ਲੇਖ/ਵਿਚਾਰ/ਜਾਣਕਾਰੀ

ਰੱਬ ਦੀ ਸਾਇੰਸ


ਗੁਰਪ੍ਰਤਾਪ ਸਿੰਘ  (ਪਿੰਡ: ਕਾਲਾ ਅਫਗਾਨਾ, ਗੁਰਦਾਸਪੁਰ)

ਧਰਤੀ ਲਈ ਇੱਕ ਹਜ਼ਾਰ ਸਾਲ ਸਾਡੇ ਇੱਕ ਮਿੰਟ ਦੀ ਤਰ੍ਹਾਂ ਹਨ ਤੇ ਸੱਠ ਹਜਾਰ ਸਾਲ ਇੰਕ ਘੰਟੇ ਦੀ ਤਰ੍ਹਾਂ ਹਨ । ਇਸ ਹਿਸਾਬ ਨਾਲ ਇਨਸ਼ਾਨ ਦੀ ਉਮਰ ਧਰਤੀ ਦੀ ਉਮਰ ਦੇ ਸਾਹਮਣੇ ਕੁਝ ਸੈਕਿੰਡ ਹੀ ਹੈ । ਕੀ ਇਹ ਰੱਬ ਦੀ ਸਾਇੰਸ ਹੈ ਜਾਂ ਹਿਸਾਬ, ਜਾਂ ਫਿਰ ਸਟੈਟਿਕਸ। ਕਿਉਂਕਿ ਇਹ ਸਾਰੀਆਂ ਚੀਜ਼ਾਂ ਇਨਸ਼ਾਨ ਦੀਆਂ ਬਣਾਈਆਂ ਹੋਇਆ ਹਨ । ਭਾਵੇਂ ਇਹਨਾਂ ਨੂੰ ਸਾਇੰਸ ਕਹਿ ਲਵੋ ਜਾਂ ਹਿਸਾਬ । ਕੁਦਰਤ ਤਾਂ ਆਪਣੀ ਜਗ੍ਹਾ ਹੈ, ਸਾਇੰਸ ਤੋਂ ਪਰੇ ਰੱਬ ਦੀ ਹੀ ਇੱਕ ਅਨੋਖੀ ਸਾਇੰਸ ਹੈ ।

