ਲੇਖ/ਖੋਜ/ਆਲੋਚਨਾ/ਰੀਵੀਊ/ਵਿਚਾਰ

-ਨਿਰੰਜਨ ਸਿੰਘ ਨੂਰ-

ਨਿਰੰਜਨ ਸਿੰਘ ਨੂਰ ਕਾਵਿ ਵਿਚ ਅਮਨ ਦੀ ਕਾਮਨਾ

ਪ੍ਰੌ: ਦਿਲਰਾਜ ਸਿੰਘ
ਲੈਕਚਰਰ, ਪੰਜਾਬੀ ਵਿਭਾਗ
ਸਰਕਾਰੀ ਕਾਲਜ, ਡੱਬਵਾਲੀ ਜਿਲ੍ਹਾ ਸਿਰਸਾ (ਹਰਿਆਣਾ)

 

 

ਨਿਰੰਜਨ ਸਿੰਘ ਨੂਰ ਨੇ ਸਮਾਜਕ ਯਥਾਰਥ ਦੇ ਅਨੇਕਾਂ ਵਿਸਿ਼ਆਂ ਦੇ ਨਾਲ ਨਾਲ ਅਮਨ ਦੇ ਵਿਸ਼ੇ ਨੂੰ ਵੀ ਆਪਣੀ ਕਾਵਿ ਰਚਨਾ ਵਿਚ ਪ੍ਰਮੁੱਖਤਾ ਦਿੱਤੀ ਹੈ। ਉਸ ਦੀ ਸਮੁੱਚੀ ਕਾਵਿ ਰਚਨਾ ਦੁਨਿਆਵੀ ਯਥਾਰਥ ਉਤੇ ਕੇਂਦਰਤ ਰਹਿੰਦੀ ਹੈ। ਉਹ ਲੋਕਾਂ ਦੇ ਮਸਲਿਆਂ ਦੀ ਪੇਸ਼ਕਾਰੀ ਨੂੰ ਆਪਣਾ ਕਰਤੱਵ ਸਮਝਦਾ ਹੈ। ਨਿਰੰਜਨ ਸਿੰਘ ਨੂਰ ਆਪਣੇ ਵਿਸ਼ੇ-ਖੇਤਰ ਬਾਰੇ ਲਿਖਦਾ ਹੈ, “ਵਿਸ਼ੇ ਵਸਤੂ ਪੱਖੋਂ ਮੈਂ ਪਰੰਪਰਾਈ ਜਕੜ ਨੂੰ ਕਬੂਲ ਨਹੀਂ ਕੀਤਾ ਅਤੇ ਮਨੁੱਖ ਦੇ ਸੁਪਨਿਆਂ-ਸ਼ੰਕਿਆਂ, ਮਨੁੱਖੀ ਸੰਘਰਸ਼ਾਂ ਦੀਆਂ ਸੰਭਾਵਨਾਵਾਂ ਤੇ ਸੀਮਾਵਾਂ, ਆਜ਼ਾਦੀ, ਇਨਸਾਫ਼ ਤੇ ਬਰਾਬਰੀ ਆਦਿ ਦੇ ਸੰਕਲਪਾਂ ਨੂੰ ਉਭਾਰਨ ਦਾ ਜਤਨ ਕੀਤਾ ਹੈ।” ਨਿਰੰਜਨ ਸਿੰਘ ਨੂਰ ਮੁਲਕਾਂ-ਕੌਮਾਂ ਦੀਆਂ ਹੱਦਬੰਦੀਆਂ, ਨਸਲਾਂ ਰੰਗਾਂ ਦੇ ਬਖੇੜਿਆਂ ਤੋਂ ਉਪਰ ਉਠ ਕੇ ਸਮੁੱਚੀ ਮਨੁੱਖਤਾ ਨੂੰ ਅਮਨ ਦਾ ਸੰਦੇਸ਼ ਦਿੰਦਾ ਹੈ। ਉਹ ਜੰਗਾਂ ਦੁਆਰਾ ਹੋਈ ਮਨੁੱਖਤਾ ਦੀ ਤਬਾਹੀ ਅਤੇ ਮਨੁੱਖ ਦੁਆਰਾ ਪੈਦਾ ਕੀਤੀਆਂ ਲੱਖਾਂ ਨਿਆਮਤਾਂ ਦੇ ਘਾਣ ਨੂੰ ਹਿਰਦੇ ਵੇਦਕ ਢੰਗ ਨਾਲ ਬਿਆਨ ਕਰਦਾ ਹੈ। ਉਹ ਜੰਗ ਛੇੜਣ ਲਈ ਸਿਆਸਤਦਾਨਾਂ ਨੂੰ ਜੁੰਮੇਵਾਰ ਠਹਿਰਾਉਂਦਾ ਹੈ ਜਿਹੜੇ ਨਿੱਜੀ ਸਵਾਰਥ ਲਈ ਮੌਤ ਦਾ ਵਿਉਪਾਰ ਕਰਦੇ ਹਨ :

ਐ ਸਿਆਸਤ ਦੇ ਨਸ਼ੇ ਵਿਚ ਮੱਤਿਓ
ਖੱਟ ਲਓ ਕੁਝ ਮਾਸ ਦੇ ਵਿਓਪਾਰੀਓ
ਜਿ਼ੰਦਗੀ ਨੂੰ ਮੌਤ ਵੇਚਣ ਵਾਲਿਓ
ਮਜ਼ਾ ਹੈ ਜੇ ਮੌਤ ਨੂੰ ਦਫ਼ਨਾ ਦਿਓ।

ਨਿਰੰਜਨ ਸਿੰਘ ਨੂਰ ਸਿਅਸਤਦਾਨਾਂ ਨੂੰ ਲਾਹਨਤਾਂ ਪਾਉਂਦਾ ਹੈ ਕਿ ਜੰਗ ਨਾਲ ਮਨੁੱਖਤਾ ਦਾ ਜੋ ਵਿਨਾਸ਼ ਹੁੰਦਾ ਹੈ, ਉਸ ਦਾ ਮੂਲ ਕਾਰਨ ਉਨ੍ਹਾਂ ਦੀਆਂ ਕੂਟ-ਨੀਤੀਆਂ ਹਨ। ਲੋੜ ਇਸ ਗੱਲ ਦੀ ਹੈ ਕਿ ਉਹ ਨਫ਼ਰਤ, ਦੁਸ਼ਮਣੀ ਅਤੇ ਸਵਾਰਥ ਦਾ ਤਿਆਗ ਕਰਕੇ ਲੋਕਾਂ ਦੇ ਜੀਵਨ ਨੂੰ ਖੁਸ਼ਹਾਲ ਕਰਨ। ਖੁਸ਼ਹਾਲੀ ਤਾਂ ਹੀ ਸੰਭਵ ਹੈ ਜੇਕਰ ਅਮਨ ਦਾ ਮਾਹੌਲ ਹੋਵੇ :

ਕੌਣ ਜਿਤੂ ਏਸ ਅੱਗ ਦੀ ਖੇਡ ‘ਚੋਂ।
ਆਓ ਰਲਕੇ ਯਾਰ ਯਾਰ ਖੇਡੀਏ।
ਨਫ਼ਰਤਾਂ ਇਨਸਾਨ ਦਾ ਹਿੱਸਾ ਨਹੀਂ।
ਆਓ ਸਾਰੇ ਪਿਆਰ ਪਿਆਰ ਖੇਡੀਏ।
ਅਮਨ ਕੀ ਹੈ? ਜਿ਼ੰਦਗੀ ਦੀ ਸ਼ਾਮ ਹੈ।
ਜੰਗ ਕੀ ਹੈ? ਜਿ਼ੰਦਗੀ ਦਾ ਕੋਹੜ ਹੈ।
ਜਾਂ ਨਿਰੀ ਹੈਵਾਨੀਅਤ ਸਰਾਪ ਹੈ।

