਾ ਜਾਏ। ਇਸ
ਬਾਰੇ ਉਹ ਚੇਤਨ ਹੁੰਦੇ ਹਨ। ਜਿਸ ਹੱਦ ਤੱਕ ਮਨੁੱਖ ਆਪਣੇ ਸੰਕਲਪਾਂ ਅਤੇ ਇੱਛਿਆਵਾਂ
ਪ੍ਰਤੀ ਚੇਤਨ ਹੁੰਦੇ ਹਨ, ਉਸੇ ਹੱਦ ਤੱਕ ਉਹ ਸਮਝਦੇ ਹਨ ਕਿ ਉਹਨਾਂ ਦੀ ਸੋਚ ਆਜ਼ਾਦ
ਹੈ। ਕਿਉਂਕਿ ਉਹ ਆਪਣੀਆਂ ਖ਼ਾਹਸ਼ਾਂ, ਇੱਛਿਆਵਾਂ ਦੇ ਕਾਰਨਾਂ ਨੂੰ ਨਹੀਂ ਜਾਣਦੇ
ਹੁੰਦੇ, ਇਸ ਵਾਸਤੇ ਉਹਨਾਂ ਨੂੰ ਇਹਨਾਂ ਸੰਕਲਪਾਂ ਦੀ ਹੋਂਦ ਬਾਰੇ ਵੀ ਪਤਾ ਨਹੀਂ
ਹੁੰਦਾ।
ਮਨੁੱਖ ਵਾਪਰ ਰਹੀਆਂ ਗੱਲਾਂ ਦੇ ਮੁੱਢਲੇ ਕਾਰਨ ਜਾਣਨਾ ਚਾਹੁੰਦੇ ਹਨ ਪਰੰਤੂ ਜਦੋਂ
ਉਹਨਾਂ ਨੂੰ ਕਿਸੇ ਤੋਂ ਪਤਾ ਨਹੀਂ ਲਗਦਾ, ਉਹ ਆਪਣੇ ਆਪ ਵੱਲ ਮੁੜਦੇ ਹਨ ਅਤੇ ਆਪ ਹੀ
ਉਹਨਾਂ ਦੀ ਪ੍ਰਕ੍ਰਿਤੀ ਦਾ ਅੰਦਾਜ਼ਾ ਲਾਉਂਦੇ ਹਨ। ਮਨੁੱਖ ਆਪ ਹੀ ਸਿੱਟਾ ਕੱਢ ਲੈਂਦਾ
ਹੈ ਕਿ ਕੁਦਰਤ ਨੇ ਸਭ ਚੀਜ਼ਾਂ ਉਸ ਦੀ ਵਰਤੋਂ ਲਈ ਹੀ ਬਣਾਈਆਂ ਹਨ।
ਮਨੁੱਖ ਫਿਰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਕਿ ਇਹ ਚੀਜ਼ਾਂ ਕਿਸ ਨੇ ਪੈਦਾ ਕੀਤੀਆਂ ਹਨ
ਕਿਉਂਕਿ ਇਹ ਆਪੇ ਤਾਂ ਬਣੀਆਂ ਨਹੀਂ। ਇਸ ਤੋਂ ਉਹ ਉਹਨਾਂ ਚੀਜ਼ਾਂ ਨੂੰ ਪੈਦਾ ਕਰਨ ਅਤੇ
ਪਾਲਣ-ਪੋਸਣ ਵਾਲੇ ਬਾਰੇ ਸੋਚਦਾ ਹੈ। ਇਸ ਪ੍ਰਕਿਰਿਆ ਵਿੱਚ ਉਹ ਮਨੁੱਖੀ ਸਮਰੱਥਾ ਦੀ
