ਤੁਸੀਂ ਮੈਨੂੰ ਪੁੱਛਦੇ
ਹੋਂ ਤੇ ਕਈ ਵਾਰੀ ਮੈਂ ਆਪ ਵੀ ਸੋਚਦਾ ਹਾਂ ਕਿ
“ ਮੈਂ ਕਹਾਣੀ
ਕਿਉਂ ਲਿਖਦਾ ਹਾਂ”।
ਮਨ ਦੇ ਕਿਸੇ ਕੋਨੇ
ਵਿੱਚੋਂ ਸੁਆਲ ਉੱਠਦਾ ਹੈ ਕਿ ਮੈਂ ਰੋਟੀ ਕਿਉਂ ਖਾਂਦਾ ਹਾਂ,
ਰਿਸ਼ਤੇ ਕਿਉਂ ਨਿਭਾਉਂਦਾ ਹਾਂ।
ਜਿਵੇਂ ਉਹ ਗੱਲਾਂ ਮੇਰੇ
ਲਈ ਬਹੁਤ ਅਹਿਮ ਹਨ ਤੇ ਇਸੇ ਤਰ੍ਹਾਂ ਕਹਾਣੀ ਵੀ ਮੇਰੇ ਹੱਡਾਂ ਵਿੱਚ ਰਚ ਗਈ ਹੈ।
ਇਸਦਾ ਮੈਂਨੂੰ ਉਸੇ
ਤਰ੍ਹਾਂ ਦਾ ਨਸ਼ਾ ਹੈ ਜਿਵੇਂ ਇੱਕ ਅਮਲੀ ਨੂੰ ਅਮਲ ਦਾ।
ਹਾਲਾਂ ਕਿ ਇਸਦਾ
ਨਾ
ਮੈਨੂੰ ਕੋਈ ਆਰਥਿਕ ਲਾਭ
ਹੈ ਤੇ ਨਾ ਹੀ ਮੈਂ ਕੋਈ ਪ੍ਰਸਿੱਧੀ ਖੱਟਣੀ ਹੈ।
ਮੈਂ ਆਪਣੇ ਜੀਵਨ ਦਾ ਮਹੱਤਵ ਪੂਰਨ ਸਮਾਂ ਪਹਿਲਾਂ ਆਪਣੇ ਮਾਂ ਬਾਪ ਕੋਲੋ ਤੇ ਫੇਰ
ਪਤਨੀ ਅਤੇ ਬੱਚਿਆਂ ਕੋਲੋਂ ਖੋਹ ਕੇ ਕਹਾਣੀ ਨੂੰ ਦਿੱਤਾ ਹੈ।
ਕਈ ਵਾਰੀ ਮੇਰੀ ਪਤਨੀ ਰਸ਼ਪਿੰਦਰ ਆਖਦੀ ਹੈ ਕਿ
“ਫੇਰ ਵਿਆਹ
ਕਾਹਨੂੰ ਕਰਵਾਉਣਾ ਸੀ? ਇਹ ਬੱਚੇ ਕਿਉਂ ਜੰਮਣੇ ਸੀ?