ਜਦੋਂ ਅਸੀ ਜਰਾ ਕੁ ਵੱਡੇ ਹੁੰਦੇ ਹਾਂ ਤਾਂ ਪੜ੍ਹਾਈ ਘੇਰ ਲੈਂਦੀ ਹੈ । ਪੜ੍ਹਾਈ ਵਿੱਚ ਸਾਇੰਸ ਹੁੰਦੀ ਹੈ। ਯੁੱਗ ਤਾਂ ਅੱਜ ਸਿਰਫ ਸਾਇੰਸ ਦਾ ਹੀ ਹੈ । ਜਿੱਥੇ ਮਰਜੀ ਵਰਤੀ ਜਾਓ ਭਾਵੇਂ ਜਿੰਦਗੀ ਵਿੱਚ, ਭਾਵੇਂ ਕਾਰੋਬਾਰ ਵਿੱਚ । ਕਿਤੇ ਕੋਈ ਸਾਇੰਸਦਾਨ ਬਣਦਾ ਪਿਆ ਹੈ, ਕਿਤੇ ਕਿਸੇ ਨੂੰ ਬਾਰ-ਬਾਰ ਫੇਲ੍ਹ ਹੋਣ ਕਾਰਨ ਅਧਿਆਪਕ ਸਕੂਲ ਵਿੱਚੋਂ ਕੱਢ ਰਿਹਾ ਹੈ । ਕੋਈ ਇੱਕ ਘੰਟਾ ਪੜ੍ਹ ਕੇ ਥੱਕ ਜਾਂਦਾ ਹੈ, ਪਰ ਕਹੀ ਭਾਵੇਂ ਸਾਰਾ ਦਿਨ ਚਲਵਾ ਲਵੋ । ਕੋਈ ਇਸ ਤੋਂ ਬਿਲਕੁਲ ਉਲਟ ਹੈ । ਕੁਝ ਕਿਸੇ ਵੀ ਕੰਮ ਨੂੰ ਦਿਲ ਲਗਾ ਕੇ ਨਹੀਂ ਕਰ ਸਕਦੈ, ਕੰਮ ਕਰਦੇ ਓਹ ਥੱਕ ਜਾਂਦੇ ਹਨ ਅਤੇ ਪੜ੍ਹਾਈ ਕਰਦੇ ਅੱਕ ਜਾਂਦੇ ਹਨ । ਜਿ਼ੰਦਗੀ ਜਿਉਂਣ ਨਾਲੋਂ ਜਿਆਦਾ ਸਾਨੂੰ ਸੰਸਾਰਿਕ ਜਿੰਮੇਵਾਰੀਆਂ ਨਿਭਾਉਣ ਪ੍ਰਤੀ ਹਾਂ ਪੱਖੀ ਪਹੁੰਚ ਨੂੰ ਅਪਨਾਉਣਾ ਬਹੁਤ ਜਰੂਰੀ ਹੈ । ਮੌਸਮਾਂ ਨੇ ਬਦਲਣਾ ਹੀ ਹੈ। ਹਵਾ, ਦਰਿਆਵਾਂ ਨੇ ਚੱਲਣਾ ਹੀ ਹੈ, ਮੋਰਾਂ ਨੇ ਗੀਤ ਗਾਉਂਣੇ ਹੀ ਹਨ, ਮੀਂਹ ਪੈਣ ਤੋਂ ਪਹਿਲਾ ਪੰਛੀ ਨਹਾਉਂਣੇ ਹੀ ਹਨ, ਅਸਮਾਨ ਤੇ ਸੱਤਰੰਗੀ ਪੀਘਾਂ ਪੈਣੀਆਂ ਹੀ ਹਨ । ਸਭ ਕੁਝ ਚਲਦਾ ਰਹਿਣਾ ਹੈ । ਜਦੋਂ ਮਾਹੌਲ ਵਿੱਚ ਰਚ ਜਾਈਏ ਤਾਂ ਹਰ ਦਿਨ ਨਵਾਂ ਅਤੇ ਰਾਤ ਨਰੌਈ ਲੱਗਦੀ ਹੈ । ਡੂੰਘਾਂ ਪਾਣੀ ਸਥਿਰ ਹੁੰਦਾ ਹੈ ਘੱਟ ਡੂੰਘਾਈ ਵਾਲਾ ਅਸ਼ਾਂਤ । ਪਹਾੜ ਉੱਚੇ ਤੇ ਠੰਡੇ ਹੁੰਦੇ ਹਨ, ਰਾਤ ਕਾਲੀ ਪਰ ਹਰ ਚੰਗੀ ਬੁਰੀ ਚੀਜ਼ ਨੂੰ ਲਕੋਣ ਵਾਲੀ ਹੁੰਦੀ ਹੈ । ਇਹ ਚੋਰਾਂ ਅਤੇ ਸਾਧਾਂ ਦੋਵਾਂ ਲਈ ਸਵਰਗ ਦਾ ਕੰਮ ਕਰਦੀ ਹੈ । ਦਿਨ ਚਾਨਣ ਨਾਲ ਭਰਪੂਰ ਤੇ ਸਿੱਖਿਆ ਦਾਇਕ ਹੁੰਦਾ ਹੈ । ਦਿਨ ਵੇਲੇ ਜਿੰਦਗੀ ਦੌੜਣ ਲੱਗਦੀ ਹੈ । ਪਰ ਰਾਤ ਵਿੱਚ ਚੁੱਪ ਸ਼ਾਤੀ ਹੁੰਦੀ ਹੈ । ਜਿੰਦਗੀ ਦੀ ਸਵੇਰ, ਦੁਪਿਹਰ ਤੇ ਸ਼ਾਮ ਤੁਰੀਆਂ ਰਹਿੰਦੀਆਂ ਹਨ । ਸਵਰਗਾਂ ਨਰਕਾਂ ਦੇ ਤੱਥ ਕੋਈ ਸਾਬਤ ਨਹੀਂ ਕਰ ਸਕਿਆ। ਬਜੁਰਗ ਕਹਿੰਦੇ ਹਨ ਜੋ ਕੁਝ ਵੀ ਹੈ ਏਸੇ ਜਹਾਨ ਉੱਤੇ ਹੀ ਹੈ।

