ਲੇਖ/ਵਿਚਾਰ/ਜਾਣਕਾਰੀ

Photo Sukhwant Hundal 15 October 2007

ਇੰਡੋ-ਕੈਨੇਡੀਅਨ ਔਰਤਾਂ ਦੇ ਕਤਲਾਂ ਦੀ ਦਾਸਤਾਨ

-ਸੁਖਵੰਤ ਹੁੰਦਲ-


ਕੈਨੇਡਾ ਦੇ ਭਾਰਤੀ ਸਮਾਜ ਵਿੱਚ ਔਰਤਾਂ ਵਿਰੁੱਧ ਹਿੰਸਾ ਦਾ ਵਰਤਾਰਾ ਇਕ ਸਮੱਸਿਆ ਹੈ। ਬੇਸ਼ਕ ਸਮੇਂ ਸਮੇਂ ਇਸ ਸਮੱਸਿਆ ਬਾਰੇ ਕਮਿਉਨਿਟੀ ਵਿੱਚ ਗੰਭੀਰ ਗੱਲਬਾਤ ਚਲਦੀ ਆਈ ਹੈ, ਪਰ ਇਹ ਗੱਲਬਾਤ ਉੰਨੀ ਸ਼ਿੱਦਤ ਅਤੇ ਲਗਾਤਾਰਤਾ ਨਾਲ ਨਹੀਂ ਚੱਲ ਸਕੀ ਜਿੰਨੀ ਦੀ ਇਹ ਸਮੱਸਿਆ ਮੰਗ ਕਰਦੀ ਹੈ। ਸ਼ਾਇਦ ਇਸ ਦਾ ਇਕ ਕਾਰਨ ਇਹ ਹੈ ਕਿ ਕੈਨੇਡੀਅਨ ਭਾਰਤੀ ਸਮਾਜ ਇਸ ਸਮੱਸਿਆ ਨੂੰ ਸਮੁੱਚਤਾ ਵਿੱਚ ਦੇਖਣ ਤੋਂ ਅਸਮਰਥ ਰਿਹਾ ਹੈ। ਜਦੋਂ ਕੈਨੇਡੀਅਨ ਭਾਰਤੀ ਪਰਿਵਾਰਾਂ ਵਿੱਚ ਇਹ ਸਮੱਸਿਆ ਆਪਣੀ ਚਰਮ ਸੀਮਾ ’ਤੇ ਪਹੁੰਚ ਜਾਂਦੀ ਹੈ, ਭਾਵ ਪਰਿਵਾਰ ਦੇ ਕਿਸੇ ਮਰਦ ਮੈਂਬਰ ਵਲੋਂ ਕਿਸੇ ਔਰਤ ਦਾ ਕਤਲ ਹੋ ਜਾਂਦਾ ਹੈ, ਤਾਂ ਉਸ ਸਮੇਂ ਕਮਿਉਨਿਟੀ ਵਲੋਂ ਇਸ ਬਾਰੇ ਸਦਮੇ ਵਾਲਾ ਪ੍ਰਤੀਕਰਮ ਹੁੰਦਾ ਹੈ। ਇਹਨਾਂ ਕਤਲਾਂ ਬਾਰੇ ਹਾਅ ਦਾ ਨਾਹਰਾ ਮਾਰਿਆ ਜਾਂਦਾ ਹੈ। ਪਰ ਕਤਲ ਵਾਪਰਨ ਤੋਂ ਕੁਝ ਸਮਾਂ ਬਾਅਦ ਹੀ ਕਮਿਉਨਟੀ ਇਸ ਸਮੱਸਿਆ ਦੀ ਚਿੰਤਾ ਨੂੰ ਭੁੱਲ ਭੁਲਾ ਜਾਂਦੀ ਹੈ ਅਤੇ “ਸਭ ਅੱਛਾ ਹੈ” ਦੇ ਆਲਮ ਹੇਠ ਜਿਉਣ ਲੱਗਦੀ ਹੈ।

ਇਸ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਇਸ ਲੇਖ ਵਿੱਚ ਕੈਨੇਡਾ ਵਿੱਚ ਪਿਛਲੇ 35 ਸਾਲਾਂ ਦੌਰਾਨ ਭਾਰਤੀ ਮੂਲ ਦੇ ਪ੍ਰੀਵਾਰਾਂ ਵਿੱਚ ਹੋਏ ਔਰਤਾਂ ਦੇ ਕਤਲਾਂ ਅਤੇ ਔਰਤਾਂ ’ਤੇ ਹੋਏ ਕੁਝ ਸੰਗੀਨ ਹਮਲਿਆਂ ਦਾ ਸੰਖੇਪ ਵੇਰਵਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਆਸ ਹੈ ਕਿ ਅਜਿਹਾ ਵੇਰਵਾ ਭਾਰਤੀ ਕੈਨੇਡੀਅਨ ਔਰਤਾਂ ਵਿਰੁੱਧ ਵਾਪਰਦੀ ਹਿੰਸਾ ਨੂੰ ਸਮੁੱਚਤਾ ਵਿੱਚ ਦੇਖਣ ਵਿੱਚ ਸਾਡੀ ਮਦਦ ਕਰੇਗਾ।

ਔਰਤਾਂ ਦੇ ਕੀਤੇ ਗਏ ਕਤਲ ਜਿਹਨਾਂ ਲਈ ਪਤੀਆਂ ਜਾਂ ਪਰਿਵਾਰ ਦੇ ਦੂਸਰੇ ਮੈਂਬਰਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਜਾਂ ਉਹਨਾਂ ਨੂੰ ਚਾਰਜ ਕੀਤਾ ਗਿਆ ਹੈ।

5 ਜੁਲਾਈ 2007
ਪੰਜਾਬ:

ਪੁਲੀਸ ਨੇ ਕੈਲਗਰੀ ਦੇ ਰਹਿਣ ਵਾਲੇ 32 ਸਾਲਾ ਜਗਤਾਰ ਸਿੰਘ ਮੱਲ੍ਹੀ ਉੱਪਰ ਚਾਰਜ ਲਾਇਆ ਹੈ ਕਿ ਮੱਲ੍ਹੀ ਨੇ ਆਪਣੀ 26 ਸਾਲਾ ਪਤਨੀ ਕਿਰਨਪਾਲ ਕੌਰ ਮੱਲ੍ਹੀ ਨੂੰ ਕਤਲ ਕਰਵਾਉਣ ਦਾ ਪ੍ਰਬੰਧ ਕੀਤਾ ਹੈ। ਰਿਪੋਰਟਾਂ ਅਨੁਸਾਰ ਕਿਰਨਪਾਲ ਕੌਰ ਮੱਲ੍ਹੀ ਦਾ ਕਤਲ ਇਸ ਕਰਕੇ ਕੀਤਾ ਗਿਆ ਕਿਉਂਕਿ ਉਸ ਨੂੰ ਪਤਾ ਲੱਗ ਗਿਆ ਸੀ ਕਿ ਉਸ ਦੇ ਪਤੀ ਦੇ ਕਿਸੇ ਹੋਰ ਔਰਤ ਨਾਲ ਸਬੰਧ ਸਨ। ਜਗਤਾਰ ਸਿੰਘ ਮੱਲ੍ਹੀ ਨੂੰ ਇਸ ਗੱਲ ਦਾ ਵੀ ਗੁੱਸਾ ਸੀ ਕਿ ਕਿਰਨਪਾਲ ਕੌਰ ਨੇ ਆਪਣੀ ਪੜ੍ਹੀ ਲਿਖੀ ਭੈਣ ਦਾ ਵਿਆਹ ਜਗਤਾਰ ਸਿੰਘ ਦੇ ਅਨਪੜ੍ਹ ਭਤੀਜੇ ਨਾਲ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ।

29 ਅਕਤੂਬਰ 2006
ਸਰੀ, ਬ੍ਰਿਟਿਸ਼ ਕੋਲੰਬੀਆ:

27 ਸਾਲਾ ਨਵਰੀਤ ਕੌਰ ਵੜੈਚ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਕਤਲ ਦੇ ਸਬੰਧ ਵਿੱਚ ਉਸ ਦੇ ਪਤੀ ਜਤਿੰਦਰ ਵੜੈਚ ਉੱਪਰ ਸੈਕਿੰਡ ਡਿਗਰੀ ਦੇ ਕਤਲ ਦਾ ਚਾਰਜ ਲਾਇਆ ਗਿਆ ਹੈ। ਕਤਲ ਤੋਂ ਤਿੰਨ ਕੁ ਸਾਲ ਪਹਿਲਾਂ ਨਵਰੀਤ ਦਾ ਵਿਆਹ ਜਤਿੰਦਰ ਨਾਲ ਹੋਇਆ ਸੀ ਅਤੇ ਵਿਆਹ ਤੋਂ 5 ਮਹੀਨੇ ਬਾਅਦ ਉਹ ਕੈਨੇਡਾ ਆ ਗਈ ਸੀ। ਕਤਲ ਸਮੇਂ ਨਵਰੀਤ ਅਤੇ ਜਤਿੰਦਰ ਦਾ 4 ਮਹੀਨਿਆਂ ਦਾ ਇਕ ਬੇਟਾ ਸੀ।

23 ਅਕਤੂਬਰ 2006
ਡੈਲਟਾ, ਬ੍ਰਿਟਿਸ਼ ਕੋਲੰਬੀਆ:

ਸਾਊਥ ਡੈਲਟਾ ਦੀ ਇਕ ਬੀਚ ’ਤੇ 30 ਸਾਲਾ ਐਲਮੈਂਟਰੀ ਸਕੂਲ ਟੀਚਰ ਮਨਜੀਤ ਪਾਂਗਲੀ ਦੀ ਜਲੀ ਹੋਈ ਲਾਸ਼ ਮਿਲੀ। ਬਾਅਦ ਵਿੱਚ ਇਸ ਕਤਲ ਦੇ ਸਬੰਧ ਵਿੱਚ ਉਸ ਦੇ ਪਤੀ ਮੁਖਤਿਆਰ ਪਾਂਗਲੀ (ਐਮ ਪੀ) ਉੱਤੇ ਸੈਕਿੰਡ ਡਿਗਰੀ ਕਤਲ ਦੇ ਚਾਰਜ ਲਾਏ ਗਏ ਅਤੇ ਉਸ ਦੇ ਭਰਾ ਸੁਖਵਿੰਦਰ ਪਾਂਗਲੀ ਉੱਪਰ ਕਤਲ ਤੋਂ ਬਾਅਦ ਅਪਰਾਧ ਵਿਚ ਸਹਿਯੋਗੀ ਹੋਣ (ਬਿਇੰਗ ਐਨ ਐਕਸੈੱਸਰੀ ਆਫਟਰ ਦਾ ਫੈਕਟ) ਦੇ ਚਾਰਜ ਲਾਏ ਗਏ। 35 ਸਾਲਾ ਮੁਖਤਿਆਰ ਪਾਂਗਲੀ ਹਾਈ ਸਕੂਲ ਵਿੱਚ ਸਾਇੰਸ ਦਾ ਟੀਚਰ ਸੀ। ਕਤਲ ਕੀਤੇ ਜਾਣ ਸਮੇਂ ਮਨਜੀਤ ਪਾਂਗਲੀ ਗਰਭਵਤੀ ਸੀ। ਜੁਲਾਈ 2007 ਵਿੱਚ ਪੁਲੀਸ ਨੇ ਸੁਖਵਿੰਦਰ ਪਾਂਗਲੀ ’ਤੇ ਲਾਏ ਗਏ ਦੋਸ਼ਾਂ ਉੱਪਰ ਰੋਕ (ਸਟੇਅ) ਲਾ ਦਿੱਤੀ ਸੀ।

30 ਜੁਲਾਈ 2003
ਬੋਸਟਨ ਬਾਰ, ਬੀ ਸੀ ਦੇ ਨੇੜੇ:

ਕਿਟੀਮੈੱਟ ਦੇ ਰਹਿਣ ਵਾਲੇ 48 ਸਾਲਾ ਰਾਜਿੰਦਰ ਸਿੰਘ ਅਟਵਾਲ ਨੇ ਆਪਣੀ 17 ਸਾਲਾ ਬੇਟੀ ਅਮਨਦੀਪ ਅਟਵਾਲ ’ਤੇ ਬ੍ਰਿਟਿਸ਼ ਕੋਲੰਬੀਆ ਦੇ ਇਕ ਕਸਬੇ ਬੋਸਟਨ ਬਾਰ ਦੇ ਨੇੜੇ ਚਾਕੂ ਦੇ 17 ਵਾਰ ਕਰਕੇ ਉਸ ਵੇਲੇ ਕਤਲ ਕਰ ਦਿੱਤਾ ਜਦੋਂ ਉਹ ਨਿਊਵੈਸਟਮਨਿਸਟਰ ਤੋਂ ਪ੍ਰਿੰਸ ਜੌਰਜ ਨੂੰ ਜਾ ਰਹੇ ਸਨ। ਅਟਵਾਲ ਨੇ ਆਪਣੀ ਬੇਟੀ ਨੂੰ ਇਸ ਲਈ ਕਤਲ ਕੀਤਾ ਕਿਉਂਕਿ ਉਸ ਨੂੰ ਅਮਨਦੀਪ ਦਾ ਇਕ ਨੇਟਿਵ ਇੰਡੀਅਨ ਮੁੰਡੇ ਨਾਲ ਡੇਟਿੰਗ ਕਰਨਾ ਅਤੇ ਰਹਿਣ ਲੱਗ ਪੈਣਾ ਪਸੰਦ ਨਹੀਂ ਸੀ। ਮਾਰਚ 2005 ਵਿੱਚ ਬੀ ਸੀ ਦੀ ਸੁਪਰੀਮ ਕੋਰਟ ਨੇ ਅਟਵਾਲ ਨੂੰ ਸੈਕਿੰਡ ਡਿਗਰੀ ਮਰਡਰ ਲਈ ਦੋਸ਼ੀ ਕਰਾਰ ਦਿੱਤਾ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ ਇਹ ਸ਼ਰਤ ਲਾਈ ਕਿ ਉਹ 16 ਸਾਲ ਤੋਂ ਪਹਿਲਾਂ ਪੈਰੋਲ ’ਤੇ ਨਹੀਂ ਜਾ ਸਕਦਾ। ਨਵੰਬਰ 2006 ਵਿੱਚ ਬੀ ਸੀ ਦੀ ਅਪੀਲ ਕੋਰਟ ਨੇ ਅਟਵਾਲ ਵਲੋਂ ਪੈਰੋਲ ਦੀ ਸ਼ਰਤ ਵਿਰੁੱਧ ਕੀਤੀ ਅਪੀਲ ਨੂੰ ਰੱਦ ਕਰ ਦਿੱਤਾ।