ਆਜ਼ਾਦ ਸੋਚ ਦੇ ਸੁਭਾ ਵਾਲਾ ਰਚਣਹਾਰਾ ਜਾਂ ਰਚਣਹਾਰੇ ਘੜ ਲੈਂਦਾ ਹੈ। ਉਹ ਚੀਜ਼ਾਂ ਉਸ
ਦੀਆਂ ਇੱਛਿਆਵਾਂ ਦਾ ਜ਼ਰੀਆ ਬਣ ਜਾਂਦੀਆਂ ਹਨ।
ਸੋ ਮਨੁੱਖ ਕਹਿੰਦਾ ਹੈ ਕਿ ਰੱਬ ਨੇ ਇਹ ਸਭ ਚੀਜ਼ਾਂ ਮਨੁੱਖ ਦੀ ਵਰਤੋਂ ਵਾਸਤੇ ਬਣਾਈਆਂ
ਹਨ ਅਤੇ ਮਨੁੱਖ ਨੂੰ ਹੀ ਇਹਨਾਂ ਦੀ ਵਰਤੋਂ ਕਰਨ ਦਾ ਮਾਣ ਹਾਸਲ ਹੈ। ਇਸ ਤੋਂ ਹੀ
ਮਨੁੱਖ ਨੇ ਆਪਣੇ ਮਨ ਦੀ ਕਾਢ ਤੋਂ ਰੱਬ ਦੀ ਪੂਜਾ ਦੇ ਵੱਖਰੇ ਵੱਖਰੇ ਢੰਗ ਅਪਣਾ ਲਏ।
ਮਨੁੱਖ ਸਮਝਦਾ ਹੈ ਕਿ ਉਸ ਦੀ ਅੰਨ੍ਹੀ ਸ਼ਰਧਾ ਕਾਰਨ ਰੱਬ ਉਸ ਨਾਲ ਸਭ ਨਾਲੋਂ ਜ਼ਿਆਦਾ
ਪਿਆਰ ਕਰੇਗਾ ਅਤੇ ਸਾਰੀਆਂ ਨਿਆਮਤਾਂ ਉਸੇ ਨੂੰ ਦੇਵੇਗਾ। ਇਸ ਤਰ੍ਹਾਂ ਇਹ ਗ਼ਲਤ ਧਾਰਨਾ
ਵਹਿਮ ਵਿੱਚ ਤਬਦੀਲ ਹੋ ਗਈ ਅਤੇ ਉਸ ਦੇ ਮਨ ਵਿੱਚ ਪੱਕੀ ਤਰ੍ਹਾਂ ਦ੍ਰਿੜ੍ਹ ਕਰ ਗਈ।
ਮਨੁੱਖ ਨੇ ਬੜੀ ਘਾਲਣਾ ਨਾਲ ਅੰਤਮ ਕਾਰਨਾਂ ਨੂੰ ਲੱਭਣ ਦੇ ਯਤਨ ਕੀਤੇ ਪਰ ਲਗਦਾ ਹੈ
ਕਿ ਇਸ ਘਾਲਣਾ ਨੇ ਕੁਦਰਤ, ਰੱਬ ਅਤੇ ਮਨੁੱਖਾਂ ਭਾਵ ਸਭ ਨੁੰ ਬੇਸਮਝੀ ਦੇ ਰੂਪ ਵਿੱਚ
ਹੀ ਪ੍ਰੱਸਤੁਤ ਕੀਤਾ ਹੈ। ਮਨੁੱਖ ਦੇ ਸੋਚੇ ਅੰਤਮ ਕਾਰਨ ਮਨ-ਘੜਤ ਹਨ। ਪ੍ਰਕ੍ਰਿਤੀ
ਕਿਸੇ ਖ਼ਾਸ ਅਵੱਸ਼ਕਤਾ ਅਤੇ ਸੰਪੂਰਨਤਾ ਨਾਲ ਕੰਮ ਕਰ ਰਹੀ ਹੁੰਦੀ ਹੈ।
ਇਸ ਗੱਲ ਨੂੰ ਸਮਝਣ ਲਈ ਇਹ ਉਦਾਹਰਨ ਸਮਝੋ। ਕੋਈ ਮਨੁੱਖ ਕਿਸੇ ਥਾਂ ਤੋਂ ਲੰਘਦਾ ਹੈ।
