ਦਰਸ਼ਨ ਨੱਤ (ਪ੍ਰਿੰ)ਰੇਖਾ ਚਿੱਤਰ:
ਰੋਹੀਆਂ ਦਾ ਰੋਝ: ਗੁਰਬਚਨ ਸਿੰਘ ਭੁੱਲਰ
ਦਰਸ਼ਨ ਨੱਤ (ਪ੍ਰਿੰ)
ਗੁਰਬਚਨ ਸਿੰਘ ਭੁੱਲਰ
ਦੋ ਸ਼ਬਦ:
ਹਰਿਆਣਾ ਪੰਜਾਬੀ ਸਾਹਿਤ ਅਕੈਡਮੀ ਵਲੋਂ 1984 ਵਿੱਚ ਸਨਮਾਨਤ ਕੀਤੇ ਗਏ ਪੰਜਾਬੀ ਦੇ ਬਹੁ-ਪਖੀ ਲੇਖਕ ਪ੍ਰਿੰਸੀਪਲ ਦਰਸ਼ਨ ਨੱਤ ਕਿਸੇ ਵੀ ਰਸਮੀ ਜਾਣ-ਪਹਿਚਾਣ ਦੇ ਮੁਥਾਜ ਨਹੀਂ। ਹੁਣ ਤੱਕ ਆਪ ਦੇ ਤਿੰਨ ਕਾਵਿ-ਸੰਗ੍ਰਿਹ: ਅਕਸ (1976), ਨੁਹਾਰ (1983), ਸੱਤਿਆ ਹੰਭੇ ਪਰਾਂ ਦੀ (2007) ਅਤੇ ਦੋ ਕਹਾਣੀ ਸੰਗ੍ਰਿਹ ਛੱਪ ਚੁੱਕੇ ਹਨ। ਇਸਦੇ ਨਾਲ ਹੀ ਆਪ ਨੇ ਕਈ ਕਹਾਣੀ ਸੰਗ੍ਰਿਹਾਂ ਅਤੇ ਨਾਵਲਾਂ ਦੇ ਪੰਜਾਬੀ ਅਨੁਵਾਦ ਅਤੇ ਕੁਝ ਪੁਸਤਕਾਂ ਦੀ ਸੰਪਾਦਨਾ ਵੀ ਕੀਤੀ। ਸੱਠਵਿਆਂ ਤੋਂ ਹੀ ਲੇਖਕ ਨੱਤ ਜੀ ਦੀਆਂ ਰਚਨਾਵਾਂ ਲਗਾਤਾਰ ਪ੍ਰੀਤ ਲੜੀ, ਪੰਜ ਦਰਿਆ, ਆਰਸੀ, ਕਵਿਤਾ, ਚੇਤਨਾ, ਪੰਜਾਬੀ ਟ੍ਰਿਬੀਊਨ ਆਦਿ ਪਰਚਿਆਂ ਵਿੱਚ ਪ੍ਰਕਾਸ਼ਿਤ ਹੁੰਦੀਆਂ ਰਹੀਆਂ ਹਨ। ਟੈਕਨੀਕਲ ਐਜੂਕੇਸ਼ਨ ਹਰਿਆਣਾ (ਚੰਡੀਗੜ੍ਹ) ਦੇ ਐਡੀਸ਼ਨਲ ਡਾਇਟਰੈਕਟਰ ਦੀ ਪਦਵੀ ਤੋਂ 2001 ਵਿੱਚ ਸੇਵਾ-ਮੁਕਤ ਹੋਣ ਉਪਰੰਤ ਨੱਤ ਜੀ ਹੁਣ ਕੈਲੇਫੋਰਨੀਆ (ਅਮਰੀਕਾ) ਰਹਿੰਦੇ ਹਨ। ਪ੍ਰਿੰ: ਦਰਸ਼ਨ ਨੱਤ ਜੀ ਵਲੋਂ ਲਿਖਿਆ 'ਰੇਖਾ ਚਿੱਤਰ-ਰੋਹੀਆਂ ਦਾ ਰੋਝ: ਗੁਰਬਚਨ ਭੁੱਲਰ' ‘ਲਿਖਾਰੀ’ ਦੇ ਪਾਠਕਾਂ ਦੀ ਪੇਸ਼ੇ-ਨਜ਼ਰ ਹੈ।---ਲਿਖਾਰੀ
*****
'ਰੇਖਾ ਚਿੱਤਰ-ਰੋਹੀਆਂ ਦਾ ਰੋਝ: ਗੁਰਬਚਨ ਭੁੱਲਰ'
-ਪ੍ਰਿੰ:ਦਰਸ਼ਨ ਨੱਤ-ਜੇਠ ਹਾੜ੍ਹ ਦੇ ਦਿਨੀਂ ਪੰਜਾਬ ਦੇ ਟਿੱਬਿਆਂ ’ਚ ਜਦ ‘ਬਾਲੂ ਰੇਤ ਤਪੇ ਵਿਚ ਥਲ ਦੇ, ਜਿਉਂ ਜੌਂ ਭੁੰਨਣ ਭਠਿਆਰੇ’ ਵਾਲੇ ਕਥਨ ਅਨੁਸਾਰ, ਕਹਿਰਾਂ ਦੀ ਅੱਗ ਵਰ੍ਹਦੀ ਹੈ ਤੇ ‘ਹਾੜ੍ਹ’ ਬੋਲਦੇ ਹਨ ਤਾਂ ਰੋਝਾਂ ਦੇ ਝੁੰਡ, ਬੇਚੈਨੀ ਵਿਚ, ਇੱਧਰੋਂ ਉੱਧਰ ਤੇ ਉੱਧਰੋਂ ਇੱਧਰ ਦੌੜਦੇ ਹਨ। ਅਜਿਹਾ ਹੀ ਇੱਕ ਝੁੰਡ ਕਦੇ ਬਠਿੰਡੇ ਦੀਆਂ ਰੋਹੀਆਂ ’ਚੋਂ ਦੌੜਿਆ ਤੇ ਡੌਰ-ਭੌਰ ਜਿਹਾ ਹੋ ਕੇ ਦਿੱਲੀ ਜਾ ਵੜਿਆ। ਕੋਈ ਸ਼ਹਿਣੇ ਭਦੌੜ ਤੋਂ ਉੱਠ ਕੇ ਦਿੱਲੀ ਦੱਖਣ ਜਾ ਵਸਿਆ ਤੇ ਦੇਵਿੰਦਰ ਸਤਿਆਰਥੀ ਬਣ ਗਿਆ। ਕੋਈ ਬਠਿੰਡਿਉਂ ਗਿਆ ਤੇ ਬਲਵੰਤ ਗਾਰਗੀ। ਅਤੇ ਉਨ੍ਹਾਂ ਵਿੱਚੋਂ ਜਿਹੜਾ ਰਾਮਪੁਰੇ ਫੂਲ ਨੇੜਲੀ ਪਿੱਥੋ ਤੋਂ ਗਿਆ ਸੀ, ਉਹ ਗੁਰਬਚਨ ਸਿੰਘ ਭੁੱਲਰ ਬਣਿਆ। ਆਲੇ ਦੁਆਲਿਓਂ ਅੱਗੜ ਪਿੱਛੜ ਗੁਰਦੇਵ ਸਿੰਘ ਰੁਪਾਣਾ, ਨਛੱਤਰ, ਕੇਵਲ ਸੂਦ, ਜਗਮੋਹਣ ਕੌਸ਼ਲ ਤੇ ਹੋਰ ਕਈ ਗਏ। ਇਨ੍ਹਾਂ ਵਿੱਚੋਂ ਕਈ ਰੋਝ ਤਾਂ ਸਮਾਂ ਪਾ ਕੇ ‘ਸ਼ਹਿਰੀਏ’ ਬਣ ਗਏ ਪਰ ਕਈ ਦਿੱਲੀ ਦੇ ਚਿੜੀਆ-ਘਰ ਦੇ ਰੋਝਾਂ ਵਾਂਗੂੰ, ‘ਪੇਂਡੂ’ ਦੇ ‘ਪੇਂਡੂ’ ਹੀ ਰਹੇ। ਇਨ੍ਹਾਂ ‘ਰੋਹੀਆਂ ਦੇ ਰੋਝਾਂ’ ਲਈ ਆਪਣਾ ਮੁੱਢ-ਕਦੀਮੀ ਪ੍ਰਾਹੁਣਚਾਰੀ ਵਾਲਾ, ‘ਲਿਹਾਜੀ’ ਸੁਭਾ ਛੱਡਣਾ ਔਖਾ ਸੀ। ਭੁੱਲਰ ਇਸ ਮਗਰਲੀ ਕੈਟਾਗਰੀ ਵਿੱਚ ਆਉਂਦਾ ਹੈ। ਹਰੇਕ ਮਹਿਮਾਨ ਨੂੰ ‘ਰੱਬ ਦਾ ਰੂਪ’ ਸਮਝ ਕੇ ਖਿੜੇ-ਮੱਥੇ ਮਿਲਣ ਵਾਲਾ।
ਗੁਰਬਚਨ ਬਾਰੇ ਲਿਖਣ ਬੈਠਾ ਤਾਂ ਦਿਮਾਗ ’ਚ ਭੰਬੂ ਤਾਰੇ ਨੱਚਣ ਲੱਗੇ, ਜਿਵੇਂ ਬਲੈਕ-ਆਊਟ ਹੋ ਗਿਆ ਹੁੰਦਾ ਹੈ। ਲੱਗਿਆ: ‘ਮਨਾਂ ਤੂੰ ਉਹਦੇ ਬਾਰੇ ਜਾਣਦਾ ਈ ਕੀ ਐਂ?’ ਉਹੀ ਹਾਲਤ ਸੀ ਜਿਵੇਂ ਸ਼ੀਸ਼ੇ ਦੇ ਬਿਲਕੁਲ ਨਾਲ ਅੱਖਾਂ ਲਾ ਕੇ ਦੇਖਣ ਨਾਲ ਹੁੰਦੀ ਐ - ‘ਤਾਂ ਥੋੜ੍ਹਾ ਪਿੱਛੇ ਹਟ ਕੇ ਦੇਖਾਂ? ਖ਼ੁਰਦਬੀਨ ਤੇ ਦੂਰਬੀਨ ਦੋਵੇਂ ਵਰਤ ਕੇ ਦੇਖਦੇ ਆਂ, ਸਾਇੰਟਿਫਿਕ ਮਾਈਂਡ ਤਾਂ ਹੈ ਈ, ਅਨੈਲੇਸਿਜ਼-ਸਿੰਥਿਸਿਜ਼ ਕਰਨ ਗਿੱਝੇ ਹੋਏ ਆਂ। ਇੰਝ ਉਹਦਾ ਸੰਪੂਰਨ ਅਕਸ ਪਕੜ ਵਿਚ ਆ ਜਾਵੇਗਾ।’