19 ਮਈ 2001
ਸਰੀ, ਬ੍ਰਿਟਿਸ਼ ਕੋਲੰਬੀਆ:

22 ਸਾਲਾ ਕੰਵਲਜੀਤ ਨਾਹਰ ਨੂੰ ਉਸ ਦੀ ਬੇਸਮੈਂਟ ਵਿੱਚ ਕਤਲ ਕਰ ਦਿੱਤਾ ਗਿਆ। ਇਸ ਕਤਲ ਦੇ ਸਬੰਧ ਵਿੱਚ ਉਸਦੇ 24 ਸਾਲਾ ਪਤੀ ਦਿਲਬਾਗ ਸਿੰਘ ਨਾਹਰ ਨੂੰ ਸੈਕਿੰਡ ਡਿਗਰੀ ਕਤਲ ਦੇ ਦੋਸ਼ ਅਧੀਨ ਚਾਰਜ ਕੀਤਾ ਗਿਆ। ਸਨ 2002 ਦੀਆਂ ਗਰਮੀਆਂ ਵਿੱਚ ਇਸ ਕਤਲ ਲਈ ਦਿਲਬਾਗ ਨਾਹਰ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਜਿਸ ਵਿੱਚ ਕਿਹਾ ਗਿਆ ਕਿ ਉਹ 10 ਸਾਲਾਂ ਲਈ ਪੈਰੋਲ ’ਤੇ ਨਹੀਂ ਆ ਸਕਦਾ। ਮੁਕੱਦਮੇ ਦੌਰਾਨ ਨਾਹਰ ਨੇ ਮੰਨਿਆ ਕਿ ਉਸ ਨੇ ਕੰਵਲਜੀਤ ਦੇ ਚਾਕੂ ਮਾਰੇ ਸਨ। ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਕੰਵਲਜੀਤ ਨੇ ਆਪਣੇ ਕੰਮਾਂ ਨਾਲ ਦਿਲਬਾਗ ਨੂੰ ਅਜਿਹਾ ਕਰਨ ਲਈ ਉਕਸਾਇਆ ਸੀ। ਦਿਲਬਾਗ ਨੇ ਕਿਹਾ ਕਿ ਕੰਵਲਜੀਤ ਨੇ ਉਸ ਕੋਲ ਮੰਨਿਆ ਸੀ ਕਿ ਉਹ ਸਿਗਰਟਾਂ ਅਤੇ ਸ਼ਰਾਬ ਪੀਂਦੀ ਸੀ ਅਤੇ ਉਸਦੇ ਦੂਸਰੇ ਮਰਦਾਂ ਨਾਲ ਸਬੰਧ ਸਨ। ਸਰਕਾਰੀ ਵਕੀਲ ਅਤੇ ਕੰਵਲਜੀਤ ਦੇ ਪਿਤਾ ਨੇ ਦਿਲਬਾਗ ਦੇ ਇਹਨਾਂ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ। ਕਤਲ ਹੋਣ ਸਮੇਂ ਆਪਣੇ ਪਤੀ ਨਾਲ ਹੋਈ ਅਣਬਣ ਕਾਰਨ ਕੰਵਲਜੀਤ ਬੇਸਮੈਂਟ ਵਿੱਚ ਆਪਣੀ ਬੱਚੀ ਨਾਲ ਇਕੱਲੀ ਰਹਿੰਦੀ ਸੀ। ਫਰਵਰੀ 2004 ਵਿੱਚ ਬੀ ਸੀ ਦੀ ਅਪੀਲ ਕੋਰਟ ਨੇ ਨਾਹਰ ਵਲੋਂ ਆਪਣੀ ਸਜ਼ਾ ਘਟਾਉਣ ਲਈ ਕੀਤੀ ਅਪੀਲ ਨੂੰ ਰੱਦ ਕਰ ਦਿੱਤਾ।

ਜੂਨ 2000
ਪੰਜਾਬ:

ਮੇਪਲ ਰਿੱਜ ਦੀ 25 ਸਾਲਾ ਜਸਵਿੰਦਰ (ਜੱਸੀ) ਸਿੱਧੂ ਦਾ ਪੰਜਾਬ ਵਿੱਚ ਕਤਲ ਕਰ ਦਿੱਤਾ ਗਿਆ ਕਿਉਂਕਿ ਉਸ ਨੇ ਆਪਣੇ ਘਰਦਿਆਂ ਦੀ ਮਰਜ਼ੀ ਦੇ ਉਲਟ ਵਿਆਹ ਕੀਤਾ ਸੀ। ਇਸ ਕਤਲ ਦੀ ਸਾਜ਼ਸ ਲਈ ਪੰਜਾਬ ਪੁਲੀਸ ਨੇ 9 ਲੋਕਾਂ ’ਤੇ ਚਾਰਜ ਲਾਏ ਜਿਹਨਾਂ ਵਿੱਚ ਜੱਸੀ ਦੀ ਮਾਂ ਮਲਕੀਅਤ ਕੌਰ ਅਤੇ ਮਾਮਾ ਸੁਰਜੀਤ ਸਿੰਘ ਬਦੇਸ਼ਾ ਵੀ ਸ਼ਾਮਲ ਹਨ। ਜੱਸੀ ਦੀ ਮਾਂ ਅਤੇ ਉਸ ਦਾ ਮਾਮਾ ਦੋਵੇਂ ਕੈਨੇਡਾ ਵਿੱਚ ਰਹਿੰਦੇ ਹਨ। ਅਕਤੂਬਰ 2005 ਵਿੱਚ ਭਾਰਤ ਵਿੱਚਲੇ 7 ਵਿਅਕਤੀਆਂ ਨੂੰ ਦੋਸ਼ੀ ਪਾਇਆ ਗਿਆ ਅਤੇ ਉਹਨਾਂ ਨੂੰ ਉਮਰ ਕੈਦ ਹੋਈ। ਪਰ ਮਲਕੀਅਤ ਕੌਰ ਅਤੇ ਸੁਰਜੀਤ ਸਿੰਘ ਨੂੰ ਨਾ ਹੀ ਅਜੇ ਤੱਕ ਭਾਰਤ ਦੇ ਹਵਾਲੇ ਕੀਤਾ ਗਿਆ ਹੈ ਅਤੇ ਨਾ ਹੀ ਉਹਨਾਂ ਉੱਪਰ ਕੈਨੇਡਾ ਵਿੱਚ ਕੋਈ ਚਾਰਜ ਲਾਏ ਗਏ ਹਨ।

19 ਅਪ੍ਰੈਲ 1998
ਲੈਂਗਲੀ ਬੀ ਸੀ:

19 ਅਪ੍ਰੈਲ 1998 ਨੂੰ ਲੈਂਗਲੀ ਵਿੱਚ 37 ਸਾਲਾ ਬਲਜੀਤ ਕੌਰ ਗਰੇਵਾਲ ਨੂੰ ਉਸ ਦੇ ਘਰ ਦੀ ਕਾਰਪੋਰਟ ਵਿੱਚ ਗੋਲੀ ਮਾਰ ਦਿੱਤੀ ਗਈ। ਇਸ ਕਤਲ ਦੇ ਸਬੰਧ ਵਿੱਚ ਸਤੰਬਰ 1998 ਵਿੱਚ ਉਸ ਦੇ ਪਤੀ ਅਜੀਤ ਗਰੇਵਾਲ, ਮਤਰੇਏ ਪੁੱਤਰ ਸੁਖਜੀਤ ਗਰੇਵਾਲ ਅਤੇ ਉਸ ਦੇ ਸਾਥੀ ਸੰਦੀਪ ਸਿੰਘ ਤੂਰ ਉੱਤੇ ਫਸਟ ਡਿਗਰੀ ਮਰਡਰ ਅਤੇ ਕਤਲ ਦੀ ਸਾਜਿਸ਼ ਬਣਾਉਣ ਦੇ ਚਾਰਜ ਲਾਏ ਗਏ। ਪੁਲੀਸ ਦਾ ਇਲਜ਼ਾਮ ਸੀ ਕਿ ਸੁਖਜੀਤ ਗਰੇਵਾਲ ਨੇ ਬਲਜੀਤ ਕੌਰ ਦੇ ਗੋਲੀ ਮਾਰੀ ਪਰ ਉਸ ਦੇ ਕਤਲ ਦੀ ਯੋਜਨਾ ਅਜੀਤ ਗਰੇਵਾਲ ਨੇ ਬਣਾਈ ਕਿਉਂਕਿ ਉਹ ਆਪਣੀ ਪਤਨੀ ਦੀ ਦੌਲਤ ਉੱਪਰ ਕੰਟਰੋਲ ਕਰਨਾ ਚਾਹੁੰਦਾ ਸੀ।

5 ਅਪ੍ਰੈਲ 1996
ਵਰਨਨ, ਬੀ ਸੀ:

ਮਾਰਕ ਵਿਜੇ ਚਾਹਲ ਨੇ ਆਪਣੇ ਸਹੁਰਿਆਂ ਦੇ ਘਰ ਆਪਣੀ ਵੱਖ ਹੋਈ ਪਤਨੀ ਰਾਜਵਾਰ ਗਾਖਲ ਅਤੇ ਉਸ ਦੇ ਪਰਿਵਾਰ ਦੇ ਅੱਠ ਮੈਂਬਰਾਂ ਨੂੰ ਗੋਲੀ ਮਾਰਕੇ ਕਤਲ ਕਰ ਦਿੱਤਾ। ਇਸ ਗੋਲੀਕਾਂਡ ਵਿੱਚ ਮਰਨ ਵਾਲੇ ਵਿਅਕਤੀਆਂ ਵਿੱਚ ਸਨ: ਕਰਨੈਲ ਸਿੰਘ ਗਾਖਲ (ਰਾਜਵਾਰ ਦੇ ਪਿਤਾ), ਦਰਸ਼ਨ ਕੌਰ ਗਾਖਲ (ਰਾਜਵਰ ਦੀ ਮਾਤਾ), ਬਲਵਿੰਦਰ ਕੌਰ ਗਾਖਲ (ਰਾਜਵਰ ਦੀ ਭੈਣ), ਜਸਪਾਲ ਸਿੰਘ ਗਾਖਲ (ਰਾਜਵਰ ਦਾ ਭਰਾ), ਹਰਵਿੰਦਰ ਕੌਰ ਗਾਖਲ (ਰਾਜਵਰ ਦੀ ਭੈਣ), ਕੁਲਵਿੰਦਰ ਕੌਰ ਗਾਖਲ (ਰਾਜਵਰ ਦੀ ਭੈਣ), ਬਲਜੀਤ ਸਿੰਘ ਸਰਾਂ, ਜਸਬੀਰ ਕੌਰ ਸਰਾਂ, ਅਤੇ ਰਾਜਵਰ ਕੌਰ ਗਾਖਲ। ਮਰਨ ਵਾਲੇ ਇਹਨਾਂ ਲੋਕਾਂ ਤੋਂ ਬਿਨਾਂ ਗੁਰਮੇਲ ਕੌਰ ਸਰਾਂ ਅਤੇ 6 ਸਾਲ ਦੀ ਉਮਰ ਦੀ ਬੱਚੀ ਜਸਟਿਨ ਜ਼ਖਮੀ ਹੋਏ। ਇਸ ਵਾਰਦਾਤ ਵਾਲੇ ਦਿਨ ਗਾਖਲ ਪਰਿਵਾਰ ਰਾਜਵਰ ਦੀ ਭੈਣ ਬਲਵਿੰਦਰ ਗਾਖਲ ਦੇ ਵਿਆਹ ਦੀ ਤਿਆਰੀ ਕਰ ਰਿਹਾ ਸੀ ਜਿਹੜਾ ਕਿ ਅਗਲੇ ਦਿਨ 6 ਅਪ੍ਰੈਲ ਨੂੰ ਹੋਣਾ ਸੀ। ਪੁਲੀਸ ਦੇ ਅੰਦਾਜ਼ੇ ਮੁਤਾਬਕ ਮਾਰਕ ਵਿਜੇ ਚਾਹਲ ਘਰ ਤਿੰਨ ਮਿਨਟ ਰਿਹਾ ਅਤੇ ਇਸ ਸਮੇਂ ਦੌਰਾਨ ਉਸ ਨੇ 28 ਗੋਲੀਆਂ ਚਲਾਈਆਂ। ਇਸ ਕਾਂਡ ਬਾਅਦ ਉਹ ਆਪਣੀ ਕਿਰਾਏ ਉੱਤੇ ਕੀਤੀ ਕਾਰ ਵਿੱਚ ਬੈਠ ਆਪਣੇ ਮੋਟਲ ਵਿੱਚ ਚਲਾ ਗਿਆ, ਜਿੱਥੇ ਉਸ ਨੇ ਆਪਣੇ ਸਿਰ ਵਿੱਚ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ।