ਜੇ ਕਹਾਣੀ ਦਾ ਹੋ ਕੇ ਹੀ ਰਹਿ ਜਾਣਾ ਸੀ”।ਪਰ
ਜਦੋਂ ਮੈਂ ਕਾਫੀ ਦੇਰ ਕਹਾਣੀ ਨਹੀਂ ਲਿਖਦਾ ਤਾਂ ਉਹ ਆਖਦੀ ਹੈ,
“ਕੀ ਹੋ ਗਿਆ ਥੋਨੂੰ ਹੁਣ ਕਹਾਣੀ ਨਹੀਂ ਲਿਖਦੇ ਜੇ ਘਰੇ ਵਕਤ
ਨਹੀਂ ਮਿਲਦਾ ਤਾਂ ਲਾਇਬ੍ਰੇਰੀ ਚਲੇ ਜਾਇਆ ਕਰੋ”।
ਮੈਨੂੰ ਜਾਪਦਾ ਹੈ ਜਿਵੇਂ
ਕਹਾਣੀ ਮੇਰੀ ਸਖ਼ਸ਼ੀਅਤ ਦਾ ਅੰਗ ਬਣ ਗਈ ਹੋਵੇ।
ਜਿਵੇਂ ਮੇਰੇ ਜਿਸਮ ਦੇ ਬਾਕੀ ਅੰਗ ਨੇ।
ਸ਼ਾਇਦ ਇਹ ਮੇਰੀ ਪਛਾਣ ਹੈ।
ਮੈਂ ਜਦੋਂ ਵੀ
ਕਦੇ ਆਪਣੇ ਸ਼ਹਿਰ ਤੋਂ ਬਾਹਰ ਜਾਂਦਾ ਹਾਂ ਤਾਂ ਮਿਲਣ ਵਾਲਾ ਜਾਂ ਮਿਲਾਉਣ ਵਾਲਾ
ਕਹਾਣੀਕਾਰ ਮੇਜਰ ਮਾਂਗਟ ਕਹਿ ਕੇ ਮੇਰੀ ਜਾਣ ਪਛਾਣ ਕਰਵਾਉਂਦਾ ਹੈ।
ਮੈਂ ਭਾਵੇਂ ਕੋਈ ਵੱਡਾ ਕਹਾਣੀਕਾਰ ਤਾਂ ਨਹੀਂ ਪਰ ਇਸੇ ਦੀ ਵਜ਼ਾ ਕਰਕੇ ਮੈਂ ਸਾਹਿਤਕ
ਪਰਿਵਾਰ ਦਾ ਮੈਂਬਰ ਹਾਂ।
ਭਾਵੇਂ ਕਿਸੇ ਵੀ
ਸ਼ਹਿਰ ਵਿੱਚ ਜਾਵਾਂ,
ਉਥੇ ਮੇਰੇ ਰਿਸ਼ਤੇਦਾਰ ਹੋਣ ਜਾਂ ਨਾ ਪਰ ਕਹਾਣੀ ਮੈਨੂੰ ਕਿਤੇ ਵੀ ਯਤੀਮ ਹੋਣ ਵਰਗਾ
ਅਨੁਭਵ ਨਹੀਂ ਹੋਣ ਦਿੰਦੀ।
ਮੇਰੇ ਲਈ ਇਹ
ਮਾਣ ਵਾਲੀ ਗੱਲ ਹੈ।
ਜਦੋਂ ਕੋਈ ਰਿਸ਼ਤੇਦਾਰ ਪੁੱਛਦਾ ਹੈ
‘ਲਿਖਣ ਦਾ ਕੁੱਝ
ਮਿਲਦਾ ਵੀ ਹੈ ਕਿ ਐਵੇਂ ਸਮਾਂ ਬਰਬਾਦ ਕਰਦਾ ਏਂ?’ ਤਾਂ
ਉੱਪਰੋਂ ਭਾਵੇਂ ਚੁੱਪ ਹੋ ਜਾਈਦਾ ਹੈ ਪਰ ਅੰਦਰੋਂ ਮਨ ਕਹਿੰਦਾ ਹੈ
ਕਿ ਇਹ ਪੂੰਜੀ ਦਾ ਮੁੱਲ
ਸਿਰਫ ਮੈਂ ਹੀ ਜਾਣ ਸਕਦਾ ਹਾਂ ਜਿਸ ਵਿੱਚੋਂ ਕਹਾਣੀ ਜਨਮ ਲੈਂਦੀ ਅਖ਼ਬਾਰਾਂ ਰਸਾਲਿਆਂ
ਰਾਹੀਂ ਧਰਤੀ ਦੇ ਇੱਕ ਕੋਨੇ ਤੋਂ ਦੂਜੇ ਕੋਨੇ ਦਾ ਸਫਰ ਕਰਦੀ ਹੋਈ ਮੈਨੂੰ ਮੇਰੇ
