ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਦਾ ਪਹਿਲਾ ਸਰਬ-ਸਾਂਝਾ ਧਾਰਮਿਕ ਗ੍ਰੰਥ ਹੈ ਜੋ
ਮਨੁੱਖਤਾ ਨੂੰ ਸਰਬ-ਸਾਂਝੀਵਾਲਤਾ ਤੇ ਸਰਬਤ ਦੇ ਭਲੇ ਦਾ ਪੈਗ਼ਾਮ ਦਿੰਦਾ ਹੈ। ਇਸ ਵਿੱਚ
ਮਨੁੱਖੀ ਏਕਤਾ ਜਾਂ ਬਰਾਬਰੀ ਦੀ ਸਿਰਫ ਗੱਲ ਹੀ ਨਹੀਂ ਕੀਤੀ ਸਗੋਂ ਸਿੱਖ ਗੁਰੂ
ਸਾਹਿਬਾਨ ਨੇ ਭਾਈਚਾਰਕ ਏਕਤਾ ਦੇ ਸਿਧਾਂਤ ਨੂੰ ਅਮਲੀ ਰੂਪ ਦੇਣ ਲਈ ਸੰਗਤ ਤੇ ਪੰਗਤ
ਦੋ ਸੰਸਥਾਵਾਂ ਕਾਇਮ ਕੀਤੀਆਂ। ਜਦੋਂ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ
ਜੁੜਦੇ ਹਨ ਤਾਂ ਸੰਗਤ ਬਣ ਜਾਂਦੀ ਹੈ। ਇਸ ਵਿੱਚ ਸਭ ਬਰਾਬਰ ਹੁੰਦੇ ਹਨ, ਪੰਡਿਤ ਤੇ
ਸ਼ੂਦਰ ਇੱਕ ਥਾਂ ਬੈਠਦੇ ਹਨ। ਕੋਈ ਵਿਸ਼ੇਸ਼ ਸਥਾਨ ਤੇ ਨਹੀਂ ਬੈਠਦਾ। ਮਨੁੱਖੀ ਏਕਤਾ ਤੇ
ਸਾਂਝੀਵਾਲਤਾ ਦੇ ਦਰਸ਼ਨ ਸੰਗਤ ਵਿੱਚ ਹੁੰਦੇ ਹਨ ਤੇ ਜਦੋਂ ਸਾਰੇ ਬਿਨਾਂ ਕਿਸੇ
ਭੇਦ-ਭਾਵ ਦੇ, ਭਾਵੇਂ ਉਹ ਰਾਜਾ ਹੈ ਜਾਂ ਰੰਕ,ਪੰਗਤ ਵਿੱਚ ਬੈਠ ਕੇ ਲੰਗਰ ਛਕਦੇ ਹਨ
ਤਾਂ ਇੱਥੇ ਫਿਰ ਸਾਂਝੀਵਾਲਤਾ ਦਾ ਨਜ਼ਾਰਾ ਪ੍ਰਤੱਖ ਹੋ ਜਾਂਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਦੀ ਸਾਂਝੀਵਾਲਤਾ ਦੀ ਪ੍ਰਮੁੱਖ ਉਦਾਹਰਣ ਇਹ ਹੈ ਕਿ ਇਸ ਵਿੱਚ ਸਿੱਖ ਗੁਰੂਆਂ ਨੇ ਆਪਣੀ
ਬਾਣੀ ਹੀ ਸੰਕਲਿਤ ਨਹੀਂ ਕੀਤੀ, ਸਗੋਂ ਉਨ੍ਹਾਂ ਨੇ ਮੱਧਕਾਲੀਨ ਭਗਤਾਂ ਤੇ ਸੰਤਾਂ
(ਹਿੰਦੂ ਤੇ ਮੁਸਲਮਾਨ) ਦੀ ਬਾਣੀ ਵੀ ਸ਼ਾਮਿਲ ਕੀਤੀ ਹੈ।ਪ੍ਰਿੰਸੀਪਲ ਸਤਿਬੀਰ ਸਿੰਘ
ਅਨੁਸਾਰ, “ਗੁਰੂ ਗ੍ਰੰਥ ਸਾਹਿਬ, ਇੱਕ ਐਸਾ ਰੂਹਾਨੀ ਖੁਰਾਕ ਦਾ ਥਾਲ ਪਰੋਸਿਆ ਹੈ
ਗੁਰੂ ਮਹਾਰਾਜ ਨੇ, ਜਿਸ ਵਿੱਚ 36 ਪਦਾਰਥਾਂ ਵਾਂਗ 36 ਮਹਾਂ ਪੁਰਸ਼ਾਂ ਦੀ ਬਾਣੀ ਹੈ”
ਇਹ ਬਾਣੀਕਾਰ ਹੇਠ ਲਿਖੇ ਅਨੁਸਾਰ ਹਨ:
6 ਗੁਰੂ ਸਾਹਿਬਾਨ- ਗੁਰੂ ਨਾਨਕ
ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ
ਦੇਵ ਜੀ, ਗੁਰੂ ਤੇਗ ਬਹਾਦਰ ਜੀ।
15 ਭਗਤ- ਭਗਤ ਕਬੀਰ ਜੀ, ਭਗਤ
ਨਾਮਦੇਵ ਜੀ, ਭਗਤ ਰਵਿਦਾਸ ਜੀ, ਭਗਤ ਤਿਰਲੋਚਨ ਜੀ, ਭਗਤ ਧੰਨਾ ਜੀ, ਭਗਤ ਸੈਨ ਜੀ,
ਭਗਤ ਜੈ ਦੇਵ ਜੀ, ਭਗਤ ਪੀਪਾ ਜੀ, ਭਗਤ ਸੂਰਦਾਸ ਜੀ, ਸ਼ੇਖ਼ ਫਰੀਦ ਜੀ, ਭਗਤ ਪਰਮਾਨੰਦ
ਜੀ, ਭਗਤ ਸਧਨਾ ਜੀ, ਭਗਤ ਬੈਣੀ ਜੀ, ਭਗਤ ਰਾਮਾਨੰਦ ਜੀ, ਭਗਤ ਭੀਖਨ ਜੀ
11 ਭੱਟ- ਕਲਸਹਾਰ ਜੀ, ਜਾਲਪ
ਜੀ, ਕੀਰਤ ਜੀ, ਭਿਖਾ ਜੀ, ਸਲ ਜੀ, ਭਲ ਜੀ, ਨਲ ਜੀ, ਗਯੰਦ ਜੀ, ਮਥੁਰਾ ਜੀ, ਬਲ ਜੀ,
ਹਰਿਬੰਸ ਜੀ।
4 ਗੁਰੂ ਘਰ ਦੇ ਸਿੱਖ- ਬਾਬਾ
ਸੁੰਦਰ ਜੀ, ਰਬਾਬੀ ਸਤੈ ਡੂਮਿ ਜੀ, ਰਬਾਬੀ ਰਾਇ ਬਲਵੰਡ ਜੀ, ਭਾਈ ਮਰਦਾਨਾ ਜੀ।
ਉਪਰੋਕਤ ਬਾਣੀਕਾਰਾਂ ਦੀ ਸੂਚੀ