ਮੈਂ ਕਈ ਭੁੱਲਰਾਂ ਨੂੰ ਜਾਣਦਾ ਹਾਂ; ਕਰਨਲ ਜਸਬੀਰ ਭੁੱਲਰ, ਪੰਜਾਬੀ ਟ੍ਰਿਬਿਊਨ ਵਾਲੇ ਸ਼ਿੰਗਾਰਾ ਸਿੰਘ ਭੁੱਲਰ ਤੇ ਨਰਿੰਦਰ ਭੁੱਲਰ ਅਤੇ ਅਗਾਂਹ ਵਧੂ ਲਹਿਰ ਦਾ ਕਾਰਕੁੰਨ - ਵੀਰ ਭਾਨ ਭੁੱਲਰ। ਪਰ ਗੁਰਬਚਨ ਸਿੰਘ ਭੁੱਲਰ ਦੀ ਸ਼ਾਨ ਹੀ ਨਿਰਾਲੀ ਐ। ਬਕੌਲ ਬਾਬਾ ਫਰੀਦ:
ਫਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਓ ਮਾਂਝਾ ਦੁਧੁ ॥
ਸਭੇ ਵਸਤੂ ਮਿਠੀਆਂ ਰਬ ਨਾ ਪੁਜਨਿ ਤੁਧੁ ॥
ਜਦੋਂ ਦੀ ਮੈਂ ਕਲਫ਼ ਲਾਉਣੀ ਛੱਡੀ ਹੈ, ਗੁਰਬਚਨ ਸਿੰਘ ਭੁੱਲਰ ਮੈਨੂੰ ‘ਬਜ਼ੁਰਗੋ’ ਕਹਿ ਕੇ ਛੇੜਦਾ ਹੈ। ਉਂਞ ਮੈਂ ਜਦੋਂ ਉਸਦੇ ਬਾਇਓ-ਡਾਟਾ ’ਤੇ ਨਜ਼ਰ ਮਾਰੀ ਤਾਂ ਦੇਖਿਆ, ਉਹ 1937 ਵਿਚ ਜੰਮਿਆਂ ਹੈ ਤੇ ਮੈਂ 1943 ਵਿਚ। ਕਿਸੇ ਅਖ਼ਬਾਰ ਵਿਚ ਸਫ਼ੈਦ ਦਾੜ੍ਹੀ ਵਾਲੀ ਮੇਰੀ ਫੋਟੋ ਉਸਨੇ ਦੇਖੀ ਤਾਂ ਤੱਟ ਫੱਟ ਮੈਨੂੰ ਫ਼ੋਨ ਕਰ ਕੇ ਤਾਕੀਦ ਕੀਤੀ ਕਿ ਦਾੜ੍ਹੀ ਕਾਲੀ ਕੀਤੇ ਬਗ਼ੈਰ ਮੈਂ ਉਸਦੇ ਘਰ ਨਾ ਵੜਾਂ - ਜੁਆਕ ਦੇਖ ਕੇ ਡਰ ਜਾਣਗੇ। ਆਪਣੀ ਕਾਲੀ ਦਾੜ੍ਹੀ ਦਾ ਉਸਨੂੰ ਬੜਾ ਹੌਸਲਾ ਹੈ - ਖਾਸ ਕਰਕੇ ਦਿਲ ਦੀ ਹੋਈ ਬਾਈ-ਪਾਸ ਸਰਜਰੀ ਤੋਂ ਬਾਅਦ। ਉਸ ਨੂੰ ਦੇਖ ਕੇ ਸਦਾ ਹੀ ਮੈਨੂੰ ਗੁਲਜ਼ਾਰ ਸਿੰਘ ਸੰਧੂ ਦੀ ਕਹਾਣੀ ‘ਹੁਸਨ ਦੇ ਹਾਣੀ’ ਯਾਦ ਆ ਜਾਂਦੀ ਹੈ, ਜਿਸ ਵਿਚ ਇੱਕ ਟੋਲੀ ਦਾ ਹਰੇਕ ਮੁੰਡਾ ਕਿਵੇਂ ਨਾ ਕਿਵੇਂ ਆਪਣੇ ਆਪ ਨੂੰ ਸੋਹਣੀ ਕੁੜੀ ਦੇ ਹਾਣ ਦਾ ਦੱਸ ਕੇ ਖੁਸ਼ ਹੁੰਦਾ ਹੈ।
ਆਪਣੇ ਚੇਤਿਆਂ ਨੂੰ ਘਰੋੜ ਕੇ ਵੀ ਮੈਨੂੰ ਯਾਦ ਨਹੀਂ ਆਉਂਦਾ ਮੈਂ ਉਸ ਨੂੰ ਸਭ ਤੋਂ ਪਹਿਲਾਂ ਕਦੋਂ ਮਿਲਿਆ ਸਾਂ। ਇਹੀ ਪਤਾ ਹੈ ਕਿ ਮੇਰਾ ਇੱਕ ਕਜ਼ਨ ਹੁੰਦਾ ਸੀ, ਬਰਨਾਲੇ ਤੋਂ, ਸੱਜੀ ਬਾਂਹ ਵਰਗਾ ਦੋਸਤ - ਅਵਤਾਰ ਟੱਲੇਵਾਲੀਆ। ਜਿਹੋ ਜਿਹਾ ਉਹ ਖ਼ੁਦ ਦਰਸ਼ਨੀ ਜੁਆਨ ਸੀ, ਉਹੋ ਜਿਹੀ ਹੀ ਮੜਕ ਵਾਲੇ ਗੀਤ ਲਿਖਦਾ ਸੀ। ਉਸ ਤੋਂ ਹੀ ਮੈਨੂੰ ਲਿਖਣ ਦੀ ਚੇਟਕ ਲੱਗੀ। ਅਸੀਂ ਦੋਵੇਂ ਇੱਕ ਵਾਰ ਦਿੱਲੀ ਗਏ - ‘ਪ੍ਰੀਤਮ’ ਵਰਗੇ ਕਿਸੇ ਰਸਾਲੇ ਦੇ ਸੰਪਾਦਕ ਕੋਲ ਆਪੋ ਆਪਣੀਆਂ ਰਚਨਾਵਾਂ ਛਪਣ ਲਈ ਦੇਣ ਤੇ ਉਸ ਨੂੰ ਮਿਲਣ। ਪਤਾ ਲੱਗਾ ਦਫ਼ਤਰ ਬੰਦ ਸੀ ਤੇ ਸੰਪਾਦਕ ਘਰ ਗਿਆ ਹੋਇਆ ਸੀ।
ਅਸੀਂ ਪੁੱਛ ਪੁਛਾ ਕੇ ਸੰਪਾਦਕ ਦੇ ਘਰ ਪਹੁੰਚੇ ਤੇ ਭੀੜੀਆਂ ਪੌੜੀਆਂ ਚੜ੍ਹ ਕੇ ਉਸਦਾ ਦਰਵਾਜ਼ਾ ਜਾ ਖੜਕਾਇਆ। ਕੁਝ ਚਿਰ ਅੰਦਰੋਂ ਕੋਈ ਆਵਾਜ਼ ਨਾ ਆਈ, ਅਸੀਂ ਨਿਰਾਸ਼ ਹੋ ਕੇ ਮੁੜਨ ਹੀ ਲੱਗੇ ਸਾਂ ਕਿ ਅਚਾਨਕ ਦਰਵਾਜ਼ਾ ਖੁੱਲ੍ਹਿਆ ਤੇ ਇੱਕ ਰੰਗਦਾਰ ਪਾਣੀ ਦੀ ਬਾਲਟੀ ਨੇ ਸਾਨੂੰ ਸਿਰ ਤੋਂ ਪੈਰਾਂ ਤੀਕ ਗੱਚ ਕਰ ਦਿੱਤਾ। ਸੁਰਤ ਟਿਕਾਣੇ ਆਈ ਤਾਂ ਪਤਾ ਲੱਗਿਆ - ਅੱਜ ਤਾਂ ਹੋਲੀ ਹੈ। ਸੰਪਾਦਕ ਦੀ ਪਤਨੀ ਨੂੰ ਉਸਦੀ ਸਹੇਲੀ ਦਾ ਫ਼ੋਨ ਆਇਆ ਸੀ ਕਿ ਉਹ ਆ ਰਹੀ ਹੈ। ਉਸਦੇ ਭੁਲੇਖੇ ਅੜਿੱਕੇ ਅਸੀਂ ਆ ਗਏ। ਸੰਪਾਦਕ ਜੀ ਘਰ ਨਹੀਂ ਸਨ। ਅਸੀਂ ਕਿਸੇ ਪਾਰਕ ਵਿਚ ਬੈਠ ਕੇ ਕੱਪੜੇ ਸੁਕਾਏ ਤੇ ਕੰਮ ਨਾ ਬਣਿਆ ਦੇਖ ਕੇ ਸੋਚਣ ਲੱਗੇ ਕਿ ਦਿੱਲੀ ਦਾ ਗੇੜਾ ਤਾਂ ਮਹਿੰਗਾ ਪੈ ਗਿਆ। ਮਨ ਨੂੰ ਧਰਵਾਸ ਦੇਣ ਲਈ ਟੱਲੇਵਾਲੀਆ ਮੈਨੂੰ ਆਪਣੇ ਸਾਹਿਤਕਾਰ ਦੋਸਤ ਗੁਰਬਚਨ ਭੁੱਲਰ ਦੇ ਘਰ ਲੈ ਗਿਆ। ਅੱਗੋਂ ਉਹ ਐਨੀ ਗਰਮ-ਜੋਸ਼ੀ ਤੇ ਤਪਾਕ ਨਾਲ ਮਿਲਿਆ ਕਿ ਸਾਡੀ ਸਾਰੀ ਉਦਾਸੀ ਕਫ਼ੂਰ ਹੋ ਗਈ। ਉਦੋਂ ਤੀਕ ਭੁੱਲਰ ਪੰਜਾਬੀ ਸਾਹਿਤ ਜਗਤ ਵਿੱਚ ਇੱਕ ਮੰਨੇ-ਪ੍ਰਮੰਨੇ ਕਹਾਣੀਕਾਰ ਵਜੋਂ ਸਥਾਪਤ ਹੋ ਚੁੱਕਾ ਸੀ। ਮੈਨੂੰ, ਉਸ ਨੂੰ ਮਿਲ ਕੇ, ਇੱਕ ਮਾਣ ਜਿਹਾ ਮਹਿਸੂਸ ਹੋਇਆ। ਆਖਰ ਉਹ ਪੰਜਾਬ ਦੇ ਮੇਰੇ ਵਾਲੇ ਖਿੱਤੇ, ਮਾਲਵੇ ਵਿੱਚੋਂ ਜੋ ਸੀ। ਉਸ ਤੋਂ ਬਾਅਦ, ਉਸ ਨਾਲ ਉਸਦੇ ਨੀਮੜੀ ਕਲੋਨੀ, ਰਾਣਾ ਪ੍ਰਤਾਪ ਬਾਗ ਅਤੇ ਪੀਤਮਪੁਰੇ ਵਾਲੇ ਘਰਾਂ ਵਿੱਚ ਅਨੇਕ ਵਾਰ ਜਾਣ ਤੇ ਠਹਿਰਨ ਦਾ ਮੌਕਾ ਮਿਲਿਆ। ਉਸਦੇ ਰੀਟਾਇਰਡ ਫੌਜੀ ਪਿਤਾ ਜੀ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ। ਇਹ ਅਲੱਗ ਗੱਲ ਹੈ ਕਿ ਗੁਰਬਚਨ ਮੇਰੇ ਘਰ ਮੁਸ਼ਕਿਲ ਈ ਕਦੇ ਆਇਆ ਹੋਵੇਗਾ - ਸਬੱਬ ਉਹੀ ਜਾਣੇ।
ਪੀਤਮਪੁਰੇ ਵਾਲਾ, ਹੁਣ ਵਾਲਾ, ਭੁੱਲਰ ਦਾ ਘਰ, ਭਾਰਤੀ ਟੀ.ਵੀ., ਦੂਰਦਰਸ਼ਨ ਦੇ ਟਰਾਂਸਮੀਟਰ ਦੇ ਐਨ ਪੈਰਾਂ ਵਿੱਚ ਹੈ, ਜਿਵੇਂ ਉਸਦੀ ਸਾਹਿਤਕ-ਖ਼ਿਆਤੀ ਨੂੰ ਦੁਨੀਆਂ ਭਰ ਵਿੱਚ ਨਸ਼ਰ ਕਰਨ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੋਵੇ। ਮੈਂ ਉਨ੍ਹਾਂ ਦੇ ਘਰ ਠਹਿਰਦਾ ਤਾਂ ਮਿਸਿਜ਼ ਭੁੱਲਰ, ਖਾਣੇ ਵੇਲੇ, ਰਸੋਈ ਵਿਚ ਰੋਟੀ ਪਕਾਉਂਦੇ ਤੇ ਉਨ੍ਹਾਂ ਦੀ ਛੋਟੀ ਬੇਟੀ, ਭਾਵਨਾ, ਗਰਮ ਗਰਮ ਫ਼ੁਲਕੇ ਮੇਰੀ ਪਲੇਟ ਵਿੱਚ ਰੱਖਦੀ। ਦੋ ਫ਼ੁਲਕਿਆਂ ਤੋਂ ਬਾਅਦ ਮੈਂ ਹੱਥ ਖੜ੍ਹੇ ਕਰ ਦਿੰਦਾ ਤਾਂ ਭਾਵਨਾ ਮੈਨੂੰ ਹੋਰ ਫੁਲਕਾ ਦੇਣ ਦੀ ਜ਼ਿਦ ਕਰਦੀ - ਪਰ ਮੈਂ ਆਪੇ ਨਿਸ਼ਚਿਤ ਕੀਤੀ ਦੋ ਫੁਲਕਿਆਂ ਦੀ ਹੱਦ ਕਦੇ ਪਾਰ ਨਾ ਕਰਦਾ।
ਬੰਸੀ ਲਾਲ ਦੀ, ਪੰਜਾਬੀ ਦੁਸ਼ਮਣੀ ਦੇ ਫ਼ਲ-ਸਰੂਪ, ਤੇਲਗੂ ਨੂੰ ਹਰਿਆਣੇ ਦੀ ਦੂਸਰੀ ਭਾਸ਼ਾ ਵਜੋਂ ਲਾਗੂ ਕਰਨ ਤੋਂ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ, ਜਦ ਹਰਿਆਣਾ ਸਰਕਾਰ ਨੇ ਪੰਜਾਬੀਆਂ ਨੂੰ ਪਲੋਸਣ ਲਈ, ਹਰਿਆਣਾ ਪੰਜਾਬੀ ਸਾਹਿਤ ਅਕਾਡਮੀ ਦੀ ਸਥਾਪਨਾ ਕੀਤੀ ਤਾਂ ਚਿਰਾਗ ਲੈ ਕੇ, ਪੰਜਾਬੀ ਲੇਖ਼ਕਾਂ ਦੀ ਤਲਾਸ਼ ਹੋਣ ਲੱਗੀ, ਤਾਂ ਜੋ ਉਨ੍ਹਾਂ ਨੂੰ ਪੁਰਸਕਾਰ ਦਿੱਤੇ ਜਾ ਸਕਣ। ਇਸ ਸਿਲਸਿਲੇ ਵਿੱਚ ਕਿਧਰੇ ਮੇਰਾ ਵੀ ਨੰਬਰ ਲੱਗਿਆ ਤੇ ਮੈਨੂੰ ਆਪਣੀ ਕੋਈ ਸਾਹਿਤਕ ਪੁਸਤਕ ਭੇਜਣ ਲਈ ਚਿੱਠੀ ਆਈ ਤਾਂ ਮੈਂ ਫੁੱਲਿਆ ਨਾ ਸਮਾਇਆ। ਮੇਰੀ ਕਾਵਿ-ਪੁਸਤਕ ‘ਨੁਹਾਰ’ ਦੇ ਖ਼ਰੜੇ ਨੂੰ ਹੀ ਪੁਰਸਕਾਰ ਦਿੱਤੇ ਜਾਣ ਦਾ ਐਲਾਨ ਹੋ ਗਿਆ, ਜੋ ਗੁੜਗਾਓਂ ਵਿਖੇ ਸਿੰਜਾਈ ਤੇ ਭਾਸ਼ਾ ਮੰਤਰੀ - ਜਗਦੀਸ਼ ਨਹਿਰਾ ਨੇ ਸਵੇਰੇ ਦਸ ਵਜੇ ਦੇਣਾ ਸੀ। ਉਸ ਵੇਲੇ ਤੱਕ ਅੰਬਾਲਿਓਂ ਗੁੜਗਾਉਂ ਪਹੁੰਚਣਾ ਮੁਸ਼ਕਲ ਸੀ। ਉਸ ਤੋਂ ਪਹਿਲੀ ਸ਼ਾਮ ਮੈਂ ਦਿੱਲੀ ਲਈ ਚੱਲ ਪਿਆ ਤੇ ਭੁੱਲਰ ਦੇ ਘਰ ਦਾ ਬੂਹਾ ਜਾ ਖੜਕਾਇਆ। ਬੂਹਾ ਭਾਵਨਾ ਨੇ ਖੋਲ੍ਹਿਆ। ਅੰਦਰੋਂ ਭੁੱਲਰ ਦੀ ਅਵਾਜ਼ ਆਈ ‘‘ਕੌਣ ਆਇਐ, ਭਾਵਨਾ?’’ ਭਾਵਨਾ ਮੈਨੂੰ ਦੇਖ ਕੇ ਮੁਤਰ ਮੁਤਰ ਝਾਕਣ ਲੱਗੀ, ਤੇ ਫਿਰ ਅਚਾਨਕ ਬੋਲੀ, ‘‘ਦੋ ਫ਼ੁਲਕਿਆਂ ਵਾਲੇ ਅੰਕਲ ਆਏ ਨੇ, ਪਿਤਾ ਜੀ।” ਸੁਣ ਕੇ ਮੈਨੂੰ ਜਿਵੇਂ ਆਪਣੇ ਕੰਨਾਂ ’ਤੇ ਵਿਸ਼ਵਾਸ਼ ਹੀ ਨਹੀਂ ਆਇਆ। ਤਾਂ ਇਹ ਨਾਂ ਸੀ ਮੇਰਾ ਭੁੱਲਰ ਦੇ ਘਰੇ। ਉਹ ਦਿਨ ਤੇ ਆਹ ਦਿਨ। ਹੁਣ ਜਦ ਵੀ ਭਾਵਨਾ ਮੇਰੇ ਸਾਹਮਣੇ ਹੁੰਦੀ ਹੈ ਤਾਂ ਮੈਨੂੰ ਸਦਾ ਹੀ ਭਾਵਨਾ ਦੇ ਚਿਹਰੇ ਤੋਂ ਪਾਰ, ਆਸਮਾਨ ਵਿੱਚ ਦੋ ਫ਼ੁਲਕੇ ਲਟਕੇ ਹੋਏ ਨਜ਼ਰ ਆਉਂਦੇ ਹਨ।
