ਮੱਖ ਪੰਨ

ਲੇਖ/ਆਲਾ-ਦੁਆਲਾ/ਜਾਣਕਾਰੀ

ਲਿਖਾਰੀ

 


ਡਾ. ੁਲਦੀਪ ਸਿੰਘ ਧੀਰ

ਲੋਕ ਗੀਤਾਂ ਦੀ ਪੈੜ : ਲੋਕ ਸਾਹਿਤ ਦਾ ਸਮਾਜਕ ਸਭਿਆਚਾਰਕ ਪ੍ਰਸੰਗ

 ਡਾ. ੁਲਦੀਪ ਸਿੰਘ ਧੀਰ-
(ਸਾਬਕਾ ਪੋਫੈਸਰ ਅਤੇ ਡੀਨ ਅਕਾਦਮਿਕ ਮਾਮਲੇ ਪੰਜਾਬੀ ਯੂ; ਪਟਿਆਲਾ)

 
‘ਲੋਕ ਗੀਤਾਂ ਦੀ ਪੈੜ’ ਚਿਹਨਕ-ਸਮੂਹ ਦੇ ਰੂਪ ਵਿਚ ਸਮਾਜ ਸ਼ਾਸਤਰੀ ਦ੍ਰਿਸ਼ਟੀ ਤੋਂ ਮੈਨੂੰ ਦੋਹਰੇ ਚਿਹਨਿਤ ਪੱਧਰ ਨਾਲ ਜੋੜਦਾ ਪ੍ਰਤੀਤ ਹੋਇਆ ਹੈ। ਪਹਿਲੇ ਪੱਧਰ ਉੱਤੇ ਲੋਕ ਗੀਤਾਂ ਦੇ ਕਿਸੇ ਜਗਿਆਸੂ ਜਾਂ ਸੰਂਕਲਨ ਕਰਤਾ ਦੇ ਲੋਕ ਗੀਤਾਂ ਦੇ ਸੰਕਲਨ ਹਿਤ ਥਾਂ ਥਾਂ ਜਾ ਕੇ ਇਨ੍ਹਾਂ ਲੋਕ ਗੀਤਾਂ ਦੀ ਪੈੜ ਨਪਦੇ ਹੋਏ ਇਨ੍ਹਾਂ ਨੂੰ ਭਾਲਣਾ, ਸੰਭਾਲਣਾ। ਇਹ ਇਸ ਪੈੜ ਦਾ ਪ੍ਰਾਥਮਿਕ ਚਿਹਨਿਤ ਹੈ ਉਚੇਰੇ ਪੱਧਰ ਉੱਤੇ ਇਹ ਲੋਕਗੀਤ ਵਿਚ ਅੰਕਿਤ ਜਾਂ ਉਸ ਵਿਚ ਚਿਹਨਿਤ ਸਮਾਜਕ ਸਭਿਆਚਾਰਕ ਪ੍ਰਬੰਧ ਦੀ ਪੈੜ ਹੈ ਜਿਸ ਨੂੰ ਜਾਣਨ ਸਮਝਣ ਦਾ ਪਰਿਆਸ ਇਸ ਪੁਸਤਕ ਦੇ ਨਿਬੰਧਾਂ ਵਿਚ ਕੀਤਾ ਗਿਆ ਹੈ। ਪੁਸਤਕ ਦੇ ਨਾਮ ਤੋਂ ਚਿਹਨਿਤ ਪੱਧਰ ਉੱਤੇ ਜਿਨ੍ਹਾਂ ਦੋ ਸਮਾਜ ਸ਼ਾਸਤਰੀ ਦਿਸ਼ਾਵਾਂ ਦਾ ਬੋਧ ਮੈਨੂੰ ਹੋਇਆ, ਉਨ੍ਹਾਂ ਦਿਸ਼ਾਵਾਂ ਵਿਚ ਲੇਖਕ ਦੇ ਥਾਂ-ਥਾਂ ਜਾਣ ਤੇ ਬਾਰੀਕ ਬੀਨੀ ਨਾਲ ਸ਼ਬਦਾਂ/ਅਰਥਾਂ ਦੀਆਂ ਸਭਿਆਚਾਰਕ/ਸਮਾਜਕ ਸੰਭਾਵਨਾਵਾਂ ਤੇ ਸੰਰਚਨਾਵਾਂ ਨੂੰ ਸਮਝਣ ਦੀ ਸਮਰੱਥਾ ਦਾ ਪ੍ਰਮਾਣ ਇਸ ਪੁਸਤਕ ਦੇ ਅਧਿਐਨ ਤੋਂ ਸਹਿਜੇ ਹੀ ਹੋ ਜਾਂਦਾ ਹੈ।