ਲੋਕਾਂ ਨਾਲ ਜੋੜਦੀ ਹੈ।
ਮੈਂ ਛੋਟਾ ਹੁੰਦਾ ਜਿੱਥੇ
ਬਹੁਤ ਸੰਗਾਊ,
ਚੁੱਪ ਕੀਤਾ ਅਤੇ ਅੰਤਰਮੁੱਖੀ ਰਹਿਣ ਵਾਲਾ ਜੁਆਕ ਸੀ ਉਥੇ ਮੇਰੇ ਵਿੱਚ ਕਈ ਹੋਰ ਵੀ
ਨੁਕਸ ਸਨ।
ਮੈਂ ਕਿਸੇ ਚੀਜ
ਨਾਲ ਮਨੋਂ ਜੁੜ ਜਾਵਾਂ ਤਾਂ ਆਪਣਾ ਆਪ ਵੀ ਭੁੱਲ ਜਾਂਦਾ ਹਾਂ।
ਛੋਟਾ ਹੁੰਦਾ
ਆਪਣੇ ਖੇਤਾਂ ਵਿੱਚ ਕੰਮ ਕਰਦੇ ਮਾਮਿਆਂ ਦੀ ਚਾਹ ਰੋਟੀ ਲਿਜਾਂਦਾ ਕਈ ਵਾਰੀ ਮੈਂ ਅੰਤਰ
ਧਿਆਨ ਹੋਇਆ ਖੇਤ ਦਾ ਰਸਤਾ ਲੰਘ ਕੇ ਅੱਗੇ ਆਂਉਦੀਆਂ ਮੜ੍ਹੀਆਂ ਵਿੱਚ ਜਾ ਪਹੁੰਚਦਾ ਤੇ
ਫੇਰ ਪਤਾ ਲੱਗਦਾ ਕਿ ਮੈਂ ਤਾਂ ਅਗਾਂਹ ਲੰਘ ਆਇਆ ਹਾਂ।
ਮੇਰਾ ਮਾਮਾ
ਆਖਦਾ ਇਸ ਨੂੰ ਨਾ ਚਾਹ ਦੇਕੇ ਭੇਜਿਉ ਪਤਾ ਨਹੀਂ ਇਹ ਕਿਸ ਦਰਖਤ ਕੋਲ ਖੜ ਕੇ ਚਿੜੀਆਂ
ਗੁਟਾਰਾਂ ਗਿਣਨ ਲੱਗ ਜਾਵੇ ਤੇ ਚਾਹ ਠੰਢੀ ਹੁੰਦੀ ਰਹੇ।
ਇਹ ਬਿਮਾਰੀ ਮੈਨੂੰ ਅਜੇ ਵੀ ਹੈ ਬੱਚੇ ਬੂਹੇ ਵਿੱਚ ਖੜੇ ਉਡੀਕਦੇ ਹੋਣਗੇ ਤੇ ਮੈਂ ਘਰ
ਛੱਡ ਕੇ ਅਗਾਂਹ ਲੰਘ ਜਾਂਦਾ ਹਾਂ।
ਆਪਣੇ ਘਰ ਦੀ
ਸੜਕ ਭੁੱਲ ਜਾਂਦਾ ਹਾਂ।
ਕੰਮ ਤੇ ਮੇਰੀ ਇਸ ਕਮਜੋਰੀ ਕਾਰਨ ਮੈਨੂੰ ਬਹੁਤ ਨੁਕਸਾਨ ਵੀ ਉਠਾਉਣਾ ਪਿਆ ਹੈ ਤੇ
ਲੋਕਾਂ ਲਈ ਮਖੌਲ ਵੀ ਬਣਨਾ ਪਿਆ ਹੈ ਜੇ ਮੈਂ ਕੰਮ ਤੇ ਇਹ ਦੱਸਾਂ ਕਿ ਮੈਂ ਕਹਾਣੀਕਾਰ
ਹਾਂ। ਜਦੋਂ ਮੇਰੇ ਮਨ ਵਿੱਚ ਕਹਾਣੀ ਜਨਮਦੀ ਹੈ ਤੇ ਮੈਂ ਆਪਣੇ ਪਾਤਰ ਸਿਰਜ ਰਿਹਾ
ਹੁੰਦਾ ਹਾਂ ਤਾਂ ਮੈਨੂੰ ਹੋਰ ਕੁੱਝ ਵੀ ਪਤਾ ਨਹੀਂ ਲੱਗਦਾ।
ਤਾਂ ਕੌਣ ਮੰਨੇਗਾ ਮੇਰੀ ਗੱਲ?