1984 ਦੇ ਦੰਗੇ ਹੋ ਕੇ ਹਟੇ ਸਨ ਤੇ ਦਿੱਲੀ ਵਿਚ ਪੱਗ-ਦਾੜ੍ਹੀ ਵਾਲੇ ਸਰਦਾਰਾਂ ਲਈ ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਸੀ। ਭੁੱਲਰ ਕੋਲ ਉਸ ਵੇਲੇ ਕਾਰ ਨਹੀਂ ਸੀ। ਸਵੇਰੇ ਮੈਨੂੰ ਗੁੜਗਾਓਂ ਵਾਸਤੇ ਲੋਕਲ-ਬੱਸ ਚੜ੍ਹਾਉਣ ਲਈ ਉਹ ਮੈਨੂੰ ਬੱਸ-ਸਟਾਪ ’ਤੇ ਛੱਡਣ ਆਇਆ ਤਾਂ ਜੋ ਮੈਂ ਮੰਗੋਲ-ਪੁਰੀ, ਜਹਾਂਗੀਰ-ਪੁਰੀ ਵਰਗੀਆਂ ਖ਼ਤਰਨਾਕ ਕਾਲੋਨੀਆਂ ’ਚੋਂ ਆਉਂਦੀ ਕਿਸੇ ਬੱਸ ’ਤੇ ਨਾ ਚੜ੍ਹ ਜਾਵਾਂ। ਇੱਕ ਬੱਸ ਰੁਕੀ ਤਾਂ ਭੁੱਲਰ ਨੇ ਮੈਨੂੰ ਫ਼ੁਰਤੀ ਨਾਲ ਉਸ ’ਤੇ ਚੜ੍ਹਨ ਲਈ ਕਿਹਾ। ਕਾਹਲੀ ਵਿੱਚ, ਤੇ ਇਨਾਮ ਮਿਲਣ ਦੇ ਚਾਅ ਵਿੱਚ, ਮੈਂ ਪਿਛਲੇ ਦੀ ਬਜਾਏ ਬੱਸ ਦੇ ਅਗਲੇ ਦਰਵਾਜ਼ੇ ਵਿੱਚੋਂ ਦੀ ਚੜ੍ਹ ਗਿਆ। ਕੰਡਕਟਰ ਨੇ ਆ ਵੇਖਿਆ ਨਾ ਤਾਅ, ਟਿਕਟ ਦੇ ਨਾਲ ਗ਼ਲਤ ਦਰਵਾਜ਼ੇ ਤੋਂ ਚੜ੍ਹਨ ਕਾਰਨ, ਜੁਰਮਾਨੇ ਦੀ ਰਸੀਦ ਕੱਟ ਕੇ ਮੇਰੇ ਹੱਥ ਫੜਾ ਦਿੱਤੀ। ਮੇਰਾ ਮੂੰਹ ਦੇਖਣ ਵਾਲਾ ਸੀ। ਉਸ ਨੂੰ ਕੀ ਪਤਾ ਸੀ ਕਿ ਮੈਂ ਪੰਜਾਬੀ ਦਾ ਉਹ ਲੇਖ਼ਕ ਸਾਂ ਜੋ ਹਰਿਆਣਾ ਸਰਕਾਰ ਤੋਂ ਪੁਰਸਕਾਰ ਪ੍ਰਾਪਤ ਕਰਨ ਜਾ ਰਿਹਾ ਸੀ। ਉਸ ਨੇ ਤਾਂ ਦਿੱਲੀ ਸਰਕਾਰ ਦਾ ‘ਇਨਾਮ’ ਪਹਿਲਾਂ ਹੀ ਮੇਰੇ ਹੱਥਾਂ ਵਿੱਚ ਸੁਸ਼ੋਭਿਤ ਕਰ ਦਿੱਤਾ ਸੀ।
ਦਰਸ਼ਨ ਗਿੱਲ ਨੇ ਆਪਣੀ ਸਵਰਗਵਾਸੀ ਪਤਨੀ, ਮਨਜੀਤ ਦੀ ਯਾਦ ਵਿੱਚ ‘ਅੰਤਰ-ਰਾਸ਼ਟਰੀ ਮਨਜੀਤ ਯਾਦਗਾਰੀ ਪੰਜਾਬੀ ਸਾਹਿਤ ਟਰੱਸਟ (ਕੈਨੇਡਾ)’ ਦੀ ਸਥਾਪਨਾ ਕੀਤੀ ਤਾਂ ਗੁਰਚਰਨ ਰਾਮਪੁਰੀ ਨੂੰ ਪ੍ਰਧਾਨ, ਗੁਰਬਚਨ ਸਿੰਘ ਭੁੱਲਰ ਨੂੰ ਉੱਪ-ਪ੍ਰਧਾਨ ਤੇ ਮੈਨੂੰ ਕਾਰਜਕਾਰਨੀ ਦੇ ਮੈਂਬਰ ਵਜੋਂ ਲੈ ਲਿਆ। ਸੰਤ ਸਿੰਘ ਸੇਖੋਂ, ਸੋਹਣ ਸਿੰਘ ਜੋਸ਼, ਸੁਜਾਨ ਸਿੰਘ, ਸੰਤੋਖ ਸਿੰਘ ਧੀਰ, ਪ੍ਰੀਤ ਲੜੀ ਤੇ ਹੋਰ ਅਨੇਕਾਂ ਸਿਰਕੱਢ ਪੰਜਾਬੀ ਲੇਖਕਾਂ ਨੂੰ ਪੁਰਸਕਾਰ ਦਿੱਤੇ ਗਏ। ਜਦੋਂ ਪਿਆਰਾ ਸਿੰਘ ਸਹਿਰਾਈ ਹੋਰਾਂ ਨੂੰ ਇਨਾਮ ਦਿੱਤਾ ਜਾਣਾ ਸੀ ਤਾਂ ਪੁਰਸਕਾਰ ਭਾਪਾ ਪ੍ਰੀਤਮ ਸਿੰਘ ਦੇ, ਧੁੱਪ ਦੀ ਮਹਿਫ਼ਲ ਵਾਲੇ ਮਹਿਰੌਲੀ, ਦਿੱਲੀ ਵਾਲੇ ਫਾਰਮ-ਹਾਊਸ ਵਿੱਚ ਦੇਣਾ ਨਿਸ਼ਚਿਤ ਹੋਇਆ। ਗੁਰਚਰਨ ਰਾਮਪੁਰੀ ਤੇ ਦਰਸ਼ਨ ਗਿੱਲ ਤਾਂ ਕੈਨੇਡਾ ਸਨ। ਰਹਿ ਗਏ ਮੈਂ ਤੇ ਗੁਰਬਚਨ ਭੁੱਲਰ। ਸਮਾਗ਼ਮ ਤੋਂ ਪਹਿਲਾਂ ਵਾਲੀ ਰਾਤ ਮੈਂ ਭੁੱਲਰ ਕੋਲ ਠਹਿਰਿਆ ਤੇ ਉਸ ਦੇ ਲੰਗਰ ’ਚੋਂ ਆਪਣੇ ਨਿਸ਼ਚਿਤ ਦੋ ਫ਼ੁਲਕੇ ਛਕ ਕੇ ਵਿਹਲਾ ਹੋਇਆ ਤਾਂ ਭੁੱਲਰ ਨੇ ਮੈਨੂੰ ਫ਼ਿਕਰ ਜਿਹੇ ਨਾਲ ਦੱਸਿਆ ਕਿ ਸਹਿਰਾਈ ਜੀ ਨੂੰ ਦਿੱਤੇ ਜਾਣ ਵਾਲੇ ਸਨਮਾਨ-ਪੱਤਰ ਦਾ ਖ਼ਰੜਾ ਤਾਂ ਉਸ ਨੇ ਤਿਆਰ ਕਰ ਲਿਆ ਸੀ, ਪਰ ਕਿਸੇ ਕਾਰਨ ਉਹ ਛਪ ਨਹੀਂ ਸੀ ਸਕਿਆ। ਹੁਣ ਕੀ ਹੋ ਸਕਦਾ ਸੀ। ਅਸੀਂ ਸੋਚਾਂ ਦੇ ਘੋੜੇ ਦੁੜਾਉਣ ਲੱਗੇ। ਅਚਾਨਕ ਉਸ ਨੇ ਮੈਨੂੰ ਕਿਹਾ ਕਿ ਕਿਉਂਕਿ ਮੇਰੀ ਤਾਂ ਲਿਖਾਈ ਹੀ ਛਾਪੇ ਵਰਗੀ ਹੈ, ਇਸ ਲਈ ਸਨਮਾਨ-ਪੱਤਰ ਨੂੰ ਮੈਂ ਪੂਰਾ ਜ਼ੋਰ ਲਾ ਕੇ, ਮੋਤੀਆਂ ਵਰਗੇ ਅੱਖਰਾਂ ਵਿੱਚ ਲਿਖ ਲਵਾਂ। ਲਿਖਾਈ ਤਾਂ ਭੁੱਲਰ ਦੀ ਆਪਣੀ ਵੀ ਘੱਟ ਖੁਸ਼ਖ਼ੱਤ ਨਹੀਂ ਸੀ ਪਰ ਮੈਂ ਫੂਕ ਵਿੱਚ ਆ ਕੇ ਕੰਮ ਸ਼ੁਰੂ ਕਰ ਦਿੱਤਾ ਤੇ ਗਈ ਰਾਤ ਤੱਕ ਕੰਮ ਮੁਕਾ ਕੇ ਸੌਂ ਗਿਆ। ਪਰ ਸਨਮਾਨ-ਪੱਤਰ ਨੂੰ ਸ਼ੀਸ਼ੇ ਦੇ ਫਰੇਮ ਵਿੱਚ ਜੜਨਾ ਹਾਲੀਂ ਬਾਕੀ ਸੀ। ਸਵੇਰੇ ਜਾਗ ਜ਼ਰਾ ਚਿਰਕੇ ਖੁੱਲ੍ਹੀ। ਸਾਨੂੰ ਸਮਾਗ਼ਮ ਤੇ ਲਿਜਾਣ ਲਈ ਪ੍ਰੇਮ ਸਿੰਘ, ਸਹਿਰਾਈ ਜੀ ਸਮੇਤ ਗੇਟ ਤੋਂ ਬਾਹਰ, ਕਾਰ ਦਾ ਹਾਰਨ ਤੇ ਹਾਰਨ ਮਾਰੀ ਜਾ ਰਿਹਾ ਸੀ। ਅਸੀਂ ਕਾਹਲੀ ਨਾਲ ਤਿਆਰ ਹੋ ਕੇ ਚੱਲ ਪਏ।