ਪੰਜਾਬੀ ਲੋਕ ਗੀਤਾਂ ਦੇ ਸੰਕਲਨ ਤੇ ਅਧਿਐਨ ਦਾ ਕਾਰਜ ਹੁਣ ਪ੍ਰੌੜ ਅਵਸਥਾ ਪ੍ਰਾਪਤ ਕਰ ਚੁੱਕਾ ਹੈ। ਇਹ ਹੁਣ ਇਕਹਿਰੇ ਤੇ ਸਮੁੱਚੇ ਰੂਪ ਵਿਚ ਪੰਜਾਬੀ ਲੋਕ ਗੀਤਾਂ ਦਾ ਸੰਕਲਨ ਜਾਂ ਉਨ੍ਹਾਂ ਦੇ ਅਭਿਧਾ ਅਰਥਾਂ ਦੀ ਪੁਨਰ–ਉਕਤੀ ਜਾਂ ਸਰਲ ਵਾਰਤਕ ਵਿਚ ਉਚਾਰ ਮਾਤਰ ਤਕ ਸੀਮਿਤ ਨਹੀਂ ਰਿਹਾ। ਲੋਕ ਗੀਤਾਂ ਵਿਚ ਉਚਾਰ ਅਤੇ ਪੇਸ਼ਕਾਰੀ ਦਾ ਮਹੱਤਵ ਪਛਾਣਦੇ ਹੋਏ ਇਨ੍ਹਾਂ ਦੇ ਉਪਭਾਸ਼ਾਈ ਪਸਾਰਾਂ ਦੀ ਪਛਾਣ ਇਸ ਅਧਿਐਨ ਦਾ ਪਹਿਲਾ ਵਿਦਾ ਬਿੰਦੂ ਹੈ। ਇਸ ਤੋਂ ਤੁਰ ਕੇ ਮਾਲਵੇ ਤੇ ਦੁਆਬੇ ਦੇ ਲੋਕ ਗੀਤਾਂ ਦਾ ਅਧਿਐਨ ਕਰਨ ਵਾਲੇ ਦੋ ਪ੍ਰਤਿਭਾਵਾਨ ਲੋਕ–ਸਾਹਿਤ ਸ਼ਾਸਤਰੀ ਸਾਡੇ ਸਾਹਮਣੇ ਆਏ ਹਨ। ਡਾ: ਨਾਹਰ ਸਿੰਘ ਨੇ ਮਾਲਵੇ ਦੇ ਲੋਕ ਗੀਤਾਂ ਦਾ ਸੰਕਲਨ ਤੇ ਅਧਿਐਨ ਕਰਨ ਵਿਚ ਯਾਦਗਾਰੀ ਮਹੱਤਵ ਵਾਲਾ ਕੰਮ ਕੀਤਾ ਹੈ। ਇਸੇ ਦਿਸ਼ਾ ਵਿਚ ਦੂਜਾ ਸੂਝਵਾਨ ਉੱਦਮੀ ਤੇ ਖੋਜ਼ੀ ਡਾ: ਕਰਮਜੀਤ ਸਿੰਘ ਹੈ ਜਿਸ ਨੇ ਦੁਆਬੇ ਦੇ ਲੋਕ ਗੀਤਾਂ ਦੇ ਸੰਕਲਨ ਅਤੇ ਵਿਸ਼ਲੇਸ਼ਣ ਦਾ ਕਾਰਜ ਬੜੀ ਮਿਹਨਤ ਤੇ ਬਾਰੀਕੀ ਨਾਲ ਕੀਤਾ ਹੈ।

ਡਾ : ਕਰਮਜੀਤ ਸਿੰਘ ਨੇ ਦੁਆਬੇ ਦੇ ਲੋਕ ਗੀਤਾਂ ਨੂੰ ਇੱਕਤਰ ਕਰਕੇ ਦੇਸ ਦੁਆਬਾ (1982), ਧਰਤ ਦੁਆਬੇ ਦੀ(1985), ਕੋਲਾਂ ਕੂਕਦੀਆਂ(1989), (ਮੋਰੀ ਰੁਣ ਝੁਣ ਲਾਇਆ (1989) ਤੇ ਮਿਟੀ ਦੀ ਮਹਿਕ(1990) ਅਤੇ ਕੂੰਜਾਂ ਪਰਦੇਸਣਾਂ (2004) ਸ਼ੀਰਸ਼ਕ ਨਾਲ ਛੇ ਸੰਕਲਨ ਪ੍ਰਕਾਸਿ਼ਤ ਕੀਤੇ ਹਨ। ਅਜੇ ਵੀ ਨਵੇਂ ਤੋਂ ਨਵਾਂ ਲੋਕ ਗੀਤ ਲੱਭਣ ਤੇ ਸੰਭਾਲਣ ਦੀ ਤਲਾਸ਼ ਉਸ ਨੇ ਛੱਡੀ ਨਹੀਂ। ਟੇਪ ਰਿਕਾਰਡ ਤੇ ਸੈੱਲਾਂ ਵਾਲਾ ਝੋਲਾ ਲੈ ਕੇ ਉਹ ਪੈਦਲ, ਸਾਈਕਲ, ਸਕੂਟਰ, ਕਾਰ ਹਰ ਸੰਭਵ ਤਰੀਕੇ ਨਾਲ ਹਰ ਵਾਕਿਫ਼, ਮਿੱਤਰ, ਰਿਸ਼ਤੇਦਾਰ ਦੇ ਟਿਕਾਣੇ ਉੱਤੇ ਪਹੁੰਚ ਜਾਂਦਾ ਹੈ। ਦਵਿੰਦਰ ਸਤਿਆਰਥੀ ਦੇ ਲੋਕ ਗੀਤ ਇੱਕਠੇ ਕਰਨ ਦੀ ਯਾਤਰਾ ਸ਼ਾਇਦ ਸਾਡੇ ਪੰਜਾਬੀ ਲੋਕ ਗੀਤ ਦੇ ਇਨ੍ਹਾਂ ਜਗਿਆਸੂਆਂ ਲਈ ਨਿਰੰਤਰ ਸਾਹਸ ਬਖਸ਼ਣ ਵਾਲਾ ਪ੍ਰੇਰਣਾ ਸ੍ਰੋਤ ਹੈ। ਇਸ ਨੇ ਇਸ ਰਿਸ਼ਤੇ ਉੱਤੇ ਤੁਰਨ ਦੀਆਂ ਔਕੜਾਂ ਤੇ ਇਨ੍ਹਾਂ ਦੇ ਹਲ ਲਈ ਜੁਗਤਾਂ ਤੇ ਸਾਹਸ ਦੀ ਸੋਝੀ ਵੀ ਇਨ੍ਹਾਂ, ਉੱਦਮੀਆਂ ਨੂੰ ਦਿੱਤੀ ਹੈ। ਲੋਕ ਗੀਤਾਂ ਦੀ ਪੈੜ ਨੂੰ ਫੜਦਿਆਂ ਕਰਮਜੀਤ ਸਿੰਘ ਨੇ ਜਿਸ ਕਿਸਮ ਦੇ ੳੁੱਦਮ ਕੀਤੇ, ਜਿਸ ਕਿਸਮ ਦੀਆਂ ਔਕੜਾਂ ਦਾ ਸਾਹਮਣਾ ਕੀਤਾ, ਜਿਨ੍ਹਾਂ ਜੁਗਤਾਂ ਨਾਲ ਉਨਾਂ ਉਤੇ ਕਾਬੂ ਪਾਇਆ ਅਤੇ ਜੋ ਪ੍ਰਾਪਤੀਆਂ ਉਸ ਦੇ ਹਿੱਸੇ ਆਈਆਂ ਉਨ੍ਹਾਂ ਦਾ ਕੁਝ ਆਭਾਸ ਲੋਕ ਗੀਤਾਂ ਦੀ ਪੈੜ ਪੁਸਤਕ ਤੋਂ ਹੋ ਸਕਦਾ ਹੈ।