ਨਿਰੰਜਨ ਸਿੰਘ ਨੂਰ ਦੇ ਸਾਹਿਤਕ ਸਫ਼ਰ ਉਤੇ ਝਾਤ ਪਾਉਂਦਿਆਂ ਇਹ ਗੱਲ ਸਹਿਜੇ ਹੀ ਸਪੱਸ਼ਟ ਹੋ ਜਾਂਦੀ ਕਿ ਉਹ ਸੁਚੇਤ ਜਾਂ ਅਚੇਤ ਰੂਪ ਵਿਚ ਮਾਨਵਤਾ, ਪਿਆਰ, ਖੁਸ਼ਹਾਲੀ, ਅਮਨ ਤੇ ਸਾਂਝੀਵਾਲਤਾ ਦਾ ਪੱਖ ਪੂਰਦਾ ਹੈ। ‘ਹਯਾਤੀ ਦੀ ਹੂਕ’ ਕਵਿਤਾ ਵਿਚ ਉਸਦੀ ਅਮਨ ਦੀ ਪੁਕਾਰ ਹਿਰਦੇ ਵੇਦਕ ਹੈ :

ਮੈਂ ਅਮਨ ਦੀ ਹੂਕ, ਨੀ ਅੰਮੀਏ
ਮੈਂ ਅਣਗੌਲੀ ਕੂਕ।
ਸ਼ਹਿਰ ਕਭੂਲਾ ਬਣ ਗਈ, ਅੜੀਏ,
ਮੇਰੀ ਜਿੰਦ ਮਲੂਕ।

ਨਿਰੰਜਨ ਸਿੰਘ ਨੂਰ ਦਾ ਕਾਵਿ ਸੰਗ੍ਰਹਿ ‘ਮੁਕਤੀ’ ਵਿਸ਼ਵ ਅਮਨ ਲਹਿਰ ਨੂੰ ਅਤੇ ਹਯਾਤੀ ਦੀ ਹੂਕ ਵਿਸ਼ਵ ਅਮਨ ਦੀ ਕਾਮਨਾ ਕਰਨ ਵਾਲੇ, ਦੁਸਰੇ ਦਾ ਦੁੱਖ ਦੇਖ ਕੇ ਪਿਘਲਣ ਵਾਲੇ ਤੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਹਿਰਦਿਆਂ ਨੂੰ ਸਮਰਪਿਤ ਹਨ। ਡਾ. ਸਤਿੰਦਰ ਸਿੰਘ ‘ਮੁਕਤੀ’ ਕਾਵਿ ਸੰਗ੍ਰਹਿ ਵਿਚ ਨਿਰੰਜਨ ਸਿੰਘ ਨੂਰ ਨੂੰ ‘ਇਸ਼ਕ ਹਯਾਤੀ ਦਾ ਕਵੀ’ ਕਹਿੰਦਾ ਹੈ।

ਨਿਰੰਜਨ ਸਿੰਘ ਨੂਰ ਨੇ ਅਮਨ ਦਾ ਸੁਨੇਹਾ ਹਰ ਮਨੁੱਖ ਤੱਕ ਪਹੁੰਚਾਉਣ ਲਈ ਗੀਤ-ਕਾਵਿ ਰੂਪ ਦੀ ਵਰਤੋਂ ਕੀਤੀ ਹੈ। ਉਸਨੇ ਵੀਅਤਨਾਮ ਦੇ ਪ੍ਰਮੁੱਖ ਦੇਸ਼ ਭਗਤ ਯੋਧੇ ਹੋ-ਚੀ-ਮਿੰਨ ਨੂੰ ਆਪਣੇ ਮਹਾਕਾਵਿ ਵਿਚ ਨਾਇਕ ਵੱਜੋਂ ਚੁਣਿਆ ਹੈ। ਉਸ ਯੋਧੇ ਅਤੇ ਅਮਨ ਦੇ ਮਸੀਹੇ ਬਾਰੇ ਨਿਰੰਜਨ ਸਿੰਘ ਨੂਰ ਹੋ-ਚੀ-ਮਿੰਨ ਮਹਾਕਾਵਿ ਦੇ ਆਦਿ ਕਥਨ ਵਿਚ ਲਿਖਦਾ ਹੈ, “ਆਪਣੀ ਜਿੰਦਗੀ ਦਾ ਇਕ ਇਕ ਸਾਹ ਵੀਅਤਨਾਮ ਲਈ ਅਤੇ ਵਿਸ਼ਵ ਦੇ ਹਰ ਪੀੜਤ ਲਈ ਜੀਣ ਵਾਲਾ ਹੋ-ਚੀ-ਮਿੰਨ ਇਕ ਯੁਗ-ਪੁਰਸ਼ ਸੀ। ਉਸ ਦੀ ਅਦੁੱਤੀ ਘਾਲ, ਸਿਦਕ ਅਤੇ ਸਿਰੜ ਸਹਮਣੇ ਦੈਂਤ ਕੱਦ ਮਸ਼ੀਨਾਂ ਬੌਣੀਆਂ ਹੋ ਗਈਆਂ । ਗੁਰੂ ਗੋਬਿੰਦ ਸਿ਼ੰਘ ਜੀ, ਮਾਰਕਸ ਅਤੇ ਹੋ-ਚੀ-ਮਿੰਨ ਕਰਮਸ਼ੀਲ ਮਨੁੱਖਾਂ ਲਈ ਸਦਾ ਲਈ ਪ੍ਰੇਰਣਾ ਦਾ ਅਮੁੱਕ ਖਜਾਨਾ ਬਣਿਆ ਰਹੇਗਾ।” ਇਸ ਮਹਾਕਾਵਿ ਵਿਚ ਯੁੱਗ-ਪੁਰਸ਼ ਹੋ-ਚੀ-ਮਿੰਨ ਦੁਆਰਾ ਲੋਕਾਂ ਨੁੂੰ ਅਮਰੀਕਾ ਦੀਆਂ ਕਾਲੀਆਂ ਕਰਤੂਤਾਂ ਤੋਂ ਜਾਣੂ ਕਰਵਾਇਆ ਗਿਆ ਹੈ। ਉਸਨੇ ਮਿਹਨਤਕਸ਼ ਲੋਕਾਂ ਨੂੰ ਪੈਗਾਮ ਦਿੱਤਾ ਹੈ ਕਿ ਉਹ ਆਪਣੇ ਭਰਾਵਾਂ ਦੇ ਮੋਢਿਆਂ ਨਾਲ ਮੋਢੇ ਜੋੜ ਕੇ ਡਟੇ ਰਹਿਣ। ਹੋ-ਚੀ-ਮਿੰਨ ਨੇ ਜੰਗ ਨਾਲੋਂ ਅਮਨ-ਸੰਘਰਸ਼ ਉਤੇ ਜ਼ੋਰ ਦਿੱਤਾ ਹੈ। ਉਸਦਾ ਮੰਨਣਾ ਹੈ ਕਿ, “ਗੋਲੀ ਅਤੇ ਲੋਹੇ ਨਾਲ ਵੀਅਤਨਾਮ ਦੇ ਲੋਕਾਂ ਨੂੰ ਜਿੱਤਿਆ ਜਾ ਸਕਦਾ ਹੈ, ਨਹੀਂ । ਇਹ ਮਸਲਾ ਦੁਨੀਆ ਦੇ ਹਰ ਮਜਲੂਮ ਦਾ ਮਸਲਾ ਹੈ।”

ਨਿਰੰਜਨ ਸਿੰਘ ਨੂਰ ਨੂੰ ਆਪਣੇ ਵਤਨ ਜਾਂ ਆਪਣੇ ਵਤਨ ਦੇ ਦਰਦ ਦਾ ਹੀ ਅਹਿਸਾਸ ਨਹੀਂ ਬਲਕਿ ਉਹ ਦੁਨੀਆ ਦੇ ਹਰ ਆਜ਼ਾਦੀ ਦੇ ਪ੍ਰਵਾਨੇ ਦੀ ਕੁਰਬਾਨੀ ਨੂੰ ਮਹਿਸੂਸ ਕਰਨ ਵਾਲਾ ਸੀਨਾ ਹੈ। ਹੋ-ਚੀ-ਮਿੰਨ ਦੇ ਦਰਦ ਨੂੰ ਨਿਰੰਜਨ ਸਿੰਘ ਨੂਰ ਆਪਣੇ ਕਾਵਿਕ ਸ਼ਬਦਾਂ ਵਿਚ ਇਸ ਤਰ੍ਹ੍ਹਾਂ ਪਰੋਂਦਾ ਹੈ :