ਮੋਹ ਤੋਂ ਬਿਨ੍ਹਾਂ ਖੁਸ਼ੀਆਂ ਸੰਭਵ ਨਹੀਂ ਹਨ । ਸਮਾਜ ਤੋਂ ਬਿਨ੍ਹਾਂ ਸ਼੍ਰਿਸਟੀ ਦੇ ਅਰਥ ਵੀ ਸਪੱਸ਼ਟ ਨਹੀਂ ਹਨ । ਪੜ੍ਹਾਈ ਤੋਂ ਬਿਨ੍ਹਾਂ ਗਿਆਨ ਨਹੀਂ ਹੈ । ਗਿਆਨ ਤੋਂ ਵਾਝਿਆਂ ਹੋ ਕੇ ਅਸੀ ਪੱਛੜ ਜਾਵਾਂਗੇ। ਕਈਆਂ ਦੀ ਔਲਾਦ ਮਾ-ਬਾਪ ਦੀ ਜਿੰਦਗੀ ਸਫਲ ਕਰ ਦੇਂਦੀ ਹੈ ਤਾਂ ਕਈਆਂ ਦੀ.........। ਕਦੀ ਬੱਦਲ ਦਿਨੇਂ ਹਨੇਰਾ ਕਰ ਦੇਂਦੇ ਹਨ, ਤਾਂ ਕਦੀ ਚੰਦਰਮਾਂ ਰਾਤ ਨੂੰ ਚਾਂਦੀ ਵਾਂਗ ਲਿਸਕਾ ਦੇਂਦਾ ਹੈ । ਦੁਨੀਆਂ ਤੇ ਇਕ ਹਿੱਸੇ ਵਿੱਚ ਦਿਨ ਅਤੇ ਦੂਜੇ ਵਿੱਚ ਰਾਤ ਹੁੰਦੀ ਹੈ । ਸਭ ਕੁਝ ਆਪੇ ਚਲਦਾ ਹੈ । ਬੰਦਾ ਸਿਰਫ ਮਿਣਤੀਆਂ ਮਾਰਦਾ ਹੈ । ਕਦੀ ਬੀਤ ਗਈ ਬਾਰੇ ਸੋਚੀਏ ਤਾਂ ਕੁਝ ਦਿਨ ਦੀ ਗੱਲ ਲੱਗਦੀ ਹੈ । ਕਿਸੇ ਨੂੰ ਉਡੀਕਣ ਬੈਠ ਜਾਓ ਤਾਂ ਇੱਕ ਮਿੰਟ ਕੱਢਣਾ ਔਖਾ ਹੋ ਜਾਂਦਾ ਹੈ । ਕੰਮ ਨੂੰ ਹੱਥ ਨਾ ਲਾਓ ਤਾਂ ਕੰਮ ਪਹਾੜ ਲੱਗਦਾ ਹੈ, ਕਰਨ ਲੱਗ ਪਾਓ ਤਾਂ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਮੁੱਕ ਗਿਆ ।