ਸਮਾਗ਼ਮ ਵਾਲੀ ਥਾਂ ’ਤੇ ਪੁੱਜੇ ਤਾਂ ਲੋਕ ਹੁੰਮ ਹੁੰਮਾ ਕੇ ਪਹਿਲਾਂ ਹੀ ਪਹੁੰਚੇ ਹੋਏ ਸਨ। ਦਿੱਲੀ ਦੇ ਲਗਭਗ ਸਾਰੇ ਪੰਜਾਬੀ ਲੇਖਕ - ਦੁੱਗਲ, ਅਜੀਤ ਕੌਰ, ਗੁਲਜ਼ਾਰ ਸਿੰਘ ਸੰਧੂ ਤੇ ਹੋਰ ਕਈ। ਭੁੱਲਰ ਨੇ ਭੱਜ ਕੇ ਮਾਈਕ ਸੈੱਟ ਕੀਤਾ ਤੇ ਕਿਸੇ ਨੂੰ ਬੋਲਣ ਲਈ ਕਹਿ ਕੇ ਮੈਨੂੰ ਇਸ਼ਾਰਾ ਕੀਤਾ ਕਿ ਮੈਂ ਦਰਖ਼ਤਾਂ ਤੋਂ ਪਾਰ, ਮੂਲੀਆਂ ਦੇ ਉੱਚੇ ਉੱਚੇ ਪੱਤਿਆਂ ਵਾਲੇ ਖੇਤ ਵਿੱਚ ਲੁਕ ਕੇ, ਸਨਮਾਨ ਪੱਤਰ ਨੂੰ ਫਿੱਟ ਕਰ ਲਵਾਂ। ਮੇਰੇ ਹੱਥ ਪੈਰ ਫੁੱਲ ਰਹੇ ਸਨ। ਭੁੱਲਰ ਮੇਰੀ ਉਡੀਕ ਵਿੱਚ, ਕਿਸੇ ਨਾ ਕਿਸੇ ਨੂੰ ਸਟੇਜ ਤੇ ਬੁਲਾ ਕੇ ਬੁੱਤਾ ਸਾਰੀ ਜਾ ਰਿਹਾ ਸੀ। ਪਰ ਸਨਮਾਨ-ਪੱਤਰ ਦੇਣ ਦੀ ਰਸਮ ਨੂੰ ਹੋਰ ਕਿੰਨੀ ਕੁ ਦੇਰ ਟਾਲਿਆ ਜਾ ਸਕਦਾ ਸੀ। ਉਸ ਨੇ ਸਟੇਜ ਤੋਂ ਐਲਾਨ ਕਰ ਦਿੱਤਾ ਕਿ ਹੁਣ ਸਹਿਰਾਈ ਜੀ ਨੂੰ ਸਨਮਾਨ-ਪੱਤਰ ਭੇਟ ਕੀਤਾ ਜਾਵੇਗਾ। ਮੈਨੂੰ ਹੱਥਾਂ ਪੈਰਾਂ ਦੀ ਪਈ ਹੋਈ ਸੀ। ਖ਼ੈਰ, ਕਿਸੇ ਨਾ ਕਿਸੇ ਤਰ੍ਹਾਂ ਕੰਮ ਪੂਰਾ ਕਰ ਕੇ ਸਟੇਜ ਵੱਲ ਨੂੰ ਵਧਿਆ ਤਾਂ ਅੱਗੋਂ ਬਲਵੰਤ ਸਿੰਘ ਰਾਮੂਵਾਲੀਆ ਮੇਰਾ ਰਾਹ ਰੋਕ ਕੇ ਖੜ੍ਹਾ ਹੋ ਗਿਆ ਤੇ ਪੁੱਛਣ ਲੱਗਾ ਕਿ ਜਦ ਸਾਰੇ ਲੋਕ ਸਮਾਗ਼ਮ ਵਿੱਚ ਸਨ ਤਾਂ ਮੈਂ ਏਧਰ ਮੂਲੀਆਂ ਵੱਲ ਕੀ ਕਰ ਰਿਹਾ ਸਾਂ। ਮੈਂ ਕੋਈ ਅੱਲ-ਪਟੱਲ ਜਿਹਾ ਮਾਰ ਕੇ ਉਸ ਤੋਂ ਵਿਹਲਾ ਹੋਇਆ ਤੇ ਸਨਮਾਨ-ਪੱਤਰ ਭੁੱਲਰ ਦੇ ਹਵਾਲੇ ਕੀਤਾ। ਮੇਰਾ ਸਾਹ ਨਾਲ ਸਾਹ ਨਹੀਂ ਸੀ ਰਲਦਾ।
ਭੁੱਲਰ ਨੇ ਕਿਸੇ ਕਾਰਨ ਟਰੱਸਟ ਤੋਂ ਅਸਤੀਫ਼ਾ ਦੇ ਦਿੱਤਾ ਤਾਂ ਪਿੱਛੇ ਜਿਹੇ ਟਰੱਸਟ ਨੇ ਉਸਨੂੰ ਪੁਰਸਕਾਰ ਦੇਣ ਦਾ ਫੈਸਲਾ ਕੀਤਾ। ਮੈਂ ਅਮਰੀਕਾ ਵਿੱਚ ਸਾਂ ਅਤੇ ਦਰਸ਼ਨ ਗਿੱਲ ਤੇ ਭੁੱਲਰ ਵਿਚਕਾਰ ਕੋਈ ਗੁੱਸਾ ਗ਼ਿਲਾ ਸੀ। ਭੁੱਲਰ ਦੀ ਸਹਿਮਤੀ ਲੈਣ ਲਈ ਰਘਬੀਰ ਸਿੰਘ ਸਿਰਜਣਾ ਨੇ ਫੋਨ ਕੀਤਾ ਤਾਂ ਭੁੱਲਰ ਨੇ ਨਾ ਸਿਰਫ ਇਨਕਾਰ ਹੀ ਕੀਤਾ ਸਗੋਂ ਅਖ਼ਬਾਰਾਂ ਵਿੱਚ ਟਰੱਸਟ ਬਾਰੇ ਆਪਣੀ ਭੜਾਸ ਵੀ ਕੱਢੀ। ਦਰਸ਼ਨ ਤੇ ਭੁੱਲਰ ਦੋਵੇਂ ਹੀ ਮੇਰੇ ਦੋਸਤ ਸਨ। ਮੈਨੂੰ ਯਾਰੀ-ਦੋਸਤੀ ਦੀਆਂ ਹੋਈਆਂ ਬੀਤੀਆਂ ਨੂੰ ਨਸ਼ਰ ਕਰਨਾ ਚੰਗਾ ਨਾ ਲੱਗਿਆ ਤੇ ਮੈਂ ਆਪਣੇ ਆਪ ਨੂੰ, ਭੁੱਲਰ ਨੂੰ ਉਲਾਂਭਾ ਦੇਣ ਤੋਂ ਰੋਕ ਨਾ ਸਕਿਆ।
ਪੰਜਾਬ ਵਿਚ ਕਈ ਵਾਰ ਪਤੀ ਪਤਨੀ ਦੇ ਨਾਂ ਉਹੀ ਹੁੰਦੇ ਹਨ, ਸਿਰਫ ‘ਸਿੰਘ’ ਤੇ ‘ਕੌਰ’ ਦਾ ਫਰਕ ਹੁੰਦਾ ਹੈ। ਸੁਰਜੀਤ ਸਿੰਘ ਬਰਨਾਲਾ ਤੇ ਸੁਰਜੀਤ ਕੌਰ ਬਰਨਾਲਾ ਬਗ਼ੈਰਾ। ਭੁੱਲਰ ਤੇ ਸ੍ਰੀਮਤੀ ਭੁੱਲਰ ਦੇ ਨਾਂ ਤਾਂ ਬੇਸ਼ਕ ਪੂਰੀ ਤਰ੍ਹਾਂ ਮੇਲ ਨਾ ਖਾਂਦੇ ਹੋਣ - ਗੁਰਬਚਨ ਤੇ ਗੁਰਚਰਨ, ਪਰ ਹਨ ਉਹ ‘ਏਕ ਜੋਤਿ ਦੁਇ ਮੂਰਤੀ’ ਵਾਂਗ, ਇੱਕ ਦੂਜੇ ਦੇ ਸਾਹ ’ਚ ਸਾਹ ਲੈਣ ਵਾਲੇ। ਮੈਨੂੰ ਉਨ੍ਹਾਂ ਦੀ ਕਿਸਮਤ ’ਤੇ ਰਸ਼ਕ ਹੁੰਦਾ ਹੈ। ਪੰਜਾਬ ਦੇ ਪ੍ਰਸਿੱਧ ਅਗਾਂਹ-ਵਧੂ ਸਿਆਸੀ ਆਗੂ, ਮਾਸਟਰ ਬਾਬੂ ਸਿੰਘ, ਉਨ੍ਹਾਂ ਦੇ ਵਿਚੋਲੇ ਸਨ। ਸ਼ਹਿਰਾਂ ਵਿੱਚ ਰਹਿੰਦੇ ਬਹੁਤੇ ਪੰਜਾਬੀ ਲੇਖ਼ਕਾਂ ਦੇ ਬੱਚਿਆ ਵਾਂਗ ਉਨ੍ਹਾਂ ਦੇ ਬੱਚੇ, ਆਪਣੇ ਮਾਤਾ-ਪਿਤਾ ਨੂੰ ‘ਮੰਮੀ-ਡੈਡੀ’ ਨਹੀਂ ਕਹਿੰਦੇ ਅਤੇ ਨਾ ਹੀ ‘ਪ੍ਰੀਤ-ਲੜੀਏ ਕਿਸਮ’ ਦੇ ਲੇਖ਼ਕਾਂ ਦੇ ਬੱਚਿਆਂ ਵਾਂਗੂੰ ਪਿਉ ਨੂੰ ‘ਦਾਰ ਜੀ’ ਆਖਦੇ ਹਨ। ਉਹ ਸ਼ੁੱਧ ਪੰਜਾਬੀ ਅੰਦਾਜ਼ ਵਿੱਚ, ਭੁੱਲਰ ਨੂੰ ‘ਪਿਤਾ ਜੀ’ ਅਤੇ ਮਿਸਿਜ਼ ਭੁੱਲਰ ਨੂੰ, ਦੁੱਗਲ ਦੇ ਪਾਤਰਾਂ ਵਾਂਗ, ‘ਅੰਮੀ’ ਕਹਿ ਕੇ ਬੁਲਾਉਂਦੇ ਹਨ।