ਇੱਕ ਪੱਥਰ ਛੱਤ ਤੋਂ ਡਿਗ ਕੇ ਉਸ ਦੇ ਸਿਰ ਤੇ ਵਜਦਾ ਹੈ ਅਤੇ ਉਹ ਮਨੁੱਖ ਮਰ ਜਾਂਦਾ
ਹੈ। ਲੋਕ ਕਹਿਣਗੇ ਕਿ ਹੋਣੀ ਨੇ ਇਹ ਪੱਥਰ ਉਸ ਆਦਮੀ ਨੂੰ ਮਾਰਨ ਵਾਸਤੇ ਭੇਜਿਆ ਸੀ।
ਜੇ ਰੱਬ ਦੀ ਮਰਜ਼ੀ ਨਾ ਹੁੰਦੀ, ਇਹ ਕਿਵੇਂ ਹੋ ਸਕਦਾ ਕਿ ਇਹ ਸਾਰੇ ਹਾਲਾਤ ਇਤਫ਼ਾਕੀਆਂ
ਇੱਕੋ ਸਮੇਂ ਇਕੱਠੇ ਹੋ ਗਏ? ਤੁਸੀਂ ਕਹਿ ਸਕਦੇ ਹੋ ਕਿ ਨਹੀਂ, ਇਹ ਅਚਨਚੇਤ ਨਹੀਂ ਹੈ।
ਹਵਾ ਤੇਜ਼ ਚੱਲ ਰਹੀ ਸੀ। ਇਸ ਮਨੁੱਖ ਨੂੰ ਉਸ ਥਾਂ ਤੋਂ ਲੰਘਣਾ ਪਿਆ ਅਤੇ ਇਹ ਘਟਨਾ
ਵਾਪਰ ਗਈ। ਲੋਕਾਂ ਦਾ ਇਕਦਮ ਉੱਤਰ ਹੋਵੇਗਾ ਕਿ ਉਸੇ ਸਮੇਂ ਹਵਾ ਕਿਉਂ ਚੱਲ ਰਹੀ ਸੀ
ਅਤੇ ਉਹ ਮਨੁੱਖ ਉਸੇ ਸਮੇਂ ਹੀ ਕਿਉਂ ਉਸ ਥਾਂ ਤੋਂ ਲੰਘ ਰਿਹਾ ਸੀ? ਤੁਸੀਂ ਫਿਰ ਜਵਾਬ
ਦਿਉਗੇ ਕਿ ਉਸ ਸਮੇਂ ਸਮੁੰਦਰ ਵਿੱਚ ਤੂਫ਼ਾਨ ਉਭਰਨ ਕਰ ਕੇ ਹਵਾ ਵਿੱਚ ਤੇਜ਼ੀ ਆ ਗਈ ਸੀ
ਅਤੇ ਉਹ ਆਦਮੀ ਆਪਣੇ ਦੋਸਤ ਦੇ ਸੱਦੇ ’ਤੇ ਜਾ ਰਿਹਾ ਸੀ। ਪਰੰਤੂ ਫਿਰ ਸਵਾਲ ਕੀਤਾ
ਜਾਏਗਾ ਕਿ ਸਮੁੰਦਰ ਵਿੱਚ ਤੂਫ਼ਾਨ ਉਸੇ ਸਮੇਂ ਕਿਉਂ ਉੱਠਿਆਂ ਅਤੇ ਉਸ ਦੇ ਦੋਸਤ ਨੇ
ਉਸੇ ਸਮੇਂ ਕਿਉਂ ਉਸ ਨੂੰ ਆਉਣ ਵਾਸਤੇ ਸੱਦਾ ਦਿੱਤਾ? ਇਸ ਤਰ੍ਹਾਂ ਸਵਾਲਾਂ ਦੀ ਲੜੀ
ਕਦੇ ਖ਼ਤਮ ਨਹੀਂ ਹੋਵੇਗੀ ਅਤੇ ਨਾ ਹੀ ਜਵਾਬਾਂ ਵਿੱਚ ਕਾਰਨਾਂ ਦੀ। ਅੰਤ ਗੱਲ ਰੱਬ ਦੀ