ਲੋਕ ਗੀਤਾਂ ਦੇ ਅਧਿਐਨ ਪੱਖੋਂ ਇਨ੍ਹਾਂ ਦੀ ਸਿਰਜਣ ਪ੍ਰਕ੍ਰਿਆ ਪਿੱਛੇ ਕਾਰਜ਼ਸ਼ੀਲ ਸਮਾਜਕ ਸਭਿਆਚਾਰਕ ਪ੍ਰਸੰਗਾਂ ਦੇ ਜਲਿਟ ਵੇਰਵੇ ਪਛਾਣਨਾ ਸਾਡੇ ਲੋਕ-ਸਾਹਿਤ ਸ਼ਾਸਤਰ ਦੀ ਦੂਜੀ ਮਹੱਤਵਪੂਰਣ ਪ੍ਰਾਪਤੀ ਹੈ। ਲੋਕ ਗੀਤ ਪ੍ਰਾਪਤ ਯਥਾਰਥ ਦੀ ਪੈੜ ਤਾਂ ਫੜਦੇ ਹੀ ਹਨ, ਇਹ ਅਧੂਰੇ ਅਪੂਰਨ ਸੁਪਨਿਆਂ ਦੀ ਗੱਲ ਵੀ ਕਰਦੇ ਹਨ। ਇਸਤਰੀ ਦੀਆਂ ਦਮਿਤ ਅਕਾਂਖਿਆਵਾਂ, ਗਰੀਬ ਤੇ ਮਜਬੂਰ ਧੀਆਂ, ਭੈਣਾਂ ਦੀ ਹੋਣੀ, ਇਸਤਰੀ ਦੀ ਜਾਤੀ/ਜਮਾਤੀ ਪੱਧਰ ਉਤੇ ਦੁਜੈਲੀ ਸਥਿਤੀ, ਨਿਮਨ ਤੇ ਉਚ ਵਰਗ ਦੀ ਤ੍ਰੇੜ, ਰਿਸ਼ਤਿਆਂ ਦਾ ਅਸਾਵਾਂਪਣ, ਧਰਮ/ ਭਾਸ਼ਾ/ ਜਾਤ/ ਜਮਾਤ ਦਾ ਇਨ੍ਹਾਂ ਦੇ ਸਿਰਜਨ ਤੇ ਰੂਪਾਂਤਰਣ ਵਿਚ ਦਖਲ ਜਹੇ ਕਈ ਮਸਲੇ ਇਸ ਪੱਖੋਂ ਡਾ: ਕਰਮਜੀਤ ਸਿੰਘ ਨੇ ਬੜੀ ਬਾਰੀਕੀ ਨਾਲ ਇਸ ਨਿਬੰਧ ਸੰਗ੍ਰਹਿ ਵਿਚ ਛੋਹੇ ਹਨ ਅਤੇ ਇਨ੍ਹਾਂ ਉਪਰ ਨਿੱਠ ਕੇ ਵਿਚਾਰ ਕਰਨ ਲਈ ਅੰਤਰ-ਦ੍ਰਿਸ਼ਟੀਆਂ ਪੇਸ਼ ਕੀਤੀਆਂ ਹਨ।