ਨੂੰ ਵੇਖਿਆਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਭਾਰਤ ਭਰ ਦੇ ਮਹਾਂ ਪੁਰਸ਼ਾਂ, ਸੰਤਾਂ,
ਗੁਰੂਆਂ, ਪੀਰਾਂ ਦੇ ਬਚਨ ਇਸ ਵਿੱਚ ਸਾਂਭੇ ਪਏ ਹਨ ਜੋ ਵੱਖ 2 ਜਾਤੀਆਂ ਤੇ ਵੱਖ
ਪ੍ਰਾਂਤਾਂ ਨਾਲ ਸੰਬੰਧਿਤ ਸਨ। ਜੈਦੇਵ, ਤ੍ਰਿਲੋਚਨ, ਰਾਮਾਨੰਦ ਬ੍ਰਾਹਮਣ ਸਨ। ਕਬੀਰ
ਜੀ ਜੁਲਾਹੇ, ਨਾਮਦੇਵ ਜੀ ਛੀਂਬੇ, ਰਵਿਦਾਸ ਜੀ ਚਮਾਰ-ਸ਼ੂਦਰ, ਸੈਣ ਜੀ ਨਾਈ ਸਨ। ਗੁਰੂ
ਸਾਹਿਬਾਨ ਪੰਜਾਬ ਦੇ ਖੱਤਰੀ ਸਨ ਪਰ ਬਾਕੀ ਮਹਾਂ ਪੁਰਸ਼ ਬੰਗਾਲ, ਮਹਾ ਰਾਸ਼ਟਰ,
ਰਾਜਪੂਤਾਨਾ, ਉੱਤਰ ਪ੍ਰਦੇਸ਼, ਸਿੰਧ, ਅਵਧ ਆਦਿ ਪ੍ਰਦੇਸ਼ਾਂ ਤੋਂ ਸਨ। ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਧਾਰਮਿਕ ਸਾਂਝ ਤੇ ਧਾਰਮਿਕ ਸੰਗਠਨ ਦਾ
ਸਰਬ ਜਨਕ ਗ੍ਰੰਥ ਹੈ ਜਿਸ ਵਿੱਚ ਹਿੰਦੁਸਤਾਨ ਦਾ ਲਗਭਗ 6 ਸਦੀਆਂ ਦਾ ਅਧਿਆਤਮਕ ਤੇ
ਧਾਰਮਿਕ ਵਿਰਸਾ ਸਾਂਭਿਆ ਪਿਆ ਹੈ। ਇਹ ਨਾ- ਕੇਵਲ ਰਾਸ਼ਟਰੀ ਏਕਤਾ ਦਾ ਪ੍ਰਤੀਕ ਹੈ
ਸਗੋਂ ਕੁਲ ਮਾਨਵ ਏਕਤਾ ਲਈ ਮਾਰਗ-ਦਰਸ਼ਕ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਹਰ ਇੱਕ
ਮਨੁੱਖ ਨੂੰ ‘ਗੋਬਿੰਦ ਮਿਲਣ’ ਦਾ ਸਾਂਝਾ ਜੀਵਨ ਮਨੋਰਥ ਦਿੱਤਾ ਹੈ:
‘ਭਈ ਪਰਾਪਤਿ ਮਾਨੁਖ
ਦੇਹੁਰੀਆ॥ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥(ਪੰਨਾ 12 ) ਇਹ ਜੀਵਨ ਮਨੋਰਥ ਹਰ
ਮਨੁੱਖ, ਚਾਹੇ ਉਹ ਬ੍ਰਾਹਮਣ, ਖੱਤਰੀ, ਵੈਸ਼ ਜਾਂ ਸ਼ੂਦਰ ਹੈ, ਪਰਾਪਤ ਕਰਨ ਦਾ ਹੱਕ
ਰੱਖਦਾ ਹੈ।ਭਾਰਤੀ ਸਨਾਤਨੀ ਧਰਮ ਸ਼ੂਦਰ ਨੂੰ ਸ਼ੂਦਰ ਹੁੰਦਿਆਂ ਵੇਦ ਬਾਣੀ ਸੁਣਨ ਦਾ ਹੱਕ
ਨਹੀਂ ਦਿੰਦਾ ਪਰ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਚਾਰੇ ਵਰਣਾਂ ਲਈ ਅਰਥਾਤ ਸਮੁੱਚੀ
ਮਨੁੱਖਤਾ ਲਈ ਸਾਂਝਾ ਹੈ: ‘ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ
ਸਾਂਝਾ॥’ (ਪੰਨਾ 747 ) ਜਾਤ ਪਾਤ ਦਾ ਕੋਈ ਭਿੰਨ ਭੇਦ ਨਹੀਂ। ਗੁਰਬਾਣੀ ਵਿੱਚੇ
ਜਾਤ-ਪਾਤ ਪ੍ਰਣਾਲੀ ਨੂੰ ਰੱਦ ਕਰਦਿਆਂ ਕਿਹਾ ਕਿ ਰੱਬ ਦੇ ਦਰਬਾਰ ਵਿੱਚ ਕਿਸੇ ਨੇ ਜਾਤ
ਨਹੀਂ ਪੁੱਛਣੀ, ਅਮਲਾਂ ਦਾ ਨਿਬੇੜਾ ਹੋਣਾ ਹੈ: ‘ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ
ਜਾਤਿ ਨ ਹੇ॥’ (ਪੰਨਾ 349 ) ਜੋ ਵੀ ਪ੍ਰਾਣੀ ਗੋਵਿੰਦ ਧਿਆਉਂਦਾ ਹੈ ਭਾਵੇਂ ਉਹ
ਅਨਪੜ੍ਹ ਹੋਵੇ ਜਾਂ ਵਿਦਵਾਨ ਪਰਮ ਗਤਿ ਨੂੰ ਪਰਾਪਤ ਕਰ ਸਕਦਾ ਹੈ: ‘ਜੋ ਪ੍ਰਾਣੀ
ਗੋਵਿੰਦੁ ਧਿਆਵੈ॥ ਪੜਿਆ ਅਣਪੜਿਆ ਪਰਮ ਗਤਿ ਪਾਵੈ॥’(ਪੰਨਾ 197 ) ‘ਸਭੇ ਸਾਝੀਵਾਲ
ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ’ (ਪੰਨਾ 97) ਦੇ ਸਿਧਾਂਤ ਅਨੁਸਾਰ ਸ੍ਰੀ