ਮਰਜ਼ੀ ’ਤੇ ਨਿਬੜੇਗੀ। ਕਿਉਂਕਿ ਕਾਰਨ ਅਸੀਮ ਹਨ ਅਤੇ ਮਨੁੱਖ ਦੀ ਦ੍ਰਿਸ਼ਟੀ ਤੋਂ ਦੂਰ
ਹੋ ਜਾਂਦੇ ਹਨ, ਇਸ ਵਾਸਤੇ ਮਨੁੱਖ ਸੀਮਤ ਗਿਆਨ ਇੰਦਰੀਆਂ ਤੱਕ ਹੀ ਸੀਮਤ ਹੋ ਜਾਂਦਾ
ਹੈ, ਅਗਿਆਨਤਾ ਦੇ ਘੇਰੇ ਵਿੱਚ ਆ ਜਾਂਦਾ ਹੈ। ਅਸਲ ਵਿੱਚ ਇਹ ਅਗਿਆਨਤਾ ਹੈ ਜਿਸ ਦਾ
ਸਹਾਰਾ ਲਿਆ ਜਾਂਦਾ ਹੈ।
ਜਿਹੜੀਆਂ ਗੱਲਾਂ ਸਾਡੀਆਂ ਗਿਆਨ ਇੰਦਰੀਆਂ ਦੇ ਕਾਰਜ-ਮੰਡਲ ਵਿੱਚ ਵਾਪਰਦੀਆਂ ਹਨ,
ਅਸੀਂ ਉਹਨਾਂ ਬਾਰੇ ਕਹਿੰਦੇ ਹਾਂ ਕਿ ਇਹ ਜੁਗਤ ਵਿੱਚ ਹਨ, ਤਰਤੀਬ ਵਿੱਚ ਹਨ। ਪਰੰਤੂ
ਜਿਹੜੀਆਂ ਗੱਲਾਂ ਗਿਆਨ ਇੰਦਰੀਆਂ ਦੇ ਕਲਾਵੇ ਵਿੱਚ ਨਹੀਂ ਆਉਂਦੀਆਂ (ਸਮਝ ਨਹੀਂ
ਪੈਂਦੀ), ਅਸੀਂ ਕਹਿ ਦਿੰਦੇ ਹਾਂ ਕਿ ਇਹ ਬੇਤਰਤੀਬ ਹਨ ਅਤੇ ਉਲਝੀਆਂ ਹੋਈਆਂ ਹਨ,
ਰੱਲਗਡ ਹਨ। ਵਾਸਤਵ ਵਿੱਚ ਰੱਲਗਡ ਕੁਝ ਵੀ ਨਹੀਂ ਹੈ। ਸੰਪੂਰਨ ਰੱਬ ਵਿੱਚ ਸੰਪੂਰਨ
ਪ੍ਰਕ੍ਰਿਤੀ ਹੈ ਅਤੇ ਸਭ ਕੁਝ ਤਰਤੀਬ ਵਿੱਚ ਅਟੱਲ ਹੈ। ਅਟੱਲ ਇਸ ਕਰਕੇ ਕਿਉਂਕਿ ਰੱਬ
ਦੀ ਹੋਂਦ ਹੈ ਅਤੇ ਉਹ ਆਪ ਅਟੱਲ ਹੈ।
ਮਨੁੱਖ ਦੀ ਕਲਪਨਾ ਸ਼ਕਤੀ ਮਨੁੱਖ ਦੀਆਂ ਗਿਆਨ ਇੰਦਰੀਆਂ ਤੱਕ ਹੀ ਸੀਮਤ ਹੈ। ਗਿਆਨ
ਮਨੁੱਖ ਦੀਆਂ ਗਿਆਨ ਇੰਦਰੀਆਂ ਦੇ ਤਜਰਬਿਆਂ ਦਾ ਸਿੱਟਾ ਹੁੰਦਾ ਹੈ। ਜਿੱਥੇ ਮਨੁੱਖ