17 ਜਨਵਰੀ 1994
ਡੈਲਟਾ, ਬੀ ਸੀ:

29 ਸਾਲਾ ਹਰਜਿੰਦਰ ਕੌਰ ਨਿੱਜਰ ਦੀ ਲਾਸ਼ ਡੈਲਟਾ ਦੀ ਲੈਂਡਫਿੱਲ (ਸ਼ਹਿਰ ਦਾ ਕੂੜਾ ਸੁੱਟਣ ਵਾਲੀ ਥਾਂ) ਵਿੱਚ ਇਕ ਬੈਗ ਵਿੱਚ ਮਿਲੀ। ਇਸ ਕਤਲ ਦੇ ਸਬੰਧ ਵਿੱਚ ਮਈ 1995 ਵਿੱਚ ਹਰਜਿੰਦਰ ਦੇ ਪਤੀ ਬਾਜ ਨਿੱਜਰ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਅਤੇ 25 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ। ਬਾਜ ਨੇ ਹਰਜਿੰਦਰ ਨੂੰ ਇਸ ਲਈ ਕਤਲ ਕੀਤਾ ਕਿਉਂਕਿ ਬਾਜ ਦੇ ਇਕ ਹੋਰ ਔਰਤ ਅਮਰਜੀਤ ਢੇਸੀ ਨਾਲ ਸਬੰਧ ਸਨ। ਹਰਜਿੰਦਰ ਬਾਜ ਦੀ ਤੀਸਰੀ ਪਤਨੀ ਸੀ। ਪੁਲੀਸ ਬਾਜ ਨਿੱਜਰ ਨੂੰ ਦੋ ਹੋਰ ਔਰਤਾਂ ਦੇ ਲਾਪਤਾ ਹੋਣ ਬਾਰੇ ਵੀ ਸ਼ੱਕ ਦੀ ਨਿਗ੍ਹਾ ਨਾਲ ਦੇਖਦੀ ਸੀ। ਲਾਪਤਾ ਹੋਈਆਂ ਇਹਨਾਂ ਔਰਤਾਂ ਵਿੱਚੋਂ ਇਕ ਉਸ ਦੀ ਪਹਿਲੀ ਪਤਨੀ ਦਲਜੀਤ ਕੌਰ ਲੋਤੇ ਸੀ ਜੋ ਟਰਾਂਟੋ ਦੇ ਇਲਾਕੇ ਵਿੱਚੋਂ 1986 ਵਿੱਚ ਲਾਪਤਾ ਹੋ ਗਈ ਸੀ ਅਤੇ ਦੂਸਰੀ ਔਰਤ ਸੀ ਹਰਬਖਸ਼ ਕੌਰ ਸਿੰਘ, ਜਿਹੜੀ ਮਾਰਚ 1992 ਵਿੱਚ ਲਾਪਤਾ ਹੋ ਗਈ ਸੀ।

11 ਦਸ਼ਬਰ 1993
ਵੈੱਸਟ ਵੈਨਕੂਵਰ, ਬੀ ਸੀ:

23 ਸਾਲਾ ਨਜ਼ੀਸ਼ ਖਾਨ ਦੀ ਪਰਦਿਆਂ ਵਿੱਚ ਲਪੇਟੀ ਅਤੇ ਕੂੜਾ ਸਾਂਭਣ ਵਾਲੇ ਬੈਗਾਂ ਨਾਲ ਢਕੀ ਲਾਸ਼ ਉਸ ਦੇ ਸਹੁਰੇ ਪਰਿਵਾਰ ਦੀ ਇਕ ਕਾਰ ਵਿੱਚੋਂ ਮਿਲੀ। ਸੰਨ 1995/1996 ਵਿੱਚ ਨਜ਼ੀਸ਼ ਦੇ ਕਤਲ ਲਈ ਅਦਾਲਤ ਨੇ ਨਜ਼ੀਸ਼ ਦੇ ਸਹੁਰੇ ਅਬਦੁਰ ਰਸ਼ੀਦ ਖਾਨ ਅਤੇ ਸੱਸ ਰਸ਼ੀਦਾ ਖਾਨ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਦੋਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਪਰ 1998 ਵਿੱਚ ਬੀ ਸੀ ਅਪੀਲ ਕੋਰਟ ਨੇ ਰਸ਼ੀਦਾ ਖਾਨ ਨੂੰ ਇਸ ਕਤਲ ਤੋਂ ਬਰੀ ਕਰ ਦਿੱਤਾ। ਨਜ਼ੀਸ, ਅਬਦੁਰ ਰਸ਼ੀਦ ਖਾਨ ਅਤੇ ਰਸ਼ੀਦਾ ਖਾਨ ਦੇ ਪੁੱਤਰ ਫੈਜ਼ਲ ਦੀ ਪਤਨੀ ਸੀ ਅਤੇ ਉਹਨਾਂ ਦਾ ਵਿਆਹ ਮਾਰਚ 1993 ਵਿੱਚ ਹੋਇਆ ਸੀ। ਅਬਦੁਰ ਰਸ਼ੀਦ ਖਾਨ ਅਤੇ ਰਸ਼ੀਦਾ ਖਾਨ ਆਪਣੇ ਪੁੱਤਰ ਦੇ ਇਸ ਵਿਆਹ ਤੋਂ ਖੁਸ਼ ਨਹੀਂ ਸਨ। ਸਰਕਾਰੀ ਵਕੀਲ ਅਨੁਸਾਰ, ਅਬਦੁਰ ਰਸ਼ੀਦ ਖਾਨ ਨੇ ਨਜ਼ੀਸ ਦੇ ਸਿਰ ਵਿੱਚ ਵੇਲਣੇ ਨਾਲ ਸੱਟ ਮਾਰੀ ਅਤੇ ਫਿਰ ਉਸ ਦਾ ਗਲ ਘੁੱਟ ਦਿੱਤਾ।

3 ਮਈ 1986
ਨੌਰਥ ਯੋਰਕ, ਓਨਟੇਰੀਓ:

40 ਸਾਲਾ ਕਮਲਜੀਤ ਰੱਤੀ ਨੇ ਆਪਣੀ 40 ਸਾਲਾ ਪਤਨੀ ਸਵਦੇਸ਼ ਰੱਤੀ ਦੀ ਕੁਹਾੜੇ ਨਾਲ ਹੱਤਿਆ ਕਰ ਦਿੱਤੀ। ਹੱਤਿਆ ਕਰਨ ਤੋਂ ਬਾਅਦ ਕਮਲਜੀਤ ਨੇ ਲਾਸ਼ ਦੇ ਛੋਟੇ ਛੋਟੇ ਟੁਕੜੇ ਕਰ ਕੇ ਇਕ ਕੂੜਾ ਸਾਂਭਣ ਵਾਲੇ ਬੈਗ ਵਿੱਚ ਪਾ ਕੇ ਨਾਲੇ ਵਿੱਚ ਸੁੱਟ ਦਿੱਤੇ। 18 ਸਤੰਬਰ 1991 ਨੂੰ ਓਨਟੇਰੀਓ ਕੋਰਟ ਦੀ ਇਕ ਜਿਊਰੀ ਨੇ ਉਸ ਨੂੰ ਆਪਣੀ ਪਤਨੀ ਦੇ ਕਤਲ ਲਈ ਦੋਸ਼ੀ ਪਾਇਆ ਅਤੇ ਉਸ ਨੂੰ 25 ਸਾਲ ਦੀ ਸਜ਼ਾ ਸੁਣਾਈ। ਮੁਕੱਦਮੇ ਦੌਰਾਨ ਸਰਕਾਰੀ ਵਕੀਲ ਨੇ ਦੱਸਿਆ ਕਿ ਕਮਲਜੀਤ ਨੇ ਕਤਲ ਤੋਂ ਕੁਝ ਦਿਨ ਪਹਿਲਾਂ ਭਾਰਤ ਨੂੰ ਜਾਣ ਲਈ ਆਪਣੇ ਅਤੇ ਆਪਣੇ ਦੋ ਬੱਚਿਆਂ ਲਈ ਟਿਕਟਾਂ ਖਰੀਦੀਆਂ ਸਨ। ਇਸ ਦੇ ਨਾਲ ਹੀ ਉਸ ਨੇ ਇਕ ਕੁਹਾੜਾ ਵੀ ਖਰੀਦਿਆ ਸੀ। ਕਤਲ ਤੋਂ ਬਾਅਦ ਕਮਲਜੀਤ ਆਪਣੇ ਇਕ ਦੋਸਤ ਦੇ ਘਰ ਗਿਆ ਅਤੇ ਉਸ ਤੋਂ ਸਵਦੇਸ਼ ਨੂੰ ਹਸਪਤਾਲ ਲਿਜਾਣ ਲਈ ਮਦਦ ਮੰਗੀ। ਦੋਸਤ ਨੇ ਹਸਪਤਾਲ ਲਿਜਾਣ ਦਾ ਕਾਰਨ ਪੁੱਛਿਆ ਤਾਂ ਕਮਲਜੀਤ ਨੇ ਕਿਹਾ ਕਿ ਉਹ ਡਿੱਗ ਪਈ ਹੈ। ਜਦੋਂ ਦੋਸਤ ਰੱਤੀ ਦੇ ਘਰ ਪਹੁੰਚਿਆ ਤਾਂ ਕਮਲਜੀਤ ਰੱਤੀ ਨੇ ਉਸ ਨੂੰ ਦੱਸਿਆ ਕਿ ਸਵਦੇਸ਼ ਗਾਰਬੇਜ ਬੈਗ ਵਿੱਚ ਹੈ। ਦੋਸਤ ਨੇ ਪੁੱਛਿਆ “ਕਿਉਂ” ਤਾਂ ਕਮਲਜੀਤ ਨੇ ਕਿਹਾ ਕਿ ਉਹ ਮਰ ਗਈ ਹੈ।

1986
ਅਲਬਰਟਾ:

ਬਰਿੰਦਰ ਰੰਧਾਵਾ ਦੇ ਪਤੀ ਗੁਰਦਰਸ਼ਨਪਾਲ ਸਿੰਘ ਰੰਧਾਵਾ ਨੇ ਬਰਿੰਦਰ ਉੱਪਰ ਕੁਹਾੜੇ ਦਾ ਵਾਰ ਕਰਕੇ ਉਸ ਨੂੰ ਕਤਲ ਕਰ ਦਿੱਤਾ। ਇਸ ਦੇ ਨਤੀਜੇ ਵਜੋਂ ਗੁਰਦਰਸ਼ਨਪਾਲ ਸਿੰਘ ਰੰਧਾਵਾ ਨੂੰ ਉਮਰ ਕੈਦ ਦੀ ਸਜ਼ਾ ਹੋਈ। ਬਰਿੰਦਰ ਅਲਬਰਟਾ ਦੇ ਐਮ ਐਲ ਏ ਰਾਜ ਪੰਨੂ ਦੀ ਛੋਟੀ ਭੈਣ ਸੀ।

11 ਜੂਨ 1981
ਵੈਨਕੂਵਰ, ਬ੍ਰਿਟਿਸ਼ ਕੋਲੰਬੀਆ:

ਵੈਨਕੂਵਰ ਦੀ 30 ਸਾਲਾ ਰਵਿੰਦਰ ਕੌਰ ਜੌਹਲ ਨੂੰ ਉਸ ਦੇ ਪਤੀ ਦਵਿੰਦਰ ਸਿੰਘ ਜੌਹਲ (ਉਮਰ 35 ਸਾਲ) ਨੇ ਕਾਰ ਹੇਠਾਂ ਕੁਚਲ ਕੇ ਮਾਰ ਦਿੱਤਾ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਰਵਿੰਦਰ ਦੋ ਹੋਰ ਔਰਤਾਂ (ਰੇਸ਼ਮ ਕੌਰ ਹੇਅਰ ਅਤੇ ਧਰਮਪਾਲ ਕੰਗ) ਅਤੇ ਇਕ ਬੱਚੇ ਨਾਲ ਵੈਨਕੂਵਰ ਦੀ ਰੌਸ ਸਟਰੀਟ ’ਤੇ ਸਥਿੱਤ ਗੁਰਦਵਾਰੇ ਨੂੰ ਜਾ ਰਹੀ ਸੀ। ਪੁਲੀਸ ਦੀ ਰਿਪੋਰਟ ਅਨੁਸਾਰ ਦਵਿੰਦਰ ਸਿੰਘ ਜੌਹਲ ਨੇ ਸਾਈਡ ਵਾਕ ’ਤੇ ਤੁਰੀਆਂ ਜਾ ਰਹੀਆਂ ਔਰਤਾਂ ਉੱਪਰ ਕਾਰ ਚਾੜ੍ਹ ਦਿੱਤੀ। ਕਾਰ ਦੇ ਧੱਕੇ ਨਾਲ ਜਦੋਂ ਇਹ ਔਰਤਾਂ ਹੇਠਾਂ ਡਿਗ ਪਈਆਂ ਤਾਂ ਦਵਿੰਦਰ ਕਾਰ ਖੜ੍ਹੀ ਕਰ ਕੇ ਬਾਹਰ ਨਿਕਲਿਆ, ਅਤੇ ਆਪਣੀ ਪਤਨੀ ਰਵਿੰਦਰ ਕੋਲ ਗਿਆ, ਫਿਰ ਕਾਰ ਵਿੱਚ ਵਾਪਸ ਆਇਆ ’ਤੇ ਕਾਰ ਨੂੰ ਬੈਕ ਕਰ ਕੇ ਇਕ ਵਾਰ ਫਿਰ ਉਸ ਉੱਪਰ ਦੀ ਲੰਘਾ ਦਿੱਤੀ। ਇਸ ਵਾਰਦਾਤ ਸਮੇਂ ਰਵਿੰਦਰ ਆਪਣੇ ਪਤੀ ਤੋਂ ਵੱਖ ਰਹਿ ਰਹੀ ਸੀ। ਇਸ ਵਾਰਦਾਤ ਕਾਰਨ ਰਵਿੰਦਰ ਦੀ ਮੌਤ ਹੋ ਗਈ ਅਤੇ ਰੇਸ਼ਮ ਕੌਰ ਹੇਅਰ ਦੀ ਲੱਤ ਟੁੱਟ ਗਈ, ਧਰਮਪਾਲ ਕੰਗ ਦੇ ਕੁਝ ਜ਼ਖਮ ਹੋਏ ਅਤੇ ਉਸ ਦੇ 2 ਮਹੀਨਿਆਂ ਦੇ ਬੇਟੇ ਕਿਰਨਦੀਪ ਦੇ ਸਿਰ ਵਿੱਚ ਸੱਟਾਂ ਲੱਗੀਆਂ। ਇਸ ਵਾਰਦਾਤ ਤੋਂ ਬਾਅਦ ਦਵਿੰਦਰ ਸਿੰਘ ਜੌਹਲ ’ਤੇ ਸੈਕਿੰਡ ਡਿਗਰੀ ਕਤਲ ਦੇ ਚਾਰਜ ਲਾਏ ਗਏ ਅਤੇ ਉਸ ਨੂੰ ਦੋਸ਼ੀ ਕਰਾਰ ਦੇ ਕੇ ਸਜ਼ਾ ਸੁਣਾਈ ਗਈ। ਬਾਅਦ ਵਿੱਚ ਆਪਣੀ ਸਜ਼ਾ ਭੁਗਤਦੇ ਸਮੇਂ ਦਵਿੰਦਰ ਸਿੰਘ ਜੌਹਲ ਨੇ ਜੇਲ੍ਹ ਵਿੱਚ ਆਤਮਹੱਤਿਆ ਕਰ ਲਈ।