ਸੀਨੇ ਅੰਦਰ ਸਿ਼ਲ ਸੀ
ਦਿਲ ਸੀ
ਦਿਲ ਅੰਦਰ
ਅੱਗ ਸੀ ਸਵੈਰਾਜ ਦੀ।
ਅੱਗ ਜਿਹੜੀ ਸਾਜਦੀ ਤੇ ਸਾੜਦੀ
ਤੜਪ ਉਠਿਆ!
ਸਹਿ ਨਾ ਸਕਿਆ
ਜਬਰੀ ਭਰਤੀ ਵਤਨੀਆਂ ਦੀ
ਹਾਏ! ਉਹ ਵੀ ਜੁਲਮ ਦੀ ਰਾਖੀ ਲਈ!
ਮੱਚ ਉਠਿਆ।

ਨਿਰੰਜਨ ਸਿੰਘ ਨੂਰ ਹਯਾਤੀ ਦੇ ਹਰ ਮਨੁੱਖ ਅੱਗੇ ਇਹ ਅਰਜੋਈ ਕਰਦਾ ਹੈ ਕਿ ਉਹ ਇਕ ਦੂਸਰੇ ਨਾਲ ਪਾਟੋ ਧਾੜ ਵਾਲਾ ਰਵੱਈਆ ਨਾ ਅਪਣਾਉਣ, ਸਗੋਂ ਹਰ ਇਕ ਦੇ ਦੁੱਖ ਸਾਂਝੇ ਹੋਣ, ਉਹ ਹਰ ਖੁਸ਼ੀ, ਗਮੀ ਵਿਚ ਸ਼ਰੀਕ ਹੋਣ। ਜਿ਼ੰਦਗੀ ਭਰਪੂਰਤਾ ਨਾਲ ਜੀਵੀ ਜਾਵੇ। ਕਿਸੇ ਵੀ ਮਨੁੱਖ ਵਿਚੋਂ ਜਿ਼ੰਦਗੀ ਜੀਊਣ ਦੀ ਲੋਚਾ ਖਤਮ ਨਾ ਹੋਵੇ :

ਜਿ਼ੰਦਗੀ ਦੇ ਆਸ਼ਕੋ! ਜਾਗੋ ਜ਼ਰਾ।
ਮਨਾਂ ਅੰਦਰ ਸ਼ਹਿਦ, ਅੰਮ੍ਰਿਤ ਭਰ ਦਿਓ।
ਇਕ ਅਮਨ-ਸੰਗ੍ਰਾਮ ਪੈਦਾ ਕਰ ਦਿਓ
ਜਿ਼ੰਦਗੀ ਜੀਵਨ ਨੂੰ ਮਾਰਦੀ ਜਾ ਰਹੀ,
ਆਓ, ਇਹਨੂੰ ਜੀਣ ਜੋਗੀ ਕਰ ਦਿਓ।
ਜਿ਼ੰਦਗੀ ਦੇ ਆਸ਼ਕੋ! ਜਾਗੋ ਜ਼ਰਾ।

ਨਿਰੰਜਨ ਸਿੰਘ ਨੂਰ ਉਸ ਪਾਰਟੀ ਦਾ ਸਮਰਥਕ ਹੈ ਜਿਸ ਵਿਚ ਹਰ ਪਹਿਰਾਵਾ, ਹਰ ਕੌਮ, ਹਰ ਧਰਮ ਦੇ ਲੋਕ ਹੋਣ। ਜਿਥੇ ਦੁਨੀਆ ਦੇ ਸਾਰੇ ਮਨੁੱਖ ਕੀ ਕਿਸਾਨ, ਕੀ ਮਜਦੂਰ ਇਕੱਠੇ ਰਲ ਬੈਠਣ। ਜਿਥੇ ਅਮੀਰ ਗਰੀਬ ਵਿਚ ਕੋਈ ਰੇਖਾ ਨਾ ਹੋਵੇ। ਕਮਿਉਨਿਸਟ ਪਾਰਟੀ ਇਕੋ ਇਕ ਪਾਰਟੀ ਹੈ ਜਿਹੜੀ ਮਿਹਨਤਕਸ਼ ਤਬਕੇ ਵਿਚੋਂ ਉੱਠੀ ਅਤੇ ਸਾਂਝੀਵਾਲਤਾ ਦੀ ਕਹਾਣੀ ਕਰਦੀ ਹੈ। ਉਹ ਸੰਸਾਰ ਦੇ ਸਭ ਮਨੁੱਖਾਂ ਨੂੰ ਇਕ ਹੋ ਜਾਣ ਲਈ ਪ੍ਰੇਰਦੀ ਹੈ। ਮਜਦੂਰ ਵਰਗ ਦੀ ਅੰਨ੍ਹੀ ਲੁੱਟ ਦੇ ਵਿਰੋਧ ਵਿਚ ਉੁਹ ਕਿਰਤੀਆਂ ਦੇ ਹੱਕਾਂ ਦੀ ਅਗਵਾਈ ਕਰਦੀ ਹੈ। ਸੰਸਾਰ ਪੱਧਰ ਉੱਤੇ ਕਮਿਉਨਿਸਟ ਪਾਰਟੀ ਨੇ ‘ਦੁਨੀਆ ਭਰ ਦੇ ਮਿਹਨਤਕਸ਼ੋ! ੀੲੱਕ ਹੋ ਜਾਓ!’ ਦਾ ਨਾਹਰਾ ਬੁਲੰਦ ਕੀਤਾ। ਸੰਸਾਰ ਵਿਚ ਦੋ ਵੱਡੀਆਂ ਜੰਗਾਂ ਦੀ ਤਬਾਹੀ ਨੂੰ ਦੇਖਦੇ ਹੋਏ “ਅਮਨ ਲਹਿਰ” ਚਲਾਈ ਗਈ। ਦੁਨੀਆਂ ਭਰ ਦੇ ਸਾਹਿਤਕਾਰਾਂ ਨੇ ਇਸ ਨੂੰ ਸਫ਼ਲ ਬਣਾਉਣ ਲਈ ਸਿਰ ਧੜ ਦੀ ਬਾਜੀ ਲਗਾ ਦਿੱਤੀ। ਪ੍ਰਗਤੀਸ਼ੀਲ ਵਿਚਾਰਧਾਰਾ ਦੇ ਸਮਰਥਕ ਸਾਹਿਤਕਾਰਾਂ ਨੇ ਇਸ ਵਿਚ ਵਧ ਚੜ ਕੇ ਹਿੱਸਾ ਲਿਆ ਅਤੇ ਇਸ ਨਾਲ ਸਬੰਧਤ ਰਚਨਾ ਸਿਰਜਨਾ ਕੀਤੀ। ਪ੍ਰਗਤੀਸ਼ੀਲ ਲੇਖਕਾਂ ਸਾਹਮਣੇ ਇਹ ਸਵਾਲ ਸੀ ਕਿ ਅਮਰੀਕੀ ਸਰਮਾਏਦਾਰੀ ਜਿਹੜੇ ਤੀਜੀ ਜੰਗ ਦੀਆਂ ਸਾਜਿ਼ਸ਼ਾਂ ਬਣਾ ਰਹੇ ਸਨ, ਦੇ ਖਤਰਿਆਂ ਤੋਂ ਲੋਕਾਂ ਨੂੰ ਕਿਵੇਂ ਬਚਾਇਆ ਜਾ ਸਕੇ। ਇਸ ਮੁੱਦੇ ਨੂੰ ਮੁੱਖ ਰੱਖ ਕੇ ਸਾਹਿਤ ਸਿਰਜਣਾ ਕੀਤੀ ਗਈ। ਪ੍ਰਗਤੀਸ਼ੀਲ ਅਮਨ ਲਹਿਰ ਦੇ ਸਮਰਥਕ ਸੀ। ਨਿਰੰਜਨ ਸਿੰਘ ਨੂਰ ਦੀ ਕਵਿਤਾ ਦੀ ਪ੍ਰਮੁੱਖ ਸੁਰ ਪ੍ਰਗਤੀਵਾਦੀ ਹੈ। ਉਹ ਇਨਸਾਨੀ ਪ੍ਰਗਤੀ ਦਾ ਚਾਹਵਾਨ ਹੈ। ਦੁਨੀਆ ਵਿਚ ਫੈਲ ਰਹੇ ਕਪਟ ਅਤੇ ਫਰੇਬ ਤੋਂ ਪ੍ਰਭਾਵਿਤ ਹੋ ਕੇ ਉਸ ਦੇ ਖਿਲਾਫ ਆਵਾਜ਼ ਉਠਾਉਂਦਾ ਹੈ। ਨਿਰੰਜਨ ਸਿੰਘ ਨੂਰ ਯਥਾਰਥ ਦ੍ਰਿਸ਼ਟੀ ਰਾਹੀਂ ਆਦਰਸ਼ ਜਗਤ ਦੇ ਉਚੇਰੇ ਮੰਡਲਾਂ ਦੀ ਥਾਂ ਧਰਤੀ ਦੇ ਯਥਾਰਥ ਦੀ ਕਵਿਤਾ ਕਰਦਾ ਹੈ। ਉਹ ਸਮਾਜਕ ਸਥਿਤੀ ਦਾ ਗੰਭੀਰ ਵਿਸ਼ਲੇਸ਼ਣ ਕਰਕੇ ਇਸ ਤੋਂ ਪ੍ਰਾਪਤ ਹੋਏ ਸਿਟਿੱਆਂ ਨੂੰ ਸਮਾਜਕ ਤਰੱਕੀ ਦਾ ਮਾਰਗ ਤਿਆਰ ਕਰਨ ਲਈ ਵਰਤਦਾ ਹੈ। ਬਾਕੀ ਸਾਹਿਤਕਾਰਾਂ ਨਾਲੋਂ ਨਿਰੰਜਨ ਸਿੰਘ ਨੂਰ ਦੀ ਵਿਸ਼ੇਸ਼ਤਾ ਇਹ ਹੈ ਕਿ ਉਸਦੀ ਪ੍ਰਗਤੀਵਾਦੀ ਸੋਚ ਵਧੇਰੇ ਸਹਿਜ ਸੁਭਾਵਕ ਅਤੇ ਸੁਤੰਤਰ ਹੈ:

ਮੈਂ ਤਾਂ ਮੰਗਤਾ ਹਾਂ, ਵਫਾਵਾਂ ਮੰਗਦਾ ਹਾਂ।
ਖੈਰ ਮੰਗਦਾ ਹਾਂ ਸਮੁੱਚੀ ਜਿੰਦਗੀ ਦੀ।
ਮੈਂ ਨਿਰੰਤਰ ਮੰਗਣੇ ਲਈ ਉਪਜਿਆ ਹਾਂ,
ਭਰ ਲਾਂਗਾ ਜਿੰਦ-ਬਗਲੀ ਰੋਸ਼ਨੀ ਦੀ।

ਨਿਰੰਜਨ ਸਿੰਘ ਨੂਰ ਦੀ ਕਵਿਤਾ ਵਿਚ ਅਨੁਭਵ ਦੀ ਸੱਚਾਈ ਹੈ ਅਤੇ ਸੱਚਾਈ ਨਿੱਜੀ ਅਨੁਭਵ ਵਿਚੋਂ ਉਪਜੀ ਹੈ। ਉਸਦੇ ਬਿਆਨ ਵਿਚ ਬਣਾਵਟੀ ਧੁਨਾਂ ਨਹੀਂ ਸਗੋਂ ਕਵਿਤਾ ਉਸਦੇ ਖੁਨ ਤੋਂ ਉਤਪੰਨ ਹੁੰਦੀ ਹੈ। ਉਸਨੇ ਕਈ ਕਿਸਮ ਦੇ ਦੁੱਖਾਂ ਨੂੰ ਆਪਣੇ ਉੱਪਰ ਝੱਲਿਆ ਹੈ। ਇਸੇ ਕਰਕੇ ਉਸਦੀ ਕਵਿਤਾ ਵਿਚ ਬੜੀ ਸੰਜੀਦਾ ਅਪੀਲ ਮੌਜੂਦ ਹੈ ਅਤੇ ਜੋ ਪਾਠਕਾਂ ਨੂੰ ਪ੍ਰਭਾਵਿਤ ਵੀ ਕਰਦੀ ਹੈ। ਉਸਦੀ ਪ੍ਰਗਤੀਵਾਦੀ ਸੋਚ ਜਿਥੇ ਸਹਿਜ ਸੁਭਾਵਕ ਹੈ ਉਥੇ ਕਿਰਤੀਆਂ, ਕਿਸਾਨਾਂ ਅਤੇ ਮਜਦੂਰਾਂ ਦੀ ਦੁਰਦਸ਼ਾ ਦੇਖ ਕੇ ਉਸਦੀ ਸੁਰ ਵਧੇਰੇ ਤੀਖਣ ਅਤੇ ਕ੍ਰਾਂਤੀਕਾਰੀ ਰੂਪ ਧਾਰਨ ਕਰ ਜਾਂਦੀ ਹੈ। ਉਹ ਦੁਨੀਆਂ ਦੀ ਕਿਰਤੀ ਸ਼੍ਰੇਣੀ ਨੂੰ ਆਪਣੇ ਹੱਕ ਲਈ ਹਥਿਆਰ ਉਠਾਉਣ ਲਈ ਵੀ ਪ੍ਰੇਰਿਤ ਕਰਦਾ ਹੈ। ਨਿਰੰਜਨ ਸਿੰਘ ਨੂਰ ਦੀ ਨਜ਼ਰ ਵਿਚ ਸਮੁੱਚੀ ਮਜਦੂਰ ਜਮਾਤ, ਚਾਹੇ ਉਹ ਕਾਲਾ ਹੈ ਜਾਂ ਗੋਰਾ ਹੈ, ਕਾਮਾ ਹੈ ਅਤੇ ਇਹ ਜੰਗ ਕਾਲੇ ਗੋਰੇ ਸਭ ਕਾਮਿਆਂ ਦੀ ਹੈ, ਜੋ ਸਾਮਰਾਜੀ ਡੈਣ ਦੇ ਖਿਲਾਫ ਲੜੀ ਜਾਣੀ ਹੈ। ਇਸ ਸਾਮਰਾਜ ਦਾ ਭੁਤ ਲੋਕਰਾਜ ਦਾ ਭੇਸ ਧਾਰ ਕੇ ਮਨੁੱਖਾਂ ਨੂੰ ਆਪਣੇ ਪੈਰਾਂ ਹੇਠ ਰੌਂਦ ਰਿਹਾ ਹੈ। ‘ਅੱਜ ਲੜਾਈ’ ਨਾਮਕ ਕਵਿਤਾ ਵਿਚ ਵਿਚ ਨਿਰੰਜਨ ਸਿੰਘ ਨੂਰ ਮਜਦੂਰ ਵਰਗ ਨੂੰ ਸੁਨੇਹਾ ਦਿੰਦਾ ਹੈ :

ਕਾਲਾ ਕਾਮਾ, ਚਿੱਟਾ ਕਾਮਾ, ਕਾਮਾ ਹੈ;
ਕਾਲਾ ਡਾਕੂ, ਚਿੱਟਾ ਡਾਕੂ, ਡਾਕੂ ਹੈ,
ਅੱਜ ਕਾਲੇ ਤੇ ਚਿੱਟੇ ਦੀ ਕੋਈ ਜੰਗ ਨਹੀਂ
ਅੱਜ ਲੜਾਈ ਲੋਕਾਂ ਦੀ ਤੇ ਜੋਕਾਂ,
ਅੱਜ ਲੜਾਈ ਕਾਮੇ ਤੇ ਕਮਚੋਰ ਦੀ।