ਦੀਆਂ ਗਿਆਨ ਇੰਦਰੀਆਂ ਨਹੀਂ ਪਹੁੰਚ ਸਕਦੀਆਂ, ਉਸ ਬਾਰੇ ਮਨੁੱਖ ਦਾ ਗਿਆਨ ਅਧੂਰਾ ਹੈ।
ਇਸ ਕਾਰਨ ਮਨੁੱਖ ਕੋਲ ਗਿਆਨ ਸੀਮਤ ਹੈ ਅਤੇ ਉਹ ਸੀਮਤ ਗਿਆਨ ਰਾਹੀਂ ਸੀਮਤ ਸਮਝਦਾਰੀ
ਤੋਂ ਕੰਮ ਲੈਂਦਾ ਹੈ। ਰੱਬ ਦੀ ਸੰਸਾਰਕ ਪਰਣਾਲੀ ਅਸੀਮ ਹੈ। ਇਸ ਕਰਕੇ ਅਨੇਕਾਂ ਕਾਰਨ
ਮਨੁੱਖ ਦੀ ਦ੍ਰਿਸ਼ਟੀ ਤੋਂ ਲੁਕੇ ਰਹਿੰਦੇ ਹਨ। ਪਰੰਤੂ ਦਲੀਲ, ਤਰਕ ਉਸ ਨੂੰ ਅਪਹੁੰਚ
ਤੱਕ ਰਸਾਈ ਦੇਣ ਦੇ ਯੋਗ ਬਣਾਉਂਦੇ ਹਨ।
ਸੰਪੂਰਨ ਰੱਬ ਤੋਂ ਸਭ ਕੁਝ ਸੰਪੂਰਨ ਹੈ। ਕਿਸੇ ਨੂੰ ਚੰਗਾ ਜਾਂ ਮਾੜਾ ਆਦਮੀ ਆਪਣੇ
ਫ਼ਾਇਦੇ-ਨੁਕਸਾਨ ਨੂੰ ਜੋੜ ਕੇ ਕਹਿੰਦਾ ਹੈ। ਜਿਸ ਤਰ੍ਹਾਂ ਮਨੁਖਾਂ ਦੇ ਸੁਆਦ ਵੱਖ-ਵੱਖ
ਹਨ, ਉਸੇ ਤਰ੍ਹਾਂ ਲੋਕਾਂ ਦੇ ਮਨ ਅੱਡ-ਅੱਡ ਹਨ, ਵਿਚਾਰ ਅੱਡ-ਅੱਡ ਹਨ। ਜਿੰਨੇ ਮੂੰਹ,
ਉਂਨੇ ਕਿਸਮ ਦੀਆਂ ਗੱਲਾਂ ਹਨ। ਹਾਂ, ਜੇ ਉਹ ਦਲੀਲ ਨਾਲ ਗੱਲ ਨੂੰ ਸਮਝਣ ਦੀ ਕੋਸ਼ਿਸ਼
ਕਰਨ ਤਾਂ ਮੰਨ ਸਕਦੇ ਹਨ ਜਿਵੇਂ ਹਿਸਾਬ ਦੇ ਸਵਾਲਾਂ ਦੇ ਸਹੀ ਜਵਾਬ ਨਿਕਲਦੇ ਹਨ
ਬੇਸ਼ੱਕ ਉਹਨਾਂ ਨੂੰ ਚੰਗਾ ਨਾ ਲੱਗੇ। ਗੱਲ ਤਰਕ ’ਤੇ ਮੁੱਕਦੀ ਹੈ, ਸਮਝਦਾਰੀ ’ਤੇ
ਖੜ੍ਹਦੀ ਹੈ।
ਸਪੀਨੋਜ਼ ਰੱਬ ਨੂੰ ਅਦਵੈਤਵਾਦੀ ਸਿਧਾਂਤ ਅੰਦਰ ਪਛਾਣ ਕਰਦਾ ਹੈ। ਸਾਰੀ ਕਾਇਨਾਤ, ਸਾਰਾ