ਲੋਕ-ਗੀਤਾਂ ਦੇ ਅਧਿਐਨ ਵਿਸ਼ਲੇਸਣ ਵਾਸਤੇ ਕਰਮਜੀਤ ਸਿੰਘ ਨੇ ਆਪਣਾ ਕਾਰਜ ਇਕ ਫੀਲਡ ਵਰਕਰ ਵਾਂਗ ਸ਼ੁਰੂ ਕੀਤਾ। ਆਪਣੀਆਂ ਪਸੰਦਾਂ/ਨਾ ਪਸੰਦਾਂ ਇਕ ਪਾਸੇ ਰੱਖ ਕੇ, ਦੋਸਤੀ/ ਦੁਸ਼ਮਣੀ, ਜਾਤ/ਵਰਗ/ਵਿਚਾਰਧਾਰਾ ਦੇ ਵਖਰੇਵੇਂ ਭੁੱਲ ਕੇ ਉਸ ਨੇ ਦੋਸਤਾਂ, ਰਿਸ਼ਤੇਦਾਰਾਂ, ਵਿਦਿਆਰਥੀਆਂ ਰਾਹੀਂ ਪੰਜਾਬੀ ਲੋਕ ਗੀਤਾਂ ਨੂੰ ਮੌਖਿਕ ਰੂਪ ਵਿਚ ਸੰਭਾਲੀ ਬੈਠੀਆਂ ਔਰਤਾਂ ਕੋਲ ਪਹੁੰਚ ਕੀਤੀ। ਭਾਂਤ-ਭਾਂਤ ਦੇ ਅਵਸਰਾਂ ਉੱਤੇ ਉਨਾਂ ਨੂੰ ਵਿਸ਼ਵਾਸ ਵਿਚ ਲ਼ੈ ਕੇ ਗੀਤਾਂ ਦੀ ਰੀਕਾਡਿੰਗ ਕਰਨਾ ਸੌਖਾ ਕੰਮ ਨਹੀਂ । ਵਿਭਿੰਨ ਅਵਸਰਾਂ ਉੱਤੇ ਗੀਤਾਂ ਦੀ ਪੇਸ਼ਕਾਰੀ ਸਮੇਂ ਗਾਇਕਾ ਦੀ ਮਨੋਸਥਿਤੀ ਅਤੇ ਸਥਿਤੀ ਤੋਂ ਕਲਪਨਾ ਆਸਰੇ ਗੀਤ ਦੇ ਲਕਸਿ਼ਤ ਤੇ ਵਿਅੰਜਤ ਅਰਥਾਂ ਨੂੰ ਪਛਾਣਨ ਵਿਚ ਡਾ: ਕਰਮਜੀਤ ਸਿੰਘ ਨੇ ਆਪਣੀ ਪ੍ਰਤਿਭਾ ਦਾ ਪਰਿਚਯ ਦਿੱਤਾ ਹੈ। ਉਸ ਨੇ ਸਮਿਆਂ ਦੀ ਧੂੜ ਵਿਚ ਗਵਾਚੇ ਗੀਤ ਦੇ ਅਣਗੋਲੇ ਸਮਾਜ-ਸ਼ਾਸ਼ਤਰੀ ਆਧਾਰਾਂ ਤੇ ਪ੍ਰਸੰਗਾਂ ਨੂੰ ਸਟੀਕ ਰੂਪ ਵਿਚ ਪਛਾਣਿਆ ਹੈ। ਉਸ ਦੀ ਇਸ ਪ੍ਰਮਾਣਿਕ ਪਛਾਣ ਦਾ ਕਾਰਣ ਇਹ ਹੈ ਕਿ ਉਸ ਕੋਲ ਸਾਹਿਤ ਤੇ ਜੀਵਨ ਨੂੰ ਦੇਖਣ ਸਮਝਣ ਲਈ ਕੇਵਲ ਦ੍ਰਿਸ਼ਟੀ ਨਹੀਂ, ਦ੍ਰਿਸ਼ਟੀਕੋਣ ਵੀ ਹੈ। ਧਾਰਮਿਕ/ਜਾਤੀਗਤ/ ਭਾਸ਼ਾਈ ਪਰੰਪਰਾਵਾਂ, ਸਮਾਜਕ ਦਬਾਅ ਅਤੇ ਦਮਿਤ ਭਾਵਨਾਵਾਂ ਦੀ ਕਥਾਰਸਿਸ ਦੀ ਰੁਚੀ ਲੋਕ ਗੀਤਾਂ ਵਿਚ ਪ੍ਰਾਪਤ ਯਥਾਰਥ ਦੀ ਪੇਸ਼ਕਾਰੀ ਦੀ ਪ੍ਰਕ੍ਰਿਆ ਵਿਚ ਲੰਬੇ ਕਾਲ ਅੰਤਰਾਲ ਵਿਚ ਜਿਵੇਂ ਆਪਣਾ ਯੋਗਦਾਨ ਪਾਉਂਦੇ ਹਨ, ਉਸ ਤੋਂ ਕਰਮਜੀਤ ਸਿੰਘ ਨਿਰੰਤਰ ਸੁਚੇਤ ਰਹਿੰਦਾ ਹੇ।