ਗੁਰੂ ਗ੍ਰੰਥ ਸਾਹਿਬ ਦੀ ਸਾਂਝੀਵਾਲਤਾ ਵਿਸ਼ਵ-ਵਿਆਪੀ ਭਾਈਚਾਰੇ (ੁਨਵਿੲਰਸੳਲ
ਬਰੋਟਹੲਰਹੋਦ) ਦੀ ਸਿਰਜਣਾ ਕਰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਦੇਸ਼
ਮਨੁੱਖਤਾ ਦੀ ਸਮਾਨਤਾ, ਭਾਈਵਾਲਤਾ ਤੇ ਵਿਸ਼ਵ ਵਿਆਪੀ ਦ੍ਰਿਸ਼ਟੀਕੋਣ ਦੀ ਗਵਾਹੀ ਭਰਦਾ
ਹੈ।‘ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥’(1299) ਦੇ ਸਿਧਾਂਤ
ਅਨੁਸਾਰ ਸਾਰੇ ਮਨੁੱਖ ਬਰਾਬਰ ਹਨ। ਸਾਰੇ ਇੱਕ ਪਿਤਾ ਦੀ ਸੰਤਾਨ ਹਨ:‘ਏਕੁ ਪਿਤਾ ਏਕਸ
ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ॥(ਪੰਨਾ 611) ਉਹ ਸਾਰਿਆਂ ਦਾ ਸਾਂਝਾ ਪਿਤਾ ਹੈ-
‘ਤੂੰ ਸਾਝਾ ਸਾਹਿਬੁ ਬਾਪੁ ਹਮਾਰਾ॥’(ਪੰਨਾ 97 ) ਗੁਰੂ ਜੀ ਨੇ ਪਰਮਾਤਮਾ ਦੀ ਏਕਤਾ
ਦੀ ਗੱਲ ਵੀ ਜ਼ੋਰਦਾਰ ਸ਼ਬਦਾਂ ਵਿੱਚ ਆਖੀ- ‘ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ
ਹੈ॥’(ਪੰਨਾ 350 ) ਇਹ ਵੀ ਦ੍ਰਿੜ ਕਰਵਾਇਆ ਹੈ ਕਿ ਉਹ ਇੱਕ ਪਰਮਾਤਮਾ ਸਾਡੇ ਸਾਰਿਆਂ
ਦੇ ਦਿਲ ਵਿੱਚ ਸਮਾਇਆ ਹੋਇਆ ਹੈ। ਜਿਵੇਂ ਫੁੱਲ ਵਿੱਚ ਸੁਗੰਧੀ ਹੁੰਦੀ ਹੈ ਉਸੇ
ਤਰ੍ਹਾਂ ਉਹ ਸਭ ਦੇ ਅੰਦਰ ਵਿਦਮਾਨ ਹੈ:
‘ਪੁਹਪ ਮਧਿ ਜਿਉ ਬਾਸੁ ਬਸਤੁ
ਹੈ ਮੁਕਰ ਮਾਹਿ ਜੈਸੇ ਛਾਈ॥’(ਪੰਨਾ 684 )
ਉਸ ਘਟ ਘਟ ਵਿੱਚ ਵੱਸਣ ਵਾਲੇ ਇੱਕ ਪਰਮਾਤਮਾ ਦਾ ਆਸਰਾ ਸਾਰੇ ਮੰਗਦੇ ਹਨ:
‘ਸਭ ਕੋ ਆਸੈ ਤੇਰੀ ਬੈਠਾ॥ ਘਟ
ਘਟ ਅੰਤਰਿ ਤੂੰ ਹੈ ਵੁਠਾ॥(ਪੰਨਾ 97 ) ਪਰਮਾਤਮਾ ਦਾ ਜੋ ਸਰਬ ਸਾਂਝਾ ਸਰੂਪ ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਚਿਤਰਿਆ ਗਿਆ ਹੈ, ਉਹ ਅਦੁੱਤੀ ਹੈ ਅਤੇ ਧਾਰਮਿਕ
ਵਿਚਾਰਧਾਰਾ ਦੇ ਇਤਿਹਾਸ ਵਿੱਚ ਨਿਵੇਕਲਾ ਤੇ ਸਰਬੋਤਮ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ
ਅਨੁਸਾਰ ਮਨੁੱਖਤਾ ਦਾ ਸੋਮਾ ਅਕਾਲ ਪੁਰਖ ਹੈ। ਸਭ ਬੰਦੇ ਕੁਦਰਤ ਦੇ ਹਨ ਤੇ ਸਭ ਦਾ
ਕਾਦਰ ਪ੍ਰਭੂ ਹੈ। ਸਾਰੇ ਇੱਕ ਨੂਰ ਤੋਂ ਪੈਦਾ ਹੋਏ ਹਨ ਤੇ ਸਭ ਦੀ ਮਿੱਟੀ ਇੱਕ ਹੈ:
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉੇਨ ਭਲੇ ਕੋ ਮੰਦੇ॥(ਪੰਨਾ 1349 )
ਸ੍ਰੀ ਗੁਰੂ ਗ੍ਰੰਥ ਸਾਹਿਬ
ਵਿੱਚ ਸਮੂਹ ਮਾਨਵ-ਜਾਤੀ ਦੇ ਅੰਦਰ ਨਿਵਾਸ ਕਰ ਰਹੀ ਇੱਕ ਜੋਤਿ ਦੇ ਪ੍ਰਕਾਸ਼ ਉੱਪਰ ਬਲ
ਦਿੱਤਾ ਗਿਆ ਹੈ ਤੇ ਇਸਤਰ੍ਹਾਂ ਸ਼ੋਸ਼ਣ ਅਤੇ ਦਮਨ ਦੇ ਮੁਕਾਬਲੇ ਲਈ ਰੂਹਾਨੀ ਜਾਗ੍ਰਿਤੀ
ਅਤੇ ਨੈਤਿਕ ਚੇਤਨਾ ਦਾ ਮਾਰਗ ਸੁਝਾਇਆ ਹੈ- ‘ਸਭ ਮਹਿ ਜੋਤਿ ਜੋਤਿ ਹੈ ਸੋਇ॥ਤਿਸਕੈ
ਚਾਨਣਿ ਸਭ ਮਹਿ ਚਾਨਣੁ ਹੋਇ॥’(ਪੰਨਾ 13) ਅਤੇ ‘ਸਭੁ ਕੋ ਮੀਤੁ ਹਮ ਆਪਨ ਕੀਨਾ ਹਮ