26 ਅਗਸਤ 1980
ਵੈਨਕੂਵਰ, ਬ੍ਰਿਟਿਸ਼ ਕੋਲੰਬੀਆ:

ਵੈਨਕੂਵਰ ਨਿਵਾਸੀ 61 ਸਾਲਾ ਦਲੀਪ ਸਿੰਘ ਧਾਲੀਵਾਲ ਨੇ ਆਪਣੀ ਵੱਖ ਰਹਿ ਰਹੀ ਪਤਨੀ ਰਾਜਿੰਦਰ ਕੌਰ ਧਾਲੀਵਾਲ ਉੱਪਰ 5 ਗੋਲੀਆਂ ਚਲਾਈਆਂ ਅਤੇ ਉਹਨਾਂ ਵਿੱਚੋਂ 2 ਗੋਲੀਆਂ ਉਸ ਦੇ ਲੱਗੀਆਂ ਅਤੇ ਨਤੀਜੇ ਵਜੋਂ ਉਸ ਦੀ ਮੌਤ ਹੋ ਗਈ। ਇਸ ਕਤਲ ਦੇ ਸਬੰਧ ਵਿੱਚ ਮਾਰਚ 1981 ਵਿੱਚ ਜਿਊਰੀ ਨੇ ਦਲੀਪ ਸਿੰਘ ਧਾਲੀਵਾਲ ਨੂੰ ਸੈਕਿੰਡ ਡਿਗਰੀ ਕਤਲ ਲਈ ਦੋਸ਼ੀ ਪਾਇਆ। ਜਸਟਿਸ ਕੇ. ਈ. ਮੈਰੇਡਿੱਥ ਨੇ ਦਲੀਪ ਸਿੰਘ ਧਾਲੀਵਾਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਪੈਰੋਲ ਦਾ ਹੱਕਦਾਰ ਹੋਣ ਲਈ ਧਾਲੀਵਾਲ ਲਈ 10 ਸਾਲ ਦੀ ਸਜ਼ਾ ਕੱਟਣੀ ਜ਼ਰੂਰੀ ਸੀ। ਧਾਲੀਵਾਲ ਵਲੋਂ ਰਾਜਿੰਦਰ ਕੌਰ ਦੇ ਗੋਲੀ ਮਾਰਨ ਦਾ ਕਾਰਨ ਇਹ ਸੀ ਕਿ ਉਹ ਸਮਝਦਾ ਸੀ ਕਿ ਰਾਜਿੰਦਰ ਕੌਰ ਉਸ ਦੀ ਵਫਾਦਾਰ ਨਹੀਂ।

3 ਨਵੰਬਰ 1978
ਵਿਨੀਪੈੱਗ, ਮੈਨੀਟੋਬਾ:

ਵਿਨੀਪੈੱਗ ਦੀ ਅਦਾਲਤ ਵਿੱਚ ਜਿਊਰੀ ਨੇ 33 ਸਾਲਾ ਗੁਰਮੇਲ ਸਿੰਘ ਨੂੰ ਆਪਣੀ ਪਤਨੀ ਜੋਗਿੰਦਰ ਕੌਰ ਦੇ ਕਤਲ ਲਈ ਦੋਸ਼ੀ ਪਾਇਆ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਵਾਈ। ਜੋਗਿੰਦਰ 10 ਮਾਰਚ 1978 ਨੂੰ ਉਹਨਾਂ ਦੇ ਘਰ ਵਿੱਚ ਲੱਗੀ ਅੱਗ ਵਿੱਚ ਜਲ ਗਈ ਸੀ ਅਤੇ ਉਸ ਦੀ 29 ਮਾਰਚ ਨੂੰ ਹਸਪਤਾਲ ਵਿੱਚ ਮੌਤ ਹੋ ਗਈ ਸੀ। ਮੁਕੱਦਮੇ ਦੌਰਾਨ ਸਰਕਾਰੀ ਵਕੀਲ ਨੇ ਦਾਅਵਾ ਕੀਤਾ ਕਿ 10 ਮਾਰਚ 1978 ਨੂੰ ਗੁਰਮੇਲ ਸਿੰਘ ਨੇ ਰਾਤ ਦੇ ਵਕਤ ਆਪਣੀ ਪਤਨੀ ਦੇ ਸੱਟ ਮਾਰ ਕੇ ਉਸ ਨੂੰ ਬੇਹੋਸ਼ ਕਰ ਦਿੱਤਾ ਅਤੇ ਫਿਰ ਉਸ ਦੇ ਕਮਰੇ ਵਿੱਚ ਪੈਟਰੋਲ ਛਿੜਕ ਕੇ ਉਸ ਦਾ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਫਿਰ ਰਸੋਈ ਵਿੱਚ ਇਕ ਹੋਰ ਅੱਗ ਲਾਈ ਅਤੇ ਬੱਚਿਆਂ ਨੂੰ ਇਕ ਨੇੜਲੇ ਰੈਸਟੋਰੈਂਟ ਵਿੱਚ ਲੈ ਗਿਆ। ਸਰਕਾਰੀ ਵਕੀਲ ਦਾ ਕਹਿਣਾ ਸੀ ਕਿ ਗੁਰਮੇਲ ਸਿੰਘ ਨੇ ਆਪਣੀ ਪਤਨੀ ਦਾ ਕਤਲ 72,000 ਡਾਲਰ ਦੀ ਇੰਸ਼ੋਰੈਂਸ ਦੀ ਰਕਮ ਲੈਣ ਲਈ ਅਤੇ ਘਰ ਦੀ ਇੰਸ਼ੋਰੈਂਸ ਲੈਣ ਲਈ ਕੀਤਾ।

ਨਵੰਬਰ 1977
ਬਰਨਬੀ, ਬ੍ਰਿਟਿਸ਼ ਕੋਲੰਬੀਆ:

18 ਸਾਲਾ ਫਿਜੀਅਨ ਕੁੜੀ ਪੈਟ ਵਾਗਾ ਦੀ ਉਸ ਦੇ 72 ਸਾਲਾ ਪਤੀ ਨੇਥਨ ਬਿੰਗਮ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਨੇ ਨੇਥਨ ਬਿੰਗਮ ਨੂੰ ਪੈਟ ਦੇ ਕਤਲ ਲਈ ਚਾਰਜ ਕਰ ਲਿਆ। ਪੈਟ ਅਗਸਤ 1977 ਵਿੱਚ ਕੈਨੇਡਾ ਆਈ ਸੀ ਅਤੇ ਸਤੰਬਰ 1977 ਵਿੱਚ ਉਸ ਦਾ ਨੇਥਨ ਨਾਲ ਵਿਆਹ ਹੋਇਆ ਸੀ।

23 ਅਕਤੂਬਰ 1972
ਨਿਊਵੈਸਟਮਨਿਸਟਰ, ਬੀ ਸੀ:

18 ਸਾਲਾ ਪਰਮਜੀਤ ਕੌਰ ਸਿੱਧੂ ਅਤੇ 23 ਸਾਲਾ ਗੁਰਮੇਲ ਸਿੰਘ ਸਿੱਧੂ 1331 ਈਊਨ ਐਵਨਿਊ ਸਥਿੱਤ ਆਪਣੀ ਬੇਸਮੈਂਟ ਵਿੱਚ ਫਟੇ ਬੰਬ ਨਾਲ ਮਾਰੇ ਗਏ। ਰਿਪੋਰਟਾਂ ਅਨੁਸਾਰ, ਜਦੋਂ ਇਸ ਨਵੀਂ ਵਿਆਹੀ ਜੋੜੀ ਨੇ ਤੋਹਫੇ ਵਜੋਂ ਆਈ ਇਕ ਚਾਹ ਬਣਾਉਣ ਵਾਲੀ ਬਿਜਲੀ ਦੀ ਕੇਤਲੀ ਨੂੰ ਪਲੱਗ ਵਿੱਚ ਲਾਇਆ ਤਾਂ ਕੇਤਲੀ ਵਿੱਚ ਫਿੱਟ ਕੀਤਾ ਵਿਸਫੋਟਕ ਪਦਾਰਥ ਫਟ ਗਿਆ। ਇਹ ਕੇਤਲੀ ਇਸ ਜੋੜੀ ਨੂੰ ਇਕ ਪਾਰਸਲ ਵਿੱਚ ਡਾਕ ਰਾਹੀਂ ਭੇਜੀ ਗਈ ਸੀ। ਇਸ ਹਾਦਸੇ ਵਿੱਚ ਪਰਮਜੀਤ ਥਾਂ ’ਤੇ ਹੀ ਮਾਰੀ ਗਈ ਅਤੇ ਗੁਰਮੇਲ ਸਿੱਧੂ ਦੀ ਰੌਇਲ ਕੋਲੰਬੀਅਨ ਹਸਪਤਾਲ ਪਹੁੰਚਣ ’ਤੇ ਮੌਤ ਹੋ ਗਈ। ਲੰਮੀ ਤਫਤੀਸ਼ ਬਾਅਦ 6 ਫਰਵਰੀ 1976 ਨੂੰ ਇਹਨਾਂ ਦੋ ਕਤਲਾਂ ਲਈ ਮੇਰਟ ਵਿੱਚ ਰਹਿ ਰਹੇ ਪਰਮਜੀਤ ਦੇ ਪਿਤਾ ਸੰਤਾ ਸਿੰਘ ਤਾਤਲਾ ਨੂੰ ਗ੍ਰਿਫਤਾਰ ਕਰ ਕੇ ਚਾਰਜ ਕੀਤਾ ਗਿਆ। ਸੰਤਾ ਸਿੰਘ ਤਾਤਲਾ ਦੇ ਨਾਲ ਹੀ ਇਹਨਾਂ ਕਤਲਾਂ ਲਈ ਜੇਮਜ਼ ਵਿਲਬਰੋਡ ਲਿਊਸ ਨੂੰ ਵੀ ਚਾਰਜ ਕੀਤਾ ਗਿਆ। ਸਰਕਾਰ ਦਾ ਦੋਸ਼ ਸੀ ਕਿ ਲਿਊਸ ਤਾਤਲੇ ਨਾਲ ਕੰਮ ਕਰਦਾ ਸੀ ਅਤੇ ਉਸ ਨੇ ਇਸ ਕਤਲ ਵਿੱਚ ਤਾਤਲੇ ਦੀ ਮਦਦ ਕੀਤੀ ਸੀ। ਮੁਕੱਦਮੇ ਦੌਰਾਨ 30 ਨਵੰਬਰ 1976 ਨੂੰ ਅਸਿਸਟੈਂਟ ਪ੍ਰੌਸੀਕਿਊਟਰ ਵਾਲੀ ਉੱਪਲ (ਬੀ ਸੀ ਦੇ ਮੌਜੂਦਾ ਅਟਾਰਨੀ ਜਨਰਲ) ਨੇ ਇਲਜ਼ਾਮ ਲਾਇਆ ਕਿ ਤਾਤਲੇ ਨੇ ਆਪਣੀ ਧੀ ਦਾ ਕਤਲ ਇਸ ਲਈ ਕੀਤਾ ਕਿਉਂਕਿ ਉਸ ਨੇ ਅਜਿਹੇ ਵਿਅਕਤੀ ਨਾਲ ਵਿਆਹ ਕਰਵਾਇਆ ਸੀ ਜਿਹੜਾ ਤਾਤਲੇ ਨੂੰ ਪਸੰਦ ਨਹੀਂ ਸੀ। ਮੁਕੱਦਮੇ ਦੌਰਾਨ ਪੇਸ਼ ਕੀਤੀ ਡਾਕਟਰੀ ਗਵਾਹੀ ਵਿੱਚ ਇਹ ਵੀ ਦੱਸਿਆ ਗਿਆ ਕਿ ਮਰਨ ਸਮੇਂ ਪਰਮਜੀਤ ਥੋੜ੍ਹੇ ਸਮੇਂ ਦੀ ਗਰਭਵਤੀ ਸੀ। ਮੁਕੱਦਮੇ ਦੇ ਅਖੀਰ ਵਿੱਚ ਆਪਣੀ ਦਲੀਲ ਦਿੰਦਿਆ ਸਰਕਾਰੀ ਵਕੀਲ, ਡੱਗ ਹੌਗਾਰਥ ਨੇ ਕਿਹਾ ਕਿ ਤਾਤਲਾ ਇਕ “ਪਾਗਲ ਅਤਿਆਚਾਰੀ” ਹੈ। 15 ਦਸੰਬਰ 1976 ਨੂੰ ਸੰਤਾ ਸਿੰਘ ਤਾਤਲੇ ਅਤੇ ਜੇਮਜ਼ ਵਿਲਬਰੋਡ ਲਿਊਸ ਨੂੰ ਇਹਨਾਂ ਕਤਲਾਂ ਲਈ ਉਮਰ ਕੈਦ ਦੀ ਸਜ਼ਾ ਸੁਣਾਈ ਗਈ।