ਪ੍ਰਾਥਮਿਕ ਪੱਧਰ ਤੇ ਲੋਕ ਗੀਤਾਂ ਦੀ ਪੈੜ ਫੜਣ ਨਾਲ ਸੰਬੰਧਤ ਕਰਮਜੀਤ ਸਿੰਘ ਦੀ ਗਤੀ ਵਿਧੀ ਨੂੰ ਵੇਖੋ। ਇਸ ਪ੍ਰਕ੍ਰਿਆ ਵਿਚ ਆਪਣੇ ਪਰਾਏ ਕਿੰਨੇ ਹੀ ਲੋਕ ਸ਼ਾਮਿਲ ਹਨ। ਧਰਮ ਦੀ ਭੈਣ ਗੁਰਦੀਸ਼, ਭੂਆ ਰਤਨ ਕੌਰ, ਪਿੰਡ ਸੱਜਣਾਂ ਦੀ ਬਾਂਸ ਵਰਗੀ ਆਵਾਜ਼ ਤੇ ਖਿਲਰੇ ਸਿਰ ਵਾਲੀ ਛਿੰਨੋ, ਜਿਗਰੀ ਦੋਸਤ ਅਮਰੀਕ ਸਿੰਘ, ਨੰਜੋ ਤੇ ਉਸ ਦੀ ਮਾਂ, ਬੀਣੇ ਨਾਲ ਦੀ ਗੁਰਬਚਨ ਕੌਰ, ਰਤਨ ਚੰਦ ਤੇ ਭੋਲੀ, ਮਾਸੀ ਵਿਦੋ, ਨਾਨੀ ਲਾਭੀ, ਚਠਿਆਲੀਆਂ ਦੀ ਚਾਚੀ ਸੀਤੋ, ਡਡਿਆਲੀ ਪਿੰਡ ਵਿਚ ਭਰਾ ਕੁਲਦੀਪ ਦੀਆਂ ਵਾਕਿਫ਼ ਔਰਤਾਂ, ਕਲੋਏ ਵਿਆਹੀ ਛੋਟੀ ਭੈਣ ਕੁਲਦੀਪ, ਪ੍ਰੀਤੋ ਬਾਜ਼ੀਗਰਨੀ, ਦੁਰਮੀਵਾਲ ਦੇ ਜਮਾਤੀ ਧਰਮੇ ਦੀ ਮਾਂ ਸੁਮਿਤਰੋ, ਤਾਜਪੁਰ ਕਲਾ ਵਿਚ ਵਿਆਹੀ ਭੈਣ ਕਮਲਜੀਤ ਤੇ ਉਸ ਦੀ ਸਹੇਲੀ ਬਚਨੋ, ਮਾਮੇ ਦੇ ਮੁੰਡੇ ਤੇ ਜਿੰਦਰ ਦੇ ਨਾਨਕੇ ਪਿੰਡ ਭਡਿਆਰਾਂ ਦੀਆਂ ਕੁੜੀਆਂ, ਮਾਸਟਰ ਅੰਗਦ ਕੁਮਾਰ ਦੀ ਘਰਵਾਲੀ, ਰਾਧਾ ਰਾਣੀ, ਮਾਸਟਰ ਬਜਰੰਗ ਕੁਮਾਰ ਦੀ ਪਤਨੀ ਸ਼ਾਰਦਾ, ਬੇਟੀ ਉਰਮਿਲਾ ਤੇ ਮਾਂ ਜਸੋਦਾ, ਮੁਕੀਪੁਰ ਵਾਲੇ ਪ੍ਰੋ. ਸੈਫ ਦੀ ਧੀ ਪਰਮਿੰਦਰ ਤੇ ਮਾਂ ਸਵਰਨ ਕੌਰ, ਲਸਾੜੇ ਦੀਆਂ ਅਮਰੋ, ਪ੍ਰੀਤੋ, ਜੈ ਕੌਰ, ਪ੍ਰਗਾਸੋ, ਨਰੇਸ਼ , ਬਿਮਲਾ ਦੇਵੀ ਆਸ਼ਾ, ਨੀਲਮ, ਛਿੰਦੋ, ਤਾਰੋ ਤੇ ਪ੍ਰਕਾਸ਼, ਹਰਿਆਣਾ ਪਿੰਡ ਦੀ ਭੂਆਂ ਬਚਨੀ ਤੇ ਸ਼ਕੁੰਤਲਾ, ਡਡਿਆਣਾ ਦੀਆਂ ਮੀਤੋ ਫੱਤੀ, ਸਵਰਨੋ, ਰੱਜੋ, ਸ਼ੀਸ਼ੋ ਤੇ ਮਿੰਦੋ, ਉੜਮੁੜ ਟਾਂਡੇ ਦੀ ਸੁਰਿੰਦਰ ਤੇ ਉਹਦੀ ਮਾਂ, ਮੁਕੀਮਪੁਰ ਦੇ ਕੁਲਤਾਰ ਦੀ ਪਤਨੀ, ਦਵਿੰਦਰ , ਥਲੇ਼ ਪਿੰਡ ਦੀਆਂ ਨਿੰਦਰੋ ਤੇ ਸੀਬੋ ਆਦਿ ਕਿੰਨੇ ਹੀ ਭਾਂਤ ਸੁਭਾਂਤੇ ਮਰਦ ਔਰਤਾਂ ਦਾ ਸਹਿਯੋਗ ਇਸ ਪ੍ਰਕ੍ਰਿਆ ਵਿਚ ਕਰਮਜੀਤ ਸਿੰਘ ਨੇ ਹਾਸਲ ਕੀਤਾ ਹੈ। ਇਨ੍ਹਾਂ ਪਾਤਰਾਂ ਨੂੰ ਪਿਆਰ ਪੁਚਕਾਰ ਜਾਂ ਵੱਡਿਆ ਕੇ, ਤਰਲਾ ਮਿੰਨਤ ਕਰ ਕੇ ਜਾਂ ਪ੍ਰਾਪਤ ਹਾਲਾਤ ਦਾ ਲਾਭ ਉਠਾ ਕੇ ਉਸ ਨੇ ਗੀਤ ਰਿਕਾਰਡ ਹੀ ਨਹੀਂ ਕੀਤੇ, ਉਨ੍ਹਾਂ ਨੂੰ ਸਮੂਹਕ ਤੇ ਵਿਅਕਤੀਗਤ ਰੂਪ ਵਿਚ ਉਚਾਰੇ ਜਾਂਦੇ ਸੁਣਿਆ ਹੈ। ਇਂਨ੍ਹਾਂ ਨੂੰ ਗਾਣ ਵਾਲੀਆਂ ਔਰਤਾਂ ਦੇ ਹਾਵ ਭਾਵ ਤੇ ਮਨੋ ਸਥਿਤੀ ਨੂੰ ਜਾਣਿਆ ਸਮਝਿਆ ਹੈ ਅਤੇ ਇਸ ਤੋਂ ਉਡਾਰੀ ਮਾਰ ਉਨ੍ਹਾਂ ਦੇ ਦੁੱਖ ਦਰਦ ਦੇ ਸਮਾਜਕ/ਸਭਿਆਚਾਰਕ ਪਿਛੋਕੜ ਦੀ ਕਲਪਨਾ ਕੀਤੀ ਹੈ।