ਸਭਨਾ ਕੇ ਸਾਜਨ॥’(ਪੰਨਾ 671) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਕਿਸੇ
ਵੀ ਧਰਮ ਜਾਂ ਫ਼ਿਰਕੇ ਦੀ ਨਿਖੇਧੀ ਨਹੀਂ ਕੀਤੀ ਗਈ ਸਗੋਂ ਹਰ ਧਾਰਮਕ ਜੀਵਨ-ਜਾਚ ਦਾ
ਆਦਰ ਕਰਦਿਆਂ ਉਸ ਨਾਲ ਬਰਾਬਰੀ ਦੇ ਧਰਾਤਲ ਉੱਤੇ ਸੰਵਾਦ ਰਚਾਉਣ ਦੀ ਚੇਸ਼ਟਾ ਕੀਤੀ ਗਈ
ਹੈ।ਭਿੰਨਤਾਵਾਂ ਅਤੇ ਵਿਲੱਖਣਤਾਵਾਂ ਦਾ ਆਦਰ ਕਰਨ ਵਾਲੀ ਇਹ ਵਿਸ਼ਵ-ਦ੍ਰਿਸ਼ਟੀ ਹੇਠ
ਲਿਖੀਆਂ ਤੁਕਾਂ ਵਿੱਚ ਪ੍ਰਤੱਖ ਹੈ: ‘ਕੋਈ ਬੋਲੈ ਰਾਮ ਰਾਮ ਕੋਈ ਖੁਦਾਇ॥ਕੋਈ ਸੇਵੈ
ਗੁਸਈਆ ਕੋਈ ਅਲਾਹਿ॥ਕਾਰਣ ਕਰਮ ਕਰੀਮ॥ ਕਿਰਪਾ ਧਾਰਿ ਰਹੀਮ॥ ਕੋਈ ਨਾਵੈ ਤੀਰਥਿ ਕੋਈ
ਹਜ ਜਾਇ॥ਕੋਈ ਕਰੈ ਪੂਜਾ ਕੋਈ ਸਿਰੁ ਨਵਾਇ॥ ਕੋਈ ਪੜੈ ਬੇਦ ਕੋਈ ਕਤੇਬ॥ਕੋਈ ਓਢੈ ਨੀਲ
ਕੋਈ ਸੁਪੇਦ॥3॥ ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ॥ਕੋਈ ਬਾਛੈ ਭਿਸਤੁ ਕੋਈ
ਸੁਰਗਿੰਦੂ॥
ਕਹੁ ਨਾਨਕ ਜਿਨਿ ਹੁਕਮੁ ਪਛਾਤਾ॥ਪ੍ਰਭੁ ਸਾਹਿਬ ਕਾ ਤਿਨਿ ਭੇਦੁ ਜਾਤਾ॥ਪੰਨਾ 885)
ਇਸ ਸੰਦਰਭ ਵਿੱਚ ਗੁਰੂ ਗੋਬਿੰਦ
ਸਿੰਘ ਜੀ ਦਾ ਫੁਰਮਾਣ ਹੈ:‘ਕੋਈ ਭਯੋ ਮੁੰਡੀਆ ਕੋਈ ਜੋਗੀ ਭਯੋ॥
ਕੋਊ ਬ੍ਰਹਮਚਾਰੀ,ਕੋਈ ਜਤੀ ਅਨੁਮਾਨ ਬੋ॥ ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ,
ਮਾਨਸ ਕੀ ਜਾਤਿ ਸਭੈ ਏਕੈ ਪਹਿਚਾਨ ਬੋ॥’(ਅਕਾਲ ਉਸਤਤਿ)
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਦੀ ਸਾਂਝੀਵਾਲਤਾ ਨੂੰ ਸਿੱਖਾਂ ਨੇ ਹੀ ਨਹੀਂ ਸਗੋਂ ਸਮੁੱਚੇ ਸੰਸਾਰ ਦੇ ਵਿਦਵਾਨਾਂ ਨੇ
ਪ੍ਰਵਾਨ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕਰਨ ਵਾਲੇ ਗੈਰ-ਸਿੱਖਾਂ
ਨੂੰ ਵੀ ਇਸ ਮਹਾਨ ਗ੍ਰੰਥ ਦੀ ਵਿਚਾਰਧਾਰਾ ਨੇ ਪ੍ਰਭਾਵਿਤ ਕੀਤਾ ਹੈ। ਪੂਰਬ ਤੇ ਪੱਛਮ
ਦੇ ਮਹਾਨ ਦਾਰਸ਼ਨਿਕਾਂ ਤੇ ਵਿਦਵਾਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਧਿਐਨ
ਉਪਰੰਤ ਇਸਦੀ ਭਰਪੂਰ ਸ਼ਲਾਘਾ ਕਰਦਿਆਂ ਆਪਣੇ ਵਿਚਾਰ ਇਵੇਂ ਦਿੱਤੇ ਹਨ:- ਡਾ. ਧਰਮ ਪਾਲ
ਮੈਨੀ ਦਾ ਵਿਚਾਰ ਹੈ ਕਿ ਆਦਿ-ਗ੍ਰੰਥ ਮੱਧ-ਕਾਲ ਦੀ ਭਾਰਤੀ ਅਧਿਆਤਮਕ ਵਿਚਾਰਧਾਰਾ ਦਾ
ਸੱਚਾ ਪ੍ਰਤੀ ਨਿਧੀ ਹੈ।ਇਸ ਨੇ ਨਾ ਕੇਵਲ ਪ੍ਰੰਪਰਾ ਤੋਂ ਜਾਗ੍ਰਿਤ ਅਧਿਆਤਮਕ ਜਯੋਤੀ
ਨੂੰ ਜਗਦਿਆਂ ਰੱਖਿਆ ਹੈ, ਸਗੋਂ ਪਰਵਰਤੀ (ਪਿੱਛੋਂ ਦੇ) ਸਾਹਿਤ ਅਤੇ ਸਮਾਜ ਨੂੰ ਵੀ
ਉਸ ਦੇ ਪ੍ਰਤੀ ਜਾਗ੍ਰਿਤ ਕਰ ਦਿੱਤਾ ਹੈ।ਭਾਰਤੀ ਧਰਮ ਪ੍ਰੰਪਰਾ ਦੇ ਅਨੁਸਾਰ ਇਸ ਵਿੱਚ
ਵੀ ਉਸੇ ਹੀ ਮਾਨਵ ਧਰਮ ਦੇ ਤੱਤ ਮਿਲਦੇ ਹਨ, ਜਿਨ੍ਹਾਂ ਨੂੰ ਅਪਨਾਉਣ ਵਿੱਚ ਕਿਸੇ ਨੂੰ
ਕੋਈ ਉਜ਼ਰ ਨਹੀਂ ਹੋ ਸਕਦਾ, ਜਿਸਦਾ ਪ੍ਰਚਾਰ ਕਰਨ ਨਾਲ ਕਿਸੇ ਦੀ ਇਜ਼ਤ ਹੱਤਕ ਨਹੀਂ