ਇਸ ਪੂੰਜੀਵਾਦੀ ਦੌਰ ਵਿੱਚ ਕੰਮ ਵਾਲਿਆਂ ਨੂੰ ਕੰਮ ਚਾਹੀਦਾ ਹੈ ਨਾ ਕਿ ਮੇਰੀਆਂ
ਕਹਾਣੀਆਂ।
ਕਈ ਵਾਰੀ ਰੂਹ ਜਿਬਾਹ
ਹੁੰਦੀ ਹੈ ਸੋਚਦਾ ਹਾਂ ਸਾਰਾ ਕੁੱਝ ਛੱਡ ਕਿਤੇ ਇਕਾਂਤ ਵਿੱਚ ਭੱਜ ਜਾਵਾਂ ਪਰ ਫੇਰ ਘਰ
ਪਰਿਵਾਰ ਕੌਣ ਤੋਰੇਗਾ?
ਕਾਸ਼ ਇੱਕ ਲੇਖਕ ਕੁੱਲ ਵਕਤੀ ਹੋ ਸਕਦਾ?
ਕਾਸ਼ ਕੋਈ ਸੰਸਥਾ ਲੇਖਕਾਂ ਦੀਆਂ ਜਿੰਮੇਵਾਰੀਆਂ ਚੁੱਕ ਸਕਦੀ।
ਜੇ ਹੋਰ ਨਹੀਂ ਤਾਂ ਪ੍ਰਕਾਸ਼ਕ ਹੀ ਉਸ ਦੀ ਮਿਹਨਤ ਮੋੜ ਦਿੰਦੇ।
ਤਾਂ ਉਹ ਵੀ ਮਾਣ ਨਾਲ ਦੱਸ ਸਕਦਾ ਕਿ ਬਈ ਅਸੀਂ ਕੋਈ ਵਿਹਲੜ ਨਹੀਂ ਸਗੋਂ ਕਹਾਣੀਕਾਰ
ਹਾਂ।
ਪਰ ਤੁਸੀਂ ਪੁੱਛਣਾ ਤਾਂ ਫੇਰ ਏਹ ਹੀ ਸੁਆਲ ਸੀ ਕਿ ਮੈਂ ਕਹਾਣੀ ਕਿਉਂ ਲਿਖਦਾ ਹਾਂ?
ਇੱਕ ਗੱਲ ਤਾਂ ਸਪਸ਼ਟ ਹੈ
ਕਿ ਨਾ ਮੈਂ ਪੈਸੇ ਕਮਾਉਣ ਲਈ ਲਿਖਦਾ ਹਾਂ ਤੇ ਨਾ ਪ੍ਰਸਿੱਧੀ ਖੱਟਣ ਲਈ।
ਬਚਪਨ ਵਿੱਚ ਹੀ ਮੇਰੀ ਸੋਚ ਅੰਤਰਮੁੱਖੀ ਸੀ।
ਮੈਂ ਘਟਨਾਵਾਂ ਨੂੰ ਵੇਖਦਾ ਸੁਣਦਾ ਅਤੇ ਉਨ੍ਹਾਂ ਬਾਰੇ ਸੋਚਦਾ ਰਹਿੰਦਾ।
ਪਰ ਮੈਂ ਕਿਸੇ ਨੂੰ ਕੁੱਝ ਕਹਿ ਨਾ ਸਕਦਾ ਸ਼ਾਇਦ ਆਪਣੇ ਸੰਗਾਊ ਸੁਭਾਅ ਕਰਕੇ।
ਗਰਮੀ ਦੇ ਮਹੀਨੇ ਕੋਠੇ ਉੱਪਰ ਤਾਰਿਆਂ ਦੀ ਛਾਵੇਂ ਬਹਿ ਕੇ ਆਪਣੇ ਨਾਨਾ ਜੀ ਕੋਲੋਂ
ਸੁਣੀਆਂ ਦਿਲਚਸਪ ਇਤਿਹਾਸਕ ਅਤੇ ਮਿਥਿਹਾਸਕ ਸਾਖੀਆਂ ਨੇ ਮੇਰੇ ਅੰਦਰ ਕਥਾ ਰਸ ਭਰਿਆ।
ਮੇਰੀ ਨਾਨੀ ਜੀ