ਲੋਕ ਗੀਤਾਂ ਵਿਚੋਂ ਸਮਾਜਕ ਸਭਿਆਚਾਰਕ ਮਨੋਵਿਗਿਆਨਕ ਯਥਾਰਥ ਦੀ ਪੈੜ ਫੜਣ ਲਈ ਡਾ:ਕਰਮਜੀਤ ਸਿੰਘ ਨੇ ਜਿਸ ਪ੍ਰਕਾਰ ਦੀ ਤੀਖਣ ਸੂਝ ਬੂਝ ਦਾ ਪ੍ਰਮਾਣ ਇਸ ਪੁਸਤਕ ਦੇ ਨਿਬੰਧਾਂ ਵਿਚ ਦਿੱਤਾ ਹੈ ਉਸ ਬਾਰੇ ਕੁਝ ਸੰਕੇਤ ਇਥੇ ਕਰਨੇ ਬਣਦੇ ਹਨ। ਉਸ ਦੀ ਇਹ ਸੂਖਮ ਦ੍ਰਿਸ਼ਟੀ ਲੋਕ ਗੀਤ ਦੇ ਨਾਲ ਨਾਲ ਉਸ ਗੀਤ ਨਾਲ ਜੁੜੇ ਰੀਤੀ ਰਿਵਾਜਾਂ ਤਕ ਨੂੰ ਆਪਣੇ ਕਲਾਵੇ ਵਿਚ ਲੈਂਦੀ ਹੈ। ਵਿਆਹ ਸੰਸਕਾਰ ਹੀ ਲਓ। ਇਸ ਨਾਲ ਜੁੜੇ ਸ਼ਗਨਾਂ ਵਿਚ ਵਿਧਵਾ ਤੇ ਬਾਂਝ ਔਰਤ ਨੂੰ ਪਾਸੇ ਰੱਖਣਾ ਵਿਅਕਤੀਗਤ ਰੂਪ ਵਿਚ ਉਕਤ ਔਰਤਾਂ ਨਾਲ ਅਨਿਆਂ ਹੈ, ਪਰ ਸਮਾਜਕ ਸਮੂਹ ਨੂੰ ਇਸ ਵਿਅਕਤੀਗਤ ਅਨਿਆਂ ਨਾਲੋਂ ਵਧੇਰੇ ਚਿੰਤਾ ਵਿਆਹ ਦੇ ਬੰਧਨ ਵਿਚ ਬੱਝ ਰਹੀ ਨਵੀਂ ਜੋੜੀ ਦੇ ਉਜਲੇ ਭਵਿੱਖ ਦੀ ਹੁੰਦੀ ਹੈ। ਵਿਆਹ ਨਾਲ ਜੁੜੇ ਗੀਤਾਂ ਵਿਚ ਨਰੜ ਦਾ ਸਿ਼ਕਾਰ ਔਰਤ ਅਣਜੋੜ ਨੂੰ ਵਿਅੰਗ ਦਾ ਵਿਸ਼ਾ ਬਣਾ ਕੇ ਆਪਣਾ ਕਥਾਰਸਿਸ ਕਰਦੀ ਹੈ। ਇਂਨ੍ਹਾਂ ਗੀਤਾਂ ਵਿਚ ਅਨਜੋੜ ਦਾ ਦੋਸ਼ ਲੇਖਾਂ ਨੂੰ ਦੇਣਾ ਪਰੰਪਰਾਗਤ ਪੰਜਾਬੀ ਸਮਾਜ ਵਿਚ ਸਮਾਜਕ ਚੇਤਨਾ ਦੇ ਪੱਧਰ ਦੇ ਨੀਵੇਂ ਹੋਣ ਦਾ ਸੰਕੇਤਕ ਹੈ। ਇਨ੍ਹਾਂ ਗੀਤਾਂ ਦੇ ਜ਼ਰੀਏ ਸਹੁਰੇ ਘਰ ਦੁੱਖ ਭੋਗ ਰਹੀਆਂ ਔਰਤਾ ਆਪਣੀ ਮਨੋਵੇਦਨਾ ਦੱਸ ਕੇ ਮਨ ਹੌਲਾ ਕਰਦੀਆਂ ਹਨ। ਅਜਿਹਾ ਕਰਦੇ ਸਮੇਂ ਕਈ ਵਾਰ ਵਸਤੂਗਤ ਯਥਾਰਥ ਗੀਤ ਗਾਂਦੀਆਂ ਔਰਤਾਂ ਨੂੰ ਹੰਝੂਆਂ ਅਤੇ ਹੌਕਿਆਂ ਦੇ ਸਾਗਰ ਵਿਚ ਵੀ ਡੋਬ ਦਿੰਦਾ ਹੈ। ਗਰੀਬ ਔਰਤਾਂ ਗਰੀਬੀ ਨੂੰ ਭੁਲਾ ਕੇ ਕਲਪਨਾ ਦੇ ਜਗਤ ਵਿਚ ਹੀਰੇ ਮੋਤੀਆਂ ਨੂੰ ਚਿਤਵਦੀਆਂ ਹਨ। ਔਰਤ ਭਾਵੇਂ ਆਪਣੇ ਪਤੀ ਨੂੰ ਨਿਰੰਤਰ ਉਡੀਕਦੀ ਹੈ, ਪਰ ਪਤੀ ਤੇ ਹੋਰ ਪਰਿਵਾਰ ਉਸ ਨੂੰ ਬਰਾਬਰ ਦਾ ਮੋੜਵਾਂ ਪਿਆਰ ਨਹੀਂ ਦਿੰਦਾ ਦਿਸਦਾ ਤੇ ਉਹ ਇਸ ਸਥਿਤੀ ਉੱਤੇ ਹੰਝੂ ਕੇਰਣ ਲਈ ਮਜਬੂਰ ਹੈ। ਸੱਸਾਂ ਦੇ ਬੇਦਰਦ ਸੁਭਾਅ ਦਾ ਬੇਬਸੀ ਨਾਲ ਜਿ਼ਕਰ ਕਰਦੇ ਗੀਤ ਇਸ ਦਾ ਸਬੂਤ ਹਨ। ਨੂੰਹ ਸੱਸ ਦੇ ਸਾਹਮਣੇ ਹੀ ਨਹੀਂ, ਆਪਣੀ ਨਣਦ ਦੇ ਸਾਹਮਣੇ ਵੀ ਬੇਬਸ ਹੈ।