ਹੁੰਦੀ ਅਤੇ ਜਿਸਨੂੰ ਕਿਸੇ ਫਿਰਕੇ ਵਿਸ਼ੇਸ਼ ਦੇ ਘੇਰੇ ਵਿੱਚ ਬੰਦ ਨਹੀਂ ਕੀਤਾ ਜਾ
ਸਕਦਾ। ਸਾਰੀ ਮਨੁੱਖਤਾ ਇਸ ਤੋਂ ਪ੍ਰੇਰਨਾ ਲੈਂਦੀ ਰਹੀ ਹੈ। ਪਿਛਲੇ ਕਈ ਸਾਲਾਂ ਦੇ
ਧਾਰਮਿਕ ਸਾਹਿਤ ਦਾ ਇਹ ਚਾਨਣ ਮੁਨਾਰਾ ਰਿਹਾ ਹੈ।ਇਹ ਲੌਕਿਕ ਧਰਾਤਲ ਤੇ ਪਰਲੌਕਿਕ
ਜੀਵਨ ਦੀ ਯਾਦ ਦੀ ਚੰਗਿਆੜੀ ਅਸਾਡੇ ਮਨ ਵਿੱਚ ਚਮਕਾ ਦਿੰਦਾ ਹੈ। ਭਾਰਤੀ ਅਧਿਆਤਮਕ
ਸਾਹਿਤ ਦੀ ਸਥਾਈ ਦੌਲਤ ਵੇਦ, ਉਪਨਿਸ਼ਦ ਗੀਤਾ ਅਤੇ ਪੁਰਾਣਾਂ ਦੀ ਪ੍ਰੰਪਰਾ ਵਿੱਚ ‘ਆਦਿ
ਗ੍ਰੰਥ’ ਇੱਕ ਨਵਾਂ ‘ਮੀਲ ਪੱਥਰ’ ਹੈ। ਨਿਮਰਤਾ ਇਸਦਾ ਸਭ ਤੋਂ ਵੱਡਾ ਗੁਣ ਹੈ। ਸਾਰੀ
ਪ੍ਰਾਚੀਨ ਪ੍ਰੰਪਰਾ ਵਿੱਚ ਸਾਨੂੰ ਸ਼ਾਇਦ ਏਨੀ ਨਿਮਰਤਾ ਭਰੀ ਹਸਤੀ ਦੇ ਦਰਸ਼ਨ ਨਾ ਹੋਣ
ਜਿਸਨੇ ਉਸਦੇ ਦਰਸ਼ਨ ਕਰ ਲਏ ਹਨ, ਇਹ ਤੁਕ ਉਸ ਦਾ ਜਿਉਂਦਾ ਜਾਗਦਾ ਸਬੂਤ ਹੈ:-‘ਤੂ
ਸੁਲਤਾਨ ਕਹਾ ਹਉ ਮੀਆਂ ਤੇਰੀ ਕਵਨ ਵਡਾਈ॥ਜੋ ਤੂੰ ਦੇਹਿ ਸੁ ਕਹਾਂ ਸੁਆਮੀ ਮੈ ਮੂਰਖ
ਕਹਣੁ ਨਾ ਜਾਈ॥’ (ਅੰਗ 795)
ਇੱਕ ਹਿੰਦੂ ਵਿਦਵਾਨ ਰਵੀ ਕਿਰਣ
ਆਪਣੇ ਲੇਖ‘ਅਜੋਕੇ ਸਮੇਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਸੰਗਿਕਤਾ’ (ਅਜੀਤ)
ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਿਮਾ ਦਾ ਬਿਆਨ ਇਸਤਰ੍ਹਾਂ ਕਰਦਾ ਹੈ: “ਗੁਰੂ
ਗ੍ਰੰਥ ਸਾਹਿਬ ਇੱਕ ਮਹਾਂਵਾਕ, ਇੱਕ ਮਹਾਂ ਸ਼ਲੋਕ, ਇੱਕ ਮਹਾਂਕਾਵਿ ਹੈ।ਕਿਨ੍ਹਾਂ
ਸ਼ਬਦਾਂ ਵਿੱਚ, ਕਿਸ ਭਾਸ਼ਾ ਵਿੱਚ ਇਸਨੂੰ ਪ੍ਰਭਾਸ਼ਿਤ ਕੀਤਾ ਜਾਵੇ। ਇਸ ਵਿੱਚ ਕਵਿਤਾ
ਹੈ, ਸੰਗੀਤ ਹੈ, ਸੁਗੰਧ ਹੈ।ਨਾ ਜਾਣੀਏ, ਕਿਸ ਪ੍ਰਕਾਰ ਦੇ ਰਸ ਸਮਾਏ ਹਨ ਇਸ ਗੁਰੂ
ਗ੍ਰੰਥ ਸਾਹਿਬ ਵਿੱਚ।ਇਸ ਤਰ੍ਹਾਂ ਦੇ ਅੰਮ੍ਰਿਤਮਈ,ਅਨਮੋਲ,ਅਨੂਠੇ, ਅਵਿਆਖਿਤ, ਅਨੂਪਮ
ਬੋਲ ਗੁਰੂਆਂ ਨੇ ਇਸ ਵਿੱਚ ਬੋਲੇ ਹਨ ਇੱਕ ਸੰਨਿਆਸੀ ਵੀ ਇਸ ਵਿੱਚ ਰਸ ਲੈ ਸਕਦਾ ਹੈ
ਤੇ ਇੱਕ ਗ੍ਰਹਿਸਤੀ ਵੀ ਇਸ ਵਿੱਚ ਡੁੱਬ ਸਕਦਾ ਹੈ।ਰਾਗੀ ਲਈ ਇਸ ਵਿੱਚ ਰਾਗ ਹੈ ਤੇ
ਵਿਰਾਗੀ ਲਈ ਅਨੁਰਾਗ ਵੀ। ਇਹ ਕਿਸੇ ਜਾਤੀ, ਕਿਸੇ ਸੰਪ੍ਰਦਾਇ ਦਾ ਗ੍ਰੰਥ ਨਾ ਹੋ ਕੇ
ਸਗੋਂ ਇੱਕ ਸਰਵੋਤਮ ਅਮਰ ਬਾਣੀ ਹੈ।ਗੁਰੂ ਗ੍ਰੰਥ ਸਾਹਿਬ ਵਿਵਹਾਰਿਕਤਾ ਦਰਸ਼ਨ ਤੇ
ਅਧਿਆਤਮ ਦਾ ਅਨੂਠਾ ਸ਼ਾਸਤਰ ਹੈ। ਏਨਾ ਵਿਦਵਤਾ ਪੂਰਨ ਗ੍ਰੰਥ ਸ਼ਾਇਦ ਕੋਈ ਦੂਜਾ ਨਹੀਂ
ਲਿਖਿਆ ਗਿਆ।ਗੁਰੂ ਗ੍ਰੰਥ ਸਾਹਿਬ ਅਜਿਹਾ ਮਹਾਂਸਾਗਰ ਹੈ ਕਿ ਇਸ ਵਿੱਚ ਜੋ ਵੀ ਗਹਿਰਾ
ਉਤਰੇਗਾ, ਉਸ ਨੂੰ ਅਵੱਸ਼ ਹੀ ਕੁਝ ਨਾ ਕੁਝ ਪ੍ਰਾਪਤ ਹੋਵੇਗਾ। ਭਾਵੇਂ ਉਹ ਸੰਖ ਹੋਵੇ,
ਸਿੱਪ ਹੋਵੇ ਜਾਂ ਮੋਤੀ। ਗੁਰੂ ਗ੍ਰੰਥ ਸਾਹਿਬ ਦਾ ਇਹ ਸਰਵੋਤਮ ਗੁਣ ਹੈ।...ਮੈਂ ਬੜੇ
ਵਿਗਿਆਨਕ ਅਰਥਾਂ ਵਿੱਚ ਇਹ ਗੱਲ ਜ਼ੋਰ ਦੇ ਕੇ ਆਖਦਾ ਹਾਂ ਕਿ ਗੁਰੂ ਗ੍ਰੰਥ ਸਾਹਿਬ ਦਾ