ਦਾ ਦਿਆਲੂ ਸੁਭਾਅ ਮੇਰੇ ਲਈ ਮਨੁੱਖਤਾ ਨਾਲ ਹਮਦਰਦੀ ਪੈਦਾ ਕਰਨ ਵਿੱਚ ਸਹਾਈ ਹੋਇਆ।
ਮੇਰੇ ਬਾਪੂ ਜੀ ਦੀ ਸਖਤ ਮਿਹਨਤ ਨੇ ਦੁਨੀਆਂ ਭਰ ਦੇ ਮਿਹਨਤਕਸ਼ ਲੋਕਾਂ ਨਾਲ ਮੇਰੀ
ਸਾਂਝ ਪੱਕੀ ਕੀਤੀ।
ਮੇਰੀ ਮਾਂ ਮੇਰੇ
ਲੇਖਕ ਬਣਨ ਵਿੱਚ ਸਹਾਈ ਹੋਈ।
ਮੇਰੀ ਪਤਨੀ
ਰਸ਼ਪਿੰਦਰ ਨੇ ਕਹਾਣੀ ਦਾ ਇਹ ਬੂਟਾ ਹੱਥੀ ਛਾਵਾਂ ਕਰਕੇ ਪਾਲਿਆ।
ਮੇਰੇ ਮਨ ਦੀ ਜ਼ਰਖੇਜ ਜਮੀਨ ਕਹਾਣੀਆਂ ਉਗਾਉਣ ਲਈ ਤਿਆਰ ਹੋ ਰਹੀ ਸੀ।
ਮੈਂ ਅੱਠਵੀ
ਜਮਾਤ ਤੱਕ ਆਪਣੇ ਨਾਨਕੇ ਪਿੰਡ ਪੜ੍ਹਿਆ ਅਤੇ ਨੌਵੀਂ ਵਿੱਚ ਆਪਣੇ ਪਿੰਡ ਕੁੱਬੇ ਆ
ਦਾਖਲ ਹੋਇਆ।
ਚੜ੍ਹਦੀ ਜਵਾਨੀ ਸੀ ਆਸੇ ਪਾਸੇ ਕਈ ਕੁੱਝ ਅਜਿਹਾ ਵੀ ਵਾਪਰਦਾ ਜੋ ਸੋਚਣ ਲਈ ਮਜਬੂਰ
ਕਰਦਾ।
ਪੰਜ ਮਾਰਚ 1947
ਨੂੰ ਮੇਰੇ ਸ਼ਾਇਰ ਤਾਇਆ ਜੀ ਨੂੰ ਫਿਰਕੂ ਦੰਗਿਆ ਵਿੱਚ ਬੇਦਰਦੀ ਨਾਲ ਕਤਲ ਕੀਤਾ ਗਿਆ
ਸੀ।
ਮੇਰੇ ਬਾਬਾ ਜੀ
ਉਨ੍ਹਾਂ ਦੀ ਇੱਕੋ ਇੱਕ ਪੁਸਤਕ
‘ਸਰਹੰਦ ਕੰਢੇ’
ਨੂੰ ਹਿੱਕ ਨਾਲ ਲਾਈ ਰੱਖਦੇ ਕਿ ਮੇਰੇ ਪੁੱਤਰ ਨੇ ਬਹੁਤ ਵੱਡਾ
ਲੇਖਕ ਬਣਨਾ ਸੀ।
ਉਨ੍ਹਾਂ ਦੀ ਯਾਦ
ਵਿੱਚ ਹੋਏ ਸਮਾਗਮ ਦੀ ਪ੍ਰਧਾਨਗੀ ਕਰਨ ਸਾਡੇ ਘਰ ਸੰਤੋਖ ਸਿੰਘ ਧੀਰ ਵੀ ਆਏ।
ਜਿਨਾਂ ਦੀ ਕਹਾਣੀ ‘ਕੋਈ
ਇੱਕ ਸਵਾਰ’ ਨੇ ਮੈਨੂੰ ਬਹੁਤ ਪ੍ਰਭਾਵਤ ਕੀਤਾ ਸੀ।
ਬੱਸ ਇਹ ਹੀ ਸਮਾਂ ਸੀ ਜਦੋਂ ਮੇਰੀ ਮਾਨਸਿਕਤਾ ਵਿੱਚ ਲਿਖਣ ਦਾ ਅੰਕੁਰ ਫੁੱਟਿਆ।