ਮਰਦ ਪ੍ਰਧਾਨ ਸਮਾਜ ਵਿਚ ਮਰਦ ਹਉਮੇਂ ਦੇ ਵੇਰਵੇ ਧਾਰਮਿਕ ਖੇਤਰ ਦੇ ਨਾਇਕ ਰਾਧਾ-ਕ੍ਰਿਸ਼ਨ ਤਕ ਪਸਰੇ ਹੋਏ ਵੇਖੇ ਜਾ ਸਕਦੇ ਹਨ। ਰਾਧਾ ਤੇ ਕ੍ਰਿਸ਼ਨ ਦੇ ਤਕਰਾਰ ਵਿਚੋਂ ਇਨ੍ਹਾਂ ਵੇਰਵਿਆਂ ਨੂੰ ਸ਼ਾਇਦ ਪਹਿਲੀ ਵਾਰ ਡਾ: ਕਰਮਜੀਤ ਸਿੰਘ ਨੇ ਹੀ ਪਛਾਣਿਆ ਹੈ। ਜਨਮ ਸਮੇਂ ਦੇ ਗੀਤਾਂ ਵਿਚ ਔਰਤ ਜੇ ਮੁੰਡਾ ਜੰਮੇ ਤਾਂ ਉਸ ਦਾ ਮਾਣ-ਤਾਣ ਹੁੰਦਾ ਹੈ ਤੇ ਕੁੜੀ ਜੰਮਣ ੳੁੱਤੇ ਉਸ ਨਾਲ ਵਿਤਕਰਾ। ਇਸ ਵਿਤਕਰੇ ਦਾ ਜਿ਼ਕਰ ਲੋਕ ਗੀਤਾਂ ਵਿਚ ਅੰਕਿਤ ਅਕਸਰ ਹੀ ਵੇਖਿਆ ਜਾ ਸਕਦਾ ਹੈ। ਮੁੰਡਾ ਜੰਮਣ ਵਾਲੀ ਜਦੋਂ ਗੀਤ ਦੇ ਜ਼ਰੀਏ ਆਪਣੇ ਢੋਲ ਤੋਂ ਕੁਝ ਮੰਗਦੀ ਹੈ ਤਾਂ ਉਸ ਦੀ ਕਲਪਨਾ ਉਚੀਆਂ ਉਡਾਰੀਆਂ ਮਾਰਦੀ ਹੈ। ਪ੍ਰਦੇਸ ਗਏ ਪਤੀ ਦਾ ਬਿਰਹਾ ਭੋਗਦੀ ਔਰਤ ਕਿਸੇ ਪਰਾਏ ਮਰਦ ਨਾਲ ਸਾਂਝ ਨੂੰ ਗੀਤ ਵਿਚ ਵੀ ਠੁਕਰਾਂਦੀ ਹੈ ਭਾਵੇਂ ਪ੍ਰਦੇਸ਼ ਗਿਆ ਪਤੀ ਕਿਸੇ ਹੋਰ ਰੂਪਵੰਤੀ ਨਾਲ ਪ੍ਰੇਮ ਪੀਂਘ ਹੀ ਕਿਉਂ ਨਾ ਚੜ੍ਹਾ ਰਿਹਾ ਹੋਵੇ। ਮਰਦ ਪ੍ਰਧਾਨ ਸਮਾਜ ਆਪਣੇ ਸੁਖ ਤੇ ਖੁਸ਼ਹਾਲ਼ੀ ਲਈ ਜੇਠੀ ਨੂੰਹ ਦੀ ਬਲੀ ਤਕ ਦੇਣ ਨੂੰ ਤਿਆਰ ਹੈ। ਔਰਤ ਦੀ ਵਡਿਆਈ ਇਹ ਹੈ ਕਿ ਉਹ ਆਪਣੇ ਪਿਆਰਿਆਂ ਲਈ ਜਾਨ ਦੇਣ ਨੂੰ ਵੀ ਤਿਆਰ ਹੈ। ਮਰਦ ਨੂੰ ਆਪਣੀ ਕੁੱਲ ਤੇ ਪਰਿਵਾਰ ਅਗੇ ਤੋਰਨ ਦੀ ਇੰਨੀ ਚਿੰਤਾ ਹੈ ਕਿ ਉਹ ਇਸ ਖਾਤਰ ਨਾਜਾਇਜ਼ ਸੰਬੰਧਾਂ ਵਜੋਂ ਪ੍ਰਾਪਤ ਬੱਚੇ ਨੂੰ ਵੀ ਸਵੀਕਾਰਨ ਤਕ ਜਾਂਦਾ ਹੈ। ਔਰਤ ਦੇ ਦਰਦ ਤੇ ਭਾਵਨਾਵਾਂ ਨੂੰ ਜਿੰਨੀ ਸਿ਼ੱਦਤ ਨਾਲ ਔਰਤ ਸਮਝਦੀ ਹੈ ਉਸ ਦੇ ਕਿੰਨੇ ਹੀ ਪ੍ਰਮਾਣ ਸਾਡੇ ਲੋਕ ਗੀਤਾਂ ਵਿਚ ਹਨ। ਵਿਆਹੀ ਵਰੀ ਸੋਹਣੀ ਦੇ ਕੱਚੇ ਘੜੇ ਉੱਤੇ ਪ੍ਰੇਮੀ ਨੂੰ ਮਿਲਣ ਜਾਣ ਦੇ ਸਮਾਜਕ ਤੌਰ ਤੇ ਅਪ੍ਰਵਾਨਿਤ ਕਰਮ ਨੂੰ ਲੋਕ ਗੀਤ ਵਿਚ ਤ੍ਰਿਸਕਾਰਿਆ ਨਹੀਂ ਗਿਆ। ਸਰਾਪ ਘੜੇ ਅਤੇ ਘੁਮਿਆਰ ਨੂੰ ਹੀ ਦਿੱਤਾ ਗਿਆ ਹੈ। ਮਿਰਜ਼ਾ ਸਾਹਿਬਾਂ ਦੀ ਪ੍ਰੀਤ ਕਥਾ ਨੂੰ ਲੋਕ ਗੀਤ ਵਿਚ ਪੇਸ਼ ਕਰਦੇ ਸਮੇਂ ਔਰਤ ਵਲੋਂ ਸਾਹਿਬਾਂ ਨੂੰ ਜਿਸ ਹਮਦਰਦੀ ਨਾਲ ਚਿਤਰਿਆ ਗਿਆ ਹੈ ਉਹ ਵੀ ਮਰਦ ਦੀ ਦ੍ਰਿਸ਼ਟੀ ਤੋਂ ਵੱਖਰੀ ਪਛਾਣ ਰੱਖਦੀ ਹੈ।