ਮਾਰਗ ਹੀ ਅੱਜ ਸਹੀ ਅਤੇ ਢੁਕਵਾਂ ਹੈ।...ਅਨੇਕਾਂ ਆਂਤਰਿਕ ਤੇ ਬਾਹਰੀ ਕਾਰਨਾਂ ਕਰਕੇ
ਆਧੁਨਿਕ ਮਨੁੱਖ ਮਾਨਵਤਾ ਦੇ ਲਖਸ਼ਾਂ, ਸਾਧਨਾਂ ਅਤੇ ਵਿਭੂਤੀਆਂ ਤੋਂ ਖਾਲੀ ਹੋਕੇ ਰਹਿ
ਗਿਆ ਹੈ। ਉਹ ਭੈ-ਭੀਤ ਹੈ, ਖੰਡਿਤ-ਮਨ ਹੈ ਅਤੇ ਅਸੱਤ ਨੂੰ ਸੱਤ ਸਮਝ ਮੋਹ ਮੂੜ੍ਹ
ਬਣਿਆ ਹੋਇਆ ਹੈ।ਉਹ ਆਪਣੇ ਸ਼ੁੱਧ ਵਰਤਮਾਨ ਵਿੱਚ ਸਹਿਜਤਾ ਨਾਲ ਨਾ ਜੀਅ ਕੇ ਭੂਤ,
ਭਵਿੱਖ ਦੀਆਂ ਅਨੇਕਾਂ ਪ੍ਰਤਿਬੱਧਤਾਵਾਂ, ਮੰਦ-ਭਾਵਨਾਵਾਂ ਦੀ ਭੀੜ ਦੇ ਨਾਲ ਜੀਵਨ ਦੇ
ਨਾਂਅ ਤੇ ਕੇਵਲ ਪਾਗਲਪਨ ਨੂੰ ਜੀਅ ਰਿਹਾ ਹੈ।ਉਹ ਆਪਣੇ ਕੇਂਦਰ ਤੋਂ ਭਟਕ ਗਿਆ
ਹੈ।ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਸ ਲਈ ਮਹੱਤਵ ਪੂਰਨ ਹੈ ਤੇ ਮੰਨਣ ਉਪਰੰਤ ਜੀਵਨ
ਵਿੱਚ ਧਾਰਨ ਕਰਨ ਯੋਗ ਹੈ।ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਦਾ ਪਹਿਲਾ ਸਰਬ-ਸਾਂਝਾ
ਧਾਰਮਿਕ ਗ੍ਰੰਥ ਹੈ।‘ਰੱਬ ਦਾ ਜੋ ਸਰਬ ਸਾਂਝਾ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਵਿੱਚ ਚਿਤਰਿਆ ਗਿਆ ਹੈ, ਉਹ ਅਦੁੱਤੀ ਹੈ ਅਤੇ ਧਾਰਮਿਕ ਵਿਚਾਰਧਾਰਾ ਦੇ ਇਤਿਹਾਸ ਵਿੱਚ
ਨਿਵੇਕਲਾ ਤੇ ਸਰਬੋਤਮ ਹੈ।’ ਇਹ ਮਹਾਨ ਗ੍ਰੰਥ ਸਮੁੱਚਤਾ ਅਤੇ ਸਾਂਝੀਵਾਲਤਾ ਦਾ
ਪ੍ਰਤੀਕ ਹੈ, ਜਿਸਨੇ ਸਰਬੱਤ ਦੇ ਭਲੇ ਅਤੇ ਚੜ੍ਹਦੀ ਕਲਾ ਦਾ ਸੰਦੇਸ਼ ਸਮੁੱਚੀ ਦੁਨੀਆਂ
ਨੂੰ ਦਿੱਤਾ ਹੈ।ਇਹ ਗੰ੍ਰਥ ਮਨੁੱਖਤਾ ਤੇ ਪਰਮਾਤਮਾ ਵਿਚਕਾਰ ਉਸੇ ਤਰ੍ਹਾਂ ਹੀ ਪੁਲ ਹੈ
ਜਿਸ ਤਰ੍ਹਾਂ ਮਨੁੱਖ ਤੇ ਪਰਮਾਤਮਾ ਵਿਚਕਾਰ ਗੁਰੂ ਹੁੰਦਾ ਹੈ।ਸ੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੀ ਵਡਿਆਈ ਇਸ ਕਰਕੇ ਨਹੀਂ ਕਿ ਇਹ ਸਿੱਖਾਂ ਦਾ ਧਾਰਮਿਕ ਗ੍ਰੰਥ ਹੈ ਸਗੋਂ
ਇਸ ਦੀ ਵਡਿਆਈ ਦਾ ਵੱਡਾ ਕਾਰਨ ਇਹ ਹੈ ਕਿ ਇਹ ਮਨੁੱਖਤਾ ਨੂੰ ਸਰਬ-ਸਾਂਝੀਵਾਲਤਾ ਤੇ
ਸਰਬਤ ਦੇ ਭਲੇ ਦਾ ਪੈਗ਼ਾਮ ਦਿੰਦਾ ਹੈ।‘ਸਭੇ ਸਾਂਝੀਵਾਲ ਸਦਾਇਨ ਤੂੰ ਕਿਸੈ ਨ ਦਿਸਹਿ
ਬਾਹਰਾ ਜੀਉ’ ਦੇ ਸਿਧਾਂਤ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਂਝੀਵਾਲਤਾ
ਵਿਸ਼ਵ-ਵਿਆਪੀ ਭਾਈਚਾਰੇ ਦੀ ਸਿਰਜਣਾ ਕਰਦੀ ਹੈ। ਯੂਨੈਸਕੋ ਦੇ ਵਿਦਵਾਨਾਂ ਦੀ ਰਾਇ ਹੈ
ਕਿ ਜੇ ਕਦੇ ਵਿਸ਼ਵ ਭਰ ਦੇ ਦੇਸ਼ ਰਲ ਕੇ ਵਿਸ਼ਵ ਸਰਕਾਰ ਬਣਾਉਣ ਲਈ ਤਿਆਰ ਹੋ ਜਾਣ ਤਾਂ
ਉਸ ਦੇ ਸੰਵਿਧਾਨ ਦਾ ਆਧਾਰ ਗੁਰੂ ਗ੍ਰੰਥ ਸਾਹਿਬ ਹੀ ਹੋ ਸਕਦੇ ਹਨ। ਸ੍ਰੀ ਗੁਰੂ
ਗ੍ਰੰਥ ਸਾਹਿਬ ਮਾਨਵਤਾ ਤੇ ਇਨਸਾਨੀਅਤ ਦਾ ਮੁਜੱਸਮਾ ਹੈ। ਜਿਸ ਦੇ ਕੰਨਾਂ ਵਿੱਚ ਬਾਣੀ
ਦੀ ਅਵਾਜ਼ ਪੈ ਜਾਂਦੀ ਹੈ, ਉਹ ਪ੍ਰਭਾਵਿਤ ਹੋਏ ਬਿਨਾ ਨਹੀਂ ਰਹਿੰਦਾ ਤੇ ਇਸ ਦਾ