ਨਿਰੰਜਨ ਸਿੰਘ ਨੂਰ ਲੋਕਾਂ ਵਿਚ ਰੋਹ ਤੇ ਰੋਸ ਭਰ ਕੇ ਉਹਨਾਂ ਨੂੰ ਜਗਾਉਂਣਾ ਚਾਹੁੰਦਾ ਹੈ। ਉਹ ਲੋਕਾਂ ਨੂੰ ਪ੍ਰੇਰਿਤ ਕਰਦਾ ਹੈ ਕਿ ਉਹ ਆਪਣੇ ਹਾਲਤ ਤੇ ਝੂਰਨ ਨਾ, ਸਗੋਂ ਸੰਘਰਸ਼ ਲਈ ਕਾਰਜਸ਼ੀਲ ਹੋਣ। ਇਹ ਉਸਦੀ ਕਵਿਤਾ ਦਾ ਇਕ ਅਹਿਮ ਹਿੱਸਾ ਹੈ। ਇਸ ਵਿਸ਼ੇ ਨੂੰ ਸਫਲਤਾ ਸਹਿਤ ਨਿਭਾਉਣ ਲਈ ਉਹ ਵਕਤੀ ਤੇ ਬੁਨਿਆਦੀ ਵਿਸ਼ਾ ਵਸਤੂ ਚੁਣਦਾ ਹੈ ਅਤੇ ਉਸ ਨੂੰ ਲੋਕ ਪੱਖੀ ਨਜ਼ਰੀਏ ਤੋਂ ਨਿਭਾਉਂਦਾ ਹੈ। ਨਿਰੰਜਨ ਸਿੰਘ ਨੂਰ ਦੀ ਹਮੇਸ਼ਾ ਇਹ ਪਹੁੰਚ ਰਹੀ ਹੈ ਕਿ ਉਸ ਦੀ ਕਵਿਤਾ ਵਿਚ ਆਮ ਲੋਕਾਂ ਨੂੰ ਟੁੰਭ ਸਕਣ ਵਾਲੀ ਚਿਣਗ ਹੋਵੇ। ਉਹ ਅਜਿਹੇ ਹੀ ਸੱਜਰੇ ਬਿੰਬਾਂ ਦੀ ਵਰਤੋਂ ਕਰਦਾ ਹੈ ਜਿਹੜੇ ਉਸਦੀ ਕਵਿਤਾ ਨੂੰ ਗੁਣਾਤਮਕ ਦ੍ਰਿਸ਼ਟੀਕੋਣ ਤੋਂ ਉੱਤਮ ਬਣਾ ਦਿੰਦੇ ਹਨ। ਉਸਦੀ ਕਵਿਤਾ ਸਿਰਫ ਨਾਹਰਾ ਹੀ ਨਹੀਂ ਸਗੋਂ ਉਸ ਨੂੰ ਇਹ ਅਹਿਸਾਸ ਹੈ ਕਿ ਕਲਾ ਇਕ ਫੁੱਲ ਵਾਂਗ ਸੁੰਦਰ ਹੋਣੀ ਚਾਹੀਦੀ ਹੈ ਅਤੇ ਇਸ ਮਿੱਟੀ ਦੇ ਲਈ ਹੀ ਹੋਣੀ ਚਾਹੀਦੀ ਹੈ ਪਰ ਨਾਲ ਹੀ ਇਸ ਦੀ ਆਪਣੀ ਵੱਖਰਤਾ, ਆਪਣੇ ਗੁਣ ਅਤੇ ਆਪਣੀ ਸੁੰਦਰਤਾ ਵੀ ਹੋਣੀ ਚਾਹੀਦੀ ਹੈ, ਜਿਸ ਸਦਕਾ ਉਹ ਮਿੱਟੀ ਤੋਂ ਉੱਪਰ ਉੱਠ ਕੇ ਇਕ ਸੁੰਦਰ ਤੇ ਰੰਗੀਨ ਫੁੱਲ ਬਣ ਸਕੇ :

ਕਲਾ ਹੰਕਾਰ ਬਣਦੀ ਜਾ ਰਹੀ,
ਦਿਲਾਂ ਦੇ ਭਾਰ ਬਣਦੀ ਜਾ ਰਹੀ।
ਤੇਰੀ ਮਾਸੂਮੀਅਤ, ਸਾਡੇ ਵਿਚਾਲੇ,
ਨਿਰੀ ਦੀਵਾਰ ਬਣਦੀ ਜਾ ਰਹੀ।

ਨਿਰੰਜਨ ਸਿੰਘ ਨੂਰ ਆਪਣੀ ਪੁਕਾਰ ਨਾਲ ਸਾਰੀ ਹਯਾਤੀ, ਆਪਣੇ ਪਿੰਡਾਂ ਦੀਆਂ ਕੁੜੀਆਂ ਅਤੇ ਨਾਲ ਸਮੁੱਚੀ ਮਨੁੱਖਤਾ ਨੂੰ ਹਲੂਣਦਾ ਹੈ:

ਮੇਰੇ ਪਿੰਡ ਦੀਓ ਕੁੜੀਓ ਜਾਗੋ
ਜਾਗੋ ਧਰਤੀ ਦਿਓ ਚਰਾਗੋ।
ਗੂੰਗੇ ਪੱਥਰਾਂ ਦਾ ਕੀ ਥੀਣਾ।
ਸੁੱਤਿਆਂ ਮੋਇਆਂ ਦਾ ਕੀ ਜੀਣਾ।
ਜਾਗਦਿਆਂ ਦੀ ਕਿਸਮਤ ਜਾਗੇ।
ਜਾਗੋ ਅੱਖੀਆਂ ਲਾਈਏ,
ਅਸੀਂ ਸੁੱਤਿਆਂ ਕਿਉਂ ਮਰ ਜਾਈਏ।

ਲੁੱਟ-ਖਸੁੱਟ ਅਤੇ ਹਰ ਪਾਸੇ ਮਨੁੱਖਤਾ ਦਾ ਖੂਨ ਦੇਖ ਕੇ ਸ਼ਇਰ ਦੀ ਕਲਮ ਚੀਕਦੀ ਹੈ। ਪਹਿਲੇ ਅਤੇ ਦੂਸਰੇ ਵਿਸ਼ਵ ਯੁਧ ਵਿਚ ਕਰੋੜਾਂ ਬੇਗੁਨਾਹ ਲੋਕਾਂ ਦਾ ਕਤਲ, ਅੰਗਰੇਜੀ ਸਾਮਰਾਜੀਆਂ ਦੀ ਗੁਲਾਮੀ ਹੇਠ ਭਾਰਤ ਦੀ ਦੁਰਦਸ਼ਾ, ਜ਼ਲਿਆਂ ਵਾਲੇ ਬਾਗ ਵਿਚ ਅਨੇਕਾਂ, ਮਜਲੂਮ ਲੋਕਾਂ ਦੇ ਖੂਨ ਦੀ ਹੋਲੀ ਦੀ ਦਾਸਤਾਨ ਨੂੰ ਬਿਆਨ ਕਰਦੀ ਹੈ। 1947 ਸਮੇਂ ਖੇਰੂ-ਖੇਰੂ ਹੋਏ ਪੰਜਾਬ ਦੀ ਦੁੱਖਭਰੀ ਕਹਾਣੀ ਸੁਣਾਉਂਦਾ ਹੈ ਕਿ ਪੰਜ ਦਰਿਆਵਾਂ ਵਾਲਾ ਇਹ ਪੰਜਾਬ ਜਿੱਥੇ ਗਿੱਧੇ ਭੰਗੜੇ ਪੈਂਦੇ ਸਨ, ਬੱਚਿਆਂ ਨੂੰ ਜਿਨ੍ਹਾਂ ਝੋਲੀਆਂ ਵਿਚ ਲੋਰੀਆਂ ਦਿੱਤੀਆਂ ਗਈਆਂ, ਉਨ੍ਹਾਂ ਹੀ ਝੋਲੀਆਂ ਵਿਚ ਬੱਚਿਆਂ ਦੇ ਟੋਟੇ ਕਰਕੇ ਲਹੂ ਲੁਹਾਨ ਕੀਤਾ ਗਿਆ :