ਸੰਸਾਰ ਉਹੀ ਹੈ। ਸਭ ਕੁਝ ਉਸੇ ਵਿੱਚ ਹੈ। ਉਸ ਦਾ ਮੱਤ ਹੈ ਕਿ ਨਾ ਹੀ ਰੱਬ ਇਤਫ਼ਾਕੀਆ
ਹੈ ਅਤੇ ਨਾ ਹੀ ਇਹ ਸਾਰੀ ਰਚਨਾ। ਰੱਬ ਅਸੀਮ ਹੈ, ਅਵੱਸ਼ਕ ਹੈ ਅਤੇ ਸੰਪੁੂਰਨ ਅਟੱਲ
ਰਚਨਾ ਪਰਣਾਲੀ ਹੈ, ਅਤੇ ਮਨੁੱਖ ਇਸ ਦਾ ਹਿੱਸਾ ਹਨ। ਮਨੁੱਖ ਇਸ ਪਰਣਾਲੀ ਨੂੰ ਦਲੀਲ
ਦੇ ਅਧਾਰ ’ਤੇ ਸਮਝ ਕੇ ਅਤੇ ਇਸ ਵਿੱਚ ਆਪਣੇ ਸਥਾਨ ਨੂੰ ਸਮਝ ਕੇ ਖ਼ੁਸ਼ੀ ਪ੍ਰਾਪਤ ਕਰ
ਸਕਦਾ ਹੈ। ਸਪੀਨੋਜ਼ ਮਨੁੱਖ ਦੀ ਦਲੀਲ ਦੇ ਅਧਾਰ ’ਤੇ ਜ਼ਿੰਦਗੀ ਜਿਉਣ ਲਈ ਅਗਵਾਈ ਕਰਦਾ
ਹੈ।
ਸਪੀਨੋਜ਼ ਕਹਿੰਦਾ ਹੈ ਕਿ ਮਨੁੱਖ ਨੂੰ ਆਜ਼ਾਦ ਦ੍ਰਿਸ਼ਟੀ ਨਾਲ ਜਿਉਣਾ ਚਾਹੀਦਾ ਹੈ।
ਮਨੁੱਖ ਆਪਣਾ ਜੀਵਨ ਦਲੀਲ ਦੀ ਅਗਵਾਈ ਹੇਠ ਬਸਰ ਕਰੇ ਨਾ ਕਿ ਮਨੋਵੇਗਾਂ ਦੁਆਰਾ ਜਾਂ
ਜੋਸ਼ ਦੁਆਰਾ। ਦਲੀਲ ਦਾ ਅਰਥ ਇਹ ਨਹੀਂ ਹੈ ਕਿ ਅਸੀਂ ਵਿਚਾਰਾਂ ਦੀ ਭਿੰਨਤਾ ਕਾਰਨ
ਦੂਸਰਿਆਂ ਨਾਲ ਲੜਾਈ ਮੁੱਲ ਲੈਣੀ ਹੈ। ਇਹ ਠੀਕ ਹੈ ਕਿ ਹਰੇਕ ਆਦਮੀ ਆਪਣੇ ਆਪ ਨੂੰ
ਪਿਆਰ ਕਰਦਾ ਹੈ ਅਤੇ ਆਪਣੇ ਫ਼ਾਇਦੇ ਦੀ ਗੱਲ ਕਰਦਾ ਹੈ। ਉਹ ਜ਼ਿਆਦਾ ਤੋਂ ਜ਼ਿਆਦਾ
ਪੂਰਨਤਾ ਲਿਆਉਣ ਅਤੇ ਆਪਣੀ ਹੋਂਦ ਕਾਇਮ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਪਰ ਉਹ ਸਾਰੀ