ਸ਼ਰਧਾਲੂ ਬਣ ਜਾਂਦਾ ਹੈ। ਉਦਾਹਰਣ ਦੇ ਤੌਰ ਤੇ ਕਈ ਸਾਲ ਹੋਏ ਮਿਸਰ ਦੇ ਪ੍ਰਧਾਨ ਨਾਸਰ
ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਹਾਜ਼ਰ ਹੋਏ ਤਾਂ ਉਨ੍ਹਾਂ ਦੇ ਕੰਨਾਂ ਵਿੱਚ ‘ਮਿਹਰ
ਮਸੀਤਿ ਸਿਦਕ ਮੁਸਲਾ ਹਕੁ ਹਲਾਲੁ ਕੁਰਾਣੁ’ ਦੀ ਰਸਭਿੰਨੀ ਗੁਰਬਾਣੀ ਦੀ ਸੱਦ ਪਈ ਤਾਂ
ਉਨ੍ਹਾਂ ਦੀ ਜ਼ੁਬਾਨ ਤੋਂ ਇੱਕ ਦਮ ਨਿਕਲਿਆ, “ਯੇਹ ਤੋ ਹਮਾਰੇ ਰਸੂਲ ਕਾ ਪੈਗ਼ਾਮ ਹੈ।”
ਉਸ ਨੇ ਬੜੇ ਅਦਬ ਨਾਲ ਸਿਜਦਾ ਕੀਤਾ ਤੇ ਜੋ ਕੁਝ ਵੀ ਉਸ ਦੇ ਕੋਲ ਸੀ, ਗੁਰੂ ਸਾਹਿਬ
ਦੇ ਦਰਬਾਰ ਵਿੱਚ ਭੇਟ ਕਰ ਦਿੱਤਾ। ਮਾਸਕੋ ਤੋਂ ਆਈ ਰੂਸੀ ਟੋਲੀ ਨੇ ਹਰਿਮੰਦਰ ਸਾਹਿਬ
ਦੀ ਯਾਤਰਾ ਕੀਤੀ ਤਾਂ ‘ਸਲੈਵਿਕ ਵਰਲਡ’ ਦੀ ਸੰਪਾਦਕ ਸ੍ਰੀ ਮਤੀ ਤਾਇਸਾ ਨੇ
ਕਿਹਾ,“ਗੁਰੂ ਗ੍ਰੰਥ ਇੱਕ ਅਜਿਹਾ ਗ੍ਰੰਥ ਹੈ, ਜੋ ਸਾਰੇ ਧਰਮਾਂ ਦੀ ਗੱਲ ਕਰਦਾ ਹੈ
ਅਤੇ ਸਾਰੇ ਧਰਮਾਂ ਨੂੰ ਜੋੜਦਾ ਹੈ, ਜਿਸ ਦੀ ਅੱਜ ਵਿਸ਼ਵ ਨੂੰ ਬਹੁਤ ਜਰੂਰਤ ਵੀ ਹੈ।”
ਇਸ ਮੌਕੇ ਮੈਰੀ ਪੈਟ ਨੇ ਕਿਹਾ ਕਿ ਉਹ ਬਹੁਤ ਸਾਰੇ ਦੇਸ਼ਾਂ ਵਿੱਚ ਜਾ ਚੁੱਕੀ ਹੈ ਅਤੇ
ਕਈ ਸ਼ਖਸ਼ੀਅਤਾਂ ਤੇ ਪੁਜਾਰੀਆਂ ਨਾਲ ਗੱਲ ਬਾਤ ਕਰ ਚੁੱਕੀ ਹੈ, ਪਰ ਉਹ ਸਭ ਤੋਂ ਵੱਧ
ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਨਾਲ ਨਾਲ ਗੁਰੂ ਗ੍ਰੰਥ ਦੀ ਗੁਰਬਾਣੀ ਤੋਂ
ਬੇਹੱਦ ਪ੍ਰਭਾਵਿਤ ਹੋਈ ਹੈ।”(ਹਵਾਲੇ-ਅਜੀਤ)
ਡਾ. ਰਾਧਾਕ੍ਰਿਸ਼ਨਨ ਲਿਖਦੇ ਹਨ,
‘ਸ੍ਰੀ ਗੁਰੂ ਗ੍ਰੰਥ ਸਾਹਿਬ ਭਾਵਨਾਵਾਂ ਦਾ ਸਮੂਹ ਹੈ, ਨਿਜੀ ਤੌਰ ਤੇ ਰੱਬ ਨੂੰ
ਪਛਾਨਣ ਦਾ ਪ੍ਰਗਟਾਵਾ ਹੈ ਅਤੇ ਦੈਵੀ ਗਿਆਨ ਦੇ ਵਿਸਮਾਦੀ ਸ਼ਬਦ ਹਨ। ਇਸ ਵਿੱਚ ਜੋ
ਅਨੁਭਵ ਦੀ ਨਵੀਨਤਾ ਅਤੇ ਅਨਿੰਨ ਸ਼ਰਧਾ ਦੇ ਰੂਪ ਵਿੱਚ ਸਦੀਵੀ ਸਚਾਈ ਦਾ ਸੰਦੇਸ਼
ਵਿਦਮਾਨ ਹੈ, ਉਸਨੂੰ ਸਾਗਰ ਤੇ ਪਰਬਤ ਵੀ ਸੰਸਾਰ ਵਿੱਚ ਫੈਲਣ ਲਈ ਰਾਹ ਦੇਣਗੇ।’
ਫਰੋਡ.ਅਰਨੋਲਦ ਠੋੇਨਬੲੲ ਅਨੁਸਾਰ,‘ਆਦਿ ਗ੍ਰੰਥ ਮਨੁੱਖਤਾ ਦੇ ਸਾਂਝੇ ਅਧਿਆਤਮਕ ਖਜ਼ਾਨੇ
ਦਾ ਭਾਗ ਹੈ।ਇਹ ਬੜੀ ਮਹੱਤਵਪੂਰਣ ਗੱਲ ਹੈ ਕਿ ਇਸਨੂੰ ਜਿਥੋਂ ਤੱਕ ਸੰਭਵ ਹੋ ਸਕੇ ਵੱਧ
ਤੋਂ ਵੱਧ ਲੋਕਾਂ ਦੀ ਸਿੱਧੀ ਪਹੁੰਚ ਵਿੱਚ ਲਿਆਂਦਾ ਜਾਵੇ…ਆਉਣ ਵਾਲੇ ਧਾਰਮਿਕ
ਵਾਦ-ਵਿਵਾਦਾਂ ਵਿੱਚ, ਸਿੱਖ ਧਰਮ ਅਤੇ ਇਸਦੀ ਧਾਰਮਿਕ ਪੁਸਤਕ- ਆਦਿ ਗ੍ਰੰਥ ਵਿੱਚ
ਬਾਕੀ ਸੰਸਾਰ ਨੂੰ ਪ੍ਰਦਾਨ ਕਰਨ ਲਈ ਕੁਝ ਵਿਸ਼ੇਸ਼ ਗੱਲਾਂ ਪ੍ਰਾਪਤ ਹੋਣਗੀਆਂ।’ ਫੲੳਰਲ
ਸ਼. ਭੁਚਕ ਦੇ ਸ਼ਬਦਾਂ ਵਿੱਚ, ‘ਆਦਿ ਗ੍ਰੰਥ ਦੇ ਸ਼ਬਦ ਮਨੁੱਖ ਦੀ ਨਿਆਸਰਾਪਨ, ਉਸਦੀ
ਅਭਿਲਾਸ਼ਾ,ਉਸਦੀ ਪ੍ਰਬਲ ਸਿੱਕ, ਉਸਦੀ ਪ੍ਰਮਾਤਮਾ ਅੱਗੇ ਅਰਜੋਈ ਅਤੇ ਸਰਵ-ਸ਼ਕਤੀਮਾਨ
ਪ੍ਰਭੂ ਨਾਲ ਇੱਕ ਸੁਰ ਹੋਣ ਲਈ ਉਸਦੀਆਂ ਪ੍ਰਬਲ ਇਛਾਵਾਂ ਨੂੰ ਪ੍ਰਗਟ ਕਰਦੇ ਹਨ।ਮੈਂ