ਮੇਰੇ ਦਿਲ ਵਿੱਚ ਇੱਕ
ਦਰਦ ਸੀ ਜੋ ਮੈਂ ਕਿਸੇ ਨਾਲ ਸਾਂਝਾ ਨਹੀਂ ਸੀ ਕਰ ਸਕਦਾ।
ਮੈਨੂੰ ਨੌਵੀਂ ਵਿੱਚ ਪੜ੍ਹਦੇ ਨੂੰ ਨਾਨਕ ਸਿੰਘ ਦੇ ਨਾਵਲ 'ਚਿੱਟਾ ਲਹੂ' ਨੇ ਬਹੁਤ
ਪ੍ਰਭਾਵਤ ਕੀਤਾ ਸੀ।
ਬੱਸ ਉਸ ਬਾਰੇ ਸੋਚਦਾ ਰਹਿੰਦਾ।
ਪਹਿਲਾਂ ਇਸ ਸੋਚ ਵਿੱਚੋਂ ਗੀਤ ਫੁੱਟੇ ਜਿੰਨਾ ਨੂੰ ਲਿਖ ਕੇ ਪਹਿਲੀ ਵਾਰੀ ਨਹਿਰ
ਸਰਹਿੰਦ ਦੇ ਕੰਢੇ
ਬੈਠ ਕੇ ਮੈਂ ਆਪਣੇ ਦੋਸਤ
ਨੂੰ ਸੁਣਾਇਆ।
ਮੈਂ ਛੋਟਾ ਹੁੰਦਾ ਕਾਫੀ
ਧਾਰਮਿਕ ਮਹੌਲ ਵਿੱਚ ਪਲਿਆ ਸੀ ਜਿਆਦਾ ਗੀਤ ਧਾਰਮਿਕ ਲਿਖੇ।
ਛੇਵੀਂ ਸੱਤਵੀ
ਵਿੱਚ ਪੜ੍ਹਦੇ ਨੂੰ ਮੈਨੂੰ ਸੋਹਣ ਸਿੰਘ ਸੀਤਲ ਦੇ ਢਾਡੀ ਪ੍ਰਸੰਗ ਖਾਸ ਕਰਕੇ ਸਾਕਾ
ਚਮਕੌਰ ਸਾਹਿਬ ਬਹੁਤ ਚੰਗੇ ਲੱਗਦੇ।
ਇਸਦੇ ਨਾਲ ਨਾਲ
ਮੈਂ ਸ਼ਹੀਦਾਂ ਬਾਰੇ ਅਤੇ ਲੋਕ ਕਥਾਵਾਂ ਬਾਰੇ ਵੀ ਬਹੁਤ ਕੁੱਝ ਲਿਖਿਆ।
1977
ਵਿੱਚ ਜਦੋਂ ਮੈਂ ਕਾਲਜ ਦਾਖਲ ਹੋਇਆ ਤਾਂ ਨਕਸਲਬਾੜੀ ਲਹਿਰ ਦਾ ਕਾਫੀ ਪ੍ਰਭਾਵ ਸੀ।
ਮੈਂ ਜਸਵੰਤ ਸਿੰਘ ਕੰਵਲ ਨੂੰ ਪੜ੍ਹਨਾ ਸ਼ੁਰੂ ਕੀਤਾ।
ਪ੍ਰੈਪ ਵਿੱਚ ਪੜ੍ਹਦੇ ਨੇ ਮੈਂ ਪਹਿਲੀ ਕਹਾਣੀ
‘ਸੁਨਿਹਰੀ ਸੂਲੀ’
ਲਿਖੀ ਜੋ ਇਸੇ ਲਹਿਰ ਤੋਂ ਪ੍ਰਭਾਵਤ ਸੀ।
ਜਦੋਂ ਮੈਂ ਆਪਣੇ
ਕਾਲਜ ਦੀ ਸਭਾ ਵਿੱਚ ਇਹ ਹੀ ਕਹਾਣੀ ਆਪਣੇ ਪ੍ਰੋ: ਸਾਹਿਬ ਨੂੰ ਸੁਣਾਈ ਤਾਂ ਉਹ ਆਖਣ
ਲੱਗੇ ਇਹ ਕਹਾਣੀ ਤੂੰ ਲਿਖੀ ਹੈ?