ਰਚਨਾ ਦਾ ਹਿੱਸਾ ਹੈ ਅਤੇ ਇਹ ਵੀ ਸੱਚ ਹੈ ਕਿ ਇੱਕ ਹਿੱਸੇ ਨਾਲੋਂ ਸਮੁੱਚੀ ਰਚਨਾ ਦਾ
ਦਰਜਾ ਜ਼ਿਆਦਾ ਉੱਚਾ ਹੈ। ਇਸ ਲਈ ਸਪੀਨੋਜ਼ ਅਨੁਸਾਰ ਮਨੁੱਖ ਨੂੰ ਸੱਜਣਤਾਈ ਨਾਲ ਰਹਿਣਾ
ਚਾਹੀਦਾ ਹੈ, ਸਦਾਚਾਰਿਕ ਗੁਣਾਂ ਦਾ ਧਾਰਨੀ ਹੋਣਾ ਚਾਹੀਦਾ ਹੈ। ਧੀਰਜ ਨਾਲ ਨੈਤਿਕ
ਗੁਣ ਹਾਸਲ ਕਰਨੇ ਹਨ। ਮਨੁੱਖ ਦੀ ਅਸਲੀ ਹੋਂਦ ਸਮਾਜੀ ਜ਼ਿੰਦਗੀ ਵਿੱਚ ਹੈ। ਸਮਾਜੀ
ਜ਼ਿੰਦਗੀ, ਹੋਂਦ ਅਤੇ ਉਸ ਦੇ ਕਾਇਮ ਰਹਿਣ ਵਿੱਚ ਹੈ। ਦਲੀਲ ਇਹ ਕਹਿੰਦੀ ਹੈ ਕਿ ਮਨੁੱਖ
ਨੂੰ ਇਸ ਤਰ੍ਹਾਂ ਦਾ ਵਿਹਾਰ ਕਰਨਾ ਚਾਹੀਦਾ ਹੈ ਜਿਸ ਦੁਆਰਾ ਸਮਾਜ ਵਿੱਚ ਸਥਿਰਤਾ ਆਵੇ
ਅਤੇ ਇੱਕਸੁਰਤਾ ਆਵੇ। ਜੋਸ਼ ਵਿੱਚ ਨਹੀਂ ਪਰੰਤੂ ਹੋਸ਼ ਵਿੱਚ ਰਹਿ ਕੇ ਸਮੁੱਚੀ ਰਚਨਾ
ਨੂੰ ਸੁਹਾਵਣੀ ਬਣਾਉਣਾ ਹੀ ਦਲੀਲ ਦੀ ਅਗਵਾਈ ਹੈ। ਮਨੁੱਖ ਵਿੱਚ ਸੱਜਣਤਾਈ ਦੇ ਗੁਣ ਦੀ
ਬਹੁਤ ਲੋੜ ਹੈ।
ਦਲੀਲ ਸਮਝਦਾਰੀ ਪੈਦਾ ਕਰਦੀ ਹੈ। ਇਹ ਇੱਕ-ਮੱਤਤਾ ਲਿਆਉਣ ਵਿੱਚ ਸਹਾਈ ਹੁੰਦੀ ਹੈ ਅਤੇ
ਮਨੁੱਖ ਵਿੱਚ ਗਿਆਨ ਦਾ ਸੰਚਾਰ ਕਰਦੀ ਹੈ। ਰੱਬ ਬਾਰੇ ਗਿਆਨ ਲੈਣਾ ਮਨ ਦਾ ਸਭ ਨਾਲੋਂ
ਉੱਤਮ ਗੁਣ ਹੈ। ਗਿਆਨ ਰੱਬ ਦੇ ਗੁਣਾਂ ਤੋਂ ਸ਼ੁਰੂ ਹੁੰਦਾ ਹੈ। ਫਿਰ ਵਿਚਾਰ ਇੱਕ ਚੀਜ਼
ਦੇ ਮੂਲ ਨੂੰ ਸਮਝਦਾ ਹੋਇਆ ਉਸ ਦੀ ਪੂਰਨਤਾ ਦਾ ਗਿਆਨ ਹਾਸਲ ਕਰਦਾ ਹੈ। ਰੱਬ ਦੀ