ਭੁੱਲਰ ਪੰਜਾਬੀ ਟ੍ਰਿਬਿਊਨ ਦਾ ਸੰਪਾਦਕ ਬਣ ਕੇ ਚੰਡੀਗੜ੍ਹ ਆਇਆ ਤਾਂ ਮੈਨੂੰ ਉਸਦਾ ਨੇੜੇ ਆਉਣਾ ਚੰਗਾ ਚੰਗਾ ਲੱਗਿਆ। ਕੁਝ ਆਪਣਾ ਮਤਲਬ ਵੀ ਹੁੰਦਾ ਹੈ। ਹਰਿਆਣਾ ਸਰਕਾਰ ਵਿਚ ਉੱਚ ਅਧਿਕਾਰੀ ਹੋਣ ਦੇ ਨਾਤੇ ਮੈਨੂੰ ਮੁੱਖ-ਮੰਤਰੀ ਨਾਲ ਅਕਸਰ ਕੰਮ ਪੈਂਦੇ ਰਹਿੰਦੇ ਸਨ। ਪਹਿਲਾ ਸੰਪਾਦਕ ਹਰਭਜਨ ਹਲਵਾਰਵੀ ਮੇਰਾ ਜਮਾਤੀ ਤੇ ਪਿੰਡਾਂ ਦਾ ਹੋਣ ਕਰਕੇ, ਪ੍ਰੈੱਸ ਵਾਲੇ ਆਪਣੇ ਅਸਰ ਰਸੂਖ ਦੀ ਵਰਤੋਂ ਸਦਕਾ, ਮੇਰੇ ਅੜੇ ਥੁੜੇ ਕੰਮ ਸਰਕਾਰ ਤੋਂ ਕਰਵਾ ਦਿੰਦਾ ਸੀ। ਅਚਾਨਕ ਸਰਕਾਰ ਨੇ ਮੇਰੀ ਬਦਲੀ ਦਿੱਲੀਓਂ ਪਾਰ ਦੇ ਹਰਿਆਣੇ ਦੇ ਕਿਸੇ ਸ਼ਹਿਰ ਵਿੱਚ ਕਰ ਦਿੱਤੀ ਤਾਂ ਮੇਰੇ ਲਈ ਬੜੀ ਮੁਸ਼ਕਿਲ ਬਣੀ। ਮੈਂ ਭੁੱਲਰ ਨੂੰ ਫੋਨ ਕੀਤਾ ਤਾਂ ਮੈਨੂੰ ਅਹਿਸਾਸ ਹੋਇਆ ਕਿ ਉਸਦਾ ਸੁਭਾਅ ਹਲਵਾਰਵੀ ਤੋਂ ਬਿਲਕੁਲ ਅਲੱਗ ਹੈ। ਉਹ ਅਜੋਕੇ ਪਾਲੇਟੀਸ਼ਨਾਂ ਤੋਂ ਦੂਰ ਦੂਰ ਹੀ ਰਹਿ ਕੇ ਰਾਜ਼ੀ ਹੈ ਤੇ ਆਪਣੇ ਕੰਮ ਨਾਲ ਕੰਮ ਰਖਦਾ ਹੈ।
ਇਨ੍ਹੀਂ ਦਿਨੀਂ ਜਦ ਭੁੱਲਰ ਇੱਕ ਦਿਨ ਅਖ਼ਬਾਰ ਦੇ ਸੰਪਾਦਕੀ ਲੇਖ ਲਿਖਣ ਅਤੇ ਹੋਰ ਨਿੱਕੇ ਮੋਟੇ ਕੰਮਾਂ ਤੋਂ ਵਿਹਲਾ ਹੋਇਆ ਤਾਂ ਉਸ ਨੂੰ ਰੀਸੈੱਪਸ਼ਨ ਤੋਂ ਫ਼ੋਨ ਆਇਆ ਕਿ ਸੰਗਰੂਰ ਜ਼ਿਲ੍ਹੇ ਤੋਂ ਆਇਆ ਕੋਈ ਲੇਖ਼ਕ ਉਸ ਨੂੰ ਮਿਲਣਾ ਚਾਹੁੰਦਾ ਹੈ। ਉਸ ਨੇ, ਉਸ ਲੇਖਕ ਨੂੰ ਮਿਲਣ ਲਈ ਸਹਿਮਤੀ ਪ੍ਰਗਟ ਕੀਤੀ ਤਾਂ ਰੀਸੈੱਪਸ਼ਨ ਵਾਲੀ ਲੜਕੀ ਨੇ ਲੇਖਕ ਨੂੰ ਉਸਦੇ ਕਮਰੇ ਵਿੱਚ ਭੇਜ ਦਿੱਤਾ। ਇੱਧਰ ਉੱਧਰ ਦੀਆਂ ਗੱਲਾਂ ਤੋਂ ਬਾਅਦ ਲੇਖਕ ਨੇ ਆਪਣੀ ਪੁਸਤਕ ਉਸ ਨੂੰ ਭੇਟ ਕਰ ਕੇ, ਪੁਸਤਕ ਬਾਰੇ ਅਖ਼ਬਾਰ ਵਿੱਚ ਲਿਖਣ ਦੀ ਬੇਨਤੀ ਕੀਤੀ ਤਾਂ ਉਸਨੇ ਚਲਵਾਂ ਜਿਹਾ ਉੱਤਰ ਦੇ ਦਿੱਤਾ: ‘ਮੈਂ ਪੜ੍ਹਾਂਗਾ, ਤੁਹਾਡੀ ਕਿਤਾਬ।’ ਲੇਖਕ ਉੱਠ ਕੇ ਤੁਰਨ ਲੱਗਿਆ ਤਾਂ ਅਚਾਨਕ ਉਸ ਨੂੰ ਪੁੱਛਣ ਲੱਗਿਆ:
“ਤੁਸੀਂ ਵੀ ਕੁਝ ਲਿਖਦੇ ਹੁੰਦੇ ਹੋ, ਐਡੀਟਰ ਸਾਹਬ?’’
ਭੁੱਲਰ ਨੂੰ ਇੱਕਦਮ ਝਟਕਾ ਜਿਹਾ ਲੱਗਿਆ, ਪਰ ਉਹ ਸੰਭਲ ਕੇ, ਨਿਰਮਾਣਤਾ ਪ੍ਰਗਟ ਕਰਦੀ ਸੁਰ ਵਿੱਚ ਬੋਲਿਆ, ‘‘ਹਾਂ, ਕੋਸ਼ਿਸ਼ ਕਰੀਦੀ ਐ, ਕਦੇ ਕਦੇ।”
“ਰੱਬੀ ਦਾਤ ਹੁੰਦੀ ਐ ਜੀ, ਇਹ ਤਾਂ ਹਰੇਕ ਐਰਾ-ਗ਼ੈਰਾ ਨੀ ਲਿਖ ਸਕਦਾ।” ਕਹਿ ਕੇ ਲੇਖਕ ਦਰਵਾਜ਼ੇ ਤੋਂ ਬਾਹਰ ਹੋ ਗਿਆ।
ਭੁੱਲਰ ਕਿੰਨੀ ਦੇਰ ਚੁੱਪ ਚਾਪ, ਸੁੰਨ ਹੋਇਆ, ਬੈਠਾ ਰਿਹਾ। ਉਹ ਦੱਸਦਾ ਹੈ ਕਿ ਭੇਟ ਕੀਤੀਆਂ ਗਈਆਂ ਪੁਸਤਕਾਂ ਉਹ ਲਾਇਬ੍ਰੇਰੀਆਂ ਨੂੰ ਦੇ ਦਿੰਦਾ ਹੈ, ਪਰ ਉਸ ਲੇਖਕ ਦੀ ਪੁਸਤਕ ਉਸ ਨੇ ਸਾਂਭ ਕੇ ਰੱਖੀ ਹੋਈ ਹੈ। ਜਦ ਕਦੇ ‘ਵੱਡਾ ਲੇਖਕ’ ਹੋਣ ਦੀ ਹਉਮੈਂ ਆਉਂਦੀ ਹੈ, ਤਾਂ ਉਹ ਇਸ ਪੁਸਤਕ ਨੂੰ ਦੇਖ ਲੈਂਦਾ ਹੈ।
ਕਿਸੇ ਸਾਹਿਤਕ ਰਸਾਲੇ ਨੇ ਪੰਜਾਬੀ ਲੇਖਕਾਂ ਦੀਆਂ ਪਤਨੀਆਂ ਤੋਂ ਆਪਣੇ ਪਤੀਆਂ ਬਾਰੇ ਲਿਖਵਾਉਣ ਦੀ ਲੜੀ ਤੋਰੀ ਤਾਂ ਸ਼੍ਰੀਮਤੀ ਗੁਰਚਰਨ ਭੁੱਲਰ ਦੀ ਵਾਰੀ ਵੀ ਆਈ। ਹੋਰਨਾਂ ਗੱਲਾਂ ਤੋਂ ਇਲਾਵਾ ਉਨ੍ਹਾਂ ਨੇ ਜ਼ਿਕਰ ਕੀਤਾ ਕਿ ਗੁਰਬਚਨ ਹੋਰਾਂ ਦੇ ਮਿੱਤਰਾਂ ਵਿੱਚੋਂ ਦੋ ਮਿੱਤਰ ਅਜਿਹੇ ਹਨ ਜਿਹੜੇ ਉਨ੍ਹਾਂ ਦੇ ਘਰੋਂ ਜਾਣ ਵੇਲੇ, ‘ਰੋਕ ਕਰਨ’ ਵਾਂਗੂੰ, ਆਪਣੀ ਦੋਸਤੀ ਦੀ ਸੋਟੀ ਉੱਥੇ ਛੱਡ ਜਾਂਦੇ ਹਨ ਤੇ ਫੇਰ ਵਰ੍ਹੇ-ਛਿਮਾਹੀ ਇਹ ਦੇਖਣ ਲਈ ਗੇੜਾ ਮਾਰਦੇ ਰਹਿੰਦੇ ਹਨ ਕਿ ਉਹ ਸੋਟੀ ਹਾਲੀਂ ਵੀ ਉੱਥੇ ਹੈ ਜਾਂ ਨਹੀਂ। ਉਨ੍ਹਾਂ ਵਿੱਚੋਂ ਇੱਕ ਰਾਮ ਸਰੂਪ ਅਣਖ਼ੀ ਸੀ ਤੇ ਦੂਜਾ ਮੈਂ। ਮੈਂ ਪੜ੍ਹਿਆ ਤਾਂ ਮੈਨੂੰ ਆਪਣਾ ਆਪ ਵੱਡਾ ਵੱਡਾ ਹੋ ਗਿਆ ਲੱਗਿਆ। ਭੁੱਲਰ ਤੇ ਅਣਖ਼ੀ ਨਾਲ ਮੇਚੇ ਜਾਣ ਤੇ ਕੌਣ ਆਪਣੇ ਆਪ ਨੂੰ ਸੁਭਾਗਾ ਨਹੀਂ ਸਮਝੇਗਾ। ਸੰਤੋਖ ਸਿੰਘ ਧੀਰ ਵਰਗੇ ਲੇਖਕ ਅਕਸਰ ਉਸ ਦੇ ਘਰ ਠਹਿਰੇ ਹੋਏ ਮਿਲ ਜਾਂਦੇ ਹਨ। ਸ਼ਹਿਰੀਏ ਹੋਣ ਦੇ ਬਾਵਜੂਦ, ਉਨ੍ਹਾਂ ਦੀ ਪੇਂਡੂ ਪ੍ਰਾਹੁਣਚਾਰੀ ਦੀ ਰੀਤ ਬਦਸਤੂਰ ਕਾਇਮ ਹੈ।