ਯਕੀਨ ਨਹੀਂ ਆਉਂਦਾ।
ਫੇਰ ਮੈਂ ਕਹਾਣੀ
‘ਕੋਹਲੂ
ਦੇ ਬਲਦ’ ਲਿਖੀ ਜੋ ਪਿੰਡ ਦੇ ਉਨ੍ਹਾਂ ਕੰਮੀ ਲੋਕਾਂ
ਬਾਰੇ ਸੀ ਜੋ ਸਾਰੀ ਉਮਰ ਉੱਚੀਆ ਜਾਤੀਆਂ ਦਾ ਗੰਦ ਢੋਂਹਦੇ ਲੰਘਾ ਦਿੰਦੇ ਹਨ।
'ਸੁਨਹਿਰੀ ਸੂਲੀ' ਮੁਹਾਲੀ ਤੋਂ ਨਿੱਕਲਦੇ ਅਖਬਾਰ ਪੰਜਾਬ ਪੱਤ੍ਰਕਾ ਵਿੱਚ ਛਪੀ।
ਜਦੋਂ ਮੈਂ ਆਪਣੀ
ਕਹਾਣੀ ‘ਪਲ
ਪਲ ਮੌਤ’ ਲਿਖੀ ਤਾਂ ਮੈਨੂੰ ਜਾਪਿਆ ਕਿ ਮੈਂ ਕਹਾਣੀ
ਵਾਲੇ ਪਾਸੇ ਤੁਰ ਪਿਆ ਹਾਂ।
ਉਦੋਂ ਤੋਂ ਲੈਕੇ ਅੱਜ ਤੱਕ ਇਹ ਸਿਲਸਲਾ ਜ਼ਾਰੀ ਹੈ।
ਮੇਰਾ ਕਹਾਣੀ ਲਿਖਣ ਦਾ
ਮਕਸਦ ਸਮਾਜਿਕ ਬੇਇਨਸਾਫੀ ਖਿਲਾਫ ਯੁੱਧ ਲੜਨਾ ਹੈ।
ਮੇਰੇ ਪਾਤਰ ਜਦੋਂ ਕੋਈ ਸੰਤਾਪ ਭੋਗਦੇ ਹਨ ਤਾਂ ਮੈਂ ਉਨ੍ਹਾਂ ਦੀ ਮਾਨਸਿਕਤਾ ਵਿੱਚ
ਉੱਤਰ ਜਾਂਦਾ ਹਾਂ।
ਕਈ ਘਟਨਾਵਾਂ
ਮੈਨੂੰ ਹਲ਼ੂਣ ਕੇ ਰੱਖ ਦਿੰਦੀਆਂ ਹਨ।
ਫੇਰ ਮੇਰੀ ਕਹਾਣੀ ਦਾ ਤਾਣਾ ਪੇਟਾ ਬੁਨਣਾ ਆਰੰਭ ਹੁੰਦਾ ਹੈ।
ਕਈ ਵਾਰੀ ਸਾਲਾ ਬੱਧੀ ਘਟਨਾਵਾ ਮੇਰੀ ਮਾਨਸਿਕਤਾ ਵਿੱਚ ਪੱਕਦੀਆਂ ਹਨ।
ਫੇਰ ਇੱਕ ਅਜਿਹਾ ਸਮਾਂ ਆਉਂਦਾ ਹੈ ਕਿ ਮੈਂ ਲਿਖ ਰਿਹਾ ਹੁੰਦਾ ਹਾਂ ਤੇ ਜਦੋਂ ਲਿਖ
ਹਟਦਾ ਤਾਂ ਉਹ ਕਹਾਣੀ ਹੁੰਦੀ ਹੈ।
ਪਹਿਲਾਂ ਇਹ ਮੇਰੇ ਨਿੱਜ ਵਿੱਚੋਂ ਜਨਮ ਲੈਂਦੀ ਹੈ ਫੇਰ ਸਰਬ ਵਿਆਪੀ ਹੋ ਜਾਂਦੀ ਹੈ।