ਕਤਲ ਕੀਤੀਆਂ ਔਰਤਾਂ ਜਿਹਨਾਂ ਦੇ ਕਤਲਾਂ ਲਈ ਇਸ ਸਮੇਂ ਕਿਸੇ ਨੂੰ ਵੀ ਚਾਰਜ ਨਹੀਂ ਕੀਤਾ ਗਿਆ:

5 ਜੁਲਾਈ 2007
ਬਰਨਬੀ, ਬ੍ਰਿਟਿਸ਼ ਕੋਲੰਬੀਆ:

ਨਵੀਂ ਵਿਆਹੀ, 40 ਸਾਲਾ, ਸਰੀ ਵਿੱਚ ਇਕ ਸਕੂਲ ਦੀ ਪ੍ਰਿੰਸੀਪਲ ਸ਼ਮੀਨਾ ਹਿਰਜੀ ਦਾ ਬਰਨਬੀ ਵਿੱਚ ਆਪਣੇ ਘਰ ਵਿੱਚ ਕਤਲ ਹੋ ਗਿਆ। ਉਸ ਦੇ ਪਤੀ ਪਾਲ ਚੀਮਾ ਨੇ ਪੁਲੀਸ ਨੂੰ ਕਿਹਾ ਕਿ ਤਿੰਨ ਹਮਲਾਵਾਰ ਉਸ ਦੇ ਘਰ ਦਾਖਲ ਹੋਏ ਅਤੇ ਉਹਨਾਂ ਉਸ ਦੀ ਨਵੀਂ ਵਿਆਹੀ ਪਤਨੀ ਨੂੰ ਮਾਰ ਦਿੱਤਾ ਅਤੇ ਉਸ ਉੱਪਰ ਵੀ ਹਮਲਾ ਕੀਤਾ। ਪਰ ਚੀਮਾ ਦੇ ਲੱਗੀਆਂ ਸੱਟਾਂ ਏਨੀਆਂ ਮਾਮੂਲੀ ਸਨ ਕਿ ਉਸ ਨੂੰ ਥੋੜ੍ਹੀ ਦੇਰ ਬਾਅਦ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ। 14 ਜੁਲਾਈ ਨੂੰ ਪੁਲੀਸ ਨੇ ਪਾਲ ਚੀਮਾ ਨੂੰ ਗ੍ਰਿਫਤਾਰ ਕੀਤਾ ਪਰ ਬਿਨਾਂ ਦੋਸ਼ ਲਾਇਆਂ ਛੱਡ ਦਿੱਤਾ। ਇਸ ਸਮੇਂ ਪੁਲੀਸ ਨੇ ਕਿਹਾ ਕਿ ਚੀਮਾ ਇਸ ਕਤਲ ਲਈ “ਮੁੱਖ ਅਤੇ ਇਕੋ ਇਕ ਸ਼ੱਕੀ ਵਿਅਕਤੀ ਹੈ”। ਪਰ ਪਾਲ ਚੀਮਾ ਦੇ ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਚੀਮਾ ਸ਼ਮੀਨਾ ਦਾ ਕਤਲ ਨਹੀਂ ਕਰ ਸਕਦਾ। 27 ਅਗਸਤ 2007 ਨੂੰ ਪਾਲ ਚੀਮਾ ਦੀ ਆਪਣੇ ਮਾਪਿਆਂ ਦੇ ਘਰ ਦੀ ਬੇਸਮੈਂਟ ਵਿੱਚੋਂ ਲਾਸ਼ ਮਿਲੀ। ਸ਼ੱਕ ਕੀਤਾ ਜਾ ਰਿਹਾ ਹੈ ਕਿ ਉਸਨੇ ਆਤਮਹੱਤਿਆ ਕੀਤੀ ਹੈ।

7 ਫਰਵਰੀ 2007
ਸਰੀ, ਬ੍ਰਿਟਿਸ਼ ਕੋਲੰਬੀਆ:

ਸਰੀ ਵਿੱਚ ਅਮਨਦੀਪ ਕੌਰ ਬਾਹੀਆ ਦੀ ਆਪਣੇ ਘਰ ਵਿੱਚ ਬੁਰੀ ਤਰ੍ਹਾਂ ਕੱਟੀ-ਵੱਢੀ ਲਾਸ਼ ਮਿਲੀ। ਉਸ ਸਮੇਂ ਉਸ ਦੀਆਂ ਦੋ ਛੋਟੀਆਂ ਬੱਚੀਆਂ ਘਰ ਵਿੱਚ ਸਨ। ਜਦੋਂ ਅਮਨਦੀਪ ਦੇ ਸਹੁਰਿਆਂ ਨੇ ਘਰ ਆ ਕੇ ਅਮਨਦੀਪ ਦੀ ਲਾਸ਼ ਦੇਖੀ, ਉਸ ਸਮੇਂ ਅਮਨਦੀਪ ਦੀ ਇਕ ਸਾਲਾ ਛੋਟੀ ਬੱਚੀ ਆਪਣੀ ਮਾਂ ਦੀ ਲਹੂ-ਭਿੱਜੀ ਲਾਸ਼ ਕੋਲ ਬੈਠੀ ਸੀ। ਕੇਸ ਦੀ ਜਾਂਚ ਜਾਰੀ ਹੈ ਅਤੇ ਇਸ ਮਾਮਲੇ ਵਿੱਚ ਕਿਸੇ ‘ਤੇ ਕੋਈ ਚਾਰਜ ਨਹੀਂ ਲਾਏ ਗਏ। ਅਮਨਦੀਪ ਦੇ ਸਸਕਾਰ ਵਾਲੇ ਦਿਨ ਮੀਡੀਆ ਨਾਲ ਗੱਲ ਕਰਦਿਆਂ ਅਮਨਦੀਪ ਦੇ ਪਤੀ ਬਲਜਿੰਦਰ ਸਿੰਘ ਬਾਹੀਆ ਨੇ ਕਿਹਾ ਕਿ ਇਸ ਕੇਸ ਵਿੱਚ “ਮੈਂ ਇਕ ਸ਼ੱਕੀ ਹਾਂ ....”

24 ਜਨਵਰੀ 2006
ਪੰਜਾਬ:

ਕੈਨੇਡਾ ਦੇ ਸ਼ਹਿਰ ਵਿਨੀਪੈੱਗ ਦੀ ਰਹਿਣ ਵਾਲੀ ਰਾਣੀ ਸੰਧੂ ਦੀ ਪੰਜਾਬ ਫੇਰੀ ਦੌਰਾਨ ਮੌਤ ਹੋ ਗਈ। ਰਾਣੀ ਦੇ ਮਾਪਿਆਂ ਨੇ ਸ਼ੱਕ ਜ਼ਾਹਿਰ ਕੀਤਾ ਕਿ ਪੰਜਾਬ ਵਿੱਚ ਰਾਣੀ ਦੀ ਜ਼ਹਿਰ ਦੇ ਕੇ ਹੱਤਿਆ ਕੀਤੀ ਗਈ ਹੈ। ਰਾਣੀ ਦੇ ਮਾਪਿਆਂ ਨੇ ਇਸ ਸਬੰਧ ਵਿੱਚ ਵਿਨੀਪੈੱਗ ਪੁਲੀਸ ਕੋਲ ਰਿਪੋਰਟ ਕੀਤੀ ਅਤੇ ਉਸ ਸਮੇਂ ਕੈਨੇਡਾ ਦੇ ਡਿਪਾਰਟਮੈਂਟ ਆਫ ਫੌਰਨ ਅਫੇਅਰਜ਼ ਨੇ ਰਾਣੀ ਦੇ ਮਾਪਿਆਂ ਦੇ ਦਾਅਵੇ ਦੀ ਜਾਂਚ ਕਰਨ ਲਈ ਇਕ ਕੇਸ ਵਰਕਰ ਨਿਯੁਕਤ ਕੀਤਾ ਸੀ ਅਤੇ ਫੈਡਰਲ ਅਧਿਕਾਰੀਆਂ ਨੇ ਉਹਨਾਂ ਨੂੰ ਦੱਸਿਆ ਸੀ ਕਿ ਉਹ ਪੰਜਾਬ ਦੇ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ। ਰਾਣੀ ਆਪਣੇ ਪਤੀ ਅਮਨਦੀਪ ਸੰਧੂ ਅਤੇ ਆਪਣੀ 10-ਮਹੀਨਿਆਂ ਦੀ ਬੇਟੀ ਸਿਮਰਨ ਨਾਲ 21 ਜਨਵਰੀ, 2006 ਨੂੰ ਪੰਜਾਬ ਗਈ ਸੀ ਅਤੇ 24 ਜਨਵਰੀ ਨੂੰ ਉਸ ਦੀ ਮੌਤ ਹੋ ਗਈ।

ਜਨਵਰੀ 2005
ਪੰਜਾਬ:

ਕੈਨੇਡਾ ਦੇ ਸ਼ਹਿਰ ਐਡਮਿੰਟਨ ਦੀ ਰਹਿਣ ਵਾਲੀ 34 ਸਾਲਾ ਜਗਜੀਤ ਕੌਰ ਆਪਣੇ ਪਤੀ ਨਾਲ ਇਕ ਵਿਆਹ ਵਿੱਚ ਸ਼ਾਮਲ ਹੋਣ ਲਈ ਜਨਵਰੀ ਵਿੱਚ ਪੰਜਾਬ ਗਈ। ਪੰਜਾਬ ਪਹੁੰਚਣ ਤੋਂ 10 ਦਿਨ ਬਾਅਦ ਉਸ ਦੀ ਭੇਤ ਭਰੀ ਹਾਲਤ ਵਿੱਚ ਮੌਤ ਗਈ। ਉਸ ਦੇ ਪੋਸਟ ਮਾਰਟਮ ਤੋਂ ਪਤਾ ਲੱਗਾ ਕਿ ਉਸ ਨੂੰ ਜ਼ਹਿਰ ਦਿੱਤੀ ਗਈ ਸੀ। ਜਗਜੀਤ ਦੇ ਵੱਡੇ ਭਰਾ ਗੁਰਸੇਵਕ ਸੇਖੋਂ ਦਾ ਕਹਿਣਾ ਸੀ ਕਿ ਅਜਿਹਾ ਨਹੀਂ ਹੋ ਸਕਦਾ ਕਿ ਉਸ ਦੀ ਭੈਣ ਨੇ ਆਪ ਜ਼ਹਿਰ ਖਾਧੀ ਹੋਵੇ। ਸੇਖੋਂ ਨੇ ਮੀਡੀਆ ਨੂੰ ਅਗਾਂਹ ਦੱਸਿਆ ਕਿ ਪੰਜਾਬ ਵਿੱਚ ਪੁਲੀਸ ਨੇ ਜਗਜੀਤ ਦੇ ਪਤੀ ਅਤੇ ਉਸ ਦੇ ਪਰਿਵਾਰ ਵਾਲਿਆਂ ਤੋਂ ਪੁੱਛ-ਗਿੱਛ ਕੀਤੀ ਸੀ, ਪਰ ਕਿਸੇ ’ਤੇ ਕੋਈ ਚਾਰਜ ਨਹੀਂ ਲਾਇਆ ਸੀ।

3 ਫਰਵਰੀ 1991
ਮੇਰਟ, ਬੀ ਸੀ ਨੇੜੇ:

25 ਸਾਲਾ ਸਵਰਨਜੀਤ ਕੌਰ ਥਾਂਦੀ ਦੀ ਲਾਸ਼ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਮੇਰਟ ਨੇੜੇ ਇਕ ਸੜਕ ਦੇ ਕਿਨਾਰੇ ਮਿਲੀ। ਸਵਰਨਜੀਤ ਦੇ ਕਤਲ ਦੇ ਸਬੰਧ ਵਿੱਚ ਕਿਸੇ ਨੂੰ ਚਾਰਜ ਨਹੀਂ ਕੀਤਾ ਗਿਆ ਪਰ ਉਸ ਦੀ ਮੌਤ ਬਾਰੇ ਕੌਰਨਰ ਵਲੋਂ ਕੀਤੀ ਇਕ ਜਾਂਚ ਵਿੱਚ ਪੇਸ਼ ਗਵਾਹੀਆਂ ਅਨੁਸਾਰ ਸਵਰਨਜੀਤ ਸਤੰਬਰ 1985 ਵਿੱਚ ਜਗਤਾਰ ਪਾਲ ਢਿੱਲੋਂ ਨਾਲ ਵਿਆਹ ਕਰਵਾ ਕੇ ਅਲਡਰਗਰੋਵ ਕੈਨੇਡਾ ਵਿਖੇ ਆਈ ਸੀ। ਇੱਥੇ ਆਉਣ ਤੋਂ ਬਾਅਦ ਛੇਤੀ ਹੀ ਉਸ ਨੇ ਪਾਲ ਢਿੱਲੋਂ ਤੋਂ ਤਲਾਕ ਲੈ ਲਿਆ ਕਿਉਂਕਿ ਉਸ ਦੇ ਅਤੇ ਢਿੱਲੋਂ ਪਰਿਵਾਰ ਵਿਚਕਾਰ ਸਮਝੌਤਾ ਸੀ ਕਿ ਸਵਰਨਜੀਤ ਦਾ ਇੰਡਿਆ ਵਿੱਚ ਰਹਿ ਰਹੇ ਪਾਲ ਦੇ ਵੱਡੇ ਭਰਾ ਨਿਰਮਲ ਢਿੱਲੋਂ ਨਾਲ ਵਿਆਹ ਕੀਤਾ ਜਾਵੇਗਾ। ਇਸ ਲਈ ਤਲਾਕ ਲੈਣ ਤੋਂ ਬਾਅਦ ਵੀ ਸਵਰਨਜੀਤ ਆਪਣੇ ਸਾਬਕਾ ਪਤੀ ਦੇ ਹੀ ਘਰ ਰਹੀ। ਜਾਂਚ ਵਿੱਚ ਭੁਗਤੀਆਂ ਗਵਾਹੀਆਂ ਵਿੱਚ ਇਹ ਵੀ ਕਿਹਾ ਗਿਆ ਕਿ ਉਸ ਘਰ ਵਿੱਚ ਸਵਰਨਜੀਤ ਨਾਲ ਬਦਸਲੂਕੀ ਕੀਤੀ ਜਾਂਦੀ ਸੀ, ਉਸ ਨੂੰ ਬੇਸਮੈਂਟ ਵਿੱਚ ਫਰਸ਼ ’ਤੇ ਸੁਲਾਇਆ ਜਾਂਦਾ ਸੀ ਅਤੇ ਖਾਣ ਲਈ ਰੋਟੀ ਦੇ ਬਚੇ ਖੁਚੇ ਟੁੱਕੜੇ ਦਿੱਤੇ ਜਾਂਦੇ ਸਨ ਅਤੇ ਉਸ ਨਾਲ ਕੁੱਟ ਮਾਰ ਕੀਤੀ ਜਾਂਦੀ ਸੀ। ਓਸ਼ੀਅਨ ਪਾਰਕ ਪੀਜ਼ਾ, ਜਿੱਥੇ ਸਵਰਨਜੀਤ ਕੰਮ ਕਰਦੀ ਸੀ, ਦੇ ਮੈਨੇਜਰ ਅਤੇ ਕੁੱਕ ਨੇ ਗਵਾਹੀ ਦਿੰਦਿਆਂ ਕਿਹਾ ਕਿ ਕਈ ਵਾਰ ਸਵਰਨਜੀਤ ਦੀਆਂ ਬਾਹਾਂ ’ਤੇ ਨੀਲ ਪਏ ਹੁੰਦੇ ਸਨ। ਇਸ ਤੋਂ ਇਲਾਵਾ ਉਸ ਘਰ ਵਿੱਚ ਸਵਰਨਜੀਤ ਦਾ ਲਿੰਗਕ ਸ਼ੋਸ਼ਣ ਵੀ ਕੀਤਾ ਜਾਂਦਾ ਸੀ। ਸਵਰਨਜੀਤ ਤੋਂ ਗੁਲਾਮਾਂ ਵਾਂਗ ਕੰਮ ਕਰਵਾਇਆ ਜਾਂਦਾ ਸੀ। ਪਰ ਇਸ ਜਾਂਚ ਵਿੱਚ ਢਿੱਲੋਂ ਪਰਿਵਾਰ ਦੇ ਮੈਂਬਰਾਂ ਨੇ ਗਵਾਹੀ ਦਿੰਦਿਆਂ ਇਹਨਾਂ ਸਾਰੇ ਇਲਜ਼ਾਮਾਂ ਦਾ ਖੰਡਨ ਕੀਤਾ ਸੀ।

ਔਰਤਾਂ ਉੱਤੇ ਕੀਤੇ ਗਏ ਹਮਲੇ ਜਿਹਨਾਂ ਲਈ ਪਰਿਵਾਰ ਦੇ ਮੈਂਬਰਾਂ ਨੂੰ ਦੋਸ਼ੀ ਪਾਇਆ ਗਿਆ ਜਾਂ ਉਹਨਾਂ ਨੂੰ ਚਾਰਜ ਕੀਤਾ ਗਿਆ ਹੈ:

19 ਅਕਤੂਬਰ 2006
ਪੋਰਟ ਕੁਕਿਟਲਮ, ਬ੍ਰਿਟਿਸ਼ ਕੋਲੰਬੀਆ:

ਪਰਮਜੀਤ ਘੁੰਮਣ ਨੇ ਆਪਣੀ ਪਤਨੀ ਗੁਰਜੀਤ ਘੁੰਮਣ ਨੂੰ ਗੋਲੀ ਮਾਰ ਦਿੱਤੀ। ਗੋਲੀ ਲੱਗਣ ਕਾਰਨ ਗੁਰਜੀਤ ਛੇ ਹਫਤੇ ਬੇਹੋਸ਼ੀ (ਕੋਮੇ) ਵਿੱਚ ਰਹੀ। ਬੇਸ਼ੱਕ ਛੇ ਹਫਤਿਆਂ ਬਾਅਦ ਉਸ ਨੂੰ ਹੋਸ਼ ਆ ਗਈ ਪਰ ਇਸ ਹਮਲੇ ਕਾਰਨ ਉਸਦੀ ਨਿਗ੍ਹਾ ਚਲੀ ਗਈ। ਗੁਰਜੀਤ ਨੂੰ ਗੋਲੀ ਮਾਰਨ ਬਾਅਦ ਉਸ ਦੇ ਪਤੀ ਨੇ ਆਪਣੇ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਪਰਮਜੀਤ ਅਤੇ ਗੁਰਜੀਤ ਘੁੰਮਣ 18 ਸਾਲ ਤੋਂ ਵਿਆਹੇ ਹੋਏ ਸਨ, ਪਰ ਉਹਨਾਂ ਦਾ ਵਿਆਹੁਤਾ ਜੀਵਨ ਸਮੱਸਿਆਵਾਂ ਭਰਪੂਰ ਸੀ। ਸੰਨ 2006 ਦੀਆਂ ਗਰਮੀਆਂ ਵਿੱਚ ਜਦੋਂ ਗੁਰਜੀਤ ਨੇ ਆਪਣੇ ਪਤੀ ਤੋਂ ਤਲਾਕ ਲੈਣ ਦੀ ਗੱਲ ਕੀਤੀ ਤਾਂ ਸਥਿਤੀ ਵਿਗੜਨੀ ਸ਼ੁਰੂ ਹੋ ਗਈ।

18 ਜਨਵਰੀ 2001
ਸਰੀ, ਬੀ ਸੀ:

ਘਰੇਲੂ ਲੜਾਈ ਦੌਰਾਨ, ਸੁਖਜਿੰਦਰ ਸਿੰਘ ਢਿੱਲੋਂ ਨੇ ਆਪਣੀ ਪਤਨੀ ਰਣਜੀਤ ਕੌਰ ਢਿੱਲੋਂ ਨੂੰ ਕੁੱਟਿਆ। ਨਤੀਜੇ ਵਜੋਂ ਅਗਸਤ 2001 ਵਿੱਚ ਸੁਖਜਿੰਦਰ ਸਿੰਘ ਢਿੱਲੋਂ ਨੂੰ ਅਦਾਲਤ ਨੇ ਇਕ ਸਾਲ ਦੀ ਸ਼ਰਤੀਆ ਸਜ਼ਾ ਸੁਣਾਈ। ਮੁਕੱਦਮੇ ਦੌਰਾਨ ਰਣਜੀਤ ਕੌਰ ਢਿੱਲੋਂ ਨੇ ਇਲਜ਼ਾਮ ਲਾਇਆ ਸੀ ਕਿ ਉਸ ਨੂੰ ਇਸ ਕਰਕੇ ਕੁੱਟਿਆ ਗਿਆ ਕਿਉਂਕਿ ਉਸ ਨੇ ਦੋ ਕੁੜੀਆਂ ਨੂੰ ਜਨਮ ਦਿੱਤਾ ਸੀ ਅਤੇ ਉਸ ਦੇ ਕੋਈ ਪੁੱਤਰ ਨਹੀਂ ਸੀ ਹੋਇਆ। ਸੁਖਜਿੰਦਰ ਸਿੰਘ ਢਿੱਲੋਂ ਨੇ ਮੰਨਿਆ ਕਿ ਉਸ ਨੇ ਰਣਜੀਤ ਦੇ ਮੁੱਕਾ ਮਾਰਿਆ ਸੀ, ਪਰ ਉਸ ਦਾ ਕਹਿਣਾ ਸੀ ਕਿ ਉਸ ਨੇ ਅਜਿਹਾ ਇਸ ਕਰਕੇ ਨਹੀਂ ਕੀਤਾ ਕਿ ਰਣਜੀਤ ਕੌਰ ਦੇ ਕੋਈ ਪੁੱਤਰ ਨਹੀਂ ਸੀ ਹੋਇਆ, ਸਗੋਂ ਲੜਾਈ ਤਿੰਨ ਔਰਤਾਂ (ਰਣਜੀਤ ਕੌਰ, ਉਸ ਦੀ ਸੱਸ ਬਲਵੀਰ ਢਿੱਲੋਂ ਅਤੇ ਉਸ ਦੀ ਨਨਾਣ ਦਵਿੰਦਰ ਢਿੱਲੋਂ) ਵਿਚਕਾਰ ਸ਼ੁਰੂ ਹੋਈ ਸੀ।

ਮਈ 17, 2000
ਟਰਾਂਟੋ, ਉਨਟੇਰੀਓ:

67 ਸਾਲਾ ਪਿਆਰਾ ਸਿੰਘ ਰਾਇ ਨੇ ਆਪਣੀ ਬੇਟੀ ਅਮਰਪ੍ਰਦੀਪ ਕੌਰ ਰਾਇ ਉੱਪਰ ਚਾਕੂ ਨਾਲ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ ਕਿਉਂਕਿ ਅਮਰਪ੍ਰਦੀਪ ਨੇ ਮਾਪਿਆਂ ਵਲੋਂ ਕੀਤੇ ਵਿਆਹ ਵਿੱਚੋਂ ਨਿਕਲ ਕੇ ਆਪਣੇ ਮਨਪਸੰਦ ਮੁੰਡੇ ਨਾਲ ਵਿਆਹ ਕਰ ਲਿਆ ਸੀ। ਸੰਨ 1999 ਵਿੱਚ ਅਮਰਪ੍ਰਦੀਪ ਕੌਰ ਆਪਣੇ ਭਰਾਵਾਂ ਨੂੰ ਮਿਲਣ ਭਾਰਤ ਗਈ ਸੀ, ਜਿੱਥੇ ਉਸ ਦਾ ਵਿਆਹ ਉਸ ਦੇ ਕਜ਼ਨ ਨਾਲ ਕਰ ਦਿੱਤਾ ਗਿਆ ਤਾਂ ਕਿ ਉਸ ਦਾ ਕਜ਼ਨ ਕੈਨੇਡਾ ਆ ਸਕੇ। ਇਸ ਵਿਆਹ ਵਿੱਚ ਅਮਰਪ੍ਰਦੀਪ ਅਤੇ ਉਸ ਦੇ ਕਜ਼ਨ ਵਿਚਕਾਰ ਪਤੀ/ਪਤਨੀ ਵਾਲੇ ਸਬੰਧ ਨਹੀਂ ਬਣੇ ਸਨ। ਮਾਰਚ 2000 ਵਿੱਚ ਅਮਰਪ੍ਰਦੀਪ ਦੁਬਾਰਾ ਭਾਰਤ ਗਈ ਅਤੇ ਉਸ ਨੇ ਆਪਣੀ ਪਸੰਦ ਦੇ ਮੁੰਡੇ ਨਾਲ ਚੋਰੀ ਵਿਆਹ ਕਰਵਾ ਲਿਆ। ਅਮਰਪ੍ਰਦੀਪ ਦੇ ਵਾਪਸ ਕੈਨੇਡਾ ਆਉਣ ਤੇ ਜਦੋਂ ਉਸ ਦੇ ਪਿਤਾ ਪਿਆਰਾ ਸਿੰਘ ਰਾਇ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਗੁੱਸੇ ਵਿੱਚ ਆ ਕੇ ਅਮਰਪ੍ਰਦੀਪ ਉੱਤੇ ਹਮਲਾ ਕਰ ਦਿੱਤਾ ਅਤੇ ਜਿਸਦੇ ਨਤੀਜੇ ਵਜੋਂ ਅਮਰਪ੍ਰਦੀਪ ਦੀ ਗਰਦਨ ਉੱਪਰ ਡੂੰਘੇ ਜ਼ਖਮ ਹੋਏ। ਇਸ ਹਮਲੇ ਦੇ ਨਤੀਜੇ ਵਲੋਂ ਅਦਾਲਤ ਨੇ ਜੂਨ 2001 ਵਿੱਚ ਪਿਆਰਾ ਸਿੰਘ ਰਾਇ ਨੂੰ ਕਤਲ ਕਰਨ ਦੇ ਇਰਾਦੇ ਦੇ ਦੋਸ਼ ਵਿੱਚ ਦੋਸ਼ੀ ਕਰਾਰ ਦਿੱਤਾ ਅਤੇ ਉਸ ਨੂੰ 5 ਸਾਲ ਦੀ ਸਜ਼ਾ ਸੁਣਾਈ ਗਈ। ਅਦਾਲਤ ਵਿੱਚ ਆਪਣੇ ਪਿਤਾ ਵਿਰੁੱਧ ਗਵਾਹੀ ਦਿੰਦਿਆਂ ਅਮਰਪ੍ਰਦੀਪ ਰਾਇ ਨੇ ਕਿਹਾ, “ਮੈਂ ਉਸ ਵੱਲ ਦੇਖਣਾ ਨਹੀਂ ਚਾਹੁੰਦੀ ਕਿਉਂਕਿ ਉਸ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ।”