ਪੂਰਨਤਾ ਬਾਰੇ ਸਮਝਦਾਰੀ, ਉਸ ਨੂੰ ਰੱਬ ਦੇ ਪਿਆਰ ਵੱਲ ਖਿੱਚਦੀ ਹੈ। ਸਪੀਨੋਜ਼ ਰੱਬ
ਨਾਲ ਇਸ ਤਰ੍ਹਾਂ ਦੇ ਪਿਆਰ ਨੂੰ ਸਮਝਦਾਰੀ ਦਾ ਪਿਆਰ ਕਹਿੰਦਾ ਹੈ। ਸਮਝਦਾਰੀ ਦਾ ਪਿਆਰ
ਨਿਰੰਤਰ ਹੁੰਦਾ ਹੈ। ਉਸ ਦੇ ਆਪਣੇ ਵਿਚਾਰਾਂ ਵਿੱਚ ਵਿਰੋਧਤਾਈ ਪੈਦਾ ਨਹੀਂ ਹੁੰਦੀ।
ਜਦੋਂ ਇਹ ਪਿਆਰ ਜ਼ਿੰਦਗੀ ਦਾ ਮੁੱਖ ਲਕਸ਼ ਬਣ ਜਾਂਦਾ ਹੈ, ਮਨੁੱਖ ਸ਼ਾਂਤਚਿੱਤ ਹੋ ਜਾਂਦਾ
ਹੈ ਅਤੇ ਉਸ ਅੰਦਰ ਨਿਰਮਲਤਾ ਆ ਜਾਂਦੀ ਹੈ। ਮਨੋਵੇਗਾਂ, ਸੰਤਾਪ, ਕਰੋਧ, ਕਾਮ ਆਦਿ
ਤੋਂ ਆਜ਼ਾਦੀ ਮਿਲ ਜਾਂਦੀ ਹੈ। ਇਹੀ ਸਿਆਣਪ ਦੀ ਨਿਸ਼ਾਨੀ ਹੈ। ਸਪੀਨੋਜ਼ ਲਿਖਦਾ ਹੈ ਕਿ
ਮਨੁੱਖ ਦਾ ਅਜੇਹੇ ਕਿਸਮ ਦਾ ਪਿਆਰ, ਉਸ ਦੀ ਰੂਹ ਨੂੰ ਤੰਗ ਨਹੀਂ ਕਰਦਾ ਹੈ। ਕਿਉਂਕਿ
ਮਨੁੱਖ ਨੂੰ ਆਪਣੇ ਬਾਰੇ, ਰੱਬ ਬਾਰੇ ਅਤੇ ਸਭ ਪਦਾਰਥਾਂ ਬਾਰੇ ਜਾਣਕਾਰੀ ਹੋ ਜਾਂਦੀ
ਹੈ, ਇਸ ਵਾਸਤੇ ਉਹ ਹਮੇਸ਼ਾ ਮਨ ਦੀ ਸੱਚੀ ਸ਼ਾਂਤੀ ਰੱਖਦਾ ਹੈ।
(4
ਜੂਨ
2007)
*****
(Daljit Singh Rakhra)
1107 ? 10149 Saskathewan Drive
Edmonton AB T6E 6B6
Canada
Phone: (780) 989 - 2977
ਦਲਜੀਤ ਸਿੰਘ ਦੀਆਂ ਲਿਖਾਰੀ ਵਿੱਚ ਛਪੀਆਂ ਹੋਰ ਰਚਨਵਾਂ ਪੜ੍ਹਨ ਲਈ ਕਲਿੱਕ ਕਰੋ
>>>>>>>>>>>>