ਕਈ ਵਾਰ ਕਈ ‘ਮਿੱਠ-ਬੋਲੜੇ’ ਕਿਸਮ ਦੇ ਲੇਖਕ ਵੀ ਉਨ੍ਹਾਂ ਦੇ ਠਹਿਰਦੇ ਹਨ ਤੇ ਸ਼੍ਰੀਮਤੀ ਭੁੱਲਰ ਲਈ ‘ਭਾਬੀ ਮਾਂ’ ਵਰਗੇ ਫਿਲਮੀ ਲਕਬ ਇਸਤੇਮਾਲ ਕਰਦੇ ਹਨ। ਪਰ ਉਨ੍ਹਾਂ ਦੇ ਅਸਲੀ ਰੰਗ ਜਲਦੀ ਹੀ ਉੱਘੜ ਆਉਂਦੇ ਹਨ। ਮੈਂ ਐਡੀਸ਼ਨਲ ਡਾਇਰੈਕਟਰ ਬਣਿਆ ਤਾਂ ਅਕਸਰ ਚੰਡੀਗੜ੍ਹੋਂ, ਦਿੱਲੀਉਂ ਪਾਰ ਦੇ ਹਰਿਆਣੇ ਵਿਚਲੇ ਇੰਜੀਨੀਅਰਿੰਗ ਕਾਲਜਾਂ ਤੇ ਪਾਲੀਟੈਕਨਿਕਾਂ ਦੀ ਇੰਨਸਪੈਕਸ਼ਨ ਲਈ ਜਾਣਾ ਪੈਂਦਾ। ਦਿੱਲੀ ਵਿੱਚੋਂ ਲੰਘਦਾ ਤਾਂ ਹੋਰ ਕਈ ਮਿੱਤਰਾਂ ਸਮੇਤ, ਭੁੱਲਰ ਨੂੰ ਫ਼ੋਨ ਜ਼ਰੂਰ ਕਰਦਾ। ਇੱਕ ਵਾਰ ਵਾਪਸ ਆਉਣ ਵੇਲੇ ਮੇਰੇ ਕੋਲ ਕਾਫੀ ਸਮਾਂ ਸੀ ਤਾਂ ਮੈਂ ਭੁੱਲਰ ਨੂੰ ਇਸ ਆਸ ਨਾਲ ਫੋਨ ਕੀਤਾ ਕਿ ਉਹ ਮੈਨੂੰ ਘਰ ਹੋ ਕੇ ਜਾਣ ਲਈ ਕਹੇਗਾ। ਪਰ ਉਹ ਰੁੱਝਿਆ ਹੋਵੇਗਾ। ਉਸ ਨੇ ਮੈਨੂੰ ਚਲਵਾਂ ਜਿਹਾ ਹੀ ਜੁਆਬ ਦਿੱਤਾ ਤੇ ਘਰ ਆਉਣ ਲਈ ਕਿਹਾ ਹੀ ਨਾ। ਮੈਂ ਆਪਣਾ ਜਿਹਾ ਮੂੰਹ ਲੈ ਕੇ ਰਹਿ ਗਿਆ। ਫਿਰ ਸੋਚਿਆ ਜੋ ਹੁੰਦਾ ਹੈ, ਚੰਗੇ ਲਈ ਹੀ ਹੁੰਦਾ ਹੈ। ਦੁਪਹਿਰ ਦਾ ਵੇਲਾ ਸੀ। ਜਾਂਦਾ ਤਾਂ ਮੈਂ ਜਿੰਨਾ ਦਾਣਾ-ਪਾਣੀ ਉਸ ਦੇ ਘਰੋਂ ਚੁਗਣਾ ਲਿਖਾ ਕੇ ਆਇਆ ਹਾਂ, ਉਸ ਵਿੱਚੋਂ ਦੋ ਫੁਲਕੇ ਘਟ ਜਾਣੇ ਸਨ। ਮੈਂ ਖੁਸ਼ ਹੋ ਗਿਆ ਕਿ ਚਲੋ ਮੇਰੀ ਉਮਰ ਵਧੀ। ਹੁਣ ਇਸੇ ਲਾਲਚ ਵਿਚ ਉਸਦੇ ਘਰ ਜਾਣੋ ਟਾਲਾ ਮਾਰ ਜਾਂਦਾ ਹਾਂ।
ਗ਼ਦਰੀ ਬਾਬਿਆਂ ਤੇ ਇਨਕਲਾਬੀਆਂ ਬਾਰੇ ਖੋਜ ਕਰਨ ਵਾਲੇ ਮੇਰੇ ਮਿੱਤਰਾਂ ਵਰਗੇ ਗੁਰੂ, ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਅਕਸਰ ਆਪਣੀ ਖੋਜ ਦੇ ਕਿਸੇ ਨਾ ਕਿਸੇ ਕੰਮ ਲਈ ਮੇਰੀ ਮਦਦ ਲੈਂਦੇ ਰਹਿੰਦੇ ਹਨ। ਸਾਡੀ ਤਿੱਕੜੀ ਵਿੱਚ ਸ਼ਹੀਦ ਭਗਤ ਸਿੰਘ ਦੇ ਭਾਣਜੇ ਤੇ ਮੇਰੇ ਜਮਾਤੀ, ਪ੍ਰੋ. ਜਗਮੋਹਣ ਸਿੰਘ ਵੀ ਸ਼ਾਮਲ ਹਨ। ਇੱਕ ਵਾਰ ਉਨ੍ਹਾਂ ਅਤੇ ਜਗਮੋਹਣ ਹੋਰਾਂ ਦੇ ਹੱਥ ਭਗਤ ਸਿੰਘ ਦੀ ਅਜਿਹੀ ਦੁਰਲੱਭ ਤਸਵੀਰ ਲੱਗੀ, ਜਿਸ ਵਿਚ ਉਹ ਸਿਰੋਂ ਨੰਗੇ, ਵਾਣ ਦੇ ਮੰਜੇ ’ਤੇ ਲੱਤਾਂ ਲਟਕਾਈ, ਕਿਸੇ ਸੀ.ਆਈ.ਡੀ. ਦੇ ਪੋਠੋਹਾਰੀ ਸਲਵਾਰ ਸੂਟ ਅਤੇ ਖੁੱਲ੍ਹੀ ਦਾੜ੍ਹੀ ਵਾਲੇ, ਗੁਰਸਿੱਖ ਦਿਸਦੇ, ਕਰਮਚਾਰੀ ਦੀ ਪੁੱਛ-ਗਿੱਛ ਦਾ ਜਵਾਬ ਦੇ ਰਹੇ ਹਨ। ਉਨ੍ਹਾਂ ਸੋਚਿਆ ਕਿ ਇਸ ਫੋਟੋ ਨੂੰ ਪ੍ਰਕਾਸ਼ਿਤ ਕੀਤਾ ਜਾਵੇ। ਪਰ ਉਸ ਕਰਮਚਾਰੀ ਦਾ ਉੱਥੇ ਹੋਣਾ ਉਨ੍ਹਾਂ ਨੂੰ ਫੁੱਟੀ ਅੱਖ ਨਾ ਭਾਇਆ। ਉਨ੍ਹਾਂ ਨੇ ਉਹ ਤਸਵੀਰ ਵਿਚਾਲਿਓਂ ਕੱਟ ਕੇ ਛਪਵਾ ਦਿੱਤੀ ਤੇ ਇਹ ਆਮ ਪ੍ਰਚੱਲਤ ਹੋ ਗਈ। ਬਾਅਦ ਵਿਚ ਬਹੁਤ ਪਛਤਾਵਾ ਹੋਇਆ ਕਿ ਇੱਕ ਇਤਿਹਾਸਕ ਧਰੋਹਰ ਅਣਜਾਣੇ ਹੀ ਨਸ਼ਟ ਕਰ ਬੈਠੇ।