ਜੂਨ 1999
ਐਡਮਿੰਟਨ, ਅਲਬਰਟਾ:

ਜਦੋਂ ਪੁਲੀਸ ਸਵੇਰ ਦੇ 4:30 ਵਜੇ ਐਡਮਿੰਟਨ ਸ਼ਹਿਰ ਦੇ ਇਲਾਕੇ ਮਿੱਲਵੁੱਡ ਵਿੱਚ ਰਹਿਣ ਵਾਲੀ 30 ਸਾਲਾ ਪਰਵੀਨ ਬਾਸੀ ਦੇ ਘਰ ਪਹੁੰਚੀ ਤਾਂ ਪਰਵੀਨ ਉਹਨਾਂ ਨੂੰ ਇਕ ਰਜਾਈ ਵਿੱਚ ਲਿਪਟੀ ਘਰ ਤੋਂ ਬਾਹਰ ਮਿਲੀ। ਉਸ ਦੀ ਛਾਤੀ, ਪੇਟ ਅਤੇ ਪੁੜਿਆਂ ਵਿੱਚ ਲੱਗੀਆਂ ਗੋਲੀਆਂ ਨਾਲ ਹੋਏ ਜ਼ਖਮਾਂ ਵਿੱਚੋਂ ਖੂਨ ਵਗ ਰਿਹਾ ਸੀ। ਇਸ ਹਮਲੇ ਦੇ ਸਬੰਧ ਵਿੱਚ ਪੁਲੀਸ ਨੇ ਪਰਵੀਨ ਦੇ ਪਤੀ 38 ਸਾਲਾ ਗੁਰਦੀਪ ਸਿੰਘ ਬਾਸੀ ਉੱਪਰ ਇਰਾਦਾ ਕਤਲ ਅਤੇ ਸੰਗੀਨ ਹਮਲੇ ਦੇ ਦੋਸ਼ ਲਾਏ।

ਫਰਵਰੀ 1999
ਸਰੀ, ਬੀ ਸੀ:

ਬੀ ਸੀ ਦੀ ਇਕ ਅਦਾਲਤ ਵਿੱਚ ਇਕ ਜੱਜ ਅਤੇ ਜਿਊਰੀ ਦੇ 12 ਮੈਂਬਰਾਂ ਸਾਹਮਣੇ ਇਕ 26 ਸਾਲਾ ਪੰਜਾਬੀ ਔਰਤ ਨੇ ਚਾਰ ਦਿਨ ਆਪਣੇ ਪਤੀ ਵਿਰੁੱਧ ਗਵਾਹੀ ਦਿੱਤੀ। ਉਸ ਦੇ ਪਤੀ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ ਅਤੇ ਉਸ ਨਾਲ ਬਲਾਤਕਾਰ ਕੀਤਾ ਸੀ। ਉਸ ਦੀ ਗਵਾਹੀ ਦੇ ਨਤੀਜੇ ਵਜੋਂ ਜਿਊਰੀ ਨੇ ਉਸ ਦੇ ਪਤੀ ਨੂੰ ਇਰਾਦਾ ਕਤਲ, ਸੰਗੀਨ ਹਮਲੇ, ਧਮਕੀਆਂ ਦੇਣ ਅਤੇ ਲਿੰਗਕ ਹਮਲੇ ਲਈ ਦੋਸ਼ੀ ਕਰਾਰ ਦਿੱਤਾ। ਇਸ ਹਮਲੇ ਵਿੱਚ ਪਤੀ ਨੇ ਇਸ ਔਰਤ ’ਤੇ ਇਕ ਹਥੋੜੇ ਜਾਂ ਸੱਬਲ ਨਾਲ ਹਮਲਾ ਕੀਤਾ ਸੀ। ਇਸ ਔਰਤ ਦਾ 1995 ਵਿੱਚ ਪੰਜਾਬ ਵਿੱਚ ਵਿਆਹ ਹੋਇਆ ਸੀ ਅਤੇ ਉਹ 10 ਜਨਵਰੀ 1998 ਨੂੰ ਕੈਨੇਡਾ ਆਈ ਸੀ। ਉਸ ਦਾ ਪਤੀ ਉਸ ਦੇ ਕੈਨੇਡਾ ਆਉਣ ’ਤੇ ਖੁਸ਼ ਨਹੀਂ ਸੀ ਅਤੇ ਉਸ ਨੇ ਦੋ ਵਾਰ ਆਪਣੀ ਪਤਨੀ ਦੀ ਅਰਜ਼ੀ ਕੈਂਸਲ ਕਰਵਾਈ ਸੀ। ਕਿਉਂਕਿ ਇਸ ਮਾਮਲੇ ਵਿੱਚ ਪਤੀ ਉੱਪਰ ਇਕ ਦੋਸ਼ ਲਿੰਗਕ ਹਮਲੇ ਦਾ ਸੀ ਇਸ ਲਈ ਅਦਾਲਤ ਨੇ ਇਸ ਔਰਤ ਦਾ ਨਾਂ ਛਾਪਣ ’ਤੇ ਪਾਬੰਦੀ ਲਾ ਦਿੱਤੀ ਸੀ। ਔਰਤ ਦੀ ਪਛਾਣ ਹੋਣ ਤੋਂ ਬਚਣ ਲਈ ਪ੍ਰਕਾਸ਼ਿਤ ਖਬਰਾਂ ਵਿੱਚ ਉਸ ਦੇ ਪਤੀ ਦਾ ਨਾਂ ਵੀ ਨਹੀਂ ਛਾਪਿਆ ਗਿਆ ਸੀ।

30 ਅਗਸਤ 1998
ਸਰੀ, ਬੀ ਸੀ:

40 ਸਾਲਾ ਬਲਬੀਰ ਸਿੰਘ ਗੋਸਲ ਨੇ ਆਪਣੀ ਪਤਨੀ ਜਸਬੀਰ ਗੋਸਲ ’ਤੇ ਇਕ ਹਥੌੜੇ ਨਾਲ ਹਮਲਾ ਕਰ ਦਿੱਤਾ। ਗੋਸਲ ਆਪਣੀ ਪਤਨੀ ਮਗਰ ਹਥੌੜਾ ਲੈ ਕੇ ਆਇਆ ਅਤੇ ਉਸ ਨੂੰ ਕਹਿਣ ਲੱਗਾ ਕਿ ਉਹ ਉਸ ਨੂੰ ਅਤੇ ਉਹਨਾਂ ਦੇ ਦੋ ਬੱਚਿਆਂ ਨੂੰ ਕਤਲ ਕਰਨ ਲੱਗਾ ਹੈ। ਫਿਰ ਉਸ ਨੇ ਜਸਬੀਰ ’ਤੇ ਹਥੋੜੇ ਨਾਲ ਵਾਰ ਕੀਤਾ। ਜਸਬੀਰ ਨੇ ਆਪਣੇ ਪਤੀ ਤੋਂ ਛੁੱਟ ਕੇ ਪੁਲੀਸ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਫੋਨ ਲਾਈਨ ਕੱਟੀ ਹੋਈ ਸੀ। ਕਿਸੇ ਗਵਾਂਢੀ ਵਲੋਂ ਫੋਨ ਕਰਨ ’ਤੇ ਪੁਲੀਸ ਉੱਥੇ ਪਹੁੰਚੀ ਅਤੇ ਉਹਨਾਂ ਨੇ ਜਸਬੀਰ ਨੂੰ ਬਲਵੀਰ ਸਿੰਘ ਕੋਲੋਂ ਛੁਡਵਾਇਆ। ਉਸ ਸਮੇਂ ਤੱਕ ਬਲਵੀਰ ਸਿੰਘ ਆਪਣੀ ਪਤਨੀ ’ਤੇ ਹਥੋੜੇ ਨਾਲ ਕਈ ਵਾਰ ਕਰ ਚੁੱਕਿਆ ਸੀ ਅਤੇ ਜਸਬੀਰ ਦਾ ਗਲਾ ਘੁੱਟ ਰਿਹਾ ਸੀ। ਬਾਅਦ ਵਿੱਚ ਬਲਬੀਰ ਸਿੰਘ ਗੋਸਲ ਨੇ ਅਦਾਲਤ ਸਾਹਮਣੇ ਆਪਣਾ ਕਸੂਰ ਮੰਨ ਲਿਆ, ਜਿਸ ਦੇ ਨਤੀਜੇ ਵਜੋਂ ਉਸ ਨੂੰ 13 ਜੁਲਾਈ 2000 ਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਵਾਈ ਗਈ।

ਜੁਲਾਈ 1998
ਕੈਲਗਰੀ, ਅਲਬਰਟਾ:

ਗੁਰਦੀਪ ਗਰੇਵਾਲ ਨੂੰ ਪੁਲੀਸ ਨੇ ਉਸ ਵੇਲੇ ਗੋਲੀ ਮਾਰ ਕੇ ਮਾਰ ਦਿੱਤਾ ਜਿਸ ਸਮੇਂ ਉਸ ਨੇ ਆਪਣੀ ਸੱਸ ਬਲਵਿੰਦਰ ਤੂਰ ਉੱਤੇ ਚਾਕੂ ਨਾਲ ਹਮਲਾ ਕੀਤਾ। ਗੁਰਦੀਪ ਗਰੇਵਾਲ ਦੀ ਵੱਖ ਹੋਈ ਪਤਨੀ ਸਤਵਿੰਦਰ ਆਪਣੀ ਮਾਂ ਨਾਲ ਰਹਿ ਰਹੀ ਸੀ। ਉੱਥੇ ਆ ਕੇ ਗੁਰਦੀਪ ਗਰੇਵਾਲ ਦੀ ਸਤਵਿੰਦਰ ਨਾਲ ਲੜਾਈ ਹੋਈ। ਇਸ ਦੌਰਾਨ ਸਤਵਿੰਦਰ ਗੁਰਦੀਪ ਤੋਂ ਛੁੱਟ ਕੇ ਗਵਾਂਢੀਆਂ ਦੇ ਚਲੀ ਗਈ ਜਿੱਥੋਂ ਜਾ ਕੇ ਉਸ ਨੇ ਪੁਲੀਸ ਨੂੰ ਫੋਨ ਕੀਤਾ। ਪੁਲੀਸ ਦੋ ਮਿੰਟਾਂ ਵਿੱਚ ਉੱਥੇ ਪਹੁੰਚ ਗਈ। ਆਉਣ ਬਾਅਦ ਪੁਲੀਸ ਨੇ ਗੁਰਦੀਪ ਨਾਲ ਗੱਲ ਕੀਤੀ ਪਰ ਜਦੋਂ ਗੁਰਦੀਪ ਨੇ ਆਪਣੀ ਸੱਸ ‘ਤੇ ਚਾਕੂ ਨਾਲ ਵਾਰ ਕੀਤਾ ਤਾਂ ਪੁਲੀਸ ਨੇ ਪਹਿਲਾਂ ਇਕ ਗੋਲੀ ਚਲਾਈ ਅਤੇ ਫਿਰ ਪੰਜ ਹੋਰ ਗੋਲੀਆਂ ਚਲਾਈਆਂ। ਨਤੀਜੇ ਵਜੋਂ ਗੁਰਦੀਪ ਗਰੇਵਾਲ ਦੀ ਮੌਤ ਹੋ ਗਈ।

ਦਸੰਬਰ 1994/ ਫਰਵਰੀ 1995
ਵਿਨੀਪੈੱਗ, ਮੈਨੀਟੋਬਾ:

ਦਸੰਬਰ 1994 ਵਿੱਚ ਪਾਲ ਚੀਮਾ ਵਿਨੀਪੈੱਗ ਦੀ ਇਕ ਔਰਤ ਪਰਮਜੀਤ ਦੇ ਕੰਮ ‘ਤੇ ਗਿਆ ਅਤੇ ਉਸ ਨੂੰ ਅਗਵਾ ਕਰ ਲਿਆ ਅਤੇ 10 ਘੰਟਿਆਂ ਲਈ ਉਸ ਨੂੰ ਚਾਕੂ ਦੀ ਨੋਕ ’ਤੇ ਆਪਣੇ ਕਬਜ਼ੇ ਵਿੱਚ ਰੱਖਿਆ। ਚੀਮਾ ਨੇ ਅਜਿਹਾ ਉਦੋਂ ਕੀਤਾ ਜਦੋਂ ਪਰਮਜੀਤ ਨੇ ਪਾਲ ਚੀਮਾ ਅਤੇ ਉਸ ਵਿਚਕਾਰ ਚੱਲ ਰਹੀ ਵਿਆਹ ਦੀ ਗੱਲਬਾਤ ਨੂੰ ਤੋੜ ਦਿੱਤਾ ਸੀ। ਇਸ ਲਈ ਚੀਮਾ ਉੱਤੇ ਚਾਰਜ ਲਾਏ ਗਏ। ਜਮਾਨਤ ’ਤੇ ਹੁੰਦਾ ਹੋਇਆ ਚੀਮਾ ਫਰਵਰੀ 1995 ਵਿੱਚ ਇਕ ਵਾਰ ਫਿਰ ਪਰਮਜੀਤ ਦੇ ਘਰ ਗਿਆ ਅਤੇ ਉਸ ਨੂੰ ਇਕ ਵਾਰ ਫਿਰ ਫੜਨ ਦੀ ਕੋਸ਼ਿਸ਼ ਕੀਤੀ। ਉਸ ਦੇ ਹੱਥ ਵਿੱਚ ਆਟੋਮੈਟਕ ਗੰਨ ਸੀ। ਉਸ ਨੇ ਗੰਨ ਪਰਮਜੀਤ ਦੀ ਮਾਤਾ ਵੱਲ ਕੀਤੀ ਅਤੇ ਤਿੰਨ ਜਾਂ ਚਾਰ ਵਾਰ ਘੋੜਾ ਦੱਬਿਆ ਪਰ ਗੰਨ ਨਹੀਂ ਚੱਲੀ। ਜੂਨ 1995 ਵਿੱਚ ਪਾਲ ਚੀਮਾ ਨੂੰ ਪਰਮਜੀਤ ਨੂੰ ਅਗਵਾ ਕਰਨ ਦੀ ਕੋਸ਼ਿਸ਼ ਲਈ ਦੋਸ਼ੀ ਕਰਾਰ ਦਿੱਤਾ ਗਿਆ ਅਤੇ 3 ਸਾਲ ਦੀ ਸਜ਼ਾ ਸੁਣਾਈ ਗਈ।