ਜੀਹਦੀ ਜੱਫੀ ‘ਚ ਨਿੱਘ ਹਯਾਤ ਦਾ ਸੀ,
ਬੋਲ ਦਿਲੀ ਆਵਾਜ਼ ਦੇ ਬਣੇ ਹੋਏ ਸੀ,
ਜੀਹਨੂੰ ਨਾਜ਼ ਸੀ ਵੱਖਰੀ ਸ਼ਾਨ ਉੱਤੇ
ਨਖਰੇ ਨਿਅਮਤ ਤੇ ਨਾਜ਼ ਦੇ ਬਣੇ ਹੋਏ ਸੀ
ਜੀਹਦੀ ਵਫਾ ਸੀ ਇਸ਼ਕ ਦੀ ਜਾਤ ਵਰਗੀ
ਕੌਲ ਨਿਰੇ ਨਿਆਜ਼ ਦੇ ਬਣੇ ਹੋਏ ਸੀ।
਼ਲੁਟਿਆ ਗਿਆ ਪੰਜਾਬ ਦਾ ਰੱਬ ਐਸਾ,
ਰਹਿਮਤ ਰਹੀ ਨਾ ਮੂਲੋਂ ਰਹੀਮ ਪੱਲੇ।
ਧਰਮ, ਸ਼ਰਮ ਤੇ ਕਰਮ ਕਾਫੂਰ ਹੋਏ,
ਰਹਿ ਗਈ ਜਨੂੰਨ ਦੀ ‘ਫੀਮ ਪੱਲੇ’।

ਬੁਰਜੁਆ ਲੋਕ ਧਰਮ ਦੀ ਆੜ ਲੈ ਕੇ ਆਪਣੇ ਹਿੱਤਾਂ ਲਈ ਗਰੀਬਾਂ ਨੂੰ ਵਰਗਲਾਉਂਦੇ ਹਨ। ਉਹ ਇਹ ਚਾਹੁੰਦੇ ਹਨ ਕਿ ਗਰੀਬ ਹਮੇਸ਼ਾ ਉਸਦਾ ਕਾਮਾ ਬਣਿਆ ਰਹੇ ਅਤੇ ਇਸ ਨੂੰ ਕਦੀ ਵੀ ਗਿਆਨ ਦੀ ਰੋਸ਼ਨੀ ਪ੍ਰਾਪਤ ਨਾ ਹੋਵੇ। ਸਰਮਾਏਦਾਰੀ ਲੋਕਾਂ ਨੇ ਧਰਮ ਈਮਾਨ ਵੇਚ ਦਿੱਤਾ ਹੈ। ਕਈ ਵਾਰ ਮਜ਼ਹਬ ਵੀ ਹਾਕਮ ਸ਼ੇਣੀ ਦੀ ਪੈਰਵਾਈ ਕਰਦਾ ਹੈ। ਮਜ਼ਹਬ ਲੋਕਾਂ ਦੀਆਂ ਸਮਾਜਕ ਲੋੜਾਂ ਵਿਚੋਂ ਉਤਪੰਨ ਹੁੰਦਾ ਹੈ, ਜਦੋਂ ਇਸ ਦੀ ਸ਼ੁਰੂਆਤ ਹੁੰਦੀ ਹੈ, ਉਸ ਸਮੇਂ ਇਸ ਦੀ ਅਪੀਲ ਦਾ ਘੇਰਾ ਬਹੁਤ ਉਪਜਾਊ ਹੁੰਦਾ ਹੈ ਅਤੇ ਲੋਕ ਵੱਡੀ ਪੱਧਰ ਤੇ ਇਸਦੀ ਲਪੇਟ ਵਿਚ ਆ ਜਾਂਦੇ ਹਨ। ਪਰ ਕੁਝ ਸਮੇਂ ਬਾਅਦ ਉਹ ਉਨ੍ਹਾਂ ਦੀਆਂ ਕੁਰੀਤੀਆਂ ਦਾ ਸਿ਼ਕਾਰ ਹੋ ਜਾਂਦਾ ਹੈ, ਜਿਨ੍ਹਾਂ ਵਿਰੁਧ ਉੁਹ ਉਠਿਆ ਹੁੰਦਾ ਹੈ। ਨਤੀਜੇ ਵੱਜੋਂ ਹਰ ਮਜ਼ਹਬ ਹਾਕਮ ਜਮਾਤਾਂ ਦਾ ਹਮਾਇਤੀ ਅਤੇ ਪ੍ਰਗਤੀ ਦਾ ਦੁਸ਼ਮਨ ਬਣ ਜਾਂਦਾ ਹੈ। ਇਸ ਤਰ੍ਹ੍ਹਾਂ ਹਾਕਮ ਸ਼੍ਰੇਣੀ ਮਜਹਬ ਨੂੰ ਆਪਣੇ ਹਿੱਤਾਂ ਲਈ ਹਥਿਆਰ ਵੱਜੋਂ ਵਰਤਦੀ ਹੈ। ਨਿਰੰਜਨ ਸਿੰਘ ਨੂਰ ਧਰਤੀ ਮਾਂ ਉਪਰ ਅਮੀਰ ਲੋਕਾਂ ਦੇ ਜ਼ੁਲਮ ਪ੍ਰਤੀ ਉਸਨੂੰ ਉਲ੍ਹਾਮਾ ਦਿੰਦਾ ਹੈ :

ਯਾਦ ਹੈ, ਮਾਂ,
ਤੇਰੇ ਬਖਤਾਵਰ ਪੁੱਤਰ ਲਾਡਲੇ
ਤੇਰਾ ਨਾਂ ਜਪਦੇ ਰਹੇ,
ਪਰ ਸਦਾ ਕਰਦੇ ਰਹੇ,
ਖੂਨੀ ਜੰਜ਼ੀਰਾਂ ਦਾ ਵਪਾਰ।

ਨਿਰੰਜਨ ਸਿੰਘ ਨੂਰ ਕਦੇ ਨਿਰਾਸ਼ ਨਹੀਂ ਹੋਇਆ। ਉਹ ਮਜ਼ਦੂਰ ਜਮਾਤ ਦਾ ਸਾਇਰ ਹੈ, ਉਹ ਜਿੰ਼ਦਗੀ ਨੂੰ ਅਥਾਹ ਇਸ਼ਕ ਕਰਦਾ ਹੈ ਅਤੇ ਜਿ਼ੰਦਗੀ ਨੂੰ ਬੇਹੱਦ ਖੂਬਸੂਰਤ ਬਣਾਉਣਾ ਵੀ ਲੋਚਦਾ ਹੈ। ਇਸ ਲਈ ਸੰਘਰਸ਼ ਦੀ ਜ਼ਰੂਰਤ ਹੈ। ਜਿੰ਼ਦਗੀ ਲਈ ਪਿਆਰ ਅਤੇ ਇਸ ਨੂੰ ਖੂਬਸੂਰਤ ਸੰਘਰਸ਼ ਉਸਦੀ ਕਵਿਤਾ ਵਿਚ ਥਾਂ ਥਾਂ ਮੌਜੂਦ ਹੈ :

ਉਠ ਜਾਗ ਓਏ ਮਜੂਰਾ।
ਉਠ ਜਾਗ ਓਏ ਕਿਸਾਨਾਂ
ਆਇਆ ਤੇਰਾ ਜ਼ਮਾਨਾ।
ਕੋਈ ਰੱਬ ਵੰਡਦਾ ਨਹੀਂ, ਇਹ ਭੁੱਖ ਤੇ ਕੰਗਾਲੀ।
ਕਿਉਂ ਡਾਕੂਆਂ ਦੇ ਦਰ ‘ਤੇ ਦਾਤਾ ਬਣੇ ਸੁਆਲੀ।