ਜੋ ਕੁੱਝ ਮੈਂ
ਕਦੀ ਮੁੱਖੋਂ ਨਹੀਂ ਕਹਿ ਸਕਦਾ ਕਹਾਣੀ ਵਿੱਚ ਕਹਿ ਜਾਂਦਾ ਹਾਂ।
ਮੇਰੇ ਪਾਤਰ ਮੇਰੇ ਆਲੇ ਦੁਆਲੇ ਵਿੱਚੋਂ ਹੀ ਹੁੰਦੇ ਹਨ।
ਮੇਰੀ ਹਰੇਕ ਕਹਾਣੀ ਦੇ ਇਤਿਹਾਸ ਦਾ ਮੈਨੂੰ ਪਤਾ ਹੈ ਕਿ ਉਹ ਕਿਉਂ ਕਦੋਂ ਤੇ ਕਿਵੇਂ
ਜਨਮੀ।
ਉਨ੍ਹਾਂ ਦੇ ਪਾਤਰਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ।
ਉਹ ਜਿਨ੍ਹਾਂ ਸਮੱਸਿਆਵਾਂ ਦੇ ਸ਼ਿਕਾਰ ਹਨ ਮੈਂ ਉਨ੍ਹਾਂ ਦੀ ਆਵਾਜ਼ ਬਣਦਾ ਹਾਂ।
ਮੇਰੇ ਪਾਠਕ
ਮੇਰੇ ਜੱਜ ਹਨ ਅਤੇ ਕਹਾਣੀ ਦੇ ਪਾਤਰ ਹਾਲਾਤ ਦਾ ਸ਼ਿਕਾਰ ਹੋਏ ਮੁਜ਼ਰਮ।
ਮੈਂ ਉਨ੍ਹਾਂ ਦੀ ਵਕਾਲਤ ਕਰਦਾ ਹਾਂ।
ਮੈਂ ਚਾਹੁੰਦਾ
ਹਾਂ ਕਿ ਚੰਗਾ ਸਮਾਜ ਉੱਸਰੇ ਜਿੱਥੇ ਇਨਸਾਨੀਅਤ ਦੀ ਕਦਰ ਹੋਵੇ।
ਮਿਹਨਤ ਦਾ ਮੁੱਲ ਪਵੇ।
ਔਰਤ ਦਾ ਸੋਸ਼ਣ ਨਾ ਹੋਵੇ।
ਸਭ ਨੂੰ ਬਰਾਬਰ
ਦੇ ਹੱਕ ਮਿਲਣ।
ਕੋਈ ਜਾਤ ਪਾਤ ਤੇ ਧਾਰਮਿਕ ਵਖਰੇਵਾਂ ਨਾਂ ਹੋਵੇ।
ਜਿਥੇ ਆਉਣ
ਵਾਲੀਆਂ ਨਸਲਾਂ ਸੁੱਖ ਸ਼ਾਂਤੀ ਨਾਲ ਰਹਿ ਸਕਣ।
ਮੇਰੀ ਕਹਾਣੀ ਇਸ ਸੁਪਨੇ ਦੀ ਪੂਰਤੀ ਲਈ ਇੱਕ ਛੋਟੀ ਜਿਹੀ ਆਵਾਜ਼ ਹੈ।
ਇਸੇ ਕਰਕੇ ਹੀ
ਮੈਂ ਕਹਾਣੀ ਲਿਖਦਾ ਹਾਂ।
(14 ਮਾਰਚ
2007)