ਹੋਰ ਮਹਾਨ ਧਰਮਾਂ ਦੀਆਂ ਪੁਸਤਕਾਂ ਦਾ ਅਧਿਐਨ ਕੀਤਾ ਹੈ ਪਰ ਮੈਨੂੰ ਹੋਰ ਕਿਧਰੇ ਦਿਲ
ਅਤੇ ਮਨ ਨੂੰ ਅਪੀਲ ਕਰਨ ਵਾਲੀ ਉਹ ਪ੍ਰਬਲ ਸ਼ਕਤੀ ਨਹੀਂ ਮਿਲੀ ਜੋ ਆਦਿ ਗ੍ਰੰਥ ਵਿੱਚ
ਮਿਲੀ ਹੈ। ਇਹ ਮੈਨੂੰ ਜੀਵਨ ਅਤੇ ਮੌਤ ਸਮੇਂ ਤੇ ਅਨੰਨਤਾ, ਸੰਸਾਰੀ ਮਨੁੱਖਾਂ ਅਤੇ
ਇਸਦੀਆਂ ਲੋੜਾਂ, ਰਹੱਸਵਾਦੀ ਮਨੁੱਖੀ ਆਤਮਾ ਅਤੇ ਇਸ ਦੀ ਸਿੱਕ, ਰੱਬ ਅਤੇ ਦੋਨਾਂ
ਵਿਚਾਲੇ ਅਤੁੱਟ ਸੰਧੀ ਨੂੰ ਰੂਪਮਾਨ ਕਰਦੀ ਹੈ।’(ਹਵਾਲੇ- ਡਾ. ਮਹਿੰਦਰ ਸਿੰਘ ਢਿਲੋਂ,
‘ਜਗਤ ਧਰਮ –ਸ੍ਰੀ ਗੁਰੂ ਗ੍ਰੰਥ ਸਾਹਿਬ’) ਸਾਧੂ ਠ.ਲ਼. ੜੳਸਵੳਨ ਿਦੇ ਸ਼ਬਦਾਂ ਵਿੱਚ
‘ਇਹ ‘ਜਗਤ ਗ੍ਰੰਥ’ ਹਨ ਜੋ ਜਗਤ ਆਤਮਾ ਵਿੱਚੋਂ ਫੁਟ ਵਹਿ ਨਿਕਲੇ ਹਨ। ਇਹ ਠੀਕ ਅਰਥਾਂ
ਵਿੱਚ, ਸਮੂਹ ਮਨੁੱਖਤਾ ਦੀ ਇੱਕੋ ਇੱਕ ਅਜਿਹੀ ਸਰਬ-ਸਾਂਝੀ ਤੇ ਸਰਬ ਹਿਤਕਾਰੀ
ਧਰਮ-ਪੁਸਤਕ ਹੈ। ਇਹ ਇਸ ਲਈ ਵੀ ਕਿ ਇਨ੍ਹਾਂ ਵਿੱਚ ਸੰਚਿਤ ਬਾਣੀ ਦਾ ਵਿਸ਼ਾ-ਵਸਤੂ
ਵਿਸ਼ਵਾਰਥੀ, ਇਸਦਾ ਸੰਦੇਸ਼ ਸਰਬਦੇਸੀ ਅਤੇ ਉਪਦੇਸ਼ ਸਰਬ-ਕਾਲੀ ਹੋਣ ਤੋਂ ਛੁੱਟ,
ਸਰਬ-ਹਿਤਕਾਰੀ ਤੇ ਸਰਬ-ਕਲਿਆਣਕਾਰੀ ਵੀ ਹੈ।’(ਹਵਾਲਾ-ਡਾ.ਹਰਨਾਮ ਸਿੰਘ ਸ਼ਾਨ, ਗੁਰੂ
ਗ੍ਰੰਥ ਸਾਹਿਬ ਦੀ ਮਹਿਮਾ,ਅਜੀਤ) ਇਸ ਦੀ ਗਵਾਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ
ਅੰਕਿਤ ਹੇਠ ਲਿਖੀਆਂ ਤੁਕਾਂ ਤੋਂ ਮਿਲਦੀ ਹੈ ਜੋ ਅਕਾਲ ਪੁਰਖ ਅੱਗੇ ਕੀਤੀਆਂ ਗਈਆਂ
ਹਨ:
‘ਜਗਤੁ ਜਲੰਦਾ ਰਖਿ ਲੈ ਆਪਣੀ
ਕਿਰਪਾ ਧਾਰਿ॥ ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥’(ਅੰਗ 853)
‘ਸਭੇ ਜੀਅ ਸਮਾਲਿ ਆਪਣੀ ਮਿਹਰ ਕਰ॥ਅਨੁ ਪਾਣੀ ਮੁਚੁ ਉਪਾਇ ਦੁਖੁ ਦਾਲਦੁ ਭੰਨਿ
ਤਰੁ॥’(ਅੰਗ 1251)
ਇਨ੍ਹਾਂ ਤੁਕਾਂ ਵਿੱਚ ਕੇਵਲ
ਸਿੱਖਾਂ, ਪੰਜਾਬੀਆਂ ਜਾਂ ਭਾਰਤੀਆਂ ਦੀ ਹੀ ਰੱਖਿਆ ਤੇ ਪ੍ਰਤੀਪਾਲਣਾ ਲਈ ਬੇਨਤੀਆਂ
ਨਹੀਂ ਕੀਤੀਆਂ ਗਈਆਂ ਸਗੋਂ ਸਮੁੱਚੇ ਵਿਸ਼ਵ ਦੇ ਭਲੇ ਤੇ ਚੜ੍ਹਦੀ ਕਲਾ ਲਈ ਹਨ। ਸ੍ਰੀ
ਗੁਰੂ ਗ੍ਰੰਥ ਸਾਹਿਬ ਵਿੱਚ ਵਿਸ਼ਵ ਵਿਆਪੀ ਧਾਰਮਿਕਤਾ ਦਾ ਜਿਹੜਾ ਸਰੂਪ ਅਤੇ ਮਾਡਲ ਪੇਸ਼
ਹੋਇਆ ਹੈ, ਮਨੁੱਖੀ ਦੁੱਖਾਂ ਅਤੇ ਰੋਗਾਂ ਲਈ ਇਸ ਵਿੱਚ ਜਿਹੜਾ ਆਦਰ ਤੇ ਸਤਿਕਾਰ ਦਾ
ਭਾਵ ਦਰਸਾਇਆ ਗਿਆ ਹੈ ਅਤੇ ਸੱਚਾ-ਸੁੱਚਾ ਜੀਵਨ ਜਿਊਣ ਦਾ ਜਿਹੜਾ ਵਿਉਹਾਰਕ ਰੂਪ
ਮੌਜੂਦ ਹੈ, ਇਨ੍ਹਾਂ ਸਭ ਪੱਖਾਂ ਦਾ ਪ੍ਰਚਾਰ ਤੇ ਪਸਾਰ ਅਜੋਕੀ ਦੁਨੀਆਂ ਲਈ ਬਹੁਤ ਹੀ
ਜਰੂਰੀ ਅਤੇ ਮਹੱਤਵਪੂਰਨ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਇਸ
ਗ੍ਰੰਥ ਦਾ ਸਰਬ ਸਾਂਝੀਵਾਲਤਾ ਦਾ ਸੰਦੇਸ਼ ਹੀ ਵਰਤਮਾਨ ਸਮੇਂ ਵਿੱਚ ਪ੍ਰਸੰਗਕ, ਸਹੀ
ਅਤੇ ਢੁਕਵਾਂ ਹੈ।
(19 ਅਗਸਤ 2007)