‘ਬੂਹੇ ਬੇਗਮਪੁਰਾ’ ਨਜ਼ਮ ਵਿਚ ਕੋਈ ਵੱਖਰੇ ਖਾਲਿਸਤਾਨ ਦੀ ਇੱਛਾ ਨਹੀਂ ਰੱਖਦਾ ਸਗੋਂ ਸਮਾਜਵਾਦੀ ਸਮਾਜ ਸਿਰਜਣ ਉੱਤੇ ਜੋਰ ਦਿੰਦਾ ਹੈ ਜਿਹੜਾ ਦੇਸ਼ ਲਈ ਮਰ ਮਿਟਣ ਵਾਲੇ ਭਗਤ ਸਿੰਘ ਵਰਗੇ ਘੁਲਾਟੀਆਂ ਦਾ ਸੁਪਨਾ ਸੀ। ਨਿਰੰਜਨ ਸਿੰਘ ਨੂਰ ਦਾ ਖਾਲਿਸਤਾਨ ਪੂਰਾ ਸੰਸਾਰ ਹੈ, ਸਾਰਾ ਬ੍ਰਹਿਮੰਡ ਹੈ ਜਿਥੇ ਮਨੁੱਖਤਾ ਵੱਸਦੀ ਹੈ। ਜਿਥੇ ਮਨੁੱਖ ਨੂੰ ਜੀਣ ਥੀਣ ਦਾ ਹੱਕ ਹੈ, ਜੋ ਗੁਰੂ ਨਾਨਕ ਦੇਵ ਜੀ ਦਾ ਸੁਪਨਾ ਸੀ, ਮਾਰਕਸ ਤੇ ਲੈਨਿਨ ਦੀ ਚਾਹਤ ਸੀ :

ਮੇਰੇ ਖਾਲਿਸਤਾਨ ਦੇ ਦਰਬਾਰ ਵਿਚ,
ਖੂੰਨ ਨਹੀਂ ਹੋਵੇਗਾ, ਬਸ ਕੇਵਲ ਵਗਾਵਣ ਦੇ ਲਈ।
ਇਹ ਸਗੋਂ ਹੋਵੇਗਾ ਰੂਹ ਨੂੰ ਰੰਗ ਚੜਾਵਣ ਦੇ ਲਈ।
ਹੋਣਗੇ ਹੰਝੂ ਨਾ ਬਸ ਵਾਫਰ ਬਹਾਵਣ ਦੇ ਲਈ।
ਇਹ ਸਗੋਂ ਹੋਵਣਗੇ ਦਿਲ ਦੀ ਰੂਹ ਨੁਹਾਵਣ ਦੇ ਲਈ।

ਨਿਰੰਜਨ ਸਿੰਘ ਨੂਰ ਸਮਕਾਲੀ ਪੰਜਾਬੀ ਕਵਿਤਾ ਦੇ ਪਰਿਪੇਖ ਵਿਚ ਜਿੱਥੇ ਪ੍ਰਗਤੀਵਾਦੀ ਵਿਚਾਰਧਾਰਾ ਪ੍ਰਤਿ ਪ੍ਰਤਿਬੱਧ ਨਜ਼ਰ ਆਉਂਦਾ ਹੈ ਉਥੇ ਪਰਵਾਸ ਵਿਚ ਵੱਸਦੇ ਪੰਜਾਬੀ ਮਾਨਸਿਕ ਤਨਾਓ ਦੀ ਅਜਿਹੇ ਤਸਵੀਰ ਪੇਸ਼ ਕਰਦਾ ਹੈ ਜਿਸ ਵਿਚ ਮੁੱਖ ਤੌਰ ‘ਤੇ ਭੂ-ਹੇਰਵਾ, ਸਭਿਆਚਾਰਕ ਤਨਾਓ ਅਤੇ ਨਸਲੀ ਵਿਤਕਰਾ ਆਦਿ ਪੱਖ ਉੱਭਰ ਕੇ ਸਾਹਮਣੇ ਆਉਂਦੇ ਹਨ। ਜਿਸ ਪੱਖ ਦਾ ਦੂਸਰੇ ਪੰਜਾਬੀ ਸ਼ਾਇਰਾਂ ਨੇ ਵੀ ਭਰਪੂਰ ਚਿੱਤਰ ਉਲੀਕਿਆ ਹੈ। ਪਦਾਰਥਕ ਸੁੱਖਾਂ ਦੀ ਪ੍ਰਪਤੀ ਤੋਂ ਬਾਅਦ ਮਾਨਸਕ ਸੰਤਾਪ ਅਤੇ ਸਭਿਆਚਾਰਕ ਤਨਾਓ ਉਨ੍ਹਾਂ ਨੂੰ ਮੁੜ ਛੱਡ ਆਈ ਧਰਤੀ ਨਾਲ ਜੋੜਨ ਦਾ ਜਤਨ ਕਰਦਾ ਹੈ। ਪਰੰਤੂ ਪਰਿਵਰਤਿਤ ਸਥਿਤੀਆਂ ਦੇ ਅੰਤਰਗਤ ਉਹ ਇਸ ਵਿਚ ਅਸਫਲ ਰਹਿੰਦੇ ਹਨ। ਪਰਵਾਸੀ ਪੰਜਾਬੀ ਸਾਹਿਤ ਜੀਵਨ ਦੀਆਂ ਪਰਿਸਥਿਤੀਆਂ, ਤਲਖ ਅਤੇ ਠੋਸ ਹਕੀਕਤਾਂ ਵੱਖ-ਵੱਖ ਪੱਧਰਾਂ ‘ਤੇ ਭੋਗੇ ਜਾ ਰਹੇ ਸੰਤਾਪ ਦਾ ਹੀ ਪ੍ਰਤਿਫਲ ਹੈ। ਜਿਸ ਵਿਚ ਇਸ ਅਸ਼ਾਂਤੀ ਨੂੰ ਭੰਗ ਕਰਨ ਦੀ ਪੁਕਾਰ ਹੈ। ਨਿਰੰਜਨ ਸਿੰਘ ਨੂਰ ਦੀ ਕਾਵਿ ਸੰਵੇਦਨਾ ਨਸਲੀ ਵਿਤਕਰੇ ਅਤੇ ਭੂਹੇਰਵੇ ਦੇ ਪੱਖ ਨੂੰ ਪ੍ਰਗਤੀਵਾਦੀ ਧਾਰਾ ਦੇ ਪਰਿਪੇਖ ਵਿਚ ਹੀ ਪ੍ਰਸਤੁਤ ਕਰਦੀ ਹੈ :

ਅਸੀਂ ਕਾਲੇ ਤੇਰੀ ਤਾਰੀਖ ਦੀ ਨਗਰੀ ਦੇ ਸ਼ੂਦਰ ਹਾਂ,
ਅਸੀਂ ਕਾਲੇ ਤੇਰੀ ਤਾਰੀਖ ਦੀ ਨਗਰੀ ਦੇ ਮੁਜ਼ਰਮ ਹਾਂ।
ਤੇਰੀ ‘ਆਜ਼ਾਦ ਦੁਨੀਆਂ’ ਤਾਂ ਜਹੱਨਮ ਹੈ ਗੁਲਾਮੀ ਦਾ,
ਅਸੀਂ ਕਾਲੇ ਤੇਰੀ ਅਬਲੀਸ ਦੀ ਨਗਰੀ ਦੇ ਮਹਿਰਮ ਹਾਂ।