ਸੰਤ ਉਪਦੇਸ਼ ਦੇਂਦੇ ਹਨ ਸਿਮਰਨ ਦਾ, ਕਰਦਾ ਓਹੀ ਹੈ ਜੋ ਇੱਕ ਜਗ੍ਹਾ ਟਿੱਕ ਕੇ ਬੈਠ ਸਕਦਾ ਹੈ। ਜਿਹੜਾ ਬੈਠਣਾ ਸਿੱਖ ਗਿਆ ਸੰਮਜੋ ਪਾਰ ਹੋ ਗਿਆ । ਨਚੱਲਾ ਬੈਠਣਾ ਵੀ ਇੱਕ ਕਲਾ ਹੈ, ਜੋ ਸਿੱਖ ਗਿਆ ਤਰ ਗਿਆ । ਜੇ ਕੁਝ ਸਿੱਖਣਾ ਹੈ ਤਾਂ ਅੱਖ, ਕੰਨ, ਨੱਕ ਨੂੰ ਆਤਮਾ ਨਾਲ ਜੋੜਨਾ ਪਵੇਗਾ । ਆਤਮਾ ਦੀ ਅਵਾਜ ਸੁਨਣ ਦੀ ਆਦਤ ਪਾਉਣੀ ਪਵੇਗੀ । ਰੌਲੇ ਰੱਪਿਆਂ ਤੋਂ ਬਚਣਾ ਪਵੇਗਾ । ਕਹਿੰਦੇ ਹਨ ਕੀ ਕਿਸੇ ਵੀ ਫ਼ੈਸਲੇ ਲਈ ਜੋ ਸਭ ਤੋਂ ਪਹਿਲਾਂ ਸਾਡੇ ਅੰਦਰੋਂ ਅਵਾਜ਼ ਆਉਦੀ ਹੈ । ਉਹੀ ਆਤਮਾ ਦੀ ਅਵਾਜ਼ ਹੁੰਦੀ ਹੈ ਜੋ ਕਦੀ ਵੀ ਗਲਤ ਨਹੀਂ ਹੁੰਦੀ । ਕਮਜੋਰ ਸਿਰਫ ਰੌਂਦਾ ਹੈ ਕਾਰਨ ਕਈ ਹੁੰਦੇ ਹਨ, ਭਾਵਨਾਵਾਂ ਗਲਤ ਹੁੰਦੀਆਂ ਹਨ । ਜਿੰਦਗੀ ਤੁਰੀ ਰਹਿੰਦੀ ਹੈ । ਪਰ ਕਈ ਵਾਰ ਅਕਲਮੰਦ ਬਣਦਿਆਂ ਬਣਦਿਆਂ, ਮੂਰਖ ਬਣ ਜਾਦੇ ਹਾਂ । ਕਦੀ ਹਜਾਰਾਂ ਕੋਸ਼ਿਸ਼ਾਂ ਨਾਲ ਵੀ ਕੁਝ ਨਹੀਂ ਮਿਲਦਾ, ਕਦੀ ਰਾਹਗੀਰ ਹੀ ਸਫਲਤਾ ਦਾ ਰਾਹ ਦੱਸ ਜਾਂਦਾ ਹੈ । ਕਦੀ ਦਿਲਦਾਰ ਬੇਇਮਾਨ ਹੋ ਜਾਂਦੇ ਹਨ ਤਾਂ ਕਦੀ ਯਾਰ ਇਮਾਨਦਾਰ ਹੋ ਜਾਦੇ ਹਨ । ਕਦੀ ਰੁਤਬੇ ਲਈ ਲੜ੍ਹਦੇ ਹਾਂ ਤੇ ਕਦੀ ਠੋਕਰ ਮਾਰ ਆਉਂਦੇ ਹਾਂ । ਕਦੀ ਯਾਦਾਂ ਤੰਗ ਕਰਦੀਆਂ ਹਨ ਤਾਂ ਕਦੀ ਆਪੇ ਦੂਰੀਆਂ ਵਧਾਈ ਜਾਦੇ ਹਾਂ । ਕਦੀ ਸਫਰ ਤੇ ਨਿਕਲਣ ਨੂੰ ਤਰਸਦੇ ਹਾਂ ਤਾਂ ਕਦੀ ਅੱਧ ਵਿੱਚੋਂ ਵਾਪਸ ਪਰਤ ਆਉਂਦੇ ਹਾਂ । ਕਦੀ ਕੋਈ ਜਿੰਦਗੀ ਦੀ ਮੰਜਿਲ ਬਣ ਜਾਂਦਾ ਹੈ ਤਾਂ ਕਦੀ ਮੰਜਿਲ ਕਮਜ਼ੋਰੀ । ਕਦੀ ਲੱਗਦਾ ਰੱਬ ਧੱਕਾ ਕਰੀ ਜਾਂਦਾ ਹੈ, ਤਾਂ ਕਦੀ ਸਭ ਕੁਝ ਰੱਬ ਹੀ ਹੋ ਜਾਂਦਾ ਹੈ । ਕੁਝ ਚੀਜ਼ਾਂ ਸਮਝ ਆਉਂਦੀਆਂ ਹਨ ਤਾਂ, ਕੁਝ ਨਹੀਂ । ਕਿਉਂਕਿ ਜੋ ਸਾਇੰਸ ਅਸੀ ਪੜੀ ਹੈ । ਉਹ ਤਾਂ ਸਾਨੂੰ ਪਤਾ ਹੈ, ਪਰ ਜੋ ਰੱਬ ਕਰਦਾ ਹੈ ਉਸਦੀ ਸਾਇੰਸ ਸਾਡੇ ਪੱਲੇ ਨਹੀਂ ਪੈਂਦੀ । ਇਸ ਕਰਕੇ ਜੋ ਵੀ ਸਾਡੇ ਅਖ਼ਤਿਆਰ ਤਂੋ ਬਾਹਰਵਾਰ ਵਾਪਰਦਾ ਹੈ ਵਾਪਰਨ ਦਿਓ । ਕਿਉਂਕਿ ਇਹ ਸਾਡੀ ਸਾਇੰਸ ਨਹੀਂ ''ਰੱਬ ਦੀ ਸਾਇੰਸ” ਹੈ । ਸਾਨੂੰ ਇਹ ਸਮਝ ਨਹੀਂ ਆਉਂਦੀ, ਜੋ ਕੁਝ ਹੈ ਬੱਸ ਉਸਦੀ ਮਰਜ਼ੀ ਹੈ । ਉਹ ਸਭ ਕੁਝ ਠੀਕ ਕਰ ਦੇਵੇਗਾ।

ਗੁਰਪ੍ਰਤਾਪ ਸਿੰਘ ਕਾਹਲੋਂ
ਪਿੰਡ ਕਾਲਾ ਅਫਗਾਨਾ
ਤਹਿ: ਬਟਾਲਾ
ਜਿਲਾ ਗੁਰਦਾਸਪੁਰ।
9888612523

(8 ਸਤੰਬਰ 2007) -ਯੂਨੀਕੋਡ-

 ਗੁਰਪ੍ਰਤਾਪ ਸਿੰਘ ਦੀਆਂ ਲਿਖਾਰੀ ਵਿਚ ਛਪੀਆਂ ਸਾਰੀਆਂ ਲਿਖਤਾਂ ਪੜ੍ਹਨ ਲਈ ਕਲਿੱਕ ਕਰੋ

 

ilKfrI
Likhari


© likhari: Punjabi Likhari Forum-2001-2007