ਔਰਤ ਜੰਗਾਂ ਜੁਧਾਂ ਵਿਚ ਸਭ ਤੋਂ ਵੱਧ ਦੁੱਖ ਭੋਗਦੀ ਹੈ। ਇਸ ਲਈ ਉਸ ਦੇ ਸਿਰਜੇ ਗੀਤਾਂ ਵਿਚ ਜੰਗ ਦਾ ਵਿਰੋਧ ਵੀ ਹੈ ਅਤੇ ਧੀਆਂ, ਭੈਣਾਂ ਤੇ ਮਾਵਾਂ ਦੁਆਰਾ ਭੋਗੇ ਸੰਤਾਪ ਦਾ ਜਿ਼ਕਰ ਵੀ। ਧੀਆਂ ਵਿਆਹੁਣ ਅਤੇ ਸਹੁਰੇ ਘਰ ਤੋਰਨ ਸਮੇਂ ਦੀ ਮਾਵਾਂ ਧੀਆਂ ਦੀ ਮਨੋ-ਅਵਸਥਾ ਦੇ ਮਾਰਮਿਕ ਚਿਤ੍ਰ ਸਾਡੇ ਲੋਕ ਗੀਤਾਂ ਵਿਚ ਪ੍ਰਾਪਤ ਹਨ। ਇਨ੍ਹਾਂ ਗੀਤਾਂ ਨੂੰ ਗਾਂਦੀਆਂ ਔਰਤਾਂ ਅਕਸਰ ਹੀ ਹੰਝੂਆਂ ਹੌਕਿਆਂ ਦੇ ਸਾਗਰ ਵਿਚ ਡੁੱਬਦੀਆਂ ਦਿਸਦੀਆਂ ਹਨ। ਇਸ ਸਥਿਤੀ ਵਿਚੋਂ ਕੱਢਣ ਤੇ ਦਮਿਤ ਭਾਵਨਾਵਾਂ ਦਾ ਕਥਾਰਸਿਸ ਕਰਨ ਦਾ ਦੋਹਰਾ ਉਦੇਸ਼ ਪੂਰਾ ਕਰਨ ਵਾਸਤੇ ਬੁੱਢਿਆ ਖੋਲ੍ਹ ਕੰਗਣਾ, ਕਰੇਲੇ ਘੁੰਗਣੀਆਂ ਅਤੇ ਵੇ ਖੱਤਰੀ ਜਹੇ ਲੋਕ ਗੀਤ ਪ੍ਰਾਪਤ ਹਨ ਜੋ ਹਾਸਾ ਪੈਦਾ ਕਰਦੇ ਹਨ। ਲੋਕ ਗੀਤਾਂ ਦੇ ਭਾਸ਼ਾਈ ਪ੍ਰਸੰਗਾਂ ਬਾਰੇ ਵੀ ਗੱਲ ਇਹ ਪੁਸਤਕ ਕਰਦੀ ਹੈ। ਦਰਅਸਲ ਡਾ: ਕਰਮਜੀਤ ਸਿੰਘ ਨੇ ਸਭਿਆਚਾਰਕ ਪ੍ਰਸੰਗਾਂ ਬਾਰੇ ਬੀਜ ਰੂਪ ਵਿਚ ਇਕ ਨਹੀਂ ਕਿੰਨੀਆਂ ਹੀ ਮੁੱਲਵਾਨ ਅੰਤਰ-ਦ੍ਰਿਸ਼ਟੀਆਂ ਪੇਸ਼ ਕੀਤੀਆਂ ਹਨ। ਕਈ ਦਿਸ਼ਾਵਾਂ ਵਲ ਸੰਕੇਤ ਕੀਤੇ ਹਂਨ। ਲੋਕ ਗੀਤਾਂ ਦੇ ਅਧਿਐਨ ਵਿਸ਼ਲੇਸ਼ਣ ਵਲ ਰੁਚਿਤ ਖੋਜਾਰਥੀ ਇਨ੍ਹਾਂ ਅੰਤਰ ਦ੍ਰਿਸ਼ਟੀਆਂ ਤੇ ਦਿਸ਼ਾਵਾਂ ਨੂੰ ਨਿਸ਼ਚੇ ਹੀ ਗੰਭੀਰ ਅਧਿਐਨ ਕਾਰਜ ਦਾ ਨਿੱਗਰ ਆਧਾਰ ਬਣਾ ਸਕਦੇ ਹਨ।
 

(ਸਾਬਕਾ ਪੋਫੈਸਰ ਅਤੇ ਡੀਨ ਅਕਾਦਮਿਕ ਮਾਮਲੇ ਪੰਜਾਬੀ ਯੂ; ਪਟਿਆਲਾ (ਹਾਊਸ ਨੰ. 2, ਸਟਰੀਟ ਨੰ-9, ਗੁਰੂ ਨਾਨਕ ਨਗਰ ਪਟਿਆਲਾ।)
*****

(30 ਅਪਰੈਲ 2007) ਯੂਨੀਕੋਡ

 

 

ਲਿਖਾਰੀ
Likhari


© likhari: Punjabi Likhari Forum-2001-2007