ਨਿਰੰਜਨ ਸਿੰਘ ਨੂਰ ਅਮਨ ਦੀ ਬਰਕਰਾਰੀ ਲਈ ਸਾਮਰਾਜੀ ਤਾਕਤਾਂ ਦੇ ਜੰਗੀ ਮਨਸੂਬਿਆਂ ਉੱਤੇ ਰੋਕ ਲਾਉਣ ਉੱਤੇ ਜੋ਼ਰ ਦਿੰਦਾ ਹੈ। ਜੰਗ ਦਾ ਮੂਲ ਕਾਰਨ ਇਨ੍ਹਾਂ ਤਾਕਤਾਂ ਦਾ ਸਵਾਰਥ ਅਤੇ ਹਉਮੈ ਹੈ। ਇਨ੍ਹਾਂ ਤਾਕਤਾਂ ਦੇ ਆਪ ਹੁਦਰੇਪਣ ਉਤੇ ਕਾਬੂ ਪਾਉਣ ਲਈ ਵਿਸ਼ਵ ਦੀ ਜਨਤਾ ਦਾ ਸੁਚੇਤ ਹੋਣਾ ਜ਼ਰੂਰੀ ਹੈ। ਲੋਕਾਂ ਨੂੰ ਗਿਆਨ ਦੀ ਰੋਸ਼ਨੀ ਨਾਲ ਜਾਗ੍ਰਿਤ ਕਰਨਾ ਪਵੇਗਾ ਤਾਂ ਹੀ ਵਿਸ਼ਵ ਪੂੰਜੀਵਾਦੀ ਅਰਥਚਾਰੇ ਤੋਂ ਸੁਤੰਤਰ ਹੋ ਕੇ ਸਮਾਜਵਾਦੀ ਸ਼ਾਸਨ ਪ੍ਰਬੰਧ ਨੂੰ ਅਮਲੀ ਰੂਪ ਦੇ ਸਕਦੇ ਹਾਂ। ਅਮਨ ਤੇ ਸ਼ਾਂਤੀ ਦੀ ਸੋਝੀ ਵੀ ਗਿਆਨ ਦੁਆਰਾ ਹੀ ਪ੍ਰਾਪਤ ਹੁੰਦੀ ਹੈ। ਨਿਰੰਜਨ ਸਿੰਘ ਨੂਰ ਮਨੁੱਖ ਨੂੰ ਆਪਣਾ ਤੀਜਾ ਨੇਤਰ ਖੋਲ੍ਹਣ ਦੀ ਅਪੀਲ ਕਰਦਾ ਹੈ :

ਗਿਆਨ ਜਿਹਾ ਪ੍ਰਕਾਸ਼ ਨਾ ਕੋਈ
ਇਹਦੀ ਰੂਪ ਸੁਗੰਧੀ ਪੀ ਕੇ
ਆਪਣਾ ਤੀਜਾ ਨੇਤਰ ਖੋਲੋ
ਸਭ ਜੰਜ਼ੀਰਾਂ ਜਾਲ ਦਿਸਣਗੇ
ਨੈਣ ਕਰੋ ਸੁਰਜੀਤ।

ਨਿਰੰਜਨ ਸਿੰਘ ਨੂਰ ਦੀ ਸਮੁੱਚੀ ਕਵਿਤਾ ਸਰਬੱਤ ਦੀ ਭਲਾਈ ਨੂੰ ਸਮਰਪਤ ਹੈ। ਉਹ ਆਪਣੀ ਰਚਨਾ ਨੂੰ ਪ੍ਰਗਤੀਵਾਦੀ ਦ੍ਰਿਸ਼ਟੀਕੋਣ ਤੋਂ ਪੇਸ਼ ਕਰਦਾ ਹੈ। ਅਮਨ ਉਸਦੀ ਸ਼ਖਸੀਅਤ ਦਾ ਅੰਗ ਹੈ। ਉਹ ਮਾਨਸਿਕ ਸ਼ਾਂਤੀ ਤੋਂ ਵਿਸ਼ਵ-ਅਮਨ ਤੱਕ ਦੇ ਵਿਸਿ਼ਆਂ ਨੂੰ ਆਪਣੀਆਂ ਕਵਿਤਾਵਾਂ ਵਿਚ ਕਲਾਤਮਕ ਨਿਪੁੰਤਾ ਨਾਲ ਪੇਸ਼ ਕਰਦਾ ਹੈ। ਉਹ ਅਮਨ ਨਾਲ ਸਬੰਧਤ ਰਚਨਾਵਾਂ ਵਿਚ ਅਮਨ ਦੀ ਮਹੱਤਤਾ, ਅਮਨ ਭੰਗ ਹੋਣ ਦੇ ਕਾਰਨਾਂ, ਜੰਗ ਦੇ ਭਿਅੰਕਰ ਪ੍ਰਮਾਣਾਂ, ਅਮਨ ਨੂੰ ਬਰਕਰਾਰ ਰੱਖਣ ਲਈ ਲੋੜੀਂਦੇ ਜਤਨਾ ਅਤੇ ਅਮਨ ਪ੍ਰੇਮੀਆਂ ਦੇ ਸੰਘਰਸ਼ ਦਾ ਜਿਕਰ ਕਰਦਾ ਹੈ। ਵਿਸ਼ਵ ਅਮਨ ਦੀ ਕਾਮਨਾ ਨਿਰੰਜਨ ਸਿੰਘ ਨੂਰ ਦੀ ਲਗਭਗ ਹਰੇਕ ਨਜ਼ਮ ਵਿਚ ਲਿਪਤ ਹੈ। ਉਸ ਦਾ ਅਟੱਲ ਵਿਸ਼ਵਾਸ਼ ਹੈ ਕਿ ਐਟਮ-ਯੁੱਗ ਵਿਚ ਜੀਵਾਂ ਦਾ ਜੀਵਨ ਅਤੇ ਖੁਸ਼ਹਾਲੀ ਅਮਨ ਉਤੇ ਹੀ ਨਿਰਭਰ ਹੈ।

ਹਵਾਲੇ ਅਤੇ ਟਿੱਪਣੀਆਂ

1. ਨਿਰੰਜਨ ਸਿੰਘ ਨੂਰ, ਓਜੋਨ ਦੀ ਅੱਖ, ਪੰਨਾ 12
2. ਉਹੀ, ਮੁਕਤੀ, ਪੰਨਾ 22
3. ਉਹੀ, ਪੰਨਾ 22
4. ਉਹੀ, ਹਯਾਤੀ ਦੀ ਹੂਕ, ਪੰਨਾ 19
5. ਉਹੀ, ਮੁਕਤੀ, ਪੰਨਾ 7
6. ਉਹੀ, ਹੋ-ਚੀ-ਮਿੰਨ, ਪੰਨਾ 15
7. ਉਹੀ, ਪੰਨਾ 19
8. ਉਹੀ, ਪੰਨੇ 52-53
9. ਉਹੀ, ਮੁਕਤੀ, ਪੰਨਾ 25
10 ਉਹੀ, ਪੰਨਾ 29
11 ਉਹੀ, ਨੂਰ ਦਾ ਜਾਮ, ਪੰਨਾ 15
12.ਉਹੀ, ਹਯਾਤੀ ਦੀ ਹੂਕ, ਪੰਨਾ 65
13.ਉਹੀ, ਪੰਨਾ 77
14.ਉਹੀ, ਹੜੱਤਾ ਤੋਂ ਹੀਰੋਸਿ਼ਮਾ ਵੱਲ, ਪੰਨੇ 93-94
15.ਉਹੀ, ਹਯਾਤੀ ਦੀ ਹੂਕ, ਪੰਨਾ 22
16.ਉਹੀ, ਮੁਕਤੀ, ਪੰਨਾ 81
17.ਉਹੀ, ਹਯਾਤੀ ਦੀ ਹੂਕ, ਪੰਨਾ 45
18.ਉਹੀ, ਪੰਨਾ 59
19.ਉਹੀ, ਮੁਕਤੀ, ਪੰਨਾ 19

- - -

(4 ਦਸੰਬਰ 2007)

ਕਵੀ ਨਿਰੰਜਨ ਸਿੰਘ ਨੂਰ ਸਬੰਧੀ ਹੋਰ ਰਚਨਾਵਾਂ:

ਨਿਰੰਜਨ ਸਿੰਘ ਨੂਰ ਦੀ ਪੁਸਤਕ ਓਜ਼ੋਨ ਦੀ ਅੱਖ ਉਤੇ ਇੱਕ ਵਿਚਾਰ--ਡਾ: ਗੁਰਦਿਆਲ ਸਿੰਘ ਰਾਏ


 

e-mail:
ilKfrI


© likhari: Punjabi Likhari Forum-2001-2007