ਪ੍ਰੋ. ਸਾਹਿਬ ਨੂੰ ਕਿਧਰੋਂ ਸੂਹ ਮਿਲੀ ਕਿ ਅਸਲੀ ਫੋਟੋ ਦੀ ਇੱਕ ਕਾਪੀ ਪੰਡੋਰੀ ਨਿੱਝਰਾਂ ਵਾਲੇ ਇਨਕਲਾਬੀ ਘੁਲਾਟੀਏ ਮਿਲਖ਼ਾ ਸਿੰਘ ਨਿੱਝਰ, ਗੁਰਬਚਨ ਸਿੰਘ ਭੁੱਲਰ ਹੋਰਾਂ ਨੂੰ ਦੇ ਗਏ ਸਨ। ਉਨ੍ਹਾਂ ਨੂੰ ਅੱਚਵੀ ਲੱਗ ਗਈ। ਭੁੱਲਰ ਨਾਲ ਮੇਰੇ ਸਬੰਧਾਂ ਦਾ ਉਨ੍ਹਾਂ ਨੂੰ ਪਤਾ ਸੀ ਤੇ ਉਨ੍ਹਾਂ ਨੇ ਮੇਰੀ ਡਿਊਟੀ ਲਾ ਦਿੱਤੀ ਕਿ ਭੁੱਲਰ ਤੋਂ ਇਹ ਫੋਟੋ ਪ੍ਰਾਪਤ ਕਰ ਕੇ ਉਨ੍ਹਾਂ ਤੀਕ ਪੁਚਾਵਾਂ। ਮੈਂ ਭੁੱਲਰ ਨਾਲ ਸੰਪਰਕ ਕੀਤਾ ਤਾਂ ਉਸਨੇ ਸਵੀਕਾਰ ਕਰ ਲਿਆ ਕਿ ਮੇਰੀ ਸੂਚਨਾ ਬਿਲਕੁਲ ਠੀਕ ਹੈ। ਉਸਨੇ ਕਿਹਾ ਕਿ ਫੋਟੋ ਉਸ ਦੇ ਰੀਕਾਰਡ ਵਿੱਚ ਕਿਧਰੇ ਉੱਪਰ ਹੇਠਾਂ ਹੋ ਗਈ ਹੈ। ਉਹ ਮਿਲਨ ਤੇ ਦੱਸੇਗਾ। ਮੈਨੂੰ ਲੱਗਿਆ ਭੁੱਲਰ, ਫੋਟੋ ਮੈਨੂੰ ਦੇਣਾ ਨਹੀਂ ਚਾਹੁੰਦਾ। ਪਰ ਮੈਂ ਕੋਸ਼ਿਸ਼ ਬਦਸਤੂਰ ਜਾਰੀ ਰੱਖੀ। ਇਸ ਦੌਰਾਨ ਉਸਨੇ ਇਸ ਫੋਟੋ ਅਤੇ ਉਸਦੇ ਆਪਣੇ ਤੱਕ ਪਹੁੰਚਣ ਬਾਰੇ ਇੱਕ ਵਿਸਤ੍ਰਿਤ ਲੇਖ ਲਿਖਿਆ ਤੇ ਫ਼ੋਟੋ ਸਹਿਤ ਪ੍ਰੈੱਸ ਵਿਚ ਛਪਵਾ ਦਿੱਤਾ। ਇਸ ਵਿੱਚ ਮੇਰਾ ਤੇ ਮਲਵਿੰਦਰਜੀਤ ਸਿੰਘ ਹੋਰਾਂ ਦਾ ਜ਼ਿਕਰ ਵੀ ਕੀਤਾ ਤੇ ਫ਼ੋਟੋ ਦੀਆਂ ਦੋ ਕਾਪੀਆਂ, ਮੇਰੇ ਤੇ ਪ੍ਰੋ. ਸਾਹਿਬ ਲਈ ਭੇਜ ਦਿੱਤੀਆਂ। ਮੇਰੀ ਜਾਨ ਵਿਚ ਜਾਨ ਆਈ।
ਭੁੱਲਰ ਦੇ ਬੇਟੇ ਸਨੇਹ ਦੀ ਸ਼ਾਦੀ ਦੇ ਸਿਲਸਿਲੇ ਵਿੱਚ ਉਨ੍ਹਾਂ ਨੇ ਆਪਣੇ ਘਰ ਅਖੰਡ-ਪਾਠ ਰੱਖਿਆ ਤਾਂ ਅਚਾਨਕ ਭੁੱਲਰ ਨੂੰ ਕਿਸੇ ਸਾਹਿਤਕ ਸਮਾਗ਼ਮ ’ਤੇ ਜਾਣਾ ਪੈ ਗਿਆ। ਸਬੱਬੀਂ ਹੀ ਉਸ ਵੇਲੇ ਮੈਂ ਉਨ੍ਹਾਂ ਦੇ ਘਰ ਚਲਾ ਗਿਆ। ਕਈ ਜ਼ਰੂਰੀ ਰਸਮਾਂ ਵਿੱਚ ਮੈਂ ਭੁੱਲਰ ਸਾਹਿਬ ਦੇ ਸਬਸਟੀਚਿਊਟ ਦੇ ਤੌਰ ਤੇ ਬੁੱਤਾ ਸਾਰਿਆ। ਮੈਨੂੰ ਬੜਾ ਮਾਣ ਜਿਹਾ ਮਹਿਸੂਸ ਹੋਇਆ।
ਅਮਰੀਕਾ ਵਿੱਚ, ਪਿੱਛੇ ਜਿਹੇ, ਉਸਨੇ ਮੇਰੇ ਘਰ ‘ਚਰਨ’ ਪਾਏ ਤਾਂ ਮੈਨੂੰ ਅਥਾਹ ਖੁਸ਼ੀ ਹੋਈ।
2005 ਵਿੱਚ ਜਦੋਂ ਮੈਂ ਅਮਰੀਕਾ ਤੋਂ ਇੰਡੀਆ ਪਹੁੰਚਿਆ ਤਾਂ ਭੁੱਲਰ ਸਾਹਿਬ ਨੂੰ ਸਾਹਿਤ ਅਕਾਦਮੀ ਵਲੋਂ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ। ਮੈਂ ਅੰਬਾਲਿਉਂ, ਪੰਜਾਬ ਵਿਚਲੇ ਆਪਣੇ ਪਿੰਡ ਗਿਆ ਹੋਇਆ ਸਾਂ। ਕਈ ਦਿਨ ਮੈਨੂੰ ਇਸ ਖ਼ਬਰ ਦਾ ਪਤਾ ਹੀ ਨਾ ਲੱਗਿਆ। ਵਾਪਸ ਮੁੜਿਆ ਤਾਂ ਪੰਜਾਬੀ ਟ੍ਰਿਬਿਊਨ ਵਾਲੇ ਸ਼ਾਮ ਸਿੰਘ ਦੇ ਕਾਲਮ ‘ਅੰਗ-ਸੰਗ’ ਵਿੱਚੋਂ, ਭੁੱਲਰ ਤੇ ਅਜਮੇਰ ਸਿੰਘ ਔਲਖ਼ ਨੂੰ ਕ੍ਰਮਵਾਰ ਸਾਹਿਤ ਅਕਾਦਮੀ ਤੇ ਸੰਗੀਤ-ਨਾਟਕ ਅਕਾਦਮੀ ਦੇ ਪੁਰਸਕਾਰ ਦਿੱਤੇ ਜਾਣ ਦਾ ਪਤਾ ਲੱਗਿਆ। ਸ਼ਾਮ ਸਿੰਘ ਨੇ ਬਠਿੰਡੇ ਦੇ ਟਿੱਬਿਆਂ ਦੀ ਰੇਤ ਦਾ ਮੁੱਲ ਪੈਣ ਦੀ ਗੱਲ ਕੀਤੀ ਸੀ। ਉਦੋਂ ਤੀਕ ਸਾਰੇ ਲੇਖਕ ਭੁੱਲਰ ਨੂੰ ਵਧਾਈਆਂ ਦੇ ਚੁੱਕੇ ਸਨ। ਮੈਨੂੰ ਬੜੀ ਸ਼ਰਮ ਮਹਿਸੂਸ ਹੋਈ। ਭੁੱਲਰ ਨੂੰ ਮੇਰੇ ਇੰਡੀਆ ਆਉਣ ਦਾ ਪਤਾ ਲੱਗ ਚੁੱਕਾ ਸੀ। ਮੈਂ ਉਸ ਨੂੰ ਵਧਾਈ ਦਿੱਤੀ ਤਾਂ ਉਸ ਨੇ ਨਿਹੋਰੇ ਨਾਲ ਕਿਹਾ ਕਿ ਮੈਂ ਹੁਣ ਤੱਕ ਕਿਹੜੇ ਭੋਰੇ ’ਚ ਲੁਕਿਆ ਹੋਇਆ ਸਾਂ ਕਿ ਮੈਨੂੰ ਇਸ ਖ਼ਬਰ ਦੀ ਭਿਣਕ ਸਾਰੀ ਦੁਨੀਆਂ ਤੋਂ ਬਾਅਦ ’ਚ ਪਈ ਹੈ। ਮੈਨੂੰ ਮਿੱਤਰਾਂ ਵਾਲਾ ਉਸਦਾ ਹੱਕੀ ਰੋਸਾ ਚੰਗਾ ਲੱਗਿਆ।
ਭੁੱਲਰ ਦੀ ਲੋਹੜੇ ਦੀ ਰਵਾਨੀ ਵਾਲੀ, ਗੋਲ ਸਿਹਾਰੀਆਂ ਵਾਲੀ ਲਿਖਾਈ ਮੈਨੂੰ ਬਹੁਤ ਪਸੰਦ ਹੈ। ਕਹਾਣੀਆਂ ਤਾਂ ਉਸਦੀਆਂ ਕਮਾਲ ਹੈਨ ਈ, ਉਸਦੀ ਗੁੰਦਵੇਂ ਫ਼ਿਕਰਿਆਂ ਤੇ ਚੁਸਤੀ ਨਾਲ ਬੀੜੇ ਢੁਕਵੇਂ ਸ਼ਬਦਾਂ ਵਾਲੀ ਅਨੁਵਾਦ ਕਲਾ ਦਾ ਵੀ ਮੈਂ ਪ੍ਰਸੰਸਕ ਹਾਂ।
ਅੱਲਾ ਤਾਲਾ ਉਸਦੀ ਉਮਰ ਦਰਾਜ਼ ਕਰੇ। ਅਸੀਂ ਚਿਰ-ਕਾਲ ਤੀਕ ਉਸਦੀਆਂ ਰਚਨਾਵਾਂ ਦੀ, ‘ਬੰਸੀ ਦੀ ਤਾਨ’ ਸੁਣਨ ਦੇ ਖਾਹਿਸ਼ਮੰਦ ਹਾਂ।*****
(1 ਦਸੰਬਰ 2007) ਯੂਨੀਕੋਡ
ਪ੍ਰਿੰ. ਦਰਸ਼ਨ ਨੱਤ ਦੀਆਂ ਲਿਖਾਰੀ ਵਿੱਚ ਪ੍ਰਕਾਸ਼ਿਤ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿੱਕ ਕਰੋ
e-mail:
ਲਿਖਾਰੀ
© likhari: Punjabi Likhari Forum-2001-2007