ਜੁਲਾਈ 2007 ਵਿੱਚ ਪੁਲੀਸ ਵਲੋਂ ਪਾਲ ਚੀਮਾ ਨੂੰ ਆਪਣੀ ਪਤਨੀ ਸ਼ਮੀਨਾ ਹਿਰਜੀ ਦੀ ਹੱਤਿਆ ਲਈ ਸ਼ੱਕੀ ਸਮਝਿਆ ਜਾ ਰਿਹਾ ਸੀ। ਪਰ ਹੁਣ 27 ਅਗਸਤ 2007 ਨੂੰ ਪਾਲ ਚੀਮਾ ਦੀ ਆਪਣੇ ਮਾਪਿਆਂ ਦੇ ਘਰ ਦੀ ਬੇਸਮੈਂਟ ਵਿੱਚੋਂ ਲਾਸ਼ ਮਿਲੀ। ਸ਼ੱਕ ਕੀਤਾ ਜਾ ਰਿਹਾ ਹੈ ਕਿ ਉਸਨੇ ਆਤਮਹੱਤਿਆ ਕੀਤੀ ਕਰ ਲਈ ਹੈ।

ਜੁਲਾਈ 1994
ਸਰੀ, ਬੀ ਸੀ:

52 ਸਾਲਾ ਕੁੰਦਨ ਸਿੰਘ ਸੰਘਾ ਨੇ ਆਪਣੀ 20 ਸਾਲਾ ਧੀ ਸੁਖਜੀਤ ਸੰਘਾ ਉੱਪਰ ਕਾਰ ਚਾੜ੍ਹ ਦਿੱਤੀ ਕਿਉਂਕਿ ਉਹ ਘਰ ਛੱਡ ਕੇ ਚਲੇ ਗਈ ਸੀ। ਕੁੰਦਨ ਸਿੰਘ ਸੰਘਾ ਦਾ ਵਿਚਾਰ ਸੀ ਕਿ ਸੁਖਜੀਤ ਦੇ ਘਰ ਛੱਡ ਕੇ ਜਾਣ ਕਾਰਨ ਪਰਿਵਾਰ ਦੀ ਬੇਇਜ਼ਤੀ ਹੋਈ ਸੀ। ਸੰਘਾ ਵਲੋਂ ਸੁਖਜੀਤ ਉੱਤੇ ਕਾਰ ਚਾੜ੍ਹਨ ਕਾਰਨ ਸੁਖਜੀਤ ਦੀ ਲੱਤ ਟੁੱਟ ਗਈ। ਬਾਅਦ ਵਿੱਚ 23 ਅਗਸਤ 1994 ਨੂੰ ਕੁੰਦਨ ਸੰਘਾ ਨੇ ਅਦਾਲਤ ਸਾਹਮਣੇ ਆਪਣਾ ਕਸੂਰ ਮੰਨ ਲਿਆ ਸੀ ਜਿਸ ਦੇ ਨਤੀਜੇ ਵਜੋਂ ਸਤੰਬਰ 1994 ਵਿੱਚ ਉਸ ਨੂੰ 15 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ।

ਦਸੰਬਰ 1991
ਬਰਨਬੀ, ਬੀ ਸੀ:

ਬਰਨਬੀ ਦੀ ਪ੍ਰੋਵਿੰਸਿੰਅਲ ਅਦਾਲਤ ਨੇ ਰਾਜੇਸ਼ ਸੈਮੀ ਨੂੰ ਆਪਣੀ 35 ਸਾਲਾ ਪਤਨੀ ਕ੍ਰਿਸਟੀਨਾ ਸੈਮੀ ‘ਤੇ ਸੰਗੀਨ ਹਮਲਾ ਕਰਨ ਲਈ ਦੋਸ਼ੀ ਕਰਾਰ ਦਿੱਤਾ। ਅਗਸਤ 1991 ਵਿੱਚ ਰਾਜੇਸ਼ ਨੇ ਆਪਣੀ ਪਤਨੀ ਨੂੰ ਪਹਿਲਾਂ ਕੁੱਟਿਆ ਅਤੇ ਫਿਰ ਅੱਗ ਲਾ ਦਿੱਤੀ। ਅੱਗ ਲੱਗਣ ਕਾਰਨ ਕ੍ਰਿਸਟੀਨਾ ਦੇ ਹੱਥਾਂ, ਬਾਹਾਂ ਅਤੇ ਚਿਹਰੇ ’ਤੇ ਜਲਣ ਕਾਰਨ ਸੈਕਿੰਡ ਡਿਗਰੀ ਦੇ ਜ਼ਖਮ ਹੋਏ। ਰਾਜੇਸ਼ ਨੇ ਅਜਿਹਾ ਇਸ ਕਰ ਕੇ ਕੀਤਾ ਕਿਉਂਕਿ ਕ੍ਰਿਸਟੀਨਾ ਨੇ ਰਾਜੇਸ਼ ਅਤੇ ਉਸ ਦੇ ਕਜ਼ਨ ਨਾਲ ਹਮਬਿਸਤਰ ਹੋਣ ਤੋਂ ਇਨਕਾਰ ਕਰ ਦਿੱਤਾ ਸੀ।

ਦਸੰਬਰ 1987
ਕੈਲਗਰੀ, ਅਲਬਰਟਾ:

42 ਸਾਲਾ ਮੱਖਣ ਸਿੰਘ ਬਰਾੜ ਨੂੰ ਅਦਾਲਤ ਨੇ 14 ਸਾਲ ਦੀ ਸਜ਼ਾ ਸੁਣਾਈ ਕਿਉਂਕਿ ਬਰਾੜ ਨੇ ਆਪਣੀ ਪਤਨੀ ਨੂੰ ਮਾਰਨ ਦੀ ਸਾਜਸ਼ ਰਚੀ ਸੀ ਤਾਂ ਕਿ ਬਰਾੜ ਆਪਣੀ ਪਤਨੀ ਦੀ 2.1 ਮਿਲੀਅਨ ਡਾਲਰ ਦੀ ਲਾਇਫ ਇੰਸ਼ੋਰੈਂਸ ਲੈ ਸਕੇ। ਇਕ ਵੇਲੇ ਬਰਾੜ ਕੈਲਗਰੀ ਵਿੱਚ ਇਕ ਥਿਏਟਰ, ਟ੍ਰੈਵਲ ਏਜੰਸੀ ਅਤੇ ਕੰਨਸਟਰੱਕਸ਼ਨ ਦੀ ਕੰਪਨੀ ਦਾ ਮਾਲਕ ਸੀ। ਸਜ਼ਾ ਸੁਣਾਉਂਦੇ ਵਕਤ ਜੱਜ ਨੇ ਅਦਾਲਤ ਵਿੱਚ ਦੱਸਿਆ ਕਿ ਬਰਾੜ ਨੇ ਵੈਨਕੂਵਰ ਵਿੱਚ ਇਕ ਭਾੜੇ ਦੇ ਕਾਤਲ ਰਾਹੀਂ ਆਪਣੀ ਪਤਨੀ ਬੇਅੰਤ ਬਰਾੜ ਨੂੰ ਕਤਲ ਕਰਨ ਦੀ ਯੋਜਨਾ ਬਣਾਈ ਸੀ। ਇਹ ਕਤਲ ਉਦੋਂ ਹੋਣਾ ਸੀ ਜਦੋਂ ਮੱਖਣ ਬਰਾੜ ਨੇ ਭਾਰਤ ਦੇ ਦੌਰੇ ਤੇ ਗਿਆ ਹੋਣਾ ਸੀ। ਬਰਾੜ ਦੀ ਇਹ ਯੋਜਨਾ ਉਸ ਸਮੇਂ ਫੇਲ੍ਹ ਹੋ ਗਈ ਜਦੋਂ ਇਕ ਅੰਡਰਕਵਰ ਪੁਲੀਸ ਅਫਸਰ ਨੂੰ ਇਸ ਦਾ ਪਤਾ ਲੱਗ ਗਿਆ।

ਮਾਰਚ 1985
ਟਰਾਂਟੋ, ਓਨਟੇਰੀਓ:

31 ਸਾਲਾ ਸਈਦ ਅਸਲਮ ਨੇ ਆਪਣੇ 4 ਮਹੀਨਿਆਂ ਦੇ ਬੇਟੇ ਨੂੰ 17 ਮੰਜ਼ਿਲ ਦੀ ਬਾਲਕੋਨੀ ਤੋਂ ਹੇਠਾਂ ਲਮਕਾਇਆ ਅਤੇ ਆਪਣੀ ਪਤਨੀ ਪਰਵੀਨ ਨੂੰ ਧਮਕੀ ਦਿੱਤੀ ਕਿ ਜੇ ਉਸ ਨੇ ਆਪਣੀ ਕਾਰ ਸਈਦ ਅਸਲਮ ਦੇ ਨਾਂ ਨਾ ਕੀਤੀ ਤਾਂ ਉਹ ਬੱਚੇ ਨੂੰ ਹੇਠਾਂ ਸੁੱਟ ਦੇਵੇਗਾ। ਇਸ ਵਾਰਦਾਤ ਦੇ ਸਬੰਧ ਵਿੱਚ ਅਦਾਲਤ ਨੇ 17 ਦਸੰਬਰ ਨੂੰ ਸਈਦ ਅਸਲਮ ਨੂੰ ਆਪਣੇ ਬੱਚੇ ’ਤੇ ਹਮਲਾ ਕਰਨ ਦੇ 2 ਦੋਸ਼ਾਂ, ਆਪਣੀ ਪਤਨੀ ਨੂੰ ਜਿਸਮਾਨੀ ਨੁਕਸਾਨ ਪਹੁੰਚਾਉਣ ਦੇ 1 ਦੋਸ਼ ਅਤੇ ਧੱਕੇ ਨਾਲ ਜਾਇਦਾਦ ਖੋਹਣ ਦੇ 1 ਦੋਸ਼ ਲਈ ਦੋਸ਼ੀ ਕਰਾਰ ਦਿੱਤਾ ਅਤੇ ਫਿਰ 30 ਜਨਵਰੀ 1985 ਨੂੰ ਉਸ ਨੂੰ 5 ਸਾਲ ਦੀ ਸਜ਼ਾ ਸੁਣਾਈ। ਸਜ਼ਾ ਸੁਣਾਉਂਦੇ ਵਕਤ ਜੱਜ ਨੇ ਇਸ ਵਾਰਦਾਤ ਦੀ “ਘਰੇਲੂ ਦਹਿਸ਼ਤਵਾਦ” ਨਾਲ ਤੁਲਨਾ ਦਿੱਤੀ।

ਅੰਤਿਕਾ:

ਉੱਪਰਲੇ ਤੱਥਾਂ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਇੰਡੋ-ਕੈਨੇਡੀਅਨ ਸਮਾਜ ਵਿੱਚ ਔਰਤਾਂ ਵਿਰੁੱਧ ਹਿੰਸਾ ਦਾ ਇਕ ਲੰਮਾ ਇਤਿਹਾਸ ਹੈ। ਭਾਈਚਾਰੇ ਵਿੱਚ ਔਰਤਾਂ ਵਿਰੁੱਧ ਵਾਪਰਦੇ ਇਸ ਜੁਰਮ ਨੂੰ ਖਤਮ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਇਸ ਨਮੋਸ਼ੀ ਭਰੇ ਇਤਿਹਾਸ ਨੂੰ ਸਵੀਕਾਰ ਕਰੀਏ ਅਤੇ ਇਸ ਤੋਂ ਸ਼ਰਮ ਮਹਿਸੂਸ ਕਰੀਏ। ਇਸ ਇਤਿਹਾਸ ਨੂੰ ਸਵੀਕਾਰ ਕਰ ਕੇ ਅਸੀਂ ਸਮਝ ਸਕਾਂਗੇ ਕਿ ਇਹ ਸਮੱਸਿਆ ਸਾਡੇ ਸਮਾਜ ਵਿੱਚ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਹੈ ਅਤੇ ਇਸ ਨੂੰ ਖਤਮ ਕਰਨ ਲਈ ਸਾਨੂੰ ਲੰਮੇ ਸਮੇਂ ਤੱਕ ਲੜਾਈ ਲੜਨ ਦੀ ਲੋੜ ਹੈ।


*****
shundal@sfu.ca

 

(15 ਅਕਤੂਬਰ 2007)

ilKfrI
Likhari


© likhari: Punjabi Likhari Forum-2001-2007